Share on Facebook

Main News Page

ਪੁਨ ਰਾਸ਼ਸ਼ ਕਾ...

ਕਹਾਣੀ ਹੈ ਕਿ ਇੱਕ ਵਾਰ ਜੰਗਲ ਵਿਚ ਮਾਸਾ ਅਤੇ ਸ਼ਾਕਾਹਾਰੀਆਂ ਦੀ ਆਪਸ ਵਿਚ ਲੜਾਈ ਹੋ ਗਈ। ਮਾਸਾਹਾਰੀ ਜਾਨਵਰ ਤਗੜੇ ਸਨ ਇਸ ਲਈ ਉਨ੍ਹਾਂ ਇਕ ਵੱਡਿਓਂ ਹੀ ਸ਼ਾਕਾਹਾਰੀਆਂ ਨੂੰ ਧਰ ਲਇਆ ਅਤੇ ਲੱਗੇ ਉਨ੍ਹਾਂ ਦੀਆਂ ਵਾਢੀਆਂ ਪਾਉਂਣ। ਜੰਗਲ ਵਿੱਚ ਇਕ ਪਾਸੇ ਜਦ ਇਦਾਂ ਦੇ ਹਲਾਤ ਹੋਏ ਤਾਂ ਕੁਦਰਤੀਂ ਦੂਜੇ ਪਾਸੇ ਦੇ ਜਾਨਵਰਾਂ ਨੂੰ ਡਰ ਤਾਂ ਹੋਣਾ ਹੀ ਸੀ। ਉਧਰ ਵੀ ਸ਼ਾਕਾਹਾਰੀਆਂ ਦੀਆਂ ਮੀਟਿੰਗਾਂ ਹੋਣ ਲੱਗੀਆਂ ਕਿ ਦੂਏ ਪਾਸੇ ਵਾਲਾ ਹਾਲ ਸਾਡਾ ਵੀ ਨਾ ਹੋਵੇ, ਕੁਝ ਕਰਨਾ ਚਾਹੀਦਾ ਉਧਰੋਂ ਨਬੇੜ ਕੇ ਦੁਸ਼ਮਣਾ ਆਉਂਣਾ ਤਾਂ ਸਾਡੇ ਵਲ ਵੀ ਜਰੂਰ ਹੈ।

ਇਨ੍ਹਾਂ ਹੀ ਪ੍ਰੇਸ਼ਾਨੀਆਂ ਵਿਚ ਸਾਰੇ ਜਾਨਵਰ ਇਕੱਠੇ ਹੋਏ ਬੈਠੇ ਸਨ ਕਿ ਕੀ ਕਰਨਾ ਚਾਹੀਦਾ ਹੈ। ਬੜੀ ਗੰਭੀਰ ਮੀਟਿੰਗ ਚਲ ਰਹੀ ਸੀ, ਪਰ ਕੋਈ ਗੱਲ ਕਿਸੇ ਸਿਰੇ ਲੱਗਦੀ ਨਜਰ ਨਹੀ ਸੀ ਆ ਰਹੀ। ਆਖਰ ਬਾਂਦਰ, ਜਿਹੜਾ ਹਾਲੀ ਤੱਕ ਬੋਲਿਆ ਨਹੀਂ ਸੀ, ਕਹਿਣ ਲੱਗਾ ਕਿ ਭਰਾਵੋ! ਮੇਰੇ ਕੋਲੇ ਇਕ ਤਰਕੀਬ ਹੈ ਤੁਸੀਂ ਨਿਸਚੰਤ ਹੋ ਜਾਵੋ, ਜਦ ਵੈਰੀ ਆਉਂਣਗੇ ਮੈਂ ਆਪੇ ਨਿਬੜ ਲਵਾਂਗਾ। ਬਾਂਦਰ ਨੇ ਕਿਹਾ ਹੀ ਇੰਨੇ ਦ੍ਰਿੜ ਵਿਸਵਾਸ਼ ਨਾਲ ਸੀ ਕਿ ਕਿਸੇ ਨੂੰ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਾ ਰਹਿਣ ਦਿੱਤੀ ਅਤੇ ਸਾਰੇ ਬਾਂਦਰ ਉਪਰ ਛੱਡ ਕੇ ਗਮ ਰਹਿਤ ਹੋ ਕੇ ਉੱਠ ਖੜੇ ਹੋਏ।

ਦੁਸ਼ਮਣਾ ਆਉਂਣਾ ਹੀ ਸੀ, ਸੋ ਉਹ ਆਏ ਤੇ ਉਨ੍ਹਾਂ ਸ਼ਾਕਾਹਾਰੀ ਜਾਨਵਰਾਂ ਦਾ ਵਢਾਂਗਾ ਧਰ ਲਿਆ। ਵੱਡੀ ਦੇ ਟੁੱਕੀ ਦੇ ਸਾਰੇ ਲੱਗੇ ਬਾਂਦਰ ਦੇ ਮੂੰਹ ਵਲ ਵੇਖਣ ਕਿ ਇਸ ਦੀ ਤਰਕੀਬ ਕੋਈ ਕੰਮ ਕਰੇਗੀ ਪਰ ਬਾਂਦਰ ਕਦੇ ਏਸ ਟਾਹਣੀ ਕਦੇ ਓਸ ਟਾਹਣੀ ਮੁੜਕੋ-ਮੁੜਕੀ ਹੋਇਆ ਫਿਰੇ ਪਰ ਕਰੇ ਕੁਝ ਨਾ। ਅਖੀਰ ਉਨ੍ਹਾਂ ਖਿੱਝ ਕੇ ਕਿਹਾ ਕਿ ਬਾਂਦਰ ਭਰਾ ਕਰ ਕੁਝ ਯਾਰ ਮਾਰੇ ਚਲੇ ਸਾਰੇ। ਬਾਂਦਰ ਕਹਿਣ ਲੱਗਾ ਦਿੱਸਦਾ ਨਹੀ ਮੁੜਕੋ ਮੁੜਕੀ ਤਾਂ ਹੋਇਆਂ ਪਿਆਂ ਹੋਰ ਦੱਸੋ ਕੀ ਕਰਾਂ..?

ਬਾਬਰ ਦੇ ਆਉਂਣ ਦੀਆਂ ਖ਼ਬਰਾਂ ਜਦ ਏਮਨਾਬਾਦ ਮਿਲੀਆਂ ਤਾਂ ਲੁਕਾਈ ਵਿੱਚ ਸਹਿਮ ਹੋਣਾ ਕੁਦਰਤੀਂ ਸੀ। ਲੋਕ ਸੋਚਾਂ ਵਿਚ ਪਏ ਹੋਏ ਸਨ ਕਿ ਕੀ ਕੀਤਾ ਜਾਵੇ ਪਰ ਉਸ ਵੇਲੇ ਦੇ ਪੰਡਤ-ਮੁਲਾਣੇ ਕਹਿਣ ਲਗੇ ਸਾਡੇ ਹੁੰਦਿਆਂ ਤੁਸੀਂ ਫਿਕਰ ਕਿਉਂ ਕਰਦੇ ਹੋਂ। ਅਸੀਂ ਹਾਂ ਨਾ। ਜਦ ਫੌਜਾਂ ਆਉਂਣਗੀਆਂ ਅਸੀਂ ਮਾਰ ਮਾਰ ਮੰਤਰ ਅੰਨੇ ਨਾ ਕਰ ਦਿੱਤੇ। ਲੋਕ ਨਿਸਚੰਤ ਹੋ ਗਏ। ਬਾਬਰ ਆਇਆ। ਉਸ ਲੋਕਾਂ ਨੂੰ ਰੱਜ ਕੇ ਕੁੱਟਿਆ ਨਾਲੇ ਲੁੱਟਿਆ। ਕਿਸੇ ਦਾ ਕੋਈ ਮੰਤਰ ਕੰਮ ਨਾ ਆਇਆ ਨਾ ਆਉਂਣਾ ਸੀ। ਉਹ ਮਾਲਾ ਹੀ ਘੁੰਮਾਉਂਦੇ ਰਹਿ ਗਏ ਬਾਬਰ ਲੋਕਾਂ ਦੀ ਇੱਜਤ-ਪੱਤ ਲੁੱਟ ਕੇ ਅਗਾਂਹ ਗਿਆ। ਪਰ ਇੰਨਾ ਜਰੂਰ ਹੈ ਕਿ ਜਦ ਲੋਕਾਂ ਕਿਹਾ ਹੋਵੇਗਾ ਕਿ ਕਰੋ ਕੁਝ ਤਾਂ ਬਾਂਦਰ ਦੇ ਟਾਹਣੀਓ-ਟਾਹਣੀ ਹੋਣ ਵਾਂਗ ਜਵਾਬ ਉਨ੍ਹੀ ਵੀ ਇਹੀ ਦਿਤਾ ਹੋਵੇਗਾ ਕਿ ਮੁੜਕੋ-ਮੁੜਕੀ ਤਾਂ ਹੋਏ ਪਏ ਹੋਰ ਕੀ ਕਰੀਏ?

ਇੱਕ ਦਿਨ ਬਾਬਾ ਫੌਜਾ ਸਿੰਘ ਇਕ ਦੀਵਾਨ ਦੀਆਂ ਹਾਜਰੀਆਂ ਭਰਨ ਗਿਆ ਤਾਂ ਇਕ ‘ਬਾਬਾ ਜੀ’ ਢੋਲਕੀਆਂ ਚਿਮਟਿਆਂ ਨਾਲ ਬੁਰੀ ਤਰ੍ਹਾਂ ਮੁੜਕੋ-ਮੁੜਕੀ ਹੋਏ ਪਏ ਸਨ ਵਿਸ਼ਾ ਰਾਖਸ਼ ਦਾ ‘ਅਕਾਲ ਪੁਰਖ’ ਵਲੋਂ ਸਿਰ ਕੱਟਣ ਦਾ ਸੀ। ਬਾਬਿਆਂ ਦੇਹ ਤੇਰੀ ਦੀ ਰਾਖਸ਼ ਦੀ ਜਹੀ ਤਹੀ ਫੇਰ ਕੇ ਰੱਖ ਦਿੱਤੀ। ਚਿਮਟਿਆਂ ਦੇ ਸ਼ੋਰ ਵਿਚ ਰਾਖਸ਼ ਅੱਗੇ ਅੱਗੇ ਤੇ ਬਾਬਾ ਜੀ ਚਿਮਟਾ ਲੈ ਕੇ ਪਿੱਛੇ ਪਿੱਛੇ ਵਾਲੀ ਗਲ ਹੋਈ ਪਈ ਸੀ। ਰਾਖਸ਼ ਬਾਬਿਆਂ ਤੋਂ ਡਰਦਾ ਵਾਹੋ-ਵਾਹਣੀ ਹੋਇਆ ਪਿਆ ਸੀ। ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਇੰਨਾ ਤਾਂ ਰਾਖਸ਼ ਮਰਨ ਵੇਲੇ ਨਹੀਂ ਡਰਿਆ ਹੋਣਾ ਜਿੰਨਾ ਬਾਬਿਆਂ ਉਸ ਨੂੰ ਡਰਾ ਦਿੱਤਾ ਸੀ। ਉਸ ਵੀ ਬਾਬਿਆਂ ਦੇ ਤੇਵਰ ਵਿਗੜੇ ਦੇਖ ਦੌੜਨਾ ਹੀ ਠੀਕ ਸਮਝਿਆ ਕਿ ਠੰਡੇ ਹੋਇਆਂ ਤੋਂ ਗੱਲ ਕਰਾਂਗਾ।

ਕਹਾਣੀ ਹੈ ਕਿ ਦੀਵਾਨ ਤੋਂ ਬਾਅਦ ਬਾਬੇ ਜਦ ਠੰਡੇ ਹੋਏ ਤਾਂ ‘ਮਹਾਂਪੁਰਖਾਂ’ ਕੋਲੇ ਰਾਖਸ਼ ਆਇਆ ਤੇ ਕਹਿਣ ਲੱਗਾ ਕਿ ‘ਮਹਾਂਪੁਰਖੋ’ ਕਹਿੰਦੇ ਤੁਸੀਂ ਪਰਉਪਕਾਰੀ ਹੁੰਨੇ ਓਂ ਕਿਸੇ ਦਾ ਬੁਰਾ ਨਹੀਂ ਕਰਦੇ ਪਰ ਕ੍ਰਿਪਾ ਕਰਕੇ ਮੈਂਨੂੰ ਇਹ ਦੱਸੋ ਕਿ ਮੈਂ ਤੁਹਾਡਾ ਵਿਗਾੜਿਆ ਕੀ ਹੈ ਤੁਸੀਂ ਰੋਜ ਮੇਰਾ ਸਿਰ ਵੱਡਦੇ ਹੋ? ਮੇਰਾ ਰੋਜ ਸਿਰ ਵੱਡਕੇ ਤੁਹਾਨੂੰ ਮਿਲਦਾ ਕੀ ਹੈ? ਮੇਰੀ ਕੋਈ ਤੁਹਾਡੇ ਨਾਲ ਦੁਸ਼ਮਣੀ ਨਹੀ, ਕੋਈ ਵੱਟ ਦਾ ਰੌਲਾ ਨਹੀ, ਕੋਈ ਤੁਹਾਡੇ ਡੇਰੇ ਵਿਚ ਮੈਂ ਦਖਲ ਨਹੀ ਦਿੰਦਾ ਪਰ... ਇੰਝ ਤਾਂ ਬ੍ਰਹਾਮਣ ਵੀ ਰਾਵਣ ਨਾਲ ਨਹੀਂ ਕਰਦਾ। ਉਹ ਵੀ ਸਾਲ ਬਾਅਦ ਰਾਵਣ ਨੂੰ ਫੂਕਦਾ ਹੈ। ਉਸ ਦੇ ਤਾਂ ਚਲੋ ਭਗਵਨ ਦੀ ਰਾਵਣ ਘਰਵਾਲੀ ਚੁੱਕ ਕੇ ਲੈ ਗਿਆ ਸੀ ਉਸ ਤਾਂ ਉਸ ਨੂੰ ਫੂਕਣਾ ਹੀ ਹੈ ਤੁਹਾਨੂੰ ਕੀ ਮੇਰੇ ਤੋਂ ਤਕਲੀਫ ਹੈ? ਤੁਸੀਂ ਤਾਂ ਹੈ ਵੀ ਛੜੇ-ਛਾਂਟ ਹੋ ਤੁਹਾਡਾ ਦੱਸੋ ਮੈਂ ਕੀ ਚੁੱਕ ਕੇ ਲੈ ਗਿਆ, ਜਿਹੜਾ ਤੁਸੀਂ ਰੋਜ ਰਹਿਰਾਸ ਵੇਲੇ ਮੇਰਾ ਸਿਰ ਵੱਡਦੇ ਹੋ? ਅੱਜ ਤੇ ਤੁਸੀਂ ਕਮਾਲ ਹੀ ਕਰਤੀ। ਇੰਨਾ ਜੋਰ ਤਾਂ ਮੇਰਾ ਸਿਰ ਵੱਡਣ ਵਾਲੇ ਦਾ ਨਹੀਂ ਲੱਗਾ ਹੋਣਾ ਜਿੰਨਾ ਤੁਸੀਂ ਅੱਜ ਚੁਮਟਿਆਂ ਨਾਲ ਲਾ ਦਿੱਤਾ।

ਉਸ ਦੀ ਵੇਦਨਾ ਸੁਣ ਕੇ ਲਾਗੇ ਖੜੇ ਬਾਬਿਆਂ ਦੇ ਗੜਵਈ ਨੂੰ ਰਾਖਸ਼ ਤੇ ਤਰਸ ਜਿਹਾ ਆ ਗਿਆ ਤੇ ਉਹ ਕਹਿਣ ਲਗਾ ਬਾਬਾ ਜੀ ਗੱਲ ਤਾਂ ਇਹ ਠੀਕ ਕਹਿ ਰਿਹਾ। ਜੀਹਨਾਂ ਦਾ ਆਪਾਂ ਨੂੰ ਸਿਰ ਵੱਡਣਾ ਚਾਹੀਦਾ ਉਨ੍ਹਾਂ ਦਾ ਤਾਂ ਕਦੇ ਆਪਾਂ ਨਾਂ ਵੀ ਨਹੀਂ ਲਿਆ। ਚਲੋ ਪੁਰਾਣੇ ਛੱਡ ਦਿਓ ਹੁਣ ਵਾਲਿਆਂ ਦੀ ਗੱਲ ਕਰੋ। ਇੰਦਰਾ ਦਾ ਸਿਰ ਰੋਜ ਵੱਡਣਾ ਚਾਹੀਦਾ, ਸੱਜਣ ਕੁਮਾਰ ਹੈ, ਰਜੀਵ ਗਾਂਧੀ ਹੈ, ਟਾਇਟਲਰ ਹੈ, ਵੈਦਿਆ, ਕੇ.ਪੀ. ਗਿੱਲ, ਭਜਨ ਲਾਲ ਪਤਾ ਨਹੀ ਕਿੰਨੇ ਜੀਨ੍ਹਾਂ ਸਿੱਖਾਂ ਦਾ ਲਹੂ ਪੀਤਾ ਉਹ ਆਪਾਂ ਦੇ ਚੇਤੇ ਵਿਚ ਵੀ ਨਹੀਂ, ਇਸ ਗਰੀਬ ਦਾ ਰੋਜ ਘੋਟਾ ਲਾ ਲਾ ਉੱਚੀ ਉੱਚੀ ‘ਪੁਨ ਰਾਸ਼ਸ਼ ਕਾ ਕਾਟਾ ਸੀਸਾ’ ਪੁਨ ਰਾਸ਼ਸ਼ ਕਾ ਕਾਟਾ ਸੀਸਾ’ ਕਰਦੇ ਆਂ ਉਂਝ ਸੋਚਣ ਦਾ ਵਿਸ਼ਾ ਤਾਂ ਹੈ। ਨਾਲੇ ਇਸ ਨਾਲ ਕਿਹੜਾ ਅਪਣਾ ਕੋਈ ਇਤਿਹਾਸਕ ਰੌਲਾ। ਹੈ ਕੋਈ?

ਬਾਬਾ ਜੀ ਦੇ ਨੇਤਰ ਲਾਲ ਹੋ ਗਏ। ਦੁਸ਼ਟਾ ਤੂੰ ਰਾਖਸ਼ ਨਾਲ ਰਲਿਆਂ ਹੋਇਆਂ! ਤੈਨੂੰ ਕੁਝ ਪਤਾ ਨਹੀਂ। ਇਹ ਸਾਰੀ ਉਮਰ ਮੇਰੀ ਮਾਂ ਮਗਰ ਪਿਆ ਰਿਹਾ। ਉਹ ਕਦੇ ਹੇਮਕੁੰਟ ਦੇ ਪਰਬਤਾਂ ਵਿਚ ਲੁੱਕਦੀ ਰਹੀ ਇਸ ਤੋਂ ਡਰਦੀ। ਕਦੇ ਅਪਣੀ ਇੱਜਤ ਬਚਾਉਣ ਖਾਤਰ ਇੰਦਰ ਵਰਗਿਆਂ ਬਲਾਤਕਾਰੀਆਂ ਨਾਲ ਸਮਝਾਉਤੇ ਕਰਦੀ ਸਾਂਝੀ ਜੰਗ ਲੜਦੀ ਖੁਆਰ ਹੁੰਦੀ ਰਹੀ ਤੇ ਤੂੰ ਕਹਿੰਨਾ ਇਸ ਮੇਰਾ ਵਗਾੜਿਆ ਹੀ ਕੁਝ ਨਹੀਂ? ਮੈਂ ਅਪਣੀ ਮਾਂ ਦਾ ਬਦਲਾ ਲੈ ਰਿਹੈਂ ਇਸ ਤੋਂ ਰੋਜ ਇਸ ਦਾ ਸਿਰ ਵੱਡ ਕੇ। ਤੇ ਤੂੰ ਮੈਨੂੰ ਮੱਤਾਂ ਦੇਣ ਆ ਗਿਆਂ? ਦਫਾ ਹੋ ਜਾਹ ਇਥੋਂ ਤੈਂਨੂੰ ਦੇਖਣਾ ਨਹੀਂ ਚਾਹੁੰਦਾ ਮੈਂ? ਆ ਗਿਆ ਵਡਾ ਮੱਤਾਂ ਦੇਣ ਵਾਲਾ। ਹੂੰਅ!!

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top