Share on Facebook

Main News Page

ਕੌਤਕੀ ਦਾ ਹਾਜ਼ਮਾ ਹੋਇਆ ਖਰਾਬ

ਪਿੰਡ ਦੀ ਸੱਥ ਵਿੱਚ ਬੈਠੇ ਬਜ਼ੁਰਗਾਂ ਨੂੰ ਸਦਾ ਕੋਈ ਨਾ ਕੋਈ ਟਿੱਚਰ ਕਰ ਜਾਂਦਾ ਜਾਂ ਕਿਤੇ ਖੇਡਦੇ ਨਿਆਣਿਆਂ ਨੂੰ ਉਹਨਾਂ ਦੀ ਸਮਝ ਤੋਂ ਬਾਹਰ ਬਲਦਾਂ ਦੀ ਪੰਜਾਲੀ ਕਿਵੇਂ ਬਣਦੀ ਹੈ ਦੀ ਵਾਰਤਾ ਸੁਣਾ ਜਾਂਦਾ। ਪੰਜਵੀਂ ਤੱਕ ਲੰਗੇ ਡੰਗ ਪੜਿਆ ਪਰ ਅਨਪੜਾ ਨੁੰ ਅਖਬਾਰ ਪੜਕੇ ਸੁਣਾ ਦਿੰਦਾ ਸੀ ਜਾਂ ਕਿਤੇ ਸ਼ਹਿਰ ਜਾਣਾ ਤਾਂ ਟਰੱਕਾਂ ਤੇ ਲਿਖੇ ਟੋਟਕੇ ਪੜ ਆਉਣੇ ਤੇ ਫਿਰ ਪਿੰਡ ਆਕੇ ਉਹੀ ਟੋਟਕੇ ਆਪਣੇ ਬਣਾਕੇ ਸੁਣਾ ਦੇਣੇ ਹਰ ਆਉਂਦੇ ਜਾਂਦੇ ਨੂੰ ਮਸਖਰੀ ਕਰਨੀ ਇਹ ਕੰਮ ਸੀ 'ਕੌਤਕੀ' ਦਾ। ਸਾਰਾ ਪਿੰਡ ਉਸਨੁੰ ਕੌਤਕੀ ਦੇ ਨਾਮ ਨਾਲ ਜਾਣਦਾ ਸੀ , ਕੀ ਬੱਚਾ ਕਿ ਬੁੱਢਾ ਤੇ ਸੁਆਣੀਆਂ ਸਭ ਕੌਤਕੀ ਦੇ ਕੌਤਕਾਂ ਤੋਂ ਜਾਣੂ ਸਨ। ਬੱਸ ਇਧਰਲੀਆਂ - ਉਧਰਲੀਆਂ ਮਾਰ ਉਸਨੇ ਹਰ ਇੱਕ ਨੁੰ ਟਿੱਚ ਸਮਝਣਾ।

ਇੱਕ ਵਾਰ ਕੋਈ ਵਿਹਲੜ ਸਾਧ ਘੁੰਮਦਾ ਫਿਰਦਾ ਪਿੰਡ ਦੇ ਬਾਹਰ-ਬਾਹਰ ਝਿੜੀ ਵਿੱਚ ਆ ਟਿਕਿਆ, ਕੌਤਕੀ ਡੰਗਰ ਚਾਰਦਾ ਕਿਤੇ ਸਾਧ ਦੀ ਲੱਗੀ ਸਮਾਧੀ ਵੇਖ ਆਇਆ ਤੇ ਸਾਧ ਦੀ ਧਰਮੀ ਬਿਰਤੀ ਦਾ ਮੋਹਣੀ ਮੰਤਰ ਲੈ ਬੈਠਾ ਕੌਤਕੀ ਨੂੰ, ਉਸਨੇ ਪਿੰਡ ਆਕੇ ਸਾਰੇ ਗੱਲ ਧੁਮਾ ਦਿੱਤੀ ਕਿ ਕਰਨੀ ਵਾਲੇ ਮਹਾਂਪੁਰਖ ਆਏ ਨੇ ਜੀ, ਘੋਰ ਸਮਾਧੀ ਲਾਈ ਬੈਠੇ ਨੇ ਆਓ ਕਰੋ ਦਰਸ਼ਨ । ਪਿੰਡ ਦੇ ਲੋਕ ਮਹਿਮਾਂ ਸੁਣ ਤੇ ਵਹਿਮਾਂ ਦੇ ਮਾਰੇ ਦੁੱਧ, ਗੁੜ ਤੇ ਹੋਰ ਸਾਮਾਨ ਸਾਧ ਦੇ ਚਰਨਾਂ ਤੇ ਢੇਰੀ ਕਰਨ ਲੱਗ ਪਏ। ਭੁੱਖਾ ਮਰਦਾ ਸਾਧ ਝੋਟੇ ਵਾਂਗ ਪਲਣਾ ਸ਼ੁਰੂ ਹੋ ਗਿਆ, ਸਾਧ ਲੋਕਾਂ ਦੀਆਂ ਮੱਝਾਂ ਤੋਂ ਲੈਕੇ ਨਿਆਣਿਆਂ ਦੀਆਂ ਦਾਤਾਂ ਦੇਣ ਦੀਆਂ ਅਰਦਾਸਾਂ ਕਰਨ ਲੱਗ ਪਿਆ। ਗੱਲਾਂ ਦੀ ਖੱਟੀ ਖਾਣ ਵਾਲੇ ਕੌਤਕੀ ਤੋਂ ਵੀ ਚਲਾਕ ਉਸਤਾਦ ਸੀ ਸਾਧ, ਕੌਤਕੀ ਵਿਚਾਰਾ ਵੀ ਧਰਮ ਦੇ ਪਾਖੰਡ ਦੇਖਕੇ ਸਾਧ ਦਾ ਗੜਵਈ ਜਾ ਬਣਿਆ ਤੇ ਦਿਨੇ ਰਾਤ ਤੋਤਾ ਰਟਨ ਜਾਪ ਦੇ ਵਿੱਚ ਜੁੱਟ ਗਿਆ, ਪਿੰਡ ਦੀ ਬਹੁਤੀ ਵਸੋਂ ਦਿੱਖ ਤੋਂ ਸਿੱਖਾਂ ਦੀ ਹੋਣ ਕਾਰਨ ਸਾਧ ਨੇ ਡੇਰਾ ਬਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰ ਲਿਆ ਤੇ ਤੇ ਲੋਕ ਗੁਰੂ ਦੇ ਨਾਂ ਤੇ ਗੁੜ ਵੱਲ ਮੱਖੀਆਂ ਦੀ ਤਰਾਂ ਉੱਡ-ਉੱਡਕੇ ਪਹੁੰਚਣ ਲੱਗੇ ਤੇ ਸਾਧ ਦਾ ਡੇਰਾ ਗੁਰਦੁਵਾਰਾ ਕਹਾਉਣ ਲੱਗਿਆ, ਦਿਨੋ ਦਿਨ ਮਾਨਤਾ ਵਧਕੇ ਅਖੰਡ-ਪਾਠਾਂ ਦੀਆਂ ਲੜੀਆਂ, ਸੰਪਟ ਪਾਠ, ਚੁਪਿਹਰੇ ਜਾਪ ਸਮਾਗਮ, ਚੰਡੀ ਦੀ ਵਾਰ ਤੇ ਹਵਨ, ਮੱਸਿਆ , ਪੂਰਨਮਸ਼ੀ ਤੇ ਖੂਬ ਰੌਣਕਾਂ ਹੋ ਗਈਆਂ।

ਕੌਤਕੀ ਵੀ ਸਾਧ ਦਾ ਪੂਰਾ ਵਿਸਵਾਸ਼ ਪਾਤਰ ਬਣ ਗਿਆ ਸੀ ਤੇ ਸਾਧ ਦੀਆਂ ਗੁਪਤ ਸਮਾਧੀਆਂ ਤੋਂ ਵੀ ਪੂਰਾ ਜਾਣੂ ਸੀ ਪਰ ਸਾਧ ਵਾਂਗਰ ਹੀ ਸਿੱਖੀ ਤੇ ਗੁਰਮਤਿ ਤੋਂ ਕੌਤਕੀ ਮੀਲਾਂ ਦੂਰ ਸੀ ਤੇ ਟਿਚਰ ਕਰਨਾ ਤੇ ਮੂੰਹ ਫੱਟ ਅਜੇ ਵੀ ਉਵੇਂ ਹੀ ਸੀ ਸਗੋਂ ਮਹੰਤ ਦੀ ਪਦਵੀ ਨਾਲ ਫੁੱਲਿਆ ਨਾ ਸਮਾਵੇ ਤੇ ਹਰ ਇੱਕ ਦੇ ਗਲ ਪਿਆ ਕਰੇ, ਨਾ ਬੋਲਣ ਦੀ ਅਕਲ, ਨਾ ਵਿਹਾਰ ਕਰਨ ਦਾ ਚੱਜ। ਭੋਰੇ ਵਿੱਚ ਕੀ -ਕੀ ਜਾਪ ਹੁੰਦੇ ਸੀ ਕੌਤਕੀ ਖੂਬ ਸਾਰੀ ਜਾਣਕਾਰੀ ਰੱਖਦਾ ਸੀ । ਸਾਧ ਦੀਆਂ ਅਸਲ ਕਰਤੂਤਾਂ ਲੋਕਾਂ ਤੱਕ ਪਹੁੰਚਣ ਲੱਗੀਆਂ ਤੇ ਕੌਤਕੀ ਨੇ ਵੀ ਮੌਕਾ ਸਾਂਭ ਲਿਆ ਸਾਧ ਦੇ ਵਿਰੁੱਧ ਖੜਾ ਹੋ ਗਿਆ । ਜ਼ਮਾਨੇ ਦੀ ਚਾਲ ਬਦਲਣ ਦੇ ਨਾਲ -ਨਾਲ ਪਿੰਡ ਵਿੱਚ ਕਿਸੇ ਮਿਸ਼ਨਰੀ ਕਾਲਿਜ ਵਾਲੇ ਗੁਰਮਤਿ ਦੀਆਂ ਕਲਾਸਾਂ ਲਾਉਣ ਲੱਗੇ ਪਰ ਸਾਧ ਦੀ ਸਿੱਖੀ ਤੇ ਇਹ ਗੁਰਮਤਿ ਟਿਕੇ ਨਾ ਵਿਰੋਧ ਵੀ ਹੋਵੇ , ਕੌਤਕੀ ਵਿਚਾਰਾ ਫਿਰ ਹੌਸਲਾਂ ਜਿਹਾ ਕਰਕੇ ਸਾਧ ਤੋਂ ਦੁਖੀ ਹੋਇਆ ਔਖਾ-ਸੌਖਾ ਇੱਕ ਦੋ ਕਲਾਸਾਂ ਲਾ ਗਿਆ। ਪਰ ਪੂੰਛ ਨੂੰ ਹਲਦੀ ਲੱਗੇ ਚੂਹੇ ਵਾਂਗ ਹੁਣ ਕੌਤਕੀ ਵੀ ਪੰਸਾਰੀ ਬਣ ਗਿਆ ਤੇ ਆਪਣੀ ਗੁਰਮਤਿ ਝਾੜਨ ਲੱਗ ਪਿਆ ਸਾਰਿਆਂ ਤੇ, ਕਲਾਸਾਂ ਲਾਉਣ ਵਲੇ ਸਿੰਘਾਂ ਬਥੇਰਾ ਕਿਹਾ ਕਿ 'ਕੌਤਕੀ' ਸਾਹਿਬ ਅਜੇ ਤੁਹਾਨੂੰ ਹੋਰ ਕਲਾਸਾਂ ਦੀ ਬਹੁਤ ਲੋੜ ਹੈ , ਅਜੇ ਤਾਂ ਤੁਸੀਂ 'ਕੱਚੀ ਪਹਿਲੀ' ਵਾਲੇ ਪੱਧਰ ਤੇ ਫਿਰਦੇ ਹੋ। ਪਰ ਕੌਤਕੀ ਕਿੱਥੇ ਕਿਸੇ ਦੀ ਸੁਣੇ 'ਕਹਿੰਦਾ ਮੈਨੂੰ ਨੀ ਲੋੜ 'ਥੋਡੇ ਗਿਆਨਾਂ ਦੀ, ਪਿੰਡ ਵਿੱਚੋਂ ਮੈਂ ਪੜਿਆਂ ਲਿਖਿਆਂ ਬੰਦਾ ਹਾਂ ਨਾਲੇ ਮੈਂ 'ਅਮ੍ਰਿਤ ਛਕਿਆ ਹੋਇਆ ਹੈ ਮੈਂ ਤਾਂ ਜੰਮਦਾ ਹੀ ਸਿੱਖ ਸੀ , ਅੱਧ -ਕੱਚੇ ਗਿਆਨ ਨੂੰ ਜੱਫਾ ਮਾਰ ਲੈਣਾ ਵੀ ਸਿਹਤ ਅਤੇ ਆਲੇ ਦੁਆਲੇ ਲਈ ਬੜਾ ਹਾਨੀ ਕਾਰਕ ਹੁੰਦਾ ਹੈ। ਗੁਰਮਤਿ ਕਲਾਸਾਂ ਵਾਲੇ ਸਿੰਘਾਂ ਨੇ ਪਿੰਡ ਵਿੱਚ ਪ੍ਰਵਿਰਤਨ ਲਿਆ ਦਿੱਤਾ ਬੱਚੇ ਗੁਰਬਾਣੀ ਨਾਲ ਜੁੜ ਗਏ , ਵਹਿਮਾਂ -ਭਰਮਾਂ ਦਾ ਸਾਰਾ ਜਾਲ ਸਮਝ ਗਏ ਪਰ ਕੌਤਕੀ ਇੱਕ ਗੱਲ ਮੰਨ ਲਿਆ ਕਰੇ, ਦੂਜੀ ਤੇ ਆਪਣੀ ਮਤਿ ਅੜਾ ਲਿਆ ਕਰੇ। 5-6 ਮਹੀਨਿਆਂ ਬਾਅਦ 'ਮੰਗਲਾ ਚਰਨ' ਸਮਝਿਆ ਤਾਂ 'ਔਕੜ' ਤੇ ਅੜ ਜਿਆ ਕਰੇ ਕਿਉਂਕਿ ਸਾਧ ਦੀ ਸੇਵਕੀ ਵੀ ਕਿਤੇ -ਕਿਤੇ ਸਿਰ ਚੁੱਕਦੀ ਸੀ ਪੁਰਾਣੇ ਖਾਧੇ ਬਾਦਾਮ ਹੱਲਾ ਮਾਰਦੇ ਸਨ।

ਸਮਾਂ ਆਪਣੀ ਚਾਲੇ ਤੁਰਦਾ ਗਿਆ ਤੇ ਕੌਤਕੀ ਹੋਰੀਂ ਵੀ ਪਰ ਉਹੀ ਧੁੱਸ ਮਾਰ ਬਿਰਤੀ ਆਪ ਸਮਝੇ ਨਾ ਤੇ ਦੂਜਿਆਂ ਨੁੰ ਸਮਝੇ ਮੂਰਖ। 'ਗੁਰ ਬਿਲਾਸ ਪਾਤਸ਼ਾਹੀ 6' ਨਾਂ ਦੀ ਇੱਕ ਕਿਤਾਬ ਦੇ ਕਿਸੇ ਸੂਰਮੇ ਸਿੱਖ ਨੇ ਗੁਰਬਾਣੀ ਦੇ ਆਧਾਰ ਤੇ ਬਖੀਏ ਉਧੇੜ ਦਿੱਤੇ ਤੇ ਅਕਾਲ ਤਖਤ ਤੇ ਬੈਠੇ ਸਾਧਾਂ ਨੂੰ ਸਿੱਖਾਂ ਦੀ ਕਚਹਿਰੀ ਵਿੱਚ ਖੜੇ ਕਰ ਦਿੱਤਾ ਤਾਂ ਹਰ ਆਮ ਤੇ ਖਾਸ ਨੇ ਆਪਣਾ ਫਰਜ਼ ਸਮਝਿਆ ਤੇ ਗਿਆਨ ਦੇ ਚੱਲੇ ਝੱਖੜ ਨਾਲ ਮੋਢੇ ਨਾਲ ਮੋਢਾ ਜੋੜ ਤੁਰ ਪਏ। ਹਰ ਸਿੱਖ ਬ੍ਰਾਹਮਣ ਰੂਪੀ ਜਥੇਦਾਰਾਂ ਤੇ ਆਗੂਆਂ ਦੇ ਖਿਲਾਫ ਖੁੱਲਕੇ ਸਾਹਮਣੇ ਆ ਗਿਆ। ਨਕਲੀ ਇਤਿਹਾਸ ਤੇ ਨਕਲੀ ਬਾਣੀ ਤੋਂ ਹਰ ਕਈ ਜਾਣੂ ਹੋ ਗਿਆ ਪਰ ਕੌਤਕੀ ਜਿਨਾਂ ਕੁ ਸੁਣੇ ਉਥੇ ਹੀ ਖੜ ਜਾਵੇ, ਪੁਰਾਣੀਆਂ ਮਿੱਥਾਂ ਨੁੰ ਜੱਫੇ ਮਾਰੇ, ਅਜੋਕੇ ਸਮੇਂ ਵਿੱਚ ਜਾਗਰੂਕ ਵੀ ਬਨਣਾ ਚਾਹਵੇ ਤੇ ਜਦੋਂ ਤੱਤ ਗਿਆਨ ਦੀ ਗੱਲ ਹੋਵੇ ਤਾਂ ਪੈਰਾਂ ਦੀ ਮਿੱਟੀ ਵੀ ਛੱਡ ਜਾਵੇ। ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਮੜੀ ਨਕਲੀ ਬਾਣੀ ਤੇ ਜਪੁਜੀ ਦੇ ਬਰਾਬਰ ਤਿਆਰ ਕੀਤੇ ਜਾਪ ਦੀ ਸਮਝ ਕੌਤਕੀ ਦੀ ਮੋਟੀ ਖੋਪੜੀ ਵਿੱਚ ਪਵੇ ਨਾ ਸਗੋਂ ਉਲਟਾ ਹੋਰਾਂ ਨੂੰ ਬੇਵਕੂਫ ਕਵੇ।

ਅੰਤ ਤੱਤ-ਗਿਆਨ ਦੀਆਂ ਗੱਲਾਂ ਕੌਤਕੀ ਨੂੰ ਪਚਣ ਨਾ ਤੇ ਕੌਤਕੀ ਜੀ ਉਲਟੀਆਂ ਕਰੀ ਜਾਣ ਆਹ ਨਕਲੀ ਬਾਣੀ, ਆਹ ਥੋੜੀ ਨਕਲੀ, ਚਰਿੱਤਰੋ ਪਾਖੀਆਨ ਤੇ ਕੌਤਕੀ ਫਿਰ ਘੁੰਮਣਘੇਰੀ ਵਿੱਚ ਪੈ ਜਾਵੇ, ਵਿਚਾਰਾ ਕਹਾਵੇ ਆਗੂ ਸਿੱਖ ਪਰ ਸਿੱਖੀ ਦੇ ਤੱਤ-ਗਿਆਨ ਦੀ ਗੱਲ ਸਮਝ ਤੋਂ ਬਾਹਰ। ਗੁਰੂ ਨਾਨਕ ਸਾਹਿਬ ਦੀ ਵਿਚਾਰ ਕਰਨ ਵਾਲੀ ਸਿੱਖੀ ਤੋਂ ਅਨਜਾਣ ਕੌਤਕੀ ਦੂਜਿਆਂ ਨੂੰ ਹੀ ਪਿੱਟੀ ਜਾਇਆ ਕਰੇ। ਇੱਕ ਦਿਨ ਉਸੇ ਪੁਰਾਣੇ ਸਾਧ ਨੇ ਕੌਤਕੀ ਨੂੰ ਟੈਲੀਫੋਨ ਕੀਤਾ 'ਸੁਣਾਓ ਕੌਤਕੀ ਸਾਹਿਬ ਕੀ ਹਾਲ ਨੇ, ਹਾਲ ਕਾਹਦੇ ਬਾਬਾ ਜੀ, "ਕੌਤਕੀ ਨੇ ਜਵਾਬ ਦਿੱਤਾ" ਪੁੱਛੋ ਨਾ ਮੈਨੂੰ ਤਾਂ ਕਈ ਸਮਝ ਨਹੀਂ ਪੈਂਦੀ, ਅੱਜ ਕੱਲ ਮੇਰਾ ਤਾਂ ਚਿੱਤ ਭਾਰਾ-ਭਾਰਾ ਰਹਿੰਦਾ, "ਗੱਲਾਂ ਹਜ਼ਮ ਨਹੀਂ ਹੁੰਦੀਆਂ, ਮੇਰੇ ਕੋਲ ਜਵਾਬ ਵੀ ਕੋਈ ਨਹੀਂ, ਆਪਣੀ ਭੜਾਸ ਅੰਦਰ ਰੱਖਕੇ ਮੈਂ ਤਾਂ ਆਪਣਾ 'ਹਾਜ਼ਮਾ' ਖਰਾਬ ਕਰ ਲਿਆ।

ਮਨਦੀਪ ਸਿੰਘ ‘ਵਰਨਨ’


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top