Share on Facebook

Main News Page

ਧੂੰਦਾ ਧੂੰਦਾ ਸੁਣਦੀ ਨੀ ਮੈਂ ਆਪੇ ਧੂੰਦਾ ਹੋਈ

1962-63 ਦਾ ਸਮਾਂ ਹੈ ਜਦੋਂ ਕੁੱਝ ਸਿਆਣੇ ਪੁਰਸ਼ ਦਿੱਲੀ ਵਿਚ ਧਾਰਮਿਕ ਸਮਾਗਮਾਂ ਵਿਚ ਹਿਸਾ ਲੈਣ ਲਈ ਤਾਂ ਜਾਂਦੇ ਸਨ ਪਰ ਉਥੇ ਹੋ ਰਹੀਆਂ ਵਿਚਾਰਾਂ ਨੂੰ ਸੁਣ ਕੇ ਹੌਕਾ ਲੈਂਦੇ ਸਨ ਕਿ ਐਸੇ ਸਮਾਗਮਾਂ ਵਿਚ ਕੋਈ ਗੁਰੂ ਦੀ ਗੱਲ ਵੀ ਕਰੇਗਾ? ਇਕ ਦਿਨ ਕਿਸੇ ਸਮਾਗਮ ਤੋਂ ਬਾਅਦ ਨੌਜਵਾਨਾਂ ਨੇ ਇਕ ਬਾਬੇ ਨੂੰ ਪੁਛਿਆ ਕਿ ਤੁਸੀਂ ਹਰ ਮਸਾਗਮ ਵਿਚ ਆਉਂਦੇ ਹੋ ਪਰ ਪਿੱਛੇ ਬੈਠੇ ਰਹਿੰਦੇ ਹੋ। ਕੀ ਕਾਰਣ ਹੈ? ਬਾਬਾ ਜੀ ਕਹਿਣ ਲੱਗੇ, ਪੁਤਰ ਮੈਂ ਤਾਂ ਹੈਰਾਨ ਹਾਂ ਕਿ ਇਸ ਸਮਾਗਮ ਵਿਚ ਗੁਰੂ ਦੀ ਗੱਲ ਤਾਂ ਇਕ ਵੀ ਨਹੀਂ ਕੀਤੀ ਗਈ ਪਰ ਆਹ ਚੌਧਰੀ ਲੋਕ ਬੜੀਆਂ ਡੀਗਾਂ ਮਾਰ ਮਾਰ ਕੇ ਕਹਿ ਰਹੇ ਹਨ ਕਿ ਸਮਾਗਮ ਬੜਾ ਗੁਰਮਤਿ ਮੁਤਾਬਕ ਕੀਤਾ ਗਿਆ ਹੈ। ਉਹ ਨੌਜਵਾਨ ਹੈਰਾਨ ਹੋ ਕੇ ਪੁੱਛਣ ਲੱਗੇ, ਬਾਬਾ ਜੀ ਸਾਨੂੰ ਸਮਝਾਓ ਕਿ ਗੁਰਮਤਿ ਹੁੰਦੀ ਕੀ ਹੈ? ਬਾਬਾ ਜੀ ਕਹਿਣ ਲੱਗੇ ਕਿ ਪੁੱਤਰ ਜੀ ਗੁਰੂ ਦੀ ਮਤਿ ਨੂੰ ਗੁਰਮਤਿ ਕਿਹਾ ਜਾਂਦਾ ਹੈ ਤੇ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਵਿਚ। ਆਹ ਕਥਾ ਕਹਾਣੀਆਂ, ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਹਨ ਜੋ ਇਨ੍ਹਾਂ ਰਾਗੀਆਂ ਨੇ ਸੁਣਾਈਆਂ ਹਨ, ਸੱਭ ਕੋਰਾ ਝੂਠ ਹੈ। ਕਵਿਤਾਵਾਂ ਗਾ ਲਈਆਂ, ਕੜਾਹ ਪ੍ਰਸ਼ਾਦ ਵਰਤਾ ਲਿਆ ਤੇ ਲੰਗਰ ਛੱਕ ਛਕਾ ਕੇ ਘਰਾਂ ਨੂੰ ਚਲੇ ਗਏ ਇਹ ਗੁਰਮਤਿ ਸਮਾਗਮ ਨਹੀਂ। ਕਿਸੇ ਨੇ ਕੁੱਝ ਸਿਖਇਆ ਨਹੀਂ, ਕਿਸੇ ਨੇ ਕੁੱਝ ਸਿਖਿਆ ਨਹੀਂ, ਫਿਰ ਇਹ ਗੁਰਮਤਿ ਸਮਾਗਮ ਕਿਵੇਂ ਹੋਇਆ? ਇਹ ਬਾਬਾ ਜੀ ਸਨ ਮਾਸਟਰ ਮਨਮੋਹਨ ਸਿੰਘ ਦੀਵਾਨਾ ਤੇ ਨੌਜਵਾਨ ਸਨ ਕੰਵਰ ਮਹਿੰਦਰ ਪ੍ਰਤਾਪ ਸਿੰਘ, ਮਹਿੰਦਰ ਸਿੰਘ ਜੋਸ਼, ਡਾ.ਓਕਾਰ ਸਿੰਘ ਤੇ ਪ੍ਰਿ. ਸੁਰਜੀਤ ਸਿੰਘ ਮਿਸ਼ਨਰੀ ਤੇ ਗਿਆਨੀ ਭਾਗ ਸਿੰਘ ਅੰਬਾਲਾ ਆਦਿ।

ਫਿਰ ਇਨ੍ਹਾਂ ਹੀ ਲੋਕਾਂ ਨੇ ਮਿਲ ਕੇ 1962-63 ‘ਚ ਦਿੱਲੀ ਵਿਚ ਪਹਿਲਾ ਮਿਸ਼ਨਰੀ ਕਾਲਜ ਖੋਲਿਆ। 1975-80 ਤਕ ਇਨ੍ਹਾਂ ਕਾਲਜਾਂ ਤੋਂ ਸਿਖਿਆ ਲੈ ਕੇ ਬੋਲਣ ਵਾਲਿਆਂ ਦੀ ਹਾਲਤ ਇਹ ਸੀ ਕੇ ਜਿੱਥੇ ਇਂਨ੍ਹਾਂ ਕਾਲਜਾਂ ਤੋਂ ਪੜ੍ਹਿਇਆ ਹੋਇਆ ਪ੍ਰਚਾਰਕ ਬੋਲ ਗਿਆ ਉਸ ਨੂੰ ਦੂਜੀ ਵਾਰ ਬੋਲਣ ਲਈ ਸਮਾਂ ਨਹੀਂ ਸੀ ਦਿਤਾ ਜਾਂਦਾ ਜਾਂ ਸਟੇਜ ਛੱਡ ਕੇ ਭੱਜਣਾ ਪੈਂਦਾ ਸੀ ਕਿਉਂਕਿ ਪਿਛਲੇ 250 ਵਰੇ ਤੋਂ ਲਗਾਤਾਰ ਸੁਣੇ ਤੇ ਸੁਣਾਏ ਗਏ ਝੂਠ ਨੂੰ ਅਸੀਂ ਇਨ੍ਹਾਂ ਪ੍ਰਪੱਕ ਸੱਚ ਮੰਨ ਲਿਆ ਕਿ ਸੱਚ ਬੋਲਣ ਵਾਲੇ ਨੂੰ ਝੂਠ ਨਾਲ ਤੁਲਣਾ ਦੇਈ ਜਾਣਾ ਅਸੀਂ ਜਾਇਜ਼ ਸਮਝਣ ਲੱਗ ਪਏ। ਕਈ ਵਾਰੀ ਇਨ੍ਹਾਂ ਪ੍ਰਚਾਰਕਾਂ ਨੂੰ ਨਾਮ ਬਦਲ ਕੇ ਬੋਲਣ ਲਈ ਤਰਲਾ ਕਰਨਾ ਪੈਂਦਾ ਤੇ ਕਈ ਵਾਰੀ ਪੱਗ ਦਾ ਰੰਗ ਬਦਲ ਕੇ ਜਾਂ ਫਿਫਟੀ ਦਾ ਰੰਗ ਬਦਲ ਕੇ ਸਟੇਜ ਤੇ ਬੋਲਣ ਲਈ ਲੇਲੜੀਆਂ ਕੱਢਣੀਆਂ ਪੈਂਦੀਆਂ ਤਾਂ ਜਾ ਕੇ ਸਟਿਜ ਤੇ ਕੋਈ ਇਨ੍ਹਾਂ ਨੂੰ ਚੜ੍ਹਨ ਦਿੰਦਾ। ਸਾਡੀ ਲੋਕਾਈ ਦੀ ਸੋਚ ਦਾ ਪੱਧਰ 1960 ਤੋਂ 1990 ਤਕ ਇਹੀ ਸੀ। ਇੱਥੇ ਸੰਤ ਸਿੰਘ ਮਸਕੀਨ ਦੀ ਨੀਚਤਾ ਨੂੰ ਬਿਆਨ ਕਰਨ ਤੋਂ ਵੀ ਸਾਨੂੰ ਗੁਰੇਜ ਨਹੀਂ ਕਰਨਾ ਚਾਹੀਦਾ। ਇਸੇ ਸੰਤ ਸਿੰਘ ਮਸਕੀਨ ਦੀ ਬਦੌਲਤ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਅਕਾਲ ਤਖਤ ਤੇ ਬੁਲਾ ਕੇ ਪੰਥ ਵਿਚੋਂ ਛੇਕਿਆ ਗਿਆ ਕਿਉਂਕਿ ਦਿੱਲੀ ਵਿਚ ਇਕ ਸਮਾਗਮ ਦੌਰਾਨ ਗਿਆਨੀ ਭਾਗ ਸਿੰਘ ਅੰਬਾਲਾ ਤੇ ਸੰਤ ਸਿੰਘ ਮਸਕੀਨ ਦਸਮ ਗ੍ਰੰਥ ਦੇ ਵਿਸ਼ੇ ਤੇ ਆਹਮਣੇ ਸਾਹਮਣੇ ਹੋਏ ਸਨ ਤੇ ਸੰਤ ਸਿੰਘ ਮਸਕੀਨ ਨਿਰਉਤਰ ਹੋ ਕੇ ਉਥੋਂ ਚਲੇ ਗਏ। ਆਪਣੀ ਹੇਠੀ ਦਾ ਬਦਲਾ ਲੈਣ ਲਈ ਲਈ ਸੰਤ ਸਿੰਘ ਸਮਕੀਨ ਨੇ ਇਹ ਕਾਰਾ ਕਰਵਾਇਆ ਜਿਸ ਦੀ ਬਦੌਲਤ ਗਿਆਨੀ ਭਾਗ ਸਿੰਘ ਅੰਬਾਲਾ ਜੀ ਇਸ ਸੰਸਾਰ ਤੋਂ ਚੱਲ ਵਸੇ।

ਮਿਸ਼ਨਰੀ ਕਾਲਜਾਂ ਦੀ ਗਣਤੀ ਵੀ ਵੱਧਦੀ ਗਈ। ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਮਿਸ਼ਨਰੀ ਕਾਲਜਾਂ ਤੋਂ ਸਿਖੇ ਹੋਏ ਪ੍ਰਚਾਰਕਾਂ ਦੀਆਂ ਧੁੰਮਾਂ ਵੀ ਹੌਲੀ ਹੌਲੀ ਪੈਣੀਆਂ ਸ਼ੁਰੂ ਹੋ ਗਈਆਂ। ਜਿਥੇ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕਾਂ ਨੂੰ ਲੋਕ ਇੱਟਾਂ ਵੱਟ ਮਾਰੇ ਸਨ ਹੁਣ ਉਨ੍ਹਾਂ ਦੀ ਮੰਗ ਹੋਣੀ ਸ਼ੁਰੂ ਹੋ ਗਈ। ਕਦੀ ਕਦੀ ਕਿਸੇ ਅਖਬਾਰ ਵਿਚ ਇਸ਼ਤਿਹਾਰਬਾਜੀ ਵੀ ਪੜ੍ਹਨ ਨੂੰ ਮਿਲ ਜਾਂਦੀ ਕਿ ਮਿਸ਼ਨਰੀ ਪ੍ਰਚਾਰਕ ਦੀ ਲੋੜ ਹੈ। ਸਾਲ 2006 ਵਿਚ ਪ੍ਰੋ. ਇੰਦਰ ਸਿੰਘ ਘੱਗਾ ਨਾਲ ਵੀ ਇਹੀ ਵਾਪਰੀ। ਫਿਰ ਤੋਂ ਓਹੀ ਜੰਗ ਸ਼ੁਰੂ ਹੋਈ। ਪ੍ਰੋ. ਇੰਦਰ ਸਿੰਘ ਘੱਗਾ ਜੀ ਨੂੰ ਵਿਰੋਧੀ ਵਿਚਾਰਧਾਰਾ ਵਾਲਿਆਂ ਪਹਿਲਾਂ ਇੰਗਲੈਂਡ ਵਿਚ ਕਥਾ ਕਰਨ ਤੋਂ ਰੋਕਿਆ, ਫਿਰ ਨਿਊਯਾਰਕ ਵਿਚ ਤੇ ਆਖਰ ਨੂੰ ਉਹ ਬਰੈਂਪਰਨ ਕੈਨੇਡਾ ਵਿਚ ਆਏ। ਏਅਰਪੋਰਟ ਰੋਡ ਸਥਿਤ ਇਕ ਗੁਰਦਵਾਰੇ ਵਾਲਿਆਂ ਸਾਡੀ ਬੇਨਤੀ ਪ੍ਰੀਵਾਨ ਕਰਕੇ ਪ੍ਰੋ.ਇੰਦਰ ਸਿੰਘ ਘੱਗਾ ਜੀ ਨੂੰ ਬੋਲਣ ਵਾਸਤੇ ਸਮਾ ਦੇ ਦਿੱਤਾ। ਪਰ ਸਿਰ ਫਿਰੇ ਲੋਕਾਂ ਨੂੰ ਕਦੋਂ ਭਾਉਂਦਾ ਸੀ ਕਿ ਲੋਕ ਨਿਰੋਲ ਗੁਰਬਾਣੀ ਦੀ ਕਥਾ ਸੁਣਨ ਤੇ ਜਾਗ ਪੈਣ। ਕਿਉਂਕਿ ਜਿਨ੍ਹਾਂ ਨੇ ਆਪਣੀ ਜਮਾਤ ਹੀ ਝੂਠ ਦੇ ਸਿਰ ਤੇ ਉਸਾਰੀ ਹੋਈ ਹੈ ਉਹ

ਕਦੋਂ ਚਾਹੁੰਣਗੇ ਕਿ ਕੋਈ ਲੋਕਾਂ ਨੂੰ ਸੱਚ ਦੱਸੇ। ਅਨੇਕ ਪ੍ਰਕਾਰ ਦੀਆਂ ਊਝਾਂ, ਤੂਹਮਤਾਂ ਤੇ ਇਲਜਾਮ ਲਾਏ ਗਏ। ਇਸ ਸੱਭ ਕਾਸੇ ਦੇ ਬਾਵਜੂਦ ਉਸ ਗੁਰਦਵਾਰੇ ਵਿਚ ਇਨ੍ਹਾਂ ਸਿਰ ਫਿਰੇ ਲੋਕਾਂ ਨੇ ਪ੍ਰੋ. ਇੰਦਰ ਸਿੰਘ ਘੱਗਾ ਨੂੰ ਸਟੇਜ ਤੇ ਬੋਲਣ ਤੋਂ ਰੋਕਣ ਲਈ ਪੂਰੀ ਵਾਹ ਲਾਈ। ਬੱਚਿਆਂ ਨੂੰ ਸਟੇਜ ਦੇ ਸਾਹਮਣੇ ਬਿਠਾ ਕੇ ‘ਵਾਹਿ ਗੁਰੂ, ਵਾਹਿ ਗੁਰੂ’ ਦਾ ਜਾਪ ਸ਼ੁਰੂ ਕਰਵਾਇਆ । ਪ੍ਰੋ. ਇੰਦਰ ਸਿੰਘ ਘੱਗਾ ਦੇ ਸਮਰਥਕਾਂ ਨਾਲ ਇਨ੍ਹਾਂ ਅੰਧਵਿਸ਼ਵਾਸੀ ਲੋਕਾਂ ਦੀ ਗੁਰਦਵਾਰੇ ਦੇ ਖਾਸ ਹਾਲ, ਜਿਥੇ ਗੁਰੂ ਗ੍ਰੰਥ ਸਹਿਬ ਜੀ ਪ੍ਰਕਾਸ਼ ਹਨ, ਵਿਚ ਜੰਮ ਕੇ ਲੜਾਈ ਹੋਈ। ਪੱਗਾਂ ਉਤਾਰ ਦਿਤੀਆਂ ਗਈਆਂ, ਦਾਹੜੀਆਂ ਪੱਟੀਆਂ ਗਈਆਂ, ਕੇਸਾਂ ਦਾ ਗੁਰੂ ਦੀ ਹਜੂਰੀ ਵਿਚ ਬੁਰਾ ਹਾਲ ਹੋਇਆ। ਪੁਲੀਸ ਸਮੇਤ ਜੁਤੀਆਂ ਦੇ ਗੁਰਦਵਾਰੇ ਵਿਚ ਵੜੀ। ਫਿਰ ਕਈ ਹਫਤੇ ਅਖਬਾਰਾਂ ਤੇ ਰੈਡੀਓ ਰਾਹੀਂ ਇਸ ਘੱਟਨਾ ਬਾਰੇ ਚਰਚਾ ਹੋਈ।

ਅਸੀਂ ਮਿਸਨਰੀ ਕਾਲਜ ਨਾਲ ਮਿਲ ਕੇ ਪ੍ਰਚਾਰ ਦਾ ਕੰਮ ਅਰੰਭੀ ਰੱਖਿਆ। ਜੋ ਜੋ ਤਰੀਕਾ ਸਾਨੂੰ ਸੁਝਿਆ ਅਸੀਂ ਵਰਤ ਲਿਆ। ਪੰਜਾਬ ਵਿਚ ਇਨ੍ਹਾਂ ਹੀ ਕਾਲਜਾਂ ਦੇ ਤਿਆਰ ਕੀਤੇ ਪ੍ਰਚਾਰਕ ਭੇਜ ਕੇ ਲੋਕਾਂ ਵਿਚ ਜਾਗਰਤੀ ਲਹਿਰ ਪੈਦਾ ਕਰਨ ਵਿਚ ਅਸੀਂ ਸਫਲ ਹੋ ਗਏ। ਇਨ੍ਹਾਂ ਕਾਰਨਾਂ ਕਰਕੇ ਸਾਨੂੰ ਦਿੱਲੀ ਵਿਚ ਵੀ ਪ੍ਰਚਾਰ ਕਰਨ ਦਾ ਮੌਕਾ ਮੁਹੱਈਆ ਹੋ ਗਿਆ। ਸਾਡਾ ਕੰਮ ਹੈ ਗੁਰ ਸਿੱਖੀ ਨੂੰ ਮੁੜ ਤੋਂ ਆਪਣੇ ਸਿਧਾਂਤਾਂ ਨਾਲ ਜੋੜਨਾ ਸਟੇਜ ਚਾਹੇ ਕਿਸੇ ਪਾਰਟੀ ਦੀ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ।

ਕੁੱਝ ਸੱਜਣਾਂ ਵਲੋਂ ਟੈਲੀਫੂਨ ਤੇ ਸੰਪਰਕ ਕੀਤਾ ਗਿਆ ਕਿ ਅਸੀਂ ਪ੍ਰੋ. ਸਰਬਜੀਤ ਸਿੰਘ ਧੂੰਦੇ ਨੂੰ ਕੈਨੇਡਾ ਪ੍ਰਚਾਰ ਲਈ ਬੁਲਾਉਣਾ ਚਾਹੁੰਦੇ ਹਾਂ। ਸੱਭ ਤੋਂ ਪਹਿਲਾਂ ਕੈਲਗਰੀ ਦੇ ਇਕ ਗੁਰਦਵਾਰੇ ਵਲੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਦਮ ਕੀਤਾ ਗਿਆ ਜੋ ਬਹੁਤ ਹੀ ਸ਼ਲਾਘਾ ਯੋਗ ਹੈ। ਸਾਰਿਆਂ ਰਲ ਮਿਲ ਕੇ ਸੰਗਤਾਂ ਨੂੰ ਸੁਚੇਤ ਕਰਨ ਲਈ ਆਪਣੇ ਆਪਣੇ ਯਤਨ ਸੁਰੂ ਕਰ ਦਿੱਤੇ। ਗੁਰਵਾਰੇ ਦੀ ਕਮੇਟੀ ਨੂੰ ਵਿਰੋਧੀ ਧਿਰਾਂ ਵਲੋਂ ਡਰਾਇਆ ਧਮਕਾਇਆ ਵੀ ਗਿਆ, ਲੜਾਈ ਹੋ ਜਾਵੇਗੀ, ਸਿਰ ਫਟ ਜਾਣਗੇ, ਅਸੀਂ ਧੂੰਦੇ ਨੂੰ ਸਵਾਲ ਪੁੱਛਣੇ ਹਨ ਫਿਰ ਸਟੇਜ ਤੇ ਕਥਾ ਕਰਨ ਦੇਵਾਂਗੇ। ਇਹ ਸਿਲਸਿਲਾ ਜਾਰੀ ਰਿਹਾ। ਜਦੋਂ 21 ਦਿਨ ਲਗਾਤਾਰ ਸਵੇਰ ਤੇ ਸ਼ਾਮ ਨੂੰ ਦੋਨੇ ਵੇਲੇ ਸੰਗਤਾਂ ਦਾ ਹੜ ਆੳਣੋ ਹੀ ਨਾ ਰੁਕਿਆ ਤਾਂ ਇਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੰਗਤਾਂ ਦੇ ਉਤਸ਼ਾਹ, ਜੋਸ਼ ਤੇ ਹੜ ਦੇ ਮੂਹਰੇ ਇਨ੍ਹਾਂ ਦੀ ਇਕ ਨਾ ਚੱਲੀ। ਸਵੇਰ ਤੋਂ ਸ਼ਾਮ ਤਕ, ਗੱਲਾਂ ਕਰਨ ਵਾਲਿਆਂ ਦਾ, ਸਵਾਲ ਕਰਨ ਵਾਲਿਆਂ ਦਾ, ਪ੍ਰਸ਼ਾਦਾ ਛਕਾਉਣ ਲਈ ਆਪਣੇ ਘਰ ਲੈ ਕੇ ਜਾਣ ਵਾਲਿਆਂ ਦਾ ਤੇ ਕਥਾ ਸੁਣਨ ਵਾਲੀਆਂ ਸੰਗਤਾਂ ਦਾ ਅੰਤ ਨਹੀਂ ਆਇਆ। ਪ੍ਰੋ. ਸਰਬਜੀਤ ਸਿੰਘ ਧੂੰਦੇ ਦੇ ਪ੍ਰਚਾਰ ਸਦਕਾ ਕਈਆਂ ਘਰਾਂ ਵਿਚੋਂ ਸ਼ਰਾਬ ਦੀ ਬਦਬੂ ਬਾਹਰ ਨਕਲ ਗਈ। ਕਈਆਂ ਦੇ ਘਰ ਟੁੱਟਦੇ ਟੁੱਟਦੇ ਬਚੇ, ਤਲਾਕ ਹੋਣੋ ਬੱਚ ਗਏ, ਮਾਂ ਬਾਪ ਦਾ ਪਿਆਰ ਵੰਡਣੋ ਬੱਚ ਗਿਆ। ਕਈ ਪਰਵਾਰ ਵਕੀਲਾਂ ਤੇ ਕਚਿਹਰੀਆਂ ਦੇ ਖਰਚਿਆਂ ਤੋ ਬਚ ਗਏ ਤੇ ਕਈ ਪਰੀਵਾਰ ਫਿਰ ਤੋਂ ਆਪਸ ਵਿਚ ਰਲਮਿਲ ਕੇ ਬੈਠਣ ਲੱਗ ਪਏ। ਕਈਆਂ ਨੇ ਖੰਡੇਬਾਟੇ ਦੀ ਪਾਹੁਲ ਲਈ ਤੇ ਸਿਖੀ ਸਰੂਪ ਵਿਚ ਆ ਗਏ।

ਰੇਤੇ ਦੀ ਉਸਾਰੀ ਹੋਈ ਕੰਧ ਤੇ ਝੂਠ ਤੇ ਖੜੀ ਕੀਤੀ ਗਈ ਸੰਪ੍ਰਦਾ ਬਹੁਤਾ ਚਿਰ ਨਹੀਂ ਚੱਲ ਸਕਦੀਆਂ। ਇਸ ਕਰਕੇ ਇਨ੍ਹਾਂ ਨੇ ਕਿਸੇ ਗਗਨਦੀਪ ਸਿੰਘ ਸਿੱਧੂ, ਜੋ ਕੈਲਗਰੀ ਵਿਚ ਰਹਿੰਦਾ ਹੈ, ਵਲੋਂ ਗੁਰਚਰਨ ਸੰਘ ਜਿਉਣ ਵਾਲਾ ਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਮਾਰਨ ਦੀ ਧਮਕੀ ਦੇ ਦੱਤੀ ਗਈ। ਬਰੈਂਪਟਨ ਪੁਲੀਸ ਹਰਕਤ ਵਿਚ ਆਈ ਤੇ ਨਾਲ ਹੀ ਕੈਲਗਰੀ ਪੁਲੀਸ ਨੂੰ ਵੀ ਕੋਈ ਕਦਮ ਉਠਾਉਣਾ ਪਿਆ। ਪ੍ਰੋ. ਧੂੰਦਾ ਜੀ ਨੂੰ ਪੁਲੀਸ ਵਲੋਂ ਕਥਾ ਬੰਦ ਕਰਨ ਜਾਂ ਪੁਲੀਸ ਵਲੋਂ ਸਕਿਉਰਟੀ ਦਾ ਇੰਤਜਾਮ ਕਰਨ ਲਈ ਕਿਹਾ ਗਿਆ। ਪਰ ਉਨ੍ਹਾ ਨੇ ਇਹ ਦੋਵੇਂ ਸੁਝਾਓ ਠੁਕਰਾ ਕੇ ਆਪਣੀ ਕਥਾ ਜਾਰੀ ਰੱਖਣ ਦਾ ਫੈਸਲਾ ਸੁਣਾ ਦਿੱਤਾ।

ਗੁਰੂ ਨਾਨਕ ਮਿਸ਼ਨ ਸੈਂਟਰ ਤੇ ਓਨਟੈਰੀਓ ਖਾਲਸਾ ਦਰਬਾਰ ਦੀ ਕਮੇਟੀ ਨੇ ਰਲਮਿਲ ਕੇ ਪ੍ਰੋ. ਸਰਬਜੀਤ ਸਿੰਘ ਧੂੰਦੇ ਦੇ ਪ੍ਰੋਗ੍ਰਾਮ ਉਲੀਕ ਲਏ। ਫਿਰ ਤੋਂ ਓਹੀ ਰਾਗ ਅਲਾਪਿਆ ਗਿਆ। ਧੂੰਦੇ ਨੂੰ ਸਵਾਲ ਕਰਨ ਲਈ ਜਰਮਨਜੀਤ ਸਿੰਘ/ ਸੁਖਵਿੰਦਰ ਸਿੰਘ ਤੇ ਨਾਲ ਦੇ ਸਾਥੀ ਆਏ। ਪਹਿਲਾ ਸਵਾਲ ਕੀਤਾ ਗਿਆ ਕਿ ਜਿਉਣ ਵਾਲੇ ਨੇ ‘ਜਾਪ’, ਦਸਮ ਗ੍ਰੰਥ ਦੀ ਪਹਿਲੀ ਬਾਣੀ, ਦੇ ਵਿਰੁਧ ਲਿਖਿਆ ਹੈ ਤੁਸੀਂ ਉਸ ਦੇ ਵਿਰੁਧ ਕਿਉਂ ਨਹੀਂ ਬੋਲਦੇ? ਪ੍ਰੋ. ਧੂੰਦਾ ਜੀ ਬੋਲਣ ਲੱਗੇ, “ਕਮਲੇਸ਼ ਅਹੀਰ ਨੇ ਤੁਹਾਡੇ ਗੁਰੂ ਸਹਿਬਾਨ ਦੀ ਯੂ.ਟਿਊਬ ਤੇ ਖਿੱਲੀ ਉਡਾਈ ਹੈ ਤੁਸੀਂ ਉਸ ਨੂੰ ਪੁਛਿਆ ਹੈ? ਪਿਛਲੇ ਸਾਲ ਪੰਜਾਬ ਵਿਚ ਗੁਰੂ ਮਹਾਰਾਜ ਦੇ ਸੱਤ ਸਰੂਪ ਕਿਸੇ ਨੇ ਅਗਨ ਭੈਟ ਕੀਤੇ ਤੇ ਕਿਸੇ ਨੇ ਖੂਹ ਵਿਚ ਸੁਟੇ ਤੁਸੀਂ ਕਿਸੇ ਨੇ ਉਸ ਦੇ ਵਿਰੁਧ ਅਵਾਜ ਉਠਾਈ? ਸ਼੍ਰੋ.ਗੁ.ਪ੍ਰ. ਕਮੇਟੀ ਨੇ ਇਤਹਾਸ ਦੀ ਪੁਸਤਕ ਛਪਵਾਈ ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਰੱਜ ਕੇ ਤੌਹੀਣ ਕੀਤੀ ਗਈ ਹੈ। ਇਥੋਂ ਤਕ ਕਿ ਗੁਰੂ ਜੀ ਨੂੰ ਚੋਰ ਕਿਹਾ ਗਿਆ ਹੈ । ਇਸ ਦੇ ਵਿਰੁਧ ਤੁਸੀਂ ਕੁੱਝ ਕੀਤਾ? ਕੀ ਮੇਰੀ ਹੀ ਜੁਮੇਵਾਰੀ ਬਣਦੀ ਹੈ ਸੱਭ ਨਾਲ ਲੜਾਈ ਲੜਨ ਦੀ?” ਦਸ ਕੁ ਮਿੰਟਾਂ ਵਿਚ ਇਸ ਤਰ੍ਹਾਂ ਦੇ ਜਵਾਬ ਸੁਣ ਕੇ ਇਹ ਲੋਕ ਚੱਲਦੇ ਬਣੇ ਤੇ ਕਥਾ ਲਈ ਮੈਦਾਨ ਪੱਧਰਾ ਹੋ ਗਿਆ।

ਅਸੀਂ ਕਦੀ ਵੀ ਇਨ੍ਹਾਂ ਲੋਕਾਂ ਦਾ ਵਿਰੋਧ ਨਹੀਂ ਕੀਤਾ ਚਾਹੇ ਇਹ ਲੋਕ ਜੋ ਮਰਜੀ ਪ੍ਰਚਾਰ ਕਰੀ ਜਾਣ ਪਰ ਇਨ੍ਹਾਂ ਨੇ ਲੋਕਲ ਟੀ.ਵੀ. ਤੇ ਰੱਜ ਕੇ ਪ੍ਰਚਾਰ ਕੀਤਾ ਕਿ ਸੰਗਤਾਂ ਨੂੰ ਐਸੇ ਗੁਮਰਾਹਕੁੰਨ ਪ੍ਰਚਾਰ ਨੂੰ ਨਹੀਂ ਸੁਣਨ ਜਾਣਾ ਚਾਹੀਦਾ। 15 ਕਾਲਾਂ ਵਿਚੋਂ 12 ਲੋਕਾਂ ਨੇ ਸਮੇਤ ਟੀ.ਵੀ. ਹੋਸਟ ਦੇ ਇਨ੍ਹਾ ਨੂੰ ਬਹੁਤ ਹੀ ਫਿਟਕਾਰ ਪਾਈ। ਜਿਉਂ ਜਿਉਂ ਇਹ ਲੋਕ ਸਾਡਾ ਵਿਰੋਧ ਕਰਦੇ ਗਏ ਸੰਗਤਾਂ ਵਿਚ ਹੋਰ ਉਤਸ਼ਾਹ ਪੈਦਾ ਹੁੰਦਾ ਗਿਆ ਤੇ ਹਰ ਗੁਰਦੁਆਰੇ ਵਿਚ ਕਥਾ ਸੁਣਨ ਵਾਲਿਆਂ ਦੀ ਭੀੜ ਹੋਰ ਵੱਧਦੀ ਗਈ। ਗੁਰੂ ਨਾਨਕ ਮਿਸ਼ਨ ਸੈਂਟਰ ਵਿਚ ਸਵੇਰੇ ਤੇ ਸ਼ਾਮ ਕਥਾ ਹੁੰਦੀ । ਸੰਗਤ ਨੂੰ ਬੈਠਣ ਲਈ ਥਾਂ ਨਹੀਂ ਲੱਭਿਆ। ਇਹੋ ਹਾਲ ਡਿਕਸੀ ਰੋਡ ਸਥਿਤ ਗੁਰਦਵਾਰੇ ਦਾ ਸੀ। ਹਰ ਰੋਜ਼ ਸਾਮ ਨੂੰ ਕਥਾ ਹੁੰਦੀ ਤੇ 4000 ਤੋਂ 5000 ਹਜਾਰ ਦਾ ਠਾਠਾਂ ਮਾਰਦਾ ਇਕੱਠ ਪ੍ਰੋ. ਸਰਬਜੀਤ ਸਿੰਘ ਧੂੰਦੇ ਨੂੰ ਸੁਣਨ ਲਈ ਆਉਂਦਾ। ਜਿਥੇ ਜਿਥੇ ਵੀ ਧੂੰਦੇ ਦਾ ਬੋਲਣ ਦਾ ਪਰੋਗਰਾਮ ਬਣਾਇਆ ਗਿਆ ਬਸ ਸੰਗਤਾਂ ਬੜੇ ਚਾਓ, ਉਮੰਗ ਤੇ ਉਤਸ਼ਾਹ ਸਮੇਤ ਆਈਆਂ। ਆਪ ਵੀ ਨਿਹਾਲ ਹੋਈਆਂ ਤੇ ਪ੍ਰੋ. ਸਰਬਜੀਤ ਸਿੰਘ ਧੂੰਦੇ ਨੂੰ ਵੀ ਨਿਹਾਲ ਕਰ ਗਈਆਂ। ਅਖੀਰ ਵਿਚ ਸੰਗਤਾਂ “ਧੂੰਦਾ ਧੂੰਦਾ ਸੁਣਦੀ ਨੀ ਮੈਂ ਆਪੇ ਧੂੰਦਾ ਹੋਈ” ਬੱਲੇ ਬੱਲੇ ਕਰਦੀਆਂ ਆਪਣੇ ਆਪਣੇ ਪਰੀਵਾਰਾਂ ਸਮੇਤ ਆਪਣੇ ਆਂਪਣੇ ਘਰਾਂ ਨੂੰ ਚਲੀਆਂ ਗਈਆਂ।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ) ਕੈਨੇਡਾ
ਮੋਬਾਈਲ# 647 969 3132, 810 223 3648


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top