Share on Facebook

Main News Page

ਜਿਹੜੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਰੂਪੀ ਵਾੜ ਸਿੱਖੀ ਰੂਪੀ ਫਸਲ ਨੂੰ ਹੀ ਖਾਣ ਲੱਗ ਪਈ ਹੈ ਤੇ ਇਸ ਦੀ ਗੋਡੀ ਕਰ ਰਹੇ ਗੁਰਮਤਿ ਪ੍ਰਚਾਰਕਾਂ ਦੇ ਪੈਰਾਂ ਵਿੱਚ ਕੰਡੇ ਖਿਲਾਰ ਰਹੀ ਹੈ, ਉਸ ਨੂੰ ਪੁੱਟ ਕੇ ਸਾੜ ਦੇਣ ਵਿੱਚ ਹੀ ਭਲਾ ਹੈ

* ਜਿਹੜਾ ਅਕਾਲੀ ਦਲ ਅਕਾਲ ਤਖ਼ਤ ਨੂੰ ਆਪਣੇ ਅਧੀਨ ਕਰਕੇ ਉਸ ਦੀ ਵਿਰੋਧੀਆਂ ਵਿਰੁੱਧ ਦਰਵਰਤੋਂ ਕਰ ਰਿਹਾ ਹੈ, ਅੰਨਾ ਅਦੋਲਨ ਤੋਂ ਸੇਧ ਲੈਂਦੇ ਹੋਏ, ਉਸ ਦਲ ਨੂੰ ਚੋਣਾਂ ਵਿੱਚ ਹਰਾਇਆ ਜਾਵੇ
* ਪਿੰਡ ਪਿੰਡ ਜਾ ਕੇ ਪ੍ਰੋ: ਧੂੰਦਾ ਦੀ ਉਹ ਅਸਲ ਸੀਡੀ ਵਿਖਾਈ ਜਾਵੇ ਤੇ ਵੰਡੀ ਜਾਵੇ, ਜਿਸ ਦਾ ਕੇਵਲ .001 ਹਿੱਸਾ ਵਿਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਪ੍ਰਚਾਰ ’ਤੇ ਪਾਬੰਦੀ ਲਵਾਉਣ ਵਿਚ ਸਫਲਤਾ ਪ੍ਰਾਪਤ ਕਰ ਲਈ ਹੈ

18ਵੀਂ ਸਦੀ ਵਿੱਚ ਜਿਸ ਅਕਾਲ ਤਖ਼ਤ ਦੀ ਵਰਤੋਂ ਗੁਰਮਤਿ ਸਿਧਾਂਤਾਂ ਦੀ ਰਾਖੀ ਅਤੇ ਪੰਥ ਨੂੰ ਇੱਕ ਲੜੀ ਵਿੱਚ ਪ੍ਰੋਣ ਲਈ ਕੀਤੀ ਜਾਂਦੀ ਸੀ, ਅੱਜ ਉਸੇ ਤਖ਼ਤ ਨੂੰ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਅਤੇ ਭਰਾ ਮਾਰੂ ਜੰਗ ਕਰਵਾ ਕੇ ਪੰਥ ਨੂੰ ਖੇਰੂੰ ਖੇਰੂੰ ਕਰਨ ਲਈ ਵਰਤਿਆ ਜਾ ਰਿਹਾ ਹੈ। ਭਾਰੀ ਕੁਰਬਾਨੀਆਂ ਤੋਂ ਬਾਅਦ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਸ ਦੇ ਤੁਰੰਤ ਪਿੱਛੋਂ ਇਸ ਦਾ ਰਾਜਨੀਤਕ ਵਿੰਗ ਸ਼੍ਰੋਮਣੀ ਅਕਾਲੀ ਦਲ, ਇਸ ਸੋਚ ਨਾਲ ਬਣਾਇਆ ਗਿਆ ਸੀ ਤਾ ਕਿ ਰਾਜਨੀਤਕ ਪ੍ਰਭਾਵ ਵਰਤ ਕੇ ਧਰਮ ਪ੍ਰਚਾਰ ਅਤੇ ਧਰਮ ਦੀ ਰੱਖਿਆ ਲਈ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਦੇਣ ਲਈ ਕੰਮ ਕਰੇ। ਪਰ ਦੁਖਾਂਤ ਇਹ ਹੈ ਕਿ ਭਾਰਤ ਦੀ ਅਜਾਦੀ ਤੋਂ ਬਾਅਦ ਅਤੇ ਖਾਸ ਕਰਕੇ ਪੰਜਾਬੀ ਸੂਬਾ ਹੋਂਦ ਵਿੱਚ ਆਉਣ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਧਰਮ ਪ੍ਰਚਾਰ ਜਾਂ ਧਰਮ ਦੀ ਰੱਖਿਆ ਲਈ ਨਹੀਂ, ਬਲਕਿ ਰਾਜ ਸਤਾ ਦੀ ਪ੍ਰਾਪਤੀ ਲਈ ਹੀ ਕੰਮ ਕਰ ਰਿਹਾ ਹੈ, ਤੇ ਉਲਟਾ ਇਸ ਦੀ ਜਨਮਦਾਤੀ ਸ਼੍ਰੋਮਣੀ ਕਮੇਟੀ ਨੂੰ ਹੀ ਆਪਣਾ ਵਿੰਗ ਬਣਾ ਲਿਆ ਹੈ।

ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਦੀ ਰਾਜ ਸਤਾ ਦੀ ਪ੍ਰਾਪਤੀ ਲਈ ਰੱਜ ਕੇ ਦੁਰਵਰਤੋਂ ਹੋਣ ਲੱਗ ਪਈ ਹੈ। ਪ੍ਰਕਾਸ਼ ਸਿੰਘ ਬਾਦਲ ਵਲੋਂ ਸਾਰੀਆਂ ਸ਼੍ਰੋਮਣੀ ਸੰਸਥਾਵਾਂ ਨੂੰ ਪੂਰਨ ਤੌਰ ’ਤੇ ਆਪਣੇ ਕਬਜ਼ੇ ਵਿੱਚ ਲੈਣ ਉਪ੍ਰੰਤ ਤਾਂ ਨਿਜੀ ਹਿੱਤਾਂ ਲਈ ਇਨ੍ਹਾਂ ਦੀ ਦੁਰਵਤੋਂ ਸਾਰੀਆਂ ਸੀਮਾਵਾਂ ਪਾਰ ਕਰ ਚੁੱਕੀ ਹੈ। ਪੰਥ ਦੀ ਹੋਂਦ ਅਤੇ ਸਿਧਾਂਤ ਨੂੰ ਚੁਣੌਤੀ ਦੇਣ ਵਾਲੇ ਅਨੇਕਾਂ ਅਹਿਮ ਮੁੱਦੇ ਅਕਾਲ ਤਖ਼ਤ ’ਤੇ ਚਿਰਾਂ ਤੋਂ ਲਟਕ ਰਹੇ ਹਨ ਪਰ ਉਨ੍ਹਾਂ ਵੱਲ ਕੇਵਲ ਇਸੇ ਕਰਕੇ ਧਿਆਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਇਹ ਮੁੱਦੇ ਉਠਣ ਨਾਲ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧੜੇ ਦੇ ਰਾਜਨੀਤਕ ਹਿੱਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜਿਹੜੇ ਪ੍ਰਚਾਰਕ ਇਸ ਹੋ ਰਹੇ ਨੁਕਸਾਨ ਤੋਂ ਪੰਥ ਨੂੰ ਜਾਗਰੂਕ ਕਰਦੇ ਹੋਏ ਗੁਰਬਾਣੀ ਦੇ ਸਿਧਾਂਤ ਦਾ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਦੀ ਜਬਾਨ ਬੰਦ ਕਰਾਉਣ ਲਈ ਲੇਲੇ ਨੂੰ ਖਾਣ ਵਾਲੇ ਬਗਿਆੜ ਵਾਂਗ ਅਨੇਕਾਂ ਝੂਠੇ ਬਹਾਨੇ ਲੱਭੇ ਜਾ ਰਹੇ ਹਨ। ਅਤੇ ਦੁੱਖ ਦੀ ਗੱਲ ਇਹ ਹੈ ਕਿ ਇਸ ਲੱਭੇ ਗਏ ਬਹਾਨੇ ’ਤੇ ਅਖੌਤੀ ਜਥੇਦਾਰਾਂ ਵਲੋਂ ਬਿਜਲੀ ਦੀ ਫੁਰਤੀ ਵਾਂਗ ਕਾਰਵਾਈ ਕੀਤੀ ਜਾਂਦੀ ਹੈ। ਇਨ੍ਹਾਂ ਝੂਠੇ ਬਹਾਨਿਆਂ ਦੇ ਸਿਰ ’ਤੇ ਹਾਲੀ ਪਿਛਲੇ ਸਾਲ ਹੀ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਗਿਆ ਸੀ ਅਤੇ ਬਿਲਕੁਲ ਉਹੀ ਹੱਥ ਕੰਡੇ ਵਰਤਦਿਆਂ 3 ਜਨਵਰੀ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋਫੈਸਰ ਭਾਈ ਸਰਬਜੀਤ ਸਿੰਘ 'ਧੂੰਦਾ' ਨੂੰ ਸ਼ਿਕਾਰ ਬਣਾ ਲਿਆ ਗਿਆ ਹੈ।

ਪ੍ਰੋ: ਧੂੰਦਾ ਵਲੋਂ 30 ਜੁਲਾਈ 2011 ਨੂੰ ਗੁਰਦੁਆਰਾ ਗੋਬਿੰਦਗੜ੍ਹ ਕਬੂਲ ਨਗਰ, ਸਾਹਦਰਾ, ਦਿੱਲੀ ਵਿਖੇ (ਵਿਵਾਦਤ) ਸ਼ਬਦ ਵੀਚਾਰ ਕੀਤੀ ਗਈ ਸੀ। ਉਨ੍ਹਾਂ ਦੀ ਕਥਿਤ ਤੌਰ ’ਤੇ ਦੱਸੀ ਜਾ ਰਹੀ ਗਲਤ ਬਿਆਨੀ ਸਦਕਾ ਉਸ ਸਮੇਂ ਸੰਗਤ ਵਿੱਚ ਹਾਜਰ ਕਿਸੇ ਵਿਅਕਤੀ ਦਾ ਅੱਜ ਤੱਕ ਨਾ ਕੋਈ ਹਿਰਦਾ ਵਲੂੰਧਰਿਆ ਗਿਆ ਹੈ ਤੇ ਨਾ ਹੀ ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਵਲੋਂ ਕੀਤੀ ਗਈ ਸ਼ਬਦ ਵੀਚਾਰ ਦੀ ਸੀਡੀ ਉਸੇ ਸਮੇਂ ਤੋਂ ਹੀ ਕਾਲਜ ਦੀ ਵੈੱਬਸਾਈਟ ਦੇ ਲਿੰਕ http://www.gurmatgian.com/2011/09/27/deen-bisario-re-diwane-sarbjit-singh_dhunda/  ’ਤੇ ਪਾਈ ਗਈ ਸੀ।

ਅਨੇਕਾਂ ਗੁਰੂ ਪਿਆਰਿਆਂ ਨੇ ਉਸ ਨੂੰ ਸੁਣ ਕੇ ਲਾਭ ਵੀ ਉਠਾਇਆ ਗਿਆ ਹੋਵੇਗਾ, ਉਨ੍ਹਾਂ ਵਿੱਚੋਂ ਕਿਸੇ ਦਾ ਹਿਰਦਾ ਵਲੂੰਧਰਿਆ ਨਹੀਂ ਵੇਖਿਆ ਗਿਆ। ਪਰ ਜਿਨ੍ਹਾਂ ਡੇਰਾਵਾਦੀਆਂ ਅਤੇ ਰਾਜਨੀਤਕਾਂ ਨੂੰ ਉਸ ਵੱਲੋਂ ਕੀਤਾ ਗਿਆ ਸੱਚ ਦਾ ਪ੍ਰਚਾਰ ਸੁਖਾਂਦਾ ਨਹੀਂ, ਉਨ੍ਹਾਂ ਨੇ ਪੰਜ ਮਹੀਨਿਆਂ ਦੀ ਸਿਰ ਖਪਾਈ ਪਿੱਛੋਂ, ਕੋਠੀ ਵਿੱਚ ਤ੍ਰੇੜ ਲੱਭਣ ਵਾਂਗ 1 ਘੰਟਾ 10 ਮਿੰਟ 17 ਸੈਕੰਡ ਦੀ ਸੀਡੀ ਵਿਚੋਂ ਕੇਵਲ ਦੋ ਤਿੰਨ ਸੈਕੰਡ ਦੀ ਸਪੀਚ ਦੀ ਕੱਟਿੰਗ ਕਰ ਕੇ ਉਸ ਨੂੰ 4-5 ਵਾਰ ਰੀਪੀਟ ਕਰਕੇ ਆਪਣੀ ਸਾਈਟ http://www.panthic.org/articles/5402  ’ਤੇ ਪਾ ਕੇ ਇਹ ਦਰਸਾਉਣ ਦਾ ਯਤਨ ਕੀਤਾ ਕਿ ਪ੍ਰੋ: ਧੂੰਦਾ ਜੀ ਕੇਵਲ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋ ਰਹੇ ਕੀਰਤਨ ’ਤੇ ਕਿੰਤੂ ਕਰ ਰਹੇ ਹਨ।

Panthic.org ਵਲੋਂ ਪਾਈ ਗਈ ਅਧੂਰੀ ਵੀਡੀਓ
http://www.panthic.org/articles/5402

ਅਸਲ ਵੀਡੀਓ: ਭਾਈ ਸਰਬਜੀਤ ਸਿੰਘ 'ਧੂੰਦਾ' ਦੁਆਰਾ 30 ਜੁਲਾਈ 2011 ਨੂੰ ਗੁਰਦੁਆਰਾ ਗੋਬਿੰਦਗੜ੍ਹ ਕਬੂਲ ਨਗਰ, ਸਾਹਦਰਾ, ਦਿੱਲੀ ਵਿਖੇ ਕੀਤੀ ਗਈ ਸ਼ਬਦ ਵੀਚਾਰ
Listen carefully between 10 - 20 mnts in the video

 

 

ਹਾਲਾਂ ਕਿ ਉਨ੍ਹਾਂ ਨੇ ਵਖਿਆਣ ਦੌਰਨ ਸ਼ਬਦ ‘ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ’ ਕਿਧਰੇ ਵੀ ਨਹੀਂ ਵਰਤਿਆ ਬਲਕਿ ‘ਗੁਰੂ ਦਰਬਾਰ’ ਵਰਤਿਆ ਹੈ। ‘ਗੁਰੂ ਦਰਬਾਰ’ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਨਹੀਂ ਬਲਕਿ ਹਰ ਉਹ ਸਥਾਨ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ, ਉਹ ਸਾਡੇ ਲਈ ਗੁਰੂ ਦਰਬਾਰ ਹੀ ਹੈ। ਤੇ ਇਸੇ ਸੰਧਰਭ ਵਿੱਚ ਉਨ੍ਹਾਂ ਨੇ ‘ਗੁਰੂ ਦਰਬਾਰ’ ਸ਼ਬਦ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਸੰਗਤਾਂ ਨੂੰ ਸਮਝਾਉਣ ਲਈ ਮੱਸੇ ਰੰਘੜ ਦਾ ਭਾਈ ਸੁੱਖਾ ਸਿੰਘ ਮਤਾਬ ਸਿੰਘ ਵਲੋਂ ਸਿਰ ਕੱਟਣ ਦੀ ਗਾਥਾ ਸੁਣਾਉਂਦਿਆਂ ਕਿਹਾ ਕਿ ਜੇ ਅੱਜ ਮੱਸਾ ਰੰਘੜ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੂੰ ਪੁੱਛੇ ਕਿ ਭਾਈ ਸੁੱਖਾ ਸਿੰਘਾ ਮੇਰਾ ਸਿਰ ਕਿਉਂ ਵੱਢਿਆ, ਜਦੋਂ ਕਿ ਜਿਹੜੇ ਦੋਸ਼ ਤੁਸੀਂ ਮੇਰੇ ’ਤੇ ਲਾ ਰਹੇ ਹੋਂ, ਉਹ ਤਾਂ ਸਾਰੇ ਹੀ ਸਿੱਖ ਕਰ ਰਹੇ ਹਨ। ਕੀ ਸਿੱਖਾਂ ਦੇ ਵਿਆਹਾਂ ਸ਼ਾਦੀਆਂ ਜਾਂ ਜਨਮ ਦਿਨ ਆਦਿ ਦੀ ਖੁਸ਼ੀ ਦੇ ਮੌਕੇ, ਜਿੱਥੇ ਕੁਝ ਸਮਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਪ੍ਰਕਾਸ਼ ਹੁੰਦੇ ਹਨ, ’ਤੇ ਸ਼ਰਾਬਾਂ ਨਹੀਂ ਪੀਤੀਆਂ ਜਾਂਦੀਆਂ? ਕੀ ਉਥੇ ਮੁਜਰੇ ਨਹੀਂ ਹੁੰਦੇ? ਕੀ ਸਾਡੀਆਂ ਚੋਣਾਂ, ਬੇਸ਼ੱਕ ਧਾਰਮਕ ਹੋਣ ਜਾਂ ਰਾਜਨੀਤਕ, ਵਿੱਚ ਨਸ਼ੇ ਨਹੀਂ ਵੰਡੇ ਜਾਂਦੇ? ਕੀ ਸਾਡੇ ਰਾਗੀ ਉਨ੍ਹਾਂ ਮੁਜਰਿਆਂ ਨਾਲੋਂ ਵੀ ਵੱਧ ਇਤਰਾਜਯੋਗ ਰਚਨਾਵਾਂ ਗੁਰੂ ਦਰਬਾਰਾਂ ਵਿੱਚ ਨਹੀਂ ਪੜ੍ਹਦੇ? ਪ੍ਰੋ: ਧੂੰਦਾ ਨੇ ਕਿਹਾ, ਦੱਸੋ ਮੱਸਾ ਰੰਘੜ ਦੇ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਹੈ?

ਦਿਆਨਤਦਾਰੀ ਨਾਲ ਵੇਖਿਆ ਜਾਵੇ ਤਾਂ ਪ੍ਰੋ: ਧੂੰਦਾ ਜੀ ਦੇ ਇਨਾਂ ਕਥਨਾਂ ਵਿੱਚ ਰੱਤੀ ਭਰ ਵੀ ਝੂਠ ਨਹੀਂ ਬਲਕਿ 101% ਸੱਚ ਹੈ। ਪਰ ਜਿਨ੍ਹਾਂ ਨੂੰ ਪ੍ਰੋ: ਧੂੰਦਾ ਦੀਆਂ ਇਹ ਗੱਲਾਂ ਸੂਲਾਂ ਵਾਂਗ ਚੁਭੀਆਂ ਉਨ੍ਹਾਂ ਨੇ 1 ਘੰਟਾ 10 ਮਿੰਟ 17 ਸੈਕੰਡ ਦੀ ਸੀਡੀ ਵਿਚੋਂ ਕੇਵਲ ਦੋ ਤਿੰਨ ਸੈਕੰਡ ਦੀ ਸਪੀਚ ਨੂੰ ਉਸ ਦੀ ਜਬਾਨ ਬੰਦ ਕਰਨ ਲਈ ਵਰਤ ਲਿਆ। ਪ੍ਰੋ: ਧੂੰਦਾ ਦੇ ਪ੍ਰਚਾਰ ’ਤੇ ਪਬੰਦੀ ਲਾਉਣ ਦਾ ਕਾਰਣ ਕੇਵਲ ਇਹ ਦੋ ਤਿੰਨ ਸੈਕੰਡ ਦੀ ਸਪੀਚ ਹੀ ਨਹੀਂ, ਬਲਕਿ ਉਹ ਤੋਂ ਕਾਫੀ ਲੰਬੇ ਸਮੇਂ ਤੋਂ ਬਹਾਨੇ ਲੱਭਣ ਦੀ ਤਾਕ ਵਿੱਚ ਸਨ। ਇਹ ਦੱਸਣਯੋਗ ਹੈ ਕਿ ਇਹ ਉਨ੍ਹਾਂ ਚਾਰ ਪ੍ਰਚਾਰਕਾਂ ਵਿੱਚੋਂ ਪਹਿਲੇ ਨੰਬਰ ’ਤੇ ਸਨ, ਜਿਨ੍ਹਾਂ ਦੇ ਪ੍ਰਚਾਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਕੂੜ ਪ੍ਰਚਾਰ ਦੱਸ ਰਿਹਾ ਹੈ ਤੇ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਨੇ ਇਨ੍ਹਾਂ ਦੇ ਨਾਮ ਲੈ ਕੇ, ਅਖ਼ਬਾਰੀ ਬਿਆਨਾਂ ਰਾਹੀ, ਅਕਾਲ ਤਖ਼ਤ ’ਤੇ ਤਲਬ ਕੀਤੇ ਜਾਣ ਦੀ ਤਾੜਨਾ ਵੀ ਕੀਤੀ ਹੋਈ ਸੀ। ਕੀ ਸਿਆਸੀ ਮਾਲਕਾਂ ਦੇ ਤਲਬੇ ਚੱਟਣ ਵਾਲੇ ਪੁਜਾਰੀਆਂ, ਜਿਹੜੇ ਬਿਨਾਂ ਕਿਸੇ ਪੁੱਛ ਜਾਂ ਜਾਂਚ ਪੜਤਾਲ ਤੋਂ ਝੂਠੇ ਅਤੇ ਫੈਬਰੀਕੇਟਡ ਬਹਾਨੇ ਦੇ ਸਹਾਰੇ, ਸਿੱਖ ਧਰਮ ਦੇ ਸਭ ਤੋਂ ਵਧੀਆ ਪ੍ਰਚਾਰਕ ਦੇ ਪ੍ਰਚਾਰ ’ਤੇ ਪਬੰਦੀ ਲਾਉਂਦੇ ਹਨ, ਉਨ੍ਹਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਕਹਿਣਾ ਜਾਂ ਇਨ੍ਹਾਂ ਦੇ ਕੂੜ ਨਾਮੇ ਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਦਾ ਨਾਮ ਦੇਣਾ ਵਾਜ਼ਬ ਹੈ? ਕਦਾਚਿਤ ਨਹੀਂ। ਦੁਨੀਆਂ ਦੀ ਕੋਈ ਅਦਾਲਤ ਐਸੀ ਨਹੀਂ ਜਿਹੜੀ ਕਿਸੇ ਦੋਸ਼ੀ ਨੂੰ ਸੰਮਨ ਭੇਜਣ ਤੋਂ ਪਹਿਲਾਂ ਸਜਾ ਵੀ ਸੁਣਾ ਦੇਵੇ। ਪਰ ਜੇ ਇਹ ਕੁਝ ਗੁਰੂ ਜਾਂ ਗੁਰੂ ਪੰਥ ਦਾ ਨਾਮ ਵਰਤ ਕੇ ਅਕਾਲ ਤਖ਼ਤ ਤੋਂ ਹੀ ਹੋ ਰਿਹਾ ਹੋਵੇ ਤਾਂ ਵਾੜ ਹੀ ਖੇਤ ਨੂੰ ਖਾਣ ਵਾਲੀ ਗੱਲ ਪ੍ਰਤੱਖ ਦਿੱਸ ਰਹੀ ਹੈ। ਜਿਸ ਸਬੰਧੀ ਭਾਈ ਗੁਰਦਾਸ ਜੀ ਲਿਖਦੇ ਹਨ:

ਕਲਿ ਆਈ ਕੁਤੇ ਮੁਹੀ, ਖਾਜੁ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗਿਆਨ ਬਿਨੁ, ਕੂੜੁ ਕੁਸਤਿ ਮੁਖਹੁ ਆਲਾਈ। ਚੇਲੇ ਸਾਜ ਵਜਾਇਦੇ, ਨਚਨਿ ਗੁਰੂ ਬਹੁਤੁ ਬਿਧਿ ਭਾਈ।’ (ਵਾਰ 1 ਪਉੜੀ 30) ਅਤੇ

ਜੇ ਮਾਉ ਪੁਤੈ ਵਿਸੁ ਦੇ, ਤਿਸਤੇ ਕਿਸੁ ਪਿਆਰਾ। ਜੇ ਘਰੁ ਭੰਨੈ ਪਾਹਰੂ, ਕਉਣੁ ਰਖਣਹਾਰਾ। ਬੇੜੀ ਡੋਬੈ ਪਾਤਣੀ, ਕਿਉ ਪਾਰਿ ਉਤਾਰਾ। ਆਗੂ ਲੈ ਉਝੜਿ ਪਵੈ, ਕਿਸੁ ਕਰੈ ਪੁਕਾਰਾ। ਜੇ ਕਰਿ ਖੇਤੈ ਖਾਇ ਵਾੜਿ, ਕੋ ਲਹੈ ਨ ਸਾਰਾ। ਜੇ ਗੁਰ ਭਰਮਾਏ ਸਾਂਗੁ ਕਰਿ, ਕਿਆ ਸਿਖੁ ਵਿਚਾਰਾ ॥22॥ (ਵਾਰ 35 ਪਉੜੀ 22)

ਪੰਥ, ਪਾਵਨ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਜੀ ਦੀ ਇਹ ਕਿਸ ਤਰ੍ਹਾਂ ਸਿਆਸੀ ਹਿੱਤਾਂ ਲਈ ਵਰਤੋਂ ਕਰਦੇ ਹਨ ਉਸ ਦੀਆਂ ਕੁਝ ਕੁ ਉਦਾਹਰਣਾਂ ਇਹ ਹਨ:-

ਵਰੁਣ ਗਾਂਧੀ ਤੇ ਰਹੁਲ ਗਾਂਧੀ ਦੋਵੇਂ ਇੰਦਰਾ ਗਾਂਧੀ ਦੇ ਪੋਤਰੇ ਹਨ। ਰਹੁਲ ਗਾਂਧੀ ਨੇ ਹੁਣ ਤੱਕ ਦੇ ਆਪਣੇ ਸਿਆਸੀ ਜੀਵਨ ਵਿੱਚ ਇੱਕ ਵਾਰ ਵੀ ਸਿੱਖਾਂ ਪ੍ਰਤੀ ਅਪਸ਼ਬਦ ਨਹੀਂ ਬੋਲਿਆ ਸਗੋਂ ਉਹ 1984 ਦੀਆਂ ਘਟਨਾਵਾਂ ਨੂੰ ਮੰਦਭਾਗੀ ਦੱਸ ਕੇ ਇਸ ’ਤੇ ਪਛਤਾਵਾ ਕਰ ਚੁੱਕੇ ਹਨ। ਇਹੋ ਵਤੀਰਾ ਉਨ੍ਹਾਂ ਦੀ ਮਾਤਾ ਸੋਨੀਆਂ ਗਾਂਧੀ ਦਾ ਹੈ। ਪਰ ਅਕਾਲੀ ਦਲ ਬਾਦਲ ਲਈ ਇਹ ਦੋਵੇਂ ਪੰਥ ਦੇ ਦੁਸ਼ਮਨ ਹਨ। ਪਰ ਦੂਸਰੇ ਪਾਸੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਵਰੁਣ ਗਾਂਧੀ ਭਾਜਪਾ ਦੀ ਟਿਕਟ ’ਤੇ ਇੱਕ ਕਾਂਗਰਸੀ ਸਿੱਖ ਵਿਰੁਧ ਚੋਣ ਲੜ ਰਿਹਾ ਸੀ। ਬਹੁਗਿਣਤੀ ਹਿੰਦੂ ਵੋਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ੳਹ ਪਬਲਿਕ ਜਲਸਿਆਂ ਵਿੱਚ ਸ਼ਰੇਆਮ ਕਹਿੰਦਾ ਸੀ: ‘ਸਿੱਖਾਂ ਨੇ ਮੇਰੀ ਦਾਦੀ ਇੰਦਰਾ ਗਾਂਧੀ ਦਾ ਕਤਲ ਕੀਤਾ ਇਸ ਲਈ ਸਿੱਖ ਦੇਸ਼ ਦੇ ਗਦਾਰ ਹਨ। ਗਦਾਰ ਸਿੱਖ ਨੂੰ ਵੋਟ ਪਾਉਣਾ- ਦੇਸ਼ ਨਾਲ ਗਦਾਰੀ ਹੋਵੇਗੀ। ਕਿਉਂਕਿ ਵਰੁਣ ਗਾਂਧੀ ਭਾਜਪਾ ਦਾ ਸਿਰਫ ਉਮੀਦਵਾਰ ਹੀ ਨਹੀਂ ਬਲਕਿ ਉਨ੍ਹਾਂ ਚੋਣਾਂ ਵਿੱਚ ਇਸ ਦਾ ਸਟਾਰ ਪ੍ਰਚਾਰਕ ਵੀ ਸੀ, ਇਸ ਲਈ ਪੰਥ ਦੇ ਅਖੌਤੀ ਠੇਕੇਦਾਰਾਂ ਨੂੰ ਉਹ ਬਿਲਕੁਲ ਬੁਰਾ ਨਹੀਂ ਲਗਿਆ ਅਤੇ ਉਨਾ ਚਿਰ ਨਾ ਹੀ ਬੁਰਾ ਲੱਗੇਗਾ ਜਿਨ੍ਹਾਂ ਚਿਰ ਉਹ ਭਾਜਪਾ ਵਿੱਚ ਰਹੇਗਾ। ਹਾਂ ਕੱਲ੍ਹ ਨੂੰ ਉਹ ਦਲ ਬਦਲੀ ਕਰਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਤਾਂ ਗੱਲ ਹੋਰ ਹੋਵੇਗੀ।

ਡਾ: ਮਨਮੋਹਨ ਸਿੰਘ ਆਪਣੀ ਯੋਗਤਾ ਅਤੇ ਕਾਂਗਰਸ ਦੀ ਲੋੜ ਸਦਕਾ ਦੇਸ਼ ਦਾ ਪਹਿਲਾ ਸਿੱਖ ਪ੍ਰਧਾਨ ਮੰਤਰੀ ਬਣ ਗਿਆ। ਬੇਸ਼ੱਕ ਦੂਸਰਿਆਂ ਦੀਆਂ ਵੈਸਾਖੀਆਂ ’ਤੇ ਖੜ੍ਹਨ ਕਰਕੇ ਸਿਆਸੀ ਤੌਰ ’ਤੇ ਉਹ ਪੰਥ ਅਤੇ ਪੰਜਾਬ ਨੂੰ ਕੁਝ ਨਹੀਂ ਦੇ ਸਕਿਆ ਪਰ ਉਸ ਦੀ ਲਿਆਕਤ ਅਤੇ ਈਮਾਨਦਾਰੀ ਸਦਕਾ ਦੁਨੀਆਂ ਭਰ ਵਿੱਚ ਦਸਤਾਰ ਵਾਲੇ ਸਿੱਖ ਦਾ ਸੰਨਮਾਨ ਵਧਿਆ ਹੈ। ਅਖਤਿਆਰੀ ਫੰਡ ਵਿੱਚੋਂ ਜਿੰਨੇ ਫੰਡ ਡਾ: ਮਨਮੋਹਨ ਸਿੰਘ ਨੇ ਬਾਦਲ ਸਰਕਾਰ ਨੂੰ ਦਿੱਤੇ, ਇੰਨੇ ਸ਼ਾਇਦ ਹੀ ਅੱਜ ਤੱਕ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਦਿੱਤੇ ਹੋਣ। ਹਰ ਸਿਆਸੀ ਸੰਕਟ ਮੌਕੇ ਜਿੰਨਾ ਸਮਰਥਨ ਡਾ: ਮਨਮੋਹਨ ਸਿੰਘ ਨੇ ਬਾਦਲ ਨੂੰ ਦਿੱਤਾ ਇੰਨਾਂ ਵੀ ਅੱਜ ਤੱਕ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਦਿੱਤਾ ਹੋਵੇਗਾ। ਇਸ ਗੱਲ ਨੂੰ ਖ਼ੁਦ ਬਾਦਲ ਵੀ ਮੰਨਦਾ ਹੈ, ਪਰ ਇਸ ਦੇ ਬਾਵਯੂਦ ਉਸ ਦੀਆਂ ਨਜ਼ਰਾਂ ਵਿੱਚ, ਅਕਾਲ ਤਖ਼ਤ ’ਤੇ ਹਮਲਾ ਕਰਵਾਉਣ ਵਾਲਾ ਅਤੇ ਦੇਸ਼ ਦਾ ਗ੍ਰਹਿ ਮੰਤਰੀ ਹੁੰਦਿਆਂ ਸਰਕਾਰੀ ਏਜੰਸੀਆਂ ਤੋਂ ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਖੇ 36 ਸਿੱਖ ਕਤਲ ਕਰਵਾਉਣ ਵਾਲਾ ਲਾਲ ਕ੍ਰਿਸ਼ਨ ਅਡਵਾਨੀ ਉਸ ਲਈ ਵਧੀਆ ਪ੍ਰਧਾਨ ਮੰਤਰੀ ਹੋਣ ਦੀ ਆਸ ਹੈ। ਇਸੇ ਕਾਰਣ ਹਰ ਪੱਧਰ ’ਤੇ ਬਾਦਲ ਦਲ ਨੇ ਡਾ: ਮਨਮੋਹਨ ਸਿੰਘ ਦਾ ਵਿਰੋਧ ਅਤੇ ਅਡਵਾਨੀ ਦਾ ਸਮਰੱਥਨ ਕੀਤਾ ਹੈ ਅਤੇ ਕਰ ਰਿਹਾ ਹੈ। ਜੇ ਮਨਮੋਹਨ ਸਿੰਘ ਬਿਨਾ ਕਿਸੇ ਸਿਆਸੀ ਦੌਰੇ ਅਤੇ ਸਿਆਸੀ ਮੰਤਵ ਦੇ ਨਿਰੋਲ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਂਦਾ ਹੈ, ਅੱਧਾ ਘੰਟਾ ਬੈਠ ਕੇ ਕੀਰਤਨ ਵੀ ਸੁਣਦਾ ਹੈ, ਤਾਂ ਸਾਰੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਗੈਰ ਹਾਜਰ ਰਹਿੰਦਾ ਹੈ ਤੇ ਅਸਿੱਧੇ ਢੰਗ ਨਾਲ ਭਾਜਪਾ ਨਾਲ ਮਿਲੀ ਭੁਗਤ ਰਾਹੀਂ ਉਸ ਦਾ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਵੀ ਕਰਵਾ ਦਿੱਤਾ। ਪਰ ਜਦ ਅਡਵਾਨੀ ਆਉਂਦਾ ਹੈ, ਮੱਥਾ ਟੇਕਣ ਦੀ ਬਜ਼ਾਏ ਖੜ੍ਹਾ ਖੜ੍ਹਾ ਹੀ ਪੰਜ ਸੌ ਦਾ ਦਾ ਨੋਟ ਸੁੱਟ ਦਿੰਦਾ ਹੈ ਤਾਂ ਅਰਦਾਸੀਏ ਸਿੱਖ ’ਤੇ ਦਬਾਅ ਪਾਇਆ ਜਾਂਦਾ ਹੈ ਕਿ ਉਸ ਨੂੰ ਸਿਰੋਪਾ ਕਿਉਂ ਨਹੀਂ ਦਿੱਤਾ। ਸਮੁੱਚੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਫੁਲਾਂ ਦੇ ਗੁਲਦਸਤੇ ਫੜ ਕੇ ਉਸ ਦੇ ਸੁਆਗਤ ਲਈ ਖੜ੍ਹੇ ਹੁੰਦੇ ਹਨ।

ਸਿੱਖਾਂ ਦਾ ਕਾਤਲ ਸਾਬਕਾ ਡੀਜੀਪੀ ਕੇ.ਪੀ.ਐੱਸ. ਗਿੱਲ, ਪਰਮਜੀਤ ਸਿੰਘ ਸਰਨਾ ਦੇ ਪੁੱਤਰ ਦੇ ਵਿਆਹ ’ਤੇ ਆਉਂਦਾ ਹੈ (ਬੇਸ਼ੱਕ ਮੈਂ ਇਸ ਦੇ ਨਿੱਜੀ ਤੌਰ ’ਤੇ ਹੱਕ ਵਿੱਚ ਨਹੀਂ ਹਾਂ) ਤਾਂ ਸਰਨਾ ਪੰਥ ਦੇ ਕਾਤਲਾਂ ਨਾਲ ਮਿਲ ਗਿਆ ਪਰ ਜੇ ਆਲਮ ਸੈਨਾ ਬਣਾ ਕੇ ਸਿੱਖਾਂ ਦੇ ਕਤਲ ਕਰਵਾਉਣ ਵਾਲਾ ਸਾਬਕਾ ਐੱਸਐੱਸਪੀ ਇਜ਼ਹਾਰ ਆਲਮ ਨੂੰ ਬਾਦਲ, ਸੀਨੀਅਰ ਅਕਾਲੀ ਆਗੂਆਂ ਦਾ ਹੱਕ ਮਾਰ ਕੇ ਮਲੇਰ ਕੋਟਲਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਟਿਕਟ ਦਿੰਦਾ ਹੈ ਤਾਂ ਵੀ ਉਹ ਪੰਥਕ ਹੈ ਤੇ ਉਸ ਦੀ ਵਿਰੋਧਤਾ ਕਰਨ ਵਾਲਾ ਪੰਥ ਵਿਰੋਧੀ।

ਸਿੱਖੋਂ ਨੇ ਇੰਦਰਾ ਕਾ ਖ਼ੂਨ ਕੀਆ ਹੈ, ਖ਼ੂਨ ਕੇ ਛੀਂਟੇ ਉਨ ਕੇ ਘਰ ਤੱਕ ਪਹੁੰਚਨੇ ਚਾਹੀਏ’, ‘ਖ਼ੂਨ ਕਾ ਬਦਲਾ ਖ਼ੂਨ ਸੇ ਲੇਂਗੇ’ ਨਾਹਰੇ ਲਾਉਣ ਵਾਲਾ ਅਮਿਤਾਬ ਬਚਨ ਅੱਜ ਕਿਉਂਕਿ ਕਾਂਗਰਸ ਛੱਡ ਚੁੱਕਾ ਹੈ ਅਤੇ ਉਸ ਦੀ ਅਦਾਕਾਰੀ ਰਾਹੀਂ ਅਕਾਲੀ ਦਲ ਚੋਣਾਂ ਵਿੱਚ ਲਾਹਾ ਲੈਣਾ ਚਾਹ ਰਿਹਾ ਹੈ, ਇਸ ਲਈ ਉਸ ਨੂੰ ‘ਵਿਰਾਸਤ-ਏ-ਖ਼ਾਲਸਾ’ ਦੇ ਉਦਘਾਟਨ ਸਮੇਂ ਵੀ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਸਿੱਖਾਂ ਵਲੋਂ ਭਾਰੀ ਵਿਰੋਧ ਕਰਨ ’ਤੇ ਬੇਸ਼ੱਕ ੳਸ ਦਾ ਸੱਦਾ ਵਾਪਸ ਲੈਣਾ ਪਿਆ ਪਰ ਉਸ ਨੂੰ ਨਿਰਦੋਸ਼ ਘੋਸ਼ਿਤ ਕਰਨ ਲਈ ਬਹਾਨੇ ਲੱਭੇ ਜਾ ਰਹੇ ਹਨ। ਜਦ ਤੱਕ ਕੋਈ ਡੰਗ ਸਾਰੂ ਬਹਾਨਾ ਨਹੀਂ ਲਭਦਾ ਉਤਨੀ ਦੇਰ ਸਮੇਂ ਦੀ ਘਾਟ ਹੋਣ ਦਾ ਬਹਾਨਾ ਕਰਕੇ ਉਸ ਦੇ ਕੇਸ ’ਤੇ ਵੀਚਾਰ ਨਹੀ ਹੁੰਦੀ ਤੇ ਅਗਲੀ ਮੀਟਿੰਗ ਵਿੱਚ ਵੀਚਾਰਨ ਦਾ ਲਾਰਾ ਲਾ ਦਿੱਤਾ ਜਾਂਦਾ ਹੈ ਪਰ ਮੌਜੂਦਾ ਦੌਰ ਦੇ ਸਭ ਤੋਂ ਵਧੀਆ ਗੁਰਮਤਿ ਪ੍ਰਚਾਰਕ ਪ੍ਰੋ: ਧੂੰਦਾ ਨੂੰ ਸੰਮਨ ਭੇਜਣ ਤੋਂ ਪਹਿਲਾਂ ਹੀ ਮਿੰਟਾਂ ਵਿੱਚ ਉਸ ਨੂੰ ਸਜਾ ਵੀ ਸੁਣਾ ਦਿਤੀ। ਕਿਉਂਕਿ ਇਸ ਲਈ ਕਿਸੇ ਵੀਚਾਰ ਦੀ ਤਾਂ ਲੋੜ ਹੀ ਨਹੀਂ ਸੀ, ਸਿਰਫ ਮਾਲਕਾਂ ਦਾ ਹੁਕਮ ਹੀ ਪੜ੍ਹ ਕੇ ਸੁਣਾਉਣਾ ਸੀ। ਬਹਾਨਾ ਵੀ ਲਾਇਆ ਕਿ ਕਨੇਡਾ ਦੇ ਸਿੰਘਾਂ (ਅਸਲ ਵਿੱਚ ਸਾਜਸ਼ੀ ਗੁਰਚਰਨਜੀਤ ਸਿੰਘ ਲਾਂਬਾ ਅਤੇ ਰੀਤਇੰਦਰ ਸਿੰਘ) ਦੇ ਮਨਾ ਨੂੰ ਬੜੀ ਠੇਸ ਪਹੁੰਚੀ ਹੈ। ਪਰ ਕਨੇਡਾ ਦੇ ਹਜਾਰਾਂ ਸਿੱਖ ਜਿਹੜੇ ਉਸ ਨੂੰ ਗੋਲਡ ਮੈਡਲਾਂ ਨਾਲ ਸਨਮਾਨਤ ਕਰ ਰਹੇ ਹਨ ਤੇ ਇਨ੍ਹਾਂ ਪੁਜਾਰੀਆਂ ਦੇ ਕੂੜਨਾਮੇ ਦੇ ਬਾਵਯੂਦ ਉਸ ਦੇ ਲਗਾਤਾਰ ਸਮਾਗਮ ਕਰਵਾ ਰਹੇ ਹਨ, ਉਨ੍ਹਾਂ ਦੇ ਮਨਾਂ ਦਾ ਇਨ੍ਹਾਂ ਨੂੰ ਬਿਲਕੁਲ ਹੀ ਖ਼ਿਆਲ ਨਹੀਂ ਹੈ।

ਜੇ ਮੱਕੜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਹੋ ਰਹੇ ਗੁਰਬਾਣੀ ਦੇ ਪ੍ਰਚਾਰ ਨੂੰ ਕੂੜ ਪ੍ਰਚਾਰ ਦੱਸਦਾ ਹੈ ਤਾਂ ਉਸ ਲਈ ਕੋਈ ਸਜਾ ਨਹੀਂ ਪਰ ਜੇ ਪ੍ਰੋ: ਧੂੰਦਾ ਕਹਿੰਦਾ ਹੈ ਕਿ ਜਿਸ ਘਰ ਵਿੱਚ ਅਸੀਂ ਪਹਿਲਾਂ ਗੁਰੂ ਗੰ੍ਰਥ ਸਾਹਿਬ ਜੀ ਦੇ ਅਖੰਡਪਾਠ ਕਰਵਾਈਏ ਫਿਰ ਉਸੇ ਹੀ ਸਥਾਨ ਤੇ ਸ਼ਰਾਬਾਂ ਦੇ ਦੌਰ ਚੱਲਣ, ਨਾਚ ਗਾਣੇ ਹੋਣ, ਸਾਡੇ ਰਾਗੀ ਗੁਰੂ ਦਰਬਾਰ ਵਿੱਚ ਉਹ ਰਚਨਾਵਾਂ ਪੜ੍ਹਨ ਜਿਹੜੀਆਂ ਨਾਚ ਮੁਜਰਿਆਂ ਨਾਲੋਂ ਵੀ ਇਤਰਾਜਯੋਗ ਹੋਣ ਤਾਂ ਕੀ ਅਸੀਂ ਮੱਸਾ ਰੰਘੜ ਨਾਲੋਂ ਘੱਟ ਹਾਂ। ਤਾਂ ਬਿਨਾਂ ਉਨ੍ਹਾਂ ਦੀ ਗੱਲ ਸਣਿਆਂ ਜਾਂ ਪੂਰੀ ਸੀਡੀ ਸੁਣਿਆਂ ਹੀ ਉਨ੍ਹਾਂ ਦੇ ਪ੍ਰਚਾਰ ’ਤੇ ਪਬੰਦੀ ਲਾ ਦਿੱਤੀ ਗਈ ਹੈ। ਪਾਬੰਦੀ ਲਾਉਣ ਵਾਲੇ ਅਖੌਤੀ ਪੰਜ ਸਿੰਘ ਸਾਹਿਬਾਨਾਂ ਵਿੱਚ ਵੀ ਦੋ ਜਣੇ ਉਹ ਹਨ ਜੋ ਅਕਾਲ ਤਖ਼ਤ ਤੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਤੋਂ ਪੂਰੀ ਤਰ੍ਹਾਂ ਬਾਗੀ ਹਨ। ਇਕ ਮਹਾਂ ਪੁਜਾਰੀ ਉਹ ਹੈ ਜੋ ਹੁਣੇ ਹੁਣੇ ਹੀ ਗੁਰਮਤਿ ਵਿਰੋਧੀ ਬਿਆਨ ਦੇ ਕੇ ਹਟਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ 2016 ਵਿੱਚ ਮੁੜ ਜਨਮ ਲੈਣਗੇ। ਇਸ ਸਬੰਧੀ 30 ਦਸੰਬਰ ਨੂੰ ਹੀ ਕਾਨਪੁਰ ਦੇ ਜਾਗਰੂਕ ਸਿੱਖਾਂ ਨਾਲ ਪ੍ਰਧਾਨ ਮੱਕੜ ਵਾਅਦਾ ਕਰਕੇ ਆਇਆ ਸੀ ਕਿ ਬਾਕੀ ਪੰਜ ਸਿੰਘ ਸਾਹਿਬਾਨਾ ਨਾਲ ਵੀਚਾਰ ਕਰਕੇ ੳਸ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ। ਪਰ ਹੈਰਾਨੀ ਹੈ ਕਿ ਪੁਜਾਰੀਆਂ ਵਾਂਗ ਝੂਠੀਆਂ ਅਫਵਾਹਾਂ ਫੈਲਾਉਣ ਵਾਲਾ ਉਹੀ ਮਹਾਂ ਪੁਜਾਰੀ, ਗੁਰਮਤਿ ਦੇ ਮਹਾਨ ਪ੍ਰਚਾਰਕ ਪ੍ਰੋ: ਧੂੰਦਾ ਨੂੰ ਸਜਾ ਸੁਣਾਉਣ ਵਾਲਿਆਂ ਵਿੱਚ ਖੁਦ ਹਾਜਰ ਸੀ ਤੇ ਸ਼ਾਇਦ ਸਭ ਤੋਂ ਵੱਧ ਰੋਲ ਉਸ ਨੇ ਹੀ ਨਿਭਾਇਆ ਹੋਵੇ।

ਪੰਥਕ ਹੋਣ ਦੀ ਸਭ ਤੋਂ ਵੱਡੀ ਕਸੌਟੀ ਹੀ ਇਹ ਮਿਥ ਲਈ ਗਈ ਹੈ ਕਿ ਜਿਹੜਾ ਵੀ ਬ੍ਰਹਮਣੀ ਯੰਤਰੀ ਨੂੰ ਮਾਣਤਾ ਦੇਣ ਲਈ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਅਤੇ ਬਚਿੱਤਰ ਨਾਟਕ ਨਾਮੀ ਪੁਸਤਕ ਨੂੰ ਪੂਰੀ ਦੀ ਪੂਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਦਾ ਹੈ ਉਹ ਪੰਥ ਹਿਤੈਸ਼ੀ ਹੈ ਪਰ ਜਿਹੜਾ ਨਹੀਂ ਮੰਨਦਾ ਉਹ ਪੰਥ ਦੋਖੀ ਹੈ। ਇਹ ਗੱਲ ਤਿੰਨ ਜਨਵਰੀ ਦੀ ਉਸੇ ਮੀਟਿੰਗ ਵਿੱਚ ਉਸ ਸਮੇ ਸਾਹਮਣੇ ਆਈ ਜਿਸ ਸਮੇਂ ਪੰਜਾਬ ਤੋਂ ਬਾਹਰ ਦੇ ਇੱਕ ਮਹਾਂ ਪੁਜਾਰੀ ਨੇ ਇਟਲੀ ਨਿਵਾਸੀ ਹਰਵੰਤ ਸਿੰਘ ਦਾਦੂਵਾਲ ਨਾਲ ਨਰਮੀ ਵਰਤਣ ਦਾ ਇਸ ਬਿਨਾਅ ’ਤੇ ਸੁਝਾਉ ਦਿੱਤਾ ਕਿਉਂਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਦਾ ਹਮਾਇਤੀ ਹੈ। ਇਸ ਸੁਝਾਉ ਦਾ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀ ਜਥੇਦਾਰ ਬਲਵੰਤ ਸਿੰਘ ਨੰਦਗ੍ਹੜ ਵਲੋਂ ਵਿਰੋਧ ਕਰਨ ’ਤੇ ਗੱਲ ਕਿਰਪਾਨਾਂ ਖਿੱਚਣ ਤੇ ਹੱਥੋਪਾਈ ਹੋਣ ਤੱਕ ਵੀ ਪਹੁੰਚ ਗਈ ਸੀ। ਜਥੇਦਾਰਾਂ ਦੀ ਇਸ ਲੜਾਈ ਨੇ ਮੱਕੜ ਦੇ ਉਸ ਦਾਅਵੇ ਦੀ ਵੀ ਫੂਕ ਕੱਢ ਦਿੱਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਨਾਲ ਪੰਜੇ ਤਖ਼ਤਾਂ ਵਿੱਚ ਏਕਤਾ ਹੋ ਗਈ ਹੈ।

ਇਸੇ ਕਾਰਣ ਬਹੁਤ ਸਾਰੇ ਲੇਖਕਾਂ ਨੇ ਪ੍ਰੋ: ਧੂੰਦਾ ਵਿਰੁੱਧ ਜਾਰੀ ਹੋਏ ਇਸ ਕੂੜਨਾਮੇ ਦੀ ਭਰਵੀਂ ਅਲੋਚਨਾ ਕਰਦੇ ਹੋਏ ਇਸ ਨੂੰ ਉਸੇ ਤਰ੍ਹਾਂ ਅਤੇ ਪੂਰੀ ਤਰ੍ਹਾਂ ਨਕਾਰਨ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਇਆ ਕੂੜਨਾਮਾ ਜਾਗਰੂਕ ਸੰਗਤਾਂ ਨੇ ਰੱਦ ਕਰ ਦਿੱਤਾ ਸੀ। ਮੈਨੂੰ ਪੂਰੀ ਤਰ੍ਹਾਂ ਉਮੀਦ ਹੈ ਕਿ ਪ੍ਰੋ: ਧੂੰਦੇ ਵਿਰੁੱਧ ਜਾਰੀ ਹੋਏ ਕੂੜਨਾਮੇ ਦਾ ਵਿਰੋਧ ਪ੍ਰੋ: ਦਰਸ਼ਨ ਸਿੰਘ ਦੇ ਕੇਸ ਨਾਲੋਂ ਵੀ ਵੱਧ ਹੋਵੇ ਕਿਉਂਕਿ ਹੁਣ ਸੰਗਤਾਂ ਪਹਿਲਾਂ ਨਾਲੋਂ ਕਾਫੀ ਜਾਗਰੂਕ ਹੋ ਚੁੱਕੀਆਂ ਹਨ। ਇਸ ਦਾ ਪਹਿਲਾ ਹੀ ਸੰਕੇਤ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਕਨੇਡਾ) ਦੇ ਮੁੱਖ ਸੇਵਾਦਾਰ ਸ: ਗਿਆਨ ਸਿੰਘ ਦਾ ਬਿਆਨ ਹੈ ਜਿਸ ਵਿੱਚ ਉਨ੍ਹਾਂ ਪ੍ਰਤੀਕਰਮ ਦਿੰਦਿਆਂ ਕਿਹਾ ਕਿ ‘ਅਸੀਂ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨ ਦਾ ਸਤਿਕਾਰ ਕੀਤਾ ਹੈ ਪਰ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਸਮੁੱਚੇ ਸੇਵਾਦਾਰਾਂ ਦਾ ਫੈਸਲਾ ਹੈ ਕਿ ਉਲੀਕੇ ਗਏ ਪ੍ਰੋਗਰਾਮ ਮੁਤਾਬਿਕ ਹੀ ਪ੍ਰੋ ਸਰਬਜੀਤ ਸਿੰਘ ਧੂੰਦਾ ਦੇ ਦੀਵਾਨ ਲੱਗਣਗੇ।’ ਉਨ੍ਹਾਂ ਕਿਹਾ ਹੈ ਕਿ ਜੇਕਰ ਪ੍ਰੋ. ਧੂੰਦਾ ਦੇ ਦੀਵਾਨ ਲਗਾਉਣ ਕਾਰਨ ਉਨ੍ਹਾਂ ਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ੀ ਹੁੰਦੀ ਹੈ ਤਾਂ ਉਹ ਇੱਕ ਨਿਮਾਣੇ ਸਿੱਖ ਵਜੋਂ ਹਰ ਹਾਲ ਅਕਾਲ ਤਖਤ 'ਤੇ ਪੇਸ਼ ਹੋਣਗੇ। ਇਸੇ ਤਰ੍ਹਾਂ ਐਬਟਸਫੋਰਡ ਦੀ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਪ੍ਰਬੰਧਕਾਂ ਨੇ ਵੀ ਪ੍ਰੋ. ਧੂੰਦਾ ਦੇ ਦੀਵਾਨ ਨਿਰਵਿਘਨ ਚਲਾਉਣ ਦਾ ਫੈਸਲਾ ਕੀਤਾ ਹੈ।

ਬਹੁਤ ਸਾਰੇ ਸੁਹਿਰਦ ਵੀਰ, ਅਕਾਲ ਤਖ਼ਤ ਦੇ ਜਥੇਦਾਰ ਅਤੇ ਇਨ੍ਹਾਂ ਦੇ ਨੱਕ ਦੀ ਨਕੇਲ ਆਪਣੇ ਹੱਥ ਵਿੱਚ ਫੜਨ ਵਾਲੇ ਸਿਆਸਤਦਾਨਾਂ ਦੀ ਭਾਰੀ ਅਲੋਚਨਾ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਅਪੀਲਾਂ ਵੀ ਕਰ ਰਹੇ ਹਨ ਕਿ ਆਪਣੇ ਫੈਸਲੇ ’ਤੇ ਮੁੜ ਵੀਚਾਰ ਕਰਨ। ਪਰ ਮੇਰੀ ਉਨ੍ਹਾਂ ਸਾਰੇ ਵੀਰਾਂ ਨੂੰ ਅਪੀਲ ਹੈ ਕਿ ਹੁਣ ਹਾਲਤ ਇਹ ਹੈ ਕਿ ਨਾ ਤਾਂ ਲੇਖ ਲਿਖਣ ਨਾਲ ਮਾਮਲਾ ਹੱਲ ਹੋਣਾ ਹੈ, ਨਾਂ ਹੀ ਅਕਾਲ ਤਖ਼ਤ ਦਾ ਨਾ ਵਰਤਣ ਵਾਲੇ ਉਨ੍ਹਾਂ ਪੁਜਾਰੀਆਂ ਅਤੇ ਸਿਆਸਤਦਾਨਾਂ, ਜਿਨ੍ਹਾਂ ਦੀ ਹਾਲਤ ‘ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥’ (ਗਉੜੀ ਕੀ ਵਾਰ, ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 313) ਵਾਲੀ ਬਣੀ ਪਈ ਹੈ, ਉਨ੍ਹਾਂ ਨੂੰ ਅਪੀਲਾਂ ਕਰਨ ਦਾ ਕੋਈ ਫਾਇਦਾ ਹੈ ਅਤੇ ਨਾ ਹੀ ਕੇਵਲ ਉਨ੍ਹਾਂ ਨੂੰ ਕੋਸਣ ਨਾਲ ਕੋਈ ਲਾਭ ਹੋ ਸਕਦਾ ਹੈ। ਇਸ ਦਾ ਇੱਕ ਹੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਕਨੇਡਾ ਦੇ ਸਿੱਖਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਗੁਰਦੁਆਰੇ ਵਿਚ ਇਹ ਕਹਿ ਕੇ ਬੋਲਣ ਤੋਂ ਰੋਕ ਦਿੱਤਾ ਸੀ ਕਿ ਜਿੰਨਾ ਚਿਰ ਉਹ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਉਨ੍ਹਾਂ ਨੂੰ ਬੋਲਣ ਨਹੀਂ ਦਿਤਾ ਜਾਵੇਗਾ। ਅਤੇ ਜਿਸ ਤਰ੍ਹਾਂ ਕਾਨਪੁਰ ਦੇ ਸਿੱਖਾਂ ਨੇ 30-31 ਦਸੰਬਰ ਨੂੰ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਜਵਾਬ ਤਲਬੀ ਕਰਦਿਆਂ ਝਾੜ ਝੰਬ ਕੀਤੀ ਸੀ। ਪਰ ਪੰਜਾਬ ਤੋਂ ਬਾਹਰ ਇਨ੍ਹਾਂ ਦੀ ਜੋ ਮਰਜੀ ਝਾੜ ਝੰਬ ਹੁੰਦੀ ਰਹੇ, ਜਿਨ੍ਹਾਂ ਚਿਰ ਪੰਜਾਬ ਦੇ ਸਿੱਖ, ਜਿਨ੍ਹਾਂ ਦੀਆਂ ਵੋਟਾਂ ਨਾਲ ਇਹ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ’ਤੇ ਕਾਬਜ਼ ਹੁੰਦੇ ਹਨ, ਖੜ੍ਹੇ ਨਹੀਂ ਹੁੰਦੇ ਉਤਨੀ ਦੇਰ ਇਨ੍ਹਾਂ ਦੇ ਕੰਨਾਂ ’ਤੇ ਕੋਈ ਜੂੰ ਨਹੀਂ ਸਰਕੇਗੀ...

ਮੇਰੇ ਮਨ ਵਿੱਚ ਜੋ ਦੂਸਰਾ ਖਿਆਲ ਆਉਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਵੀ ਪੂਰੀ ਪੂਰੀ ਸੰਭਾਵਨਾ ਬਣੀ ਰਹੇਗੀ ਜਿਸ ਨੂੰ ਇਹ ਚਲਾਕ ਸਿਆਸਤਨ ਆਪਣੇ ਲਈ ਵਰਤ ਸਕਦੇ ਹਨ। ਇਸ ਲਈ ਇੱਕੋ ਇੱਕ ਢੰਗ ਇਹ ਹੈ, ਕਿ ਇਹ ਜੋ ਕਾਰੇ ਕਰ ਰਹੇ ਹਨ, ਉਸ ਪਿੱਛੇ ਇਨ੍ਹਾਂ ਦੀ ਇੱਕੋ ਇੱਕ ਭਾਵਨਾ ਹੈ ਗੈਰ ਸਿੱਖਾਂ ਅਤੇ ਸਿੱਖ ਵਿਰੋਧੀਆਂ ਦੀਆਂ ਵੋਟਾਂ ਪ੍ਰਾਪਤ ਕਰ ਕੇ ਰਾਜ ਸਤਾ ਹਾਸਲ ਕਰਨਾ। ਇਸ ਲਈ ਜਾਗਰੂਕ ਸਿੱਖਾਂ ਨੂੰ ਇਹ ਅਹਿਦ ਕਰ ਲੈਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਅੰਨਾ ਹਜਾਰੇ ਨੇ ਕਾਂਗਰਸ ਨੂੰ ਵਖ਼ਤ ਪਾਇਆ ਹੈ, ਕਿ ਜੇ ਉਨ੍ਹਾਂ ਜਨ ਲੋਕਪਾਲ ਬਿੱਲ ਪਾਸ ਨਾ ਕੀਤਾ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਹਰਾਉਣ ਲਈ ਪ੍ਰਚਾਰ ਕਰਨਗੇ, ਉਸੇ ਤਰ੍ਹਾਂ ਜਾਗਰੂਕ ਸਿੱਖਾਂ ਨੂੰ ਪੰਜਾਬ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਚੁਣੌਤੀ ਦੇ ਦੇਣੀ ਚਾਹੀਦੀ ਹੈ ਕਿ ਜੇ ਉਨ੍ਹਾਂ ਗੁਰਮਤਿ ਦੇ ਪ੍ਰਚਾਰਕਾਂ ਦਾ ਪ੍ਰਚਾਰ ਬੰਦ ਕਰਵਾਉਣ ਲਈ ਪਾਵਨ ਅਕਾਲ ਤਖ਼ਤ ਦੀ ਦੁਰਵਰਤੋਂ ਚਾਲੂ ਰੱਖੀ, ਹੁਣ ਤੱਕ ਗਲਤ ਤੌਰ ’ਤੇ ਛੇਕੇ ਗਏ ਸਾਰੇ ਗੁਰਮਤਿ ਦੇ ਪ੍ਰਚਾਰਕਾਂ ਲੇਖਕਾਂ ਵਿਰੁੱਧ ਕੀਤੇ ਕੂੜਨਾਮੇ ਵਾਪਸ ਨਹੀਂ ਲਏ ਜਾਂਦੇ ਅਤੇ ਅੱਗੇ ਤੋਂ ਸਿਆਸਤਦਾਨਾਂ ਦੇ ਇਸ਼ਾਰੇ ’ਤੇ ਕੋਈ ਵੀ ਹੁਕਮਨਾਮਾ ਉਸ ਸਮੇਂ ਤੱਕ ਜਾਰੀ ਨਾ ਕਰਨ ਦਾ ਵਾਅਦਾ ਨਹੀਂ ਦਿੱਤਾ ਜਾਂਦਾ, ਜਿੰਨੀ ਦੇਰ ਤੱਕ ਉਸ ਦੀ ਗੁਰਬਾਣੀ ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਪੂਰੀ ਘੋਖ ਪੜਤਾਲ ਕਰਕੇ ਉਸ ਨੂੰ ਜਰੂਰੀ ਨਹੀਂ ਸਮਝਿਆ ਜਾਂਦਾ। ਜੇ ਸਾਡੀਆਂ ਇਹ ਮੰਗ ਸਤਾ ਦੇ ਨਸ਼ੇ ’ਚ ਗੜੁੱਚ ਸਿਆਸਤਦਾਨ ਤੇ ਉਨ੍ਹਾਂ ਵਲੋਂ ਨਿਯੁਕਤ ਕੀਤੇ ਅਖੌਤੀ ਜਥੇਦਾਰ ਨਹੀਂ ਮੰਨਦੇ ਤਾਂ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਹਰਾਉਣ ਲਈ ਕੰਮ ਕਰਨ ਦਾ ਅਹਿਦ ਲਿਆ ਜਾਵੇ। ਪਿੰਡ ਪਿੰਡ ਜਾ ਕੇ ਪ੍ਰੋ: ਧੂੰਦਾ ਦੀ ਉਹ ਅਸਲ ਸੀਡੀ ਵਿਖਾਈ ਜਾਵੇ ਤੇ ਵੰਡੀ ਜਾਵੇ, ਜਿਸ ਦਾ ਕੇਵਲ .001 ਹਿੱਸਾ ਵਿਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਪ੍ਰਚਾਰ ’ਤੇ ਪਾਬੰਦੀ ਲਵਾਉਣ ਵਿਚ ਸਫਲਤਾ ਪ੍ਰਾਪਤ ਕਰ ਲਈ ਹੈ। ਇਹ ਸੀਡੀ ਵਿਖਾ ਕਿ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾ ਕੇ ਸਮਝਾਇਆ ਜਾਵੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਰੂਪੀ ਵਾੜ ਸਿੱਖੀ ਰੂਪੀ ਫਸਲ ਨੂੰ ਹੀ ਖਾਣ ਲੱਗ ਪਈ ਹੈ ਤੇ ਇਸ ਦੀ ਗੋਡੀ ਕਰ ਰਹੇ ਗੁਰਮਤਿ ਪ੍ਰਚਾਰਕਾਂ ਦੇ ਪੈਰਾਂ ਵਿੱਚ ਕੰਡੇ ਖਿਲਾਰ ਰਹੀ ਹੈ, ਉਸ ਨੂੰ ਪੁੱਟ ਕੇ ਸਾੜ ਦੇਣ ਵਿੱਚ ਹੀ ਭਲਾ ਹੈ।

ਮੈਂ ਇਕ ਹੋਰ ਸਚਾਈ ਦੱਸਣ ਤੋਂ ਵੀ ਸੰਕੋਚ ਨਹੀਂ ਕਰਾਂਗਾ ਕਿ ਇਹ ਨੁਸਖ਼ਾ ਕੇਵਲ ਪੰਜਾਬ ਵਿੱਚ ਹੀ ਵਰਤਿਆ ਜਾ ਸਕਦਾ ਹੈ ਪਰ ਪੰਜਾਬ ਦੇ ਸਿੱਖ, ਕੁਝ ਸਤਾ ਦੇ ਨਸ਼ੇ ਵਿੱਚ ਤੇ ਕੁਝ ਕੁ ਸ਼ਰਾਬ ਭੁੱਕੀ ਸਮੈਕ ਆਦਿ ਦੇ ਨਸ਼ਿਆਂ ਵਿੱਚ ਗਰਕ ਹੋ ਗਏ ਹਨ। ਕੁਝ ਕਿਸਾਨ ਭਰਾ ਸਰਕਾਰੀ ਨੀਤੀਆਂ ਕਾਰਣ ਕਰਜਈ ਹੋਏ ਖੁਦਕਸ਼ੀਆਂ ਕਰਨ ਦੇ ਰਾਹ ਪਏ ਹੋਏ ਹਨ ਤੇ ਵੱਡੀ ਗਿਣਤੀ ਸਿੱਖ ਵਿਰੋਧੀ ਡੇਰਿਆਂ ਦੇ ਸ਼ਰਧਾਲੂ ਬਣ ਚੁੱਕੇ ਹਨ। ਪੰਜਾਬ ਦੇ ਜਾਗਰੂਕ ਸਿੱਖ ਜੋ ਥ੍ਹੋੜੇ ਬਹੁਤ ਹਨ, ਉਨ੍ਹਾਂ ਦੇ ਡੇਰੇਵਾਦੀ; ਸ਼੍ਰੋਮਣੀ ਕਮੇਟੀ; ਲੋਕਲ ਗੁਰਦੁਆਰਾ ਪ੍ਰਬੰਧਕ; ਸਰਕਾਰ ਸਾਰੇ ਦੇ ਸਾਰੇ ਵਿਰੋਧੀ ਹੋਣ ਕਰਕੇ ਉਹ ਬੇਵੱਸ ਹਨ। ਇਸ ਲਈ ਜੇ ਬਾਹਰ ਦੇ ਜਾਗਰੂਕ ਸਿੱਖ ਕੇਵਲ ਪੰਜਾਬ ਦੇ ਸਿੱਖਾਂ ਤੋਂ ਉਮੀਦ ਰੱਖਣਗੇ ਤਾਂ ਸਿੱਖੀ ਦੀ ਹੋਂਦ ਬਚਾਉਣੀ ਅਸੰਭਵ ਹੀ ਜਾਪਦੀ ਹੈ। ਇਸ ਲਈ ਵਿਦੇਸ਼ੀ ਸਿੱਖਾਂ ਨੂੰ ਅਪੀਲ ਹੈ ਕਿ ਅਕਾਲ ਪੁਰਖ ਨੇ ਉਨ੍ਹਾਂ ਨੂੰ ਚੰਗੀ ਧੰਨ ਦੌਲਤ ਦੀ ਬਖਸ਼ਸ਼ ਕੀਤੀ ਹੈ ਇਸ ਲਈ ਉਹ ਉਹ ਆਪਣਾ ਦਸਵੰਧ ਪੰਜਾਬ ਦੀਆਂ ਚੋਣਾਂ ਵਿਚ ਅੰਨਾ ਹਜਾਰੇ ਵਰਗੀ ਮੁਹਿੰਮ ਚਲਾਉਣ ਲਈ ਦਿਲ ਖੋਲ੍ਹ ਕੇ ਦੇਣ। ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਸਿੱਖ ਪੰਜਾਬ ਦੇ ਪਿੰਡਾਂ ਵਿੱਚ ਸਿੱਖਾਂ ਨੂੰ ਜਗਾਉਣ ਲਈ ਜਥੇ ਬਣਾ ਕੇ ਸਮਾਂ ਕੱਢ ਕੇ ਆਉਣ। ਬਾਬਾ ਸੀਚੇਵਾਲ ਕੇਵਲ ਦਰਿਆਵਾਂ ਦੇ ਪਾਣੀ ਦਾ ਪ੍ਰਦੂਸ਼ਨ ਦੂਰ ਕਰਨ ਵਿੱਚ ਹੀ ਨਾ ਲੱਗੇ ਰਹਿਣ ਸਗੋਂ ਸਿੱਖ ਧਰਮ ਤੇ ਸਿਆਸਤ ਵਿੱਚ ਫੈਲੇ ਵੱਡੇ ਪੱਧਰ ਦੇ ਪ੍ਰਦੂਸ਼ਨ ਨੂੰ ਦੂਰ ਕਰਨ ਲਈ ਵੀ ਅੱਗੇ ਆਉਣ। ਇੱਕ ਵਾਰ ਪੰਜਾਬ ਦੇ ਸਿੱਖ ਜਾਗ ਪਏ ਤਾਂ ਹੋ ਸਕਦਾ ਹੈ ਕਿ ਇਹ ਸਭ ਤੋਂ ਅੱਗੇ ਨਿਕਲ ਜਾਣ। ਜਿਨ੍ਹਾਂ ਚਿਰ ਸਿੱਖਾਂ ਦੀ ਜਨਮ ਭੂਮੀ ਪੰਜਾਬ ਦੇ ਸਿੱਖ ਨਹੀਂ ਜਾਗਦੇ ਉਨਾਂ ਚਿਰ ਸਿੱਖੀ ਦਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਇਹ ਕਾਰਵਾਈ ਕਰਨ ਲਈ ਪਹਿਲਾ ਮੌਕਾ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਖੁੰਝਾ ਚੁੱਕੇ ਹਾਂ ਹੁਣ ਆਪਣੇ ਕੋਲ 30 ਜਨਵਰੀ ਤੱਕ ਕੇਵਲ 25 ਦਿਨ ਬਾਕੀ ਹਨ ਇਸ ਲਈ ਇਹ ਕੰਮ ਫੌਰੀ ਤੌਰ ’ਤੇ ਕਰਨ ਵਾਲਾ ਹੈ। ਸਲਾਹਾਂ ਕਰਨ ਨਾਲ, ਲੇਖ ਲਿਖਣ ਨਾਲ ਜਾਂ ਕੇਵਲ ਸਿਸਟਮ ਨੂੰ ਕੋਸਣ ਨਾਲ ਕੁਝ ਨਹੀਂ ਬਣਨਾ।

ਮਿਸ਼ਨ ਖ਼ਾਲਸਾ ਕੈਨੇਡਾ ਦੇ ਸੇਵਾਦਾਰ ਨੇ ਬੜਾ ਸੋਹਣਾ ਲਿਖਿਆ ਹੈ: ਯਾਦ ਰੱਖਿਓ, ਕਿ ਅਜੋਕੇ ਸਮੇਂ ਦਾ;
ਮੱਸਾ ਰੰਗੜ
= ਬਾਦਲ
ਕੰਜਰੀਆਂ = ਅਖੌਤੀ ਜਥੇਦਾਰ (ਨੰਦਗੜ ਤੋਂ ਛੁੱਟ), ਜਿਹੜੇ ਬਾਦਲ ਦੇ ਈਸ਼ਾਰੇ ’ਤੇ ਨਚਦੇ ਹਨ
ਸ਼ਰਾਬ = ਇਹਨਾਂ ਨੂੰ ਰੁਤਬੇ ਦਾ ਨਸ਼ਾ
ਦੱਲਾ = ਮੱਕੜ
ਮੁਜਰੇ ਵਾਲੀ ਸੰਗੀਤ ਟੋਲੀ = ਅਖੌਤੀ ਸੰਤ ਸਮਾਜ

ਜੇ ਅੱਜ ਕੋਈ ਪਾਤਰ ਇਸ ਵਿੱਚੋਂ ਗਾਇਬ (Missing) ਹਨ, ਤਾਂ ਆਪਣੇ ਗੁਰੂ ਦੀ ਪੱਤ ਨੂੰ ਹੱਥ ਪਾਉਣ ਵਾਲਿਆਂ ਨੂੰ ਸੋਧਣ ਵਾਲੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ! ਮਾਰਿਉ ਨਿਗ੍ਹਾ ਆਪਣੇ ਅੰਦਰ ਕਿ ਅੱਜ ਤੁਹਾਨੂੰ ਅਮ੍ਰਿੰਤਸਰ ਤੋਂ ਸੁਨੇਹਾ ਆਇਆ ਹੈ…

ਕਿਰਪਾਲ ਸਿੰਘ ਬਠਿੰਡਾ
(ਮੋਬ:)+91 98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top