Share on Facebook

Main News Page

ਸਿਧਾਂਤਾਂ ਨਾਲ ਵਿਭਚਾਰ ਕਰਨ ਵਾਲੇ ਵੀ, ਕਿਸੇ ਵਿਭਚਾਰੀ ਤੋਂ ਘੱਟ ਨਹੀਂ ਗਿਣੇ ਜਾ ਸਕਦੇ

ਜੇਕਰ ਅੱਜ ਹਰ ਜਾਗ੍ਰਿਤ ਸਿੱਖ ਇਸ ਗੱਲ ਨੂੰ ਮੰਨਣ ਲਈ ਤਿਆਰ ਹੋ ਗਿਆ ਹੈ, ਕਿ ਅਕਾਲ ਤਖਤ ਦੇ ਮੌਜੂਦਾ ਪ੍ਰਬੰਧ ਅਧੀਨ ਅਤੇ ਇਸ ਤੋਂ ਬਿਨਾਂ ਗੈਰ-ਸਿਧਾਂਤਕ ਅਤੇ ਗੁਰਮਤਿ-ਫਲਸਫੇ ਵਿਪਰੀਤ ਜਾ ਕੇ ਆਪੂੰ ਥਾਪੇ ਗਏ ਚਾਰ ਹੋਰ ਨਕਲੀ-ਤਖਤਾਂ ਉੱਤੇ ਸਿੱਖ ਵਿਰੋਧੀ ਤਾਕਤਾਂ ਦੁਆਰਾ ਬਿਠਾਏ ਗਏ ਸਮੂੰਹ ਪੁਜਾਰੀ-ਮੰਡਲੀ ਬਨਾਮ ਪੰਜ ਇਮਾਰਤਾਂ ਦੇ ਜੱਥੇਦਾਰ ਮੂਲ ਸਿੱਖੀ-ਸਿਧਾਂਤਾਂ ਦਾ ਘਾਣ ਕਰ ਅਤੇ ਪੰਥਕ ਮਸਲਿਆਂ ‘ਤੇ ਗੁਰੂ ਗ੍ਰੰਥ ਸਾਹਿਬ ਦੇ ਅਕਾਲੀ-ਵਿਧਾਨ ਤੋਂ ਵਿਪਰੀਤ ਭੁਗਤ ਕੇ, ਵਿਸ਼ਵ-ਭਰ ਵਿੱਚ ਸਿੱਖ-ਹਸਤੀ ਨੂੰ ਖੋਰਾ ਲਾਉਣ ਦਾ ਕਾਰਨ ਬਣ, ਆਪਣੇ ਅਸਲ ਰਾਜਨੀਤਕ ਮਾਲਕਾਂ ਦੀਆਂ ਜ਼ਮੀਰ ਵੇਚਣ ਵਾਲੀਆਂ ਧਾਰਮਿਕ ਪਹਿਰਾਵਾਧਾਰੀ ਵੇਸਵਾਵਾਂ ਦਾ ਕਿਰਦਾਰ ਹੀ ਅਦਾ ਕਰ ਰਹੇ ਹਨ, ਤਾਂ ਉਹਨਾਂ ਸਭ ਜਾਗ੍ਰਿਤ ਸਿੱਖਾਂ ਨੂੰ ਹੁਣ ਇਸ ਤੋਂ ਅੱਗੇ ਵੱਧ, ਇਹ ਵੀ ਸੋਚਣਾ ਪਵੇਗਾ, ਕਿ ਉਹਨਾਂ ਦੋਗਲੇ ਕਿਸਮ ਦੇ ਵਿਦਵਾਨਾਂ ਬਨਾਮ ਪ੍ਰਚਾਰਕਾਂ ਦਾ ਕਿਰਦਾਰ ਆਖਿਰ ਕਿੱਥੇ ਖੜ੍ਹਾ ਹੁੰਦਾ ਹੈ। ਜੋ ਭਾਵੇਂ ਸੰਗਤਾਂ ਵਿੱਚ ਬੜ੍ਹੀ ਜ਼ੋਰਦਾਰ ਸ਼ੈਲੀ ਵਿੱਚ ਬਾਹਾਂ ਉਲਾਰ ਕੇ, ਇਸ ਪੂਰੇ ਢਾਂਚੇ ਦਾ ਸਖ਼ਤ ਸ਼ਬਦਾਂ ਵਿੱਚ ਜਿੱਥੇ ਵਿਰੋਧ ਵੀ ਕਰਦੇ ਹਨ, ਉੱਥੇ ਉਹਨਾਂ ਨੂੰ ਇਹਨਾਂ ਵਿਰੁੱਧ ਲਾਮਬੰਦ ਹੋਣ ਲਈ ਵੀ ਪ੍ਰੇਰਦੇ ਹਨ, ਪਰ ਜਦੋਂ ਆਪਣੀਆਂ ਹੀ ਕਹੀਆਂ ਤੇ ਪ੍ਰਚਾਰੀਆਂ ਜਾਂਦੀਆਂ ਤਕਰੀਰਾਂ ਨੂੰ ਅਮਲਾਂ ਵਿੱਚ ਨਿਭਾਉਣ ਦੀ ਵਾਰੀ ਆਉਂਦੀ ਹੈ, ਅਤੇ ਸਾਹਮਣੇ ਖੜ੍ਹੇ ਹੋ ਸਿਧਾਂਤਾਂ ‘ਤੇ ਸੂਰਿਆਂ ਵਾਂਗ ਡਟਣ ਦੀ ਬਾਬ ਬਣਦੀ ਹੈ, ਤਾਂ ਆਪਣੇ ਕਦਮ ਪਿੱਛੇ ਖਿੱਚ ਕੇ ਆਪਣੀਆਂ ਗੱਲਾਂ ਤੋਂ ਆਨੇ-ਬਹਾਨੇ ਮੁਕਰ ਅਤੇ ਲੀਹਾਂ ਤੋਂ ਥਿੜ੍ਹਕ ਬੰਦ ਕਮਰਿਆਂ ਵਿੱਚ ਜਾ ਕੇ, ਇਹਨਾਂ ਵੇਸਵਾਵਾਂ ਨਾਲ ਸਮਝੌਤੇ ਵੀ ਕਰ ਆਉਂਦੇ ਹਨ। ਤਾਂ ਕਿ ਇਹਨਾਂ ਦੇ ਭਾਵਨਾਵਾਂ ਭੜਕਾ ਕੇ ਡਾਲਰ ਤੇ ਨੋਟ ਬਟੋਰਨ ਦੇ ਧੰਦੇ ਨੂੰ ਰੱਤੀ ਭਰ ਵੀ ਸੇਕ ਨਾ ਪਹੁੰਚੇ; ਭਾਵੇਂ ਅਜਿਹਾ ਕਰ ਕੇ ਉਹ ਹਜ਼ਾਰਾਂ ਕੋਸ਼ਿਸ਼ਾਂ ਤੋਂ ਬਾਅਦ ਬਾਰ-ਬਾਰ ਖੜ੍ਹੀ ਹੁੰਦੀ ਪੁਨਰਜਾਗ੍ਰਿਤੀ ਦੀ ਸਿਧਾਂਤ-ਬਚਾਊ ਲਹਿਰ ਨੂੰ, ਮੁੜ ਤੋਂ ਭੁੰਜੇ ਸੁੱਟਣ ਅਤੇ ਜਾਗਰੂਕ ਸੰਗਤਾਂ ਦਾ ਵਿਸ਼ਵਾਸ਼ ਡੁਲਾਉਣ ਵਿੱਚ ਕੋਈ ਕਸਰ ਵੀ ਖਾਲ੍ਹੀ ਨਹੀਂ ਛੱਡਦੇ !

ਸੋ, ਇੱਥੇ ਇਹ ਵਿਚਾਰਨ ਦੀ ਗੰਭੀਰ ਲੋੜ ਬਣ ਜਾਂਦੀ ਹੈ, ਕਿ ਜੇਕਰ ਜ਼ਮੀਰ ਵੇਚਣ ਵਾਲੇ ਪੁਜਾਰੀ ਵੇਸਵਾਵਾਂ ਹਨ, ਤਾਂ ਉਹਨਾਂ ਨਾਲ ਜਾ ਕੇ ਬੰਦ ਕਮਰਿਆਂ ਵਿੱਚ ਸਿਧਾਂਤਾਂ ਨਾਲ ਵਿਭਚਾਰ ਕਰਨ ਵਾਲੇ ਵੀ, ਕਿਰਦਾਰਕ ਤੌਰ ‘ਤੇ ਕਿਸੇ ਵਿਭਚਾਰੀ ਤੋਂ ਘੱਟ ਨਹੀਂ ਗਿਣੇ ਜਾ ਸਕਦੇ। ਜਿਹਨਾਂ ਦੇ ਇਸ ਵਿਭਚਾਰ ਦੇ ਕਾਰਨ ਨਾ ਕੇਵਲ ਪੁਜਾਰੀਆਂ ਦਾ ਵੇਸਵਾਗਮਨੀ ਦਾ ਇਹ ਧੰਦਾ ਹੋਰ ਪ੍ਰਫੁਲਿਤ ਹੁੰਦਾ ਹੈ, ਬਲਕਿ ਇਹਨਾਂ ਦੇ ਗੁਰਮਤਿ-ਫਲਸਫੇ ਵਿਰੋਧੀ ਅਹੁਦਿਆਂ ਤੇ ਅਧਿਕਾਰਾਂ ਨੂੰ ਮਾਨਤਾ ਵੀ ਮਿਲਦੀ ਹੈ, ਇਸ ਲਈ ਇਹਨਾਂ ਦੋਗਲੇ ਕਿਸਮ ਦੇ ਵਿਭਚਾਰੀਆਂ ਦਾ ਚਰਿੱਤਰ ਇਹਨਾਂ ਸ਼ਬਦਾਂ ਨਾਲ ਬਿਆਨ ਕੀਤਾ ਜਾ ਸਕਦਾ ਹੈ:

ਵਾਵਾ ਵਿਭਚਾਰੀ ਗਿਣਹੋ, ਵੇਸਵਾ ਕਮਰੈ ਜਾਇ ||੧||
ਮਾਇਆ ਖੁੱਸਣੈ ਕੰਬਦਾ, ਖੇਹਿ ਤਿਨਾ ਸੰਗ ਖਾਇ
||੨||
ਖੇਹਿ ਖਾਵੈ ਹੋਇ ਦੋਗਲਾ, ਭੀ ਕਿਰਦਾਰਿ ਗਵਾਇ
||੩||
ਬਾਂਹਿ ਉਲਾਰੈ ਭੀੜ ਮਹਿ, ਆਪਹਿ ਮੁਕਰਿ ਜਾਇ
||੪||
ਤਾਲ ਰੋਟੀਆਂ ਨੋ ਪੂਰਦਾ, ਖਾਲ੍ਹੀ ਹੈ ਅੰਦਰਿ ਤਾਇ
||੫||
ਕੰਵਲ ਭਰਾ ਅੰਧੇਰੁ ਜੋ, ਦਰਿ ਵੇਸਵਾ ਕੈ ਜਾਇ
||੬||
(ਪ੍ਰੋਫੈਸਰ ਕਵਲਦੀਪ ਸਿੰਘ ਕੰਵਲ)

ਅੰਤ ਵਿੱਚ ਜਿੱਥੇ ਸਿੱਖ ਪੰਥ ਦੀਆਂ ਜਾਗਰੂਕ ਧਿਰਾਂ ਨੂੰ, ਨਾਨਕ-ਨਿਰਮਲ-ਪੰਥ ਨੂੰ ਬਚਾਉਣ ਲਈ, ਲਹੂਪੀਣੇ ਕੌਮਘਾਤ ਆਗੂਆਂ ਅਤੇ ਉਹਨਾਂ ਦੀਆਂ ਵੇਸਵਾਵਾਂ-ਬਨਾਮ-ਜੱਥੇਦਾਰਾਂ ਤੋਂ ਛੁਟਕਾਰਾ ਪਾਉਣ ਲਈ, ਸੰਘਰਸ਼ ਕਰਨ ਦੀ ਜਰੂਰਤ ਹੈ, ਉੱਥੇ ਹੀ ਉਹਨਾਂ ਨੂੰ ਇਹਨਾਂ ਵੇਸਵਾਵਾਂ ਨਾਲ ਖੇਹ ਖਾਉਣ ਵਾਲੇ ਦੋਗਲੇ ਚਰਿੱਤਰ ਦੇ ਮਾਲਕ, ਹਨੇਰੇ ਦੇ ਭਰੇ ਅਤੇ ਰੋਟੀਆਂ ਕਾਰਨ ਤਾਲ ਪੂਰਨ ਵਾਲੇ ਦੰਭੀਆਂ ਤੋਂ ਵੀ ਪੂਰਨ ਸੁਚੇਤ ਹੋ, ਉਹਨਾਂ ‘ਤੇ ਪੱਕੀ ਲੀਕ ਫੇਰ, ਆਪਣੀ ਲਹਿਰ ਨੂੰ ਇਹਨਾਂ ਵਿਭਚਾਰੀਆਂ ਦੀ ਕਿਰਦਾਰਕੁਸ਼ੀ ਦੀ ਬਦਬੂ ਦੇ ਕਾਰਨ ਮਲੀਨ ਹੋਣ ਤੋਂ ਬਚਾਉਣ ਲਈ ਵੀ ਸਖ਼ਤ ਹੰਭਲਾ ਮਾਰਨਾ ਪਵੇਗਾ...

ਪ੍ਰੋਫੈਸਰ ਕਵਲਦੀਪ ਸਿੰਘ ਕੰਵਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top