Share on Facebook

Main News Page

ਬ੍ਰਾਹਮਣਵਾਦ ਬਨਾਮ ਪੁਜਾਰੀਵਾਦ

ਬ੍ਰਾਹਮਣ ਦਾ ਸ਼ਬਦੀ ਅਰਥ ਬ੍ਰਹਿਮ ਦੀ ਵਿਚਾਰ ਕਰਨ ਵਾਲਾ ਹੁੰਦਾ ਹੈ।

ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ (ਪੰਨਾ 1127)

ਪਰ ਇਸਦਾ ਮਤਲਬ ਹਰਗਿਜ਼ ਇਹ ਨਹੀਂ ਹੁੰਦਾ ਕਿ ਉਸ ਬ੍ਰਾਹਮਣ ਦਾ ਪਰਿਵਾਰ ਜਾਂ ਕੁਲਾਂ ਵੀ ਬ੍ਰਹਮ ਦੀ ਵਿਚਾਰ ਕਰਨ ਵਾਲੀਆਂ ਹੀ ਹੋਣਗੀਆਂ । ਇਸ ਤਰਾਂ ਬ੍ਰਾਹਮਣ ਸਿਰਫ ਵਿਸ਼ੇਸ਼ਣ ਹੋ ਸਕਦਾ ਹੈ,ਆਉਣ ਵਾਲੀਆਂ ਬ੍ਰਾਹਮਣ ਦੀਆਂ ਪੀੜੀਆਂ ਦੀ ਸਦੀਵੀ ਪਕੜ ਵਾਲਾ ਕੋਈ ਨਾਮ ਨਹੀਂ । ਕਿਰਤ ਅਧਾਰਿਤ ਵੰਡ ਅਨੁਸਾਰ ਕਿਰਤ ਬਦਲਣ ਨਾਲ ਵਰਗ ਦਾ ਬਦਲਣਾ ਵੀ ਜਰੂਰੀ ਸੀ । ਪਰ ਬ੍ਰਾਹਮਣ ਨੇ ਆਪਣੀ ਚਲਾਕੀ ਨਾਲ ਬ੍ਰਾਹਮਣ ਦੀ ਡਿਗਰੀ ਸਦਾ ਲਈ ਆਪਣੇ ਨਾਮ ਨਾਲ ਚਿਪਕਾ ਲਈ । ਸ਼ਾਇਦ ਇਸੇ ਲਈ ਉਸਦੀ ਇਸ ਯੋਜਨਾਂ ਦਾ ਭਾਂਡਾ ਭੰਨਦਾ ਹੋਇਆ ਸ਼ਬਦ ਬ੍ਰਾਹਮਣਵਾਦ ਹੋਂਦ ਵਿੱਚ ਆ ਗਿਆ । ਅਸਲ ਵਿੱਚ ਇਹ ਬ੍ਰਾਹਮਣਵਾਦ ਸ਼ਬਦ ਕਿਸੇ ਜਾਤੀ ਸੂਚਕ ਬ੍ਰਾਹਮਣ ਦੀ ਮੁਖਾਲਫ਼ਤ ਨਹੀਂ ਕਰਦਾ ਸਗੋਂ ਬ੍ਰਾਹਮਣ ਦੀ ਉਸ ਚਲਾਕੀ ਅਤੇ ਮਕਾਰੀ ਦਾ ਪਰਦਾ ਫਾਸ਼ ਕਰਦਾ ਹੈ, ਜਿਸ ਨਾਲ ਉਸਨੇ ਸਦਾ ਲਈ ਇਹ ਨਾਮ ਆਪਣੀਆਂ ਕੁਲਾਂ ਲਈ ਰਾਖਵਾਂ ਕਰਵਾਕੇ ਸਮਾਜ ਦੇ ਬਾਕੀ ਵਰਗਾਂ ਦੀ ਸਦੀਵੀ ਲੁੱਟ ਲਈ ਪੱਕੀ ਵਿਓਂਤ ਬੰਦੀ ਕੀਤੀ ਹੈ।

ਸੋ ਆਪਣੀ ਜਾਤੀ ਆਪ ਹੀ ਘੜ ਕੇ ,ਆਪ ਨੂੰ ਹੀ ਸਰਬੋਤਮ ਮੰਨਕੇ ਉਸੇ ਅਖਾਉਤੀ ਉੱਚ ਜਾਤੀ ਦਾ ਝੂਠਾ ਹੰਕਾਰ ਹੀ ਬ੍ਰਾਹਮਣਵਾਦ ਹੈ, ਜੋ ਬਾਕੀ ਆਪਣੇ ਆਪਣੇ ਕੰਮਾਂ ਅਨੁਸਾਰ ਆਪ ਹੀ ਸਿਰਜੀਆਂ ਜਾਤੀਆਂ ਨੂੰ ਛੋਟੀਆਂ ਅਤੇ ਤੁੱਛ ਮੰਨਕੇ ਆਪਣੀ ਹੀ ਸੇਵਾ ਲਈ ਬਣੀਆਂ ਦਰਸਾਉਂਦਾ ਹੈ । ਸੋ ਬ੍ਰਾਹਮਣ ਦਾ ਰੱਬ ਵੀ ਅਜਿਹਾ ਹੀ ਆਪੂੰ ਹੀ ਘੜਿਆ ਰੱਬ ਹੁੰਦਾ ਹੈ ਜੋ ਬ੍ਰਾਹਮਣ ਰੂਪੀ ਪੁਜਾਰੀ ਰਾਹੀਂ ਸ਼ਕਤੀਸ਼ਾਲੀ ਰਾਜੇ ਨੂੰ ਵੀ ਮਕਾਰੀ ਨਾਲ ਝੁਕਣ ਲਈ ਮਜਬੂਰ ਕਰਕੇ, ਖੁਦ ਬ੍ਰਾਹਮਣ ਨੂੰ ਸਰਬਉੱਚ ਬਣਾ ਦਿੰਦਾ ਹੈ । ਮਨੁੱਖਤਾ ਵਿੱਚ ਜਾਤੀ-ਪਾਤੀ ,ਊਚ-ਨੀਚ ਅਤੇ ਛੂਆ-ਛਾਤ ਰਾਹੀਂ ਪਾਈ ਗਈ ਵੰਡੀ ਹੀ ਇਸ ਬ੍ਰਾਹਮਣਵਾਦ ਦੀ ਸਭ ਤੋਂ ਵੱਡੀ ਤਾਕਤ ਬਣਦੀ ਹੈ, ਜਿਸ ਦੀ ਮਦਦ ਨਾਲ ਇਹ ਇੱਕ ਤਰਾਂ ਨਾਲ ਆਪਣੇ ਆਪ ਨੂੰ ਸਾਰੀ ਮਨੁੱਖਤਾ ਦਾ ਰੱਬ ਹੀ ਘੋਸ਼ਤ ਕਰਦਾ ਹੈ । ਧਰਮ ਗਿਆਨ ਤੇ ਕੇਵਲ ਆਪਣਾ ਹੀ ਅਧਿਕਾਰ ਘੋਸ਼ਿਤ ਕਰ ਇਹ ਸਮਾਜ ਦੇ ਬਾਕੀ ਵਰਗਾਂ ਨੂੰ ਸਦਾ ਲਈ ਆਪਦੇ ਮੁਥਾਹਜ ਬਣਾਉਣ ਦੀ ਕੁਚੇਸ਼ਠਾ ਨਾਲ, ਉਹਨਾਂ ਵਿੱਚ ਕੇਵਲ ਡਰੂ ਬਿਰਤੀ ਪੈਦਾ ਕਰਨ ਲਈ ਹੀ ਅਗਿਆਨੀ ਰੱਖਕੇ ਕਰਮਕਾਂਢਾਂ ਵਿੱਚ ਉਲਝਾਉਂਦਾ ਹੈ । ਕਰਮਾਂ ਦੇ ਪਾਏ ਗਏ ਡਰ ਦਾ ਮਾਰਿਆ ਹਰ ਤਰਾਂ ਦਾ ਮਿਹਨਤੀ ਤਬਕਾ ਆਪਣੇ ਹੱਕ ਹਲਾਲ ਦੀ ਕਮਾਈ ਨੂੰ, ਇਸ ਪੁਜਾਰੀ ਨੁਮਾਂ ਵਿਹਲੜ ਬ੍ਰਾਹਮਣ ਸਾਹਮਣੇ ਪੁਸ਼ਤਾਂ ਤੱਕ ਚਾੜਨਾਂ ਹੀ ਧਰਮ-ਕਰਮ ਸਮਝ ਬੈਠਦਾ ਹੈ। ਜੇਕਰ ਕਿਸੇ ਪ੍ਰਾਚੀਨ ਮਤ ਦੇ ਬਾਨੀ ਨੂੰ ਅੱਜ ਵੀ ਜਿਉਂਦਾ ਦੇਖਣਾ ਹੈ ਤਾਂ ਕੇਵਲ ਬ੍ਰਾਹਮਣ ਬਾਦ ਦਾ ਆਗੂ ਹੀ ਨਜਰ ਆਉੰਦਾ ਹੈ, ਸ਼ਾਇਦ ਇਸੇ ਲਈ ਬ੍ਰਾਹਮਣਵਾਦ ਦਾ ਇਹੀ ਰੂਪ ਬਾਕੀ ਸੰਸਾਰ ਦੇ ਮਤਾਂ ਅੰਦਰ ਦਾਖਲ ਹੋ ਸਦਾ ਲਈ ਅਮਰ ਹੋਣ ਦੀ ਲਾਲਸਾ ਵਿੱਚ ਹੈ । ਸਿੱਖ ਮਤ ਵਿੱਚ ਤਾਂ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਦਾਖਲੇ ਦੀ ਭਾਲ ਵਿੱਚ ਸੀ, ਪਰ ਇਸਦਾ ਦਾਅ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਉਦੋਂ ਲੱਗਾ ਜਦੋਂ ਸਿੰਘਾਂ ਦਾ ਹਕੂਮਤ ਵੱਲੋਂ ਹਰ ਜਗਹ ਸ਼ਿਕਾਰ ਕੀਤਾ ਜਾ ਰਿਹਾ ਸੀ ਅਤੇ ਸਿੰਘ ਜੰਗਲਾਂ, ਮਾਰੂਥਲਾਂ ਵਿੱਚ ਵਿਚਰ ਰਹੇ ਸਨ।

ਗੁਰੂ ਨਾਨਕ ਸਾਹਿਬ ਨੇ ਅਜਿਹੇ ਬ੍ਰਾਹਮਣਵਾਦ ਦੇ ਮਹਿਲ ਦੀ ਨਿਓਂ ਵਿੱਚ ਲਗ ਰਹੀ ਸਭ ਤੋਂ ਪਹਿਲੀ ਕਰਮਕਾਂਢੀ ਜਨੇਊ ਨਾਮਕ ਭੇਖੀ ਇੱਟ ਨੂੰ ਹੀ ਪੁੱਟਕੇ ਸਾਰੇ ਸਮਾਜ ਸਾਹਮਣੇ ਸੁੱਟ ਧਰਿਆ ਸੀ ਅਤੇ ਆਪਣੀ ਬਾਣੀ ਦੇ ਸ਼ੁਰੂ ਵਿੱਚ ਹੀ ‘੧’ ਲਿਖ, ਬ੍ਰਾਹਮਣ ਦੇ ਬਣਾਏ ਝੂਠੇ ਮੱਕੜਜਾਲ ਦੇ ਬਹੁ ਵਰਗ ਅਤੇ ਬਹੁ ਦੇਵਤਾ ਆਧਾਰ ਦੀਆਂ ਤੰਦਾਂ ਨੂੰ ਹੀ ਤਹਿਸ ਨਹਿਸ ਕਰ ਦਿੱਤਾ ਸੀ । ਜਿਸ ਨਾਲ ਸਮਾਜ ਵਿੱਚ ਬਰਾਬਰੀ ਅਤੇ ਅਸਲੀ ਰੱਬ ਦੀ ਪਹਿਚਾਣ ਦਾ ਮੁੱਢ ਬੱਝਦਾ ਦੇਖ ਬ੍ਰਾਹਮਣਵਾਦ ਤਰਲੋ-ਮੱਛੀ ਹੋਣ ਲੱਗ ਪਿਆ ਸੀ।

ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ (ਪੰਨਾ 611)
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ (ਪੰਨਾ 1349)

ਗੁਰੂ ਸਾਹਿਬ ਦੀ ਸਾਰੀ ਮਨੁੱਖਾ ਜਾਤੀ ਨੂੰ ਇੱਕ ਹੀ ਰੱਬ ਦੀ ਔਲਾਦ ਦਸਦਿਆਂ ਸਭ ਵਿੱਚ ਇੱਕ ਹੀ ਜੋਤ ਹੋਣ ਦੀ ਗੱਲ ਬ੍ਰਾਹਮਣਵਾਦ ਦੇ ਖਿਲਾਫ ਮਨੁੱਖਤਾ ਵਿੱਚ ਸਮਾਨਤਾ ਦੇ ਭਾਵ ਭਰਦੀ ਅਸਲ ਰੱਬ ਵਲ ਪਰੇਰਤ ਕਰਨ ਲੱਗੀ ਸੀ । ਲੋਕਾਈ ਨੂੰ ਸੱਚੇ ਰੱਬ ਦੀ ਸੱਚੀ ਪੂਜਾ ਦੇ ਅਰਥ ਸਮਝ ਆਉਣੇ ਸ਼ੁਰੂ ਹੋ ਗਏ ਸਨ । ਸਮਾਜ ਦੇ ਹਰ ਦੱਬੇ ਕੁਚਲੇ ਵਰਗ ਅੰਦਰ ਬਰਾਬਰ ਸਨਮਾਨ ਦੀ ਭਾਵਨਾ, ਮਿਹਨਤੀ ਲੋਕਾਂ ਵਿੱਚ ਸੁਕਿਰਤ ਦੀ ਵਡਿਆਈ, ਦੂਜੇ ਦੀ ਕਮਾਈ ਤੇ ਪਲਣ ਵਾਲੇ ਨਿਖੱਟੂਆਂ, ਲੋਟੂਆਂ ਅਤੇ ਵਿਹਲੜਾਂ ਨੂੰ ਮਨੁੱਖਤਾ ਅਤੇ ਰੱਬ ਦੇ ਦੁਸ਼ਮਨ ਸਮਝਣ ਦੀ ਭਾਵਨਾਂ ਨੇ ,ਰੱਬ ਦੇ ਵਿਚੋਲੇ ਕਹਾਉਂਦੇ ਬ੍ਰਾਹਮਣਵਾਦ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ।

ਇਨਾਂ ਹੋਣ ਤੇ ਵੀ ਬ੍ਰਾਹਮਣਵਾਦ ਨੇ ਹਾਰ ਨਹੀਂ ਮੰਨੀ, ਸਗੋਂ ਹੋਰ ਵੀ ਡੂੰਘੀ ਚਾਲ ਅਤੇ ਠਰੰਮੇ ਨਾਲ ਸਿੱਖਾਂ ਦਾ ਬਾਹਰੀ ਭੇਖ ਧਾਰਨ ਕਰ ਗੁਰਧਾਮਾਂ ਵਿੱਚ ਆ ਬੈਠਾ । ਗਿਆਨ ਤੋਂ ਸੱਖਣੇ ਰੱਖੇ ਗਏ ਸਿੱਖ, ਅੰਨੀ ਸ਼ਰਧਾ ਅਧੀਨ, ਉਸਦੇ ਚਰਨਾਂ ਵਿੱਚ ਜਾ ਵਿਰਾਜਣੇ ਸ਼ੁਰੂ ਹੋ ਗਏ । ਉਸਨੇ ਸਿੱਖਾਂ ਵਿੱਚ ਗੁਰਮਤਿ ਸਿਧਾਂਤਾਂ ਦੀ ਅਸਪਸ਼ਟਤਾ ਭਰਕੇ, ਗੁਰਮਤਿ ਅਨੁਸਾਰੀ ਸਰਬਖੇਤਰੀ ਅਗਵਾਈ ਵਾਲੇ ਚਿਤਵੇ ਗੁਰਮਤਿ ਦੇ ਸਕੂਲਾਂ ਦੇ ਆਸ਼ੇ ਵਿਰੁੱਧ ਵੱਡੇ ਵੱਡੇ ਪੂਜਾ ਘਰ ਬਣਵਾਕੇ,ਘਰ ਘਰ ਅੰਦਰ ਧਰਮਸਾਲ ਦਾ ਸੰਕਲਪ ਖਤਮ ਕਰ, ਗਿਣਤੀਆਂ ਮਿਣਤੀਆਂ ਵਾਲੇ ਕਈ ਕਿਸਮਾਂ ਦੇ ਪਾਠਾਂ ਦੇ ਫਲਾਂ ਦੀ ਚਾਹਨਾਂ ਭਰ ਦਿੱਤੀ । ਗੁਰਮਤਿ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣ ਨਾਲੋਂ ਗੁਰੂ ਉਪਦੇਸ਼ਾਂ ਦੇ ਮੰਤਰ ਨੁਮਾਂ ਰਟਨ ਅਤੇ ਰਸਮੀਂ ਪੂਜਾ ਅਰਚਨਾਂ ਹੀ ਪ੍ਰਮੁੱਖ ਬਣਾ ਦਿੱਤੀ । ਅਣਜਾਣ ਅਤੇ ਸ਼ਰਧਾਲੂ ਸਿੱਖ ਗੁਰ ਗਿਆਨ ਤੋਂ ਸੱਖਣੇ ਰਹਿ ਪਦਾਰਥਕ ਸੁੱਖਾਂ ਦੀਆਂ ਮਨੋਕਲਪਿਤ ਇਛਾਵਾਂ ਦੀ ਪੂਰਤੀ ਲਈ ਕਰਮਕਾਂਢਾਂ ਨਾਲ ਹੀ ਜੁੜਦੇ ਚਲੇ ਗਏ । ਹੌਲੀ ਹੌਲੀ ਸਿੱਖਾਂ ਨੂੰ ਗੁਰੂ ਦੇ ਗਿਆਨ ਤੋਂ ਸੱਖਣੇ ਕਰ ,ਬਿਨਾ ਕੰਮ ਕੀਤਿਆਂ ਹੀ ਧਨ ਪਦਾਰਥਾਂ ਤੇ ਸਦਾ ਲਈ ਆਪਣੇ ਕੋੜਮੇ ਦੀ ਪਕੜ ਲਈ, ਪੁਜਾਰੀਆਂ ਦਾ ਇੱਕ ਅਦਾਰਾ ਹੀ ਸਿਰਜ ਪੁਜਾਰੀ ਤੋਂ ਮਹਾਂਪੁਜਾਰੀ ਬਣ, ਰਾਜਸੀ ਨੇਤਾਵਾਂ ਨਾਲ ਗੱਠ ਜੋੜ ਕਰ, ਸਿੱਖਾਂ ਦੀ ਅਣਕਿਆਸੀ ਕਿਸਮਤ ਦਾ ਮਾਲਕ ਬਣ ਬੈਠਾ।

ਸਿੱਖਾਂ ਵਿੱਚ ਹਰ ਤਰਾਂ ਦੀ ਬਿਪਰਨ ਕੀ ਰੀਤ ਨੂੰ ਸ਼ੁਰੂ ਕਰਾ, ਉਹਨਾਂ ਦੀ ਪੂਰਤੀ ਲਈ ਹੌਲੀ ਹੌਲੀ ਪੁਜਾਰੀਆਂ ਦੀ ਇੱਕ ਬਹੁਤ ਵੱਡੀ ਫੋਜ ਖੜੀ ਕਰ ਦਿੱਤੀ । ਸਿੱਖ ਕੌਮ ਸ਼ਰਧਾ ਵਸ ਧਰਮ ਦਾ ਪਰਚਾਰ ਸਮਝ ਗੁਰਦਵਾਰੇ ਬਣਾਉਂਦੀ ਗਈ ਅਤੇ ਪੁਜਾਰੀ ਇਹਨਾਂ ਤੇ ਕਾਬਜ ਹੁੰਦੇ ਗਏ । ਅਵੇਸਲੀ ਕੀਤੀ ਸਿੱਖ ਕੌਮ ਆਪਣੇ ਗੁਰਦਵਾਰਿਆਂ ਦਾ ਪਰਬੰਧ ਵੀ ਸੰਗਤੀ ਰੂਪ ਵਿੱਚ ਆਪਣੇ ਹੱਥਾਂ ਨਾਲ ਆਪ ਕਰਨ ਦੀ ਥਾਂ ਭਾੜੇ ਦੇ ਪੁਜਾਰੀਆਂ ਕੋਲੋਂ ਕਰਵਾਉਣ ਵਿੱਚ ਖੁਸ਼ੀ ਮਹਿਸੂਸ ਕਰਦੀ ਗਈ । ਗਿਆਨ ਦਾ ਤੱਤ ਮੁਕਾਅ ਕੇਵਲ ਅੰਨੀ ਸ਼ਰਧਾ ਨਾਲ ਸਿੱਖੀ ਦਾ ਦਾਅਵਾ ਕਰਨ ਵਾਲਾ ਸਿੱਖ ਵਹਿਮਾਂ-ਭਰਮਾਂ ਵਿੱਚ ਫਸ ਕੇ ਸ਼ਬਦ ਦੀ ਵਿਚਾਰ ਨੂੰ ਭੁੱਲ ਕੇਵਲ ਪੂਜਣ ਵਾਲੇ ਆਕਾਰ ਨਾਲ ਹੀ ਜੁੜਦਾ ਗਿਆ । ਸਿੱਖ ਕੌਮ ਵਿੱਚ ਗੁਰ ਗਿਆਨ ਦੁਆਰਾ ਆਉਣ ਵਾਲੀ ਜਾਗਰਤੀ ਨੂੰ ਚਿਰ ਸਥਾਈ ਰੋਕਣ ਲਈ ਹਰ ਰੋਜ ਗੁਰੂ ਦੇ ਗਿਆਨ ਦੀ ਵਿਚਾਰ ਨੂੰ ਨਿੱਤਨੇਮ ਬਣਾਉਣ ਦੀ ਥਾਂ, ਕੇਵਲ ਪੂਜਾ ਕਰਨੀ ਅਤੇ ਭੋਗ ਪਾਉਣੇ ਹੀ ਨਿੱਤਨੇਮ ਬਣਾ ਦਿੱਤੇ ਗਏ । ਕੀਤੇ ਕਰਾਏ ਵੱਖ ਵੱਖ ਤਰਾਂ ਦੇ ਕਰਮਕਾਂਢੀ ਪਾਠਾਂ ਦੇ ਵੱਖ ਵੱਖ ਫਲਾਂ ਦੀਆਂ ਝੂਠੀਆਂ ਊਮੀਦਾਂ ਨਾਲ ਪਰਚ ਰਿਹਾ ਸਿੱਖ ਆਪਣੀ ਅਗਿਆਨਤਾ ਕਾਰਣ ਬੇ-ਵਸ ਬਣਦਾ ਰਿਹਾ।

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹਿ (ਪੰਨਾ 1377)

ਸਮੇ ਦੇ ਤੁਰਨ ਨਾਲ ਜਿਵੇਂ ਜਿਵੇਂ ਦੁਨੀਆਂ ਗਿਆਨ ਅਤੇ ਸੰਚਾਰ ਦੇ ਨਵੇਂ ਤੋਂ ਨਵੇਂ ਸਾਧਨਾਂ ਨਾਲ ਜੁੜਦੀ ਗਈ ,ਤਿਵੇਂ ਤਿਵੇਂ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਗਿਆਨ ਨੇ ਦੁਨੀਆਂ ਦੇ ਹਰ ਖੂੰਜੇ ਵਿੱਚ ਬੈਠੇ ਗੁਰਮਤਿ ਦੇ ਜਗਿਆਸੂਆਂ ਦੀਆਂ ਅੱਖਾਂ ਖੋਲਣੀਆਂ ਸ਼ੁਰੂ ਕੀਤੀਆਂ । ਦੁਨੀਆਂ ਨੂੰ ਬਾਬੇ ਨਾਨਕ ਦੇ ਸਰਬੱਤ ਦੇ ਭਲੇ ਵਾਲੇ ਇੱਕ(੧)ਦੇ ਫਲਸਫੇ ਦੀ ਸਮਝ ਪੈਣ ਲੱਗੀ । ਕੁਦਰਤ ਦੇ ਅਟੱਲ ਨਿਯਮਾਂ ਵਿੱਚ ਹੀ ਅਕਾਲ ਪੁਰਖ ਕਰਤੇ ਦੇ ਰੱਬੀ ਹੁਕਮ ਸਮਝ ਆਉਣ ਲੱਗੇ । ਕੁਦਰਤ ਦੇ ਨਿਯਮਾਂ ਵਰੁੱਧ ਜਾਣਾ ਰੱਬੀ ਅਵੱਗਿਆ ਜਾਪਣ ਲੱਗਾ । ਗੁਰਮਤਿ ਵਿਗਿਆਨ ਦੀ ਵਿਰੋਧਤਾ ਕਰਨ ਦੀ ਥਾਂ ,ਵਿਗਿਆਨ ਨੂੰ ਸਰਬੱਤ ਦੇ ਭਲੇ ਦੇ ਸੰਦੇਸ਼ ਦਿੰਦੀ ਸਮਝ ਆਉਣ ਲੱਗੀ । ਗੁਰੂ ਦੇ ਉਪਦੇਸ਼ ਭੋਗ ਪਾਉਣ ਲਈ ਨਹੀਂ, ਸਗੋਂ ਸਮਝ-ਵਿਚਾਰ ਰਾਹੀਂ ਜਿੰਦਗੀ ਸਵਾਰਨ ਦਾ ਫਲਸਫਾ ਜਾਪਣ ਲੱਗੇ । ਦੁਨੀਆਂ ਨੂੰ ਸਮਝ ਆਉਣ ਲੱਗੀ ਕਿ ਰੱਬ ਕਿਸੇ ਖਾਸ ਸਥਾਨ ਤੇ ਦੇਖਣ ਜਾਂ ਕਿਸੇ ਵਿਧੀ ਨਾਲ ਪਰਾਪਤ ਕਰਨ ਦੀ ਚੀਜ ਨਹੀਂ ਸਗੋਂ ਆਪਣੇ ਆਪ ਅਤੇ ਸੰਸਾਰ ਦੇ ਹਰ ਕੋਨੇ ਵਿੱਚ ਹੀ ਲਗਾਤਾਰ ਮਹਿਸੂਸ ਕਰਨ ਦਾ ਗੁਰਪ੍ਰਸਾਦੀ ਸੰਕਲਪ ਹੈ । ਬ੍ਰਾਹਮਣਵਾਦ ਦੇ, ਗੁਰਮਤਿ ਵਿਚਾਰਧਾਰਾ ਦੇ ਸਪੱਸ਼ਟ ਹੋਣ ਤੋਂ ਰੋਕਣ ਲਈ ਮੜ੍ਹੇ ਗਏ ਵੈਦਿਕ ਅਤੇ ਪੁਰਾਣਿਕ ਅਰਥ, ਆਪਣਾ ਝੂਠਾ ਅਸਰ ਗੁਆਉਣ ਲੱਗੇ । ਦੇਖਦੇ ਦੇਖਦੇ ਭੂਤ, ਪਰੇਤ, ਯਮਰਾਜ ,ਧਰਮਰਾਜ, ਚਿਤਰ-ਗੁਪਤ, ਆਵਾਗਵਣ , ਨਰਕ-ਸੁਰਗ, ਬੈਕੁੰਠ ਆਦਿ ਸ਼ਬਦ ਆਪਣੀਆਂ ਪ੍ਰਾਚੀਨ ਪਰਿਭਾਸ਼ਾਵਾਂ ਨਾਲ ਅਲੋਪ ਹੋਣ ਲੱਗੇ । ਦੁਨੀਆਂ ਇਸ ਗੁਰਮਤਿ ਦੇ ਅਦੁੱਤੀ ਗਿਆਨ ਨੂੰ ਹਰ ਸਮੇ,ਹਰ ਜਗਹ ਅਤੇ ਹਰ ਖੇਤਰ ਦੀ ਹਰ ਤਰਾਂ ਅਗਵਾਈ ਕਰਨ ਦੇ ਸੰਪੂਰਨ ਸਮਰੱਥ ਸਮਝਣ ਲੱਗੀ । ਸਾਹਿਬ ਮੇਰਾ ਨੀਤ ਨਵਾਂ ਦੇ ਅਰਥ ਉਜਾਗਰ ਹੋਣ ਲੱਗੇ । ਸਿੱਖ ਸਾਰੀ ਦੁਨੀਆਂ ਵਿੱਚ ਫੈਲ ਕਿਰਤ ਦੀ ਦੁਨੀਆਂ ਵਿੱਚ ਝੰਡੇ ਗੱਡਣ ਲੱਗੇ । ਪੂਰੀ ਦੁਨੀਆਂ ਵਿੱਚ ਜਾਗਰੂਕ ਹੋ ਰਹੇ ਸਿੱਖਾਂ ਅੱਗੇ, ਬਣ ਚੁੱਕੀ ਸਥਿੱਤੀ ਨੂੰ ਸਮਝ, ਇਹ ਸਵਾਲ ਆਉਣ ਲੱਗੇ ਕਿ ਇਸ ਮਨੁੱਖਤਾ ਦਾ ਖੂਨ ਪੀਣੇ ਪੁਜਾਰੀਵਾਦ ਨੁਮਾ ਬ੍ਰਾਹਮਣਵਾਦ ਨਾਮੀ ਅਜਗਰ ਤੋਂ ਕਿਰਤੀ ਸਿੱਖਾਂ ਨੂੰ ਕਿਵੇਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ?

ਦੇਖੋ ਭਾਈ ਗ੍ਹਿਆਨਕੀ ਆਈ ਆਂਧੀ  ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨਾ ਮਾਇਆ ਬਾਂਧੀ (ਪੰਨਾ 331)

ਭਾਵੇਂ ਦੁਨੀਆਂ ਜਾਣ ਗਈ ਹੈ ਕਿ ਇਹ ਅਜਗਰ, ਲੋਕਾਂ ਦੇ ਜਾਗਣ ਦਾ ਖਤਰਾ ਭਾਂਪ ਰਾਜਸੀ ਲੋਕਾਂ ਕੋਲ ਕਿਵੇਂ ਜਾ ਸ਼ਰਣ ਲੈਂਦਾ ਹੈ, ਜੋ ਇਸ ਰਾਹੀਂ ਡੰਗੀ ਦੁਨੀਆਂ ਨੂੰ ਅਸਾਨੀ ਨਾਲ ਕਾਬੂ ਕਰ, ਫ਼ਤਵਿਆਂ ਦੀ ਘੁੰਮਣਘੇਰੀ ਵਿੱਚ ਫਸਾ, ਅਕਸਰ ਹੀ ਆਪਣਾ ਉੱਲੂ ਸਿੱਧਾ ਕਰਨ ਲਈ ਬ੍ਰਾਹਮਣੀ ਚੱਕਰਵਿਊ ਬਣਾ ਜਾ ਘੇਰਦੇ ਹਨ, ਪਰ ਬਾਬੇ ਨਾਨਕ ਦੇ ਗਿਆਨ ਦੀ ਹਨੇਰੀ ਵਿੱਚ ਇਨਾਂ ਬਲ ਹੈ ਕਿ, ਦੇਰ ਸਵੇਰ ਜਦੋਂ ਇਹ ਹਨੇਰੀ ਵੱਡਾ ਤੁਫਾਨ ਬਣ ਗਈ, ਤਾਂ ਬੇਗਮਪੁਰੇ ਦੇ ਰਸਤੇ ਦੀ ਹਰ ਰੋਕ ਨੂੰ ਹੀ ਆਪਣੇ ਨਾਲ ਉਡਾ ਸਕਣ ਸਮਰੱਥ ਰਫਤਾਰ ਦੀ ਹੀ ਤਵੱਕੋਂ ਕਰਨੀ ਜਾਇਜ ਹੋਵੇਗੀ।

ਡਾ. ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)
gsbarsal@gmail.com 408-209-7072


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top