Share on Facebook

Main News Page

 ਹਾਏ ਕੁਰਸੀ, ਹਾਏ ਕੁਰਸੀ, ਹਾਏ ਕੁ..ਰ..ਸੀ….. .. ..!

ਸੱਤਾ ਇੱਕ ਅਜਿਹੀ ਅਜੀਬ ਕਿਸਮ ਦੀ ਉਪਰੀ ਹਵਾ ਹੁੰਦੀ ਹੈ ਜਿਹੜੀ ਬੰਦੇ ਨੂੰ ਕੁਰਸੀ ਦਾ ਦਾਨ ਬਖਸ਼ਦੀ ਹੈ ਤੇ ਕੁਰਸੀ ਤੇ ਬੈਠਾ ਵਿਅਕਤੀ ਆਪਣੇ ਆਪ ਨੂੰ ਵੱਖਰੀ ਕਿਸਮ ਦਾ ਸਮਝਣ ਲੱਗ ਪੈਂਦਾ ਹੈ। ਖੈਰ! ਕੁਰਸੀ ਦੇ ਸੁਫਨੇ ਲੈਣੇ ਕੋਈ ਮਾੜੀ ਗੱਲ ਨਹੀਂ ਸਗੋਂ ਇਸ ਤੇ ਬੈਠ ਕੇ ਵਿਅਕਤੀ ਨੂੰ ਸ਼ਾਂਤੀ ਵੀ ਮਿਲਦੀ ਹੈ ਤੇ ਸ਼ਾਨ ਵੀ ਮਿਲਦੀ ਹੈ। ਕੁਰਸੀ ਮਿਲਣ ਉਪਰੰਤ ਬੰਦੇ ਦਾ ਸੁਭਾਅ ਵੀ ਵੱਖਰੀ ਕਿਸਮ ਤੇ ਵੱਖਰੀ ਟੌਹਰ ਵਾਲ ਬਣ ਜਾਂਦਾ ਹੈ। ਉਸ ਦਾ ਵਰਤਾਰਾ ਵੀ ਅਜੀਬ ਹੋ ਜਾਂਦਾ ਹੈ ਅਤੇ ਉਹ ਸਤਰੰਗਾ ਤੇ ਕਈ ਲੱਤਾਂ ਵਾਲਾ ਵੇਖਣ ਨੂੰ ਲੱਗ ਪੈਦਾ ਹੈ। ਕੁਰਸੀ ਧਾਰਨ ਕਰਨ ਵਾਲਾ ਵਿਅਕਤੀ ਇੰਜ ਸਮਝਣ ਲੱਗ ਪੈਦਾ ਹੈ ਜਿਵੇਂ ਸਾਰੀ ਅਕਲ ਵੀ ਉਸੇ ਵਿੱਚ ਹੀ ਆ ਗਈ ਹੋਵੇ। ਕੁਰਸੀ ਤੇ ਬੈਠੇ ਵਿਅਕਤੀ ਨੂੰ ਉੱਚੀ ਕੁਰਸੀ ਵੱਲ ਵੇਖਣ ਦੀ ਕੋਈ ਮਨਾਹੀ ਨਹੀਂ ਹੁੰਦੀ ਸਗੋਂ ਉੱਚੀ ਕੁਰਸੀ ਹਾਸਲ ਕਰਨ ਲਈ ਲੱਤਾਂ ਖਿੱਚਣ ਅਤੇ ਹਰ ਪ੍ਰਕਾਰ ਦੇ ਤਜਰਬੇ, ਹਰਬੇ, ਪੁਗਤਾਂ ਤੇ ਜੁਗਤਾਂ ਵਰਤਣ ਦਾ ਉਸ ਨੂੰ ਪੂਰਾ ਪੂਰਾ ਅਧਿਕਾਰ ਹੁੰਦਾ ਹੈ। ਉੱਚੀ ਕੁਰਸੀ ਤੇ ਬੈਠੇ ਵਿਅਕਤੀ ਨੂੰ ਥੱਲੇ ਸੁੱਟਣ ਤੇ ਉਸ ਦੀਆ ਲੱਤਾਂ ਖਿੱਚ ਕੇ ਧੂਹ ਕੇ ਹੇਠਾਂ ਸੁੱਟਣ ਦਾ ਵੀ ਉਸ ਨੂੰ ਪੂਰਾ ਪੂਰਾ ਅਧਿਕਾਰ ਹੁੰਦਾ ਹੈ।

ਛੋਟੀ ਕੁਰਸੀ ਵਾਲਾ ਜਦੋਂ ਉੱਚੀ ਕੁਰਸੀ ਤੇ ਬੈਠਦਾ ਹੈ ਤਾਂ ਉਸ ਸਮੇਂ ਉਸਦਾ ਚਾਅ ਤੇ ਕੁਰਸੀ ਦਾ ਜਲੌਅ ਉਸ ਤੋਂ ਝੱਲਿਆ ਨਹੀਂ ਜਾਂਦਾ। ਕਹਿੰਦੇ ਹਨ ਕਿ ਸੱਤਾ ਮਨੁੱਖ ਨੂੰ ਅੰਧਾ ਤੇ ਭ੍ਰਿਸ਼ਟ ਕਰ ਦਿੰਦੀ ਹੈ। ਉੱਚੀਆ ਕੁਰਸੀਆਂ ਤੇ ਬੈਠੇ ਵਿਅਕਤੀ ਕੁਝ ਵੀ ਕਰਨ ਬਾਕੀ ਦੀਆ ਕੁਰਸੀਆ ਉਹਨਾਂ ਦਾ ਬਚਾ ਕਰਨ ਵਿੱਚ ਲੱਗੀਆ ਹੁੰਦੀਆਂ ਹਨ। ਸੇਵਾ ਮੁਕਤੀ ਉਪਰੰਤ ਜਦੋਂ ਕੋਈ ਅਧਿਕਾਰੀ ਜਾਂ ਵਿਅਕਤੀ ਉੱਚੀ ਕੁਰਸੀ ਛੱਡਦਾ ਹੈ ਤਾਂ ਕੁਰਸੀ ਛੱਡਣ ਨੂੰ ਉਸ ਦਾ ਜੀਅ ਨਹੀਂ ਕਰਦਾ ਪਰ ਮਜਬੂਰੀ ਵੱਸ ਉਸ ਨੂੰ ਕੁਰਸੀ ਛੱਡਣ ਦਾ ਅੱਕ ਚੱਬਣਾ ਪੈਦਾ ਹੈ। ਕੁਰਸੀ ਛੱਡਣ ਤੋਂ ਬਾਅਦ ਵੀ ਉਹ ਆਪਣੇ ਆਹੁਦੇ ਦੀ ਫੀਤੀ ਮੋਢੇ ਤੇ ਲਗਾਈ ਫਿਰਦਾ ਹੈ ਅਤੇ ਉਸ ਦੀ ਧੌਣ ਵਿੱਚ ਗੱਡਿਆ ਕਿਲਾ ਉਸ ਦੀ ਆਕੜ ਵਿੱਚ ਕੋਈ ਫਰਕ ਨਹੀਂ ਪੈਣ ਦਿੰਦਾ ਭਾਂਵੇ ਕਿ ਉਸ ਦੀ ਹਾਲਤ ਇੱਕ ਚੱਲੇ ਹੋਏ ਕਾਰਤੂਸ ਵਾਲੀ ਹੀ ਬਣੀ ਹੁੰਦੀ ਹੈ। ਜਦੋਂ ਉਹ ਆਲੇ ਦੁਆਲੇ ਦੇ ਲੋਕਾਂ ਨੂੰ ਦੇਖਦਾ ਹੈ ਤਾਂ ਉਸ ਦੀ ਨਜਰ ਸਿਆਸਤਦਾਨਾ ਤੇ ਵੀ ਆਣ ਟਿਕਦੀ ਹੈ ਜਿਹੜੇ ਸਾਰੀ ਉਮਰ ਰੀਟਾਇਰ ਹੋਣ ਲਈ ਤਿਆਰ ਨਹੀਂ ਹੁੰਦੇ। ਸਿਆਸਤਦਾਨਾਂ ਲਈ ਨਾ ਤਾਂ ਕੋਈ ਸੇਵਾ ਮੁਕਤੀ ਦੀ ਉਮਰ ਹੈ ਅਤੇ ਨਾ ਹੀ ਕੋਈ ਵਿਦਿਅਕ ਯੋਗਤਾ ਹੈ ਜਿਹੜੀ ਪੂਰੀ ਕਰਨੀ ਜਰੂਰੀ ਹੋਵੇ। ਸਿਆਸਤਾਦਾਨਾ ਤੇ ਭਾਂਵੇ ਕਿਸੇ ਕਿਸਮ ਦੇ ਪੈਰੀਮੀਟਰ ਲਾਗੂ ਨਹੀਂ ਹੁੰਦੇ ਪਰ ਉਹ ਅਧਿਕਾਰੀਆ ਕੋਲੋ ਨਜਾਇਜ ਨਿਯੁਕਤੀਆ ਵੀ ਕਰਾਉਦੇ ਹਨ ਜਿਨ੍ਹਾਂ ਦੀ ਪੁੱਛ ਪੜਤਾਲ ਕਰਨ ਦਾ ਕਿਸੇ ਵੀ ਵਿਅਕਤੀ ਨੂੰ ਹੁੰਦਾ ਸਗੋਂ ਅਦਾਲਤਾਂ ਹੀ ਪੁੱਛ ਪੜਤਾਲ ਕਰਦੀਆ ਹਨ। ਸਿਆਸਤਦਾਨਾਂ ਦੀ ਸੇਵਾ ਮੁਕਤੀ ਦਾ ਫੈਸਲਾ ਜਾਂ ਤਾਂ ਲੋਕ ਕਰਦੇ ਹਨ ਜਾਂ ਉਹਨਾਂ ਕਿਰਦਾਰ ਜਾਂ ਕੋਈ ਅਣਸੁਖਾਵੀ ਘਟਨਾ ਤੇ ਜਾਂ ਫਿਰ ਖੁਦ ਅੱਲਾਂ ਤਾਲਾ ਕਰਦਾ ਹੈ। ਉਹਨਾਂ ਦੀ ਖੇਡ ਜੋਤ ਜੋਤੀ ਸਮਾ ਜਾਣ ਬਾਅਦ ਵੀ ਖਤਮ ਨਹੀਂਂ ਹੁੰਦੀ ਸਗੋਂ ਉਹਨਾਂ ਦੇ ਚੇਲੇ ਚਾਟੜੇ ਉਹਨਾਂ ਦੀਆ ਬਰਸੀਆ ਮਨਾ ਕੇ ਉਹਨਾਂ ਨੂੰ ਅਕਸਰ ਯਾਦ ਕਰਦੇ ਰਹਿੰਦੇ ਹਨ।

ਸਾਬਕਾ ਅਧਿਕਾਰੀ ਉੱਚੀਆਂ ਕੁਰਸੀਆਂ ਦਾ ਲਿਆ ਅਨੰਦ ਨਹੀਂ ਭੁੱਲਦੇ ਅਤੇ ਨਾ ਹੀ ਐਸ਼ੋ ਅਰਾਮ ਦਾ ਨਸ਼ਾ ਉਹਨਾਂ ਦਾ ਲਹਿੰਦਾ ਹੈ। ਕੁਰਸੀ ਤੇ ਬੈਠੇ ਵਿਅਕਤੀ ਦੀ ਆਮ ਲੋਕਾਂ ਨਾਲ ਜਾਣ ਪਛਾਣ ਵੀ ਚੰਗੀ ਚੋਖੀ ਹੋ ਜਾਂਦੀ ਹੈ ਤੇ ਉਸ ਦਾ ਨਾਮ ਵੀ ਲੋਕਾਂ ਵਿੱਚ ਕਾਫੀ ਪ੍ਰਚੱਲਤ ਹੋ ਜਾਂਦਾ ਹੈ। ਉਹ ਆਲੇ ਦੁਆਲੇ ਨੂੰ ਦੇਖਦਾ ਹੈ ਤੇ ਉਸ ਦੀ ਨਜ਼ਰ ਕਈ ਉ¤ਚ ਕੁਰਸੀਆ ਤੇ ਪੈਦੀ ਹੈ ਜਿਹਨਾਂ ਨੂੰ ਹਾਸਲ ਕਰਨ ਲਈ ਉਹ ਉਪਰਾਲੇ ਵੀ ਸ਼ੁਰੂ ਕਰ ਦਿੰਦਾ ਹੈ। ਸਿਆਸਤਦਾਨਾਂ ਨਾਲ ਉਸ ਦੀ ਗੰਢ ਤਰੁੱਪ ਹੋ ਜਾਂਦੀ ਹੈ ਤੇ ਅਖੀਰ ਸਰਕਾਰ ਉਸਨੂੰ ਕਿਸੇ ਉੱਚੀ ਕੁਰਸੀ ਤੇ ਬਿਠਾ ਦਿੰਦੀ ਹੈ। ਪਰ ਸਿਆਸਦਾਨ ਕੋਲੋ ਕੁਰਸੀ ਲੈਣ ਲਈ ਮੈਰਿਟ ਨਹੀਂ ਸਗੋਂ ਵੱਡੀ ਤੋਂ ਵੱਡੀ ਸ਼ਿਫਾਰਸ਼ ਚਾਹੀਦੀ ਹੈ ਜੋ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ। ਭਾਰਤ ਸਰਕਾਰ ਜੇਕਰ ਇਹਨਾਂ ਉ¤ਚ ਕੁਰਸੀਆ ਤੇ ਬੈਠੇ ਵਿਅਕਤੀਆ ਦੀ ਉ¤ਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਰੀਬ 15 ਫੀਸਦੀ ਕੁਰਸੀਆਂ ਅਜਿਹੀਆਂ ਹੋਣਗੀਆਂ ਜਿਹੜੀਆਂ ਸਾਬਕ ਅਧਿਕਾਰੀ ਨੇ ਸੇਵਾ ਮੁਕਤੀ ਤੋਂ ਬਾਅਦ ਵੀ ਹਥਿਆਈਆਂ ਹੋਈਆਂ ਹਨ ਜਾਂ ਫਿਰ ਆਪਣੇ ਰਸੂਖ ਨਾਲ ਦਬਾਈਆਂ ਹੋਈਆਂ ਹਨ। ਭਾਰਤ ਜਿਥੇ ਬੇਰੁਜਗਾਰਾਂ ਦੀ ਗਿਣਤੀ ਕਰੋੜਾਂ ਵਿੱਚ ਹੈ ਅਤੇ ਰੁਜਗਾਰ ਮੰਗਦੇ ਬੇਰੁਜਗਾਰਾਂ ਨੂੰ ਹਰ ਰੋਜ਼ ਪੁਲੀਸ ਦੇ ਛਿੱਤਰ ਖਾਦਿਆ ਟੀ.ਵੀ ਤੇ ਵੇਖਿਆ ਜਾ ਸਕਦਾ ਹੈ ਅਤੇ ਨੌਜਵਾਨਾਂ ਦੇ ਲਹੂ ਲੁਹਾਣ ਹੋਣ ਦੀਆ ਤਸਵੀਰਾਂ ਅਖਬਾਰਾਂ ਦੇ ਪੰਨਿਆ ਦਾ ਸ਼ਿੰਗਾਰ ਵੀ ਬਣਦੀਆਂ ਹਨ। ਜੇਕਰ ਸਾਬਕਾਂ ਅਫਸਰਾਂ ਕੋਲੋ ਕੁਰਸੀਆਂ ਖਾਲੀ ਕਰਵੀ ਲਈਆਂ ਜਾਣ ਤੇ ਉਹਨਾਂ ਦੀ ਜਗ੍ਹਾ ਨਵੇਂ ਵਿਅਕਤੀਆਂ ਨੂੰ ਬਿਠਾਇਆ ਜਾਵੇ ਤਾਂ ਲੱਖਾਂ ਲੋਕਾਂ ਨੂੰ ਰੁਜਗਾਰ ਮਿਲ ਸਕਦਾ ਹੈ।

ਕੁਰਸੀਆਂ ਦਾ ਸਿਲਸਿਲਾ ਇਥੇ ਹੀ ਬੰਦ ਨਹੀਂ ਹੁੰਦਾ ਸਗੋਂ ਕਈ ਸਿਆਸੀ ਲੀਡਰ ਵੀ ਕੁਰਸੀ ਦੀ ਖਾਤਰ ਆਪਣਾ ਹਰ ਕੁਝ ਦਾਅ ਤੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਸਿਆਸਦਾਨਾਂ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਕੁਰਸੀ ਤੇ ਆਪਣੇ ਮਰੇ ਪਏ ਪੁੱਤ ਦੀ ਲਾਸ਼ ‘ਤੇ ਪੈਰ ਰੱਖ ਕੇ ਵੀ ਬੈਠ ਜਾਂਦੇ ਹਨ। ਪੰਜਾਬ ਦੀ ਸਿਆਸਤ ਵੀ ਇਸ ਵੇਲੇ ਪੂਰੀ ਤਰ੍ਹਾਂ ਕੁਰਸੀ ਯੁੱਧ ਵਿੱਚ ਵਲੀਨ ਹੋਈ ਪਈ ਹੈ। ਪੰਜਾਬ ਵਿੱਚ ਇਸ ਵੇਲੇ ਦੋ ਮੁੱਖ ਪਾਰਟੀਆ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਹਨ ਜਿਹਨਾਂ ਦੀ ਟੁੱਟ ਭੱਜ ਵੀ ਹੁੰਦੀ ਰਹਿੰਦੀ ਹੈ। ਇਹਨਾਂ ਪਾਰਟੀਆ ਤੇ ਮੁੱਖੀ ਕੋਈ ਹੋਰ ਨਹੀਂ ਸਗੋਂ ਆਪਸੀ ਰਿਸ਼ਤੇਦਾਰ ਹਨ ਅਤੇ ਇਹਨਾਂ ਦੇ ਮੁੰਡੇ ਕੁੜੀਆ ਇੱਕ ਦੂਜੇ ਦੇ ਪਰਿਵਾਰਾਂ ਵਿੱਚ ਵਿਆਹੇ ਹੁੰਦੇ ਹਨ।

ਪੰਜਾਬ ਦੇ ਚੋਣਾਂ ਦੇ ਮਾਹੌਲ ਨੂੰ ਵੇਖ ਕੇ ਕਈ ਪ੍ਰਕਾਰ ਦੇ ਆਇਆ ਸਿੰਘ ਗਿਆ ਰਾਮ ਬਣ ਰਿਹਾ ਹੈ ਅਤੇ ਗਿਆ ਰਾਮ ਪਾਰਟੀ ਬਦਲ ਕੇ ਆਇਆ ਸਿੰਘ ਬਣ ਰਿਹਾ ਹੈ। ਕਿਸੇ ਸਮੇਂ ਕੇਂਦਰੀ ਸਿਆਸਤ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਤੇ ਜੋੜ ਤੋੜ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਰਹੇ ਕਛਿਹਰੇ ਵਾਲੇ ਖੱਬੀ ਪੱਖੀ ਨੇਤਾ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਦੁਆਰਾ ਪਾਲੇ ਗਏ ਬਲਵੰਤ ਸਿੰਘ ਰਾਮੂਵਾਲੀਆ ਦੀ ਵੀ ਭਾਂਵੇ ਘਰ ਵਾਪਸੀ ਹੋ ਗਈ ਹੈ ਪਰ ਅਸਲ ਵਿੱਚ ਰਾਮੂਵਾਲੀਏ ਨੂੰ ਵੀ ਉਸ ਕੁਰਸੀ ਦਾ ਨਸ਼ਾ ਸੱਤਾ ਰਿਹਾ ਹੈ ਜਿਹੜੀ ਕਾਮਰੇਡ ਸੁਰਜੀਤ ਨੇ ਉਹਨਾਂ ਨੂੰ ਪਹਿਲਾਂ ਇੰਡੀਅਨ ਏਅਰ ਲਾਈਨਜ ਵਿੱਚ ਡਾਇਰੈਕਟਰ ਨਿਯੁਕਤ ਕਰਵਾ ਕੇ ਦਿਵਾਈ ਸੀ ਤੇ ਫਿਰ ਰਾਜ ਸਭਾ ਦਾ ਮੈਂਬਰ ਬਣਵਾ ਕੇ ਕੇਂਦਰ ਵਿੱਚ ਮੰਤਰੀ ਦੇ ਠੰਡੇ ਰੂਮ ਦੀਆ ਹਵਾਵਾ ਵੀ ਦਿਵਾਈਆ ਸਨ। ਰਾਮੂਵਾਲੀਏ ਬਾਰੇ ਇੱਕ ਬਜ਼ੁਰਗ ਪੱਤਰਕਾਰ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਏਅਰਲਾਈਮਜ਼ ਦਾ ਡਾਇਰੈਕਟਰ ਸੀ ਤਾਂ ਉਹਨਾਂ ਨੂੰ ਉਸ ਦੇ ਕਮਰੇ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਰਾਮੂਵਾਲੀਏ ਦੇ ਕਮਰੇ ਵਿੱਚ ਇੱਕ ਭਾਰਤ ਦਾ ਨਕਸ਼ਾ ਲੱਗਾ ਹੋਇਆ ਸੀ ਜਿਸ ਦੇ ਉਪਰ ਪੰਜਾਬ ਦੇ ਹਿੱਸੇ ਨੂੰ ਲਾਲ ਰੰਗ ਦੇ ਪੈਨ ਨਾਲ ‘‘ਈਅਰ ਮਾਕਰ’’ ਕੀਤਾ ਹੋਇਆ ਸੀ। ਜਦੋਂ ਰਾਮੂਵਾਲੀਏ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਆਪਣੇ ਮੇਜ਼ ਤੇ ਪਏ ਇੱਕ ਰੂਲ ਨੂੰ ਚੁੱਕਿਆ ਤੇ ਸਮਝਾਉਣ ਲੱਗ ਪਿਆ ਕਿ ਜਿੰਨਾ ਚਿਰ ਤੱਕ ਉਹ ਪੰਜਾਬ ਦੇ ਲਾਲ ਦਾਇਰੇ ਵਿੱਚ ਰਿਹਾ ਉਸ ਸਮੇਂ ਤੱਕ ਉਸ ਨੂੰ ਕੁਝ ਨਹੀਂ ਮਿਲਿਆ ਪਰ ਇਹ ਲਾਲ ਬਾਰਡਰ ਕਰਾਸ ਕਰਨ ਤੋਂ ਬਾਅਦ ਸਭ ਕੁਝ ਮਿਲ ਗਿਆ ਹੈ।

ਢੱਡ ਸਾਰੰਗੀ ਤੋਂ ਨੇਤਾ ਬਣੇ ਰਾਮੂਵਾਲੀਆ ਨੇ ਸ਼ੁਰੂ ਸ਼ੁਰੂ ਵਿੱਚ ਆਪਣੀ ਸਿਆਸਤ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਆਰੰਭ ਕੀਤੀ ਸੀ। 1984 ਤੋਂ ਪਹਿਲਾਂ ਧਰਮ ਮੋਰਚੇ ਦੌਰਾਨ ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਗੋਵਾਲ ਦੀਆ ਹਦਾਇਤਾਂ ਤੇ ਉਹ ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗੁਰੂਦੁਆਰਾ ਮੰਜੀ ਹਾਲ ਵਿਖੇ ਇਕੱਠੀ ਹੋਈ ਸੰਗਤ ਨੂੰ ਅੰਗਰੇਜੀ ਅਖਬਾਰ ਵਿੱਚੋਂ ਦੇਸ ਦੀ ਪਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਦੀਆ ਮੰਗਾਂ ਤੇ ਕੀਤੀ ਗਈ ਜਾਂਦੀ ਬਿਆਨਬਾਜੀ ਪੰਜਾਬੀ ਵਿੱਚ ਪੜ ਕੇ ਸੁਣਾਉਣ ਦੀ ਜਿੰਮੇਵਾਰੀ ਨਿਭਾਉਦਾ ਸੀ। ਰਾਮੂਵਾਲੀਆ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਰਦਾ ਸੀ ‘‘ਖਾਲਸਾ ਜੀ ਅਖਬਾਰ ਰਾਹੀ ਬੀਬੀ ਕਹਿੰਦੀ ਹੈ’’ ਇਸ ਤੋਂ ਅੱਗੇ ਖਬਰ ਕੇ ਸੁਣਾਈ ਜਾਂਦੀ ਸੀ।

ਕਈ ਸਾਲ ਰਾਮੂਵਾਲੀਆ ਸਾਹਿਬ ਲੰਗਰ ਦੀਆਂ ਰੋਟੀਆ ਖਾਂਦੇ ਰਹੇ ਤੇ ਅਕਾਲੀ ਦਲ ਦੇ ਗੁਣ ਗਾਂਦੇ ਰਹੇ ਪਰ ਅਖੀਰ ਉਹਨਾਂ ਨੇ ਅੱਤਵਾਦ ਦਾ ਬਹਾਨਾ ਬਣਾ ਕੇ ਦਿੱਲੀ ਜਾ ਕੇ ਡੇਰੇ ਲਗਾ ਲਏ ਤੇ ਕਛਿਹਰੇ ਵਾਲੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਦੇ ਪੈਰ ਜਾ ਫੜੇ। ਸ੍ਰੀ ਸੁਰਜੀਤ ਦੇ ਚਲਾਣੇ ਤੋਂ ਬਾਅਦ ਰਾਮਵਾਲੀਆ ਨੇ ਪੰਜਾਬ ਵਿੱਚ ਲੋਕ ਭਲਾਈ ਪਾਰਟੀ ਦੇ ਨਾਮ ਦੀ ਇੱਕ ਪਾਰਟੀ ਵੀ ਖੜੀ ਕੀਤੀ ਜਿਸ ਦੇ ਪ੍ਰਧਾਨ ਉਹ ਖੁਦ ਬਣੇ ਤੇ ਬਾਕੀ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਦੀ ਤਰ੍ਹਾਂ ਆਪਣੇ ਆਪ ਨੂੰ ਪ੍ਰਧਾਨ ਅਖਵਾਉਣ ਲੱਗ ਪਏ। ਕਰੀਬ ਤਿੰਨ ਦਹਾਕੇ ਸ਼੍ਰੀ ਰਾਮਵਾਲੀਆ ਨੇ ਨੀਲੀ ਦਸਤਾਰ ਨੂੰ ਤਿਲਾਂਜਲੀ ਦੇਈ ਰੱਖੀ ਤੇ ਲਾਲ, ਗੁਲਾਬੀ, ਹਰੀਆ ਪੱਗਾਂ ਬੰਨ ਕੇ ਨੀਲੀਧਾਰੀਆਂ ਦਾ ਜੰਮ ਕੇ ਵਿਰੋਧ ਹੀ ਨਹੀਂ ਕੀਤਾ, ਸਗੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਾਣੀ ਪੀ ਪੀ ਕੇ ਕੋਸਿਆ ਅਤੇ ਕੇਂਦਰ ਦੀ ਕਾਂਗਰਸ ਤੇ ਸਾਂਝੇ ਮੋਰਚੇ ਦੀ ਸਰਕਾਰ ਦੇ ਗੁਣ ਕੁਰਸੀ ਮਿਲਣ ਕਰਕੇ ਹੀ ਗਾਏ। ਬਾਈ ਰਾਮੂਵਾਲੀਏ ਨੇ ਜਦੋਂ ਕਾਂਗਰਸ ਤੋਂ ਟਿਕਟ ਮੰਗੀ ਤਾਂ ਉਹਨਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਤੇ ਪਹਿਲਾਂ ਰਾਮੂਵਾਲੀਆ ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਛੱਤਰੀ ਤੇ ਜਾ ਬੈਠਾ ਪਰ ਜਦੋਂ ਬਾਦਲਕਿਆਂ ਨੇ ਪੱਠੇ ਪਾ ਦਿੱਤੇ ਤਾਂ ਕੁਰਸੀ ਦੀ ਖਾਤਰ ਬਾਦਲਾਂ ਦੀ ਖੁਰਲੀ ਤੇ ਪਹੁੰਚ ਗਿਆ ਅਤੇ ਹੁਣ ਚਰਚਾ ਇਹ ਪਾਈ ਜਾ ਰਹੀ ਹੈ ਕਿ ਰਾਮੂਵਾਲੀਏ ਨੂੰ ਅਕਾਲੀ ਦਲ ਵੱਲੋਂ ਪਾਰਟੀ ਦੀ ਟਿਕਟ ਦਿੱਤੀ ਜਾ ਰਹੀ ਹੈ।

ਅੱਜ ਕਲ ਰਾਮੂਵਾਲੀਆ ਕੁਰਸੀ ਦੀ ਖਾਤਰ ਗੂੜੀ ਨੀਲੀ ਦਸਤਾਰ ਸਜਾ ਕੇ ਕਦੇ ਸੁਖਬੀਰ ਸਿੰਘ ਬਾਦਲ ਦੇ ਗੋਡੇ ਨਾਲ ਬੈਠਾ ਹੁੰਦਾ ਹੈ ਅਤੇ ਭੰਡਾਂ ਦੀਆਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿੱਚ ਕਈ ਪ੍ਰਕਾਰ ਦੇ ਕਾਂਗਰਸ ਦੇ ਵਿਰੁੱਧ ਕਲਾਨ ਕਰਦਾ ਹੁੰਦਾ ਹੈ। ਰਾਮੂਵਾਲੀਏ ਨੂੰ ਕੁਰਸੀ ਮਿਲੇ ਜਾਂ ਨਾ ਮਿਲੇ ਇਹ ਤਾਂ ਵੱਖਰੀ ਗੱਲ ਹੈ ਪਰ ਅਕਾਲੀ ਦਲ ਨੂੰ ਇੱਕ ‘ਸਿਆਸੀ ਭੰਡ’ ਜਰੂਰ ਮਿਲ ਗਿਆ ਹੈ। ਰਾਮਵਾਲੀਆ ਸਟੇਜਾਂ ਤੋ ਇਹ ਕਹਿ ਰਿਹਾ ਹੈ ਕਿ ਉਸਦੀ ਕਰੀਬ ਤਿੰਨ ਦਹਾਕਿਆ ਬਾਅਦ ਘਰ ਵਾਪਸੀ ਹੋਈ। ਸ਼ਾਇਦ ਰਾਮੂਵਾਲੀਆ ਭੁੱਲ ਗਏ ਹਨ ਕਿ ਉਹ ਇੱਕ ਪ੍ਰਧਾਨ ਤੋ ਇੱਕ ਵਰਕਰ ਬਣ ਗਏ ਹਨ। ਰਾਮਵਾਲੀਆ ਸ਼ਾਇਦਵੀ ਭੁੱਲ ਰਹੇ ਹਨ ਕਿ ਜਿਹੜੇ ਘਾਗ ਸਿਆਸਤਦਾਨ ਦੀ ਉਹ ਸੱਜੀ ਬਾਹ ਬਣੇ ਹੋਏ ਹਨ ਉਸ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਰਾਮੂਵਾਲੀਏ ਡਕਾਰ ਲੈ ਹਨ। ਰਾਮੂਵਾਲੀਏ ਦੀ ਕੁਰਸੀ ਦੀ ਲਾਲਸਾ ਤੇ ਮਾਨਸਿਕਤਾ ਬਾਰੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਾਬਕਾ ਮੈਂਬਰ ਸ੍ਰੀ ਤਰਲੋਚਨ ਸਿੰਘ ਦੁਪਾਲ ਪੁਰ ਨੇ ਆਪਣੇ ਇੱਕ ਆਰਟੀਕਲ ਵਿੱਚ ਇੰਜ ਲਿਖਿਆ ਹੈ:-

‘‘ਇੱਕ ਕਹਾਣੀ ਅਨੁਸਾਰ, ਪੁਰਾਣੇ ਬੋਹੜ ਦੇ ਥੱਲੇ ਇੱਕ ਸਾਧੂ ਸਮਾਧੀ ਲਗਾਈ ਬੈਠਾ ਸੀ ਕਿ ਅਚਾਨਕ ਉਸ ਦੀ ਗੋਦੀ ਵਿੱਚ ਇੱਕ ਚੂਹੀ ਆਣ ਡਿੱਗੀ। ਸਾਧੂ ਨੇ ਉਸ ਚੂਹੀ ਤੇ ਸਿਰ ਤੇ ਹੱਥ ਫੇਰਿਆ ਤੇ ਪਿਆਰ ਕੀਤਾ, ਤਾਂ ਚੂਹੀ ਸਾਧੂ ਦੇ ਇਰਦ ਗਿਰਦ ਹੀ ਰਹਿਣ ਲੱਗ ਪਈ। ਇੱਕ ਦਿਨ ਸਾਧੂ ਦੇ ਮਨ ਵਿੱਚ ਆਇਆ ਕਿ ਕਿਉ ਨਾ ਚੂਹੀ ਨੂੰ ਇੱਕ ਲੜਕੀ ਬਣਾ ਦਿੱਤਾ ਜਾਵੇ ਤਾਂ ਕਿ ਉਹ ਬੁਢਾਪੇ ਵਿੱਚ ਉਸ ਦੀ ਸੇਵਾ ਕਰੇਗੀ। ਰੱਬ ਨੂੰ ਪਹੁੰਚੇ ਹੋਏ ਸਾਧੂ ਨੇ ਉਸ ਚੂਹੀ ਨੂੰ ਲੜਕੀ ਬਣਾ ਦਿੱਤਾ। ਲੜਕੀ ਤੇ ਸਾਧੂ ਬਹੁਤ ਖੁਸ਼ ਹੋਏ। ਕੁਝ ਸਮਾਂ ਪਾ ਕੇ ਕੁੜੀ ਜਵਾਨ ਹੋ ਗਈ ਕੇ ਸਾਧੂ ਨੇ ਉਸ ਦੇ ਹੱਥ ਪੀਲੇ ਕਰਨ ਦੀ ਸੋਚੀ। ਇੱਕ ਦਿਨ ਕੁੜੀ ਨੂੰ ਕੋਲ ਬਿਠਾ ਕੇ ਸਾਧੂ ਨੇ ਪੁੱਛਿਆ ‘‘ਬੇਟਾ ਸੂਰਜ ਮਹਾਂ ਪ੍ਰਤਾਪੀ ਹੈ, ਤੇਰਾ ਵਿਆਹ ਉਹਦੇ ਨਾਲ ਕਰਾ ਦਿਆ? ਕੁੜੀ ਨੇ ਸਿਰ ਫੇਰਦਿਆ ਕਿਹਾ ਕਿ ਸੂਰਜ ਨਾਲੋਂ ਜਿਆਦਾ ਸ਼ਕਤੀਸ਼ਾਲੀ ਤਾਂ ਬੱਦਲ ਹੁੰਦਾ ਹੈ ਜਿਹੜਾ ਸੂਰਜ ਨੂੰ ਢੱਕ ਲੈਦਾ ਹੈ, ਤਾਂ ਫਿਰ ਤੇਰੀ ਸ਼ਾਦੀ ਬੱਦਲ ਨਾਲ ਕਰਵਾ ਦਿਆ, ਤਾਂ ਕੁੜੀ ਨੇ ਜਵਾਬ ਦਿੱਤਾ ਕਿ, ਪਿਤਾ ਜੀ ਬੱਦਲ ਵੀ ਬਲਵਾਨ ਨਹੀਂ ਮੰਨੇ ਜਾਂਦੇ ਕਿਉਕਿ ਉਹਨਾਂ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ। ਇਸ ਗੱਲਬਾਤ ਦੌਰਾਨ ਹੀ ਕੋਈ ਸਾਧੂ ਦਾ ਸ਼ਰਧਾਲੂ ਆ ਗਿਆ ਤੇ ਦੋਵਾਂ ਦਾ ਵਾਰਤਾਲਾਪ ਬੰਦ ਹੋ ਗਿਆ।

ਕੁਝ ਦਿਨਾਂ ਬਾਅਦ ਸਾਧੂ ਨੇ ਫਿਰ ਕੁੜੀ ਨੂੰ ਪੁੱਛਿਆ ਕਿ ਬੇਟਾ ਤੇ ਫਿਰ ਵਿਆਹ ਹਵਾ ਨਾਲ ਕਰਵਾ ਦਿਆ ਤਾਂ ਕੁੜੀ ਨੇ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਕਿਹਾ ਕਿ ਪਿਤਾ ਜੀ ਹਵਾ ਬੇਸ਼ੱਕ ਬੱਦਲ ਨੂੰ ਉਡਾ ਕੇ ਲੈ ਜਾਂਦੀ ਹੈ ਪਰ ਪਹਾੜ ਦੇ ਸਾਹਮਣੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ। ਸਾਧੂ ਨੇ ਕੁੜੀ ਦੀਆ ਦਲੀਲਾਂ ਅੱਗੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਫਿਰ ਤੇਰਾ ਵਿਆਹ ਪਹਾੜ ਨਾਲ ਕਰਵਾ ਦਿਆ ਤਾਂ ਕੁੜੀ ਨੇ ਸ਼ਰਮਾਉਦਿਆ ਹੋਇਆ ਕਿਹਾ ਕਿ ਪਹਾੜ ਭਲੇ ਹੀ ਕਾਫੀ ਬਲਵਾਨ ਹੁੰਦਾ ਹੈ ਪਰ ਚੂਹੇ ਮੋਹਰੇ ਉਹ ਵੀ ਬੇਬੱਸ ਹੁੰਦਾ ਹੈ ਕਿਉਕਿ ਚੂਹਾ ਪਹਾੜ ਵਿੱਚ ਖੁੱਡ ਕੱਢ ਲੈਦਾ ਹੈ।

ਪਰੇਸ਼ਾਨ ਹੋਏ ਸਾਧੂ ਨੇ ਮਾਰਿਆ ਮੱਥੇ ‘ਤੇ ਹੱਥ ਕਿ ਇਹਦੇ ਵਿੱਚ ਤਾਂ ਆਪਣਾ ਅਸਲ ਜਾਗ ਪਿਆ ਹੈ। ਇਹ ਚੂਹਿਆ ਵਿੱਚ ਹੀ ਜਾ ਕੇ ਮਿਲਣਾ ਚਾਹੁੰਦੀ ਹੈ ਤੇ ਖਿੱਝੇ ਹੋਏ ਸਾਧੂ ਨੇ ਕੁੜੀ ਤੇ ਪਾਣੀ ਤ੍ਰੌਕਦਿਆ ਆਖਿਆ, ‘ਜਾਹ ਕਮਲੀਏ ਬਣ ਜਾ ਮੁੜ ਚੂਹੀ ਦੀ ਚੂਹੀ।’’ ਅਜਿਹਾ ਕੁਝ ਹੀ ਅੱਜ ਕਲ ਬਾਈ ਰਾਮੂਵਾਲੀਏ ਨਾਲ ਵਾਪਰ ਰਿਹਾ ਹੈ।

ਪੰਜਾਬ ਹਿਤੈਸ਼ੀਆਂ ਨੂੰ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਰਾਮੂਵਾਲੀਆ ਜੀ ਦੀ ਪਲਟੀ ਨੇ ਉਹਨਾਂ ਦਾ ਖੁਦ ਦਾ ਭਵਿੱਖ ਸੰਵਾਰਨਾ ਹੈ ਕਿ ਵਿਗਾੜਨਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਰਾਮੂਵਾਲੀਏ ‘ਤੇ ਉਪਰੋਕਤ ਕਹਾਣੀ ਪੂਰੀ ਤਰ੍ਹਾਂ ਢੁੱਕਦੀ ਹੈ ਕਿ ਉਹ ਦਿੱਲੀ ਦੱਖਣ ਘੁੰਮ ਆਏ ਹਨ ਪਰ ਕੁਰਸੀ ਦੀ ਲਾਲਸਾ ਵਿੱਚ ਉਸ ਦੀ ਮਾਨਸਿਕਤਾ ਉਸ ਚੂਹੀ ਵਰਗੀ ਹੈ, ਜੋ ਪਹਿਲਾਂ ਜਥੇਦਾਰ ਤੋਂ ਲੋਕਾਂ ਦਾ ਬਾਈ ਰਾਮੂਵਾਲੀਆ ਬਣ ਗਿਆ ਸੀ ਅਤੇ ਹੁਣ ਫਿਰ ਬਾਈ ਤੋਂ ਜਥੇਦਾਰ ਬਲਵੰਤ ਸਿੰਘ ਰਾਮੂਵਾਲੀਆ ਬਣ ਗਿਆ ਹੈ, ਪਰ ਉਸ ਦੇ ਭਵਿੱਖ ਦਾ ਫੈਸਲਾ ਵੀ ਹੁਣ ਲੋਕ ਹੀ ਕਰਨਗੇ ਕਿ ਉਹਨਾਂ ਨੇ ਉਸ ਨੂੰ ਬਾਈ ਰਾਮੂਵਾਲੀਆ ਬਣਿਆ ਰਹਿਣ ਦੇਣਾ ਹੈ ਜਾਂ ਫਿਰ ਜਥੇਦਾਰ ਬਲਵੰਤ ਸਿੰਘ ਰਾਮੂਵਾਲੀਆ ਬਣਾਉਣਾ ਹੈ।

ਰਾਮੂਵਾਲੀਏ ਨੇ ਇੱਕ ਟੀ.ਵੀ ਨੂੰ ਇਸ ਸਾਲ ਦੇ ਮਹੀਨਾ ਫਰਵਰੀ 2011 ਵਿੱਚ ਇੱਕ ਟੀ.ਵੀ. ਚੈਨਲ ਨੂੰ ਇੰਟਰਵਿਊ ਦਿੱਤੀ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਨੇ ਹਜਾਰਾਂ ਨੌਜਵਾਨ ਵਿਦੇਸ਼ਾਂ ਵਿੱਚੋਂ ਵਾਪਸ ਦੇਸ ਲਿਆਦੇ ਹਨ ਅਤੇ ਹਜ਼ਾਰਾਂ ਹੀ ਪੰਜਾਬ ਦੀਆ ਧੀਆਂ ਦੇ ਉਜੜੇ ਘਰ ਵਸਾਏ ਹਨ ਜਾਂ ਫਿਰ ਧੋਖੇਬਾਜਾਂ ਨੂੰ ਕਨੂੰਨ ਦੇ ਹਵਾਲੇ ਕਰਵਾਇਆ ਹੈ। ਇਸ ਇੰਟਰਵਿਊ ਵਿੱਚ ਉਹਨਾਂ ਨੇ ਪੰਜਾਬ ਦੀ ਬਰਬਾਦੀ ਲਈ ਅਕਾਲੀ ਦਲ ਤੇ ਕਾਂਗਰਸ ਨੂੰ ਬਰਾਬਰ ਕੋਸਦਿਆ ਕਿਹਾ ਹੈ ਕਿ, ‘‘ਇੱਕ ਤਬੇਲੇ ਦਾ ਨਾਜਮ ਘੋੜਿਆ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਨੂੰ ਮਾਮੂਲੀ ਜਿਹੀ ਗਲਤੀ ਕਰਨ ਤੇ ਵੀ ਸ਼ਾਟਿਆ ਤੇ ਡੰਡਿਆ ਨਾਲ ਮਾਰਿਆ ਜਾਂਦਾ ਸੀ। ਇੱਕ ਦਿਨ ਨਾਜ਼ਿਮ ਦੇ ਮਰ ਜਾਣ ਦੀ ਖਬਰ ਆ ਗਈ ਤਾਂ ਤਬੇਲੇ ਦੇ ਘੋੜਿਆਂ ਤੇ ਵਛੇਰਿਆਂ ਨੇ ਬੜੀ ਖੁਸ਼ੀ ਮਨਾਈ ਪਰ ਇੱਕ ਬਜ਼ੁਰਗ ਘੋੜੇ ‘ਤੇ ਇਸ ਦਾ ਕੋਈ ਅਸਰ ਨਾ ਹੋਇਆ ਤਾਂ ਵਛੇਰਿਆਂ ਨੇ ਉਸ ਘੋੜੇ ਨੂੰ ਪੁੱਛਿਆ ਕਿ ‘‘ਤਾਇਆ ਤੂੰ ਕਿਉ ਨਹੀਂ ਖੁਸ਼ ਹੋਇਆ’’? ਉਸ ਬਜ਼ੁਰਗ ਘੋੜੇ ਨੇ ਜਵਾਬ ਦਿੱਤਾ ਸੀ ਕਿ,

‘‘ਨਾ ਖੁਸ਼ ਹੋਵੇ ਘੋੜਿਉ ਤੇ ਵਛੇਰਿਉ,  ਨਵਾਂ ਨਾਜਿਮ ਆਇਆ ਹੈ, ਅਫਸੋਸ਼ ਹੈ ਕਿ ਉਹ ਪੁਰਾਣੇ ਨਾਜਿਮ ਦੀ ਤਰ੍ਹਾਂ, ਛਾਂਟੇ ਡੰਡੇ ਤੇ ਸੋਟੇ ਨਾਲ ਲਿਆਇਆ ਹੈ।’’

ਸ਼੍ਰੀ ਰਾਮੂਵਾਲੀਏ ਨੇ ਕਾਂਗਰਸ ਤੇ ਅਕਾਲੀ ਦਲ ਦੋਹਾਂ ਤੇ ਹੀ ਟਿੱਪਣੀ ਕਰਦਿਆਂ ਉਪਰੋਕਤ ਸੱਤਰਾਂ ਵਰਤੀਆਂ ਸਨ, ਪਰ ਅੱਜ ਉਹ ਉਹਨਾਂ ਨਾਜਿਮਾਂ ਵਿੱਚੋਂ ਹੀ ਇੱਕ ਦਾ ਪੈਰੋਕਾਰ ਬਣ ਗਿਆ ਹੈ, ਜਿਹੜੇ ਪੰਜਾਬ ਦੀਆ ਧੀਆਂ ਭੈਣਾਂ ਦੀਆਂ ਗੁੱਤਾਂ ਪੁੱਟਣ ਅਤੇ ਨੌਜਵਾਨਾਂ ਦੀਆਂ ਦਸਤਾਰਾਂ ਪੈਰਾਂ ਥੱਲੇ ਰੋਲਣ ਲਈ ਦੋਸ਼ੀ ਹਨ। ਪੰਜਾਬ ਵਿੱਚ ਇਸ ਵੇਲੇ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਵਿਚਕਾਰ ਕੋਈ ਪੰਜਾਬ ਦੇ ਵਿਕਾਸ ਦੇ ਮੁੱਦਿਆ ਦੀ ਲੜਾਈ ਨਹੀਂ, ਸਗੋਂ ਕੁਰਸੀ ਯੁੱਧ ਚੱਲ ਰਿਹਾ ਹੈ, ਅਤੇ ਮੁੱਦਿਆਂ ਦਾ ਲੜਾਈ ਦੀ ਦੁਹਾਈ ਪਾਉਣ ਵਾਲਾ ਰਾਮੂਵਾਲੀਆ ਬਾਈ ਵੀ ਇਸ ਕੁਰਸੀ ਯੁੱਧ ਦਾ ਇੱਕ ਹਿੱਸਾ ਬਣ ਚੁੱਕਾ ਹੈ। ਰੱਬ ਖੈਰ ਕਰੇ!

ਜਸਬੀਰ ਸਿੰਘ 09356024684


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top