Share on Facebook

Main News Page

23 ਪੋਹ ਬਨਾਮ ਪੋਹ ਸੁਦੀ 7

ਸਿੱਖ ਮਾਨਸਿਕਤਾ `ਚ ਘਰ ਕਰ ਚੁੱਕੀਆਂ ਇਹ ਦੋਵੇਂ ਤਾਰੀਖਾਂ ਭਾਵੇਂ ਅੱਜ ਤੋਂ 345 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦਰਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚਨੌਤੀ ਬਣਦੀ ਜਾਂ ਰਹੀ। ਇਹ ਚਨੌਤੀ, ਕਿਸੇ ਹੋਰ ਨੇ ਨਹੀ ਦਿੱਤੀ ਸਗੋਂ ਸਾਡੇ ਧਾਰਮਿਕ ਮੁਖੀਆਂ ਵਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰੀਏ। 

ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੂਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦ+ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ ਅਤੇ ਸਿਖ ਧਰਮ ਚੰਦ+ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਸੀ ਈ ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ। 

ਧਰਤੀ ਆਪਣੇ ਧੁਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦਵਾਲੇ ਘੁੰਮਦਾ ਹੈ ਇਹ ਚੱਕਰ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਵਿਚ ਪੂਰਾ ਦਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੈ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾਂ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ੳਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾਂ। (ਸੂਰਜ ਦੇ 33 ਸਾਲ = ਚੰਦ ਦੇ 34 ਸਾਲ) ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, 2011 ਸੀ ਈ ਵਿਚ 11 ਜਨਵਰੀ ਨੂੰ ਸੀ ਅਤੇ ਹੁਣ ਇਹ ਦਿਹਾੜਾ ਇਸ ਤੋਂ 11 ਦਿਨ ਪਹਿਲਾ ਭਾਵ 31 ਦਸੰਬਰ 2011 ਨੂੰ ਹੈ। ਇਸ ਹਿਸਾਬ ਨਾਲ ਤਾਂ 2012 ਵਿਚ ਇਹ 20 ਦਸੰਬਰ ਨੂੰ ਆਉਣਾ ਚਾਹੀਦਾ ਹੈ। ਪਰ ਨਹੀ! 

ਹੁਣ ਚੰਦ ਦਾ ਸਾਲ ਸੂਰਜੀ ਬਿਕ੍ਰਮੀ ਸਾਲ ਨਾਲੋਂ ਲੱਗ-ਭੱਗ 22 ਦਿਨ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ, 2012 ਵਿਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। 2012 ਵਿਚ ਭਾਦੋਂ ਦੇ ਦੋ ਮਹੀਨੇ ਹੋਣਗੇ। (19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। 2012 ਵਿਚ ਚੰਦ ਦਾ ਸਾਲ ਸੂਰਜੀ ਸਾਲ ਤੋਂ 18/19 ਦਿਨ ਵੱਡਾ ਹੋਵੇਗਾ। ਜਿਹੜਾ ਦਿਹਾੜਾ 20 ਦਸੰਬਰ ਨੂੰ ਆਉਣਾ ਚਾਹੀਦਾ ਸੀ ਹੁਣ ਉਹ 2013 ਵਿਚ 18 ਜਨਵਰੀ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਗੁਰਪੁਰਬ 11 ਦਿਨ ਪਹਿਲਾ ਭਾਵ 7 ਜਨਵਰੀ 2014 ਨੂੰ ਆਵੇਗਾ ਅਤੇ ਉਸ ਤੋਂ ਅੱਗਲਾ 28 ਦਸੰਬਰ 2014 ਨੂੰ । 2015 ਸੀ. ਈ. ਵਿਚ ਇਹ ਦਿਹਾੜਾ ਨਹੀ ਆਵੇਗਾ। ਇਹ ਹੈ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ। 

ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਅਤੇ 22 ਦਸੰਬਰ 1666 ਜੁਲੀਅਨ ਵੀ ਸੀ। 1666 ਤੋਂ ਪਿਛੋਂ 1685 ਵਿਚ ਇਹ ਤਿੰਨੇ ਤਾਰੀਖਾਂ ਇਕੱਠੀਆਂ ਆਈਆਂ ਸਨ ਪਰ ਹੁਣ ਮੁੜ ਇਹ ਤਿੰਨੇ ਤਾਰੀਖਾਂ ਹਜਾਰਾਂ ਸਾਲ ਇਕੱਠੀਆਂ ਨਹੀ ਆਉਣਗੀਆਂ ਕਿਉਂਕਿ 1752 ` 3 ਸਤੰਬਰ ਨੂੰ 14 ਸਤੰਬਰ ਮੰਨਕੇ ਜੂਲੀਅਨ ਨੂੰ ਗ੍ਰੈਗੋਰੀਅਨ ਬਣਾ ਦਿੱਤਾ ਗਿਆ ਸੀ। ਪੋਹ ਸੁਦੀ 7 ਅਤੇ 23 ਪੋਹ ਪਿਛਲੀ ਸਦੀ ਵਿਚ ਸਿਰਫ 4 ਵਾਰੀ (1903, 49, 68, 87) ਇਕੱਠੀਆਂ ਆਈਆਂ ਸਨ। ਹੁਣ 2014 ਵਿਚ 7 ਜਨਵਰੀ ਦਿਨ ਮੰਗਲਵਾਰ ਨੂੰ ਪੋਹ ਸੁਦੀ 7 ਅਤੇ 23 ਪੋਹ ਇੱਕਠੀਆਂ ਆਉਣਗੀਆਂ। ਉਸ ਤੋਂ ਅੱਗੋਂ 6 ਜਨਵਰੀ ਸੋਮਵਾਰ 2025 ਵਿਚ ਇਕ ਹੀ ਦਿਨ ਆਉਣਗੀਆਂ। ਅਸੀ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇਨ੍ਹਾਂ ਦੋਵਾਂ ਤਾਰੀਖਾਂ ਦੇ ਇਕੱਠੀਆਂ ਆਉਂਣ ਦਾ ਇੰਤਜਾਰ ਨਹੀ ਕਰ ਸਕਦੇ। ਸੋ ਸਪੱਸ਼ਟ ਹੈ ਕਿ ਸਾਨੂੰ ਦੋਵਾਂ `ਚ ਇਕ ਤਾਰੀਖ ਦੀ ਚੋਣ ਹੀ ਕਰਨੀ ਪਵੇਗੀ।

 

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀ ਇਹ ਦਿਹਾੜ੍ਹਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀ ਵਦੀ-ਸੁਦੀ ਦੇ ਮੱਕੜਜਾਲ `ਚ ਨਿਕਲ ਜਾਂਦੇ ਹਾਂ। ਸਾਡਾ ਇਹ ਲਾਭ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ।

ਹੁਣ ਜਦੋਂ ਅਸੀ ਇਹ ਦਿਹਾੜਾਂ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਦੇ ਹਾਂ ਤਾਂ ਇਹ ਦਿਨ ਹਰ ਸਾਲ ਤਕਰੀਬਨ ਇਕ ਹੀ ਤਾਰੀਖ ਨੂੰ ਆਉਂਦਾ ਹੈ। 1666 ਤੋਂ 1751 ਤਾਂਈ 23 ਪੋਹ 22 ਦਸੰਬਰ ਨੂੰ ਹੀ ਆਉਂਦਾ ਰਿਹਾ ਹੈ। ਬਿਕ੍ਰਮੀ ਸਾਲ ਦੀ ਲੰਬਾਈ ਦੇ ਫਰਕ ਕਰਾਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। 1752 ਵਿਚ 23 ਪੋਹ 2 ਜਨਵਰੀ ਦਿਨ ਮੰਗਲਵਾਰ ਨੂੰ ਸੀ। ਹੁਣ ਇਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਮੌਸਮੀ ਕੈਲੰਡਰ ਦੀ ਲੰਬਾਈ ਵਿਚ ਅੰਤਰ। 1960 ਤੋਂ ਪਹਿਲਾ ਸਾਰੇ ਭਾਰਤ ਵਿਚ ਸੂਰਜੀ ਸਿਧਾਂਤ ਤੇ ਅਧਾਰਤ ਬਿਕ੍ਰਮੀ ਕੈਲੰਡਰ ਲਾਗੂ ਸੀ। ਜਿਸ ਦੀ ਲੰਬਾਈ 365. 2587 ਦਿਨ ਹੈ। ਮੌਸਮੀ ਸਾਲ ਤੋਂ ਇਸ ਦੀ ਲੰਬਾਈ ਵੱਧ ਹੋਣ ਕਾਰਨ ਇਹ ਮੌਸਮੀ ਸਾਲ ਨਾਲ 60 ਸਾਲ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਇਸ ਵਿਚ ਸੋਧ ਕਰਨ ਉਪ੍ਰੰਤ ਦ੍ਰਿਗਗਿਣਤ ਸਿਧਾਂਤ ਮੁਤਾਬਕ ਬਿਕ੍ਰਮੀ ਕੈਲੰਡਰ ਹੋਂਦ ਵਿਚ ਆਇਆ ਜਿਸ ਦੀ ਲੰਬਾਈ 365. 2563 ਦਿਨ ਹੈ। ਦ੍ਰਿਗਗਿਣਤ ਸਿਧਾਂਤ ਕੈਲੰਡਰ ਵੀ ਮੌਸਮੀ ਸਾਲ ਨਾਲੋਂ 71 ਸਾਲਾਂ ਪਿਛੋਂ ਇਕ ਦਿਨ ਅੱਗੇ ਲੰਗ ਜਾਂਦਾ ਹੈ।

ਇਥੋਂ ਸ਼ੁਰੂ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਦੀ ਕਹਾਣੀ। ਜਦੋਂ ਵਿਦਿਵਾਨਾਂ ਨੇ ਇਹ ਸੋਚਿਆ ਕਿ ਇਹ ਫਰਕ ਤਾਂ ਵਧਦਾ ਹੀ ਰਹੇ ਗਾ ਤੇ ਸਾਡੇ ਧਾਰਮਿਕ ਦਿਹਾੜੇ ਮੌਸਮੀ ਸਾਲ ਤੋ ਬੁਹਤ ਅੱਗੇ ਲੰਘ ਜਾਣਗੇ ਤਾਂ ਕਿਉਂ ਨਾ ਆਪਣੇ ਕੈਲੰਡਰ ਨੂੰ ਮੌਸਮੀ ਕੈਲੰਡਰ ਦੇ ਮੁਤਾਬਿਕ ਕੀਤਾ ਜਾਵੇ? ਕਨੇਡਾ ਵਾਸੀ ਸ. ਪਾਲ ਸਿੰਘ ਪੁਰੇਵਾਲ ਵਲੋਂ ਬਣਾਏ ਗਏ ਕੈਲੰਡਰ ਤੇ ਕਈ ਸਾਲ ਵਿਚਾਰਾਂ ਕਰਨ ਉਪ੍ਰੰਤ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ 2003 ਵਿਚ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ। ਅੱਜ ਜੋ ਸੀ ਈ ਕੈਲੰਡਰ ਦੁਨੀਆਂ ਵਿਚ ਲਾਗੂ ਹੈ ਇਸ ਨੂੰ ਗ੍ਰੈਗਗੋਰੀਅਨ ਕੈਲੰਡਰ ਵੀ ਕਿਹਾ ਜਾਂਦਾ ਹੈ, ਇਹ ਜੂਲੀਅਨ ਕੈਲੰਡਰ ਦਾ ਸੋਧਿਆ ਹੋਇਆ ਰੂਪ ਹੈ। ਜੂਲੀਅਨ ਕੈਲੰਡਰ ਵੀ ਸੂਰਜ ਅਧਾਰਤ ਸੀ ਪਰ ਉਸ ਦੀ ਲੰਬਾਈ 365.25 ਦਿਨ ਸੀ। ਇਸ ਵਿਚ ਵੀ ਮੌਸਮੀ ਸਾਲ ਨਾਲ 128 ਸਾਲ ਵਿਚ 1 ਦਿਨ ਦਾ ਫਰਕ ਆ ਜਾਂਦਾ ਸੀ। ਵਿਦਿਵਾਨਾਂ ਨੇ ਇਸ ਵਿਚ ਸੋਧ ਕੀਤੀ ਅਤੇ ਗ੍ਰੈਗਗੋਰੀਅਨ ਕੈਲੰਡਰ ਹੋਂਦ ਵਿਚ ਆਇਆ। ਗ੍ਰੈਗਗੋਰੀਅਨ ਦੀ ਲੰਬਾਈ 365. 2425 ਦਿਨ ਹੈ। ਇਹ ਮੌਸਮੀ ਸਾਲ ਦੇ ਬੁਹਤ ਹੀ ਨੇੜੈ ਹੈ। ਹੁਣ 3300 ਸਾਲ ਪਿਛੋਂ 1 ਦਿਨ ਦਾ ਫਰਕ ਪਵੇਗਾ। ਸਿੱਖ ਧਰਮ ਦੀ ਨਿਰਾਲੀ ਸ਼ਾਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਵੀ 365. 2425 ਦਿਨ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਹਰ ਸਾਲ 5 ਜਨਵਰੀ ਨੂੰ ਹੀ ਆਵੇਗੀ। ਹੁਣ ਇਹ ਫੈਸਲਾ ਪੂਰੇ ਵਿਸ਼ਵ `ਚ ਫੈਲ ਚੁਕੀ ਸਿੱਖ ਕੌਮ ਨੇ ਕਰਨਾ ਹੈ ਕਿ ਕੀ ਸਾਨੂੰ ਮੌਸਮੀ ਕੈਲੰਡਰ ਤੇ ਅਧਾਰਤ ਵਿਗਿਆਨਕ ਕੈਲੰਡਰ, (ਨਾਨਕਸ਼ਾਹੀ ਕੈਲੰਡਰ) ਜਿਸ ਦੀਆਂ ਤਾਰੀਖਾਂ ਸਦਾ ਵਾਸਤੇ ਇਕੋ ਹੀ ਰਹਿਣਗੀਆਂ ਦੀ ਲੋੜ ਹੈ ਜਾਂ ਚੰਦਰਸੂਰਜੀ ਬਿਕ੍ਰਮੀ ਕੈਲੰਡਰ ਦੀ, ਜਿਸ ਦੀਆਂ ਤਾਰੀਖਾਂ ਹਰ ਸਾਲ ਬਦਲ ਜਾਂਦੀਆਂ ਹਨ ਅਤੇ ਤਾਰੀਖਾਂ ਦਾ ਪਤਾਂ ਕਰਨ ਲਈ ਵੀ ਕਿਸੇ (?) ਨੂੰ ਪੁਛਣਾ ਹੀ ਪਵੇਗਾ।

ਸਰਵਜੀਤ ਸਿੰਘ ਸੈਕਰਾਮੈਂਟੋ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top