Share on Facebook

Main News Page

ਇੱਟ ਪੱਟਿਆਂ ਵਿਦਵਾਨ ਹੀ ਵਿਦਵਾਨ

ਕੁੱਝ ਦਿਨਾਂ ਤੋਂ ਇੰਟਰਨੈਟ ਤੇ ਗੁਰਮਤਿ ਦੇ ਧਾਰਨੀ ਅਖਵਾਉਣ ਵਾਲੇ ਵੀਰਾਂ ਨੂੰ ਜਦੋਂ ਆਪੋ ਧਾਪੀ ਇੱਕ ਦੂਸਰਿਆਂ ਤੇ ਆਪਣੇ ਫੈਸਲੇ ਲਾਗੂ ਕਰਵਾਉਣ ਲਈ ਉਤਾਵਲੇ ਹੁੰਦੇ ਦੇਖਿਆ ਤਾਂ ਮਨ ਬੜਾ ਕਸਵੈਲਾ ਜਿਹਾ ਹੋਣ ਲੱਗਾ ਤੇ ਸੋਚਿਆ ਕਿ ਭਲਿਆ ਤੂੰ ਵੀ ‘ਵਿਦਵਾਨਾਂ’ ਦੀ ਕਤਾਰ ਵਿੱਚ ਖੜਾ ਹੋ ਜਾ। ਦੋ ਚਾਰ ਤੂੰ ਵੀ ਇੱਧਰ ਉੱਧਰ ਦੀਆਂ ਛੱਡ ਦੇਂਵੀ, ਸ਼ਾਇਦ ਤੈਨੂੰ ਵੀ ਵਿਦਵਾਨ ਮੰਨਣ ਲੱਗ ਜਾਣ। ਬੱਸ ਆ ਸੋਚਕੇ ਲਿਖਣ ਬੈਠ ਗਿਆ। ਪਰ ਲਿੱਖਣ ਤੋਂ ਪਹਿਲਾਂ ਇੱਕ ਬਿਮਾਰੀ ਪੈ ਗਈ, ਉਹ ਇਹ ਕੇ ਸੋਚਣ ਲੱਗ ਪਿਆ।

ਵਿਵਾਦ ਵੀ ਕਿਹਾ ਕਿ ਇੱਕ ਧੜਾ ਕਹਿੰਦਾ ਕਿ ਵੀਰ ਧੂੰਦੇ ਨੂੰ ਅਕਾਲ ਤਖਤ ਤੇ ਪੇਸ਼ ਹੋਣਾ ਚਾਹੀਦਾ ਹੈ, ਤੇ ਦੂਸਰਾ ਆਖਦਾ ਕੇ ਭਾਈ ਸਕਤਰੇਤ ਦੇ ਕਮਰੇ ਵਿੱਚ ਜਾਣ ਤੋਂ ਨਾ ਡਰੀਂ ਪਰ ਜਾਂਈ ਜ਼ਰੂਰ। ਪਰ ਮੰਨਦੇ ਦੋਂਵੇ ਧੜੇ ਨੇ ਕੇ ਜਾਣਾ ਚਾਹੀਦਾ। ਮੈਂ ਸੋਚਿਆ ਕਿ ਉਥੇ ਜਾਣ ਦੀ ਲੋੜ ਕੀ ਹੈ? ਕਿਉਂਕਿ ਉਥੋਂ ਸੱਦਾ ਆਇਆ ਹੈ। ਸੱਦਾ ਕਿਸ ਦਾ ਆਇਆ? ਅਖੇ ਜਥੇਦਾਰ ਦਾ। ਤੇ ਫਿਰ ਜੇ ਦੋਨੇ ਧੜੇ ਇਕੋ ਹੀ ਸੰਦੇਸ਼ ਨੂੰ ਅਧਾਰ ਬਣਾਕੇ ਵੀਰ ਧੂੰਦੇ ਦੇ ਉਥੇ ਜਾਣ ਨੂੰ ਠੀਕ ਸਮਝਦੇ ਨੇ, ਤਾਂ ਜਥੇਦਾਰ ਅਤੇ ਉਸ ਦੇ ਸੰਦੇਸ਼ ਨੂੰ ਤਾਂ ਮਾਣਤਾ ਮਿਲ ਹੀ ਗਈ ਹੈ, ਤਾਂ ਫਿਰ ਕਿਸ ਜਗ੍ਹਾ ਤੇ ਬੈਠਣਾ ਹੈ ਸਪਸ਼ਟੀਕਰਨ ਦੇਣ ਲਈ ਆਦਿ, ਮੁੱਦਾ ਕੋਈ ਬਹੁਤਾ ਮਾਣੇ ਨਹੀਂ ਰੱਖਦਾ ਕਿਉਂਕੇ ਵੀਚਾਰ ਤਾਂ ਅੰਦਰ ਜਾਂ ਬਾਹਰ ਉਹਨਾਂ ਲੋਕਾਂ ਨਾਲ ਹੀ ਕਰਨੀ ਹੈ, ਜਿਨ੍ਹਾ ਨੇਂ ਇਹ ਫਤਵਾ ਸੁਣਾਇਆ ਹੈ।

ਦੂਸਰੀ ਗਲ ਇਹ ਕੇ ਜਿਹੜੇ ਵੀਰ ਹੁਣ ਤੱਕ ਵੀਰ ਧੂੰਦੇ ਦੀ ਗੁਰਬਾਣੀ ਵੀਚਾਰ ਨੂੰ ਸੁਣਕੇ ਇਸ ਕਰਕੇ ਸਿਫਤਾਂ ਕਰਦੇ ਨਹੀਂ ਥੱਕਦੇ ਸੀ, ਕਿ ਬਲੇ ਸ਼ੇਰਾ! ਜੜ੍ਹਾਂ ਪੋਲੀਆਂ ਕਰ ਦਿੱਤੀਆਂ ਨੇ ਸਾਧ ਲਾਣੇ ਦੀਆਂ। ਜਿਹੜੇ ਕਹਿੰਦੇ ਸੀ ਕੇ ਜਥੇਦਾਰਾਂ ਅਤੇ ਉਹਨਾਂ ਦੇ ਸਿਆਸੀ ਮਾਲਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਤੇਰੀ ਸਿਧਾਂਤਕ ਪਕੜ ਨੇ। ਅੱਜ ਉਹਨਾਂ ਚੋਂ ਕੁੱਝ ਕੁ ਨੂੰ ਪਤਾ ਨਹੀਂ ਕਿਸ ਅਧਾਰ ਤੇ ਸ਼ੱਕ ਹੋਣ ਲਗ ਪਿਆ ਹੈ, ਕਿ ਸ਼ਾਇਦ ਵੀਰ ਧੂੰਦੇ ਨੂੰ ਜਥੇਦਾਰਾਂ ਅੱਗੇ ਕੋਈ ਜਵਾਬ ਨਹੀਂ ਆਉਣਾ। ਜੇ ਰਿਕਾਰਡ ਤੋੜ ਕੈਨੇਡਾ ਦੇ ਦੌਰੇ ਦੀਆਂ ਹਾਜ਼ਰੀਆਂ ਵਿੱਚ ਅੱਜ ਬਾਹਰਲਾ ਪੜਿਆ ਨੌਜਵਾਨ, ਇਸ ਵੀਰ ਤੇ ਭਰੋਸਾ ਕਰ ਸਕਦਾ ਹੈ ਅਤੇ ਭਵਿਖ ਦੀ ਆਸ ਲਾਈ ਬੈਠਾ ਹੈ, ਤਾਂ ਸਾਡੇ ਪੁਰਾਣੇ ਖੁੰਡਾਂ ਦੇ ਛਿੱਲੜ੍ਹ ਪਤਾ ਨਹੀਂ ਕਿਉਂ ਕਿਰਕਣ ਲੱਗ ਪਏ ਨੇ ਆਪਣੇ ਹੀ ਇਤਿਹਾਸਕ ਗਿਆਨ ਦੇ ਭਾਰ ਥੱਲੇ।

ਵੀਰੋ! ਅੱਜ ਸਾਡੀ ਕੌਮ ਦਾ ਇਹੀ ਦੁਖਾਂਤ ਹੈ ਕਿ ਅੱਜ ਜੇ ਕੋਈ ਪ੍ਰੋ. ਦੋ ਕਵਿਤਾ ਦੀਆਂ ਲਾਈਨਾਂ ਲਿਖਕੇ ਜਥੇਦਾਰਾਂ ਨੂੰ ਚੁਨੌਤੀ ਦੇ ਕੇ ਉਸੇ ਅਕਾਲ ਤਖਤ ਨੂੰ ਸਿੱਖਾਂ ਦਾ ਕਤਲੇਆਮ ਕਰਨ ਅਤੇ 25 ਸਾਲਾਂ ਤੋਂ ਵੱਧ ਸਮੇਂ ਤੱਕ ਬੇਇਨਸਾਫੀ ਕਰਨ ਵਾਲੀ ਹਿੰਦ ਦੀ ਸਰਕਾਰ ਦੀ ਸੁਪਰੀਮ ਕੋਰਟ ਦੇ ਥੱਲੇ ਘੜੀਸਣ ਲਈ ਤਿਆਰ ਹੈ, ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਮੂੰਹ ਨਾਲ ਅਕਾਲ ਤਖਤ ਦੀ ਮਹਾਨਤਾ ਬਰਕਰਾਰ ਕਰਨ ਦੀਆਂ ਮੱਤਾਂ ਦੇ ਸਕਦਾ ਹੈ?

ਪਤਾ ਨਹੀਂ ਕਦੋਂ ਸਾਡੇ ਇਤਿਹਾਸ ਦੇ ਪ੍ਰੋ. ਸਿੱਖ ਇਤਿਹਾਸ ਨੂੰ ਲਿਖਣ ਤੋਂ ਵਿਹਲੇ ਹੋ ਕੇ, ਇਸ ਨੂੰ ਸਮਝਣ ਦਾ ਸਮਾਂ ਵੀ ਕੱਢਣਗੇ ਤਾਂ ਕੇ ਗੁਰੂ ਸਾਹਿਬਾਨ ਵਲੋਂ ਆਪਣੇ ਨੁਮਾਂਇਦਾ ਸਿੱਖਾਂ ਨੂੰ ਹੋਰ ਧਰਮਾਂ ਦੇ ਸਾਹਮਣੇ ਆਪਣਾ ਸਿੱਖੀ ਸਿਧਾਂਤ ਰੱਖਣ ਲਈ ਭੇਜਣ ਤੋਂ ਹੀ ਸਿੱਖਿਆ ਲੈ ਸਕਣ?

ਅੱਜ ਹਰ ਇੱਕ ਸਿੱਖ ਨੂੰ ਆਪਣੇ ਗੁਰੂ ਦੀ ਵਿਚਾਰਧਾਰਾ ਤੇ ਇਨ੍ਹਾਂ ਭਰੋਸਾ ਹੋਣਾਂ ਚਾਹੀਦਾ ਹੈ, ਕਿ ਉਹ ਦੁਨੀਆ ਦੇ ਕਿਸੇ ਵੀ ਫੋਰਮ ਤੇ ਜਾਕੇ ਆਪਣਾਂ ਸਿੱਖੀ ਦਾ ਫਲਸਫਾ ਪੇਸ਼ ਕਰ ਸਕੇ, ਅਤੇ ਲੋਕਾਂ ਦਾ ਦਿਲ ਜਿੱਤ ਸਕੇ ਪਰ ਸਾਡੇ ਤਾਂ ‘ਆਪਣਿਆਂ’ ਤੋਂ ਹੀ ਡਰੀ ਜਾਂਦੇ ਨੇ, ਕਿ ਪਤਾ ਨਹੀਂ ਸਕਤਰੇਤ ਵਾਲੇ ਕਮਰੇ ਵਿੱਚ ਕੋਈ ਆਦਮਖੋਰ ਬੈਠਾ ਹੈ! ਜੇ ਬੈਠਾ ਵੀ ਹੋਵੇ ਜਾਂ ਹੈ ਤਾਂ ਕੱਢਣਾ ਵੀ ਤਾਂ ਗੁਰਮਤਿ ਨੂੰ ਸਮਰਪਿਤ ਸਿੱਖਾਂ ਨੇ ਹੀ ਹੈ ਗਿਆਨ ਦੀ ਖੜਗ ਨਾਲ।

 

ਅੱਜ ਸਿੱਖ ਇਤਿਹਾਸ ਦੇ ਲਿਖਾਰੀ ਆਪਣੀਆਂ ਪੁਸਤਕਾਂ ਵੀ ਉਹਨਾਂ ਤੋਂ ਹੀ ਰੀਲੀਜ਼ ਕਰਵਾ ਰਹੇ ਨੇ, ਜਿਹੜੇ ਕਦੇ ਸਿਹੋੜੇ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੱਥਾ ਟੇਕਦੇ ਨੇ! ਜਦੋਂ ਠੀਕ ਸਮਝਦੇ ਨੇਂ ਤਾਂ ਖ਼ੁਦ ਉਸੇ ਹੀ ਸਕਤਰੇਤ ਦੇ ਕਮਰੇ ਵਿੱਚ ਜਾ ਬੈਠਦੇ ਨੇ, ਉਹਨਾਂ ਹੀ ਜਥੇਦਾਰਾਂ ਕੋਲ। ਉਦੋਂ ਪਤਾ ਨਹੀਂ ਇਹਨਾਂ ਲਿਖਾਰੀਆਂ ਨੇਂ ਸਿੱਖੀ ਦਾ ਸਿਧਾਂਤ ਉਸੇ ਕਿੱਲੀ ‘ਤੇ ਹੀ ਟੰਗ ਦਿੱਤਾ, ਜਿੱਥੇ ਮਾਨ ਸਾਹਿਬ ਨੇ ਜ਼ਮੀਰ ਅਤੇ ਬਾਅਦ ਵਿੱਚ ਕਿਰਪਾਨ ਟੰਗ ਦਿੱਤੀ ਸੀ?

ਜੇ ਗੁਰਦੇਵ ਸਿੰਘ ਸਧੇਵਾਲੀਆ ਨੇ ਕੋਈ ਉਸਾਰੂ ਸੁਝਾਅ ਦੇ ਦਿੱਤੇ, ਤਾਂ ਪਤਾ ਨਹੀਂ ਕਿਉਂ ਅਸੀਂ ਬਜਾਏ ਉਹਨਾਂ ਤੇ ਵੀਚਾਰ ਕਰਨ ਦੇ, ਉਹਨਾਂ ਵੀਰਾਂ ਪਿੱਛੇ ਇਸ ਤਰਾਂ ਹੱਥ ਧੋ ਕੇ ਪੈ ਗਏ, ਜਿਵੇਂ ਕੋਈ ਡੇਰੇ ਵਾਲਾ ਮੁਸ਼ਟੰਡਾ (ਸਾਹਨ ਸਿੰਘ ਪਿਹੋਵੇਵਾਲਾ) ਪੁੱਤ ਦੀ ਦਾਤਿ ਲੈਣ ਆਈ ਬੀਬੀ ਮਗਰ ਪੈ ਜਾਂਦਾ ਹੈ।

ਕਦੇ ਇਹਨਾਂ ਵੀਰਾਂ ਨੂੰ ਭੰਡਣ ਤੋਂ ਪਹਿਲਾਂ ਤੁਸੀਂ ਆਪੋਂ ਬਣੇ ਵਿਦਵਾਨ ਅਕਲ ਨੂੰ ਹੱਥ ਮਾਰ ਲੈਂਦੇ, ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਮੂਹ ਵੀਰਾਂ ਅਤੇ ਪ੍ਰਬੰਧਕਾਂ ਨੇਂ ਪ੍ਰੋ. ਦਰਸ਼ਨ ਸਿੰਘ ਨਾਲ ਮੋਢੇ ਨਾਲ ਮੋਢਾ ਜੋੜਕੇ ਅਖੌਤੀ ਪੰਥਕ ਫੈਸਲੇ ਤੋਂ ਬਾਅਦ, ਦਿਨ ਰਾਤ ਸਟੇਜਾਂ ਅਤੇ ਸਮਾਗਮਾਂ ਵਿੱਚ ਜਾ ਕੇ ਸਾਥ ਦਿੱਤਾ ਹੈ, ਜਦੋਂ ਤੁਸੀਂ ਆਪਣੇ ਮਖਮਲੀ ਬਿਸਤਰਿਆਂ ਉੱਪਰ ਆਪਣੇ ਪਰਿਵਾਰਾਂ ਵਿੱਚ ਬੈਠਕੇ ਕਾਗਜ਼ ਕਾਲੇ ਕਰ ਰਹੇ ਸੀ।

ਸੋ, ਜਿਹੜੇ ਪ੍ਰੋ. ਵਿਦਵਾਨ, ਵੀਰ ਧੂੰਦੇ ਨੂੰ ਜਾਣ ਜਾਂ ਨਾ ਜਾਣ ਦੀਆਂ ਮੱਤਾਂ ਦਿੰਦੇ ਨੇ, ਉਹਨਾਂ ਵੀਰਾਂ ਨੂੰ ਸੁਝਾਅ ਹੈ, ਕਿ ਲਿਖ ਲਿਖ ਕੇ ਵਰਕੇ ਕਾਲੇ ਕਰਨੇ ਛੱਡ ਦਿਉ, ਕਿਉਂਕੇ ਜੋ ਜਾਗ੍ਰਤੀ ਦੀ ਲਹਿਰ ਗੁਰਮਤਿ ਦੇ ਫਲਸਫੇ ਦੇ ਆਧਾਰ ਤੇ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ ਨੇ ਚਲਾਈ ਸੀ, ਉਸ ਵਿੱਚ ਸਭ ਤੋਂ ਵੱਧ ਯੋਗਦਾਨ ਇਹਨਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵੀਰਾਂ ਦਾ ਹੈ, ਅਤੇ ਇਹਨਾਂ ਦੀਆਂ ਪ੍ਰਾਪਤੀਆਂ ਜੱਗ ਜ਼ਾਹਿਰ ਨੇ, ਪਰ ਤੁਹਾਡੀਆਂ ਲਿਖਤਾਂ ਵਿਚੋਂ ਹਉਮੈ ਅਤੇ ਜ਼ਿੱਦੀ ਹੋਣ ਦੀ ਬਦਬੂ ਆਂਉਂਦੀ ਹੈ, ਅਤੇ ਇੰਝ ਲਗਦਾ ਹੈ, ਜਿਵੇਂ ਤੁਹਾਡੇ ਮੁਤਾਬਕ ਸਾਡਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਹੀਂ, ਬਲਕਿ ਤੁਸੀਂ ਸੱਜਣ ਖ਼ੁਦ ਬਣਨਾ ਚਾਹੁੰਦੇ ਹੋ, ਜਾਂ ਫਿਰ ਹੋਣ ਦਾ ਭਰਮ ਪਾਲ ਬੈਠੇ ਹੋ।

ਪਾਲ ਸਿੰਘ ‘ਮਿਸ਼ਨਰੀ’
PaulSinghGrewal@Gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top