Share on Facebook

Main News Page

ਰਾਜਨੀਤਕ - ਡੇਰੇਦਾਰ ਗੱਠਜੋੜ ਮਨੁੱਖਤਾ ਲਈ ਬੇਹੱਦ ਹਾਨੀਕਾਰਕ

* ਸਾਰੇ ਹੀ ਡੇਰੇਦਾਰ, ਨਾਨਕ ਵੀਚਾਰਧਾਰਾ ਦੇ ਵਿਰੋਧੀ ਤਾਂ ਮੰਨੇ ਹੀ ਜਾ ਰਹੇ ਹਨ ਇਸ ਲਈ ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਬੇਇਨਸਾਫੀ ਵਾਲੇ ਕਾਰਿਆਂ ਦਾ ਰੋਸ ਹੀ ਕੀ ਕਰੀਏ, ਜਦੋਂ ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਕਸਟੋਡੀਅਨਾਂ ਦੀ ਹਾਲਤ ਹੀ ‘ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।’ ਵਾਲੀ ਬਣੀ ਪਈ ਹੈ
* ਜੇ ਕਰ ਕੋਈ ਗੁਰੂ ਨਾਨਕ ਦਾ ਸਿੱਖ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ, ਅਕਾਲ ਤਖ਼ਤ ਨੂੰ ਰਾਜਨੀਤਕ-ਪੁਜਾਰੀ ਗਠਜੋੜ ਤੋਂ ਅਜਾਦ ਕਰਵਾਉਣ ਦਾ ਬੀੜਾ ਚੁੱਕ ਲੈਣ ਚਾਹੀਦਾ ਹੈ ਤੇ ਉਸ ਪਿੱਛੋਂ ਸਮੁੱਚੇ ਦੇਸ਼ ਵਿੱਚ ਇਸ ਨਾਪਾਕ ਗੱਠਜੋੜ ਵਿਰੁਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
* ਜਿਸ ਤਰ੍ਹਾਂ ਵਿਦੇਸ਼ਾਂ ਵਿੱਚ ਪਏ ਕਾਲੇ ਧਨ ਨੂੰ ਜ਼ਬਤ ਕਰਨ ਦੀਆਂ ਗੱਲਾਂ ਸ਼ਾਲਾਘਾਯੋਗ ਹਨ ਉਸੇ ਤਰ੍ਹਾਂ ਜੇ ਦੇਸ਼ ਦੇ ਅੰਦਰ ਡੇਰੇਦਾਰਾਂ ਦੀ ਮਾਲਕੀਅਤ ਨੂੰ ਨੈਸ਼ਨਲਾਈਜ਼ ਕੀਤਾ ਜਾਵੇ ਤਾਂ ਦੇਸ਼ ਦੀ ਗਰੀਬੀ ਦੂਰ ਹੋ ਸਕਦੀ ਹੈ
* ਸ: ਬਾਦਲ ਤੋਂ ਪੁੱਛਣਾ ਬਣਦਾ ਹੈ ਕਿ ਜੇ ਉਸ ਲਈ ਦੋ ਮਹੀਨੇ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਹੀ ਮੁਸ਼ਕਿਲ ਹੋਇਆ ਪਿਆ ਹੈ, ਤਾਂ ਮਜ਼ਬੂਤ ਲੋਕ ਬਿੱਲ ਪਾਸ ਹੋਣ ਉਪ੍ਰੰਤ ਜੇ ਸ਼੍ਰੀ ਕੁਰੈਸ਼ੀ ਵਰਗੀ ਸਖ਼ਸ਼ੀਅਤ ਲੋਕਪਾਲ ਦੇ ਅਹੁੱਦੇ ’ਤੇ ਨਿਯੁਕਤ ਹੋ ਗਈ, ਤਾਂ ਉਹ 5 ਸਾਲ ਕਿਵੇਂ ਕੱਢੇਗਾ?

ਭਾਰਤ ਨੂੰ ਰਿਸ਼ੀਆਂ ਮੁਨੀਆਂ ਦਾ ਦੇਸ਼ ਦੱਸ ਕੇ ਇਸ ਦੀ ਫੋਕੀ ਸ਼ੁਹਰਤ ਕੀਤੀ ਜਾ ਰਹੀ ਹੈ, ਜਿਸ ਦੇ ਸਹੀ ਮਾਅਨਿਆਂ ਵਿੱਚ ਇਸ ਦੇਸ਼ ਦੇ ਵਾਸੀ ਬਿਲਕੁਲ ਹੀ ਯੋਗ ਨਹੀਂ ਹਨ। ਕਿਉਂਕਿ ਅਸੀਂ ਵੇਖ ਰਹੇ ਹਾਂ ਕਿ ਜੋ ਸੱਚ, ਚੌਗਿਰਦੇ ਦੀ ਸਫਾਈ, ਇਖ਼ਲਾਕ, ਮਨੁੱਖੀ ਅਧਿਕਾਰ, ਕਦਰਾਂ- ਕੀਮਤਾਂ, ਅਨੁਸਾਸ਼ਨ ਅਤੇ ਆਪਣੇ ਦੇਸ਼ ਦੇ ਕਾਨੂੰਨ ਪ੍ਰਤੀ ਪ੍ਰਤੀਬਧਤਾ ਵਿਦੇਸ਼ੀ ਲੋਕਾਂ ਵਿੱਚ ਹੈ, ਉਹ ਭਾਰਤੀ ਲੋਕਾਂ ਵਿੱਚ ਨਾਂਹ ਦੇ ਬਰਾਬਰ ਹੈ। ਭਰੂਣ ਹੱਤਿਆ, ਸਤੀਪ੍ਰਥਾ, ਜਾਤਪਾਤ ਅਤੇ ਛੂਆਛਾਤ ਵਰਗੀਆਂ ਸਮਾਜਕ ਬੁਰਿਆਈਆਂ ਸਿਰਫ ਭਾਰਤ ਵਿੱਚ ਹੀ ਵੇਖਣ ਨੂੰ ਮਿਲਦੀਆਂ ਹਨ। ਇਸ ਦਾ ਕਾਰਣ ਸਿਰਫ ਇੱਕੋ ਹੀ ਹੈ ਕਿ ਸਾਡੇ ਪੂਜਨੀਕ ਰਿਸ਼ੀਆਂ ਮੁਨੀਆਂ ਵਿੱਚ ਇਹ ਸਾਰੇ ਹੀ ਔਗੁਣ ਮੌਜੂਦ ਸਨ ਪਰ ਸਾਡੇ ਪੁਜਾਰੀ ਵਰਗ ਨੇ ਉਨ੍ਹਾਂ ਦੇ ਇਨ੍ਹਾਂ ਔਗੁਣਾਂ ਨੂੰ ਗੁਣਾਂ ਵਜੋਂ ਪੇਸ਼ ਕਰਕੇ ਪੂਜਨੀਕ ਬਣਾ ਦਿੱਤਾ ਹੈ। ਇਹ ਕੁਦਰਤੀ ਨਿਯਮ ਹੈ ਕਿ ਆਪਣੇ ਪੂਜਯ ਦੇ ਗੁਣ-ਔਗੁਣ ਉਸ ਦੇ ਪੁਜਾਰੀਆਂ ਅਤੇ ਮੰਨਣਹਾਰਿਆਂ ਵਿੱਚ ਜਰੂਰ ਪ੍ਰਵੇਸ਼ ਕਰ ਜਾਂਦੇ ਹਨ।

ਜਿਸ ਸਮੇਂ ਤੋਂ ਮਨੁੱਖ ਪੈਦਾ ਹੋਇਆ ਹੈ ਉਹ ਆਪਣੇ ਬਾਹੂਬਲ ਤੇ ਦਿਮਾਗੀ ਚਤੁਰਾਈ ਨਾਲ ਦੂਸਰੇ ਮਨੁੱਖਾਂ ਦਾ ਸ਼ੋਸ਼ਨ ਕਰਦਾ ਆਇਆ ਹੈ। ਖੱਤਰੀਆਂ ਕੋਲ ਬਾਹੂਬਲ ਹੋਣ ਕਰਕੇ ਉਹ ਰਾਜ ਸਤਾ ’ਤੇ ਕਾਬਜ਼ ਹੋ ਗਏ ਤੇ ਬ੍ਰਹਮਣ ਕੋਲ ਦਿਮਾਗ ਤੇ ਵਿਦਿਆ ਹੋਣ ਕਰਕੇ ਇਸ ਨੂੰ ਆਪਣੇ ਨਿਜੀ ਹਿੱਤਾਂ ਲਈ ਵਰਤਦਿਆਂ, ਸਤਾ ’ਤੇ ਕਾਬਜ਼ ਲੋਕਾਂ ਨਾਲ ਗੱਠਜੋੜ ਕਰ ਲਿਆ। ਉਨ੍ਹਾਂ ਨੇ ਸਿਮ੍ਰਤੀਆਂ (ਧਾਰਮਕ ਕਾਨੂੰਨ) ਰਾਹੀਂ ਰਾਜਿਆਂ ਨੂੰ ਰੱਬ ਦੇ ਪ੍ਰਤੀਨਿਧ ਤੇ ਵੱਡੇ ਰਾਜਿਆਂ ਨੂੰ ਤਾਂ ਰੱਬ ਦੇ ਅਵਤਾਰ ਵਜੋਂ ਹੀ ਪੇਸ਼ ਕਰ ਦਿੱਤਾ। ਆਮ ਰਿਆਇਆ ਲਈ ਰਾਜਿਆਂ ਦਾ ਹੁਕਮ ਮੰਨਣਾ ਹੀ ਧਰਮ ਨਿਸਚਤ ਕਰ ਦਿੱਤਾ। ਸਿੰਮ੍ਰਿਤੀਆਂ ਵਿੱਚ ਇਹ ਵੀ ਦਰਜ ਕਰ ਦਿੱਤਾ ਗਿਆ ਕਿ ਜੇ ਬ੍ਰਹਮਣ ਚੋਰੀ, ਬਲਾਤਕਾਰ ਅਤੇ ਕਤਲਾਂ ਆਦਿਕ ਦੇ ਗੰਭੀਰ ਕਿਸਮ ਦੇ ਅਪਰਾਧ ਵੀ ਕਰੇ ਤਾਂ ਵੀ ਰਾਜਾ ਉਸ ਨੂੰ ਦੰਡ ਨਾ ਦੇਵੇ ਕਿਉਂਕਿ ਇਹ ਰਾਜੇ ਦੀ ਹੀ ਨਲਾਇਕੀ ਹੈ ਕਿ ਉਹ ਬ੍ਰਾਹਮਣ ਲਈ ਉਹ ਸਾਧਨ ਮੁਹਈਆ ਨਹੀਂ ਕਰਵਾ ਸਕਿਆ ਜਿਸ ਕਾਰਣ ਬ੍ਰਹਮਣ ਨੂੰ ਆਪਣੀ ਉਪਜੀਵਕਾ/ਚਸਕਿਆਂ ਲਈ ਮਜ਼ਬੂਰਨ ਤੌਰ ’ਤੇ ਇਹ ਅਪਰਾਧ ਕਰਨੇ ਪਏ। ਇਸ ਤਰ੍ਹਾਂ ਬਗਾਵਤੀ ਸੁਰਾਂ ਦਬਾਉਣ ਵਿੱਚ ਬ੍ਰਹਮਣ ਪੁਜਾਰੀ, ਰਾਜਿਆਂ ਦੇ ਸਹਾਇਕ ਬਣੇ ਤੇ ਬਦਲੇ ਵਿੱਚ ਰਾਜਿਆਂ ਨੇ ਬ੍ਰਹਮਣ ਪੁਜਾਰੀਆਂ ਨੂੰ ਰਿਸ਼ੀ ਮੁਨੀ ਤਸਲੀਮ ਕਰਕੇ ਉਨ੍ਹਾਂ ਨੂੰ ਪੂਜਣਯੋਗ ਦੱਸਿਆ ਤੇ ਹਰ ਕਿਸਮ ਦੇ ਅਪਰਾਧ ਕੀਤੇ ਜਾਣ ’ਤੇ ਵੀ ਸਜਾ ਮੁਕਤ ਕੀਤਾ। ਇਸ ਤਰ੍ਹਾਂ ਰਾਜਸੀ ਤੇ ਪੁਜਾਰੀ ਵਰਗ ਇੱਕ ਦੂਜੇ ਦੇ ਪੂਰਕ ਬਣ ਕੇ ਮਿਹਨਤਕਸ਼ ਗਰੀਬ ਲੋਕਾਂ ਦਾ ਸ਼ੋਸ਼ਣ ਕਰਦੇ ਆ ਰਹੇ ਹਨ।

ਅੱਜ ਬੇਸ਼ੱਕ ਭਾਰਤ ਵਿੱਚ ਲੋਕਤੰਤਰ ਲਾਗੂ ਹੋ ਜਾਣ ਕਰਕੇ ਰਾਜ ਸਤਾ ’ਤੇ ਕਬਜ਼ਾ ਸਿੱਧੇ ਤੌਰ ’ਤੇ ਬਾਹੂਬਲ ਰਾਹੀਂ ਨਹੀਂ ਕੀਤਾ, ਪਰ ਗਰੀਬ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਕਈ ਤਰ੍ਹਾਂ ਦੇ ਹਰਬੇ ਵਰਤ ਕੇ ਉਨ੍ਹਾਂ ਨੂੰ ਡਰ ਅਧੀਨ ਰੱਖਿਆ ਜਾਂਦਾ ਹੈ ਤੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਉਸ ਦੀ ਜ਼ਮੀਰ ਵੀ ਖ੍ਰੀਦੀ ਜਾਂਦੀ ਹੈ। ਲੋਕਤੰਤਰ ਵਿੱਚ ਰਾਜਸੀ-ਪੁਜਾਰੀ ਵਰਗ ਨੇ ਇੱਕ ਨਵਾਂ ਢੰਗ ਲੱਭਿਆ ਹੈ ਕਿ ਧਰਮੀ ਲਿਬਾਸ ਵਾਲੇ ਚਲਾਕ ਕਿਸਮ ਦੇ ਲੋਕਾਂ ਨੂੰ ਡੇਰੇ ਉਸਾਰਣ ਵਿੱਚ ਸਹਾਇਤਾ ਕਰਕੇ ਰਾਜਨੀਤਕ ਲੋਕ ਉਨ੍ਹਾਂ ਦੇ ਡੇਰਿਆਂ ’ਤੇ ਅਕਸਰ ਹੀ ਨਤਮਸਤਕ ਹੁੰਦੇ ਰਹਿੰਦੇ ਹਨ ਜਿਸ ਨਾਲ ਆਮ ਲੋਕਾਂ ਵਿੱਚ ਪ੍ਰਭਾਵ ਬਣਦਾ ਹੈ ਕਿ ਉਚ ਅਹੁੱਦੇ ’ਤੇ ਬਿਰਾਜਮਾਨ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਹੋਰ ਮੰਤਰੀ ਵੀ ਇਨ੍ਹਾਂ ਡੇਰਿਆਂ ਤੇ ਆ ਕੇ ਉਨ੍ਹਾਂ ਦੇ ਚਰਨਾਂ ’ਤੇ ਮੱਥੇ ਟੇਕਦੇ ਹਨ ਤਾਂ ਇਹ ਜਰੂਰ ਹੀ ਰੱਬ ਨੂੰ ਪਹੁੰਚੇ ਹੋਏ ਮਹਾਂਪੁਰਖ ਹੋਣਗੇ। ਇਸ ਤਰ੍ਹਾਂ ਡੇਰੇਦਾਰਾਂ ਦੇ ਸ਼੍ਰਧਾਲੂਆਂ ਵਿੱਚ ਚੋਖਾ ਵਾਧਾ ਹੁੰਦਾ ਰਹਿੰਦਾ ਹੈ। ਚੋਣਾਂ ਮੌਕੇ ਰਾਜਨੀਤਕ ਆਗੂਆਂ ਨੂੰ ਇਕੱਲੇ ਇਕੱਲੇ ਵੋਟਰ ਕੋਲ ਜਾ ਕੇ ਉਨ੍ਹਾਂ ਨੂੰ ਖ੍ਰੀਦਣ ਜਾਂ ਮਿਨਤਾਂ ਕਰਨ ਦੀ ਲੋੜ ਨਹੀਂ ਹੈ, ਉਹ ਇੱਕ ਡੇਰੇਦਾਰ ਕੋਲ ਜਾਂਦੇ ਹਨ ਤੇ ਉਸ ਵਲੋਂ ਕੀਤੇ ਗਏ, ਜਾਂ ਕੀਤੇ ਜਾਣ ਵਾਲੇ ਅਪ੍ਰਾਧਾਂ ਦੀ ਸਜਾ ਤੋਂ ਬਚਾਉਣ ਦੀ ਗਰੰਟੀ ਦੇ ਕੇ ਉਨ੍ਹਾਂ ਦੇ ਸ਼੍ਰਧਾਲੂਆਂ ਦੀਆਂ ਵੋਟਾਂ ਥੋਕ ਵਿਚ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ।

ਇਸ ਤਰ੍ਹਾਂ ਰਾਜਨੀਤਕ-ਡੇਰੇਦਾਰਾਂ ਦੇ ਨਾਪਾਕ ਗੱਠਜੋੜ ਅੱਗੇ ਆਮ ਲੋਕ ਬੇਬੱਸ ਹੋ ਕੇ ਰਹਿ ਜਾਂਦੇ ਹਨ। ਆਜਾਦ ਭਾਰਤ ਵਿੱਚ ਵੀ ਆਮ ਭਾਰਤੀ ਆਪਣੀ ਜ਼ਮੀਰ ਦੀ ਅਧਾਰ ’ਤੇ ਚੰਗੇ ਮੰਦੇ ਦੀ ਪਰਖ ਕਰਕੇ ਆਜਾਦੀ ਨਾਲ ਵੋਟ ਪਾਉਣ ਦਾ ਹੱਕ ਗਵਾ ਚੁੱਕੇ ਹਨ। ਦੇਸ਼ਵਾਸੀਆਂ ਦਾ ਇੱਕ ਵੱਡਾ ਹਿੱਸਾ ਤਾਂ ਪਾਰਟੀਆਂ ਨਾਲ ਬੱਝ ਚੁੱਕਾ ਹੈ ਤੇ ਉਨ੍ਹਾਂ ਲਈ ਪਾਰਟੀ ਹਾਈ ਕਮਾਂਡ ਵਲੋਂ ਠੋਸੇ ਗਏ ਉਮੀਦਵਾਰਾਂ ਨੂੰ ਵੋਟ ਪਾਉਣਾ ਹੀ ਧਰਮ ਬਣ ਚੁੱਕਾ ਹੈ। ਦੂਜਾ ਵੱਡਾ ਹਿੱਸਾ ਪੁਜਾਰੀ ਵਰਗ ਵਲੋਂ ਫੈਲਾਏ ਗਏ ਅੰਧਵਿਸ਼ਵਾਸ਼ ਸਦਕਾ ਡੇਰੇਦਾਰਾਂ ਦੇ ਸ਼੍ਰਧਾਲੂ ਬਣ ਚੁੱਕੇ ਹਨ। ਉਨ੍ਹਾਂ ਲਈ ਆਪਣੇ ਡੇਰੇਦਾਰ, ਜਿਸ ਨੂੰ ਕਈਆਂ ਹਾਲਤਾਂ ਵਿੱਚ ਸਤਿਗੁਰੂ ਮਹਾਰਾਜ, ਪਿਤਾ ਜੀ ਆਦਿ ਲਕਬਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ, ਦਾ ਹੁਕਮ ਹੀ ਇਲਾਹੀ ਹੁਕਮ ਜਾਪਦਾ ਹੈ, ਇਸ ਲਈ ਉਸ ਵਲੋਂ ਇਸ਼ਾਰਾ ਕੀਤੇ ਗਏ ਉਮੀਦਵਾਰ ਜਾਂ ਪਾਰਟੀ ਨੂੰ ਵੋਟ ਪਾਉਣ ਹੀ ਆਪਣਾ ਪਰਮੋ ਧਰਮ ਸਮਝ ਬੈਠੇ ਹਨ। ਇਸ ਤਰ੍ਹਾਂ ਦੇਸ਼-ਕੌਮ ਪ੍ਰਤੀ ਸੋਚਣ ਵਾਲੇ ਲੋਕ ਇਤਨੀ ਥੋਹੜੀ ਗਿਣਤੀ ਵਿੱਚ ਰਹਿ ਜਾਂਦੇ ਹਨ ਕਿ ਇਸ ਅਖੌਤੀ ਲੋਕਤੰਤਰ ਵਿੱਚ ਉਹ ਇਸ ਨਾਪਾਕ ਗੱਠਜੋੜ ਅੱਗੇ ਬੇਵੱਸ ਹੋ ਕੇ ਰਹਿ ਜਾਂਦੇ ਹਨ।

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਨਾਪਾਕ ਗੱਠਜੋੜ ਦਾ ਵਿਰੋਧ ਕਰਦਿਆਂ ਆਮ ਰਿਆਇਆ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ। ਬਾਬਰ ਵਲੋਂ ਸੈਦਪੁਰ ਸ਼ਹਿਰ ’ਤੇ ਕੀਤੇ ਹਮਲੇ ਦੌਰਾਨ ਉਥੋਂ ਦੇ ਵਾਸੀਆਂ ’ਤੇ ਕੀਤੇ ਜ਼ੁਲਮਾਂ ਦਾ ਜ਼ਿਕਰ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 723 ’ਤੇ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥’ ਹੇ (ਭਾਈ) ਲਾਲੋ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵਲੋਂ ਪ੍ਰੇਰਨਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ (ਉਸ ਦੂਰ-ਘਟਨਾ ਦੀ) ਵਾਕਫ਼ੀਅਤ ਦੇਂਦਾ ਹਾਂ (ਜੋ ਇਸ ਸ਼ਹਿਰ ਸੈਦਪੁਰ ਵਿਚ ਵਾਪਰੀ ਹੈ)। (ਬਾਬਰ) ਕਾਬਲ ਤੋਂ (ਫ਼ੌਜ ਜੋ, ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ-ਦਾਨ ਮੰਗ ਰਿਹਾ ਹੈ।

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥’ (ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ। (ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਉਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, ਮਾਨੋ) ਸ਼ੈਤਾਨ (ਇਸ ਸ਼ਹਿਰ ਵਿਚ) ਵਿਆਹ ਪੜ੍ਹਾ ਰਿਹਾ ਹੈ

ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥’ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁਕੀ ਹੈ। ਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ। ਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ-ਇਹਨਾਂ ਸਾਰੀਆਂ ਉਤੇ ਇਹੀ ਅੱਤਿਆਚਾਰ ਹੋ ਰਹੇ ਹਨ।

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥1॥’ ਹੇ ਨਾਨਕ! (ਇਸ ਖ਼ੂਨੀ ਵਿਆਹ ਵਿਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ॥1॥

ਸਿਰਫ ਇੰਨਾਂ ਹੀ ਨਹੀਂ ਗੁਰੂ ਜੀ ਹਿੰਦੂ ਧਰਮ ਦੇ ਸਾਰੇ ਪ੍ਰਸਿੱਧ ਤੀਰਥ ਅਸਥਾਨਾਂ, ਜੋਗੀਆਂ ਦੀਆਂ ਗੁਫਾਵਾਂ ਸੁਮੇਰ ਪ੍ਰਬਤ, ਅਤੇ ਮੁਸਲਮਾਨ ਧਰਮ ਦੇ ਕੇਂਦਰੀ ਸਥਾਨ ਮੱਕੇ ਤੱਕ ਗਏ ਤੇ ਉਥੋਂ ਦੇ ਪੁਜਾਰੀ ਵਰਗ ਨੂੰ ਲਾਹਨਤਾਂ ਪਾਈਆਂ ਕਿ ਤੁਸੀਂ ਲੋਕਾਂ ਨੂੰ ਅਸਲੀ ਜੀਵਨ ਜਾਂਚ ਸਮਝਾਉਣ ਦੀ ਥਾਂ ਉਨ੍ਹਾਂ ਨੂੰ ਕ੍ਰਮਕਾਂਡਾਂ ਵਿੱਚ ਉਲਝਾ ਕੇ ਉਨ੍ਹਾਂ ਦੀ ਆਰਥਕ ਲੁੱਟ ਕਰ ਰਹੇ ਹੋ। ਦੂਸਰੇ ਪਾਸੇ ਜਿਹੜੇ ਰਾਜਿਆਂ ਨੇ ਚੰਗਾ ਰਾਜ ਪ੍ਰਬੰਧ ਦੇ ਕੇ ਰਿਆਇਆ ਲਈ ਸੁੱਖ ਸਹੂਲਤਾਂ ਮੁਹੱਈਆ ਕਰਵਾਉਣੀਆਂ ਸਨ, ਉਹ ਖੁਦ ਹੀ ਕਿਸ ਤਰ੍ਹਾਂ ਲੁੱਟਮਾਰ ਤੇ ਜੁਲਮ ਕਰ ਰਹੇ ਹਨ। ਕੀਤੀ ਗਈ ਲੁੱਟਮਾਰ ’ਚੋਂ ਕੁਝ ਹਿੱਸਾ ਧਰਮ ਦੇ ਨਾਮ ’ਤੇ ਤੁਹਾਨੂੰ ਚੜ੍ਹਾਵੇ ਦੇ ਤੌਰ ’ਤੇ ਦੇ ਜਾਂਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਅਸ਼ੀਰਵਾਦ ਦੇ ਕੇ ਵੱਡੇ ਧਰਮੀ ਐਲਾਨ ਰਹੇ ਹੋ!

ਦੂਸਰੇ ਪਾਸੇ ਇਸ ਪੁਜਾਰੀ ਵਰਗ ਦਾ ਪਾਜ ਉਘੇੜਦੇ ਹੋਏ ਉਨ੍ਹਾਂ ਤੋਂ ਲੋਕਾਂ ਨੂੰ ਸੁਚੇਤ ਕਰਦੇ ਹਨ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 662)

ਕਾਜ਼ੀ (ਇਸਲਾਮੀ ਧਰਮ ਦਾ ਨੇਤਾ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੋਣ ਕਰਕੇ ਉਜਾੜੇ ਲਈ ਜਿੰਮੇਵਾਰ ਹਨ॥2॥

ਤੀਸਰੇ ਨੰਬਰ ’ਤੇ ਸਮਾਜ ਦਾ ਪੜ੍ਹਿਆ ਲਿਖਿਆ ਵਰਗ ਜਿਹੜੇ ਆਪਣੇ ਭਰਾਵਾਂ ਨੂੰ ਸੁਚੇਤ ਕਰਨ ਦੀ ਥਾਂ ਇਨ੍ਹਾਂ ਲੋਟੂ ਟੋਲੇ ਦੇ ਮੋਹਰੇ ਬਣੇ ਹੋਏ ਸਨ ਉਨ੍ਹਾਂ ਦੀ ਅਸਲੀਅਤ ਵੀ ਇਸ ਤਰ੍ਹਾਂ ਬਿਆਨ ਕੀਤੀ:

ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥ ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ੀ ਕਮਾਣਾ ਨਾਉ ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ੍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀ ਵਢੀ ਲਾਇਤਬਾਰ ॥2॥’ (ਮਲਾਰ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 1288)

ਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ "ਪੜ੍ਹੇ ਹੋਏ" ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ। ਜਿਸ ਜਿਸ ਨੇ 'ਨਾਮ' ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ; ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ, ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ, ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ 'ਨਾਮ' ਬੀਜੇ)। ('ਨਾਮ' ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) ॥2॥

ਭਾਰਤ ਦੀ ਇਸ ਦੁਰਦਸ਼ਾ ਦਾ ਬਿਆਨ ਭਾਈ ਗੁਰਦਾਸ ਜੀ ਵਾਰ 1 ਪਉੜੀ 30 ਵਿੱਚ ਇਸ ਤਰ੍ਹਾਂ ਕਰਦੇ ਹਨ:
ਕਲਿ ਆਈ ਕੁਤੇ ਮੁਹੀ, ਖਾਜੁ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗਿਆਨ ਬਿਨੁ, ਕੂੜੁ ਕੁਸਤਿ ਮੁਖਹੁ ਆਲਾਈ। ਚੇਲੇ ਸਾਜ ਵਜਾਇਦੇ, ਨਚਨਿ ਗੁਰੂ ਬਹੁਤੁ ਬਿਧਿ ਭਾਈ। ਸੇਵਕ ਬੈਠਨਿ ਘਰਾ ਵਿਚਿ, ਗੁਰ ਉਠਿ ਘਰੀ ਤਿਨਾੜੇ ਜਾਈ। ਕਾਜੀ ਹੋਏ ਰਿਸਵਤੀ, ਵਢੀ ਲੈ ਕੈ ਹਕ ਗਵਾਈ। ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ। ਵਰਤਿਆ ਪਾਪ ਸਭਸ ਜਗ ਮਾਂਹੀ ॥30॥

ਜੋ ਹਾਲ ਉਸ ਸਮੇਂ ਸਨ ਅੱਜ ਉਸ ਨਾਲੋਂ ਵੀ ਬਦਤਰ ਨਜ਼ਰ ਆਉਂਦੇ ਹਨ। ਕੁਝ ਸਾਲ ਪਹਿਲਾਂ ਅਸੀਂ ਦੱਖਣ ਦੇ ਇੱਕ ਮੱਠ ਦੇ ਸ਼ੰਕਰਾਚਾਰਿਆ ਜੈਇੰਦਰ ਉੱਤੇ ਹੇਰਾਫੇਰੀ ਸਮੇਤ ਕਈ ਹੋਰ ਦੋਸ਼ਾਂ ਤੋਂ ਇਲਾਵਾ ਇਹ ਦੋਸ਼ ਵੀ ਲੱਗਦਾ ਵੇਖਿਆ ਸੀ ਕਿ ਉਹ ਆਪਣੇ ਮੱਠ ਦੀਆਂ ਸ਼ਰਧਾਲੂ ਔਰਤਾਂ ਨੂੰ ਭੋਗ-ਵਿਲਾਸ ਲਈ ਵੀ ਮਜਬੂਰ ਕਰਦਾ ਹੈ। ਕੁਝ ਹਿੰਦੂ ਸੰਸਥਾਵਾਂ ਨੇ ਇਸ ਨੂੰ ਝੂਠੀ ਦੂਸ਼ਣਬਾਜ਼ੀ ਕਰਾਰ ਦੇ ਕੇ ਸ਼ੰਕਰਾਚਾਰਯਾ ਦੇ ਹੱਕ ਵਿੱਚ ਮੋਰਚਾ ਵੀ ਲਾ ਦਿੱਤਾ ਸੀ। ਮੋਰਚਾ ਲਾਉਣ ਵਾਲੇ ਵੀ ਅਸਲ ਵਿੱਚ ਡਰਾਮੇਬਾਜ਼ੀ ਹੀ ਕਰ ਰਹੇ ਸਨ। ਕੇਸ ਤਾਮਿਲਨਾਡੂ ਵਿੱਚ ਦਰਜ ਸੀ, ਸ਼ੰਕਰਾਚਾਰਿਆ ਓਥੋਂ ਦੀ ਪੁਲਿਸ ਦੀ ਹਿਰਾਸਤ ਵਿੱਚ ਸੀ ਤੇ ਮੋਰਚਾ ਲਾਉਣ ਲਈ ਉਨ੍ਹਾਂ ਨੇ ਰਾਜਸਥਾਨ ਦਾ ਸੂਬਾ ਚੁਣਿਆ, ਕਿਉਂਕਿ ਓਥੇ ਭਾਰਤੀ ਜਨਤਾ ਪਾਰਟੀ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਪੁਲਿਸ ਨੂੰ ਕਹਿ ਕੇ, ਗ੍ਰਿਫਤਾਰ ਹੋਏ ਅੰਦੋਲਨਕਾਰੀਆਂ ਨੂੰ ਜੇਲ੍ਹ ਅੰਦਰ ਸਭ ਸਹੂਲਤਾਂ ਦਿਵਾ ਸਕਦੀ ਸੀ।

ਦਿੱਲੀ ਵਿੱਚ ਸ਼ੰਕਰਾਚਾਰਯਾ ਜੈਇੰਦਰ ਦੇ ਹੱਕ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ, ਜਿਸ ਵਿੱਚ ਭਾਜਪਾ ਦੇ ਸਿਖਰਲੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਵੱਡੇ ਆਗੂ ਪਹੁੰਚੇ ਸਨ। ਉਸ ਰੈਲੀ ਦੀ ਸਿਖਰ ਸੀ ‘ਬਾਪੂ’ ਅਖਵਾਉਂਦੇ ਆਸਾ ਰਾਮ ਦੀ ਕਥਾ ਵਰਗੀ ਇਹ ਤਕਰੀਰ- ‘ਜੇ ਇਥੇ ਇੰਜ ਹੀ ਸਾਧੂਆਂ ਉੱਤੇ ਜ਼ੁਲਮ ਹੁੰਦਾ ਰਿਹਾ ਤਾਂ ਭਾਰਤ ਉੱਤੇ ਸਾੜ੍ਹਸਤੀ ਆ ਜਾਵੇਗੀ।’ ਸ਼ੰਕਰਾਚਾਰਯਾ ਜੈਇੰਦਰ ਦੇ ਵਿਰੁੱਧ ਜਿਸ ਜੈਲਲਿਤਾ ਨੇ ਮੁੱਖ ਮੰਤਰੀ ਹੁੰਦਿਆਂ ਕੇਸ ਬਣਵਾਏ ਸਨ, ਉਸ ਨਾਲ ਸਮਾਂ ਪਾ ਕੇ ਭਾਜਪਾ ਨੇ ਰਾਜਨੀਤਕ ਸਾਂਝ ਪਾ ਲਈ। ਹੁਣ ਭਾਜਪਾ ਦਾ ਉਸ ਸੰਤ ਪ੍ਰਤੀ ਹੇਜ਼ ਕਿੱਥੇ ਗਿਆ?

ਜਿਹੜਾ ‘ਬਾਪੂ’ ਆਸਾ ਰਾਮ ਓਦੋਂ ਸ਼ੰਕਰਾਚਾਰਯਾ ਜੈਇੰਦਰ ਸਰਸਵਤੀ ਦੇ ਹੱਕ ਵਿੱਚ ਵੈਣ ਪਾਉਣ ਵਰਗੀ ਤਕਰੀਰ ਕਰਦਾ ਸੀ, ਸਟੇਜ ਉੱਤੇ ਆਉਂਦੇ ਭਾਜਪਾ ਦੇ ਸਾਰੇ ਲੀਡਰ ਉਸ ਦੇ ਪੈਰੀਂ ਹੱਥ ਲਾ ਕੇ ਬੋਲਣ ਲਈ ਅੱਗੇ ਹੁੰਦੇ ਸਨ, ਉਹ ਹੁਣ ਆਪ ਕੇਸਾਂ ਵਿੱਚ ਫਸਿਆ ਫਿਰਦਾ ਹੈ। ਜਿਹੜੇ ਭਾਜਪਾ ਲੀਡਰ ਸ਼ੰਕਰਾਚਾਰਯਾ ਜੈਇੰਦਰ ਵਾਲੇ ਮੁਕੱਦਮੇ ਵਿਰੁੱਧ ਰੋਸ ਕਰਨ ਵੇਲੇ ‘ਬਾਪੂ’ ਦੇ ਪੈਰੀਂ ਹੱਥ ਲਾਉਂਦੇ ਸਨ, ਹੁਣ ਉਹ ਉਸ ਦੇ ਪੱਖ ਵਿੱਚ ਹਾਅ ਦਾ ਨਾਅਰਾ ਵੀ ਨਹੀਂ ਮਾਰ ਰਹੇ ਕਿਉਂਕਿ ਉਸ ਵਿਰੁਧ ਕੇਸ ਭਾਜਪਾ ਦੀ ਮੋਦੀ ਸਰਕਾਰ ਨੂੰ ਕਰਨਾ ਪਿਆ ਸੀ। ਕਾਰਨ ਸਾਫ ਹੈ ਕਿ ਕਿਸੇ ਵੇਲੇ ਸਾਈਕਲਾਂ ਨੂੰ ਪੰਕਚਰ ਲਾਉਣ ਵਾਲਾ ਆਸੂ ਮੱਲ ਸਮਾਂ ਪਾ ਕੇ ਸੰਤ ਆਸਾ ਰਾਮ ਤੇ ਹੌਲੀ-ਹੌਲੀ ‘ਬਾਪੂ’ ਆਸਾ ਰਾਮ ਬਣਨ ਮਗਰੋਂ ਇਸ ਵੇਲੇ ਜਿਹੜੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਉਹ ਉਸ ਨੂੰ ‘ਸੰਤ’ ਤਾਂ ਕੀ, ਸ਼ਰੀਫ ਆਦਮੀ ਵੀ ਨਹੀਂ ਰਹਿਣ ਦਿੰਦੇ। ਆਸਾਰਾਮ ਉੱਤੇ ਔਰਤਾਂ ਨਾਲ ਬਦਫੈਲੀ ਦੇ ਦੋਸ਼ ਵੀ ਸ਼ਰੇਆਮ ਲੱਗੇ ਹਨ। ਉਸ ਦੇ ਆਸ਼ਰਮ ਵਿੱਚ ਪੜ੍ਹਦੇ ਬੱਚਿਆਂ ਦੇ ਕਤਲ ਵੀ ਸਾਹਮਣੇ ਆ ਚੁੱਕੇ ਹਨ। ਪਰ ਇਸ ਦੇ ਬਾਵਯੂਦ ਉਸ ਨੂੰ 25 ਨਵੰਬਰ 2011 ਨੂੰ ਅਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖ਼ਾਲਸਾ’ ਦੇ ਉਦਘਾਟਨੀ ਸਮਾਰੋਹ ਦੌਰਾਨ ਮੁਖ ਮਹਿਮਾਨਾਂ ਦੀ ਪਹਿਲੀ ਕਤਾਰ ਵਿੱਚ ਵੇਖਿਆ ਗਿਆ ਤੇ ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਸਤਿਕਾਰਯੋਗ ਬਾਪੂ ਆਸਾ ਰਾਮ ਜੀ ਮਹਾਰਾਜ ਕਹਿ ਕੇ ਸੰਬੋਧਨ ਕਰ ਰਿਹਾ ਸੀ।

ਧਮਾਕੇ ਕਰਵਾਉਣ ਦੀ ਮੁੱਖ ਦੋਸ਼ੀ ਸਾਧਵੀ ਪ੍ਰਗਿਆ ਸਿੰਘ ਦੇ ਮੁੱਖ ਸਹਿਯੋਗੀ ਵਜੋਂ ਜਿਹੜਾ ‘ਜਗਤ ਗੁਰੂ ਸ਼ੰਕਰਾਚਾਰਯਾ ਪਾਂਡੇ’ ਫੜਿਆ ਗਿਆ, ਉਸ ਦੀ ਲੈਪ-ਟਾਪ ਸਾਰੀ ਦੀ ਸਾਰੀ ਬਲਿਊ ਫਿਲਮਾਂ ਨਾਲ ਭਰੀ ਪਈ ਨਿਕਲੀ ਤੇ ਕਈ ਥਾਂ ਤੋਂ ਉਸ ਬਾਰੇ ਇਹੋ ਜਿਹੇ ਕਿੱਸੇ ਸਾਹਮਣੇ ਆਏ ਕਿ ਲੋਕ ਕੰਨਾਂ ਨੂੰ ਹੱਥ ਲਾਉਣ ਲੱਗ ਪਏ।

ਦੋ ਹੋਰ ਸਵਾਮੀਆਂ ਦੇ ਚਿਹਰੇ ਬੇਨਕਾਬ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਹੈ ਦਿੱਲੀ ਵਿੱਚ ਫੜਿਆ ਗਿਆ ਭੀਮਾ ਨੰਦ ਉਰਫ਼ ਰਾਜੀਵ ਰੰਜਨ ਉਰਫ਼ ਇੱਛਾਧਾਰੀ ਮਹਾਰਾਜ। ਉਹ ਦਿੱਲੀ ਵਿੱਚ ਇੱਕ ਬੜਾ ‘ਉੱਚੇ ਪੱਧਰ ਦਾ’ ਦੇਹ-ਵਪਾਰ ਚਲਾ ਰਿਹਾ ਸੀ, ਜਿਸ ਵਿੱਚ ਗਾਹਕ ਵੀ ‘ਉੱਚੇ ਪੱਧਰ’ ਦੇ ਸਨ ਤੇ ਉਨ੍ਹਾਂ ਕੋਲ ਭੇਜੀਆਂ ਜਾਂਦੀਆਂ ਲੜਕੀਆਂ ਵੀ। ਉਸ ਦੇ ਫੜੇ ਜਾਣ ਪਿੱਛੋਂ ਜਦੋਂ ਉਸ ਦੀ ਡਾਇਰੀ ਫਰੋਲੀ ਗਈ, ਤਾਂ ਪਤਾ ਲੱਗਾ ਕਿ ਕੁਝ ਐਕਟਰੈਸਾਂ ਵੀ ਉਸ ਦੀਆਂ ‘ਸਟਾਫ ਮੈਂਬਰ’ ਸਨ ਤੇ ਕੁਝ ਹੋਰ ਵੱਡੇ-ਵੱਡੇ ਘਰਾਂ ਦੀਆਂ ਅਮੀਰਜ਼ਾਦੀਆਂ ਵੀ, ਜਿਨ੍ਹਾਂ ਦੇ ‘ਫਾਈਵ ਸਟਾਰ’ ਸ਼ੌਕ ਜੋਗਾ ਖਰਚ ਘਰ ਵਿੱਚੋਂ ਨਾ ਮਿਲਣ ਕਰਕੇ ਇਸ ਕਾਰੋਬਾਰ ਨਾਲ ਜੁੜੀਆਂ ਹੋਈਆਂ ਸਨ। ਡਾਇਰੀ ਦੱਸਦੀ ਹੈ ਕਿ ਕੁੜੀਆਂ ਨੂੰ ਕੀਤੇ ਕੰਮ ਦੇ ਪੈਸੇ ਨਾਲੋ ਨਾਲ ਨਾ ਦੇ ਕੇ, ਬਕਾਇਦਾ ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਸੀ ਤੇ ਉਨ੍ਹਾਂ ਦੀ ‘ਡਿਊਟੀ ਲਿਸਟ’ ਵੀ ਬਣੀ ਹੋਈ ਸੀ, ਜਿਸ ਵਿੱਚ ਵੱਖੋ-ਵੱਖ ਗਰੇਡ ਮੁਤਾਬਕ ਦਰਜ ਸੀ ਕਿ ਕਿਸ ਕੁੜੀ ਨੂੰ ਕਿਸ ਥਾਂ ਹੀ ਭੇਜਿਆ ਜਾਣਾ ਹੈ। ਗਾਹਕਾਂ ਵਿੱਚ ਵੀ ਵੱਡੇ-ਵੱਡੇ ਲੋਕਾਂ ਦੇ ਨਾਂਅ ਦਰਜ ਸਨ ਤੇ ਪੁਲਸ ਦੇ ਕਈ ਵੱਡੇ ਅਫ਼ਸਰਾਂ ਨੂੰ ਦਿੱਤੇ ਜਾਂਦੇ ਰਹੇ ਪੈਸਿਆਂ ਦਾ ਵੇਰਵਾ ਵੀ ਦਰਜ ਸੀ। ‘ਸਵਾਮੀ’ ਦਾ ਮੰਦਰ, ਜਿਸ ਦੇ ਬਾਹਰ ਵੀ ਸਾਈਂ ਬਾਬਾ ਦੀ ਫੋਟੋ ਲੱਗੀ ਹੋਈ ਹੈ ਤੇ ਅੰਦਰ ਵੀ ਸਾਈਂ ਬਾਬਾ ਦੀਆਂ ਮੂਰਤੀਆਂ ਸਸ਼ੋਭਤ ਹਨ, ਆਲੀਸ਼ਾਨ ਧਰਮ ਅਸਥਾਨ ਜਾਪਦਾ ਹੈ, ਪਰ ਅੰਦਰ ਜਾਓ ਤਾਂ ਲੁਕਵੇਂ ਦਰਵਾਜਿਆਂ ਪਿੱਛੇ ਗੁਫਾਵਾਂ ਏਦਾਂ ਬਣੀਆਂ ਹੋਈਆਂ ਹਨ, ਜਿਵੇਂ ਫਿਲਮਾਂ ਵਿੱਚ ਵੇਖੀਆਂ ਜਾਂਦੀਆਂ ਹਨ, ਤੇ ਉਨ੍ਹਾਂ ਵਿੱਚੋਂ ਨਿਕਲ ਭੱਜਣ ਦੇ ਚਾਰ ਲੁਕਵੇਂ ਦਰਵਾਜ਼ੇ ਵੀ ਮਿਲੇ ਹਨ।

ਇਹ ਸਾਰਾ ਕੁਝ ਹੈਰਾਨ ਕਰਨ ਵਾਲਾ ਹੈ, ਪਰ ਅਸਲੀ ਹੈਰਾਨਗੀ ਤਾਂ ਅਗਲੀ ਜਾਣਕਾਰੀ ਨਾਲ ਹੁੰਦੀ ਹੈ। ਉਸ ਦੇ ਦਿੱਲੀ ਦੇ ਸਮਾਗਮਾਂ ਵਿੱਚ ਭਾਜਪਾ ਦਾ ਇਕ ਪਾਰਲੀਮੈਂਟ ਮੈਂਬਰ ਆਉਂਦਾ-ਜਾਂਦਾ ਰਿਹਾ ਸੀ, ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹੋ ਬੰਦਾ ਹਾਲੇ ਚਾਰ ਸਾਲ ਪਹਿਲਾਂ ਦਿੱਲੀ ਵਿੱਚ ਹੀ ਦੇਹ ਵਪਾਰ ਦਾ ਧੰਦਾ ਕਰਦਾ ਫੜਿਆ ਗਿਆ ਸੀ। ਉਸ ਦੇ ਖਿਲਾਫ ਇਕ ਲੁੱਟ-ਖੋਹ ਦਾ ਵੀ ਮਾਮਲਾ ਦਰਜ ਸੀ। ਜਿਸ ਦਿੱਲੀ ਵਿੱਚ ਉਹ ਦੇਹ-ਵਪਾਰ ਦਾ ਧੰਦਾ ਕਰਨ ਦਾ ਦੋਸ਼ੀ ਸੀ, ਲੁੱਟ-ਖੋਹ ਦਾ ਵੀ ਦੋਸ਼ੀ ਸੀ, ਓਸੇ ਦਿੱਲੀ ਵਿੱਚ ਉਹ ‘ਸਵਾਮੀ’ ਬਣ ਕੇ ਆਪਣੀ ਸੰਤਗਿਰੀ ਦੇ ਪਰਦੇ ਹੇਠ ਦੇਹ-ਵਪਾਰ ਦਾ ਏਡਾ ਵੱਡਾ ਕਾਰੋਬਾਰ ਚਲਾਉਂਦਾ ਰਿਹਾ, ਜਿਸ ਵਿੱਚ ਉਸ ਦੀ ‘ਸਟਾਫ ਲਿਸਟ’ ਵਿੱਚ ਚਾਰ ਸੌ ਤੋਂ ਵੱਧ ਕੁੜੀਆਂ ਦੇ ਨਾਂਅ ਦਰਜ ਸਨ।

ਇੱਕ ਹੋਰ ‘ਸੰਤ’ ਜਿਹੜਾ ਬੇਨਕਾਬ ਹੋਇਆ ਹੈ, ਉਸ ਦਾ ਨਾਂਅ ‘ਸਵਾਮੀ ਨਿਤਿਆਨੰਦ ਜੀ ਮਹਾਰਾਜ’ ਹੈ। ਤਾਮਿਲਨਾਡੂ ਤੋਂ ਸ਼ੁਰੂ ਹੋ ਕੇ ਦੇਸ਼ ਭਰ ਵਿੱਚ ਬਾਰਾਂ ਕੁ ਉਸ ਦੇ ਆਲੀਸ਼ਾਨ ਆਸ਼ਰਮ ਹਨ। ਖੇਡ ਉਸ ਦੀ ਓਦੋਂ ਖ਼ਰਾਬ ਹੋ ਗਈ, ਜਦੋਂ ਇੱਕ ਤਾਮਿਲ ਟੀ.ਵੀ. ਚੈਨਲ ਨੇ ਇਕ ਸੀ.ਡੀ. ਟੈਲੀਕਾਸਟ ਕਰ ਦਿੱਤੀ, ਜਿਸ ਵਿੱਚ ‘ਸਵਾਮੀ’ ਇੱਕ ਤਾਮਿਲ ਫਿਲਮਾਂ ਦੀ ਹੀਰੋਇਨ ਨਾਲ ਰੰਗਰਲੀਆਂ ਮਨਾਉਂਦਾ ਨਜ਼ਰ ਆ ਰਿਹਾ ਸੀ। ਸੀ.ਡੀ. ਵਿਖਾਏ ਜਾਣ ਪਿੱਛੋਂ ਲੋਕ ਭੜਕ ਉਠੇ ਤੇ ਉਨ੍ਹਾਂ ਨੇ ‘ਸਵਾਮੀ’ ਦੇ ਆਸ਼ਰਮ ਦੀ ਭੰਨ-ਤੋੜ ਜਾ ਕੀਤੀ। ਕਮਾਲ ਦੀ ਗੱਲ ਇਹ ਹੈ ਕਿ ਗੁਜਰਾਤ ਦਾ ਜਿਹੜਾ ਭਾਜਪਾਈ ਮੁੱਖ ਮੰਤਰੀ ਨਰਿੰਦਰ ਮੋਦੀ ਹੁਣ ‘ਬਾਪੂ’ ਆਸਾ ਰਾਮ ਦੇ ਆਸ਼ਰਮ ਨੂੰ ਬੇਪਰਦ ਕਰਨ ਲੱਗਾ ਹੋਇਆ ਹੈ, ਉਹ ਕਈ ਜਨਤਕ ਪ੍ਰੋਗਰਾਮਾਂ ਵਿੱਚ ਇਸ ਬੱਤੀ ਕੁ ਸਾਲ ਦੇ ਛੋਕਰੇ ਜਿਹੇ ‘ਸਵਾਮੀ’ ਦੇ ਨਾਲ ਸਟੇਜਾਂ ਉੱਤੇ ਬੈਠਾ ਨਜ਼ਰ ਆਉਂਦਾ ਹੈ, ਤੇ ਟੀ.ਵੀ. ਚੈਨਲਾਂ ਵੱਲੋਂ ਵਿਖਾਏ ਜਾਣ ਉੱਤੇ ਕੋਈ ਟਿੱਪਣੀ ਕਰਨ ਤੋਂ ਵੀ ਇਨਕਾਰ ਕਰੀ ਜਾ ਰਿਹਾ ਹੈ। ਸਾਫ਼ ਜਾਪਦਾ ਹੈ ਕਿ ਉਹ ਆਸਾ ਰਾਮ ਦੇ ਮੁਕਾਬਲੇ ਇੱਕ ਨਵਾਂ ‘ਸਵਾਮੀ’ ਉਭਾਰਨ ਲਈ ਆਪਣੀ ਸਰਕਾਰ ਦੀ ਦੁਰਵਰਤੋਂ ਕਰਨ ਵਿੱਚ ਰੁਝੇ ਹੋਏ ਸਨ, ਜਿਹੜੀ ਖੇਡ ਉੱਤੇ ਹੁਣ ਪਾਣੀ ਫਿਰ ਗਿਆ ਹੈ।

ਸਾਡੇ ਪੰਜਾਬ ਵਿੱਚ ਵੀ ਏਦਾਂ ਦੇ ਕਈ ‘ਸਾਧ-ਸੰਤ’ ਤੁਰੇ ਫਿਰਦੇ ਹਨ, ਜਿਨ੍ਹਾਂ ਦਾ ਪੱਲਾ ਕਾਲੇ ਦਾਗਾਂ ਨਾਲ ਭਰਪੂਰ ਹੈ। ਸੰਤ ਸ਼ਮਸ਼ੇਰ ਸਿੰਘ ਜਗੇੜੇ ਵਾਲੇ ਉੱਤੇ ਬਲਾਤਕਾਰ ਦਾ ਦੋਸ਼ ਲੱਗਾ ਸੀ। ਇੱਕ ਹੋਰ ‘ਸੰਤ’ ਧਨਵੰਤ ਸਿੰਘ ਉੱਤੇ ਇੱਕ ਬੱਚੀ ਨਾਲ ਬਲਾਤਕਾਰ ਦਾ ਦੋਸ਼ ਲੱਗਾ ਸੀ। ਮਾਮਲਾ ਅਕਾਲ ਤਖ਼ਤ ਸਾਹਿਬ ਵਿਖੇ ਗਿਆ, ਪਰ ਉਸ ਨੇ ਮੌਕੇ ਦੇ ਜਥੇਦਾਰ ਨਾਲ ‘ਗਿੱਟ-ਮਿੱਟ’ ਕਰ ਲਈ ਤੇ ਸੁੱਕਾ ਨਿਕਲ ਗਿਆ। ਫਿਰ ਮਾਮਲਾ ਕਾਨੂੰਨੀ ਅਦਾਲਤ ਵਿੱਚ ਜਾ ਪੁੱਜਾ। ਜਿਸ ‘ਸੰਤ’ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੇ ਦੁੱਧ-ਧੋਤਾ ਕਰਾਰ ਦੇ ਛੱਡਿਆ ਸੀ, ਉਸ ਨੂੰ ਅਦਾਲਤ ਨੇ ਦੋਸ਼ ਸਾਬਤ ਹੋਣ ਮਗਰੋਂ ਜੇਲ੍ਹ ਭੇਜ ਦਿੱਤਾ। ਇੱਕ ਹੋਰ ‘ਸੰਤ’ ਅੱਜ ਕੱਲ੍ਹ ਕਈ ਕਿਸਮ ਦੇ ਚਰਚਿਆਂ ਵਿੱਚ ਹੈ। ਬੈਠਾ ਉਹ ਹਰਿਆਣੇ (ਪੇਹੋਵਾ) ਵਿੱਚ ਹੈ, ਮਾਨਤਾ ਪੰਜਾਬ ਵਿੱਚ ਵੀ ਚੋਖੀ ਹੈ ਤੇ ਇੱਕ ਡਾਕਟਰ ਦੀਆਂ ਅੱਖਾਂ ਵਿੱਚ ਤੇਜ਼ਾਬ ਪਵਾ ਕੇ ਅੰਨ੍ਹਾ ਕਰ ਦੇਣ ਦਾ ਮੁਕੱਦਮਾ ਵੀ ਉਸ ਵਿਰੁੱਧ ਚੱਲ ਰਿਹਾ ਹੈ। ਉਸ ਦੀ ‘ਸੰਤਗਿਰੀ’ ਜਾਣਨੀ ਹੋਵੇ ਤਾਂ ਕੈਨੇਡਾ ਫੋਨ ਕਰਕੇ ਕਿਸੇ ਵੀ ਪੰਜਾਬੀ ਨੂੰ ਪੁੱਛੀ ਜਾ ਸਕਦੀ ਹੈ, ਪਰ ਹਿੰਦੁਸਤਾਨ ਵਿੱਚ ਇਹ ‘ਮਹਾਨ ਸਿੱਖ ਸੰਤ’ ਵਜੋਂ ਜਾਣਿਆ ਜਾਂਦਾ ਹੈ।
ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਸਿੰਘ ਵੀ ਸਾਧਵੀਆਂ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਮੁਕੱਦਮਾ ਭੁਗਤ ਰਿਹਾ ਹੈ। ਡੇਰੇ ਦੇ ਅੰਦਰ ਦੀ ਖੇਡ ਦਾ ਪ੍ਰਦਾ ਫਾਸ਼ ਕਰਨ ਦੇ ਸ਼ੱਕ ਵਿੱਚ ਡੇਰੇ ਦੇ ਦੋ ਸਾਬਕਾ ਮੈਨੇਜਰਾਂ ਅਤੇ ਇੱਕ ਪੱਤਰਕਾਰ ਦੇ ਕਤਲਾਂ ਦੇ ਮੁਕੱਦਮੇ ਵੀ ਇਸ ’ਤੇ ਚੱਲ ਰਹੇ ਹਨ।

ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਕਾਰਣ ਉਸ ਨੂੰ 17 ਮਈ 2007 ਨੂੰ ਅਕਾਲ ਤਖ਼ਤ ਦੇ ਨਾਮ ਹੇਠ ਜਾਰੀ ਹੋਏ ਹੁਕਮਨਾਮੇ ਵਿੱਚ ਸਿਖਾਂ ਨੂੰ ਆਦੇਸ ਕੀਤਾ ਗਿਆ ਸੀ ਕਿ ਇਸ ਪਖੰਡੀ ਨਾਲ ਕਿਸੇ ਕਿਸਮ ਦਾ ਭਾਈਚਾਰਕ, ਧਾਰਮਕ ਤੇ ਰਾਜਨੀਤਕ ਸਬੰਧ ਨਾ ਰੱਖਿਆ ਜਾਵੇ। ਇਸ ਦੇ ਬਾਵਜੂਦ ਹੈਰਾਨੀ ਹੁੰਦੀ ਹੈ ਕਿ ਲੋਕਾਂ ਦੀਆਂ ਅੱਖਾਂ ਉੱਤੇ ਬੱਝੀ ਪੱਟੀ ਲੱਥਦੀ ਹੀ ਨਹੀਂ। ਦੁੱਖ ਦੀ ਗੱਲ ਇਹ ਹੈ ਕਿ ਕਿ ਜਿਸ ਸਰਕਾਰ ਨੂੰ ਅਜੇਹੇ ਬਦਇਖ਼ਲਾਖ਼ ਡੇਰੇਦਾਰਾਂ ਵਿਰੁੱਧ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ ਕਰਨੀ ਸੀ, ਉਸ ਸਰਕਾਰ ਦਾ ਗਠਨ ਕਰਨ ਲਈ ਹੋਣ ਵਾਲੀਆਂ ਚੋਣਾਂ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਤੇ ਪਾਰਟੀ ਪ੍ਰਧਾਨ ਉਸ ਤੋਂ ਵੋਟਾਂ ਦੀ ਭੀਖ ਮੰਗਣ ਲਈ ਉਸ ਅੱਗੇ ਮੱਥੇ ਰਗੜ ਰਹੇ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਵੀ ਸ਼ਾਮਲ ਹਨ। ਇੱਕ ਅਕਾਲੀ ਉਮੀਦਵਾਰ ਨਾਲ ਗਏ ਉਸ ਦੇ ਸਮਰਥਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੌਦਾ ਸਾਧ ਬਹੁਤ ਉਚੀ ਸਟੇਜ ’ਤੇ ਬੈਠਾ ਹੁੰਦਾ ਹੈ। ਸਾਰੇ ਉਮੀਦਵਾਰ ਨੀਚੇ ਬੈਠੇ ਹੁੰਦੇ ਹਨ।

ਸੌਦਾ ਸਾਧ ਫ਼ੁਰਮਾਨ ਕਰਦਾ ਹੈ ਕਿ ‘ਇਥੇ ਸਭੀ ਪਾਰਟੀਓਂ ਕੇ ਉਮੀਦਵਾਰ ਆਏ ਹੈਂ। ਸਰਕਾਰ ਤੋ ਆਪ ਹੀ ਕੀ ਕਿਸੀ ਪਾਰਟੀ ਕੀ ਬਣੇਗੀ। ਆਪ ਵਿਸ਼ਵਾਸ਼ ਦਿਲਵਾਏ ਕਿ ਆਪ ਕੀ ਸਰਕਾਰ ਆਨੇ ਪਰ ਆਪ ਸਮਾਜਕ ਬੁਰਾਈਆਂ ਦੂਰ ਕਰਨ ਵਾਲੇ ਕਿਸ ਤਰ੍ਹਾਂ ਕੇ ਕਾਮ ਕਰੇਂਗੇ? ਜੋ ਹਮੇਂ ਲਿਖਤੀ ਭਰੋਸਾ ਦੇਗਾ, ਤੋ ਹਮਾਰਾ ਅਸ਼ੀਰਵਾਦ ਸਭੀ ਕੋ ਹੈ।’ ਇਸ ਤੋਂ ਬਾਅਦ ਰਾਜਸੀ ਵਿੰਗ ਦੀ ਸਤ ਮੈਂਬਰੀ ਕਮੇਟੀ ਦੇ ਮੈਂਬਰ ਉਮੀਦਵਾਰਾਂ ਨੂੰ ਪੁਛਦੇ ਹਨ ਕਿ ਕੱਲ੍ਹ ਨੂੰ ਸਾਡਾ ਅਕਾਲ ਤਖ਼ਤ ਨਾਲ ਟਕਰਾਉ ਹੁੰਦਾ ਹੈ ਤਾਂ ਤੁਸੀਂ ਕਿਸ ਦੀ ਮੱਦਦ ਕਰੋਗੇ। ਜੋ ਡੇਰੇ ਦੀ ਮੱਦਦ ਦਾ ਭਰੋਸਾ ਦਿਵਾਉਂਦਾ ਹੈ, ਉਸ ਲਈ ਤਾਂ ਵੋਟਾਂ ਦੀ ਹਾਂ ਹੋ ਜਾਂਦੀ ਹੈ। ਪਰ ਜੋ ਸ਼ਰਮੋ ਸ਼ਰਮੀ ਚੁੱਪ ਰਹਿੰਦੇ ਹਨ ਉਨ੍ਹਾਂ ਤੋਂ ਪੁੱਛਦੇ ਹਨ ਕਿ ਤੁਸੀਂ ਪਿਛਲੇ ਸਮੇਂ ਵਿੱਚ ਚੱਲੇ ਵਿਵਾਦ ਦੌਰਾਨ ਵੀ ਖਾਮੋਸ਼ ਰਹੇ ਸੀ! ਤਾਂ ਕੁਝ ਬੋਲ ਪੈਂਦੇ ਹਨ ਕਿ ਪਿਛਲੀਆਂ ਗਲਤੀਆਂ ਦੀ ਮੁਆਫੀ ਦੇਵੋ ਅੱਗੇ ਤੋਂ ਹਮੇਸ਼ਾਂ ਲਈ ਤੁਹਾਡੇ ਸਾਰੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਦਾ ਵਾਅਦਾ ਕਰਦੇ ਹਾਂ। ਇਹ ਵਾਅਦਾ ਲੈਣ ਵਾਲਿਆਂ ਨੂੰ ਵੀ ਅਸ਼ੀਰਵਾਦ ਦੇ ਦਿੱਤਾ ਜਾਂਦਾ ਹੈ। ਜਿਹੜੇ ਤੀਜੀ ਢੀਠ ਕਿਸਮ ਦੇ ਲੋਕ ਫਿਰ ਵੀ ਚੁੱਪ ਰਹਿੰਦੇ ਹਨ ਉਨ੍ਹਾਂ ਤੋਂ ਪੁਛਦੇ ਹਨ ਤੁਸੀਂ ਪਿਛਲੇ ਸਮੇਂ ’ਚ ਡੇਰੇ ਖਿਲਾਫ ਬਿਆਨ ਦਿੱਤਾ ਸੀ! ਇੱਕ ਨੇ ਕਿਹਾ ਜੀ ਉਹ ਸਾਡੇ ਧਰਮ ਦਾ ਮਸਲਾ ਸੀ। ਉਸ ਤੋਂ ਪੁੱਛਿਆ ਜਾਂਦਾ ਹੈ ਜੇ ਧਰਮ ਦਾ ਮਸਲਾ ਸੀ ਤਾਂ ਇੱਥੇ ਕੀ ਲੈਣ ਆਏ ਹੋ? ਤੁਸੀਂ ਆਪਣੇ ਧਰਮ ਵਾਲਿਆਂ ਕੋਲ ਜਾਉ! ਅੱਗੋਂ ਜਵਾਬ ਆਉਂਦਾ ਹੈ- ਜੀ ਉਹ ਧਰਮ ਦਾ ਮਸਲਾ ਸੀ, ਹੁਣ ਰਾਜਨੀਤਕ ਮਸਲਾ ਹੈ, ਇਸ ਲਈ ਅਸੀਂ ਤਾਂ ਸਾਰਿਆਂ ਕੋਲ ਹੀ ਵੋਟਾਂ ਦੀ ਭੀਖ ਮੰਗਣ ਆਉਣਾ ਹੈ। ਉਸ ਨੂੰ ਲਾਰਾ ਲਾ ਦਿੱਤਾ ਜਾਂਦਾ ਹੈ ਕਿ ਅੱਛਾ ਸਾਧ ਸੰਗਤ ਦੀ ਅਗਲੀ ਮੀਟਿੰਗ ਵਿੱਚ ਫੈਸਲਾ ਕੀਤਾ ਜਾਵੇਗਾ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਇਸ ਗਲੋਂ ਲਾਜਵਾਬ ਕੀਤਾ ਸੀ ਕਿ ਜਿਸ ਅਖ਼ਬਾਰ ਨੂੰ ਤੂੰ ਇਸ਼ਤਿਹਾਰਾਂ ਦੇ ਗੱਫੇ ਦਿੰਦਾ ਹੈਂ, ਉਹ ਤਾਂ ਸਾਡੇ ਗੁਰੂ ਮਹਾਰਾਜ ਜੀ ਨੂੰ ਸੌਦਾ ਸਾਧ ਲਿਖਦਾ ਹੈ।

ਬੇਸ਼ੱਕ ਸੌਦਾ ਸਾਧ ਵੱਲੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਉਸ ਦਾ ਸਾਰਿਆਂ ਨੂੰ ਹੀ ਅਸ਼ੀਰਵਾਦ ਹੈ। ਡੇਰੇ ਦੇ ਰਾਜਸੀ ਵਿੰਗ ਵਾਲੇ ਤਰੀਕਾਂ ਵਧਾਉਂਦੇ ਵਧਾਉਂਦੇ 28 ਤਰੀਕ ਦੀ ਸ਼ਾਮ ਤੱਕ ਲੈ ਗਏ ਹਨ ਪਰ ਦੇਰ ਰਾਤ ਇਹ ਲੇਖ ਲਿਖੇ ਜਾਣ ਤੱਕ ਉਨ੍ਹਾਂ ਵਲੋਂ ਉਨ੍ਹਾਂ ਉਮੀਦਵਾਰਾਂ ਦੀ ਜਾਰੀ ਹੋਈ ਕਿਸੇ ਸੂਚੀ ਦੀ ਜਾਣਕਾਰੀ ਨਹੀਂ ਮਿਲ ਸਕੀ, ਜਿਨ੍ਹਾਂ ਨੂੰ ਉਹ ਸਮਰਥਨ ਦੇਣਗੇ। ਇਸ ਦੇ ਨਾਲ ਹੀ ਨਤੀਜਿਆਂ ਵਿੱਚ ਫੈਸਲਾਕੁਨ ਰੋਲ ਨਿਭਾਉਣ ਦਾ ਦਾਅਵਾ ਵੀ ਕਰੀ ਜਾ ਰਹੇ ਹਨ। ਪਰ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਵੱਡੇ ਆਗੂਆਂ ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਡਸਾ, ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਸਮਰਥਨ ਦੇ ਦਿੱਤਾ ਹੈ। ਇਸ ਤਰ੍ਹਾਂ ਸੌਦਾ ਸਾਧ ਨੇ ਆਪਣੇ ਦੋਵੇਂ ਹੱਥੀਂ ਲੱਡੂ ਰੱਖ ਲਏ ਹਨ। ਸਰਕਾਰ ਕਿਸੇ ਦੀ ਵੀ ਬਣੇ ਉਸ ਦੇ ਮੁਖੀ ਤਾਂ ਕਾਣੇ ਕਰ ਹੀ ਲਏ ਹਨ। ਬਾਕੀ ਜਿਹੜੇ ਵੀ ਜਿੱਤੇ ਉਨ੍ਹਾਂ ਸਬੰਧੀ ਦਾਅਵਾ ਕਰ ਦੇਣਗੇ ਕਿ ਇਹ ਡੇਰੇ ਦੇ ਸਮਰਥਨ ਨਾਲ ਹੀ ਜਿੱਤੇ ਹਨ। ਜ਼ਮੀਰ ਤਾਂ ਸਾਰੇ ਉਮੀਦਵਾਰਾਂ ਦੀ ਮਾਰ ਹੀ ਦਿੱਤੀ ਹੈ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਹਿੰਮਤ ਨਹੀਂ ਪੈਣੀ ਕਿ ਉਹ ਡੇਰੇ ਵਲੋਂ ਕੀਤੇ ਦਾਅਵੇ ਨੂੰ ਝੂਠਲਾ ਸਕਣ। ਇਸ ਸੂਰਤ ਵਿੱਚ ਕਿਹੜੀ ਸਰਕਾਰ ਹੋਵੇਗੀ ਕਿ ਉਹ ਸੌਦਾ ਸਾਧ ਤੋਂ ਪੀੜਤਾਂ ਨੂੰ ਇਨਸਾਫ ਦਿਵਾ ਸਕੇ।

ਚਲੋ ਸਾਰੇ ਹੀ ਡੇਰੇਦਾਰ, ਨਾਨਕ ਵੀਚਾਰਧਾਰਾ ਦੇ ਵਿਰੋਧੀ ਤਾਂ ਮੰਨੇ ਹੀ ਜਾ ਰਹੇ ਹਨ, ਇਸ ਲਈ ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਬੇਇਨਸਾਫੀ ਵਾਲੇ ਕਾਰਿਆਂ ਦਾ ਰੋਸ ਹੀ ਕੀ ਕਰੀਏ ਜਦੋਂ ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਕਸਟੋਡੀਅਨਾਂ ਦੀ ਹਾਲਤ ਹੀ ‘ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।’ ਵਾਲੀ ਬਣੀ ਪਈ ਹੈ। ਇਹ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਪ੍ਰਚਾਰ ਕਰਨ ਵਾਲੇ ਪ੍ਰੋ: ਦਰਸ਼ਨ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਪੰਥ ’ਚੋਂ ਛੇਕਣ ਅਤੇ ਉਨ੍ਹਾਂ ਦੇ ਪ੍ਰਚਾਰ ’ਤੇ ਤਾਂ ਪਬੰਦੀਆਂ ਲਾ ਰਹੇ ਹਨ ਅਤੇ ਸਿੱਖ ਸੰਗਤਾਂ ਨੂੰ ਆਦੇਸ਼ ਦੇ ਰਹੇ ਹਨ ਕਿ ਉਨ੍ਹਾਂ ਮੂੰਹ ਨਾ ਲਾਇਆ ਜਾਵੇ। ਪਰ 17 ਮਈ 2007 ਵਾਲੇ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਅਕਾਲੀ ਉਮੀਦਵਾਰਾਂ ਵਿਰੁੱਧ ਮੂੰਹ ਖੋਲਣ ਤੋਂ ਵੀ ਅਸਮਰਥ ਹਨ। ਇਹ ਉਲੰਘਣਾ ਕਰਵਾਉਣ ਦੇ ਮੁੱਖ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ‘ਪੰਥ ਰਤਨ, ਫ਼ਖ਼ਰ-ਏ-ਕੌਮ’ ਦਾ ਅਵਾਰਡ ਦਿੱਤਾ ਗਿਆ ਹੈ। ਇਸ ਲਈ ਜੇ ਕਰ ਕੋਈ ਗੁਰੂ ਨਾਨਕ ਦਾ ਸਿੱਖ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ, ਅਕਾਲ ਤਖ਼ਤ ਨੂੰ ਰਾਜਨੀਤਕ-ਪੁਜਾਰੀ ਗਠਜੋੜ ਤੋਂ ਅਜਾਦ ਕਰਵਾਉਣ ਦਾ ਬੀੜਾ ਚੁੱਕ ਲੈਣ ਚਾਹੀਦਾ ਹੈ ਤੇ ਉਸ ਪਿੱਛੋਂ ਸਮੁੱਚੇ ਦੇਸ਼ ਵਿੱਚ ਇਸ ਨਾਪਾਕ ਗੱਠਜੋੜ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

ਅੰਨਾ ਹਜਾਰੇ ਨੇ ਜੋ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਚਲਾਈ ਸੀ ਉਹ ਬਹੁਤ ਹੀ ਸਲਾਹੁਣਯੋਗ ਸੀ ਪਰ ਡੇਰੇਦਾਰਾਂ ਦੀ ਜਨਮਦਾਤੀ ਆਰਐੱਸਐੱਸ/ਭਾਜਪਾ ਦੇ ਹਿਤਾਂ ਨੂੰ ਲਾਭ ਪਹੁੰਚਾਉਣ ਵਾਲਾ ਪੈਂਤੜਾ ਅਪਨਾਉਣ ਸਦਕਾ ਬੇਅਸਰ ਹੁੰਦੀ ਜਾਪਦੀ ਹੈ। ਅੰਨਾ ਟੀਮ ਨੂੰ ਇੱਕ ਲੇਖ ਰਾਹੀਂ ਸਾਲਾਹ ਦਿੱਤੀ ਗਈ ਸੀ ਕਿ ਜਿਆਦਾ ਜਰੂਰਤ ਲੋਕਪਾਲ ਬਿੱਲ ਪਾਸ ਕਰਵਾਉਣ ਦੀ ਨਹੀਂ ਬਲਕਿ ਪਹਿਲਾਂ ਤੋਂ ਹੀ ਬਣੇ ਕਾਨੂੰਨਾਂ ਨੂੰ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਲਾਗੂ ਕਰਵਾਉਣ ਦੀ ਲੋੜ ਹੈ। ਇਹ ਗੱਲ ਭਾਰਤੀ ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਵਿੱਚ ਸਹੀ ਸਾਬਤ ਕਰ ਵੀ ਦਿੱਤੀ ਹੈ। ਕਾਨੂੰਨ ਤਾਂ ਉਹੀ ਹੈ, ਇਸ ਵਿੱਚ ਤਾਂ ਕੋਈ ਸੋਧ ਨਹੀਂ ਹੋਈ ਪਰ ਉਸੇ ਕਾਨੂੰਨ ਦੀ ਵਰਤੋਂ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਸ਼੍ਰੀ ਸ਼ਹਾਬੂਦੀਨ ਯਾਕੂਬ ਕੂਰੈਸ਼ੀ ਨੇ ਰਾਜਨੀਤਕਾਂ ਵਲੋਂ ਚੋਣ ਜਿੱਤਣ ਲਈ ਵਰਤੇ ਜਾ ਰਹੇ ਭ੍ਰਿਸ਼ਟ ਢੰਗਾਂ ਨੂੰ ਕਾਫੀ ਹੱਦ ਤੱਕ ਨੱਥ ਪਾ ਲਈ ਹੈ। ਜਿਹੜਾ ਪ੍ਰਕਾਸ਼ ਸਿੰਘ ਬਾਦਲ ਵਕਤੀ ਰਾਜਨੀਤਕ ਹਿੱਤਾਂ ਕਾਰਣ ਮਜ਼ਬੂਤ ਲੋਕਪਾਲ ਬਿੱਲ ਦੀ ਹਮਾਇਤ ਕਰ ਰਿਹਾ ਹੈ, ਉਹੀ ਬਾਦਲ ਸਾਹਿਬ ਸ਼੍ਰੀ ਕੁਰੈਸ਼ੀ ਵਲੋਂ ਮੌਜੂਦਾ ਕਾਨੂੰਨ ਲਾਗੂ ਕੀਤੇ ਜਾਣ ’ਤੇ ਥੋਹੜੇ ਹੀ ਦਿਨਾਂ ਵਿੱਚ ਚੀਕ ਉਠਿਆ ਹੈ ਤੇ ਇਸ ਨੂੰ ਸੂਬੇ ਦੇ ਵਿਕਾਸ ਵਿੱਚ ਰੁਕਾਵਟ ਦੱਸਣ ਲੱਗ ਪਿਆ ਹੈ।

ਸ: ਬਾਦਲ ਤੋਂ ਪੁੱਛਣਾ ਬਣਦਾ ਹੈ ਕਿ ਜੇ ਉਸ ਲਈ ਦੋ ਮਹੀਨੇ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਹੀ ਮੁਸ਼ਕਿਲ ਹੋਇਆ ਪਿਆ ਹੈ ਤਾਂ ਮਜ਼ਬੂਤ ਲੋਕ ਬਿੱਲ ਪਾਸ ਹੋਣ ਉਪ੍ਰੰਤ ਜੇ ਸ਼੍ਰੀ ਕੁਰੈਸ਼ੀ ਵਰਗੀ ਸਖ਼ਸ਼ੀਅਤ ਲੋਕਪਾਲ ਦੇ ਅਹੁੱਦੇ ’ਤੇ ਨਿਯੁਕਤ ਹੋ ਗਈ ਤਾਂ ਉਹ 5 ਸਾਲ ਕਿਵੇਂ ਕੱਢੇਗਾ? ਬੇਸ਼ੱਕ ਪੂਰੀ ਤਰ੍ਹਾਂ ਸਾਰੇ ਭ੍ਰਿਸ਼ਟ ਢੰਗਾਂ ਤੋਂ ਮੁਕਤੀ ਨਹੀ ਪਾਈ ਜਾ ਸਕੀ। (ਇਹ ਉਤਨੀ ਦੇਰ ਸੰਭਵ ਵੀ ਨਹੀਂ ਹੈ ਜਦ ਤੱਕ ਹਰ ਸ਼ਹਿਰੀ ਦਾ ਇਖ਼ਲਾਖ਼ੀ ਪੱਧਰ ਅਤੇ ਦ੍ਰਿੜਤਾ ਛੋਟੇ ਸਾਹਿਬਜ਼ਾਦਿਆਂ ਵਰਗੀ ਨਹੀਂ ਹੋ ਜਾਂਦੀ, ਜਿਨ੍ਹਾਂ ਨੇ ਵੱਡੇ ਵੱਡੇ ਲਾਲਚਾਂ ਨੂੰ ਠੋਕਰ ਮਾਰ ਕੇ ਸਿਧਾਂਤਾਂ ਦੀ ਰਾਖੀ ਲਈ ਸ਼ਹੀਦ ਹੋਣ ਨੂੰ ਤਰਜੀਹ ਦਿੱਤੀ ਸੀ। ਸਿੱਖ ਧਰਮ ਵਿੱਚ ਤਾਂ ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਮਿਸਾਲਾਂ ਵੀ ਮਿਲਦੀਆਂ ਹਨ ਪਰ ਅਫਸੋਸ ਕਿ ਭਾਰਤੀ ਆਗੂਆਂ ਦੀ ਫਿਰਕਾਪ੍ਰਸ਼ਤੀ ਕਾਰਣ ਸਿੱਖ ਇਤਿਹਾਸ ਪੜ੍ਹਿਆ ਪੜ੍ਹਾਇਆ ਹੀ ਨਹੀਂ ਜਾਂਦਾ।) ਪਰ ਫਿਰ ਵੀ ਕੂਰੈਸ਼ੀ ਸਾਹਿਬ ਨੇ ਸ਼ਲਾਘਾਯੋਗ ਕਦਮ ਉਠਾਏ ਹਨ। ਇਸ ਲਈ ਅੰਨਾ ਟੀਮ ਨੂੰ ਚਾਹੀਦਾ ਹੈ ਕਿ ਇੱਕ ਬਿੱਲ ਪਾਸ ਕਰਵਾਉਣ ’ਤੇ ਇਨਾਂ ਜੋਰ ਦੇਣ ਦੀ ਥਾਂ ਗੁਰੂ ਨਾਨਕ ਦੀ ਵੀਚਾਰਧਾਰਾ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਭ੍ਰਿਰਸ਼ਟਚਾਰ ਅਤੇ ਮਜ਼ਲੂਮਾਂ ’ਤੇ ਢਾਹੇ ਜਾ ਰਹੇ ਜ਼ੁਲਮਾਂ ਅਤੇ ਸ਼ੋਸ਼ਣ ਦੇ ਮੂਲ ਸ੍ਰੋਤ ਰਾਜਨੀਤਕ-ਡੇਰੇਦਾਰ ਗੱਠਜੋੜ ਦਾ ਵਿਰੋਧ ਕਰਕੇ ਲੋਕਾਂ ਦੀ ਜ਼ਮੀਰ ਅਜ਼ਾਦ ਕਰਵਾਉਣ ਲਈ ਸੰਘਰਸ਼ ਵਿੱਢਿਆ ਜਾਵੇ। ਜਦ ਤੱਕ ਅੰਨਾ ਟੀਮ ਇਸ ਨਾਪਾਕ ਗੱਠਜੋੜ ਵਿਰੁਧ ਆਵਾਜ਼ ਉਠਾਉਣ ਲਈ ਤਿਆਰ ਨਹੀਂ; ਦਿੱਲੀ ਦੇ ਸਿੱਖ ਕਤਲੇਆਮ, ਗੁਜਰਾਤ ਦੇ ਮੁਸਲਮਾਨਾਂ ਦੇ ਕਤਲੇਆਮ ਅਤੇ ਉੜੀਸਾ, ਕਰਨਾਟਕਾ ਦੇ ਈਸਾਈਆਂ ਵਿਰੋਧੀ ਫਸਾਦੀਆਂ ਤੇ ਵਿਰੁਧ ਆਵਾਜ਼ ਉਠਾਉਣ ਲਈ ਤਿਆਰ ਨਹੀਂ, ਉਤਨੀ ਦੇਰ ਸਿਰਫ ਮਜ਼ਬੂਤ ਲੋਕਪਾਲ ਬਿੱਲ ਪਾਸ ਕਰਵਾਉਣ ਦੀ ਮੰਗ ਨੂੰ ਭਾਰਤ ਦੀ ਦੂਜੀ ਆਜਾਦੀ ਦੀ ਜੰਗ ਦਸਣਾ ਇੱਕ ਰਾਜਨੀਤਕ ਪਾਰਟੀ ਨੂੰ ਲਾਭ ਪਹੁੰਚਾਉਣ ਲਈ ਢਕੌਂਸਲਾ ਬਣ ਕੇ ਰਹਿ ਜਾਵੇਗਾ ਜਿਹੜਾ ਕਿ ਛੇਤੀ ਹੀ ਯੋਗਾ ਗੁਰੂ ਰਾਮਦੇਵ ਵਾਂਗ ਸਭ ਦੇ ਸਾਹਮਣੇ ਆ ਜਾਵੇਗਾ। ਰਾਮਦੇਵ ਅਤੇ ਉਕਤ ਵਰਨਤ ਡੇਰੇਦਾਰ ਤੋਂ ਇਲਾਵਾ ਕਿਤਨੇ ਹੀ ਹੋਰ ਹਨ, ਜਿਨ੍ਹਾਂ ਦੇ ਡੇਰਿਆਂ ਵਿੱਚ ਸੈਂਕੜੇ ਮਣ ਸੋਨਾ ਚਾਂਦੀ ਅਤੇ ਬੇਹਿਸਾਬੀ ਨਕਦੀ ਪਈ ਹੈ। ਕਈਆਂ ਦੀ ਅਰਬਾਂ ਰੁਪਏ ਦੀ ਟਰਨ ਆਊਟ ਤਾਂ ਜਨਤਕ ਵੀ ਹੋ ਚੁੱਕੀ ਹੈ। ਜਿਸ ਤਰ੍ਹਾਂ ਵਿਦੇਸ਼ਾਂ ਵਿੱਚ ਪਏ ਕਾਲੇਧਨ ਨੂੰ ਜ਼ਬਤ ਕਰਨ ਦੀਆਂ ਗੱਲਾਂ ਸ਼ਾਲਾਘਾਯੋਗ ਹਨ, ਉਸੇ ਤਰ੍ਹਾਂ ਜੇ ਦੇਸ਼ ਦੇ ਅੰਦਰ ਡੇਰੇਦਾਰਾਂ ਦੀ ਮਾਲਕੀਅਤ ਨੂੰ ਨੈਸ਼ਨਲਾਈਜ਼ ਕੀਤਾ ਜਾਵੇ ਤਾਂ ਦੇਸ਼ ਦੀ ਗਰੀਬੀ ਦੂਰ ਹੋ ਸਕਦੀ ਹੈ। ਪਰ ਇਸ ਨਾਲ ਭਾਜਪਾ ਕਦੇ ਵੀ ਸਹਿਮਤ ਨਹੀਂ ਹੋਵੇਗੀ ਕਿਉਂਕਿ ਇਨ੍ਹਾਂ ’ਚੋਂ ਜਿਆਦਾ ਗਿਣਤੀ ਡੇਰੇਦਾਰ ਤਾਂ ਉਸ ਪਾਰਟੀ ਦੇ ਹੀ ਸਹਿਯੋਗੀ ਹਨ।

ਕਿਰਪਾਲ ਸਿੰਘ ਬਠਿੰਡਾ
ਮੋਬ: 98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top