Share on Facebook

Main News Page

ਧਾਰਮਿਕ ਸਲਾਹਕਾਰ ਕਮੇਟੀ ਅਤੇ ਸਹਿਜਧਾਰੀ

ਪਿਛੱਲੇ ਦਿਨਾਂ ‘ਸਹਿਜਧਾਰੀ ਵੋਟਾਂ’ ਬਾਰੇ ਅਦਾਲਤ ਦੇ ਫ਼ੈਸਲੇ ਬਾਰੇ ਪੜਨ ਨੂੰ ਮਿਲੀਆ। ਦਾਸ ਦੀ ਇਸ ਵਿਸ਼ੇ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਪਰ ਜਿਗਿਆਸਾ ਵੱਸ ਥੋੜੀ ਪੜਤਾਲ ਕਰਨ ਉਪਰੰਤ ਪਤਾ ਚਲਿਆ ਕਿ ਸਹਿਜਧਾਰੀ ਮਾਮਲਾ 1900 ਦੇ ਆਰੰਭਕ ਦਹਾਕਿਆਂ ਵਿਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ‘ਧਾਰਮਕ ਸਲਾਹਕਾਰ ਕਮੇਟੀ’ ਦੇ ਮਤਿਆਂ ਵਿਚ ਵੀ ਵਿਚਾਰਿਆ ਗਿਆ ਸੀ। ਦਾਸ ਇਸ ਸੰਧਰਭ ਨਾਲ ਜੁੜੇ ਦੋ ਹਵਾਲੇ ਇੱਥੇ ਦੇ ਰਿਹਾ ਹੈ ਤਾਂ ਕਿ ਇਸ ਵਿਸ਼ੇ ਨਾਲ ਜੁੜੇ ਪੱਖ ਇਨ੍ਹਾਂ ਬਾਰੇ ਵਿਚਾਰ ਕਰ ਸਕਣ।

ਧਾਰਮਕ ਸਲਾਹਕਾਰ ਕਮੇਟੀ ਦੀ ਚੋਥੀ ਇਕੱਤਰਤਾ ਮਿਤੀ 11.05.1938 ਨੂੰ ਸ਼ਾਮ ਦੇ 5.30 ਵਜੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ’ ਵਿੱਖੇ ਆਰੰਭ ਹੋਈ ਸੀ ਜਿਸ ਵਿਚ ਹੇਠ ਲਿਖੇ ਮੇਂਬਰ ਸਾਹਿਬਾਨ ਮੋਜੂਦ ਸਨ:

  1. ਪ੍ਰੋ. ਤੇਜਾ ਸਿੰਘ ਜੀ ਐਮ.ਏ.,
  2. ਸ੍ਰ. ਜੋਧ ਸਿੰਘ ਜੀ ਐਮ ਏ.,
  3. ਜਥੇਦਾਰ ਮੋਹਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ
  4. ਭਾਈ ਸਾਹਿਬ ਭਾਈ ਲਾਭ ਸਿੰਘ ਜੀ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ

ਇਸ ਮੀਟਿੰਗ ਵਿਚ ਸਾਹਿਜਧਾਰੀ ਵਿਸ਼ੇ ਬਾਰੇ ਹੋਈ ਕਾਰਵਾਈ ਇੰਝ ਦਰਜ ਹੋਈ:

ਸਹਿਜਧਾਰੀ ਸਿੱਖ ਦੇ ਲੱਛਣ

“ਸਹਿਜਧਾਰੀ ਸਿੱਖ ਦੇ ਗੁਣਾਂ ਸਬੰਧੀ ਮਾਮਲਾ ਪੇਸ਼ ਹੋ ਕੇ ਵਿਚਾਰ ਉਪਰੰਤ ਪ੍ਰਵਾਨ ਹੋਇਆ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿਚ ਹਰ ਇਕ ਸਹਿਜਧਾਰੀ ਸਿੱਖ ਵਿਚ ਹੇਠ ਲਿਖੇ ਗੁਣ ਹੋਣੇ ਜ਼ਰੂਰੀ ਹਨ:

  1. ਦਾੜੀ ਰੱਖੇ
  2. ਕੇਸਾਂ ਨੂੰ ਉਸਤਰਾ ਨਾ ਲਾਵੇ
  3. ਆਪਣੀ ਔਲਾਦ ਵਿਚ ਕਿਸੇ ਨਾ ਕਿਸੇ ਨੂੰ ਸਿੰਘ ਜ਼ਰੂਰ ਸਜਾਵੇ
  4. ਸਾਰੇ ਸੰਸਕਾਰ ਗੁਰਮਤਿ ਅਨੁਸਾਰ ਕਰਦਾ ਹੋਵੇ
  5. ਤੰਬਾਕੂ ਨਾ ਪੀਵੇ

12.05.1938 ਸਹੀ/- ਹਰਨਾਮ ਸਿੰਘ
ਆਫ਼ੀਸ਼ੀਏਟਿਂਗ ਸਕੱਤਰ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ

ਸਹਿਜਧਾਰੀ ਵਿਸ਼ਾ ਧਾਰਮਿਕ ਸਲਾਹਕਾਰ ਕਮੇਟੀ ਦੀ ਸੋਲਵੀਂ ਇਕੱਤਰਤਾ ਮਿਤੀ 25.03.1946 ਵਿਚ ਵੀ ਵਿਚਾਰਿਆ ਗਿਆ ਸੀ। ਇਸ ਬਾਰੇ ਹੋਈ ਕਾਰਵਾਈ ਹੇਠ ਲਿਖੇ ਸ਼ਬਦਾਂ ਵਿਚ ਦਰਜ ਹੋਈ ਸੀ:-
“ਸਹਿਜਧਾਰੀ ਸਿੱਖ ਕਮੇਟੀ ਦੇ ਮੇਂਬਰ ਸਾਹਿਬਾਨ ਵਿਚੋਂ ਹਰੇਕ ਨੇ ਆਪਣੀ ਆਪਣੀ ਵਿਚਾਰ ਨੋਟ ਕਰਵਾਈ ਤੇ ਆਖੀਰ ਤੇ ਇਸ ਸਿੱਟੇ ਤੇ ਪੁਜੇ ਕਿ ਸਾਹਿਜਧਾਰੀ ਸਿੱਖ ਦੀ ਤਾਰੀਫ਼ ਇਸ ਪ੍ਰਕਾਰ ਹੋਣੀ ਚਾਹੀਦੀ ਹੈ:

  1. ਸਾਰੇ ਸੰਸਕਾਰ ਗੁਰਮਤ ਅਨੁਸਾਰ ਕਰਦਾ ਹੋਵੇ
  2. ਤੰਬਾਕੂ ਤੇ ਕੁੱਠਾ ਨਾ ਵਰਤਦਾ ਹੋਵੇ (ਭਾਵ ਤੰਮਾਕੂ ਨਾ ਪੀਂਦਾ ਹੋਵੇ ਤੇ ਨਾ ਹੀ ਕੁੱਠਾ ਖਾਂਦਾ ਹੋਵੇ)
  3. ਪਤਿਤ ਨਾ ਹੋਵੇ
  4. ਆਪਣੀ ਸਾਰੀ ਸੰਤਾਨ ਨੂੰ ਸਿੰਘ ਸਜਾਵੇ

ਨੋਟ:

  1. ਪ੍ਰਿੰਸੀਪਲ ਜੋਧ ਸਿੰਘ ਜੀ ਨੇ ਸ਼ਰਤ ਨੰ: 4 ਨਾਲ ਇਸ ਪ੍ਰਕਾਰ ਸੰਮਤੀ ਭੇਦ ਲਿਖਵਾਇਆ, “ਮੈਂ ਇਸ ਸ਼ਰਤ ਨੂੰ ਵੇਟਰਾਂ ਦੀ ਲਿਸਟ ਜਾਂ ਨੋਕਰੀਆਂ ਆਦਿ ਲਈ ਜ਼ਰੂਰੀ ਨਹੀਂ ਸਮਝਦਾ”
  2. ਸਮੂੰਹ ਮੈਂਬਰਾਨ ਵਲੋਂ ਇਹ ਵੀ ਨੋਟ ਕਰਾਇਆ ਗਿਆ ਕਿ ਜੇ ਕੋਈ ਸਿੱਖ ਸਰਟੀਫਿਕੇਟ ਲੈਣ ਆਵੇ ਤੇ ਉਸਦਾ ਲੜਕਾ ਮੋਨਾ ਹੋਵੇ ਤਾਂ ਅਜਿਹਾ ਸਰਟੀਫ਼ਿਕੇਟ ਨਾ ਦਿੱਤਾ ਜਾਵੇ।…

ਸਹੀ/-ਹਰਭਜਨ ਸਿੰਘ ਮੀਤ ਸਕੱਤਰ (ਪ੍ਰ:)

ਇਨ੍ਹਾਂ ਦੋਹਾਂ ਮੀਟਿੰਗਾ ਵਿਚ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਵਿੱਚ ਕੇਸਾਧਾਰੀ ਹੋਣਾ ਇੱਕ ਲਾਜ਼ਮੀ ਸ਼ਰਤ ਸੀ ਅਤੇ ਸਹਿਜਧਾਰੀ ਹੋਣਾ ਕੋਈ ਖੁੱਲਾ ਖ਼ਾਤਾ ਨਹੀਂ ਸੀ। ਧਾਰਮਕ ਸਲਾਹਕਾਰ ਕਮੇਟੀ ਅਨੁਸਾਰ ਸਹਿਜਧਾਰੀ ਤੋਂ ਭਾਵ ‘ਬਿਨਾ ਕੇਸਾਂ ਦੇ ਬੰਦੇ’ ਨਾਲ ਨਹੀਂ ਸੀ। ਇਸ ਵਿਸ਼ੇ ਨਾਲ ਜੁੜੇ ਪੱਖਾਂ ਨੂੰ ਸਾਹਿਜਧਾਰੀ ਤੋਂ ਭਾਵ ਕੱਡਣ ਵੇਲੇ ਸਿੱਖ ਵਿਰਾਸਤ ਦੇ ਇਨ੍ਹਾਂ ਫ਼ੈਸਲਿਆਂ ਤੇ ਗ਼ੌਰ ਕਰਨਾ ਚਾਹੀਦਾ ਹੈ ਤਾਂ ਕਿ ਸਹਿਜਧਾਰੀ ਦੀ ਸ਼ਬਦ ਵਰਤੋਂ ਜਾਂ ਪਰਿਭਾਸ਼ਾ ਕਾਰਣ ਸਿੱਖ ਪਹਿਚਾਣ ਦਿਆਂ ਤੰਦਾਂ ਬਿਖ਼ਰ ਨਾ ਜਾਣ।

ਸਿੱਖ ਰਹਿਤ ਮਰਿਆਦਾ ਵਿਚ ਲਿਖੀ ਸਿੱਖ ਦੀ ਪਰਿਭਾਸ਼ਾ ਨੇ ਸੁਚੱਜੇ ਢੰਗ ਨਾਲ ਸਾਹਿਜਧਾਰੀ ਟਰਮ ਬਾਰੇ ਵਿਦਵਾਨਾਂ ਦੇ ਉਪਰੋਕਤ ਵਿਚਾਰਾਂ ਨੂੰ ਆਪਣੀ ਗਲਵਕੜੀ ਵਿਚ ਸਮੇਟ ਲਿਆ ਸੀ ਜਿਸ ਵਿਚ ਸਿੱਖ ਅਤੇ ਸਹਿਜਧਾਰੀ ਸਿੱਖ ਵਰਗੀਆਂ ਦੋ ਵੱਖੋ-ਵੱਖ ਸ਼ਾਖਾਵਾਂ ਦਾ ਕੋਈ ਸਥਾਨ ਨਹੀਂ ਬੱਚਿਆ ਸੀ। ਇਹ ਤੱਥ, ਵਿਸ਼ੇਸ਼ ਤੌਰ ਤੇ ਉਨ੍ਹਾਂ ਸੱਜਣਾ ਲਈ ਵਿਚਾਰਣਯੋਗ ਹਨ ਜੋ ਕਿ ਸਹਿਜਧਾਰੀ ਟਰਮ ਨੂੰ ਇੱਕ ਉਪਨ ਲਾਈਸੇਂਸ ਸਮਝਦੇ ਹਨ ਜਿਸ ਰਾਹੀਂ ਬਿਨਾ ਕਿਸੇ ਜੁੰਮੇਵਾਰੀ ਦੇ ਅਧਿਕਾਰੀ ਬਣ ਵਿਚਰਿਆ ਜਾਏ।

ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਦੀ ਰੋਸ਼ਨੀ ਵਿਚ ਦਾਸ ਹੋਰ ਵਿਚਾਰਾਂ ਵੀ ਸਾਂਝਿਆਂ ਕਰਨ ਦਾ ਜਤਨ ਕਰੇਗਾ।

ਹਰਦੇਵ ਸਿੰਘ, ਜੰਮੂ
01.01.2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top