Share on Facebook

Main News Page

ਰਾਮ ਰੌਲਾ

ਤੁਸੀਂ ਉਹ ਕਹਾਣੀ ਸੁਣੀ ਹੋਵੇਗੀ, ਕਿ ਇਕ ਮਰਾਸੀ, ਜੱਟ ਨਾਲ ਉਸ ਦੇ ਮੁਕਲਾਵੇ ਚਲਾ ਗਿਆ। ਗਰਮੀਆਂ ਦੇ ਦਿਨ ਸਨ। ਸਹੁਰਿਆਂ ਰਾਤ ਨੂੰ ਕੋਠੇ ਤੇ ਮੰਜਾ ਡਾਹ, ਹੇਠਾਂ ਗਿੱਲੀ ਰੇਤਾ ਅਤੇ ਮਛਰਦਾਨੀ ਆਦਿ ਦਾ ਪ੍ਰਬੰਧ ਕਰ ਦਿੱਤਾ। ਜੱਟ ਦੀਆਂ ਮੌਜਾਂ ਦੇਖ ਮਰਾਸੀ ਦਿਲ ਵਿਚ ਸੋਚਦਾ ਸੀ, ਕਿ ਜਦ ਮੇਰਾ ਮੁਕਲਾਵਾ ਹੋਇਆ ਤਾਂ ਇੰਝ ਹੀ ਹੋਵੇਗਾ। ਗੱਲ ਕੀ ਹੋਈ!

ਮਰਾਸੀ ਦਾ ਜਦ ਮੁਕਲਾਵਾ ਆਇਆ ਤਾਂ ਕੁਦਰਤੀਂ ਉਦੋਂ ਸਿਆਲੀ ਦਿਨ ਸਨ। ਪਰ ਉਹ ਨਾ ਟਲਿਆ ਅਤੇ ਗਿੱਲੀ ਰੇਤਾ ਵਿਛਵਾ ਕੇ ਕੋਠੇ ਉਪਰ ਮੰਜਾ ਡਹਾ ਲਿਆ। ਸਵੇਰ ਤੱਕ ਮਰਾਸੀ ਨਾਲ ਕੀ ਬੀਤੀ ਕੋਈ ਲੋੜ ਦੱਸਣ ਦੀ?

ਸਾਡੇ ਟਰੰਟੋ ਦੇ ਕਈ ਮਰਾਸੀ ਇਹ ਨਹੀਂ ਸੋਚਦੇ ਕਿ ਗਰਮੀਆਂ ਅਤੇ ਸਰਦੀਆਂ ਦਾ ਬੜਾ ਫਰਕ ਹੁੰਦਾ। ਉਹ ਹਰੇਕ ਵਾਰੀ ਇਕੋ ਫਾਰਮੂਲਾ ਵਰਤਦੇ ਕੋਠੇ ਉਪਰ ਮੰਜੀ ਡਾਹੁਣ ਦਾ ਬਾਅਦ ਭਵੇਂ ਸਵੇਰ ਤੱਕ ਮੂੰਹ ਕਿਉਂ ਨਾ ਅੱਡਿਆਂ ਪਿਆ ਹੋਵੇ।

ਟਟਇਉਲੀ ਕਹਿੰਦੇ ਰਾਤ ਨੂੰ ਲੱਤਾਂ ਉਤਾਂਹ ਕਰਕੇ ਸੌਂਦੀ। ਜਦ ਕਿਸੇ ਕਾਰਨ ਪੁੱਛਿਆ ਤਾਂ ਕਹਿਣ ਲੱਗੀ ਭਾਈ ਜੇ ਮੈਂ ਲੱਤਾਂ ਉਤਾਂਹ ਨਾ ਚੁੱਕੀਆਂ ਹੁੰਦੀਆਂ ਤਾਂ ਆਸਮਾਨ ਹੁਣ ਨੂੰ ਕਦ ਦਾ ਹੇਠਾਂ ਆ ਗਿਆ ਹੁੰਦਾ ਤੇ ਤੁਹਾਡੇ ਵਿਚੋਂ ਕਿਸੇ ਨਹੀਂ ਸੀ ਲੱਭਣਾ।

ਕਈ ਭਰਾਵਾਂ ਨੂੰ ਜਾਪਦਾ ਕਿ ਜੇ ਅਸੀਂ ਲੱਤਾਂ ਉਤਾਂਹ ਨਾ ਚੁੱਕੀਆਂ ਹੁੰਦੀਆਂ ਤਾਂ ਪੰਥ ਦਾ ਆਸਮਾਨ ਕਦ ਦਾ ਡਿੱਗ ਗਿਆ ਹੁੰਦਾ। ਕਿਸੇ ਪ੍ਰਚਾਰਕ ਨੇ ਆਉਂਣਾ ਹੋਵੇ ਉਹ ਲੱਤਾਂ ਉਤਾਂਹ ਚੁੱਕ ਲੈਂਦੇ ਤੇ ਰੌਲਾ ਇੰਝ ਪਾਉਂਦੇ ਜਿਵੇਂ ਕੋਈ ਉਨ੍ਹਾਂ ਦੇ ਅੰਡੇ ਚੁੱਕਣ ਆ ਪਿਆ ਹੋਵੇ।

 

>>>> ਇਨ੍ਹਾਂ ਮਰਾਸੀਆਂ ਦੀ ਪੂਰੀ ਜਾਣਕਾਰੀ ਲਈ ਇਥੇ ਕਲਿੱਕ ਕਰੋ <<<<

ਪ੍ਰੋ. ਦਰਸ਼ਨ ਸਿੰਘ ਨੇ ਬੋਲਣਾ ਸੀ, ਤਾਂ ਰੌਲਾ। ਡਾਕਟਰ ਦਿਲਗੀਰ ਨੇ ਬੋਲਣਾ ਸੀ, ਤਾਂ ਰੌਲਾ। ਵੀਰ ਭੁਪਿੰਦਰ ਸਿੰਘ ਨੇ ਬੋਲਣਾ ਸੀ, ਤਾਂ ਰੌਲਾ। ਇੰਦਰ ਸਿੰਘ ਘੱਗਾ ਨੇ ਬੋਲਣਾ ਸੀ, ਤਾਂ ਰੌਲਾ। ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਬੋਲਣਾ ਸੀ, ਤਾਂ ਰੌਲਾ। ਹੁਣ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਬੋਲਣਾ ਸੀ, ਤਾਂ ਰੌਲਾ। ਯਾਨੀ ਰੌਲਾ ਹੀ ਰੌਲਾ..??

ਮੇਰੇ ਮਿੱਤਰ ਦਾ ਸਿਆਟਲ ਤੋਂ ਫੋਨ ਆਇਆ ਕਿ ਭਰਾ ਤੁਹਾਡਾ ਰੌਲਾ ਟਲ ਗਿਆ?? ਵੈਨਕੁਵਰ ਤੋਂ ਹਰਕੀਰਤ ਪੁੱਛ ਰਿਹਾ ਸੀ ਤੁਹਾਡੇ ਰੌਲੇ ਦਾ ਕੀ ਬਣਿਆ? ਸੈਕਰਾਮੈਂਟੋ ਤੋਂ ਸਰਬਜੀਤ ਦਾ ਫੋਨ ਸੀ ਕਿ ਕਿਵੇਂ ਤੁਹਾਡਾ ਰੌਲਾ ਹੋਣੋ ਬੱਚ ਗਿਆ? ਆਲੇ ਦੁਆਲੇ ਸਭ ਦੇ ਕੰਨ ਟਰੰਟੋ ਵਲ ਸੀ ਕਿ ਸਾਡੇ ਸ਼ਹਿਰ ਕੋਈ ਰੌਲਾ ਹੋਣ ਜਾ ਰਿਹਾ। ਕਿਉਂ? ਕਿਉਂਕਿ ਸਾਨੂੰ ਜਾਪਦਾ ਰੌਲੇ ਨਾਲ ਕਿਸੇ ਨੂੰ ਵੀ ਡਰਾਇਆ ਜਾ ਸਕਦਾ। ਰੌਲਾ ਪਾਉ। ਜੁਬਾਨ ਬੰਦ ਕਰ ਦਿਓ।

ਇਤਿਹਾਸ ਹੈ ਕਿ ਬ੍ਰਾਹਮਣ ਸ਼ੂਦਰਾਂ ਦੇ ਕੰਨਾ ਵਿਚ ਸਿੱਕਾ ਢਾਲ ਕੇ ਪਾ ਦਿੰਦਾ ਸੀ। ਅੱਖਾਂ ਕੱਢ ਦਿੰਦਾ ਸੀ ਅਤੇ ਜੁਬਾਨ ਵੱਡ ਦਿੰਦਾ ਸੀ। ਹੁਣ ਕੀ ਹੈ? ਬ੍ਰਾਹਮਣ ਮੌਡਰਨ ਹੋ ਗਿਆ। ਉਹ ਕੀ ਕਰਦਾ ਹੈ। ਦੇਹ ਢੋਲਕੀਆਂ ਛੈਣੇ! ਲੋਕਾਂ ਦੇ ਕੰਨ ਬੰਦ। ਅੱਖਾਂ ਉਹ ਕੱਢ ਨਹੀਂ ਸਕਦਾ ਉਹ ਬੱਤੀਆਂ ਹੀ ਬੰਦ ਕਰ ਦਿੰਦਾ ਕਿ ਕਿਸੇ ਨੂੰ ਦਿੱਸੇ ਹੀ ਕੱਖ ਨਾ। ਜੁਬਾਨ ਵਾਲਾ ਜੇ ਕੋਈ ਆਉਂਦਾ ਹੈ ਤਾਂ ਟਕੂਏ, ਗੰਡਾਸੇ, ਕ੍ਰਿਪਾਨਾ ਲੈ ਉਹ ਆਣ ਦੁਆਲੇ ਹੁੰਦਾ ਕਿ ਦੱਸ ਇਸ ਸਵਾਲ ਦਾ ਜਵਾਬ ਕੀ ਹੈ? ਦਰਅਸਲ ਜਵਾਬ ਉਹ ਥੋੜੋਂ ਪੁੱਛ ਰਹੇ ਹੁੰਦੇ ਉਨ੍ਹਾਂ ਦੇ ਟੱਕੂਏ-ਗੰਡਾਸੇ ਪੁੱਛ ਰਹੇ ਹੁੰਦੇ।

ਇਹ ਸਵਾਲ ਉਂਝ ਹੀ ਹੁੰਦਾ ਜਿਵੇਂ ਕਹਿੰਦੇ ਇੱਕ ਚੂਹਾ ਲਾਣ੍ਹ ਵਾਲੇ ਡਰੰਮ ਵਿਚ ਡਿੱਗ ਪਿਆ। ਥੋੜਾ ਜਦ ਖਿੜਾ ਜਿਹਾ ਆਇਆ ਤਾਂ ਨਦੀ ਕੰਡੇ ਨਾਹੁੰਦੇ ਹਾਥੀ ਨਾਲ ਜਾ ਪੰਗਾ ਲਿਆ ਕਿ ਨਿਕਲ ਬਾਹਰ। ਜਦ ਉਹ ਬਾਹਰ ਆਇਆ ਤਾਂ ਕਹਿੰਦਾ ਜਾਹ ਬਸ ਇੰਨਾ ਹੀ ਕੰਮ ਸੀ।

ਪਰ ਗੱਲ ਕੀ ਹੋਈ? ਹਾਥੀ ਨੇ ਜਦ ਪੁੱਛਿਆ ਤਾਂ ਕਹਿਣ ਲੱਗਾ ਇੰਨਾ ਹੀ ਦੇਖਣਾ ਸੀ ਮੇਰਾ ਕੱਛਾ ਤਾਂ ਨਹੀਂ ਪਾਇਆ!!

ਮੈਨੂੰ ਕੀਹਨੇ ਧਰਮ ਦਾ ਠੇਕਾ ਦਿੱਤਾ ਕਿ ਹਰੇਕ ਆਏ ਅਗੇ ਮੈਂ ਗੰਡਾਸੇ ਚੁੱਕ ਖੜ ਜਾਂਦਾ ਕਿ ਦੇਹ ਜਵਾਬ!!

ਇਹ ਕੋਈ ਦਿਆਨਤਦਾਰੀ ਨਹੀਂ। ਅਸੀਂ ਕਦ ਸਿਆਣੇ ਹੋਵਾਂਗੇ। ਕਦ ਸਾਨੂੰ ਸਮਝ ਆਵੇਗੀ ਕਿ ਇਕ ਦੂਏ ਨਾਲ ਗੱਲ ਕਰਨ ਦਾ ਤਰੀਕਾ ਟਕੂਏ-ਗੰਡਾਸੇ ਹੀ ਨਹੀਂ ਬਲਕਿ ਵਿਚਾਰ ਹੈ। ਵਿਚਾਰ ਵੇਲੇ ਤਾਂ ਅਸੀਂ ਬੱਤੀਆਂ ਬੰਦ ਕਰ ਲੈਂਦੇ ਹਾਂ ਵਿਚਾਰ ਆਊ ਕਿਥੋਂ। ਵਿਚਾਰ ਤਾਂ ਗੁਰੂ ਦੀ ਮੱਤ ਵਿਚੋਂ ਹੀ ਆਉਂਣੀ ਸੀ ਉਹ ਅਸੀਂ ਲੈਣ ਲਈ ਤਿਆਰ ਨਹੀਂ। ਸਾਡੇ ਕੋਲੇ ਜੋ ਬਚਿਆ ਹੈ ਉਹ ਹੈ ਰੌਲਾ। ਇਸ ਰੌਲੇ ਵਿਚ ਪੂਰੀ ਕੌਮ ਹੀ ਰਾਮ-ਰੌਲਾ ਬਣ ਕੇ ਰਹਿ ਗਈ ਹੈ। ਨਹੀਂ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top