Share on Facebook

Main News Page

ਪੁਜਾਰੀਆਂ ਦੇ ਖ਼ਿਲਾਫ਼ ਛੇੜੀ ਜੰਗ ਨੂੰ ਤਾਰਪੀਡੋ ਕਰਨ ਦਾ ਮਹਾਨ ਕਾਰਜ ਤਵਾਰੀਖ਼ ਵਿਚ ਸ਼ਰਮਨਾਕ ਸਫ਼ਾ ਰਹੇਗਾ

ਗੁਰਦੇਵ ਸਿੰਘ ਸੰਧਾਵਾਲੀਆ ਨੇ ਕਿਹਾ ਹੈ, ਕਿ ਧੂੰਦਾ ਦੇ ਮਸਲੇ 'ਤੇ ਮੈਂ 'ਖੇਡ ਖੇਡ ਰਿਹਾ ਹਾਂ'; ਮੈਂ ਉਨ੍ਹਾਂ ਨੂੰ ਸਿੱਖੀ ਅਸੂਲਾਂ 'ਤੇ ਪਹਿਰਾ ਦੇਣ ਵਾਲੇ ਸਮਝਦਾ ਸੀ, ਪਰ ਜਾਪਦਾ ਹੈ ਕਿ ਮੈਂ ਸਿਰਫ਼ ਉਨ੍ਹਾਂ ਦੇ ਮਜ਼ਾਹੀਆ ਮਜ਼ਮੂਨ ਪੜ੍ਹ ਕੇ ਅੰਦਾਜ਼ਾ ਲਾ ਲਿਆ ਸੀ। ਮੈਦਾਨੇ ਜੰਗ ਵਿਚ, ਕੌਮੀ ਸੰਕਟ ਵਿਚ ਬੰਦੇ ਪਰਖੇ ਜਾਂਦੇ ਹਨ; ਸੰਧਾਵਾਲੀਆ ਜੀ ਦੀ ਲਿਖਤ ਹੋਰ ਸੀ, ਪਰ ਉਨ੍ਹਾਂ ਦਾ ਅਮਲੀ ਖੇਤਰ ਵਿਚ ਗੁਰਦਾ ਕਮਜ਼ੋਰ ਨਿਕਲਿਆ। ਉਹ ਪੁਜਾਰੀਆਂ ਦੇ ਖ਼ਿਲਾਫ਼ ਲਿਖਦੇ ਹਨ, ਪਰ ਮੌਕਾ ਪੈਣ 'ਤੇ ਧੂੰਦਾ ਨੂੰ ਉਨ੍ਹਾਂ ਦੇ ਥੱਲੈ ਪੈਣ ਵਾਸਤੇ ਕਹਿੰਦੇ ਹੀ ਨਹੀਂ, ਬਲਕਿ ਧੂੰਦਾ ਨੂੰ ਰੋਕਣ ਵਾਲਿਆਂ ਦੇ ਖ਼ਿਲਾਫ਼ ਦਸਮਗ੍ਰੰਥ ਮਾਫ਼ੀਆ ਅਤੇ ਪੁਜਾਰੀ ਮਾਫ਼ੀਆ ਵਾਂਙ ਜਹਾਦ ਦੇ ਆਗੂ ਵੀ ਬਣ ਜਾਂਦੇ ਹਨ।

2009 ਵਿਚ ਪ੍ਰੋ. ਦਰਸ਼ਨ ਸਿੰਘ ਨੇ ਪੁਜਾਰੀ ਮਾਫ਼ੀਆ ਨੂੰ ਢਾਹ ਲਿਆ ਸੀ (ਤੇ ਧੂੰਦਾ ਉਦੋਂ ਉਨ੍ਹਾਂ ਦੇ ਨਾਲ ਸੀ) ਤੇ ਹੁਣ ਸੰਧਾਵਾਲੀਆ ਉਸ ਪ੍ਰਾਪਤੀ ਨੂੰ ਮਿੱਟੀ ਵਿਚ ਮਿਲਾਉਣ ਵਾਲਿਆਂ ਦਾ ਸਾਥ ਦੇ ਰਹੇ ਹਨ। ਏਨਾ ਹੀ ਨਹੀਂ ਉਹ ਤਾਂ ਪੁਜਾਰੀਆਂ ਦੇ ਖ਼ਿਲਾਫ਼ ਨਹੀਂ, ਬਲਕਿ ਪੁਜਾਰੀਆਂ ਨੂੰ ਰੱਦ ਕਰਨ ਵਾਲਿਆਂ ਦੇ ਖ਼ਿਲਾਫ਼ ਮੋਰਚਾ ਲਾਈ ਬੈਠੇ ਹਨ। ਕੰਵਰ ਮਹਿੰਦਰ ਪ੍ਰਤਾਪ ਸਿੰਘ ਦੇ ਭੋਗ ਸਮਾਗਮ ਮਗਰੋਂ ਜਾਚਕ ਹੁਰਾਂ ਦੇ ਘਰ ਪ੍ਰੋ. ਦਰਸ਼ਨ ਸਿੰਘ ਅਤੇ ਤਕਰੀਬਨ ਹਰ ਜਥੇਬੰਦੀ ਦੇ ਆਗੂ (50-60 ਤੋਂ ਵਧ ਸਨ) ਨੇ ਧੂੰਦਾ ਦੇ ਜਾਣ ਨੂੰ ਰੱਦ ਕੀਤਾ ਸੀ। ਸੰਧਾਵਾਲੀਆ ਜੀ ਪੁੱਠਾ ਗੇੜ ਦੇਣਾ ਚਾਹੁੰਦੇ ਹਨ। ਜੇ ਸਿਆਣੇ ਹੁੰਦੇ ਤਾਂ ਸਾਨੂੰ ਆਪਣੀ ਗੱਲ ਕਹਿਣ ਦੇਂਦੇ, ਤੇ ਉਹ ਆਪਣਾ ਵਿਚਾਰ ਰਖਦੇ; ਉਨ੍ਹਾਂ ਨੇ ਤਾਂ ਮੇਰੇ ਅਤੇ ਹੋਰ ਇਸ ਸੋਚ ਦੇ ਆਗੂਆਂ ਦੇ ਖ਼ਿਲਾਫ਼ ਮੋਰਚਾ ਹੀ ਲਾ ਲਿਆ ਹੈ। ਉਹ ਤਾਂ ਪੁਜਾਰੀ ਟੋਲਾ ਅਤੇ ਦਸਮਗ੍ਰੰਥ ਮਾਫ਼ੀਆ ਤੋਂ ਵੀ ਅੱਗੇ ਨਿਕਲ ਕੇ ਸਾਡੇ ਖ਼ਿਲਾਫ਼ ਬੰਦੂਕਾਂ ਪੀੜੀ ਬੈਠੇ ਹਨ। ਇਹ ਕਰ ਕੇ ਉਨ੍ਹਾਂ ਨੇ ਸਿਰਫ਼ ਪੁਜਾਰੀਆਂ ਅਤੇ ਪੰਥ ਦੁਸ਼ਮਣਾਂ ਦੇ ਹੱਥ ਹੀ ਮਜ਼ਬੂਤ ਨਹੀਂ ਕੀਤੇ, ਬਲਕਿ ਮੈਨੂੰ ਅਤੇ ਨਿਰੋਲ ਪੰਥਕ ਸੋਚ ਦੇ ਸਾਰੇ ਸਿੱਖਾਂ ਨੂੰ (ਸ਼ਾਇਦ) ਸਦਾ ਵਾਸਤੇ ਆਪਣੇ ਆਪ ਤੋਂ ਦੂਰ ਕਰ ਲਿਆ ਹੈ।

ਗੁਰਮਤਿ ਟਕਸਾਲ, ਸ਼੍ਰੋਮਣੀ ਖਾਲਸਾ ਪੰਚਾਇਤ, ਸ਼੍ਰੋਮਣੀ ਸਿੱਖ ਸਮਾਜ, ਫ਼ਰੀਦਾਬਾਦ ਦਸਮ ਗ੍ਰੰਥ ਵਿਚਾਰ ਮੰਚ, ਗੁਰਸਿੱਖ ਫ਼ੈਮਲੀ ਕਲਬ, ਤੱਤ ਗੁਰਮਤਿ ਪਰਵਾਰ, ਗੁਰੂ ਗ੍ਰੰਥ ਦਾ ਪੰਥ ਅਤੇ ਹੋਰ ਸਾਥੀ ਜਥੇਬੰਦੀਆਂ ਇੱਕ ਹਨ ਤੇ ਇਹ ਸਾਰੇ ਸੰਧਾਵਲੀਆ ਜੀ, ਅਖੌਤੀ ਸੰਤਾਂ ਦੇ ਕੌਤਕ, ਹਰਨੇਕ ਸਿੰਘ ਨਿਊਜ਼ੀਲੈਂਡ ਤੇ ਉਨ੍ਹਾਂ ਦੇ ਪੁਜਾਰੀਆਂ ਅੱਗੇ ਗੋਡਾ ਟੇਕੂ ਸਾਥੀਆਂ ਤੋਂ (ਸ਼ਾਇਦ) ਸਦਾ ਵਾਸਤੇ ਦੂਰ ਹੋ ਗਏ ਹਨ। ਅਸੀਂ ਪੰਥਕ ਸਿਧਾਂਤ 'ਤੇ ਖੜ੍ਹੇ ਹਾਂ, ਉਹ ਪੁਜਾਰੀਆਂ ਦੇ ਨਾਲ ਖੜ੍ਹੇ ਹਨ; ਪੁਜਾਰੀਆਂ ਦੇ ਖ਼ਿਲਾਫ਼ ਛੇੜੀ ਜੰਗ ਨੂੰ ਤਾਰਪੀਡੋ ਕਰਨ ਦਾ ਉਨ੍ਹਾਂ ਦਾ ਮਹਾਨ ਕਾਰਜ ਤਵਾਰੀਖ਼ ਵਿਚ ਸ਼ਰਮਨਾਕ ਸਫ਼ਾ ਰਹੇਗਾ।

ਡਾ: ਹਰਜਿੰਦਰ ਸਿੰਘ ਦਿਲਗੀਰ


ਟਿੱਪਣੀ: ਖ਼ਾਲਸਾ ਨਿਊਜ਼, ਗੁਰਦੇਵ ਸਿੰਘ ਸਧੇਵਾਲੀਆ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਅਤੇ ਹੋਰਨਾਂ ਜਾਗਰੂਕ ਸਿੱਖਾਂ ਦਾ ਸਨਮਾਨ ਕਰਦੀ ਹੈ। ਇੱਕ ਬੇਨਤੀ ਹੈ ਸਾਰਿਆਂ ਨੂੰ ਆਪਸੀ ਰੰਜਸ਼ਾਂ ਮਿਟਾ ਕੇ ਇੱਕ ਹੋਕੇ ਚਲੀਏ, ਸਿੱਖੀ ਸਿਧਾਂਤਾਂ ਉਪਰ ਦ੍ਰਿੜ ਹੋ ਕੇ ਪਹਿਰਾ ਦਈਏ, ਛੋਟੇ ਮੋਟੇ ਹਿਚਕੋਲੇ ਕੁਛ ਨਹੀਂ ਵਿਗਾੜ ਸਕਦੇ, ਪਰ ਆਪਸੀ ਫੁੱਟ ਸਭ ਕੁਛ ਗਰਕ ਕਰ ਸਕਦੀ ਹੈ। ਖ਼ਾਲਸਾ ਨਿਊਜ਼ ਵੀ ਪ੍ਰੋ. ਧੂੰਦਾ ਦੇ ਪੁਜਾਰੀਆਂ ਸਾਹਮਣੇ ਕਮਰੇ ਵਿੱਚ ਸਪਸ਼ਟੀਕਰਨ ਦੇਣ ਦੇ ਵਿਰੁੱਧ ਹੈ, ਜੇ ਬੰਦਾ ਸੱਚਾ ਹੈ ਤਾਂ ਸਾਰਿਆਂ ਸਾਹਮਣੇ, ਛਾਤੀ ਤਾਣ ਕੇ ਗੱਲ ਕਰੇ, ਛੁੱਪ ਕੇ ਨਹੀਂ। ਪ੍ਰੋ. ਧੂੰਦਾ ਸੱਚੇ ਹਨ, ਤਾਂ ਡਰਣ ਦੀ ਕੀ ਲੋੜ ਹੈ, ਜਿਸ ਤਰਾਂ ਧੂੰਦਾ ਜੀ ਕਹਿੰਦੇ ਹਨ, "ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ...." ਬਾਬਾ ਨਾਨਕ ਬੱਬਰ ਸ਼ੇਰ ਹੈ, ਜਿਸ ਨੂੰ ਦੇਖ ਕੇ ਮਿਰਗ ਦੌੜ ਜਾਂਦੇ, ਹੁਣ ਬਾਬੇ ਨਾਨਕ ਦੇ ਪਾਏ ਪੁਰਨਿਆਂ 'ਤੇ ਚੱਲਣ ਦੀ ਲੋੜ ਹੈ। ਜੇ ਇਨ੍ਹਾਂ ਮਸੰਦਾਂ ਤੋਂ ਖਹਿੜਾ ਛੁੜਾਉਣਾ ਹੈ ਤਾਂ, ਸਿਧਾਂਤਾਂ 'ਤੇ ਦਲੇਰੀ ਨਾਲ ਪਹਿਰਾ ਦੇਣਾ ਪਵੇਗਾ। ਆਸ ਹੈ ਕਿ 25 ਫਰਵਰੀ 2012 ਨੂੰ ਪ੍ਰੋ. ਧੂੰਦਾ ਗੁਰਮਤਿ ਅਨੁਸਾਰ ਕੋਈ ਫੈਸਲਾ ਲਣਗੇ, ਜਿਸ ਨਾਲ ਜਾਗਰੂਕਤਾ ਲਹਿਰ ਨੂੰ ਬੱਲ ਮਿਲੇ। ਗੁਰੂ ਸੱਮਤ ਬਖਸ਼ੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top