Share on Facebook

Main News Page

ਸਹਿਜਧਾਰੀ ਦੇ ਮੁੱਦੇ ਤੇ ਸਹਿਜ ਦੀ ਲੋੜ ਨਹੀ, ਸਗੋਂ ਕੁਝ ਕਰਨ ਦੀ ਲੋੜ ਹੈ

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਵੋਟਾਂ ਪਾਉਣ ‘ਤੇ ਰੋਕ ਲਗਾਉਣ ਲਈ 8 ਅਕਤੂਬਰ 2003 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਹਿਜਧਾਰੀਆ ਨੂੰ ਵੋਟ ਦੇ ਅ੍ਯਿਧਕਾਰ ਤੋ ਵਾਂਝਿਆ ਕਰ ਦਿੱਤਾ ਸੀ ਜਿਸ ਨੂੰ ਰੱਦ ਕਰਾਉਣ ਲਈ ਸਹਿਜਧਾਰੀ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਰਾਣੂ ਨੇ ਅਦਾਲਤ ਵਿੱਚ ਕੇਸ ਕੀਤਾ ਹੋਇਆ ਸੀ ਅਤੇ ਕਰੀਬ ਅੱਠ ਸਾਲ ਦੇ ਅਰਸੇ ਦੇ ਬਾਅਦ ਇਸ ਫੈਸਲਾ ਅਦਾਲਤ ਨੇ ਸਹਿਜਧਾਰੀਆ ਦੇ ਹੱਕ ਵਿੱਚ ਦਿੰਦਿਆ 2003 ਵਾਲਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ ਜਿਸ ਨਾਲ ਸਹਿਜਧਾਰੀਆ ਵਿੱਚ ਤਾਂ ਖੁਸ਼ੀ ਦੀ ਲਹਿਰ ਦੌੜ ਗਈ ਹੈ ਪਰ ਪੰਥਕ ਧਿਰਾਂ ਉਚ ਅਦਾਲਤ ਦੇ ਫੈਸਲੇ ਨੂੰ ਸਰਵ ਉਚ ਅਦਾਲਤ ਵਿੱਚ ਚੁਨੌਤੀ ਦੇਣ ਦੀ ਸੋਚ ਰਹੇ ਹਨ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਇਹ ਨਿਆਰਾ ਪੰਥ ਆਪਣੀ ਹੋਂਦ ਲਈ ਕਿਸੇ ਨੂੰ ਰਲਗੱਡ ਨਾ ਹੋਣ ਦੇਵੇ।

ਦੁਨੀਆ ਦੇ ਇਤਿਹਾਸ ਵਿੱਚ ਸਿੱਖਾਂ ਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੱਲੋਂ ਸਿਰਜਿਆ ਗਿਆ ਸਿੱਖ ਧਰਮ ਸਭ ਤੋਂ ਨਵੀਨਤਮ ਧਰਮ ਹੈ ਅਤੇ ਸਭ ਤੋਂ ਵੱਧ ਚੁਨੌਤੀਆ ਦਾ ਵੀ ਇਸ ਧਰਮ ਦੇ ਲੋਕਾਂ ਨੂੰ ਹੀ ਸਾਹਮਣਾ ਕਰਨਾ ਪਿਆ ਹੈ। ਖਾਲਸਾ ਪੰਥ ਜੋ ਕਿ ਆਪਣੇ ਫੈਸਲੇ ਖੁਦ ਕਰਨ ਦੀ ਸਮੱਰਥਾ ਰੱਖਦਾ ਹੈ ਨੂੰ ਅੱਜ ਸਿਆਸੀ ਨੇਤਾਵਾਂ ਦੀਆ ਸੁਆਰਥੀ ਤਿਕੜਮਬਾਜੀਆ ਕਾਰਨ ਕਈ ਪ੍ਰਕਾਰ ਚੁਨੌਤੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜਿਆ ਦੀ ਰਾਖੀ ਕਰਨ ਵਾਲੇ ਖਾਲਸੇ ਨੂੰ ਅੱਜ ਆਪਣੀ ਹੋਂਦ ਨੂੰ ਬਚਾਉਣ ਦੇ ਲਾਲੇ ਪਏ ਹਨ ਅਤੇ ਅਦਾਲਤਾਂ ਦੇ ਚੱਕਰ ਕੱਟਣੇ ਪੈ ਰਹੇ ਹਨ।

ਖਾਲਸਾ ਪੰਥ ਦੇ ਹਿੱਤਾਂ ਦੀ ਰਾਖੀ ਕਰਨ ਲਈ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਖਾਲਸਾ ਫੌਜ ਬਣਾਉਣ ਦੀ ਪਿਰਤ ਪਾਈ ਗਈ ਸੀ ਅਤੇ ਸਿੱਖ ਗੁਰੂਆ ਨੇ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਨ ਲਈ ਸਿੱਖ ਫੌਜ ਬਣਾ ਕੇ ਕਈ ਜੰਗਾਂ ਵੀ ਲੜੀਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਥੇ ਧਰਮ ਦੇ ਨਾਲ ਨਾਲ ਰਾਜਸੀ ਗਤੀਵਿਧੀਆ ਨੂੰ ਜੋੜਣ ਲਈ ਮੀਰੀ ਤੇ ਪੀਰੀ ਦਾ ਨਿਵੇਕਲਾ ਪੰਥ ਚਲਾਇਆ ਸੀ ਉਥੇ ਉਹਨਾਂ ਨੇ ਸਿੱਖ ਧਰਮ ਦੀ ਰਾਖੀ ਕਰਨ ਲਈ ਨਵੇ ਤਖਤ ਦੀ ਉਸਾਰੀ ਵੀ ਕੀਤੀ ਜਿਸ ਨੂੰ ਅਕਾਲ ਤਖਤ ਭਾਵ ਉਸ ਰੱਬ ਦਾ ਤਖਤ ਹੋਣ ਦਾ ਮਾਣ ਪ੍ਰਾਪਤ ਹੋਇਆ। ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਵੀ ਇਸ ਤਰੀਕੇ ਨਾਲ ਕੀਤੀ ਕਿ ਅਕਾਲ ਤਖਤ ‘ਤੇ ਬੈਠੇ ਵਿਅਕਤੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੈਠਾ ਗ੍ਰੰਥੀ ਤਾਂ ਨਜਰ ਆਉਦਾ ਹੈ ਪਰ ਗ੍ਰੰਥੀ ਨੂੰ ਸ੍ਰੀ ਅਕਾਲ ਤਖਤ ਤੇ ਬੈਠਾ ਵਿਅਕਤੀ ਨਜ਼ਰ ਨਹੀ ਆ੍ਯਉਦਾ ਜਿਸ ਦਾ ਅਰਥ ਸਪੱਸ਼ਟ ਹੈ ਕਿ ਧਰਮ ਦਾ ਕੁੰਡਾ ਰਾਜਸੀ ਧਿਰ ਤੇ ਬਣਿਆ ਰਹੇਗਾ ਤੇ ਧਰਮ ਦੀ ਹੋਂਦ ਰਾਜ ਨਾਲੋਂ ਉਪਰ ਹੋਵੇਗੀ। ਗੁਰੂ ਸਾਹਿਬ ਨੇ ਪਰਕਰਮਾ ਦੇ ਇੱਕ ਪਾਸੇ ਦੋ ਨਿਸ਼ਾਨ ਸਾਹਿਬ ਵੀ ਝੁਲਾਏ ਜਿਹਨਾਂ ਵਿੱਚ ਪਾਤਸ਼ਾਹ ਵਾਲੇ ਨੂੰ ਪੀਰੀ ਦਾ ਦਰਜਾ ਦਿੱਤਾ ਗਿਆ ਅਤੇ ਰਾਜਸੀ ਸਰਗਰਮੀਆ ਵਾਲੇ ਨੂੰ ਦੀ ਮੀਰੀ ਦਾ ਦਰਜਾ ਕੀਤਾ ਗਿਆ। ਪੀਰੀ ਵਾਲੇ ਨਿਸ਼ਾਨ ਸਾਹਿਬ ਦੀ ਮੀਰੀ ਵਾਲੇ ਨਿਸ਼ਾਨ ਸਾਹਿਬ ਨਾਲੋਂ ਉਚਾਈ ਵੀ ਜਿਆਦਾ ਰੱਖੀ ਗਈ। ਪਹਿਲਾਂ ਤਾਂ ਇਹ ਉਚਾਈ ਕਾਫੀ ਘੱਟ ਸੀ ਪਰ ਸੰਨ 2003 ਵਿੱਚ ਜਦੋਂ ਨਵੇ ਨਿਸ਼ਾਨ ਸਾਹਿਬ ਮਰਹੂਮ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆ ਨੇ ਨਵੇਂ ਸਿਰੇ ਤੋਂ ਸਥਾਪਤ ਕੀਤੇ ਤਾਂ ਉਹਨਾਂ ਨੇ ਦੋਹਾਂ ਦੀ ਉਚਾਈ ਦੇ ਫਰਕ ਵਿੱਚ ਵਾਧਾ ਕਰ ਦਿੱਤਾ ਕਿ ਹਰੇਕ ਵਿਅਕਤੀ ਨੂੰ ਦੋਹਾਂ ਦਾ ਫਰਕ ਸਪੱਸ਼ਟ ਦਿਖਾਈ ਦੇਵੇ। ਇਸੇ ਤਰ੍ਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖਾਲਸਾ ਫੌਜ ਵਿੱਚ ਲੋੜੀਦਾ ਵਾਧਾ ਕੀਤਾ ਤੇ ਅਜਿਹੀ ਸਥਾਈ ਫੌਜ ਦੀ ਸਿਰਜਣਾ ਕੀਤੀ ਜਿਹੜੀ ਸਿੱਖ ਪੰਥ ਦਾ ਇੱਕ ਹਿੱਸਾ ਬਣ ਗਈ ਤੇ ਇਸ ਫੌਜ ਨੇ ਮੁਗਲਾਂ ਨਾਲ ਕਈ ਜੰਗਾਂ ਲੜੀਆ।

ਗੁਰੂ ਸਾਹਿਬਾਨ ਤੋਂ ਬਾਅਦ ਵੀ ਖਾਲਸਾ ਪੰਥ ਨੇ ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਵੀ ਮੁਗਲਾਂ ਤੇ ਹੋਰ ਪੰਥ ਦੋਖੀਆ ਨਾਲ ਜੰਗਾਂ ਲੜੀਆ ਜੋਂ ਇਤਿਹਾਸ ਦੇ ਸੁਨਿਹਰੀ ਪੰਨਿਆ ਤੇ ਦਰਜ ਹਨ। ਵਰਨਣਯੋਗ ਹੈ ਕਿ ਸਿੱਖਾਂ ਦਾ ਇਤਿਹਾਸ ਸਿੱਖਾਂ ਨੇ ਖੁਦ ਨਹੀ ਸਗੋਂ ਸਿੱਖ ਪੰਥ ਦੇ ਵਿਰੋਧੀਆ ਮੁਗਲ ਜਾਂ ਅੰਗਰੇਜ ਇਤਿਹਾਸਕਾਰਾਂ ਨੇ ਲਿਖਿਆ । ਜਦੋਂ ਕੋਈ ਵਿਰੋਧੀ ਦੁਸ਼ਮਣ ਦੀ ਸਿਫਤ ਸਲਾਹ ਕਰਦਾ ਹੈ ਤਾਂ ਕੋਈ ਵੀ ਇਸ ਨੂੰ ਸਹੀ ਮੰਨਣ ਤੋਂ ਇਨਕਾਰ ਨਹੀ ਕਰ ਸਕਦਾ। ਸਿੱਖਾਂ ਨੂੰ ਆਪਣੀ ਹੋਂਦ ਬਚਾਈ ਰੱਖਣ ਲਈ ਤੇ ਜੁਲਮ ਦਾ ਟਾਕਰਾ ਕਰਨ ਲਈ ਜੰਗਲਾਂ ਵਿੱਚ ਰਹਿਣਾ ਪਿਆ ਤੇ ਕਈ ਘੱਲੂਘਾਰਿਆ ਵਿੱਚ ਅਨੇਕਾਂ ਸਿੱਖ ਬੱਚੇ ਬੱਚੀਆਂ ਤੇ ਆਪਣੇ ਪਰਿਵਾਰਾਂ ਨੂੰ ਸ਼ਹੀਦ ਕਰਾਉਣਾ ਪਿਆ ਪਰ ਸਿੱਖਾਂ ਨੇ ਕਿਸੇ ਦੀ ਈਨ ਨਹੀ ਮੰਨੀ ਤੇ ਗੁਰੂ ਦਾ ਭਾਣਾ ਮੰਨ ਕੇ ਸਭ ਕੁਝ ਬਰਦਾਸ਼ਤ ਹੀ ਨਹੀ ਕੀਤਾ ਸਗੋਂ ਅਬਾਦਲੀ ਤੇ ਨਾਦਰਸ਼ਾਹ ਵਰਗਿਆ ਦੇ ਹਮਲਿਆ ਦਾ ਡੱਟ ਕੇ ਮੁਕਾਬਲਾ ਕੀਤਾ। ਸਿੱਖਾਂ ਨੇ ਨਾਦਰਸ਼ਾਹ ਤੇ ਅਬਦਾਲੀ ਨੂੰ ਕੇਵਲ ਲੁੱਟਿਆ ਹੀ ਨਹੀ ਸੀ ਸਗੋਂ ਰੱਜ ਕੇ ਕੁੱਟਿਆ ਵੀ ਸੀ। ਸਿੱਖਾਂ ਨੇ ਉਸ ਵੇਲੇ ਵੀ ਆਪਣੀ ਹੋਂਦ ਦਾ ਪ੍ਰਗਟਾਵਾ ਗਰਜਾ ਸਿੰਘ ਤੇ ਬੋਤਾ ਸਿੰਘ ਦੇ ਰੂਪ ਵਿੱਚ ਕਰਵਾ ਦਿੱਤਾ ਸੀ ਜਦੋਂ ਜ਼ਕਰੀਆ ਖਾਂ ਵਰਗਿਆ ਨੇ ਢੰਡੋਰਾ ਪਿੱਟਵਾ ਦਿੱਤਾ ਸੀ ਕਿ ਸਿੱਖ ਪੂਰੀ ਤਰ੍ਹਾ ਖਤਮ ਕਰ ਦਿੱਤੇ ਗਏ ਹਨ।

ਸਿੱਖਾਂ ਦੀਆ ਅਨੇਕਾਂ ਕੁਰਬਾਨੀਆ ਤੋਂ ਬਾਅਦ ਵੀ ਜਦੋਂ ਮੁਗਲ ਸਿੱਖਾਂ ਨੂੰ ਖਤਮ ਨਾ ਕਰ ਸਕੇ ਤਾਂ ਅਖੀਰ ਉਹਨਾਂ ਨੂੰ ਮੰਨਣਾ ਪਿਆ ਸੀ ਕਿ ਉਹ ਦਿਨ ਦੂਰ ਨਹੀ ਜਦੋਂ ਸਿੱਖ ਲਾਹੌਰ ਦੇ ਤਖਤ ਤੇ ਸਿੱਖ ਬਿਰਾਜਮਾਨ ਹੋਣਗੇ ਤੇ ਮੁਗਲਾਂ ਦੀ ਇਹ ਭਵਿੱਖਬਾਣੀ ਉਸ ਵੇਲੇ ਸਹੀ ਸਿੱਧ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਗੱਦੀ ਸੰਭਾਲੀ ਤੇ ਅਬਦਾਲੀ ਵਰਗਿਆ ਨੂੰ ਸਿਰਫ ਦੂਰ ਤੱਕ ਧਕੇਲ ਹੀ ਨਹੀ ਦਿੱਤਾ ਸੀ ਸਗੋ ਉਸ ਦੇ ਕਾਬਲ ਵਿਚਲੇ ਕਿਲੇ ਤੇ ਵੀ ਕਬਜਾ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜਾਂ ਨੇ ਵੀ ਜਦੋਂ ਪੰਜਾਬ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਪੰਜਾਬ ਨੂੰ ਅੰਗਰੇਜੀ ਸਾਮਰਾਜ ਦਾ ਹਿੱਸਾ ਬਣਾਉਣ ਲਈ ਕਦਮ ਫੂਕ ਫੂਕ ਕੇ ਰੱਖ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜਾਂ ਨੇ ਡੋਗਰਿਆ ਤੇ ਮਜੀਠੀਆ ਦੀ ਗਦਾਰੀ ਨਾਲ ਪੰਜਾਬ ਤੇ ਕਬਜ਼ਾ ਕਰ ਵੀ ਲਿਆ ਸੀ ਤਾਂ ਸਿੱਖ ਕੌਮ ਹੀ ਇੱਕ ਅਜਿਹੀ ਕੌਮ ਸੀ ਜਿਸ ਨੇ ਅੰਗਰੇਜ਼ਾਂ ਨੂੰ ਚੈਨ ਨਾਲ ਨਹੀ ਬੈਠਣ ਦਿੱਤਾ ਸੀ। ਸਿੱਖਾਂ ਵੱਲੋਂ ਕੀਤੀਆ ਗਈਆ 95 ਫੀਸਦੀ ਕੁਰਬਾਨੀਆ ਤੇ ਸਿੱਖਾਂ ਵੱਲੋਂ ਸਭ ਤੋਂ ਵੱਧ ਕੱਟੀਆ ਗਈਆ ਜੇਲਾਂ ਉਪਰੰਤ ਹੀ ਅੰਗਰੇਜ਼ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਅੰਗਰੇਜਾਂ ਦੇ ਸਮੇਂ ਵੀ ਸਿੱਖਾਂ ਨੇ ਆਪਣੇ ਧਾਰਿਮਕ ਮਾਮਲਿਆ ਵਿੱਚ ਅਦਾਲਤਾਂ ਵਿੱਚ ਲਿਜਾਣ ਦੀ ਬਜਾਏ ਬਾਹਾਂ ਦੇ ਬੱਲ ਨਾਲ ਹੀ ਹੱਲ ਕੀਤਾ ਸੀ। ਅੰਗਰੇਜ਼ਾਂ ਨੇ ਆਪਣੇ ਹੱਥ ਠੋਕੇ ਮਹੰਤਾਂ ਨੂੰ ਸਿੱਖਾਂ ਗੁਰਧਾਮਾਂ ਤੇ ਕਾਬਜ਼ ਰਹਿਣ ਲਈ ਹੱਲਾਸ਼ੇਰੀ ਦਿੱਤੀ ਪਰ ਸਿੱਖਾਂ ਦੁਆਰਾ ਲੈ ਕੇ ਸਟੈਂਡ ਅੱਗੇ ਮਹੰਤ ਟਿੱਕ ਨਾ ਸਕੇ। ਅੰਗਰੇਜ਼ ਹਕੂਮਤ ਦੀ ਸ਼ਹਿ ਤੇ ਮਹੰਤਾਂ ਨੇ ਸਿੱਖਾਂ ਤੇ ਗੋਲੀਆ ਵੀ ਚਲਾਈਆ ਤੇ ਜੰਡ ਦੇ ਦਰਖਤਾਂ ਨਾਲ ਬੰਨ ਕੇ ਸਿੱਖਾਂ ਨੂੰ ਸਾੜਿਆ ਵੀ ਗਿਆ। ਅਖੀਰ ਸਿੱਖ ਦੇ ਦ੍ਰਿੜ ਇਰਾਦੇ ਅੱਗੇ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਤੇ ਉਸ ਨੇ ਆਪਣੇ ਹੱਥ ਠੋਕਿਆ ਮਹੰਤਾਂ ਦੀ ਪੁਸ਼ਤ ਪਨਾਹੀ ਕਰਨੀ ਜਦੋਂ ਬੰਦ ਕਰ ਦਿੱਤੀ ਤਾਂ ਸਿੱਖਾਂ ਨੇ ਇਹਨਾਂ ਪੰਥ ਦੋਖੀਆ ਨੂੰ ਗੁਰੂਦੁਆਰਿਆ ਵਿੱਚੋਂ ਬਾਹਰ ਕੱਢ ਦਿੱਤਾ। ਇਸ ਸਮੇਂ ਜਦੋਂ ਹਾਲਾਤ ਕਾਫੀ ਚਿੰਤਾਜਨਕ ਸਨ ਤਾਂ ਸਿੱਖਾਂ ਨੇ ਕਿਸੇ ਵੀ ਕਨੂੰਨ ਜਾਂ ਅਦਾਲਤ ਦਾ ਸਹਾਰਾ ਨਹੀ ਲਿਆ ਸੀ ਸਗੋਂ ਜੋਰ ਜਬਰੀ ਹੀ ਗੁਰੂਦੁਆਰਿਆ ਵਿੱਚੋਂ ਬੇਦਖਲ ਕਰ ਦਿੱਤਾ ਸੀ। ਅਖੀਰ ਅੰਗਰੇਜਾਂ ਨੂੰ ਵੀ ਸਿੱਖਾਂ ਨਾਲ ਸਹਿਮਤ ਹੋਣਾ ਪਿਆ ਸੀ ਤੇ ਉਹਨਾਂ ਨੇ ਵੀ ਸਿੱਖਾਂ ਦੀ ਈਨ ਅੱਗੇ ਗੋਡੇ ਟੇਕ ਕੇ ਗੁਰੂਦੁਆਰਿਆ ਦਾ ਪ੍ਰਬੰਧ ਸਿੱਖਾਂ ਨੂੰ ਸੋਂਪ ਦਿੱਤਾ ਸੀ।

ਅੰਗਰੇਜ਼ਾਂ ਨੇ ਪੂਰੀ ਦੁਨੀਆ ਤੇ ਰਾਜ ਸਿਰਫ ਜੋਰ ਜਬਰ ਨਾਲ ਹੀ ਨਹੀ ਸਗੋਂ ਕੂਟਨੀਤੀ ਨਾਲ ਕੀਤਾ ਅਤੇ ਸਿੱਖ ਵੀ ਉਹਨਾਂ ਦੀਆ ਕੂਟਨੀਤਕ ਚਾਲਾਂ ਦੇ ਉਸ ਵੇਲੇ ਸ਼ਿਕਾਰ ਹੋ ਗਏ ਜਦੋਂ ਅੰਗਰੇਜਾਂ ਨੇ ਸਿੱਖਾਂ ਨੂੰ ਸ਼ਰੋਮਣੀ ਕਮੇਟੀ ਦੇਣ ਲਈ ਆਪਣੇ ਟਾਊਟ ਸੁੰਦਰ ਸਿੰਘ ਮਜੀਠੀਏ ਨੂੰ ਵਿੱਚ ਪਾ ਕੇ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼ ਸਿੱਖਾਂ ਨੂੰ ਗੁਰੁਦੁਆਰਿਆ ਦਾ ਪ੍ਰਬੰਧ ਪਾਰਲੀਮੈਂਟ ਦੇ ਐਕਟ ਤਹਿਤ ਸੋਪਣਾਂ ਚਾਹੁੰਦੇ ਹਨ ਅਤੇ ਸਿੱਖ ਗੁਰੂਦੁਆਰਿਆ ਦਾ ਪ੍ਰਬੰਧ ਕਰਨ ਲਈ ਖੁਦਮੁਖਤਿਆਰ ਹੋਣਗੇ। ਜੇਲਾਂ ਵਿੱਚ ਬੰਦ ਸਿੱਖ ਆਗੂਆ ਨੂੰ ਅੰਗਰੇਜ਼ ਟਾਊਟਾਂ ਨੇ ਮਿਲ ਕੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਸਰਕਾਰ ਸਿੱਖਾਂ ਨੂੰ ਗੁਰੂਦੁਆਰਿਆ ਦਾ ਪ੍ਰਬੰਧ ਸੋਂਪਣਾ ਚਾਹੁੰਦੀ ਹੈ ਪਰ ਕੁਝ ਸਿੱਖ ਆਗੂ ਇਸ ਨੂੰ ਮੰਨਣ ਲਈ ਤਿਆਰ ਨਹੀ ਹਨ। ਟਾਊਟਾਂ ਨੇ ਇਹ ਵੀ ਕਿਹਾ ਕਿ ਅੰਗਰੇਜ਼ ਸਰਕਾਰ ਜੇਲ ਵਿੱਚ ਬੰਦ ਉਹਨਾਂ ਆਗੂਆ ਨੂੰ ਰਿਹਾਅ ਕਰਨ ਲਈ ਤਿਆਰ ਹੈ ਜਿਹੜੇ ਸ੍ਰੋਮਣੀ ਕਮੇਟੀ ਦੀ ਬਣਤਰ ਲਈ ਸਰਕਾਰ ਵੱਲੋਂ ਤਿਆਰ ਕੀਤੇ ਗਏ ਮਸੌਦੇ ਤੇ ਦਸਤਖਤ ਕਰ ਦੇਣਗੇ। ਸਿਆਣੇ ਆਗੂਆ ਵੱਲੋਂ ਸਰਕਾਰ ਦੇ ਇਸ ਛਲਾਵੇ ਤੋਂ ਸਿੱਖਾਂ ਨੂੰ ਸੁਚੇਤ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਆਗੂਆ ਨੇ ਇਹ ਕਹਿ ਕੇ ਦਸਤਖਤ ਕਰ ਦਿੱਤੇ ਕਿ ਸਰਕਾਰ ਜੇਕਰ ਸਿੱਖਾਂ ਨੂੰ ਪ੍ਰਬੰਧ ਸੋਂਪਣ ਲਈ ਤਿਆਰ ਹੈ ਤਾਂ ਫਿਰ ਦਸਤਖਤ ਕਰਨ ਲਈ ਤਿਆਰ ਹਨ। ਜਿਹਨਾਂ ਆਗੂਆ ਨੇ ਦਸਤਖਤ ਕਰ ਦਿੱਤੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਜਦ ਕਿ ਬਾਕੀ ਦੇ ਆਗੂਆ ਤੇ ਸਖਤੀ ਹੋਰ ਵਧਾ ਦਿੱਤੀ ਗਈ।

ਅੰਗ੍ਰੇਜ਼ ਸਰਕਾਰ ਇਹ ਹੀ ਚਾਹੁੰਦੀ ਸੀ ਕਿ ਸਿੱਖ ਉਹਨਾਂ ਦੇ ਕਾਬੂ ਵਿੱਚ ਨਹੀ ਆ ਰਹੇ ਅਤੇ ਸਿੱਖਾਂ ਨੂੰ ਕਾਬੂ ਕਰਨ ਦਾ ਇਹ ਹੀ ਇੱਕ ਵਧੀਆ ਰਸਤਾ ਸੀ ਜਿਹੜਾ ਸਰਕਾਰ ਨੇ ਅਪਨਾ ਲਿਆ ਹੈ ਅਤੇ ਗੁਰੂਦੁਆਰਿਆ ਦੀਆ ਚੋਣਾਂ ਵਿੱਚ ਸਿੱਖ ਆਪਸ ਵਿੱਚ ਵੰਡੇ ਜਾਣਗੇ ਅਤੇ ਸਰਕਾਰ ਸਿੱਖਾਂ ਦੀ ਆਪਸੀ ਲੜਾਈ ਦਾ ਤਮਾਸ਼ਾ ਬਾਹਰ ਬੈਠ ਵੇਖਣਗੇ। ਹੋਇਆ ਵੀ ਇਹ ਹੀ, ਅਤੇ ਸਿੱਖ ਕਈ ਧੜਿਆ ਵਿੱਚ ਵੰਡੇ ਗਏ ਤੇ ਆਪਸੀ ਲੜਾਈ ਸ਼ੁਰੂ ਹੋ ਗਈ। ਭਾਂਵੇ ਉਸ ਵੇਲੇ ਦੇ ਭਾਰਤ ਦੇ ਕੌਮੀ ਆਗੂਆ ਨੇ ਵੀ ਇਹ ਕਿਹਾ ਸੀ ਕਿ ਭਾਰਤੀਆ ਨੇ ਅਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ ਪਰ ਹਕੀਕਤ ਵਿੱਚ ਸਿੱਖਾਂ ਦੇ ਆਪਸ ਵਿੱਚ ਵੰਡੇ ਜਾਣ ਉਪਰੰਤ ਅਜ਼ਾਦੀ ਦੀ ਲੜਾਈ ਵਿੱਚ ਵੀ ਖੜੋਤ ਆਈ ਜਿਸ ਕਰਕੇ ਅਜਾਦੀ ਕਈ ਸਾਲ ਲੇਟ ਹੋ ਗਈ।

ਅਗਰੇਜਾਂ ਦੀ ਚਾਲ ਨੂੰ ਬੂਰ ਪਿਆ ਤੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੌਨਿਹਾਲ ਜਥੇਬੰਦੀ ਬਣ ਗਈ। ਅੰਗੇਰਜਾਂ ਨੇ ਗੁਰੂਦੁਆਰਾ ਐਕਟ ਵਿੱਚ ਇਹ ਵਿਵਸਥਾ ਜਰੂਰ ਰੱਖ ਦਿੱਤੀ ਕਿ ਸ੍ਰੋਮਣੀ ਕਮੇਟੀ ਵਿੱਚ ਗੈਰ ਹਿੰਦੂ ਭਾਵ ਸਹਿਜਧਾਰੀ ਦੇ ਨਾਮ ਹੇਠ ਵੋਟ ਪਾਉਣ ਦਾ ਅਧਿਕਾਰ ਰੱਖਣਗੇ। ਸ੍ਰੋਮਣੀ ਕਮੇਟੀ ਦੀਆ ਵੋਟਾਂ ਵਿੱਚ ਭਾਂਵੇ ਗੈਰ ਸਿੱਖਾਂ ਨੂੰ ਵੋਟ ਦਾ ਅਧਿਕਾਰ ਤਾਂ ਦੇ ਦਿੱਤਾ ਗਿਆ । ਸ਼੍ਰੋਮਣੀ ਕਮੇਟੀ ਵਿੱਚ ਭਾਂਵੇ ਸਹਿਜਧਾਰੀਆ ਨੂੰ ਸ਼ਾਮਲ ਕਰਨ ਦੀ ਕੋਈ ਵੀ ਵਿਵਸਥਾ ਨਹੀ ਹੈ ਪਰ 1937-38 ਵਿੱਚ ਸਿੰਧ ਸੂਬੇ ਵਿੱਚੋਂ ਇੱਕ ਸਹਿਜਧਾਰੀ ਖੁਸ਼ੀ ਰਾਮ ਨਾਮੀ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਇੱਕ ਵਾਰੀ ਵੀ ਸ਼ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਨਹੀ ਆਇਆ ਸੀ। ਉਸ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜਿੰਨਾ ਚਿਰ ਤੱਕ ਉਹ ਪੂਰਣ ਸਿੱਖ ਨਹੀ ਸੱਜ ਕੇ ਮਰਿਆਦਾ ਤੇ ਖਰਾ ਨਹੀ ਉਤਰਦਾ ਉਨਾ ਚਿਰ ਤੱਕ ਉਸ ਦਾ ਕੋਈ ਹੱਕ ਨਹੀ ਕਿ ਉਹ ਸ਼੍ਰੋਮਣੀ ਕਮੇਟੀ ਦੇ ਕਿਸੇ ਜਿੰਮੇਵਾਰ ਆਹੁਦੇ ਤੇ ਬਿਰਾਜਮਾਨ ਹੋਵੇ। ਉਸ ਦੀ ਨਾਮਜ਼ਦਗੀ ਸਮੇਂ ਦੇ ਸਿੱਖ ਲੀਡਰਾਂ ਨੇ ਸਿਆਸੀ ਆਗੂ ਹੋਣ ਕਰਕੇ ਨਹੀ ਕੀਤੀ ਸੀ ਸਗੋਂ ਉਸ ਦੀ ਸਿੱਖ ਧਰਮ ਪ੍ਰਤੀ ਸੁਹਿਰਦਤਾ ਨੂੰ ਮੁੱਖ ਰੱਖ ਕੇ ਕੀਤੀ ਸੀ।

1947 ਦੇ ਦੇਸ ਦੀ ਵੰਡ ਤੋਂ ਬਾਅਦ ਅਕਾਲੀ ਦਲ ਤੇ ਕਾਂਗਰਸ ਖੱਬੀਆ ਧਿਰਾਂ ਦੇ ਖਿਲਾਫ ਚੋਣ ਲੜਦਾ ਰਿਹਾ ਪਰ ਕਰੀਬ ਇੱਕ ਦਹਾਕੇ ਬਾਅਦ ਹੀ ਸਭ ਕੁਝ ਉਲਟਾ ਪੁਲਟਾ ਹੋ ਗਿਆ ਤੇ ਅਕਾਲੀ ਸਰਕਾਰ ਵਿੱਚ ਕਾਮਰੇਡ ਆਗੂ ਸੱਤਪਾਲ ਡਾਂਗ ਮੰਤਰੀ ਬਣੇ ਤੇ ਨਵੇ ਗਠਜੋੜ ਹੋਏ। ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ, ਸੰਤ ਚੰਨਣ ਸਿੰਘ , ਸੰਤ ਫਤਿਹ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਸੰਤ ਹਰਚੰਦ ਸਿੰਘ ਲੌਗੋਵਾਲ ਵੀ ਰਹੇ ਜਿਹਨਾਂ ਦੇ ਸਮਿਆ ਦੌਰਾਨ ਅਕਾਲੀ ਸਰਕਾਰਾਂ ਵੀ ਬਣੀਆ ਪਰ ਇਹ ਸਰਕਾਰਾਂ ਦਾ ਦਾਰੋਮਦਾਰ ਪੰਥਕ ਹੀ ਰਿਹਾ। ਇਥੋਂ ਤੱਕ ਕਿ ਜਦੋਂ ਵੀ ਕੋਈ ਮੋਰਚਾ ਲੱਗਦਾ ਤਾਂ ਗ੍ਰਿਫਤਾਰੀਆ ਹੁੰਦੀਆ ਅਤੇ ਕੋਈ ਆਗੂ ਆਪਣੀ ਜ਼ਮਾਨਤ ਕਰਵਾ ਕੇ ਬਾਹਰ ਨਹੀ ਆਉਦਾ ਸੀ ਸਗੋਂ ਉਸ ਦਾ ਇੱਕ ਜਵਾਬ ਹੁੰਦਾ ਸੀ ਕਿ ਜਿੰਨਾ ਚਿਰ ਤੱਕ ਸਰਕਾਰ ਉਹਨਾਂ ਦੀਆ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਉਨਾ ਚਿਰ ਤੱਕ ਉਹ ਮੋਰਚੇ ਤੇ ਡੱਟੇ ਰਹਿਣਗੇ। ਅਖੀਰ ਸਰਕਾਰ ਨੂੰ ਝੁਕਣਾ ਪੈਦਾ ਤੇ ਸਰਕਾਰ ਖੁਦ ਹੀ ਇਹਨਾਂ ਆਗੂਆ ਨੂੰ ਰਿਹਾਅ ਕਰਨ ਲਈ ਮਜਬੂਰ ਹੋ ਜਾਂਦੀ ਤੇ ਉਹ ਜੇਲ ਦੇ ਬਾਹਰ ਹੀ ਸਰਕਾਰ ਦੇ ਖਿਲਾਫਜਾਂ ਫਿਰ ਆਪਣੀ ਜਿੱਤ ਦੇ ਹੱਕ ਵਿੱਚ ਨਾਅਰੇਬਾਜੀ ਕਰਨ ਲੱਗ ਪੈਦੇ ਸਨ। ਕਈ ਵਾਰੀ ਸਰਕਾਰ ਇਹਨਾਂ ਨੂੰ ਮੁੜ ਗ੍ਰਿਫਤਾਰ ਕਰ ਲੈਦੀ ਤੇ ਕਈ ਵਾਰੀ ਅੱਖਾਂ ਤੇ ਕੰਨ ਬੰਦ ਕਰਕੇ ਜਾਣ ਦਿੰਦੀ। ਸਰਕਾਰ ਤੇ ਅਕਾਲੀਆ ਵਿਚਾਲੇ ਇਹ ਸਿਲਸਿਲਾ ਵੀ 1983 ਤੱਕ ਚੱਲਦਾ ਰਿਹਾ ਅਤੇ 1984 ਵਿੱਚ ਤਾਂ ਅਜਿਹੇ ਸਮੀਕਰਣ ਬਦਲੇ ਕਿ ਸਾਰੇ ਹੀ ਰਵਾਇਤੀ ਅਕਾਲੀ ਲੀਡਰਸ਼ਿਪ ਕੇਂਦਰ ਸਰਕਾਰ ਦੀ ਗੋਦੀ ਵਿੱਚ ਜਾ ਬੈਠੀ। ਮੈਦਾਨ ਖੁੱਲਾ ਛੱਡ ਦਿੱਤਾ ਗਿਆ ਤੇ ਗਰਮ ਜੋਸ਼ ਤੇ ਨਵੇਂ ਖੂਨ ਸਿੱਖਾਂ ਦੇ ਨੌਜਵਾਨਾਂ ਨੇ ਨਾ ਤਾਂ ਰਵਾਇਤੀ ਅਕਾਲੀਆ ਦੀ ਚਾਲ ਸਮਝਿਆ ਤੇ ਨਾ ਹੀ ਸਰਕਾਰ ਦੀ ਨੀਤੀ ਨੂੰ ਸਮਝਿਆ, ਸਿੱਟੇ ਵਜੋਂ ਹਜਾਰਾ ਦੀ ਗਿਣਤੀ ਵਿੱਚ ਹਰ ਰੋਜ ਨੌਜਵਾਨਾਂ ਦਾ ਪਿਛਲੇ ਦਸ ਸਾਲ ਘਾਣ ਹੋਇਆ ਤੇ ਜਿਸ ਲਈ ਰਵਾਇਤੀ ਅਕਾਲੀ ਲੀਡਰਸ਼ਿਪ ਹੀ ਜਿੰਮੇਵਾਰ ਹੈ।

1992 ਵਿੱਚ ਹੋਈਆ ਵਿਧਾਨ ਸਭਾ ਚੋਣਾਂ ਸਮੇਂ ਅਕਾਲੀਆ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਤੇ ਸਿੱਖ ਵਿਰੋਧੀ ਸ਼ਕਤੀਆ ਲਈ ਮੈਦਾਨ ਖੁੱਲਾ ਛੱਡ ਦਿੱਤਾ ਜਿਸ ਦੇ ਸਿੱਟੇ ਵਜੋਂ ਸਿੱਖ ਨੌਜਵਾਨਾਂ ਨੂੰ ਚੁਣ ਚੁਣ ਕੇ ਮਾਰਿਆ ਗਿਆ। ਤੱਤਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨਾਲ ਇਹ ਵਾਅਦੇ ਕਰਦੇ ਰਹੇ ਕਿ ਉਹਨਾਂ ਦੀ ਸਰਕਾਰ ਬਣਨ ਤੇ ਸਾਰੇ ਝੂਠੇ ਪੁਲੀਸ ਮੁਕਾਬਲਿਆ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਅਧਿਕਾਰੀਆ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ ਪਰ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਲਦਿਆ ਹੀ ਦੋਸ਼ੀਆ ਨੂੰ ਸਜਾਵਾਂ ਤਾਂ ਕੀ ਦੇਣੀਆ ਸਨ ਉਲਟਾ ਸਿੱਖ ਨੌਜਵਾਨਾਂ ਦਾ ਘਾਣ ਜਾਰੀ ਰੱਖਿਆ ਤੇ ਦੋਸ਼ੀ ਅਧਿਕਾਰੀਆ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਦੋਸ਼ੀਆ ਨੂੰ ਨਿਰਦੋਸ਼ ਹੀ ਕਰਾਰ ਨਹੀ ਦਿੱਤਾ ਸਗੋਂ ਉਹਨਾਂ ਦੀ ਵਧੀਆ ਕਾਰਗੁਜਾਰੀ ਹੋਣ ਦੇ ਅਦਾਲਤਾਂ ਵਿੱਚ ਹਲਫੀਆ ਬਿਆਨ ਵੀ ਦਾਇਰ ਵੀ ਕੀਤੇ। ਇਥੇ ਹੀ ਬੱਸ ਨਹੀ ਅਜਿਹੇ ਅਧਿਕਾਰੀਆ ਨੂੰ ਤਰੱਕੀਆ ਵੀ ਦਿੱਤੀਆ ਗਈਆ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਵਰਗੇ ਪੰਥ ਪ੍ਰਸਤ ਵਿਅਕਤੀਆ ਨੂੰ ਖੁੰਖਾਰ ਅੱਤਵਾਦੀ ਗਰਦਾਨਿਆ। ਹੁਣ ਸਿੱਖਾਂ ਨੂੰ ਕਿਸੇ ਵੀ ਅਦਾਲਤ ਕੋਲ ਇਨਸਾਫ ਮਿਲਣ ਦੀ ਆਸ ਨਹੀ ਰਹੀ ਅਤੇ ਸਿੱਖਾਂ ਨੂੰ ਪਹਿਲਾਂ ਦੀ ਤਰ੍ਹਾ ਮੋਰਚੇ ਲਗਾਉਣ ਲਈ ਮਜਬੂਰ ਹੋਣਾ ਪਵੇਗਾ ਤਾਂ ਹੀ ਮਸਲੇ ਹੱਲ ਹੋ ਸਕਦੇ ਹਨ। ਸਹਿਜਧਾਰੀ ਮਾਮਲੇ ਵਿੱਚ ਵੀ ਅਦਾਲਤ ਨੇ ਸਿੱਖਾਂ ਦੇ ਖਿਲਾਫ ਫੈਸਲਾ ਸੁਣਾ ਕੇ ਸਿੱਖਾਂ ਨਾਲ ਇੱਕ ਵਾਰੀ ਫਿਰ ਧੱਕੇਸ਼ਾਹੀ ਕੀਤੀ ਹੈ ਜੋ ਇੱਕ ਪੰਥਕ ਧਿਰਾਂ ਨੂੰ ਹਜ਼ਮ ਨਹੀ ਹੋ ਰਹੀ।

ਸਿੱਖ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਅਦਾਲਤੀ ਤੇ ਪ੍ਰਸ਼ਾਸ਼ਕੀ ਹੱਥ ਕੰਡੇ ਅਪਨਾਉਣ ਤੋ ਇਲਾਵਾ ਸਹਿਜਧਾਰੀ ਦੇ ਮਾਮਲੇ ਵਿੱਚ ਵੀ ਜੇਕਰ ਸਿੱਖ ਲੀਡਰਾਂ ਨੇ ਪਹਿਲਾਂ ਦੀ ਤਰ੍ਹਾ ਮੋਰਚੇ ਲਗਾਉਣ ਦਾ ਸੰਕਲਪ ਲਿਆ ਹੁੰਦਾ ਤਾਂ ਸ਼ਾਇਦ ਅੱਜ ਵਾਲੀ ਸਥਿਤੀ ਪੈਦਾ ਨਾ ਹੁੰਦੀ। ਅੱਜ ਹਰ ਸੁਆਰਥੀ ਹਿੰਦੂ ਸਹਿਜਧਾਰੀ ਸਿੱਖ ਅਖਵਾ ਕੇ ਕੱਛਾ ਵਜਾ ਰਿਹਾ ਹੈ ਪਰ ਸਿੱਖਾਂ ਦੀ ਸਭ ਤੋ ਸੁਪਰੀਮ ਸੰਸਥਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਲਾਚਾਰ ਨਜ਼ਰ ਆ ਰਹੀ ਹੈ। ਸਿੱਖਾਂ ਨੂੰ ਅਦਾਲਤਾਂ ਤੇ ਸਰਕਾਰਾਂ ਤੇ ਨਿਰਭਰ ਹੋਣ ਦੀ ਬਜਾਏ ਬਿਨਾਂ ਕਿਸੇ ਦੇਰੀ ਤੋਂ ਮੈਦਾਨ ਵਿੱਚ ਨਿਤਰਣਾ ਚਾਹੀਦਾ ਹੈ ਅਤੇ ਪਾਰਲੀਮੈਂਟ ਕੋਲੋ ਐਕਟ ਵਿੱਚ ਤਰਮੀਮ ਕਰਵਾ ਕੇ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਅਧਿਕਾਰ ਨੂੰ ਖਤਮ ਕਰਾਉਣਾ ਚਾਹੀਦਾ ਹੈ ਨਾ ਕਿ ਅਦਾਲਤਾਂ ਤੇ ਨਿਰਭਰ ਰਹਿ ਕੇ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣਾ ਚਾਹੀਦਾ ਹੈ।

ਪੰਜਾਬ ਵਿੱਚ ਜਿਥੇ ਕਿਸੇ ਵੇਲੇ ਸਿੱਖ ਬਹੁ ਗਿਣਤੀ ਹੁੰਦੇ ਸਨ ਪਰ ਅੱਜ ਘੱਟ ਗਿਣਤੀ ਵੱਲ ਵੱਧ ਰਹੇ ਹਨ ਅਤੇ ਜਲਦੀ ਹੀ ਸਿੱਖ ਘੱਟ ਗਿਣਤੀ ਹੋ ਜਾਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਸਿੱਖ ਲੀਡਰਾਂ ਨੇ ਜੇਕਰ ਇਸ ਤਰ੍ਹਾ ਹੀ ਅਵੇਸਲਾਪਨ ਧਾਰੀ ਰੱਖਿਆ ਤਾਂ ਅੱਜ ਜਿਹੜੇ ਲੋਕ ਸਹਿਜਧਾਰੀ ਬਣ ਕੇ ਵੋਟ ਦਾ ਅਧਿਕਾਰ ਲੈ ਕੇ ਖੁਸ਼ ਹੋ ਰਹੇ ਹਨ ਕਲ੍ਹ ਨੂੰ ਅਦਾਲਤਾਂ ਕੋਲੋ ਇਹ ਲੋਕ ਇਹ ਫੈਸਲਾ ਵੀ ਕਰਵਾ ਲੈਣਗੇ ਕਿ ਸ੍ਰੋਮਣੀ ਕਮੇਟੀ ਦੀ ਚੋਣ ਲੜਨ ਤੇ ਅਹੁਦੇਦਾਰੀਆ ਲੈਣ ਲਈ ਕੇਸਾਧਾਰੀ ਹੋਣਾ ਕੋਈ ਜਰੂਰੀ ਨਹੀ ਹੈ ਤਾਂ ਸਿੱਖ ਗੁਰਧਾਮਾਂ ਤੇ ਗੈਰ ਸਿੱਖਾਂ ਕਬਜ਼ਾ ਹੋ ਜਾਵੇਗਾ। ਸਿੱਖ ਗੁਰਧਾਮ ਕੇਂਦਰ ਆਸਥਾ ਨਹੀ ਰਹਿਣਗੇ ਸਗੋਂ ਮੂਰਤੀ ਪੂਜਾ ਦਾ ਕੇਂਦਰ ਬਣ ਜਾਣਗੇਅਤੇ ਮੂਰਤੀ ਪੂਜਾ ਇੱਕ ਪਰੰਪਰਾ ਬਣ ਜਾਵੇਗੀ। ਸਿੱਖ ਗੁਰਧਾਮਾਂ ਦੀ ਰਾਖੀ ਲਈ ਨਿਰੋਲ ਧਾਰਮਿਕ ਤੇ ਕੌਮ ਨੂੰ ਸਮੱਰਪਿੱਤ ਵਿਅਕਤੀ ਹੀ ਅੱਗੇ ਆਉਣੇ ਚਾਹੁੰਦੇ ਹਨ ਤਾਂ ਕਿ ਸਿੱਖ ਧਰਮ ਦੇ ਅਕੀਦੇ ਦੀ ਰਾਖੀ ਕੀਤੀ ਜਾ ਸਕੇ। ਆਮੀਨ।

ਜਸਬੀਰ ਸਿੰਘ ਪੱਟੀ 09356024684


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top