Share on Facebook

Main News Page

‘ਪੰਥ ਰਤਨ ਫ਼ਖ਼ਰ-ਏ-ਕੌਮ’ ’ਤੇ ਫ਼ਖ਼ਰ ਕਰੀਏ ਜਾਂ ਸ਼ਰਮ!

25 ਨਵੰਬਰ 2011 ਨੂੰ ‘ਵਿਰਾਸਤ-ਏ-ਖ਼ਾਲਸਾ’ ਦੇ ਉਦਘਾਟਨ ਸਮੇਂ ਬਿਨਾ ਕਿਸੇ ਪਹਿਲਾਂ ਸੋਚ ਵੀਚਾਰ ਜਾਂ ਏਜੰਡੇ ਦੇ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਚਾਪਲੂਸੀ ਕਰਦੇ ਹੋਏ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਨੇ ਅਚਾਨਕ ਹੀ ਇਹ ਐਲਾਨ ਕਰ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸ: ਪ੍ਰਕਾਸ਼ ਸਿੰਘ ਬਾਦਲ ਪਹਿਲੇ ਸਿੱਖ ਹਨ ਜਿਨ੍ਹਾਂ ਨੇ ਸਿੱਖ ਇਤਿਹਾਸ ਦੀਆਂ ਯਾਦਗਰਾਂ ਬਣਾ ਕੇ ਪੰਥ ਦੀ ਮਹਾਨ ਸੇਵਾ ਕੀਤੀ ਹੈ। ਇਸ ਲਈ 5 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ‘ਫ਼ਖ਼ਰ-ਏ-ਕੌਮ’ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣੇ ਨੰਬਰ ਵਧਾਉਣ ਦੀ ਚਾਹਤ ਹੇਠ ਕਿਹਾ ਕਿ ਜਥੇਦਾਰ ਸਾਹਿਬ ਥੋੜ੍ਹੀ ਗਲਤੀ ਕਰ ਗਏ ਹਨ, ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸਿਰਫ ‘ਪੰਥ ਰਤਨ’ ਹੀ ਨਹੀਂ ਬਲਕਿ ‘ਪੰਥ ਰਤਨ, ਫ਼ਖ਼ਰ-ਏ-ਕੌਮ’ ਅਵਾਰਡ ਦੇਣਾ ਚਾਹੀਦਾ ਹੈ, ਇਸ ਲਈ ਜਥੇਦਾਰ ਜੀ ਆਪਣੇ ਐਲਾਨ ਵਿੱਚ ਸੋਧ ਕਰ ਲੈਣ।

ਅਕਾਲ ਤਖ਼ਤ ਨੂੰ ਸਰਬ ਉਚ ਦੱਸਣ ਵਾਲੇ ਸ: ਮੱਕੜ ਵਲੋਂ ਇਹ ਸ: ਪ੍ਰਕਾਸ਼ ਸਿੰਘ ਬਾਦਲ ਦੀ ਚਾਪਲੂਸੀ ਦੀ ਹੱਦ ਪਾਰ ਕਰਨਾ ਹੀ ਕਿਹਾ ਜਾ ਸਕਦਾ ਹੈ। ਕਿਉਂਕਿ ਉਸ ਨੂੰ ਘੱਟ ਤੋਂ ਘੱਟ ਇਤਨਾ ਗਿਆਨ ਤਾਂ ਹੋਣਾ ਹੀ ਚਾਹੀਦਾ ਸੀ ਕਿ ਜਿਸ ਹਸਤੀ ਨੂੰ ਸਰਬ ਉਚ ਮੰਨਿਆਂ ਜਾਂਦਾ ਹੋਵੇ, ਉਸ ਹਸਤੀ ਵਲੋਂ ਐਲਾਨ ਕੀਤੇ ਜਾਣ ਬਾਅਦ ਕੋਈ ਵੀ ਵਿਅਕਤੀ ਉਸ ਕੀਤੇ ਗਏ ਐਲਾਨ ਵਿੱਚ ਸੋਧ ਕਰਨ ਦਾ ਕੋਈ ਹੱਕ ਨਹੀਂ ਰੱਖਦਾ। ਪਰ ਜਿਥੇ ਚਾਪਲੂਸੀ ਕਰਕੇ ਆਪਣੇ ਨੰਬਰ ਵਧਾਉਣ ਦੀ ਦੌੜ ਲੱਗੀ ਹੋਵੇ ਉਥੇ ਅਜਿਹੀ ਤਹਿਜ਼ੀਬ ਦੀ ਪ੍ਰਵਾਹ ਹੀ ਕੌਣ ਕਰਦਾ ਹੈ? ਜਿਸ ਤਰ੍ਹਾਂ ਸ: ਮੱਕੜ ਨੇ ਜਥੇਦਾਰ ਨੂੰ ਆਪਣੀ ਗਲਤੀ ਸੁਧਾਰਣ ਦੀ ਹਦਾਇਤ ਕੀਤੀ, ਉਸ ਤੋਂ ਜਾਪਦਾ ਹੈ ਕਿ ਉਨ੍ਹਾਂ ਲਈ ਸਰਬ ਉਚ ਅਕਾਲ ਤਖ਼ਤ ਦਾ ਜਥੇਦਾਰ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਕਰਤਾ ਧਰਤਾ ਪ੍ਰਕਾਸ਼ ਸਿੰਘ ਬਾਦਲ ਹੈ, ਜਿਸ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਉਹ ਲਗਾਤਾਰ ਛੇ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਚੁੱਕਾ ਹੈ ਤੇ ਅੱਗੇ ਤੋਂ ਉਮੀਦ ਰੱਖੀ ਹੋਈ ਹੈ। ਫਿਰ ਜਥੇਦਾਰ ਜੀ ਤਾਂ ਸਿਰਫ ਨਾ ਦੇ ਹੀ ਸਰਬ ਉਚ ਹਨ। ਉਹ ਪ੍ਰਧਾਨ ਜੀ ਵਲੋਂ ਕੀਤੀ ਗਈ ਸੋਧ ਨੂੰ ਨਕਾਰਨ ਦੀ ਕੋਈ ਜ਼ੁਰਅਤ ਕਰਨ, ਇਸ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।

ਇਸ ਗੈਰ ਵਾਜਬ ਐਲਾਨ ਦੇ ਹੁੰਦਿਆਂ ਹੀ ਪੰਥਕ ਸਫਾਂ ਵਿੱਚ ਇਸ ਦੀ ਭਾਰੀ ਅਲੋਚਨਾ ਹੋਣ ਲੱਗ ਪਈ। ਕਿਸੇ ਨੇ ਲਿਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਨਹੀਂ ‘ਪੰਥ ਪਤਨ’ ਅਵਾਰਡ ਦੇਣਾ ਚਾਹੀਦਾ ਹੈ। ਕਿਸੇ ਨੇ ਲਿਖਿਆ ‘ਫ਼ਖ਼ਰ-ਏ-ਕੌਮ’ ਨਹੀਂ ‘ਗ਼ਦਾਰ-ਏ-ਕੌਮ’ ਅਵਾਰਡ ਦੇਣਾ ਚਾਹੀਦਾ ਹੈ। ਬੇਸ਼ੱਕ ਖ਼ੁਸ਼ਾਮਦਗਿਰੀ ਕਰਕੇ ਨੰਬਰ ਵਧਾਉਣ ਵਾਲੇ ਲੋਕ ਕਹਿੰਦੇ ਹਨ ਕਿ ਸਿਆਸੀ ਸਾੜੇ ਕਾਰਣ ਸ: ਬਾਦਲ ਦੇ ਸਿਆਸੀ ਵਿਰੋਧੀ ਹੀ ਉਨ੍ਹਾਂ ਨੂੰ ਇਹ ਸਨਮਾਨ ਦਿੱਤੇ ਜਾਣ ਦਾ ਵਿਰੋਧ ਕਰਦੇ ਹਨ ਵਰਨਾ ਸ: ਬਾਦਲ ਤਾਂ ਪੂਰੀ ਤਰ੍ਹਾਂ ਇਹ ਸਨਮਾਨ ਦਿੱਤੇ ਜਾਣ ਦੇ ਯੋਗ ਹਨ। ਪਰ ਉਨ੍ਹਾਂ ਦੀ ਇਹ ਦਲੀਲ ਬਿਲਕੁਲ ਮੰਨਣਯੋਗ ਨਹੀਂ ਹੈ ਕਿਉਂਕਿ ਜਿਨ੍ਹਾਂ ਲੇਖਕਾਂ ਨੇ ਸ: ਬਾਦਲ ਨੂੰ ਇਹ ਆਵਾਰਡ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ ਉਹ ਨਾ ਤਾਂ ਖ਼ੁਦ ਸਿਆਸੀ ਖ਼ੇਤਰ ਵਿੱਚ ਵਿਚਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਲੇਖਾਂ ਵਿੱਚ ਕਿਧਰੇ ਵੀ ਸਿਆਸੀ ਸਾੜਾ ਨਜ਼ਰ ਹੀ ਆਉਂਦਾ ਹੈ ਬਲਕਿ ਉਨ੍ਹਾਂ ਨੇ ਸ: ਬਾਦਲ ਦੇ ਸਿਆਸੀ ਜੀਵਨ, ਜਿਸ ਦੌਰਾਨ ਉਹ ਪੰਥ ਦੇ ਕਰਤਾ ਧਰਤਾ ਬਣ ਕੇ ਸਾਰੀਆਂ ਸ਼੍ਰੋਮਣੀ ਪੰਥਕ ਸੰਸਥਾਵਾਂ ’ਤੇ ਕਾਬਜ਼ ਹੋਏ ਹਨ, ਉਸ ਸਮੇਂ ਦੀਆਂ ਉਨ੍ਹਾਂ ਕਾਰਵਾਈਆਂ ਦੀ ਲੰਬੀ ਸੂਚੀ ਦਿੱਤੀ ਹੈ ਜਿਨ੍ਹਾਂ ਵਿੱਚ ਇਸ ਨੇ ਸਿੱਖੀ ਸਿਧਾਂਤਾਂ ਅਤੇ ਪੰਥਕ ਹਿੱਤਾਂ ਨੂੰ ਭਾਰੀ ਖੋਰਾ ਲਾਇਆ ਹੈ। ਸ: ਬਾਦਲ ਨੇ ਆਪਣੇ ਸਾਰੇ ਸਿਆਸੀ ਜੀਵਨ ਵਿੱਚ ਇੱਕ ਵੀ ਐਸਾ ਗਿਣਨਯੋਗ ਕੰਮ ਨਹੀਂ ਕੀਤਾ ਜਿਹੜਾ ਕਿ ਇਸ ਨੂੰ ਇਹ ਅਵਾਰਡ ਦਿੱਤੇ ਜਾਣ ਦੇ ਯੋਗ ਬਣਾਉਂਦਾ ਹੋਵੇ। ਸ: ਬਾਦਲ ਨੇ ਜਿੰਨੇ ਵੀ ਕੰਮ ਕੀਤੇ ਹਨ ਜਾਂ ਸਿਆਸੀ ਨੀਤੀਆਂ ਬਣਾਈਆਂ ਹਨ ਉਹ ਪੰਥ ਦੀ ਚੜ੍ਹਦੀ ਕਲਾ ਜਾਂ ਹਿੱਤ ਪੂਰਨ ਲਈ ਨਹੀਂ ਬਲਕਿ ਆਪਣੇ ਸਿਆਸੀ ਹਿੱਤ ਪੂਰਨ ਲਈ ਹਨ।

ਇਤਿਹਾਸਕ ਯਾਦਗਾਰਾਂ ਬਣਾਉਣੀਆਂ ਇੱਕ ਸ਼ਲਾਘਾਯੋਗ ਕੰਮ ਹੈ, ਤੇ ਬਨਾਉਣ ਵਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਸਿਰਫ ਇਤਿਹਾਸਕ ਯਾਦਗਾਰਾਂ ਬਣਾਉਣੀਆਂ ਹੀ ਕਿਸੇ ਨੂੰ ਕੌਮ ਦਾ ਸਰਬਉਚ ਅਵਾਰਡ ਦੇਣ ਦੇ ਯੋਗ ਨਹੀਂ ਬਣਾਉਂਦਾ ਖਾਸ ਕਰਕੇ ਉਸ ਸਮੇਂ ਜਦੋਂ ਇਹ ਬਣਾਉਣ ਸਮੇਂ ਇਤਿਹਾਸ ਸਾਂਭਣ ਨਾਲੋਂ, ਉਸ ਪਿੱਛੇ ਸਿਆਸੀ ਲਾਹਾ ਖੱਟਣ ਦੀ ਭਾਵਨਾ ਜਿਆਦਾ ਪ੍ਰਬਲ ਹੋਵੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਰਾਜ ਦੌਰਾਨ ਕਈ ਕਈ ਯਾਦਗਾਰਾਂ ਬਣਾਈਆਂ ਸਨ ਤੇ ਸਿੱਖ ਇਤਿਹਾਸ ਨਾਲ ਸਬੰਧਤ ਕਈ ਸ਼ਤਾਬਦੀਆਂ ਮਨਾਈਆਂ ਸਨ ਜਿਸ ਕਾਰਣ ਆਮ ਲੋਕ ਉਨ੍ਹਾਂ ਨੂੰ ਸ: ਬਾਦਲ ਨਾਲੋਂ ਚੰਗਾ ਸਿੱਖ ਸਮਝਣ ਲੱਗ ਪਏ ਸਨ ਤੇ ਇਸ ਗੱਲ ਦਾ ਉਨ੍ਹਾਂ ਨੂੰ ਅੱਜ ਤੱਕ ਲਾਹਾ ਵੀ ਮਿਲ ਰਿਹਾ ਹੈ ਪਰ ਕਿਸੇ ਨੇ ਉਨ੍ਹਾਂ ਨੂੰ ਪੰਥ ਰਤਨ ਜਾਂ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਨਹੀ ਦਿੱਤਾ। ਉਨ੍ਹਾਂ ਨੂੰ ਤਾਂ ਸਗੋਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਨੂੰ ਉਹ ਸਿਰੋਪਾ ਦੇਣ ਤੋਂ ਵੀ ਕਿਸੇ ਨਾ ਕਿਸੇ ਬਹਾਨੇ ਇਨਕਾਰ ਕਰ ਦਿਤਾ ਜਿਹੜਾ ਕਿ ਬਾਦਲ ਦਲ ਦੀ ਸਹਿਯੋਗੀ ਪਾਰਟੀ ਦੇ ਐਰੇ ਗੈਰੇ ਨੂੰ ਵੀ ਦਿੱਤਾ ਜਾ ਰਿਹਾ ਹੈ, ਇੱਥੋਂ ਤੱਕ ਕਿ ਦਰਬਾਰ ਸਾਹਿਬ ’ਤੇ ਹਮਲਾ ਕਰਵਾਉਣ ਦਾ ਲਿਖਤੀ ਇਕਬਾਲ ਕਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਬੜੇ ਸਨਮਾਨ ਨਾਲ ਦਿੱਤਾ ਜਾਂਦਾ ਹੈ।

ਸ: ਬਾਦਲ ਨੇ ਵੀ ਇਹ ਯਾਦਗਾਰਾਂ ਸਿਆਸੀ ਲਾਹੇ ਨੂੰ ਮੁੱਖ ਰੱਖ ਕੇ ਹੀ ਬਣਾਈਆਂ ਹਨ ਤੇ ਇਸੇ ਕਰਕੇ ਉਨ੍ਹਾਂ ਸਾਰੀਆਂ ਦਾ ਉਦਘਾਟਨ ਐਨ ਚੋਣਾਂ ਮੌਕੇ ਕੀਤਾ ਹੈ। ‘ਵਿਰਾਸਤ-ਏ-ਖ਼ਾਲਸਾ’ ਦਾ ਨੀਂਹ ਪੱਥਰ 1998 ’ਚ ਅਕਾਲੀ-ਭਾਜਪਾ ਸਰਕਾਰ ਵੇਲੇ ਹੀ ਰੱਖਿਆ ਗਿਆ ਸੀ। ਇਸ ਦੀ ਉਸਾਰੀ ਲਈ 20 ਮੈਂਬਰੀ ਅਨੰਦਪੁਰ ਸਾਹਿਬ ਫ਼ਾਊਂਡੇਸ਼ਨ ਨਾਂ ਦੀ ਖੁਦਮੁਖਤਿਆਰ ਸੰਸਥਾ ਬਣਾਈ ਗਈ, ਜਿਸ ਦੇ ਉਮਰ ਭਰ ਲਈ ਚੇਅਰਮੈਨ ਪ੍ਰਕਾਸ਼ ਸਿੰਘ ਬਾਦਲ ਬਣਾ ਦਿੱਤੇ ਗਏ। ਪਰ ਫ਼ਰਵਰੀ, 2002 ਵਿਚ ਅਕਾਲੀ-ਭਾਜਪਾ ਸਰਕਾਰ ਸੱਤਾ ਤੋਂ ਬਾਹਰ ਹੋ ਗਈ।

ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕੁਝ ਸਮਾਂ ਇਸ ਪ੍ਰਾਜੈਕਟ ਦਾ ਕੰਮ ਰੁਕ ਗਿਆ ਕਿਉਂਕਿ ਫ਼ਾਊਂਡੇਸ਼ਨ ਦੇ ਚੇਅਰਮੈਨ ਪ੍ਰਕਾਸ਼ ਸਿੰਘ ਬਾਦਲ ਸਨ ਇਸ ਲਈ ਵਿਰਾਸਤੀ ਕੇਂਦਰ ਦੇ ਨਿਰਮਾਣ ਲਈ ਵਿੱਤੀ ਪ੍ਰਬੰਧ ਕਰਨ ਵਾਲੀ ਅਨੰਦਪੁਰ ਸਾਹਿਬ ਫ਼ਾਊਂਡੇਸ਼ਨ ਦੀ ਕੋਈ ਵੀ ਮੀਟਿੰਗ ਨਾ ਹੋ ਸਕੀ। ਆਖ਼ਰ 7 ਅਪ੍ਰੈਲ, 2003 ਨੂੰ ਅਨੰਦਪੁਰ ਸਾਹਿਬ ਫ਼ਾਊਂਡੇਸ਼ਨ ਦੀ ਮੀਟਿੰਗ ਵਿਚ ਨਿਯਮਾਂ ਵਿਚ ਸੋਧ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਚੇਅਰਮੈਨ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਅਤੇ ਇਹ ਵਿਵਸਥਾ ਕਰ ਦਿੱਤੀ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਹੀ ਇਸ ਫ਼ਾਊਂਡੇਸ਼ਨ ਦਾ ਚੇਅਰਮੈਨ ਬਣੇਗਾ। ਇਸ ਪਿੱਛੋਂ 8 ਅਪ੍ਰੈਲ 2003 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਫ਼ਾਊਂਡੇਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਉਸ ਪਿੱਛੋਂ ਫ਼ਾਊਂਡੇਸ਼ਨ ਦੀਆਂ ਸਰਗਰਮੀਆਂ ਵਿਧੀਵਤ ਢੰਗ ਨਾਲ ਸ਼ੁਰੂ ਹੋਈਆਂ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਪੰਜ ਕੌਮੀ ਬੈਂਕਾਂ ਤੋਂ 100 ਕਰੋੜ ਰੁਪਏ ਦਾ ਕਰਜ਼ਾ ਲੈ ਕੇ `ਵਿਰਾਸਤ-ਏ-ਖ਼ਾਲਸਾ’ ਦਾ ਰੁਕਿਆ ਕੰਮ ਸ਼ੁਰੂ ਕਰਵਾਇਆ। ਅੰਮ੍ਰਤਿਸਰ ਵਿਖੇ ਸਤੰਬਰ 2004 ਵਿਚ ਮਨਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਸਥਾਪਨਾ ਦਿਵਸ ਮੌਕੇ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਡਾ| ਮਨਮੋਹਨ ਸਿੰਘ ਨੇ 48 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਇਸ ਯਾਦਗਾਰ ਨੂੰ ਹਰ ਹੀਲੇ ਮੁਕੰਮਲ ਕਰਵਾਉਣ ਦਾ ਅਹਿਦ ਵੀ ਲਿਆ। ਵਾਰ-ਵਾਰ ਵਿੱਤੀ ਸੰਕਟ ਤੋਂ ਬਾਅਦ ਅਜਿਹੀ ਯੋਜਨਾ ਤਿਆਰ ਕੀਤੀ ਗਈ ਕਿ ਇਸ ਦੇ ਨਿਰਮਾਣ ਲਈ 1/3 ਹਿੱਸਾ ਕੇਂਦਰ ਸਰਕਾਰ ਨੇ ਦੇਣ ਦਾ ਫ਼ੈਸਲਾ ਕੀਤਾ ਅਤੇ ਬਾਕੀ 2/3 ਹਿੱਸਾ ਪੰਜਾਬ ਸਰਕਾਰ ਅਤੇ ਦੇਸ਼-ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਕੱਠਾ ਕਰਨ ਦਾ ਫ਼ੈਸਲਾ ਕੀਤਾ ਗਿਆ। ਪਹਿਲੇ ਪੜਾਅ ਦਾ ਕਾਰਜ ਮੁਕੰਮਲ ਹੋਣ `ਤੇ ਇਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਅਪ੍ਰੈਲ, 2006 ਨੂੰ ਸਿੱਖ ਸੰਤਾਂ ਹੱਥੋਂ ਪੂਰੀ ਸ਼ਾਨੋ-ਸ਼ੋਕਤ ਨਾਲ ਕਰਵਾਇਆ। ਫਰਵਰੀ 2007 ਦੀਆਂ ਚੋਣਾਂ ਉਪ੍ਰੰਤ ਫਿਰ ਸਰਕਾਰ ਬਦਲ ਗਈ।

`ਵਿਰਾਸਤ-ਏ-ਖ਼ਾਲਸਾ ਕੇਂਦਰ` ਹਾਲੇ ਵੀ ਮੁਕੰਮਲ ਨਹੀਂ ਹੋਇਆ, ਪਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਇਸ ਧਾਰਮਿਕ ਪ੍ਰਾਜੈਕਟ ਦਾ ਉਦਘਾਟਨ ਕਰਕੇ ਅਕਾਲੀ-ਭਾਜਪਾ ਸਿੱਖ ਧਾਰਮਿਕ ਭਾਵਨਾਵਾਂ ਦਾ ਲਾਹਾ ਲੈਣਾ ਚਾਹੁੰਦੀ ਸੀ ਇਸ ਲਈ 25 ਨਵੰਬਰ 2011 ਨੂੰ ਇਸ ਦਾ ਦੂਜੀ ਵਾਰ ਉਦਘਾਟਨ ਕਰ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਵਲੋਂ ਕਰਵਾਏ ਗਏ ਉਦਘਾਟਨ ਨੂੰ ਅਧੂਰੇ ਪ੍ਰੋਜੈਕਟ ਦਾ ਉਦਘਾਟਨ ਦੱਸ ਕੇ ਰੱਦ ਕਰਕੇ, ਜਿਸ ਉਦਘਾਟਨ ਨੂੰ ਅਕਾਲੀ-ਭਾਜਪਾ ਸਰਕਾਰ ਵਲੋਂ ਇਸ ਕੇਂਦਰ ਦੀ ਮੁਕੰਮਲ ਉਸਾਰੀ ਦਾ ਉਦਘਾਟਨ ਦੱਸਿਆ ਜਾ ਰਿਹਾ ਹੈ, ਉਹ ਉਸਾਰੀ ਤਾਂ ਹਾਲੀ ਵੀ ਪੂਰੀ ਨਹੀਂ ਹੋਈ। `ਵਿਰਾਸਤ-ਏ-ਖ਼ਾਲਸਾ ਕੇਂਦਰ` ਵਿਚ ਕੁੱਲ 25 ਗੈਲਰੀਆਂ ਉਸਾਰੀਆਂ ਜਾਣੀਆਂ ਸਨ, ਜਿਨ੍ਹਾਂ ਵਿਚੋਂ 15 ਗੈਲਰੀਆਂ ਮੁਕੰਮਲ ਹੋਣ `ਤੇ ਉਦਘਾਟਨ ਕੀਤਾ ਗਿਆ ਹੈ। ਬਾਕੀ ਦੀਆਂ 10 ਗੈਲਰੀਆਂ ਕਦੋਂ ਮੁਕੰਮਲ ਹੋਣਗੀਆਂ, ਕਿੰਨਾ ਪੈਸਾ ਖਰਚ ਹੋਵੇਗਾ ਅਤੇ ਇਸ ਲਈ ਕੀ ਵਿੱਤੀ ਪ੍ਰਬੰਧ ਕੀਤਾ ਜਾਵੇਗਾ ਜਾਂ ਕਿੰਨੀ ਸਮਾਂ ਸੀਮਾ ਤੈਅ ਕੀਤੀ ਜਾਵੇਗੀ, ਇਹ ਫਿ਼ਲਹਾਲ ਕੁਝ ਨਹੀਂ ਆਖਿਆ ਜਾ ਸਕਦਾ। ਉਦਘਾਟਨ ਤਾਂ ਮਹਿਜ ਉਸਾਰੀ ਦੇ ਤਿੰਨ ਪੜਾਵਾਂ ਵਿਚੋਂ ਪਹਿਲੇ ਪੜਾਅ ਦਾ 60 ਫ਼ੀਸਦੀ ਕੰਮ ਮੁਕੰਮਲ ਹੋਣ ਦਾ ਹੈ। ਬਾਕੀ ਕੰਮ ਕਦੋਂ ਮੁਕੰਮਲ ਹੋਵੇਗਾ ਇਹ ਹਾਲੇ ਕੁਝ ਵੀ ਯਕੀਨ ਨਾਲ ਨਹੀਂ ਆਖਿਆ ਜਾ ਸਕਦਾ। ਪਹਿਲਾਂ ਕਾਂਗਰਸ ਨੇ ਸਰਕਾਰ ਜਾਂਦੀ ਦੇਖਦਿਆਂ ਇਸ ਵਿਰਾਸਤੀ ਕੇਂਦਰ `ਤੇ ਸਿਆਸਤ ਕੀਤੀ ਅਤੇ ਹੁਣ ਅਕਾਲੀ ਸੱਤਾ ਤੋਂ ਬਾਹਰ ਜਾਣ ਤੋਂ ਪਹਿਲਾਂ ਮੁੜ ਸੱਤਾ ਵਿਚ ਆਉਣ ਲਈ ਹੱਥ-ਪੈਰ ਮਾਰਦਿਆਂ ਇਸ ਨੂੰ ਵੀ ਆਪਣਾ ਹਥਕੰਡਾ ਬਣਾ ਕੇ ਵਰਤ ਰਹੇ ਹਨ। ਇਸ ਦੀ ਸੰਪੂਰਨਤਾ ਨਾਲੋਂ ਵੱਧ ਫਿ਼ਕਰ ਸਿਆਸੀ ਲਾਹਾ ਲੈਣ `ਤੇ ਲੱਗੀ ਹੋਈ ਹੈ। ਸਿਆਸੀ ਲਾਹੇ ਦੀ ਪ੍ਰਵਿਰਤੀ ਇੱਥੋ ਵੀ ਸਿੱਧ ਹੁੰਦੀ ਹੈ ਕਿ ਕਾਂਗਰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੁਨੀਆਂ ਦੀ ਹੁਣ ਤੱਕ ਦੀ ਸਭ ਤੋਂ ਅਸਾਵੀਂ ਜੰਗ ਚਮਕੌਰ ਦੇ ਸ਼ਹੀਦਾਂ ਦੀ ਯਾਦਗਰ ਬਨਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ। ਸਰਕਾਰ ਬਦਲਣ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਉਸ ਦਾ ਕੰਮ ਉਥੇ ਹੀ ਠੱਪ ਕਰ ਦਿੱਤਾ ਅਤੇ ਯਾਦਗਰ ਹੁਣ ਖੰਡਰ ਦਾ ਰੂਪ ਧਾਰਨ ਕਰ ਗਈ ਹੈ। ਕਿਉਂਕਿ ਉਸ ਨੂੰ ਡਰ ਸੀ ਕਿ ਇਸ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਜਾਵੇਗਾ।

1984’ਚ ਭਾਰਤ ਸਰਕਾਰ ਵਲੋਂ ਅਕਾਲ ਤਖ਼ਤ’ਤੇ ਕੀਤੇ ਹਮਲੇ ਦੀ ਯਾਦਗਰ ਬਣਾਉਣ ਦਾ ਸ਼੍ਰੋਮਣੀ ਕਮੇਟੀ ਨੇ ਵੀ ਮਤਾ ਪਾਸ ਕੀਤਾ ਹੋਇਆ ਹੈ ਤਾਂ ਸਾਰੇ ਸਿਖਾਂ ਦੀ ਵੀ ਪੁਰਜੋਰ ਮੰਗ ਹੈ ਕਿ ਇਹ ਯਾਦਗਰ ਬਣਾਈ ਜਾਵੇ। ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਵਲੋਂ 1984 ਦੇ ਸਿੱਖ ਨਾੲਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਸ਼ਹੀਦ ਐਲਾਨਿਆਂ ਹੋਇਆ ਹੈ ਤੇ ਉਨ੍ਹਾਂ ਦੀ ਤਸ਼ਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਹੋਈ ਹੈ। ਪਰ ਕਿਉਂ ਕਿ ਸ: ਬਾਦਲ ਦੀ ਮਿੱਤਰ ਪਾਰਟੀ ਅਤੇ ਇਸ ਦਾ ਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਉਸ ਹਮਲੇ ਦੀ ਜਿੰਮੇਵਾਰੀ ਲਿਖਤੀ ਰੂਪ ਵਿੱਚ ਆਪਣੇ ਮੋਢਿਆਂ ’ਤੇ ਲੈ ਚੱਕਿਆ ਹੈ ਕਿ ਉਸ ਨੇ ਹੀ ਇੰਦਰਾ ਗਾਂਧੀ’ਤੇ ਜੋਰ ਪਾ ਕੇ ਇਹ ਹਮਲਾ ਕਰਵਾਇਆ ਸੀ। ਸੰਤ ਜਰਨੈਲ ਸਿੰਘ ਨੂੰ ਤਾਂ ਉਹ ਮਹਿਖਾਸੁਰ ਹੀ ਦਸਦੇ ਹਨ। ਇਸ ਲਈ ਉਹ ਬਿਲਕੁਲ ਨਹੀਂ ਚਾਹੁੰਦੇ ਕਿ 1984 ਦੀ ਕੋਈ ਯਾਦਗਰ ਬਣਾਈ ਜਾਵੇ ਜਾਂ ਸੰਤ ਜਰਨੈਲ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੇ। ਉਸ ਨੇ ਪਿੱਛੇ ਜਿਹੇ ਇਹ ਮੰਗ ਵੀ ਕਰ ਦਿਤੀ ਸੀ ਕਿ ਸੰਤ ਜਰਨੈਲ ਸਿੰਘ ਦੀ ਫੋਟੋ ਸਿੱਖ ਅਜਾਇਬ ਘਰ ਵਿੱਚੋਂ ਹਟਾਈ ਜਾਵੇ। ਸੰਤ ਜਰਨੈਲ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਣ ਵਾਲਿਆਂ ਨੇ ਇਸ ਦਾ ਸਖਤ ਵਿਰੋਧ ਕਰਦਿਆਂ ਉਨ੍ਹਾਂ ਦੀਆਂ ਫੋਟੋ ਦੇ ਸਟਿਕਰ ਆਪਣੀਆਂ ਗੱਡੀਆਂ ਤੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਉਨ੍ਹਾਂ ਦੀ ਫੋਟੋ ਵਾਲੀਆਂ ਟੀ ਸ਼ਰਟਾਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ। ਸਿੱਖ ਇਤਿਹਾਸ ਦੀਆਂ ਯਾਦਗਰਾਂ ਬਣਾ ਕੇ ਅਖੌਤੀ ਪੰਥ ਰਤਨ ਦਾ ਅਵਾਰਡ ਹਾਸਲ ਕਰਨ ਵਾਲਾ ਜਿਥੇ 1984 ਦੀ ਯਾਦਗਰ ਬਣਾਉਣ ਤੋਂ ਖਾਮੋਸ਼ ਰਹਿ ਕੇ ਟਾਲਾ ਵੱਟ ਰਿਹਾ ਹੈ ਉਥੇ ਇਖ਼ਲਾਖਹੀਣਤਾ ਦੀ ਹੱਦ ਟਪਾ ਦਿਤੀ ਜਦੋਂ ਅਕਾਲ ਤਖ਼ਤ ਤੋਂ ਐਲਾਨੇ ਗਏ ਵੀਹਵੀ ਸਦੀ ਦਾ ਮਹਾਨ ਸਿੱਖ ਦੀਆਂ ਫੋਟੋ ਵਾਲੀਆਂ ਟੀ ਸ਼ਰਟਾਂ ਬਣਾਉਣ ਵਾਲੀ ਹੌਜਰੀ ਦੇ ਮਾਲਕ ’ਤੇ ਹੀ ਇਸ ਦੀ ਸਰਕਾਰ ਨੇ 153-ਏ ਦਾ ਕੇਸ ਦਰਜ ਕਰ ਦਿੱਤਾ। ਇਸ ਹਿਸਾਬ ਨਾਲ ਤਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੰਤ ਜਰਨੈਲ ਸਿੰਘ ਦੀ ਫੋਟੋ ਲਾਉਣ ਵਾਲੀ ਸ਼੍ਰੋਮਣੀ ਕਮੇਟੀ ’ਤੇ ਵੀ ਕੇਸ ਦਰਜ ਕਰਨਾ ਬਣਦਾ ਹੈ।

ਖ਼ਾਲਸਾ ਵਿਰਾਸਤੀ ਕੰਪਲੈਕਸ ਦਾ ਜੋ ਪਹਿਲਾ ਅਤੇ ਮੁੱਢਲਾ ਮਾਡਲ ਤਿਆਰ ਕੀਤਾ ਗਿਆ ਸੀ, ਉਸ ਵਿਚ ਕੰਪਲੈਕਸ ਦੀ ਬਾਹਰੀ ਦਿੱਖ ਨੂੰ ਖ਼ਾਲਸਈ ਰੂਪ ਦੇਣ ਲਈ `ਨਿਸ਼ਾਨ-ਏ-ਖ਼ਾਲਸਾ` ਸਥਾਪਤ ਕਰਨ ਦੀ ਵਿਵਸਥਾ ਸੀ। `ਨਿਸ਼ਾਨ-ਏ-ਖ਼ਾਲਸਾ` ਇਕ 300 ਫ਼ੁੱਟ ਉਚੀ ਅਦੁੱਤੀ ਇਮਾਰਤ ਹੋਣੀ ਸੀ, ਜਿਸ ਨੂੰ ਬਾਟੇ ਵਰਗੇ ਇਕ ਵੱਡੇ ਤਲਾਬ ਵਿਚ `ਖੰਡੇ` ਦੇ ਰੂਪ ਵਿਚ ਉਸਾਰਿਆ ਜਾਣਾ ਸੀ। ਪਰ ਸਮੇਂ ਦੇ ਬੀਤਣ ਨਾਲ `ਨਿਸ਼ਾਨ-ਏ-ਖ਼ਾਲਸਾ` ਇਸ ਵਿਰਾਸਤੀ ਇਮਾਰਤ ਵਿਚੋਂ ਗਾਇਬ ਹੋ ਗਿਆ। ਇਸ ਸਬੰਧੀ ਇਸ ਨਿਰਮਾਣ ਕਾਰਜ ਨਾਲ ਜੁੜੇ ਸਾਰੇ ਅਧਿਕਾਰੀ ਅਤੇ ਹੋਰ ਨੁਮਾਇੰਦੇ ਭੇਦਭਰੀ ਚੁੱਪ ਧਾਰੀ ਬੈਠੇ ਹਨ। ਇਸ ਕੇਂਦਰ ਅੰਦਰ ਵੀ ਜਿਹੜੀਆਂ ਤਸਵੀਰਾਂ ਨੁਮਾਇਸ਼ ਲਈ ਰੱਖੀਆਂ ਗਈਆਂ ਹਨ, ਉਨ੍ਹਾਂ ਵਿਚ ਵੀ ਕਿਤੇ-ਕਿਤੇ ਸਿੱਖ ਪ੍ਰੰਪਰਾਵਾਂ ਤੋਂ ਘੋਰ ਅਨਜਾਣਤਾ ਦਾ ਪਤਾ ਲੱਗਦਾ ਹੈ।

‘ਵਿਰਾਸਤ-ਏ-ਖ਼ਾਲਸਾ’ ਪ੍ਰੋਜੈਕਟ ਦੀ ਸੰਖੇਪ ਜਾਣਕਾਰੀ ਲੈਣ ਉਪ੍ਰੰਤ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜਿਸ ਯਾਦਗਾਰ ਬਣਾਉਣ ਬਦਲੇ ਸ: ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇਣ ਦਾ ਅਧਾਰ ਬਣਾਇਆ ਹੈ, ਉਸ ਪਿੱਛੇ ਵੀ ਨਿਸ਼ਕਾਮ ਭਾਵਨਾਂ ਨਹੀਂ ਬਲਕਿ ਸਿਆਸੀ ਹਿਤਾਂ ਤੋਂ ਪ੍ਰੇਰਿਤ ਹੈ। ਇਸ ਦੇ ਉਦਘਾਟਨ ਸਮੇਂ ਵੀ ਸਿੱਖ ਇਤਿਹਾਸ, ਸਿਧਾਂਤ ਅਤੇ ਖ਼ਾਲਸੇ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਸੱਦੇ ਗਏ ਕਈ ਮਹਿਮਾਨਾਂ ਨੇ ਸਿਧਾਂਤ ਤੋਂ ਅਣਜਾਣ ਹੋਣ ਕਰਕੇ ਜਾਂ ਜਾਣਬੁੱਝ ਕੇ ਭਾਰੀ ਠੇਸ ਪਹੁੰਚਾਉਣ ਅਤੇ ਸਿੱਖਾਂ ਦਾ ਸਿਰ ਨੀਵਾਂ ਕਰਨ ਤੋਂ ਕੋਈ ਮੌਕਾ ਨਹੀਂ ਖੁੰਝਾਇਆ। ਗਿਆਨੀ ਗੁਰਬਚਨ ਸਿੰਘ ਨੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦੱਸ ਕੇ ਉਨ੍ਹਾਂ ਦਾ ਗੁਰੂ ਵੀ ਪੰਥ ਨੂੰ ਦੱਸਿਆ। ਪਰ ਉਹ ਇਹ ਦੱਸਣ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਹਨ ਕਿ ਅਜੋਕੇ ਸਿੱਖਾਂ ਵਿੱਚੋਂ ਉਹ ਕਿਸ ਨੂੰ ਪੰਥ ਸਮਝਦਾ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਗੁਰੂ ਕਹਿਣ ਦੀ ਗੁਸਤਾਖੀ ਕੀਤੀ ਜਾ ਸਕਦੀ ਹੋਵੇ।

ਅਖੌਤੀ ਬਾਪੂ ਆਸਾ ਰਾਮ ਨੇ ਸਿਖਾਂ ਦੀ ਖਿੱਲੀ ਉਡਾਉਣ ਦੇ ਲਹਿਜੇ ’ਚ ਕਿਹਾ ਲੋਕ ਕਹਿੰਦੇ ਹਨ ਕਿ ਗੁਰੂ ਨਾਨਕ ਨੇ ‘ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥’ ਲਿਖ ਕੇ ਸ੍ਰੀ ਰਾਮ ਜੀ ਦੀ ਨਿੰਦਾ ਕੀਤੀ ਹੈ ਪਰ ਮੈ ਕਹਿੰਦਾ ਹਾਂ ਕਿ ਗੁਰੂ ਜੀ ਇਹ ਵੀ ਲਿਖ ਗਏ ਹਨ ਕਿ ਜਦੋਂ:- ‘ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥’ ਉਸ ਬਿਪਤਾ ਦੇ ਸਮੇਂ:- ‘ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥55॥’ ਅਰਥਾਤ ਹਿੰਦੂ ਦੇਵਤਾ ਰਘੂਨਾਥ ਹੀ ਸਹਾਈ ਹੁੰਦਾ ਹੈ।

ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਕੱਚੀ ਬਾਣੀ ਦਾ ਹਵਾਲਾ ਦਿੰਦਿਆਂ, ਪੰਜਾਬ ਵਿੱਚ ਨਸ਼ਿਆਂ ਦੇ ਵਾਧੇ ਦੀ ਖਿੱਲੀ ਉਡਾਉਂਦੇ ਹੋਏ ਆਸਾ ਰਾਮ ਨੇ ਕਿਹਾ ਕਿ ਜਿਸ ਪੰਜਾਬ ਨੇ ‘ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ’ ਕਿਹਾ ਹੋਵੇ ਉਥੇ ਨਸ਼ਿਆਂ ਦੀ ਗੱਲ ਕਰਨੀ ਬੇਕਾਰ ਹੋ ਜਾਂਦੀ ਹੈ। ਕਰ ਲੈਣ ਦਿਓ ਇਨ੍ਹਾਂ ਨੂੰ ਨਸ਼ੇ, ਇਨ੍ਹਾਂ ਦਾ ਨਸ਼ਾ ਵੀ ਨਾਮ ਖੁਮਾਰੀ ਵਾਲਾ ਹੀ ਹੋਵੇਗਾ।

ਪਾਕਸਤਾਨ ਤੋਂ ਆਏ ਸਾਬਕਾ ਸਿਖਿਆ ਮੰਤਰੀ ਇਮਰਾਨ ਮਸੂਦ ਨੇ ਕਿਹਾ ‘ਮੈਨੂੰ ਪਤਾ ਹੈ ਕਿ ਲੋਕ ਕਹਿੰਦੇ ਹਨ ਕਿ ਬਾਬਾ ਨਾਨਕ ਹੱਜ ਕਰਨ ਮੱਕੇ ਗਏ ਸਨ ਪਰ ਇਹ ਕੋਰਾ ਝੂਠ ਹੈ ਕਿਉਂ ਕਿ ਮੱਕੇ ਹੱਜ ਕਰਨ ਤਾਂ ਕੋਈ ਮੁਸਲਮਾਨ ਹੀ ਜਾ ਸਕਦਾ ਹੈ।

ਪਰ ਹੈਰਾਨੀ ਦੀ ਗੱਲ ਹੈ ਕਿ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਪ੍ਰਾਪਤ ਕਰਨ ਵਾਲਾ ਅਤੇ ਇਹ ਅਵਾਰਡ ਦੇਣ ਵਾਲਾ ਕੋਈ ਵੀ ਵਿਅਕਤੀ ਉਕਤ ਮਹਿਮਾਨਾਂ ਵਲੋਂ ਕੀਤੀ ਗਲਤ ਬਿਆਨੀ ਵਿੱਚ ਸੋਧ ਨਾ ਕਰਵਾ ਸਕਿਆ।

ਸ: ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇਣ ਦੀ ਭਾਰੀ ਅਲੋਚਨਾ ਹੋਣ ’ਤੇ ਡੇ ਐਂਡ ਨਾਈਟ ਚੈਨਲ ’ਤੇ ਲਾਈਵ ਚਰਚਾ ਹੋਈ, ਜਿਸ ਦੌਰਾਨ ਡਾ: ਬਲਕਾਰ ਸਿੰਘ ਨੇ ਬਿਲਕੁਲ ਠੀਕ ਕਿਹਾ ਸੀ ਕਿ ਸ: ਬਾਦਲ ਨੂੰ ਯੋਗਤਾ ਦੇ ਅਧਾਰ ’ਤੇ, ਜਾਂ ਕਿਸੇ ਵਿਧੀ ਵਿਧਾਨ ਅਨੁਸਾਰ ਇਹ ਅਵਾਰਡ ਨਹੀਂ ਦਿੱਤਾ ਜਾ ਰਿਹਾ ਬਲਕਿ ਜਿਨ੍ਹਾਂ ਨੇ ਉਸ ਤੋਂ ਸਿਆਸਤ ਵਿੱਚ ਫਾਇਦਾ ਲੈਣਾ ਹੈ ਉਹ ਹੀ ਬਾਦਲ ਨੂੰ ਇਹ ਅਵਾਰਡ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅੱਜ ਅਸੀਂ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇ ਰਹੇ ਹਾਂ ਕੱਲ੍ਹ ਨੂੰ ਉਸ ਨੇ ਵੋਟਾਂ ਮੰਗਣ ਲਈ ਭਾਜਪਾ ਨਾਲ ਮਿਲ ਕੇ ਪੰਥ ਵਿਰੋਧੀ ਕਾਰਨਾਮਾ ਕਰ ਵਿਖਾਇਆ ਤਾਂ ਸਾਡੀ ਸਥਿਤੀ ਕੀ ਹੋਵੇਗੀ। ਵਿਦਵਾਨ ਡਾ: ਬਲਕਾਰ ਸਿੰਘ ਦੇ ਇਹ ਕਥਨ ਬਿਲਕੁਲ ਸੱਚ ਸਾਬਤ ਹੋ ਰਹੇ ਹਨ, ਪਰ ਉਸ ਤੋਂ ਹੁਣ ਸਿਆਸੀ ਫਾਇਦਾ ਲੈਣ ਵਾਲੇ ਤੇ ਪਿਛਲੇ ਸਮੇਂ’ਚ ਉਸ ਦੇ ਵਿਰੋਧ ਵਿੱਚ ਖੜ੍ਹਨ ਵਾਲੇ ਗੁਰਚਰਨ ਸਿੰਘ ਗਰੇਵਾਲ ਵਾਰ ਵਾਰ ਇਹ ਹੀ ਦਲੀਲ ਦੇ ਰਹੇ ਸਨ ਕਿ ਸ: ਪ੍ਰਕਾਸ਼ ਸਿੰਘ ਬਾਦਲ 4 ਵਾਰ ਮੁਖ ਮੰਤਰੀ ਬਣੇ ਹਨ, ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਉਜਾਗਰ ਕਰਦੀਆਂ ਯਾਦਗਾਰਾਂ ਬਣਾਈਆਂ ਹਨ, ਪਿਛਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਭਾਰੀ ਬਹੁਮਤ ਪ੍ਰਾਪਤ ਕੀਤਾ ਹੈ ਇਸ ਦਾ ਭਾਵ ਹੈ ਕਿ ਉਹ ਸਿੱਖਾਂ ਵਿੱਚ ਹਰਮਨ ਪਿਆਰੇ ਹਨ, ਇਸ ਲਈ ਉਨ੍ਹਾਂ ਨੂੰ ਪੰਥ ਰਤਨ ਅਵਾਰਡ ਦੇਣਾ ਬਿਲਕੁਲ ਜਾਇਜ਼ ਹੈ।

ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਕਿ ਚਾਰ ਵਾਰ ਮੁੱਖ ਮੰਤਰੀ ਬਣਨਾ ਕੌਮ ਲਈ ਕੋਈ ਪ੍ਰਾਪਤੀ ਨਹੀਂ ਹੈ। ਬਾਦਲ ਦੇ ਰਾਜ ਵਿੱਚ ਸਿੱਖ ਨੌਜਵਾਨਾਂ ਵਿੱਚ ਪਤਿਤਪੁਣੇ ਅਤੇ ਨਸ਼ਿਆਂ ਦੀ ਵਰਤੋਂ ਵਧੀ ਹੈ, ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਤਾਂ ਪੰਜਾਬ ਲਈ ਇੱਕ ਪ੍ਰਾਪਤੀ ਹੈ, ਕਿ ਉਸ ਨੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਕੇ ਪੰਜਾਬ ਦੇ ਪਾਣੀ ਬਚਾਏ ਪਰ ਬਾਦਲ ਨੇ ਆਪਣੀ ਜਿੰਦਗੀ ’ਚ ਕੋਈ ਐਸਾ ਕੰਮ ਨਹੀਂ ਕੀਤਾ ਜੋ ਉਸ ਨੂੰ ਅਵਾਰਡ ਦੇਣ ਦੇ ਯੋਗ ਬਣਾਉਂਦਾ ਹੋਵੇ। ਸ: ਬਾਦਲ ਚਾਰ ਵਾਰ ਮੁੱਖ ਮੰਤਰੀ ਕਿਸੇ ਪ੍ਰਾਪਤੀ ਕਰਕੇ ਨਹੀਂ ਬਲਕਿ ਸਿਸਟਮ ’ਤੇ ਕੰਟਰੋਲ ਕਰਨ ਕਰਕੇ ਬਣਿਆ ਹੈ। ਸਿਸਟਮ ’ਤੇ ਕੰਟਰੋਲ ਸਦਕਾ ਤਾਂ ਜਾਰਜ਼ ਬੁਸ਼ ਵੀ ਦੂਸਰੀ ਵਾਰ ਅਮਰੀਕਾ ਦਾ ਪ੍ਰਧਾਨ ਬਣ ਗਿਆ ਸੀ। ਕੱਲ੍ਹ ਨੂੰ ਕੋਈ ਕਹੇ ਕਿ ਬੁੱਸ਼ ਨੂੰ ਨੋਬਲ ਪੀਸ ਅਵਾਰਡ ਦੇ ਦਿਓ ਤਾਂ ਉਸ ਦੀ ਕੀ ਮਹੱਤਤਾ ਹੋਵੇਗੀ?

ਇਸ ਲੇਖ ਦੇ ਲੇਖਕ ਨੇ ਲਾਈਵ ਟਾਕ ਸ਼ੋਅ ਦੌਰਾਨ ਸਵਾਲ ਪੱੁਛਣ ਲਈ ਫ਼ੋਨ ਮਿਲਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਲਰਾਂ ਦਾ ਇਤਨਾ ਰਛ ਸੀ ਕਿ ਫ਼ੋਨ ਮਿਲ ਹੀ ਨਹੀਂ ਸਕਿਆ। ਇਸ ਲਈ ਇੱਕ ਲੇਖ ਵਿੱਚ ਹੇਠ ਲਿਖੇ ਸਵਾਲ ਲਿਖ ਕੇ ਸ: ਬਾਦਲ ਨੂੰ ਅਵਾਰਡ ਦੇਣ ਦੇ ਹਮਾਇਤੀਆਂ ਤੋਂ ਇਨ੍ਹਾਂ ਦੇ ਜਵਾਬ ਦੀ ਮੰਗ ਕੀਤੀ ਸੀ ਪਰ ਅੱਜ ਤੱਕ ਕਿਸੇ ਵਲੋਂ ਕੋਈ ਜਵਾਬ ਨਹੀਂ ਆਇਆ। ਸਵਾਲ ਇਹ ਸਨ:

  1. ਜੇ ਭਾਜਪਾ ਦੀਆਂ ਵੈਸਾਖੀਆਂ ’ਤੇ ਲੰਬੇ ਸਮੇ ਬਾਅਦ ਬਦਲਵੀਂ ਵਾਰੀ ’ਚ ਚਾਰ ਵਾਰ ਮੁਖ ਮੰਤਰੀ (ਦੋ ਵਾਰ ਤਾਂ ਇਹ ਆਪਣਾ ਸਮਾ ਪੂਰਾ ਕਰਨ ਤੋਂ ਪਹਿਲਾਂ ਹੀ ਲੁਟਕਦਾ ਰਿਹਾ ਹੈ) ਬਣਨ ’ਤੇ ਹੀ ਸ: ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦੇਣਾ ਜਾਇਜ਼ ਹੈ, ਤਾਂ ਜੇ ਆਪਣੀ ਤਾਕਤ ਦੇ ਸਿਰ ’ਤੇ ਲਗਾਤਰ 17 ਸਾਲ ਪ੍ਰਧਾਨ ਮੰਤਰੀ ਰਹਿਣ ਵਾਲੇ ਨਹਿਰੂ ਅਤੇ 4 ਵਾਰ ਪ੍ਰਧਾਨ ਮੰਤਰੀ ਬਣਨ ਵਾਲੀ ਇੰਦਰਾ ਗਾਂਧੀ ਨੂੰ ਕਾਂਗਰਸ ਵਾਲੇ ‘ਫ਼ਖ਼ਰ-ਏ-ਕੌਮ’ ਦਾ ਅਵਾਰਡ ਦੇ ਦੇਣ ਦੇਣ ਤਾਂ ਕੀ ਇਸ ਨੂੰ ਬਾਦਲ ਅਤੇ ਇਸ ਦੀ ਭਾਈਵਾਲ ਭਾਜਪਾ ਪ੍ਰਵਾਨ ਕਰ ਲਵੇਗੀ। ਜਯੋਤੀ ਬਾਸੂ ਆਪਣੀ ਤਾਕਤ ਦੇ ਸਿਰ ’ਤੇ 21 ਜੂਨ 1977 ਤੋਂ 6 ਨਵੰਬਰ 2000 ਤੱਕ ਲਗਾਤਰ 23 ਸਾਲ ਤੋਂ ਵੱਧ ਸਮੇ ਤੱਕ ਪੱਛਮੀ ਬੰਗਾਲ ਦਾ ਮੁੱਖ ਮੰਤਰੀ ਰਿਹਾ ਹੈ ਜੋ ਕਿ ਹੁਣ ਤੱਕ ਦੇ ਭਾਰਤ ਦੇ ਸਾਰੇ ਸੂਬਿਆਂ ਦੇ ਮੁਖ ਮੰਤਰੀਆਂ ਦੇ ਸਮੇ ਨਾਲੋਂ ਵੱਧ ਦਾ ਸਮਾਂ ਬਣਦਾ ਹੈ। ਕੀ ਉਸ ਨੂੰ ਕਿਸੇ ਨੇ ‘ਫ਼ਖ਼ਰ-ਏ-ਕੌਮ’ ਅਵਾਰਡ ਦਿੱਤਾ ਹੈ? ਜੇ ਅੱਜ ਮਾਰਕਿਸਟ ਪਾਰਟੀ ਉਸ ਨੂੰ ਇਹ ਅਵਾਰਡ ਦੇ ਦੇਵੇ ਤਾਂ ਕੀ ਭਾਜਪਾ ਉਸ ਨੂੰ ਪ੍ਰਵਾਨ ਕਰ ਲਵੇਗੀ?

  2. ਜਿਨ੍ਹਾਂ ਪੁਰਾਤਨ ਸਿੰਘਾਂ ਦੀਆਂ ਯਾਦਗਾਰਾਂ ਬਾਦਲ ਨੇ ਬਣਾਈਆਂ ਹਨ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਨਹੀਂ ਦਿੱਤਾ ਗਿਆ।ਸਿਖ ਰਾਜ ਦੇ ਸਿਧਾਂਤ ਲਈ ਡਟ ਕੇ ਪਹਿਰਾ ਦੇਣ ਬਦਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਆਪਣੇ ਬੱਚੇ ਦਾ ਕਾਲਜਾ ਆਪਣੇ ਮੰੂਹ ਵਿੱਚ ਪਵਾ ਲਿਆ, ਸ਼ਲਾਖਾਂ ਨਾਲ ਆਪਣੀਆਂ ਅੱਖਾਂ ਕਢਵਾਉਣੀਆਂ ਅਤੇ ਗਰਮ ਜਮੂਰਾਂ ਨਾਲ ਆਪਣਾ ਮਾਸ ਤੁੜਵਾਉਣਾ ਪ੍ਰਵਾਨ ਕਰ ਲਿਆ। ਪਰ ਸ: ਬਾਦਲ ਨੇ ਸਿੱਖ ਰਾਜ ਦੀ ਪ੍ਰਾਪਤੀ ਲਈ ਆਪ ਡੱਕਾ ਭੰਨ ਕਿ ਦੂਹਰਾ ਤਾਂ ਕੀ ਕਰਨਾ ਸੀ ਸਗੋਂ ਇਸ ਦੀ ਮੰਗ ਕਰਨ ਵਾਲਿਆਂ ਨੂੰ ਕਾਂਗਰਸ ਦੀ ਬੀ ਟੀਮ ਦੱਸਣ ਤੋਂ ਗੁਰੇਜ਼ ਨਹੀਂ ਕਰਦਾ। ਤਾਂ ਸਿਰਫ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣ ਕਰਕੇ ਉਹ ਇਸ ਅਵਾਰਡ ਦਾ ਹੱਕਦਾਰ ਕਿਵੇਂ ਬਣ ਗਿਆ?

  3. ਸ: ਸੁਖਜਿੰਦਰ ਸਿੰਘ ਦੇ ਸਵਾਲ ਦੇ ਜਵਾਬ ਦੇਣ ਸਮੇਂ ਸ: ਗਰੇਵਾਲ ਮੰਨ ਚੁੱਕੇ ਹਨ ਕਿ ਉਹ ਪਿਛਲੇ ਸਮੇ ਵਿੱਚ ਬਾਦਲ ਦੀ ਵਿਰੋਧਤਾ ਕਰਦਾ ਹੋਇਆ ਉਸ ਨੂੰ ਪੰਥ ਦਾ ਗਦਾਰ ਤੱਕ ਕਹਿੰਦਾ ਰਿਹਾ ਹੈ। ਹੁਣ ਗਰੇਵਾਲ ਜੀ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕੀ ਉਹ ਉਸ ਸਮੇਂ ਗਲਤ ਸੀ ਜਾਂ ਸ: ਬਾਦਲ ਨੇ ਹੁਣ ਆਪਣੀ ਨੀਤੀ ਬਦਲ ਲਈ ਹੈ, ਅਤੇ ਹੁਣ ਉਹ ਸਿੱਖ ਰਾਜ ਦੀ ਸਥਾਪਤੀ ਦੀ ਮੰਗ ਲਈ ਸਹਿਮਤ ਹੋ ਗਿਆ ਹੈ?

ਡਾ. ਬਲਕਾਰ ਸਿੰਘ ਦਾ ਕਥਨ ਉਸ ਸਮੇਂ ਸਹੀ ਹੋ ਗਿਆ ਜਿਸ ਸਮੇਂ, ਹਰਿਦੁਆਰ ਹਰਿ ਕੀ ਪੌੜੀ ਦੇ ਨਜ਼ਦੀਕ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ 450 ਸਾਲ ਤੋਂ ਉਸਰਿਆ ਗੁਰਦੁਆਰਾ ਗਿਆਨ ਗੋਦੜੀ ਜੋ ਕਿ 1984 ਵਿੱਚ ਮਲੀਆਮੇਟ ਕਰ ਦਿੱਤਾ ਗਿਆ ਸੀ ਦੀ ਮੁੜ ਉਸਾਰੀ ਲਈ, ਉਤਰਾਖੰਡ ਦੀ ਭਾਜਪਾ ਸਰਕਾਰ ਤੋਂ ਜਗ੍ਹਾ ਦੀ ਮੰਗ ਲਈ ਦਬਾਉ ਬਣਾਉਣ ਲਈ, 20 ਦਸੰਬਰ ਨੂੰ ਭਾਜਪਾ ਦੇ ਦਿੱਲੀ ਵਿਖੇ ਹੈੱਡ ਕਆਟਰ ਅੱਗੇ ਪੰਥਕ ਜਥੇਬੰਦੀਆਂ ਨੇ ਧਰਨਾ ਵਿੱਚ ਬੈਠੀਆਂ ਸਨ ਉਸ ਸਮੇਂ ‘ਪੰਥ ਰਤਨ ਫ਼ਖ਼ਰ-ਏ ਕੌਮ’ ਜੀ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਬਠਿੰਡਾ ਵਿੱਚ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਵਿੱਚ ਮਸ਼ਰੂਫ਼ ਸਨ। ਇਸ ਦੌਰਾਨ ਬਠਿੰਡਾ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਤੋਂ ਗੁਰਦੁਆਰਾ ਗਿਆਨ ਗੋਦੜੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਇਸ ਸਬੰਧੀ ਬਿਲਕੁਲ ਹੀ ਅਣਜਾਣਤਾ ਪ੍ਰਗਟਾਈ ਅਤੇ ਇੱਥੋਂ ਤੱਕ ਕਿਹਾ ਕਿ ਜੇ ਕੋਈ ਧਰਨਾ ਲਾਉਂਦਾ ਹੈ ਤਾਂ ਲਾਈ ਜਾਵੇ, ਮੈਂ ਕੀ ਕਰਾਂ। ਗੁਰਦੁਆਰਾ ਗਿਆਨ ਗੋਦੜੀ ਦਾ ਮਸਲਾ ਵੈਸੇ ਤਾਂ ਪਹਿਲਾਂ ਵੀ ਕਈ ਵਾਰ ਲਿਖਤੀ ਰੂਪ ਵਿੱਚ ਸ: ਬਾਦਲ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਉਨ੍ਹਾਂ ਵਲੋਂ ਅਣਜਾਤਾ ਪ੍ਰਗਟ ਕਰਨ ’ਤੇ 26 ਦਸੰਬਰ ਨੂੰ ਪੰਜਾਬ ਦੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਰਾਹੀਂ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਨ ਕਰ ਕੇ ਯਾਦ ਪੱਤਰ ਦਿੱਤਾ ਗਿਆ ਕਿ ਆਪਣੀ ਮਿੱਤਰ ਪਾਰਟੀ ’ਤੇ ਆਪਣਾ ਅਸਰ ਰਸੂਖ ਵਰਤ ਕੇ ਇਤਿਹਾਸਕ ਗੁਰਦੁਆਰੇ ਦੀ ਜਗ੍ਹਾ ਪੰਥ ਨੂੰ ਵਾਪਸ ਕਰਵਾਏ। 27 ਦਸੰਬਰ ਨੂੰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਜੋੜਮੇਲੇ ’ਤੇ ਪੰਥਕ ਜਥੇਬੰਦੀਆਂ ਵਲੋਂ ਇਸ ਸਬੰਧ ਵਿੱਚ ਵਿਸ਼ੇਸ਼ ਕਾਨਫਰੰਸ ਕੀਤੀ ਗਈ ਅਤੇ 14 ਜਨਵਰੀ 2012 ਨੂੰ ਮਾਘੀ ਮੌਕੇ ਸ਼੍ਰੀ ਮੁਕਤਸਰ ਵਿਖੇ ਫਿਰ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਪਰ ਪੰਥ ਰਤਨ ਜੀ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਦੀ ਗੱਲ ਕਰਨ ਦੀ ਥਾਂ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਨਿੰਦ ਕੇ ਵੋਟਾਂ ਦੀ ਦੁਹਾਈ ਪਾਉਣ ਤੋਂ ਇਲਾਵਾ ਸਿੱਖਾਂ ਦੇ ਹੋਰ ਅਹਿਮ ਮਸਲਿਆਂ ਸਮੇਤ ਗੁਰਦੁਆਰਾ ਗਿਆਨ ਗੋਦੜੀ ਸਬੰਧੀ ਇੱਕ ਸ਼ਬਦ ਵੀ ਬੋਲਣ ਦੀ ਹਿੰਮਤ ਨਾ ਵਿਖਾ ਸਕੇ।

ਸ਼ਿਵਸੈਨਾ (ਬਾਲ ਠਾਕਰੇ) ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀਆਂ ਪੰਜਾਬ ਇਕਾਈਆਂ ਨੇ ਤਾਂ ਬੜਾ ਜੋਰਦਾਰ ਸ਼ਬਦਾਂ ਵਿੱਚ ਭਾਜਪਾ ਸਰਕਾਰ ਤੋਂ ਮੰਗ ਕਰ ਦਿੱਤੀ ਹੈ ਕਿ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੀ ਜਗ੍ਹਾ ’ਤੇ ਗੁਰਦੁਆਰੇ ਦੀ ਮੁੜ ਉਸਾਰੀ ਕਰਕੇ ਸਿੱਖਾਂ ਨੂੰ ਸੌਂਪਿਆ ਜਾਵੇ ਪਰ ਜਿਹੜਾ ਵਿਅਕਤੀ ਕੁਰਸੀ ਦੀ ਖ਼ਾਤਰ ਪੰਥ ਵਿਰੋਧੀ ਭਾਜਪਾ ਦੇ ਹੇਠਾਂ ਇੱਥੋਂ ਤੱਕ ਵਿਛ ਗਿਆ ਹੋਵੇ ਕਿ ਪੰਥਕ ਹਿਤਾਂ ਦੀ ਗੱਲ ਕਰਨ ਦੀ ਹਿੰਮਤ ਨਾ ਕਰ ਸਕੇ ਉਸ ‘ਪੰਥ ਰਤਨ ਫ਼ਖ਼ਰ-ਏ-ਕੌਮ’ ’ਤੇ ਪੰਥ ਫ਼ਖ਼ਰ ਕਰੇ ਜਾਂ ਸ਼ਰਮ ਕਰੇ!

ਕਿਰਪਾਲ ਸਿੰਘ ਬਠਿੰਡਾ
(ਮੋਬ: ਨੰ) +91-98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top