Share on Facebook

Main News Page

ਰੋਟੀਆ ਕਾਰਣਿ ਪੂਰਹਿ ਤਾਲ (ਸਪਸ਼ਟੀਕਰਨ ਬਨਾਮ ਭੁੱਲ-ਬਖਸ਼ਾਈ)

ਸਪਸ਼ਟੀਕਰਨ ਦਾ ਅਰਥ ਹੈ ਗੱਲ ਸਪਸ਼ਟ ਕਰਨਾ, ਭਾਵ ਆਪਣੀ ਗੱਲ ਨੂੰ ਸਾਹਮਣੇ ਵਾਲੇ ਦੀ ਮਤਿ ਅਨੁਸਾਰੀ ਕਰ ਕੇ ਦੱਸਣਾ ! ਸਪਸ਼ਟੀਕਰਨ ਸਿਰਫ਼ ਉੱਥੇ ਹੀ ਹੋ ਸਕਦਾ ਹੈ, ਜਿੱਥੇ ਇੱਕ ਧਿਰ ਦਾ ਉਦੇਸ਼ ਸਿਰਫ਼ ਆਪਣੀ ਗੱਲ ਸੌਖਿਆਂ ਸਮਝਾਣਾ ਹੋਵੇ, ਅਤੇ ਜਿਸ ਉੱਪਰ ਕੋਈ ਵੀ ਹੋਰ ਬਾਹਰੀ ਲਾਲਚ, ਡਰ ਜਾਂ ਕਿਸੇ ਕਿਸਮ ਦਾ ਵੀ ਦਬਾਅ ਬਿਲਕੁਲ ਨਾ ਹੋਵੇ | ਪਰ ਜਿੱਥੇ ਤਾਕਤਵਰ ਧਿਰ ਵਲੋਂ ਕਮਜ਼ੋਰ ਧਿਰ ਦਾ ਕੋਈ ਮਾਲੀ, ਜਾਨੀ ਜਾਂ ਹੋਰ ਨੁਕਸਾਨ ਕਰਨ ਦਾ ਖਤਰਾ ਹੋਵੇ, ਤੇ ਉਸ ਹਾਲਾਤ ਵਿੱਚ ਸਮਝੌਤਾਵਾਦੀ ਰਵਈਆ ਅਪਣਾ ਕੇ, ਤਥਾਕਥਿਤ ਕਮਜ਼ੋਰ ਧਿਰ ਆਪਣੇ ਨੁਕਸਾਨ ਤੋਂ ਡਰ ਕੇ ਝੁੱਕਦਿਆਂ ਹੋਇਆਂ, ਤਾਕਤਵਰ ਧਿਰ ਅੱਗੇ ਪੁੱਜ ਜਾਵੇ, ਉਸਨੂੰ ਸਿਰਫ਼ ਤੇ ਸਿਰਫ਼ ਭੁੱਲ-ਬਖਸ਼ਾਈ ਲਈ ਪੇਸ਼ ਹੋ, ਆਪਣਾ ਮੂਲ ਸਿਧਾਂਤ ਛੱਡਣਾ ਹੀ ਮੰਨਿਆ ਜਾਵੇਗਾ, ਕਿਸੇ ਵੀ ਤਰ੍ਹਾਂ ਦੀ ਗਲਬਾਤ ਜਾਂ ਸਮਝਾਉਣ ਤੇ ਕਾਇਲ ਕਰਨ ਦਾ ਯਤਨ ਬਿਲਕੁਲ ਨਹੀਂ !

ਸਿੱਖ ਇਤਿਹਾਸ ਅਨੁਸਾਰ ਨਾ ਹੀ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਆਪਣੇ ਕਿਸੇ ਦੋ ਟੂਕ ਬਿਆਨ ਦਾ ਅਜਿਹਾ ਸਪਸ਼ਟੀਕਰਨ ਬਨਾਮ ਖਿਮ੍ਹਾ-ਯਾਚਨਾ ਕੀਤੀ ਸੀ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜੇਬ ਨੂੰ ਕੋਈ ਅਜਿਹਾ ਸ਼ਬਦ ਆਪਣੇ ਕਿਸੇ ਪੱਤਰ ਵਿੱਚ ਲਿਖਿਆ ਸੀ ਜਿਸ ਰਾਹੀਂ ਆਪਣੀ ਕਿਸੇ ਗੱਲ ਜਾਂ ਕੰਮ ਨੂੰ ਤਖਤਾਂ 'ਤੇ ਕਾਬਜ਼ ਲੋਕਾਂ ਦੀ ਮਤਿ ਅਨੁਸਾਰੀ ਬਣਾ ਕੇ ਸਫਾਈ ਵਜੋਂ ਕਿਹਾ ਗਿਆ ਹੋਵੇ ਤਾਂ ਕਿ ਆਪਣੇ ਕਿਸੇ ਨੁਕਸਾਨ ਤੋਂ ਬਚਾਅ ਹੋ ਸਕੇ; ਫੇਰ ਨਾ ਹੀ ਗੁਰੂ ਨਾਨਕ ਸਾਹਿਬ ਬਾਬਰ ਦੀ ਕਚਹਿਰੀ ਵਿੱਚ ਆਪਣਾ ਕੋਈ ਜ਼ੁਰਮ ਮੰਨਣ ਵਾਸਤੇ ਗਏ ਸਨ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੇ ਦਰਬਾਰ ਤੋਂ ਆਪਣੀ ਕੋਈ ਭੁੱਲ ਬਖਸ਼ਾਈ ਸੀ !

ਸਿੱਖ ਇਤਿਹਾਸ ਵਿੱਚ ਹੋਰ ਉਧਾਰਣਾ ਵੀ ਮਿਲਦੀਆਂ ਹਨ, ਕਿ ਗੁਰੂ ਅਮਰਦਾਸ ਸਾਹਿਬ ਵੀ ਅਕਬਰ ਦੇ ਦਰਬਾਰ ਵਿੱਚ ਪੰਡਿਆਂ-ਕਾਦੀਆਂ ਦੀ ਝੂਠੀ ਸ਼ਿਕਾਇਤ 'ਤੇ ਆਪਣਾ ਏਲਚੀ (ਭਾਈ ਜੇਠਾ) ਭੇਜਦੇ ਹਨ ਜਾਂ ਔਰੰਗਜ਼ੇਬ ਦੇ ਬੁਲਾਵੇ ਤੋਂ ਪੂਰਨ ਮੁਨਕਰ ਹੋ, ਗੁਰੂ ਹਰਿਰਾਇ ਸਾਹਿਬ ਆਪ ਉਸਦੇ ਦਰਬਾਰ ਨਾ ਜਾ ਕੇ, ਆਪਣਾ ਏਲਚੀ (ਬਾਬਾ ਰਾਮਰਾਇ) ਹੀ ਸਮਝਾਉਣ ਵਾਸਤੇ ਭੇਜਦੇ ਹਨ, ਤੇ ਉਹ ਵੀ ਸਪਸ਼ਟੀਕਰਨ-ਬਨਾਮ-ਭੁੱਲ ਬਖਸ਼ਾਈ ਲਈ ਨਹੀਂ, ਬਲਕਿ ਬਿਨਾ ਝੁਕੇ ਤੇ ਬਿਨਾ ਕਿਸੇ ਨੁਕਸਾਨ ਦੇ ਡਰ ਤੋਂ, ਗੋਡੇ ਟੇਕੇ ਗਲਬਾਤ ਵਾਸਤੇ; ਫੇਰ ਬਾਲਾ-ਪ੍ਰੀਤਮ ਗੁਰੂ ਹਰਿਕ੍ਰਿਸ਼ਨ ਜੀ ਤਾਂ ਦਿੱਲੀ ਵਿੱਚ ਜਾ ਕੇ ਵੀ ਔਰੰਗਜ਼ੇਬ ਦੇ ਦਰਬਾਰ ਨਹੀਂ ਵੜ੍ਹਦੇ; ਇਹ ਹੀ ਹੈ ਅਸਲੀ ਬਹਾਦਰੀ !

ਗੁਰਬਾਣੀ ਗੁਰੂ ਸਾਨੂੰ ਸੇਧ ਦਿੰਦਾ ਹੈ, ਕਿ ਉਹ ਮਨੁੱਖ ਜੋ ਸਟੇਜਾਂ ਉੱਤੇ ਜੋਰਦਾਰ ਤਕਰੀਰਾਂ ਰਾਹੀਂ ਭਾਵੇਂ ਬੇਹੱਦ ਬਹਾਦਰੀ ਭਰੀਆਂ ਦਹਾੜਾਂ ਮਾਰਦੇ ਹਨ, ਅਤੇ ਉੱਚੀ-੨ ਨਾਹਰਿਆਂ ਨਾਲ ਸੁਧਾਰਵਾਦੀ ਤੇ ਸੁਣਨ ਵਿੱਚ ਚੰਗੀਆਂ ਲੱਗਣ ਵਾਲੀਆਂ ਗੱਲਾਂ ਕਰਦੇ ਹਨ ਅਤੇ ਅਜਿਹਾ ਕਰ ਜਨਤਕ ਤੌਰ ‘ਤੇ ਨਾਮਣਾ (ਤੇ ਹਲਵਾ-ਮੰਡਾ ਵੀ) ਖੱਟ ਲੈ ਜਾਂਦੇ ਹਨ, ਪਰ ਜਦੋਂ ਆਚਰਨ ਪੱਖੋਂ ਆਪਣੀਆਂ ਹੀ ਆਖੀਆਂ ਸਿਧਾਂਤਕ ਤਕਰੀਰਾਂ ਨੂੰ ਨਿਭਾਉਣ ਦਾ ਵੇਲਾ ਆਉਂਦਾ ਹੈ, ਜਾਂ ਮਾਰੇ ਗਏ ਦਮਗਜਿਆਂ ‘ਤੇ ਖੜੇ ਹੋਣ ਦਾ ਸਮਾਂ ਬਣਦਾ ਹੈ, ਤਾਂ ਆਪ ਹੀ ਆਪਣੇ ਕਹੇ ਤੋਂ ਮੁਕਰ ਕੇ ਤੇ ਆਪਣੇ ਕਹੇ ਗਏ ਸਿਧਾਂਤਾਂ ਤੋਂ ਪਿੱਛੇ ਜਾ ਕੇ, ਨਾਲ ਬੰਦ ਕਮਰਿਆਂ ਵਿੱਚ ਜਾ ਕੇ ਸਮਝੋਤੇ ਵੀ ਕਰ ਆਉਂਦੇ ਹਨ, ਤਾਂ ਕਿ ਇਹਨਾਂ ਦੇ ਹਲਵੇ-ਮੰਡੇ ਤੇ ਦੇਸੀ-ਵਿਦੇਸ਼ੀ ਰੁਪਿਆਂ ਤੇ ਡਾਲਰਾਂ ਨੂੰ ਕੋਈ ਨੁਕਸਾਨ ਨਾ ਪੁੱਜੇ, ਅਜਿਹੇ ਕਿਰਦਾਰ ਹੱਦ ਦਰਜੇ ਦੇ ਦੋਗਲੇ ਤੇ ਬਾਹਰੋਂ ਚਿੱਟੇ-ਬਸਤਰਧਾਰੀ, ਪਰ ਮਨ ਦੇ ਘੋਰ ਕਸੁੱਧੇ-ਕਾਲੇ ਦੋਗਲੇ ਕਿਰਦਾਰ ਹੁੰਦੇ ਹਨ, ਜੋ ਕਿਸੇ ਵੀ ਪ੍ਰਕਾਰ ਕੌਮਾਂ ਨੂੰ ਸੇਧ ਜਾਂ ਅਗਵਾਈ ਦੇਣ ਦੇ ਕਾਬਲ ਨਹੀਂ ਹੁੰਦੇ ! ਅਜਿਹੇ ਚਰਿੱਤਰ ਆਪ ਤਾਂ ਸਿਧਾਂਤਾਂ ਤੋਂ ਥਿੜਕ ਕੇ, ਇਸ ਪਾਰ ਤੇ ਉਸ ਪਾਰ ਕਾਲੇ ਮੂੰਹ ਵਾਲੇ ਹੁੰਦੇ ਹੀ ਹਨ, ਨਾਲ-ਹੀ-ਨਾਲ ਆਪਣੇ ਮਗਰ ਲੱਗ ਕੇ ਚੱਲਣ ਵਾਲਿਆਂ ਨੂੰ ਵੀ ਜਜਮਾਨ ਵੀ ਡੋਬੇ ਨਾਲ ਵਾਂਗ ਖੁਆਰ ਕਰਦੇ ਹਨ !

ਸੋ, ਜਨਤਕ ਰੂਪ ਵਿੱਚ ਜੋਸ਼ੀਲੇ ਨਾਅਰੇ ਮਾਰ ਕੇ, ਭੀੜਾਂ ਤੋਂ ਵਾਹ-ਵਾਹੀ ਲੈ ਲੈਣੀ, ਤੇ ਫੇਰ ਆਪਣੇ ਹੀ ਕਹੇ ਦੇ ਉਲਟ ਬੰਦ ਕਮਰਿਆਂ ਦੇ ਅੰਦਰ ਸਿਧਾਂਤਾਂ ‘ਤੇ ਸਮਝੌਤਿਆਂ ਵਾਸਤੇ ਵੀ ਤਿਆਰ ਹੋ ਜਾਣਾ, ਅਤੇ ਐਵੇਂ ਕਿਸੇ ਦੀ ਘੁਰਕੀ ਤੋਂ ਡਰ “ਚਉਂ-ਚਉਂ ਕਰ” ਕਿਸੇ ਜਾਬਰ ਦੇ ਦਰ ਆਪਣੇ ਰੋਟੀਆਂ ਦੇ ਕਾਰਨ ਤਾਲ ਪੂਰਨੇ ਬਚਾਉਣ ਲਈ “ਪੂੰਛ ਨੀਵੀਂ ਕਰ” ਪੁੱਜ ਜਾਣਾ, ਕਿਸੇ ਗੈਰ-ਸਿਧਾਂਤਕ ਤੇ ਵਿਕਾਊ ਦੋਗਲੇ ਚਰਿੱਤਰ ਦਾ ਕੰਮ ਤਾਂ ਹੋ ਸਕਦਾ ਹੈ, ਕਿਸੇ ਕਿਰਦਾਰਵਾਨ ਸੂਰਮੇ ਦਾ ਨਹੀਂ ! ਕਾਸ਼ ਲੋਕਾਂ ਨੂੰ ਮਤਿ ਦੇਣ ਵਾਲੇ ਆਪ ਵੀ ਬਿਨਾਂ ਆਪਣੇ ਸੰਸਾਰਕ ਸਵਾਰਥਾਂ ਦੇ ਖੁੱਸਣ ਦੇ ਡਰ-ਵੱਸ ਹੋਇਆਂ ਆਪਣੀ ਕਹੀ-ਪ੍ਰਚਾਰੀ ਤਥਾਕਥਿਤ ਸੁਧਾਰੂ ਮਤਿ ਨੂੰ ਖੁੱਦ ਹੀ ਧਾਰਣ ਕਰਨ ਦੇ ਕਾਬਲ ਹੋ ਜਾਣ ਤਾਂ ਅਵਰ ਉਪਦੇਸਣ ਤੇ ਆਪ ਨਾ ਕਰਨ ਵਾਲੀ ਟੂਕ ਉਹਨਾਂ ਤੇ ਲਾਗੂ ਨਾ ਹੋਵੇ ...

ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

-੦-੦-੦-


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top