Share on Facebook

Main News Page

ਦਰਬਾਰ ਸਾਹਿਬ ਅਤੇ ਅਕਾਲ ਤਖ਼ਤ

ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਹਰਿਮੰਦਰ ਸਾਹਿਬ ਜਾਂ ਫ਼ਿਰ ਇਸ ਦੀ ਬਣਤਰ ਕਾਰਨ ਗੋਲਡਨ ਟੇਂਪਲ ਵੀ ਕਿਹਾ ਜਾਂਦਾ ਹੈ।ਇੰਝ ਪ੍ਰਤੀਤ ਹੁੰਦਾ ਹੈ ਕਿ ਭਾਰਤ ਵਿਚ ਆਏ ਅੰਗ੍ਰੇਜ਼ਾ ਵਲੋਂ ਇਸ ਨੂੰ ਗੋਲਡਨ ਟੇਂਪਲ ਕਰ ਕੇ ਸਮਝਿਆ-ਪੁਕਾਰਿਆ ਗਿਆ। ਲੇਕਿਨ ਪੁਰਾਤਨਤਾ ਦੇ ਲਿਹਾਜ਼ ਨਾਲ ਗੁਰੂਆਂ ਵਲੋਂ ਇਸ ਲਈ ਵਰਤਿਆ ਮੂਲ ਨਾਮ ਦਰਬਾਰ ਸਾਹਿਬ ਹੀ ਸੀ ਭਾਵੇਂ ਇਸ ਦੇ ਆਲੇ-ਦੁਆਲੇ ਵੱਸੇ ਸ਼ਹਿਰ ਨੂੰ ‘ਗੁਰੂ ਦਾ ਚੱਕ’, ‘ਚੱਕ ਗੁਰੂ’ ਅਤੇ ‘ਅੰਮ੍ਰਿਤਸਰ’ ਕਿਹਾ ਗਿਆ।

ਦਰਬਾਰ ਸਾਹਿਬ ! ਕਿਸ ਦਾ ਦਰਬਾਰ ਸੀ? ਜ਼ਾਹਰ ਜਿਹੀ ਗਲ ਹੈ ਕਿ ਗੁਰੂ ਦਾ ਦਰਬਾਰ ਸੀ!! ‘ਦਰਬਾਰ’ ਸ਼ਬਦ ਗੁਰੂ ਨੇ ਅਪਣੇ ਦਰਬਾਰ ਲਈ ਕਿਉਂ ਵਰਤਿਆ? ਜ਼ਾਹਰ ਜਿਹੀ ਗਲ ਹੈ ਕਿ ਇਸ ਥਾਂ ਗੁਰੂਆਂ ਨੇ ਮੁਕਾਮ ਕਰਦੇ ਹੋਏ ਇਕ ਵਿਸ਼ੇਸ਼ ਮੰਤਵ ਨਾਲ ਇਸਦਾ ਨਾਮ ਦਰਬਾਰ ਸਾਹਿਬ ਰੱਖਿਆ ਸੀ ਕਿਉਂਕਿ ਉਹ ਪੰਥਕ/ਮਨੁੱਖੀ ਸਮਝ ਲਈ ਗੁਰਤਾ ਦਾ ਇਕ ਐਸਾ ਦਰਬਾਰ ਸਥਾਪਤ ਕਰਨਾ ਚਾਹੁੰਦੇ ਸੀ ਜਿਸ ਨੇ ਸਿੱਖਾਂ ਦੇ ਇਕ ਮਰਕਜ਼ੀ ਇਦਾਰੇ ਦੇ ਰੂਪ ਵਿਚ ਸਥਾਪਤ ਹੋਂਣਾ ਸੀ।ਇਸ ਦਰਬਾਰ ਵਿਚ ਗੁਰੂ ਦੀ ਹੀ ਸਰਵੋੱਚਤਾ ਸੀ ਅਤੇ ਅੱਜ ਵੀ ਹੈ।

ਦਰਬਾਰ ਸਾਹਿਬ ਕੰਮਪਲੇਕਸ ਵਿਚ ਕਈ ਇਤਹਾਸਕ ਘਟਨਾਵਾਂ ਵਾਪਰਿਆਂ ਸਨ।ਵਿਸ਼ੇਸ਼ ਰੂਪ ਵਿਚ ਛੇਵੇਂ ਗੁਰੂ ਜੀ ਵਲੋਂ ਇਸਦੇ ਸ੍ਹਾਮਣੇ ‘ਅਕਾਲ ਤਖ਼ਤ’ ਦੀ ਉਸਾਰੀ।ਦਰਬਾਰ ਸਾਹਿਬ ਕੰਮਪਲੈਕਸ ਨੂੰ ਸਮਝਣ ਲਈ ਕਿਸੇ ਵੀ ਬੰਦੇ ਲਈ ਇਹ ਜ਼ਰੁਰੀ ਹੈ ਕਿ ਉਹ ਉਨ੍ਹਾਂ ਹਾਲਾਤਾਂ ਅਤੇ ਪਰਿਪੇਖਾਂ ਨੂੰ ਸਮਝੇ ਜਿਨ੍ਹਾਂ ਵਿਚ ਇਸ ਦੀ ਉਸਾਰੀ ਹੋਈ ਸੀ।ਇਸਦੇ ਨਾਲ ਹੀ ਉਸ ਲਈ ਇਹ ਜਾਣਨਾ ਵੀ ਜ਼ਰੁਰੀ ਹੈ ਕਿ ਉਸ ਵੇਲੇ ‘ਦਰਬਾਰ’ ਅਤੇ ‘ਤਖ਼ਤ’ ਦੇ ਰਾਜਸੀ ਸਿਧਾਂਤਾ ਕੀ ਸਨ? ਵਿਸਤਾਰ ਵਿਚ ਤਾਂ ਬਹੁਤ ਕੁੱਝ ਹੈ ਜੋ ਦਾਸ ਪਹਿਲਾਂ ਵੀ ਵਿਚਾਰ ਚੁੱਕਿਆ ਹੈ ਪਰ ਇੱਥੇ ਕੇਵਲ ਸੰਖੇਪ ਜਿਹੀ ਗਲ ਵਿਚਾਰਾਂ ਗੇ।

ਪਹਿਲਾਂ ‘ਦਰਬਾਰ’ ਦੀ ਗਲ ਕਰਦੇ ਹਾਂ। ਦਰਬਾਰ ਉਸ ਵੇਲੇ ਰਾਜਸੀ ਸਭਾ ਲਈ ਵਰਤਿਆ ਜਾਂਦਾ ਇਕ ਸ਼ਬਦ ਸੀ।ਇਨ੍ਹਾਂ ਦਰਬਾਰਾਂ ਵਿਚ ਰਾਜਾ ਅਪਣੀਆਂ ਰਾਜਸੀ ਗਤੀ ਵਿਧਿਆਂ ਚਲਾਉਂਦੇ ਸਨ।ਲੇਕਿਨ ਇੱਥੇ ਇਕ ਮਹੱਤਵਪੁਰਣ ਗਲ ਨੂੰ ਸਮਝ ਵਿਚਾਰ ਲੇਂਣਾ ਵੀ ਜ਼ਰੂਰੀ ਹੈ ਕਿ ਉਹ ‘ਰਾਜਸੀ ਦਰਬਾਰ’ ਤਖ਼ਤ ਨਾਲ ਜੁੜਦੇ ਹੋਏ ਵੀ ਉਸ ਨਾਲੋਂ ਵੱਖਰੇ ਸਨ। ਮਸਲਨ ਜੇਕਰ ਮੁਗ਼ਲ ਬਾਦਸ਼ਾਹ ਆਗਰਾ ਦੇ ਕਿਲੇ ਤੋਂ ਬਾਹਰ ਜਾਂਦਾ ਸੀ, ਤਾਂ ਜਿਸ ਥਾਂ ਉਹ ਜਾਂਦਾ ਸੀ ਉਸ ਦਾ ਦਰਬਾਰ ਉਥੇ ਹੀ ਲੱਗਦਾ ਸੀ ਪਰ ਬਾਦਸ਼ਾਹ ਉਹ ਆਗਰੇ ਦੇ ਤਖ਼ਤ ਦਾ ਹੀ ਹੁੰਦਾ ਸੀ। ਇਵੇਂ ਹੀ ਜਦੋਂ ਮੁਗ਼ਲਿਆ ਬਾਦਸ਼ਾਹਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਦਰਬਾਰ ਉਹ ਕਿੱਧਰੇ ਵੀ ਲਗਾਉਂਣ ਉਹ ਦਿੱਲੀ ਦੇ ਤਖ਼ਤ ਤੇ ਬੈਠੇ ਬਾਦਸ਼ਾਹ ਹੀ ਕਹਾਉਂਦੇ ਸਨ। ਯਾਨੀ ਕਿ ‘ਤਖ਼ਤ’ ‘ਦਰਬਾਰ’ ਨਾਲੋਂ ਉੱਚੀ ਅਵਸਥਾ ਦਾ ਸੂਚਕ ਸੀ। ਇਸ ਬਾਰੀਕ ਨੁੱਕਤੇ ਨੂੰ ਇਕ ਛੋਟੀ ਜਿਹੀ ਮਿਸਾਲ ਰਾਹੀਂ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਬਾਬਰ ਦਾ ਪੁੱਤਰ ਹਮਾਯੁੰ ਸ਼ੇਰਸ਼ਾਹ ਸੂਰੀ ਦੇ ਹੱਥੋਂ ਹਾਰ ਕੇ ਭਟੱਕਦਾ ਹੋਇਆ ਅਪਣੇ ‘ਦਰਬਾਰ’ ਬਿਯਾਬਾਨਾਂ ਵਿਚ ਤਾਂ ਲਗਾਉਂਦਾ ਸੀ, ਪਰ ਉਹ ਭਾਰਤ ਦਾ ਬਾਦਸ਼ਾਹ ਨਹੀਂ ਸੀ ਕਿਉਂਕਿ ਉਸ ਪਾਸ ਭਾਰਤ ਦਾ ‘ਤਖ਼ਤ’ ਨਹੀਂ ਸੀ।

ਤਖ਼ਤ ਦੀ ਇਸ ਪਰੰਪਰਾ ਵਿਚ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਨੇ ਇਕ ਨਵਾਂ ਨੁੱਕਤਾ ਜੋੜਿਆ ਸੀ। ਉਸਨੇ ਦਿੱਲੀ ਵਿਚ ਲਾਲ ਕਿਲੇ ਅੰਦਰ ‘ਤਖ਼ਤ-ਏ-ਤਾਉਸ’ (ਪੀਕਾਕ ਥਾਰਨ) ਬਣਾਇਆ ਜਿਸ ਨੂੰ ਇਕ ਥਾਂ ਤੋਂ ਚੁੱਕ ਕੇ ਕਿਸੇ ਦੂਜੇ ਥਾਂ ਵੀ ਲੇ ਜਾਇਆ ਜਾ ਸਕਦਾ ਸੀ। ਅਪਣੀ ਇਸ ਵਿਸ਼ੇਸ਼ਤਾ ਕਾਰਨ ਉਸ ਨੂੰ ‘ਤਖ਼ਤ-ਏ-ਰਵਾਂ’ ਵੀ ਕਿਹਾ ਜਾਂਦਾ ਸੀ। ਇਸ ਦੀ ਲਾਗਤ ਉਸ ਵੇਲੇ ਕਈਂ ਲੱਖਾਂ ਵਿੱਚ ਸੀ ਅਤੇ ਇਸ ਵਿਚ ਕਈ ਬੇਸ਼ਕੀਮਤੀ ਹੀਰੇਆਂ ਦਾ ਨਾਲ ਮਸ਼ਹੂਰ ਕੋਹੇਨੂਰ ਹੀਰ ਵੀ ਜੜਿਆ ਹੋਇਆ ਸੀ। ਨਾਦਰਸ਼ਾਹ ਦਿੱਲੀ ਜਿੱਤਣ ਬਾਦ ਬਾਦਸ਼ਾਹਤ ਅਤੇ ਪਾਤਿਸ਼ਾਹੀ ਦੇ ਇਸ ਤਖ਼ਤ ਨੂੰ ਚੁੱਕ ਕੇ ਪਰਸ਼ੀਆ ਲੇ ਗਿਆ ਸੀ। ਇਸ ਲਈ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਰਾਜਸੀ ਅਤੇ ਰਾਜਨੀਤਕ ਹਲਕਿਆਂ ਵਿਚ ‘ਤਖ਼ਤ’ ਅਤੇ ਉਸ ਤੇ ਬੈਠਣ ਦਾ ਕੀ ਮਹੱਤਵ ਸੀ। ਨਾਦਰਸ਼ਾਹ ਨੇ ਤਾਕਤ ਦੇ ਇਸ ਸੰਕੇਤ ਨੂੰ ਚੂੱਕ ਕੇ ਮੁਗ਼ਲਿਆ ਰਾਜ ਤੇ ਅਪਣੀ ਜਿੱਤ ਨੂੰ ਦਰਸਾਇਆ ਸੀ। ਸਿੱਖ ਜਰਨੈਲਾਂ ਨੇ ਵੀ ਦਿੱਲੀ ਜਿੱਤਣ ਦੇ ਸੰਕੇਤ ਰੂਪ ਵਿਚ ਦਿੱਲੀ ਦੇ ਤਖ਼ਤ ਦੀ ਇਕ ਸੰਗਮਰਮਰ ਦੀ ਸਿੱਲ ਚੁੱਕ ਕੇ ਦਰਬਾਰ ਸਾਹਿਬ ਕੰਮਪਲੈਕਸ ਵਿਚ ਸਥਿਤ ਬੂੰਗਿਆਂ ਵਿਚ ਰੱਖੀ ਸੀ।

ਰਾਜਸੀ ਤਖ਼ਤ ਤੇ ਬੈਠੇ ਜਹਾਂਗੀਰ ਨੇ ਗੁਰੂ ਅਰਜਨ ਜੀ ਨੂੰ ਅਪਣੇ ਕਥਿਤ ਇਨਸਾਫ਼ ਦੇ ਮਾਰਫ਼ਤ ਸ਼ਹੀਦ ਕਰ ਦਿੱਤਾ ਸੀ। ਉਸ ਜਹਾਂਗੀਰ ਨੇ ਜਿਸ ਨੂੰ ਮੁਗ਼ਲ ਬਾਦਸ਼ਾਹਾਂ ਵਿਚੋਂ ਇਕ ਜ਼ਿਆਦਾ ਇਨਸਾਫ਼ ਪਸੰਦ ਰਾਜਾ ਕਰਕੇ ਜਾਣਿਆ ਜਾਂਦਾ ਸੀ। ਜਹਾਂਗੀਰ ਦੇ ਅਪਣੇ ਇਨਸਾਫ਼ ਦੇ ਦਾਵੇ ਦੀ ਪ੍ਰਤੀਕ ਸੀ ਉਹ ‘ਜ਼ੰਜ਼ੀਰ-ਏ-ਅਦਲ’ (ਇਨਸਾਫ਼ ਦੀ ਜ਼ੰਜੀਰ) ਜੋ ਕਿ ਉਸ ਨੇ ਆਗਰੇ ਕਿਲੇ ਦੇ ਬਾਹਰ ਬੰਨੀ ਹੋਈ ਸੀ। ਜਹਾਂਗੀਰ ਨੇ ਅਪਣੇ ਅਲਫ਼ਾਜਾਂ ਵਿਚ ਉਸ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਜਿਸ ਵੇਲੇ ਕਿ ਉਸ ਦੇ ਇਕ ਕਮਾਂਡਰ ਨੇ ਬਾਗੀ ਸ਼ਹਿਜ਼ਾਦੇ ਖੁਸਰੋ ਨੂੰ ਕੈਦ ਕਰ ਲਿਆ। ਇਹ ਉਹੀ ਖੁਸਰੋ ਸੀ ਜਿਸਦੇ ਬਾਰੇ ਲਿਖਿਆ ਮਿਲਦਾ ਹੈ ਕਿ ਉਸ ਨੇ ਦੌਰੇ ਬਗਾਵਤ ਗੁਰੂ ਅਰਜਨ ਜੀ ਨਾਲ ਮੁਲਾਕਾਤ ਕੀਤੀ ਸੀ।

ਖ਼ੈਰ! ਕਮਾਂਡਰ ਨੇ ਖੁਸਰੋ ਨੂੰ ਕੈਦ ਕਰਨ ਬਾਦ ਜਹਾਂਗੀਰ ਨੂੰ ਇੱਤਲਾਹ ਅਤੇ ਇਲਤਜਾਹ ਕੀਤੀ ਕਿ ਇਕ ਕਮਾਂਡਰ ਹੋਂਣ ਦੀ ਹੈਸੀਅਤ ਨਾਲ ਉਹ ਇਹ ਹੈਸੀਅਤ ਨਹੀਂ ਰੱਖਦਾ ਕਿ ਉਹ ਖੁਸਰੋ ਵੱਲੋ ਕੀਤੀ ਬਗਾਵਤ ਦੀ ਸਜ਼ਾ ਬਾਰੇ ਕੋਈ ਫ਼ੈਸਲਾ ਲੇ ਸਕੇ। ਚੁੰਕਿ ਇਹ ਬਾਗੀ ਆਮ ਨਹੀਂ ਬਲਕਿ ਬਾਦਸ਼ਾਹ ਦਾ ਅਪਣਾ ਸ਼ਹਿਜ਼ਾਦਾ ਹੈ ਇਸ ਲਈ ਬਾਗੀ ਸ਼ਹਿਜ਼ਾਦੇ ਬਾਰੇ ਕੀ ਕੀਤਾ ਜਾਏ?

ਜਵਾਬ ਵਿਚ ਜਹਾਂਗੀਰ ਨੇ ਕਮਾਂਡਰ ਨੂੰ ਕਿਹਾ ਕਿ ਬਾਦਸ਼ਾਹ ਦੇ ਤਖ਼ਤ ਦਾ ਇਨਸਾਫ਼ ਕਿਸੇ ਵਿੱਚ ਫ਼ਰਕ ਨਹੀਂ ਕਰਦਾ ਭਾਵੇਂ ਉਹ ਦਾਮਾਦ ਹੋਵੇ ਜਾਂ ਫ਼ਿਰ ਉਸਦਾ ਅਪਣਾ ਪੁੱਤਰ।ਲਿਹਾਜ਼ਾ ਖੁਸਰੋ ਦਿਆਂ ਦੋਵੇਂ ਅੱਖਾਂ ਕੱਡ ਦਿੱਤੀਆਂ ਗਈਆਂ।ਇਹ ਉਹੀ ਜਹਾਂਗੀਰ ਸੀ ਜਿਸ ਨੇ ਇਕ ਸਮੇਂ ਅਪਣੇ ਇਕ ਹੋਰ ਪੁੱਤਰ ਸ਼ਹਿਜ਼ਾਦਾ ਖੁਰੱਮ (ਬਾਦ ਵਿਚ ਸ਼ਾਹਜਹਾਂ) ਵਲੋਂ ਕੀਤੀ ਬਗਾਵਤ ਦੀ ਇਕ ਘਟਨਾ ਬਾਦ ਉਸ ਨੂੰ ਮਾਫ਼ ਤਾਂ ਕੀਤਾ ਸੀ ਪਰ ਇਹ ਮਾਫ਼ੀ ਹਾਸਲ ਕਰਨ ਲਈ ਸ਼ਹਿਜ਼ਾਦਾ ਖੁਰੱਮ ਨੂੰ ਅਪਣੇ ਦੋ ਛੋਟੇ ਪੁੱਤਰ (ਦਾਰਾ ਸ਼ਿਕੋਹ ਅਤੇ ਔਰੰਗਜ਼ੇਬ) ਜਹਾਂਗੀਰ ਪਾਸ ਕੈਦ ਕਰਵਾਉਂਣੇ ਪਏ ਸੀ।

ਅਪਣੇ ਤਖ਼ਤ ਦੀ ਤਾਕਤ ਦੇ ਪ੍ਰਤੀ ਇਤਨੇ ਸੰਵੇਦਨਸ਼ੀਲ ਬਾਦਸ਼ਾਹ ਨੂੰ ਗੁਰੂ ਅਰਜਨ ਜੀ ਵਲੋਂ ਉਸਾਰਿਆ ਦਰਬਾਰ ਕੁੜ ਦੀ ਦੁਕਾਨ ਤਾਂ ਲੱਗਣਾ ਹੀ ਸੀ, ਕਿਉਂਕਿ ਉਸ ਵੇਲੇ ਸਲਤਨਤ ਵਿਚ ਛੋਟੇ ਰਾਜੇ ਮੁਗ਼ਲ ਬਾਦਸ਼ਾਹ ਵਲੋਂ ਹੀ ਰਾਜਿਆਂ ਦਾ ਖਿਤਾਬ ਹਾਸਲ ਕਰਕੇ ਅਪਣਾ ਦਰਬਾਰ ਲਗਾਉਂਣ ਦੀ ਆਗਿਆ ਪ੍ਰਾਪਤ ਕਰਦੇ ਸੀ।

ਖ਼ੈਰ ਭਾਰਤ ਦੇ ਤਖ਼ਤ ਤੇ ਬਠੈ ਬਾਦਸ਼ਾਹ ਦੇ ਰਾਜਸੀ ਦਰਬਾਰ ਵਲੋਂ ਗੁਰੂ ਦੇ ਅਧਿਆਤਮਕ ਦਰਬਾਰ ਨੂੰ ਬੰਦ ਕਰਨ ਲਈ ਗੁਰੂ ਸਾਹਿਬ ਜੀ ਲਈ ਮੌਤ ਦਾ ਫ਼ੁਰਮਾਨ ਜਾਰੀ ਹੋਇਆ ਅਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ।ਹੁਣ ਹਾਲਾਤਾਂ ਕੇ ਵੱਡੀ ਕਰਵਟ ਲੇ ਲਈ ਸੀ। ਗੁਰੂ ਦੇ ਫ਼ਲਸਫ਼ੇ ਵਿਚ ਕਿਸੇ ਬਾਦਸ਼ਾਹ ਦੇ ਦਰਬਾਰ ਨਾਲੋਂ ਅਤੇ ਕਿਸੇ ਬਾਦਸ਼ਾਹ ਦੇ ਤਖ਼ਤ ਨਾਲੋਂ ਉੱਚਾ ਅਕਾਲ ਪੁਰਖ ਦਾ ਦਰਬਾਰ ਅਤੇ ਤਖ਼ਤ ਸੀ, ਜਿਸ ਨੂੰ ਹੁਣ ਸੰਕੇਤਕ ਰੂਪ ਵਿਚ ਸੰਸਾਰ ਨੂੰ ਸਮਝਾਉਂਣ ਦੀ ਲੋੜ ਸੀ। ਗੁਰੂਆਂ ਦੇ ਇਲਾਹੀ (ਅਕਾਲੀ) ਗਿਆਨ ਦਾ ਦਰਬਾਰ (ਦਰਬਾਰ ਸਾਹਿਬ) ਤਾਂ ਸੀ ਹੀ ਹੁਣ ਅਕਾਲ ਦੇ ਤਖ਼ਤ ਨੂੰ ਸੰਕੇਤਕ ਰੂਪ ਦੇਂਣ ਦਾ ਨਿਰਨਾ ਲਿਆ ਗਿਆ।

ਵਿਲੱਖਣਤਾ ਇਹ ਸੀ ਕਿ ਜਿੱਥੇ ਸ਼ਾਹੀ ਦਰਬਾਰ ਤਲਵਾਰ ਦੇ ਜੋਰ ਰਾਹੀਂ ਪ੍ਰਾਪਤ ਤਖ਼ਤ ਤੋਂ ਤਾਕਤ ਪ੍ਰਾਪਤ ਕਰਦੇ ਸੀ ਉੱਥੇ ਗੁਰੂ ਨੇ ਅਪਣੇ ਉਸਾਰੇ ਤਖ਼ਤ ਨੂੰ ਗੁਰੂ ਦੇ ਦਰਬਾਰ ਹੇਠ ਸਥਾਪਤ ਕੀਤਾ ਅਤੇ ਦਰਬਾਰ ਦੇ ਫ਼ਲਸਫ਼ੇ ਅਨੁਸਾਰ ਇਸ ਤਖ਼ਤ ਦੀ ਵਰਤੋਂ ਵੀ ਆਰੰਭ ਕੀਤੀ। ਇਹ ਤਖ਼ਤ ਤਲਵਾਰ ਦੇ ਜੋਰ ਤੇ ਹਾਸਲ ਨਹੀਂ ਸੀ ਕੀਤਾ ਗਿਆ ਬਲਕਿ ਅਧਿਆਤਮ ਦੀ ਰੋਸ਼ਨੀ ਵਿਚ ਸਿਰਜਿਆ ਗਿਆ ਸੀ ਅਤੇ ਇਸਦੀ ਸਿਰਜਨਾ ਦੇ ਬਾਦ ਗੁਰੂ ਨੇ ਤਲਵਾਰ ਧਰਨ ਕੀਤੀ ਸੀ। ਇਹ ਤਖ਼ਤ ਤੋਂ ਦਰਬਾਰ ਵਲ ਤੁਰਨ ਦੀ ਕ੍ਰਿਆ ਨਹੀਂ ਸੀ ਬਲਕਿ ਇਹ ਦਰਬਾਰ ਤੋਂ ਤਖ਼ਤ ਵੱਲ ਚੁੱਕਿਆ ਗਿਆ ਗੁਰੂ ਦਾ ਕਦਮ ਸੀ!
ਅੱਜ ਵੀ ਅਕਾਲ ਤਖ਼ਤ ਸੰਸਾਰ ਵਿਚ ਇਸ ਗਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਦਾ ਦਰਬਾਰ ਅਤੇ ਤਖ਼ਤ ਸਾਰੇ ਰਾਜਸੀ ਸਿਧਾਂਤਾ ਅਤੇ ਤਖ਼ਤਾ ਨਾਲੋਂ ਸਰਵੋੱਚ ਹੈ। ਗੁਰੂਆਂ ਦੇ ਇਨ੍ਹਾਂ ਕੰਮਾਂ ਨੂੰ ਗੁਰੂਆਂ ਦੀ ਨਿਗਾਹ ਅਨੁਸਾਰ ਵੇਖਣ ਦੀ ਲੋੜ ਹੈ ਨਾ ਕਿ ਬੰਦਿਆਂ ਦੀ ਕਾਰਜਸ਼ੈਲੀ ਅਨੁਸਾਰ।

ਗੁਰਸਿੱਖਾਂ ਨੇ ਹਮੇਸ਼ਾ ਇਹ ਵਿਚਾਰ ਕੇ ਚਲਣਾ ਹੈ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਇਦਾਰਿਆਂ ਨੂੰ ਕਿਸ ਨਿਗਾਹ ਨਾਲ ਵੇਖਣਾ ਚਾਹੀਦਾ ਹੈ? ਗੁਰੂ ਦੀ ਨਿਗਾਹ ਅਨੁਸਾਰ ਜਾਂ ਫ਼ਿਰ ਬੰਦਿਆਂ ਦੀ ਵਕਤੀ ਕਾਰਜਸ਼ੈਲੀ ਅਤੇ ਪ੍ਰਭਾਵ ਅਨੁਸਾਰ? ਤਕਾਜ਼ਾ ਇਹੀ ਹੈ ਕਿ ਜੇਕਰ ਗੁਰੂ ਦੀ ਨਿਗਾਹ ਸਰਵੋੱਚ ਹੈ ਤਾਂ ਉਸੇ ਨਾਲ ਹੀ ਇਨ੍ਹਾਂ ਅਦਾਰਿਆਂ ਨੂੰ ਵੇਖਿਆ ਜਾਏ। ਬੰਦੇ ਤਾਂ ਆਉਂਦੇ ਜਾਂਦੇ ਰਹਿਣਗੇ !! ਜੇਕਰ ਬੰਦਿਆਂ ਦੇ ਅਧਾਰ ਤੇ ਗੁਰੂਆਂ ਦੇ ਕੀਤੇ ਦਾ ਫ਼ੈਸਲਾ ਹੋਵੇ, ਤਾਂ ਸ਼ਾਯਦ ਕੁੱਝ ਵੀ ਨਾ ਬਚੇ।

ਹਰਦੇਵ ਸਿੰਘ, ਜੰਮੂ
26.01.2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top