Share on Facebook

Main News Page

ਦਸਮ ਗ੍ਰੰਥ ਦੇ ਲਿਖਾਰੀ ਦੀ ਮਾਨਸਿਕਤਾ?

ਮੇਰੇ ਵਿਰੋਧ ਵਿਚ ਖੜੇ ਹੋਣ ਵਾਲਿਓ! ਕਦੀ ਸੋਚੋਗੇ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਇਨ੍ਹੀ ਨੀਵੀਂ ਸੋਚ ਦੇ ਮਾਲਕ ਹੋ ਸਕਦੇ ਹਨ, ਜ੍ਹਿਨੀ ਅਗਲੀਆਂ ਸੱਤਰਾਂ ਦੇ ਲਿਖਾਰੀ ਦੀ ਨੀਵੀਂ ਸੋਚ ਹੈ?

ਸਾਧਾਂ ਦੇ ਪਿਛ ਲੱਗ ਲੋਕੋ! ਕਦੀ ਸੋਚੋਗੇ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਜਾਣ-ਬੁੱਝ ਕੇ ਐਸੀਆਂ ਗਲਤੀਆਂ ਕਰ ਸਕਦੇ ਹਨ ਜੈਸੀਆਂ ਅਗਲੀ ਲਿਖਤ ਵਿਚ ਵੇਖਣ ਨੂੰ ਮਿਲਣਗੀਆਂ? ਐ ਡੇਰਦਾਰਾਂ ਦੇ ਚਮਚਿਓ! ਕਦੀ ਸੋਚੋਗੇ ਕਿ ਕੀ ਗੁਰੂ ਜੀ ਨੂੰ ਆਪਣੀ ਲਿਖਤ ਦੇ ਅਕਾਰ ਦੇ ਵੱਡੇ ਛੋਟੇ ਹੋਣ ਦਾ ਡਰ ਹੋ ਸਕਦਾ ਹੈ? ਐ ਵਿਕੇ ਹੋਏ ਮਾਲਕਾਂ ਦੇ ਹੱਥਾਂ ਵਿਚ ਖੇਲਣ ਵਾਲਿਓ ਕੜਛਿਓ! ਦਸਮ ਪਿਤਾ ਦੇ ਨਾਮ ਤੇ ਅਕਸ ਨੂੰ ਮੈਲਾ ਕਰਨ ਤੋਂ ਪਹਿਲਾਂ ਜਰਾ ਸੋਚੋ ਤਾਂ ਸਹੀ ਕਿ ਇਸ ਤਰ੍ਹਾਂ ਕਰਨ ਨਾਲ ਗੁਰੂ ਜੀ ਦਾ ਇਜ਼ਤ ਮਾਣ ਕਿਤੇ ਘੱਟਦਾ ਤਾਂ ਨਹੀਂ?

ਦੁਹੂੰ ਜੁੱਧੁ ਕੀਨਾ ਰਣ ਮਾਹੀ॥ ਤੀਸਰ ਅਵਰੁ ਤਹਾਂ ਕੋ ਨਾਹੀ॥ ਕੇਤਕ ਮਾਸ ਮਚਯੋ ਤਹ ਜੁੱਧਾ॥ ਜਾਲੰਧਰ ਹੁਆ ਸ਼ਿਵ ਪਰ ਕ੍ਰੁੱਧਾਂ॥24॥ ਪੰਨਾ 181॥

ਜੇ ਤੀਜਾ ਵੇਖਣ ਤੇ ਲੜਨ ਵਾਲਾ ਹੋਰ ਕੋਈ ਹੈ ਹੀ ਨਹੀਂ ਸੀ ਤਾਂ ਗੁਰੂ ਜੀ ਨੂੰ ਇਸ ਯੁੱਧ ਬਾਰੇ ਕਿਵੇਂ ਪਤਾ ਚੱਲਿਆ? ਕੀ ਲਿਖਾਰੀ? ਜਾਂ ਫਿਰ ਗੁਰੂ ਜੀ ਉਸ ਵਕਤ ਕੋਲ ਬੈਠੇ ਸਨ?

ਪੰਨਾ 181: ਤਾਤੇ ਕਹੀ ਨ ਰੁਦ੍ਰ ਕਹਾਨੀ॥ ਗ੍ਰੰਥ ਬਢਨ ਕੀ ਚਿੰਤ ਪਛਾਨੀ॥ ਤਾ ਤੇ ਕਥਾ ਥੋਰ ਹੀ ਬਾਸੀ। ਨਿਰਖ ਭੁਲਿ ਕਬਿ ਕਰੋ ਨ ਹਾਸੀ॥28॥ ਇਤਿ ਜਲੰਧਰ ਅਵਤਾਰ ਬਾਰ੍ਹਵਾਂ ਸਮਾਪਤਮ ਸਤ ਸੁਭਮ ਸਤ॥12॥

ਇਸ ਲਿਖਤ ਤੇ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਇਹ ਲਿਖਣਾ ਬਹੁਤ ਹੀ ਜਰੂਰੀ ਹੋ ਗਿਆ ਹੈ ਕਿ ਦਸਮ ਗ੍ਰੰਥ ਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਲਿਖਾਰੀ ਦੀ ਕਿਸੇ ਵੀ ਅਧਿਆਇ ਨੂੰ ਸਮਾਪਤ ਕਰਨ ਦੀ ਵਿਧੀ ਇਕੋ ਹੈ। ਜਿਸ ਤੋਂ ਇਹ ਜਾਪਦਾ ਹੈ ਕਿ ਇਨ੍ਹਾਂ ਦੋਹਾਂ ਗ੍ਰੰਥਾਂ ਦਾ ਲਿਖਾਰੀ ਇਕ ਹੈ ਜਾਂ ਫਿਰ ਇਨ੍ਹਾਂ ਦੋਹਾਂ ਗ੍ਰੰਥਾਂ ਦੇ ਲਿਖਾਰੀ ਇਕੋ ਸਮੇਂ ਇਕੋ ਥਾਂ ਤੇ ਬੈਠ ਕੇ ਲਿਖ ਰਹੇ ਹਨ। ਜਿਵੇਂ: ਇਤਿ ਜਲੰਧਰ ਅਵਤਾਰ ਬਾਰ੍ਹਵਾਂ ਸਮਾਪਤਮ ਸਤ ਸੁਭਮ ਸਤ॥12॥ ਜਾਂ ਫਿਰ: .......... ਸਮਾਪਤਮ ਸਤ ਸੁਭਮ ਸਤ॥ਅਫਜੂੰ॥

ਪੰਨਾ 254: ਸੰਮਤ ਸੱਤ੍ਰਹ ਸਹਸ ਪਚਾਵਨ ॥ ਹਾੜ ਵਦੀ ਪ੍ਰਿਥਮਿ ਸੁਖ ਦਾਵਨ ॥ ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥

ਤਰੀਕ ਲਿਖਣ ਦਾ ਇਹ ਤਰੀਕਾ ਗਲਤ ਹੈ ਤੇ ਲਿਖਾਰੀ ਨੂੰ ਪਤਾ ਹੈ ਕਿ ਉਹ ਗਲਤੀ ਕਰ ਰਿਹਾ ਹੈ ਇਸੇ ਕਰਕੇ ਹੀ ਉਹ ਲਿਖ ਰਿਹਾ ਹੈ ਕਿ ਗਲਤੀ ਨੂੰ ਸੁਧਾਰ ਲੈਣਾ। ਇਸ ਵਿਚ ਗਲਤੀ ਕਿਹੜੀ ਹੈ? ਸਾਲ ਲਿਖ ਦਿੱਤਾ, ਹਾੜ ਵਦੀ ਲਿਖ ਦਿੱਤੀ ਪਰ ਹਫਤੇ ਦਾ ਦਿਨ ਨਹੀਂ ਦਿੱਤਾ। ਗੁਰੂ ਜੀ ਵਰਗਾ ਸਿਆਣਾ ਅਵਤਾਰੀ ਮਹਾਂਪੁਰਸ਼ ਐਸੀ ਗਲਤੀ ਕਦੀ ਨਹੀਂ ਕਰੇਗਾ।

ਪੰਨਾ 310: ਪ੍ਰਥਮ ਧਰੋ ਭਗਵਤ ਕੋ ਧਿਯਾਨਾ॥ ਬਹੁਤ ਕਰੋ ਕਬਿਤ ਬਿਧਿ ਨਾਨਾ॥ ਕ੍ਰਿਸ਼ਨ ਜਥਾ ਮਤ ਚਰਿਤ੍ਰ ਉਚਾਰੋ॥ ਚੂਕ ਹੋਇ ਕਬਿ ਲੇਹੁ ਸੁਧਾਰੋ॥440॥ ਇਤਿ ਸ੍ਰੀ ਦੇਵੀ ਉਸਤਤਿ ਸਮਾਪਤ॥
ਇੱਥੇ ਸਿਰਫ ਇਸ਼ਾਰੇ ਮਾਤਰ ਹੀ ਦੱਸਣਾ ਯੋਗ ਸਮਝਦਾ ਹਾਂ ਕਿ ਕ੍ਰਿਸ਼ਨ ਅਵਤਾਰ ਵਿਚ ਹੀ ਦੇਵੀ ਦੀ ਉਸਤੱਤ ਨਹੀਂ ਕੀਤੀ ਗਈ ਬਲਕਿ ਸਾਰੇ ਦਸਮ ਗ੍ਰੰਥ ਦਾ ਇਸ਼ਟ ਹੀ ਮਹਾਂਕਾਲ ਅਤੇ ਕਾਲਕਾ ਹੈ। ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥2॥ ਪੰਨਾ 55॥ ਅਰਾਧੀ ਲਫਜ ਦੱਸਦਾ ਹੈ ਕਿ ਕਾਲਕਾ ਇਸਤਰੀ ਵਾਚਕ ਨਾਮ ਹੈ। ਮਹਾਕਾਲ ਰਖਵਾਰ ਹਮਾਰੋ॥ ਮਹਾਲੋਹ ਮੈਂ ਕਿੰਕਰ ਥਾਰੋ॥ ਅਪਨਾ ਜਾਨ ਕਰੋ ਰਖਵਾਰ॥ ਬਾਹਿ ਗਹੇ ਕੀ ਲਾਜ ਬਿਚਾਰ॥ 435॥ ਪੰਨਾ 310॥

ਮਹਾਂਕਾਲ ਤੇ ਕਾਲਕਾ ਦੀ ਭਗਤੀ ਇਸ ਸਾਰੇ ਗ੍ਰੰਥ ਵਿਚ ਪ੍ਰਧਾਨ ਹੈ। ਇਸਨੁੰ ਅਕੈਡਮਿਕ ਬੋਲੀ ਵਿਚ ਯੁਗਲ ਭਗਤੀ ਕਹਿੰਦੇ ਹਨ ਜੋ ਸਾਕਤ ਮੱਤੀਆ ਤਾ ਮੱਤ ਹੈ ਨਾ ਕਿ ਸਿੱਖਾਂ ਦਾ। ਅਸੀਂ ਇਕ ਦੇ ਸੇਵਕ ਹਾਂ। ਪਰ ਸਾਕਤ ਮੱਤੀਏ ਸਿਮਰਦੇ ਹਨ: ਸੀਤਾ ਰਾਮ, ਰਾਧੇ ਸ਼ਾਮ, ਬਿਸਨੂ ਲੱਛਮੀ, ਸ਼ਿਵ ਪਾਰਬਤੀ ਆਦਿ।

ਪੰਨਾ 354: ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥ ਚੂਕ ਹੋਇ ਜਹਤਹ ਸੁ ਕਬਿ ਲੀਜਹੁ ਸਕਲ ਸੁਧਾਰ॥ ਬਿਨਤ ਕਰੋ ਦੋਊ ਜੋਰਿ ਕਰਿ ਸੁਨੋ ਜਗਤ ਕੇ ਰਾਇ। ਮੋ ਮਸਤਕ ਤਵੈ ਪਗ ਸਦਾ ਰਹੈ ਦਾਸ ਕੇ ਭਾਇ॥756॥ ਇਤਿ ਸ੍ਰੀ ਦਸਮ ਸਿਕੰਧੇ ਪੁਰਾਣ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨ ਅਵਤਾਰੇ ਰਾਸ ਮੰਦਲ ਬਰਨਨੰ ਧਿਆਇ ਸਮਾਪਤਮ ਸਤੁ ਸੁਭਮ ਸਤੁ॥

ਇਨ੍ਹਾਂ ਸੱਤਰਾਂ ਵਿਚ ਵੀ ਓਹੀ ਗਲਤੀ ਹੈ। ਮਹੀਨਾ ਤੇ ਦਿਨ ਵਾਰ ਨਹੀਂ ਦਿੱਤੇ ਹੋਏ। ਲਿਖਾਰੀ ਨੂੰ ਇਸ ਗਲਤੀ ਦਾ ਪਤਾ ਹੈ ਇਸ ਕਰਕੇ ਹੀ ਓਹ ਇਹ ਲਿਖ ਰਿਹਾ ਹੈ ਕਿ ਜਿਥੇ ਕਿਤੇ ਕੋਈ ਗਲਤੀ ਹੋਈ ਸੁਧਾਰ ਕਰ ਲੈਣਾ।

ਪੰਨਾ 386: ਦੋਹਰਾ॥ ਖੜਗਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ॥ ਭੁਲ ਹੋਇ ਜਹਂ ਤਹਿਂ ਸੁ ਕਬਿ ਪੜੀੳਹੁ ਸਭੈ ਸੁਧਾਰ॥ 984॥ ਇਤਿ ਸ੍ਰੀ ਦਸਮ ਸਿਕੰਧੇ ਪੁਰਾਣ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨ ਅਵਤਾਰ ਗੋਪੀ ਊਧਵ ਸੰਬਾਦੇ ਬਿਰਹ ਨਾਟਕ ਬਰਨਨੰ ਨਾਮ ਧਿਆਇ ਸਮਾਪਤਮ ਸਤੁ॥

ਖੜਗਪਾਨ, ਸ੍ਰੀ ਅਸਧੁਜ, ਸ੍ਰੀ ਅਸਕੇਤ ਆਦਿ ਨਾਮ ਮਹਾਂਕਾਲ ਵਾਸਤੇ ਵਰਤੇ ਗਏ ਨਾਮ ਹਨ ਅਕਾਲ ਪੁਰਖ ਨਾਲ ਇਨ੍ਹਾਂ ਨਾਵਾਂ ਦਾ ਕੋਈ ਵੀ ਸੰਬੰਧ ਨਹੀਂ।

ਪੰਨਾ 570: ਜਉ ਕਹਿ ਕਥਾ ਪ੍ਰਸੰਗ ਸੁਨਾਊ। ਗ੍ਰੰਥ ਬਢਨ ਤੇ ਹ੍ਰਿਦੈ ਡਰਾਊ॥ ਤਾਂਤੇ ਥੋਰੀਯੈ ਕਥਾ ਕਹਾਈ। ਭੁਲ ਦੇਖਿ ਕਬੁ ਲੇਹੁ ਬਨਾਈ॥4॥

ਪੰਨਾ 1273: ਗ੍ਰੰਥ ਬਢਿਨ ਤੇ ਅਧਿਕ ਡਰੈਯੈ॥ਤਾਤੇ ਥੋਰੀ ਕਥਾ ਉਚਾਰੀ॥ ਚੂਕ ਹੋਇ ਕਬਿ ਲੇਹੁ ਸੁਧਾਰੀ॥10॥

ਇਹੀ ਅਲਫਾਜ਼ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਹਨ । ਉਸ ਦਾ ਲਿਖਾਰੀ ਵੀ ਗ੍ਰੰਥ ਬਢਨ ਤੇ ਅਧਿਕ ਡਰਦਾ ਹੈ ਤੇ ਦਸਮ ਗ੍ਰੰਥ ਦਾ ਲਿਖਾਰੀ ਵੀ ਗ੍ਰੰਥ ਬਢਨ ਤੇ ਅਧਿਕ ਡਰਦਾ ਹੈ। ਗੁਰੂ ਪਿਆਰਿਓ ਜਰਾ ਆਪਣੀ ਆਪਣੀ ਅਕਲ ਤੇ ਜੋਰ ਪਾ ਕੇ ਤਾਂ ਸੋਚੋ ਕਿ ਕੀ ਦੋਹਾਂ ਦਾ ਲਿਖਾਰੀ ਇਕ ਤਾਂ ਨਹੀਂ?

ਦੋਹਰਾ ॥ ਸੱਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ ॥ ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ ॥੨੪੯੦॥ ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥ ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ ॥੨੪੯੧॥

ਇੱਥੇ ਵੀ ਸਾਲ ਲਿਖ ਦਿੱਤਾ ਸਾਵਨ ਦੀ ਸੁਦੀ ਦੇ ਦਿੱਤੀ ਹੈ ਪਰ ਦਿਨ-ਵਾਰ ਨਹੀਂ ਦਿੱਤਾ ਇਸ ਕਰਕੇ ਤਰੀਕ ਲਿਖਣ ਦਾ ਇਹ ਤਰੀਕਾ ਵੀ ਗਲਤ ਹੈ। 2491 ਵਾਲਾ ਸ਼ੇਅਰ ਦਾ ਮਤਲਬ ਇਹ ਹੈ ਕਿ ਭਗਵਤ ਪੁਰਾਣ ਦੇ ਦਸਵੇਂ ਸਕੰਧ (ਅਧਿਆਇ) ਦਾ ਲਿਖਾਰੀ ਨੇ ਸੌਖੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ। ਕਵੀ ਦੇ ਮਨ ਵਿਚ ਧਰਮ ਯੁੱਧ ਦਾ ਚਾਓ ਹੈ ਹੋਰ ਕੋਈ ਕਾਮਨਾ ਨਹੀਂ।

ਸਵੈਯਾ ॥ ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁਧੁ ਬਿਚਾਰੈ ॥ ਦੇਹ ਅਨਿੱਤ ਨ ਨਿੱਤ ਰਹੈ ਜਸੁ ਨਾਵ ਚੜੈ ਭਵਸਾਗਰ ਤਾਰੈ ॥ ਧੀਰਜ ਧਾਮ ਬਨਾਇ ਇਹੈ ਤਨ ਬੁੱਧਿ ਸੁ ਦੀਪਕ ਜਿਉ ਉਜੀਆਰੈ॥ ਗਯਾਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸ਼ਨਾਵਤਾਰੇ ਧਯਾਇ ਸਮਾਪਤ ਮਸਤ ਸੁਭਮ ਸਤੁ ॥੨੧॥

ਉਨ੍ਹਾਂ ਲੋਕਾਂ ਦਾ ਇਸ ਜੱਗ ਵਿਚ ਜਿਉਣਾ ਧੰਨ ਹੈ ਜਿਨ੍ਹਾਂ ਦੇ ਮੁੱਖ ਵਿਚ ਹਰੀ ਦਾ ਨਾਮ ਤੇ ਮਨ ਵਿਚ ਧਰਮ ਯੁੱਧ ਕਰਨ ਦਾ ਚਾਓ ਹੋਵੇ ਕਿਉਂਕਿ ਦੇਹੀ ਬਿਨਸਨਹਾਰ ਹੈ ਤੇ ਹਰ ਰੋਜ ਨਹੀਂ ਰਹਿੰਦੀ। ਜੋ ਮਨੁੱਖ ਧਰਮ ਯੁੱਧ ਕਰਕੇ ਯੱਸ਼ ਦੀ ਬੇੜੀ ਤੇ ਸਵਾਰ ਹੋਵੇਗਾ ਓਹੀ ਭਵਸਾਗਰ ਵਿਚੋਂ ਪਾਰ ਲੰਘੇਗਾ। ਇਸ ਸਰੀਰ ਨੂੰ ਧੀਰਜ ਦਾ ਘਰ ਬਣਾ ਲਵੋ ਅਤੇ ਬੁੱਧੀ ਨੂੰ ਦੀਪਕ ਵਾਂਗਰ ਇਸ ਵਿਚ ਜਗਾ ਲਵੋ ਤੇ ਗਿਆਨ ਦੀ ਬਹੁਕਰ ਲੈ ਕੇ ਕਾਇਰਤਾ ਦੇ ਕੂੜੇ ਨੂੰ ਬਾਹਰ ਹੂੰਝ ਦਿਓ।2492॥21॥

ਕ੍ਰਿਸਨ ਅਵਤਾਰ 2492 ਛੰਦ ਤੇ ਆਕੇ ਬੰਦ ਕਰ ਦਿੱਤਾ । ਪਰ ਕ੍ਰਿਸਨ ਅਵਤਾਰ ਦੇ ਸ਼ੁਰੂ ਵਿਚ ਤਾਂ ਲਿਖਾਰੀ ਇਉਂ ਲਿਖਦਾ ਹੈ।

ਜੇ ਜੇ ਕ੍ਰਿਸਨ ਚਰਿਤ ਦਿਖਾਏ॥ ਦਸਮ ਬੀਚ ਸਭ ਭਾਖ ਸੁਨਾਏ॥ ਗਿਯਾਰਾ ਸਹਸ ਬਾਨਵੇ ਛੰਦਾ॥ ਕਹੇ ਦਸਮ ਪੁਰ ਬੈਠ ਅਨੰਦਾ।4॥ ਪੰਨਾ 254॥

ਜਿਹੜੇ ਜਿਹੜੇ ਕੌਤਕ ਕ੍ਰਿਸਨ ਨੇ ਵਿਖਾਏ ਉਹ ਸਾਰੇ ਭਗਵਤ ਪੁਰਾਣ ਦੇ ਦਸਵੇਂ ਸਕੰਧ ਵਿਚ ਕਹੇ ਹੋਏ ਹਨ। ਉਥੇ ਇਨ੍ਹਾਂ ਛੰਦਾਂ ਦੀ ਗਿਣਤੀ 1192 ਹੈ ਤੇ ਲਿਖਾਰੀ(ਦਸਮ) ਨੇ ਅਨੰਦਪੁਰ ਵਿਚ ਬੈਠ ਕੇ ਕਹੇ ਹਨ। ਹੁਣ ਤੁਸੀਂ ਵੇਖ ਹੀ ਚੁਕੇ ਹੋ ਕਿ ਛੰਦਾਂ ਦੀ ਗਿਣਤੀ ਤਾਂ 2492 ਹੈ॥ ਇਹ 1300 ਛੰਦ ਫਿਰ ਕਿਥੌਂ ਆਏ ? ਕੀ ਗੁਰੂ ਜੀ ਝੂਠ ਲਿਖਣਗੇ?

ਐਸਾ ਝੂਠਾ ਲਿਖਾਰੀ, ਸਾਡਾ ਦਸਮ ਪਤਾ ਨਹੀਂ ਹੋ ਸਕਦਾ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਊਣ ਵਾਲਾ (ਬਰੈਂਪਟਨ) ਕੈਨੇਡਾ 647 969 3132, 810 223 3648


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top