Share on Facebook

Main News Page

ਫਖ਼ਰ-ਇ-ਕੌਮ ਕਿ ਫਨਾਹ-ਇ-ਕੌਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਗਤੀ ਦੇ ਕੇਂਦਰ ਹਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਹ ਪਾਵਨ ਪਵਿੱਤ੍ਰ ਅਸਥਾਨ ਹੈ, ਜਿਥੋਂ ਖਾਲਸਾ ਪੰਥ ਹਮੇਸ਼ਾ ਹੀ ਅਗਵਾਈ, ਬਲ, ਸ਼ਕਤੀ ਤੇ ਉਤਸ਼ਾਹ ਪ੍ਰਾਪਤ ਕਰਕੇ ਜੁ਼ਲਮ ਦੇ ਖਿਲਾਫ ਜੂਝਦਾ ਰਿਹਾ ਹੈ ਤੇ ਸਦਾ ਜੂਝਦਾ ਰਹੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਲੌਕਿਕ ਮਹਾਨਤਾ ਨੂੰ ਮੁਖ ਰਖਦਿਆ ਪੁਰਾਤਨ ਜਥੇਦਾਰ ਸਾਹਿਬਾਨ ਇਸ ਦੀ ਸਰਬੋਤਿਮਤਾ ਨੂੰ ਹਰਗਿਜ਼ ਤੌਰ ਤੇ ਆਂਚ ਨਹੀਂ ਸਨ ਆਉਣ ਦਿੰਦੇ, ਤੇ ਸਿੱਖੀ ਆਨ-ਸ਼ਾਨ ਨੂੰ ਨੀਵਾਂ ਨਹੀਂ ਸਨ ਹੋਣ ਦਿੰਦੇ। ਇਸ ਬਦਲੇ ਭਾਵੇਂ ਉਨ੍ਹਾਂ ਨੂੰ ਕਿੰਨੀ ਵੀ ਵਡੀ ਤੋਂ ਵਡੀ ਕੀਮਤ ਕਿਉ ਨਾ ਚੁਕਾਉਣੀ ਪਈ ਹੋਵੇ। ਉਨ੍ਹਾਂ ਸਿੰਘ ਸਾਹਿਬਾਨ ਦਾ ਸੰਗਤਾਂ ਅਥਾਹ ਸਤਿਕਾਰ ਕਰਿਆ ਕਰਦੀਆਂ ਸਨ।

ਮੇਰੇ ਵੇਖਣ ਦੀ ਗਲ ਹੈ ਕਿ ਅੰਮ੍ਰਿਤਸਰ ਦੇ ਬਜ਼ਾਰਾਂ ਵਿਚੋਂ ਜਦ ਕਦੇ ਜਥੇਦਾਰ ਸਾਹਿਬਾਨ ਵਿਚਰਿਆ ਕਰਦੇ ਸਨ ਤਾਂ ਦੁਕਾਨਦਾਰ ਉਨ੍ਹਾਂ ਦੇ ਸਤਿਕਾਰ ਵਿਚ ਆਪਣੀਆਂ ਗੱਦੀਆਂ ਤੋਂ ਉਠਕੇ ਖੜੇ ਹੋ ਜਾਇਆ ਕਰਦੇ ਸਨ, ਤੇ ਆਮ ਸੰਗਤਾਂ ਫਤਹਿ ਗਜਾ ਕੇ ਇਕ ਪਾਸੇ ਹੋ ਜਾਇਆ ਕਰਦੀਆਂ ਸਨ। ਉਹ ਏਨੇ ਉਚੇ ਜੀਵਨ ਦੇ ਧਾਰਨੀ ਸਨ ਕਿ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਕੋਈ ਇਕ ਅੱਖਰ ਵੀ ਬੋਲਣ ਦੀ ਜੁਰਅਤ ਨਹੀਂ ਸੀ ਕਰ ਸਕਦਾ। ਇਥੇ ਮੈਂ ਇਕ ਵਾਕਿਆ ਦਾ ਜਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਇਹ ਇਸ ਲਈ ਕਿ ਮੌਜੂਦਾ ਜਥੇਦਾਰ ਸਾਹਿਬਾਨ ਇਸ ਤੋਂ ਕੋਈ ਸੇਧ ਪ੍ਰਾਪਤ ਕਰ ਸਕਣ।

ਜਥੇਦਾਰ ਨਾਗੋਕੇ ਗਰੁਪ ਜਦ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਸੀ ਉਸ ਵਕਤ ਸਿੱਖ ਪੰਥ ਦੇ ਪ੍ਰਸਿੱਧ ਵਿਦਿਵਾਨ ਸਿੰਘ ਸਾਹਿਬ ਗਿਅਨੀ ਪ੍ਰਤਾਪ ਸਿੰਘ ਜੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਪਦਵੀ ‘ਤੇ ਸ਼ਸੋਭਿਤ ਸਨ। ਕੁਝ ਸਮੇਂ ਬਾਅਦ ਜਦ ਨਿਜ਼ਾਮ ਬਦਲਿਆ ਤੇ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੋ ਗਿਆ, ਤਾਂ ਜਥੇਦਾਰ ਪ੍ਰਤਾਪ ਸਿੰਘ ਜੀ ਅਗਲੇ ਦਿਨ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜੀ ਨੂੰ ਸ੍ਰ: ਤੇਜਾ ਸਿੰਘ ਸਮੁੰਦ੍ਰੀ ਹਾਲ ਵਿਖੇ ਮਿਲੇ ਤੇ ਆਪਣਾ ਅਸਤੀਫਾ ਪੇਸ਼ ਕਰ ਦਿੱਤਾ। ਇਹ ਵੇਖ ਕੇ ਮਾਸਟਰ ਜੀ ਬੜੇ ਹੈਰਾਨ ਹੋਏ ਤੇ ਕਿਹਾ ਕਿ ਜਥੇਦਾਰ ਜੀ ਤੁਸੀ ਇਹ ਕੀ ਕਰ ਰਹੇ ਹੋ? ਸਾਡੇ ਮਨ ਵਿਚ ਆਪ ਪ੍ਰਤੀ ਕੋਈ ਮੰਦ-ਭਾਵਨਾ ਨਹੀਂ ਹੈ। ਸਾਡੇ ਮਨ ਅੰਦਰ ਆਪ ਦਾ ਸਤਿਕਾਰ ਹੈ। ਅਸੀਂ ਤੁਹਾਡੇ ਪਾਸੋਂ ਕੋਈ ਅਸਤੀਫਾ ਨਹੀਂ ਮੰਗਿਆ। ਆਪ ਕ੍ਰਿਪਾ ਕਰੋ ਤੇ ਸੇਵਾ ਜਾਰੀ ਰਖੋ। ਜਥੇਦਾਰ ਜੀ ਨੇ ਕਿਹਾ ਕਿ ਮਾਸਟਰ ਜੀ ਤੁਸੀਂ ਜੋ ਕਹਿ ਰਹੇ ਹੋ ਬਿਲਕੁਬ ਦਰੁਸਤ ਹੈ, ਪ੍ਰੰਤੂ ਮੇਰੇ ਵਿਚਾਰ ਆਪ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ। ਇਸ ਲਈ ਮੈ ਆਪਣੇ ਮਨ ਤੇ ਬੋਝ ਪਾਕੇ ਅਗੋਂ ਸੇਵਾ ਜਾਰੀ ਰਖ ਸਕਣ ਤੋਂ ਅਸਮਰੱਥ ਹਾਂ। ਇਸ ਲਈ ਮੇਰਾ ਅਸਤੀਫਾ ਪ੍ਰਵਾਨ ਕਰਕੇ ਕ੍ਰਿਤਾਰਥ ਕਰੋ। ਇਥੇ ਮੈਂ ਸਪੱਸ਼ਟ ਕਰ ਦਿਆਂ ਕਿ ਜਥੇਦਾਰ ਜੀ ਨਾਗੋਕੇ ਗਰੁਪ ਨਾਲ ਸਬੰਧਿਤ ਸਨ ਜੋ ਸ੍ਰੋਮਣੀ ਅਕਾਲੀ ਦਲ ਦੇ ਵਿਰੋਧੀ ਪਾਰਟੀ ਸੀ।

ਮਜ਼ਬੂਰੀ ਵੱਸ ਮਾਸਟਰ ਜੀ ਨੂੰ ਜਥੇਦਾਰ ਪ੍ਰਤਾਪ ਸਿੰਘ ਜੀ ਦਾ ਤਿਆਗ ਪੱਤਰ ਪ੍ਰਵਾਨ ਕਰਨਾ ਪਿਆ। ਜਥੇਦਾਰ ਹੁਰਾਂ ਦੀ ਮਾਲੀ ਹਾਲਤ ਬਹੁਤੀ ਸਥਿਰ ਨਾ ਹੋਣ ਕਾਰਣ ਡਗਮਗਾ ਗਈ। ਜਥੇਦਾਰ ਜੀ ਸ੍ਰ: ਪ੍ਰਤਾਪ ਸਿੰਘ ਕੈਰੋਂ ਜੋ ਉਸ ਸਮੇਂ ਪੰਜਾਬ ਦੇ ਮੁਖ ਮੰਤਰੀ ਸਨ, ਦੇ ਕਾਫੀ ਨਿਕਟ-ਵਰਤੀਆਂ ਚੋਂ ਸਨ। ਜਦ ਇਸ ਬਾਰੇ ਸ੍ਰ: ਪ੍ਰਤਾਪ ਸਿੰਘ ਕੈਰੋਂ ਨੂੰ ਪਤਾ ਲਗਾ ਤਾਂ ਉਹ ਅੰਮ੍ਰਿਤਸਰ ਆਏ ਤੇ ਕੰਪਨੀ ਬਾਗ ਸਥਿਤ ਰੈਸਟ ਹਾਊਸ ਵਿਚ ਠਹਿਰੇ। ਸ੍ਰ: ਕੈਰੋਂ ਨੇ ਆਪਣੀ ਗੱਡੀ ਭੇਜ ਕੇ ਜਥੇਦਾਰ ਜੀ ਨੂੰ ਆਪਣੇ ਪਾਸ ਬੁਲਾਇਆ। ਪ੍ਰਸਪਰ ਵਿਚਾਰ ਵਟਾਂਦਰੇ ਉਪ੍ਰੰਤ ਸ੍ਰ: ਪ੍ਰਤਾਪ ਸਿੰਘ ਕੈਰੋਂ ਨੇ ਪੁਛਿਆ ਕਿ ਜਥੇਦਾਰ ਜੀ ਪਤਾ ਲਗਾ ਹੈ ਅਜ ਕਲ ਸਿੰਘ ਜੀ ਮਾਲੀ ਸੰਕਟ ਚੋਂ ਗੁਜ਼ਰ ਰਹੇ ਹਨ ਤੇ ਫਾਕੇ ਕਟੇ ਜਾ ਰਹੇ ਹਨ - ਕੀ ਇਹ ਸੱਚ ਹੈ? ਜਥੇਦਾਰ ਜੀ ਨੇ ਕਿਹਾ ਕਿ ਭਾਊ ਗਲ ਤਾਂ ਕਿਸੇ ਹਦ ਤਕ ਠੀਕ ਹੈ। ਸ੍ਰ: ਕੈਰੋਂ ਕਹਿਣ ਲਗੇ ਕਿ ਫਿਕਰ ਵਾਲੀ ਕੋਈ ਗਲ ਨਹੀਂ - ਮੈਂ ਆਪ ਲਈ ਇਕ ਜਗ੍ਹਾ ਬਣਾ ਰਖੀ ਹੈ। ਜੇ ਪ੍ਰਵਾਨ ਹੋਵੇ ਤਾਂ ਦਸੋ ਮੈਂ ਹੁਣੇ ਹੀ ਆਰਡਰ ਕਰ ਦਿੰਦਾ ਹਾਂ। ਜਥੇਦਾਰ ਜੀ ਕਹਿਣ ਲਗੇ ਕਿ ਆਪ ਪਹਿਲਾਂ ਮੈਨੂੰ ਉਸ ਬਾਰੇ ਦਸੋ ਤਾਂ ਸਹੀ ਫਿਰ ਹੀ ਮੈਂ ਠੀਕ ਫੈਸਲਾ ਲੈ ਸਕਾਂਗਾ।

ਸਰਦਾਰ ਪ੍ਰਤਾਪ ਸਿੰਘ ਨੇ ਵੇਰਵੇ ਸਹਿਤ ਦਸਿਆ ਕਿ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਅੰਮ੍ਰਿਤਸਰ ਜਿਲੇ ਦਾ ਪਬਲਿਕ ਰਿਲੇਸ਼ਨ ਆਫੀਸਰ ਨਿਯੁਕਤ ਕਰ ਦੇਵਾਂ। ਆਪ ਦੀ ਪੰਜ ਕੁ ਸੌ ਰੁਪਿਆ ਮਹੀਨਾ ਤਨਖਾਹ ਹੋਵੇਗੀ। ਇਕ ਜੀਪ ਤੁਹਾਨੂੰ ਦਿੱਤੀ ਜਾਵੇਗੀ। ਸਾਰਾ ਦਫ਼ਤ੍ਰੀ ਸਟਾਪ ਆਪ ਦੇ ਅਧੀਨ ਹੋਵੇਗਾ। ਜ਼ਰੂਰੀ ਨਹੀਂ ਹੋਵੇਗਾ ਕਿ ਤੁਸੀਂ ਖੁਦ ਪਿੰਡਾਂ ਆਦਿ ਵਿਚ ਕਿਤੇ ਜਾਕੇ ਪ੍ਰੋਗਰਾਮਾਂ ‘ਚ ਨਿੱਜੀ ਤੌਰ ਤੇ ਸ਼ਾਮਿਲ ਹੋਵੋ। ਦਫਤ੍ਰੋਂ ਹੀ ਤੁਸੀਂ ਸਬੰਧਿਤ ਕਰਮਚਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਸਕੋਗੇ। ਇਸ ਲਈ ਜੇਕਰ ਆਪ ਸਹਿਮਤੀ ਪ੍ਰਗਟ ਕਰੋ ਤਾਂ ਮੈਂ ਤੁਹਾਡੀ ਨਿਯੁਕਤੀ ਬਾਰੇ ਅਗਲੀ ਲੋੜੀਂਦੀ ਕਾਰਵਾਈ ਕਰ ਦਿੰਦਾ ਹਾਂ। ਜਥੇਦਾਰ ਪ੍ਰਤਾਪ ਸਿੰਘ ਜੀ ਨੇ ਕੁਝ ਸਮੇਂ ਲਈ ਚੁਪ ਧਾਰਨ ਕਰ ਲਈ ਤੇ ਫਿਰ ਬੋਲੇ ਕਿ ਸਰਦਾਰ ਜੀ ਆਪ ਦਾ ਹਮਦਰਦੀ ਪ੍ਰਗਟਾਉਣ ਲਈ ਸ਼ੁਕਰੀਆ। ਪਰ ਆਪ ਨੂੰ ਪਤਾ ਹੈ ਕਿ ਮੈਂ ਸਿੱਖ ਪੰਥ ਦੇ ਸਿਰਮੋਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਰਹਿ ਚੁਕਾ ਹਾਂ ਤੇ ਇਸ ਸਮੇਂ ਮੇਰੇ ਨਾਮ ਨਾਲ ‘ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ' ਜੁੜਿਆ ਹੋਇਆ ਹੈ। ਇਸ ਸਥਿਤੀ ਵਿਚ ਮੈਂ ਸਰਕਾਰ ਦੀ ਨੌਕਰੀ ਪ੍ਰਵਾਨ ਨਹੀਂ ਕਰ ਸਕਦਾ। ਜੇਕਰ ਮੈਨੂੰ ਕਿਸੇ ਨੇ ਇਹ ਗਲ ਕਹਿ ਦਿੱਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਾਬਕਾ ਜਥੇਦਾਰ ਪੰਜਾਬ ਸਰਕਾਰ ਦਾ ਤਨਖਾਹਦਾਰ ਮੁਲਾਜ਼ਮ ਬਣ ਗਿਆ ਹੈ, ਤਾਂ ਮੈਨੂੰ ਭਾਵੇ ਕੋਈ ਫਰਕ ਨਾ ਪਵੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਨ-ਸ਼ਾਨ ਨੂੰ ਅਵੱਸ਼ ਆਂਚ ਆਏਗੀ। ਇਸ ਲਈ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਬਰਕਰਾਰ ਰਖਦੇ ਹੋਇਆਂ ਤੁਹਾਡੀ ਪੇਸ਼ਕਸ਼ ਪ੍ਰਵਾਨ ਨਹੀਂ ਕਰ ਸਕਦਾ।

ਜਿਸ ਸਮੇਂ ਦਾ ਇਹ ਵਾਕਿਆ ਹੈ, ਉਸ ਸਮੇਂ ਪੰਜ ਸੌ ਰੁਪੈ ਦੀ ਬਹੁਤ ਕੀਮਤ ਹੋਇਆ ਕਰਦੀ ਸੀ, ਤੇ ਹੋਰ ਵੀ ਬੇਅੰਤ ਸਹੂਲਤਾਂ ਸਨ ਵਾਕਈ ਇਹ ਬਹੁਤ ਵਡੀ ਆਫਿਰ ਸੀ ਪਰ ਆਫ਼ਰੀਨ ਹਾਂ ਉਸ ਸਖ਼ਸੀਅਤ ਦੇ ਜਿੰਨ੍ਹਾਂ ਸ੍ਰੀ ਅਕਾਲ ਤਖ਼ਤ ਦੀ ਮਹਾਨਤਾ ਨੂੰ ਮੁੱਖ ਰਖਦਿਆਂ ਏਡੀ ਵਡੀ ਪੇਸ਼ਕਸ਼ ਠੁਕਰਾਕੇ ਜਿਉਂਦੀ-ਜਾਗਦੀ ਜ਼ਮੀਰ ਦਾ ਸਬੂਤ ਦਿੱਤਾ।

ਇਸ ਦੇ ਮੁਕਾਬਲੇ ਜਦ ਅਸੀਂ ਵਰਤਮਾਨ ਜਥੇਦਾਰ ਸਾਹਿਬਾਨ ਦੀ ਕਾਰਗੁਜ਼ਾਰੀ ਵਲ ਝਾਤ ਮਾਰਦੇ ਹਾਂ ਤਾਂ ਸੱਚਮੁੱਚ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਹੁਣੇ ਜਿਹੇ ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਸਨਮਾਨ ਸ੍ਰੀ ਪ੍ਰਕਾਸ਼ ਸਿੰਘ ਦੀ ਝੋਲੀ ਪਾਇਆ ਹੈ ਇਹ ਸਰਾਸਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ-ਮਰਯਾਦਾ ਦੀ ਘੋਰ ਉਲੰਘਣਾ ਹੈ। ਸਾਰੇ ਸਿੱਖ ਜਗਤ ਅੰਦਰ ਇਸਦੇ ਚਰਚੇ ਹੋ ਰਹੇ ਹਨ। ਸ੍ਰੀ ਪ੍ਰਕਾਸ਼ ਸਿੰਘ ਵਲੋਂ ਸਿੱਖ ਪੰਥ ਪ੍ਰਤੀ ਜੋ ਆਪਹੁੱਦਰੀਆਂ ਕੀਤੀਆਂ ਗਈਆਂ ਹਨ ਜੇ ਕਰ ਉਨ੍ਹਾਂ ਤੇ ਝਾਤ ਮਾਰੀਏ ਤਾਂ ਇਹ ਸਖ਼ਸ਼ ਕਤਈ ਤੌਰ ‘ਤੇ ਇਸ ਸਨਮਾਨ ਦਾ ਹਕਦਾਰ ਨਹੀਂ ਹੈ। ਸਮਝ ਨਹੀਂ ਆਉਂਦੀ ਕਿ ਜਥੇਦਾਰਾਂ ਨੇ ਕਿਹੜੇ ਪੱਖ ਤੋਂ ਕਿਸ ਪੈਮਾਨੇ ਨਾਲ ਨਾਪ-ਤੋਲ ਕੇ ਇਹਨੂੰ ਸਨਮਾਨਿਤ ਕੀਤਾ ਹੈ?ਮੇਰੀ ਜਾਚੇ ਜਾਂ ਤਾਂ ਇਨ੍ਹਾਂ ਤਨਖਾਹਦਾਰਾਂ ਨੇ ਸ੍ਰੀ ਪ੍ਰਕਾਸ਼ ਸਿੰਘ ਵਲੋਂ ਪੰਥ ਲਈ ਕੀਤੀਆਂ ਬੇਵਫ਼ਾਈਆਂ ਨੂੰ ਜਾਣ ਬੁਝਕੇ ਨਜ਼ਰ ਅੰਦਾਜ਼ ਕੀਤਾ ਹੈ ਤੇ ਜਾਂ ਫਿਰ ਇਨ੍ਹਾਂ ਪਾਸੋਂ ਧੱਕੇ ਨਾਲ ਸਨਮਾਨ ਬਟੋਰਿਆ ਗਿਆ ਹੈ। ਇਨ੍ਹਾਂ ਨੂੰ ਪੁਰਾਤਣ ਸਿੰਘ ਸਾਹਿਬਾਨ ਦੇ ਇਤਿਹਾਸ ਨੂੰ ਜ਼ਰੂਰ ਵਾਚਨਾ ਚਾਹੀਦਾ ਹੈ ਤੇ ਉਸ ਤੋਂ ਸਿਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਜੋ ਭਵਿਖ ਵਿਚ ਅਜਿਹੀ ਬੱਜਰ ਅਵੱਗਿਆ ਕਰਨ ਤੋਂ ਇਹ ਸੰਕੋਚ ਕਰ ਸਕਣ। ਅਜ ਸਾਰੇ ਸਿੱਖ ਜਗਤ ਅੰਦਰ ਰਜਕੇ ਬਦਨਾਮੀ ਹੋ ਰਹੀ ਹੈ। ਇਨ੍ਹਾਂ ਸੁਤੀ ਹੋਈ ਜ਼ਮੀਰ ਵਾਲਿਆ ਚੋਂ ਜੇਕਰ ਇਕ ਵੀ ਅਣਖ ਵਾਲਾ ਹੁੰਦਾ ਤੇ ਇਸ ਫੈਸਲੇ ਵਿਰੁਧ ਆਹ ਦਾ ਨਾਹਰਾ ਮਾਰਕੇ ਦੂਰੀ ਧਾਰਨ ਕਰ ਲੈਦਾ ਤਾਂ ਸੱਚਮੁਚ ਉਹ ਸਿੱਖ ਇਤਿਹਾਸ ਦਾ ਅੰਗ ਬਣ ਸਕਦਾ ਸੀ ਪਰ ਐਸੀ ਪਦਵੀ ਚੰਗੇ ਭਾਗਾਂ ਤੋਂ ਬਿਨਾਂ ਕਿਥੇ ਪ੍ਰਾਪਤ ਹੁੰਦੀ ਹੈ?

ਇਨ੍ਹਾਂ ਵਲੋਂ ਸਿੱਖ ਸਿਧਾਂਤ ਨੂੰ ਜੋ ਹੋਰ ਚਾਰ ਚੰਨ ਲਾਏ ਜਾ ਰਹੇ ਹਨ ਉਸ ਸਬੰਧੀ ਵੀ ਸਿੱਖ ਪੰਥ ਦੀ ਸੇਵਾ ਵਿਚ ਆਪਣੇ ਅਰਮਾਨ ਪ੍ਰਗਟ ਕਰਨਾ ਆਪਣਾ ਫਰਜ਼ ਸਮਝਦਾ ਹਾਂ। ਇਲੈਕਟ੍ਰੋਨਿਕ ਮੀਡੀਏ ਸਦਕਾ ਇੰਟਰਨੈਟ ‘ਤੇ ਇਹ ਆਮ ਵੇਖਣ ਨੂੰ ਮਿਲਦਾ ਹੈ ਕਿ ਇਹ ਭਾਈ ਗੁਰਬਚਨ ਸਿੰਘ ਤੇ ਭਾਈ ਤ੍ਰਿਲੋਚਨ ਸਿੰਘ ਗੁਜ਼ਰ ਚੁਕੇ ਸਾਧਾਂ ਸੰਤਾਂ ਦੀਆਂ ਬਰਸੀਆਂ ਸਮੇਂ ਬੜੀ ਸੱਜਧਜ ਸਹਿਤ ਸ਼ਾਮਿਲ ਹੁੰਦੇ ਹਨ ਭਾਵੇਂ ਉਨ੍ਹਾਂ ਡੇਰਿਆ ਦੀ ਮਰਯਾਦਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੇਲ ਖਾਂਦੀ ਹੈ ਜਾਂ ਨਹੀਂ ਇਨ੍ਹਾਂ ਨੂੰ ਉਸ ਨਾਲ ਕੋਈ ਸਰੋਕਾਰ ਨਹੀਂ। ਇਥੋਂ ਭਲੀ ਭਾਂਤ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਉਚੇ ਤੇ ਸੁਚੇ ਸਿਧਾਂਤ ਦੇ ਵਿਰੁਧ ਵਿਚਾਰਧਾਰਾ ਰਖਣ ਵਾਲੀਆਂ ਸ਼ਕਤੀਆਂ ਦੀ ਸ਼ਰੇਆਮ ਪਿੱਠ ਟੋਕ ਰਹੇ ਹਨ ਤੇ ਉਨ੍ਹਾਂ ਨੂੰ ਹੋਰ ਬਲ ਦੇ ਰਹੇ ਹਨ। ਜਿਨ੍ਹਾਂ ਕੁਰਕਰਮੀਆਂ ‘ਤੇ ਬਲਾਤਕਾਰ ਦੇ ਦੋਸ਼ ਲਗ ਚੁਕੇ ਹਨ ਤੇ ਸਿੱਖ ਜਗਤ ‘ਚ ਰਜਕੇ ਬਦਨਾਮੀ ਖਟ ਚੁਕੇ ਹਨ ਉਨ੍ਹਾਂ ਦੇ ਅੱਡਿਆਂ ਦੀ ਚੌਂਕੀ ਭਰਨ ਤੋਂ ਵੀ ਇਹ ਰਤੀ ਸੰਕੋਚ ਨਹੀ ਕਰਦੇ।

ਇਥੇ ਮੈਂ ਸਪੱਸ਼ਟ ਕਰ ਦਿਆਂ ਕਿ ਜਿਨ੍ਹਾਂ ਥਾਵਾਂ ਦੀ ਨਿੱਤ ਨਵੇਂ ਦਿਨ ਇਹ ਚੌਂਕੀਆਂ ਭਰਦੇ ਹਨ ਉਥੇ ਸਿੱਖ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਨਹੀਂ ਝੂਲਦੇ, ਲੋਹ ਲੰਗਰ ਨਹੀਂ ਤਪਦੇ ਅਰਥਾਤ ਲੰਗਰ ਦੀ ਮਰਯਾਦਾ ਬਿਲਕੁਲ ਨਹੀਂ ਹੈ, ਉਹ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਪ੍ਰਵਾਨਿਤ ਸਿੱਖ-ਮਰਯਾਦਾ ਨੂੰ ਨਹੀਂ ਅਪਨਾਉਂਦੇ। ਇਥੋਂ ਤਕ ਕਿ ਅਰਦਾਸ ਵੀ ਵਖਰੀ ਹੈ। ਜੇਕਰ ਕੋਈ ਸਿੱਖ ਗਲਤੀ ਕਰਦਾ ਹੈ, ਉਸ ਨੂੰ ਤਾਂ ਅਕਾਲ ਤਖਤ ਤੇ ਤਲਬ ਕਰ ਲਿਆ ਜਾਂਦਾ ਹੈ। ਪਰ ਜੋ ਇਹ ਨਾ-ਮੁਆਫ ਕਰਨਯੋਗ ਭੁੱਲਾਂ ਕਰ ਰਹੇ ਹਨ, ਉਨਾਂ ਦਾ ਲੇਖਾ-ਜੋਖਾ ਕਿਥੇ ਹੋਵੇਗਾ? ਸਿੱਖ ਪੰਥ ਦੀ ਸੇਵਾ ਵਿਚ ਪੁਰਜ਼ੋਰ ਅਪੀਲ ਹੈ ਕਿ ਖਾਲਸਾ ਪੰਥ ਇਨ੍ਹਾਂ ਪ੍ਰਤੀ ਅਵੱਸ਼ ਕੋਈ ਬਾਹਨੂੰ ਬੰਨ੍ਹੇ। ਮੇਰੀ ਤੁਛ ਬੁੱਧੀ ਅਨੁਸਾਰ ਇਨ੍ਹਾਂ ਨੂੰ ਵੀਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਟਹਿਰੇ ਵਿਚ ਤਲਬ ਕਰਕੇਂ ਸਪਸ਼ਟੀਕਰਨ ਲਿਆ ਜਾਏ ਕਿ ਇਹ ਆਏ ਦਿਨ ਸਿੱਖ ਪੰਥ ਦੇ ਕਿਹੜੇ ਵਡੇਰੇ ਹਿੰਤਾਂ ਨੂੰ ਮੁੱਖ ਰਖਕੇ ਡੇਰਿਆਂ ਦੀਆਂ ਚੌਕੀਆਂ ਭਰਦੇ ਰਹਿੰਦੇ ਹਨ ਅਤੇ ਆਪਣੀਆਂ ਉੱਚ-ਪਦਵੀਆਂ ਦਾ ਰੰਚ ਮਾਤਰ ਵੀ ਖਿਆਲ ਨਹੀਂ ਕਰਦੇ। ਸਾਡੀ ਬੇਨਤੀ ਹੈ ਕਿ ਇਨ੍ਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਦੇ ਵਿਰੁਧ ਵਿਚਰ ਰਹੇ ਅਤੇ ਦਾਗੀ ਮਹੰਤਾਂ ਦੇ ਡੇਰਿਆਂ ਤੇ ਜਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤ੍ਰ ਮਰਯਾਦਾ ਕਾਇਮ ਰਹਿ ਸਕੇ।ਸਾਡੇ ਧਾਰਮਿਕ ਆਗੂਆਂ ਵਲੋਂ "ਹਊ ਪਰੇ" ਦੀ ਅਪਨਾਈ ਪਾਲਿਸੀ ਸਦਕਾ ਵਰਤਮਾਨ ਸਮੇਂ ਸਮੁੱਚਾ ਪੰਜਾਬ ਪਤਿਤਪੁਣੇ ਦੀ ਲਪੇਟ ਵਿਚ ਆ ਚੁਕਾ ਹੈ।

ਮੈਂ ਹਾਰਦਿਕ ਤੌਰ ‘ਤੇ ਰਿਣੀ ਹਾਂ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਜੀ ਨੰਦਗੜ੍ਹ, ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜੋ ਆਪਣੀ ਉਚ-ਪਦਵੀ ਦਾ ਪੂਰਨ ਤੌਰ ‘ਤੇ ਮਾਨ-ਸਨਮਾਨ ਕਾਇਮ ਰੱਖਦਿਆਂ ਆਪਣੀਆਂ ਮਹਾਨ ਸੇਵਾਵਾਂ ਨਿਭਾ ਰਹੇ ਹਨ। ਸੱਚਮੁਚ ਸਿੰਘ ਸਾਹਿਬ ਨਿਰਭੈਤਾ ਤੇ ਨਿਡੱਰਤਾ ਦੀ ਅਲੌਕਿਕ ਮਿਸਾਲ ਹਨ। ਮੈਂ ਸਿੰਘ ਸਾਹਿਬ ਨੂੰ ਨਿਜੀ ਤੌਰ ‘ਤੇ ਨਾ ਮਿਲਿਆ ਹਾਂ ਤੇ ਜਾਣਦਾ ਹਾਂ। ਇੰਟਰਨੈਟ ਦੁਆਰਾ ਦਰਸ਼ਨ ਹੋ ਜਾਂਦੇ ਹਨ। ਇਹ ਮੇਰਾ ਦਿਲੀ ਵਲਵਲਾ ਸੀ ਜੋ ਪ੍ਰਗਟ ਕਰਨ ਤੋਂ ਰਹਿ ਨਹੀਂ ਸਕਿਆ।

ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸਨਮਾਨ ਸਮਾਰੋਹ ਸਮੇਂ ਸ੍ਰੀ ਪ੍ਰਕਾਸ਼ ਸਿੰਘ ਦੇ ਗੁਣ ਗਾਇਣ ਕਰਦਿਆਂ ਭਾਈ ਗੁਰਬਚਨ ਸਿੰਘ ਫੁਰਮਾਉਂਦੇ ਹਨ ਕਿ ਇਨ੍ਹੇ ਸਿੱਖ ਕੌਮ ਲਈ ਜੇਲ੍ਹਾਂ ਕਟੀਆਂ ਤੇ ਤਸੀਹੇ ਸਹਿਣ ਕੀਤੇ। ਕੀ ਗਿਆਨੀ ਜੀ ਦਸਣ ਦੀ ਖੇਚਲ ਕਰਨਗੇ ਕਿ ਇਹ ਕਿਹੜੇ ਕਾਲੇ ਪਾਣੀ ਗਿਆ ਸੀ ਤੇ ਕਿਹੜੀ ਜੇਲ੍ਹ ਵਿਚ ਇਸ ਤੇ ਤਸ਼ੱਦਦ ਢਾਹਿਆ ਗਿਆ ਸੀ?ਇਥੇ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਗਿਆਨੀ ਜੀ ਬਾਦਲ ਸੈਬ ਦੀ ਪੰਥਕ ਸੇਵਾ ਤੋਂ ਬਿਲਕੁਲ ਅਨਜਾਣ ਹਨ। ਮੇਰੇ ਅਨੁਮਾਨ ਮੁਤਾਬਕ ਇਸ ਸਖਸ਼ ਨੇ ਆਪਣੇ ਰਾਜਸੀ- ਜੀਵਨ ਵਿਚ ਸਾਲ ਦੋ ਸਾਲ ਤੋਂ ਵੱਧ ਜੇਲ੍ਹ ਨਹੀਂ ਕਟੀ ਹੋਵੇਗੀ। ਹੋਰ ਤਾਂ ਛਡੋ ਇਹ ਤਾਂ 1960 ‘ਚ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼ ਸਮੇਂ ਇਕ ਦਿਨ ਲਈ ਵੀ ਜੇਲ੍ਹ ਨਹੀਂ ਸੀ ਗਿਆ ਕਿਉਕਿ 1958 ਤੇ 59 ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਸਲਾਨਾ ਚੋਣ ਸਮੇਂ ਇਸ ਨੇ ਸ੍ਰੋ਼ਮਣੀ ਅਕਾਲੀ ਦਲ ਨਾਲ ਗ਼ਦਾਰੀ ਕੀਤੀ ਸੀ ਜਿਸ ਦੇ ਕਾਰਣ ਨਮੋਸ਼ੀ ਦਾ ਮਾਰਿਆ ਇਹ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਨੇੜੇ ਨਹੀਂ ਸੀ ਢੁਕਿਆ ਤੇ ਨਾ ਹੀ ਕਿਸੇ ਨੇ ਨੇੜੇ ਲਗਣ ਦਿਤਾ ਸੀ। ਦੂਜੀ ਰਹੀ ਤਸੀਹਿਆਂ ਦੀ ਗਲ ਅਜ ਕਲ ਤਾਂ "ਮਾਲਦਾਰ ਸਾਮੀਆਂ" ਲਈ ਜੇਲ੍ਹ ਵਿਚ ਹਰ ਸਹੂਲਤ ਪ੍ਰਾਪਤ ਹੈ - ਇਹਨੂੰ ਤਸੀਹੇ ਕਿੰਨੇ ਦੇ ਤੇ?

ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜਸੀ ਜੀਵਨ ਵਿਚ ਜੋ ਤਾਂਡਵ ਨਾਚ ਰਚਿਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਇਸ ਤੋਂ ਪਹਿਲਾਂ ਬਹੁਤ ਸਾਰੇ ਪੰਥ ਦਰਦੀ ਵਿਦਿਵਾਨ ਸਜਣ ਉਸ ਤੇ ਵਿਸਥਾਰ ਪੂਰਬਕ ਰੌਸ਼ਨੀ ਪਾ ਚੁਕੇ ਹਨ। ਸੰਖੇਪ ਵਿਚ ਮੈਂ ਇਹੀ ਬੇਨਤੀ ਕਰਾਂਗਾ ਕਿ ਇਹ ਸਖਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਹਮਲਾ ਕਰਾਉਣ ਵਾਲੇ ਫਿਰਕੂ ਜੰਨਸੰਘੀ ਲੀਡਰ ਲਾਲ ਕਿਸ਼ਨ ਅਡਵਾਨੀ ਦਾ ਜੁੰਡੀ ਦਾ ਯਾਰ ਹੋਣ ਕਰਕੇ ਹਮਲਾਵਰਾਂ ਦੀ ਮੋਹਰਲੀ ਕਿਤਾਰ ਵਿਚ ਸ਼ਾਮਿਲ ਹੈ। ਅਡਵਾਨੀ ਸ਼ਰੇਆਮ ਲਿਖਤੀ ਤੇ ਜਬਾਨੀ ਸਵੀਕਰਦਾ ਹੈ ਕਿ ਮੈਂ ਜੋਰ ਦੇ ਕੇ ਇੰਦਰਾ ਗਾਂਧੀ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਉਤੇ ਫੌਜੀ ਹਮਲਾ ਕਰਵਾਇਆ ਸੀ। ਕੀ ਇਸ ਤੋਂ ਬਾਦਲ ਸ੍ਹਾਬ ਮੂੰਹ ਮੋੜ ਸਕਦਾ ਹੈ? ਜੇ ਰੰਚ ਮਾਤਰ ਵੀ ਇਨ੍ਹਾਂ ਦਾ ਹਿਰਦਾ ਸੁੱਧ ਹੈ, ਤਾਂ ਕੀ ਇਹ ਇਸਦਾ ਖੰਡਨ ਕਰ ਸਕਣ ਦੀ ਜੁਰਅਤ ਕਰ ਸਕਦੇ ਹਨ? ਕੀ ਇਸ ਸੇਵਾ ਬਦਲੇ ਇਹਨੂੰ ਸਨਮਾਨਿਤ ਕੀਤਾ ਗਿਆ ਹੈ?

ਸ਼ਹੀਦਾਂ ਦੀ ਜਥੇਦਬੰਦੀ ਸ੍ਰੋਮਣੀ ਅਕਾਲੀ ਦਲ ਦੇ ਮਾਨਮੱਤੇ ਇਤਿਹਾਸ ਨੂੰ ਇਹਨੇ ਪੈਰਾਂ ਵਿਚ ਰੋਲ ਕੇ ਰਖ ਦਿੱਤਾ ਹੈ। ਆਪਣੀ ਖੁੱਦਗਰਜ਼ੀ ਕਾਰਣ ਇਸ ਜਥੇਬੰਦੀ ਦੀਆਂ ਮਹਾਨ ਮਾਨ-ਮਰਯਾਦਾਵਾਂ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਹਿੰਦੂ ਰੰਗਤ ਵਿਚ ਰੰਗ ਦਿਤਾ ਗਿਆ ਹੈ। ਇਸ ਦੇ ਵਿਧਾਨ ਚੋਂ ਇਸਨੇ ਸਿੱਖ-ਸਿਧਾਂਤ ਤੇ ਸਿੱਖ ਪ੍ਰੰਪਰਾਵਾਂ ਨੂੰ ਅਲੋਪ ਕਰ ਦਿੱਤਾ ਹੈ। ਮੋਨ- ਘੋਨਾ ਲੱਠ-ਮਾਰ ਬ੍ਰੀਗੇਡ ਆਪਣੇ ਆਪ ਨੂੰ ‘ਅਕਾਲੀ' ਕੁਹਾਕੇ ਇਸ ਪਵਿਤ੍ਰ ਸ਼ਬਦ ਦਾ ਅਪਨਾਮ ਕਰ ਰਿਹਾ ਹੈ। ਸ੍ਰੀ ਪ੍ਰਕਾਸ਼ ਸਿੰਘ ਨੇ ਕੁੰਨਬਾਪ੍ਰਵਰੀ ਦੇ ਸਾਰੇ ਰਿਕਾਰਡ ਮਾਤ ਪਾ ਦਿਤੇ ਹਨ। ਪੰਜਾਬ ਨੂੰ ਰਜਕੇ ਲੁਟਿਆ ਤੇ ਕੁਟਿਆ ਹੈ। ਪੰਜਾਬ ਅੰਦਰ ਡੇਰਾਵਾਦ ਇਸੇ ਭੱਦਰ-ਪੁਰਸ਼ ਦੀ ਦੇਣ ਹੈ। ਇਹ ਦੋਵੇਂ ਪਿਓ ਪੁੱਤ ਪੱਥਰਾਂ ਦੇ ਪੁਜਾਰੀ ਹਨ। ਉਂਗਲਾਂ ਵਿਚ ਪਾਏ ਹੋਏ ਪੱਥਰ ਹਿੰਦੂਤਵ ਨੂੰ ਚਾਰ ਚੰਨ ਲਾ ਰਹੇ ਹਨ ਜੋ ਕਿ ਪਹਿਲਾਂ ਕਦੇ ਕਿਸੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਦੀਆਂ ਉਂਗਲਾਂ ਦਾ ਸ਼ਿੰਗਾਰ ਬਣੇ ਨਹੀਂ ਸਨ ਵੇਖੇ।

ਹੋਰ ਤਾਂ ਹੋਰ ਇਸ ਨੇ ਜੰਨ ਸੰਘ ਦੇ ਦਬਾਅ ਹੇਠ ਪੰਥਕ ਮੰਗਾਂ ਨੂੰ ਕਤਈ ਤੌਰ ਤੇ ਵਿਸਾਰ ਦਿੱਤਾ ਹੈ। ਚੰਡੀਗੜ੍ਹ ਦੀ ਪ੍ਰਾਪਤੀ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੀ ਵੰਡ ਇਤਿਆਦਿ ਮਸਲੇ ਬਾਦਲ ਐਂਡ ਸੰਨ ਕੰਪਨੀ ਦੇ ਏਜੰਡੇ ਤੋਂ ਸਦਾ ਲਈ ਅਲੋਪ ਹੋ ਚੁਕੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਪੰਜਾਬ ਦੇ ਪਾਣੀ ਬਚ ਗਏ ਹਨ ਜੇਕਰ ਇਸ ਦਾ ਵਸ ਚਲਦਾ ਤਾਂ ਕਦੋਂ ਦਾ ਪੰਜਾਬ ਨੂੰ ਰੇਗਿਸਤਾਨ ਵਿਚ ਬਦਲਿਆ ਹੋਣਾ ਸੀ।

"ਰਾਜ ਨਹੀਂ ਸੇਵਾ" ਦੇ ਮਾਟੋ ਤੇ ਚਲਦਿਆਂ ਪੰਜਾਬ ਦੀਆਂ ਧੀਆਂ ਨੂੰ ਸ਼ਰੇਆਮ ਘੋਨੇ-ਮੋਨੇ ਅਖੌਤੀ-ਅਕਾਲੀ ਸਰਪੰਚਾਂ ਤੋਂ ਚੁਪੇੜਾਂ ਨਾਲ ਕੁਟਵਾਇਆ ਜਾ ਰਿਹਾ ਹੈ ਤੇ ਗੰਦੀਆਂ ਗਾਲ੍ਹਾਂ ਕਢਵਾਈਆਂ ਜਾ ਰਹੀਆਂ ਹਨ। ਹੁਣ ਕਿਥੇ ਹੈ ਬਾਦਲ ਦੀ ਨੂੰਹ ਦੀ ਨੰਨੀ ਛਾਂਅ? ਜਿਸ ਬੱਚੀ ਦਾ ਸ਼ਰੇਆਮ ਅਪਮਾਨ ਕੀਤਾ ਗਿਆ ਹੈ ਕੀ ਉਹ ਕਿਸੇ ਦੀ ਧੀ ਨਹੀਂ? ਇਸ ਘਨੌਣੀ ਹਰਕਤ ਦੀ ਨਿੰਦਿਆ ਕਰਨ ਤੇ ਦੋਸ਼ੀ ਨੂੰ ਕਰੜੀ ਤੋਂ ਕਰੜੀ ਸਜ਼ਾ ਦਿਵਾਉਣ ਦੀ ਬਜਾਏ ਉਸ ਘੋਨ-ਮੋਨੇ ਸਰਪੰਚ ਦੀ "ਰਾਜ ਨਹੀਂ ਸੇਵਾ" ਸੰਘ ਪਾੜ ਪਾੜਕੇ ਕਹਿਣ ਵਾਲਿਆਂ ਵਲੋਂ ਡਟ ਕੇ ਪਿੱਠ ਠੋਕੀ ਜਾ ਰਹੀ ਹੈ।ਜੇ ਈ: ਜੀ: ਐਸ਼ ਅਧਿਆਪਕਾਂ ਦਾ ਡੈਪੂਟੇਸ਼ਨ ਸੁਖਬੀਰ ਬਾਦਲ ਨੂੰ ਹਡਬੀਤੀ ਸੁਨਾਉਣ ਚੰਡੀਗੜ੍ਹ ਗਿਆ ਤਾਂ ਗਲ ਸੁਨਣ ਦੀ ਬਜਾਏ " ਪੰਥਕ ਰਾਜਕੁਮਾਰ" ਇਹ ਕਹਿੰਦਾ ਹੋਇਆ ਕਾਰ ਵਿਚ ਬੈਠ ਗਿਆ ਕਿ ਪਰਚਾ ਦਰਜ ਹੋ ਗਿਆ ਹੈ ਹੋਰ ਇਹ ਕੀ ਚਾਹੁੰਦੀ ਹੈ? ਇਹਦੀ ਬੋਲੀ ਦੀ ਟੋਨ ਨੂੰ ਪਹਿਚਾਣੋ - ਸੱਚਮੁਚ ਹੰਕਾਰ ਦੀ ਅਤਿ ਹੋ ਚੁਕੀ ਹੈ। ਪੰਜਾਬ ਤਾਂ ਹੁਣ ਇਸ ਪਤਨ ਤੇ ਪਹੁੰਚ ਚੁਕਾ ਹੈ ਕਿ "ਹਰ ਸ਼ਾਖ ਪਹਿ ਉਲੂ ਬੈਠਾ ਹੈ ਅੰਜਾਮੇਂ ਗੁਲਿਸਤਾਂ ਕਿਆ ਹੋਗਾ"।

ਸਿੰਘ ਸਾਹਿਬਾਨ ਜੀਓ! ਕੀ ੳਪਰੋਕਤ ਸੇਵਾਵਾਂ ਦਾ ਕਰਜ਼ ਚੁਕਾਉਣ ਹਿੱਤ ਆਪ ਜੀ ਨੇ ਬਾਦਲ ਸੈਬ ਨੂੰ ਨਿਵਾਜਿਆ ਹੈ? ਬਲਿਹਾਰ ਜਾਂਦੇ ਹਾਂ ਆਪ ਜੀ ਦੀ ਵਿਸ਼ਾਲ-ਦਿਲੀ ਤੋਂ।

ਅੰਤ ਵਿਚ ਮੈਂ ਸਰਦਾਰ-ਇ-ਆਜ਼ਮ ਸਰਦਾਰ ਜਗਤਾਰ ਸਿੰਘ ਹਵਾਰਾ ਵਲੋਂ ਬੜੇ ਸੋਚ ਸਮਝ ਕੇ ਕਹੇ ਗਏ ਸ਼ਬਦ ਕਿ "ਕੈਪਟਨ, ਬਾਦਲ ਨਾਲੋਂ ਸੌ ਦਰਜੇ ਚੰਗਾ ਸਿੱਖ ਹੈ" ਦੀ ਪੁਰਜੋਰ ਸ਼ਬਦਾਂ ਵਿਚ ਹਮਾਇਤ ਕਰਦਾ ਹਾਂ।

ਗੁਰਮੇਜ ਸਿੰਘ, ਯੂ. ਐਸ.

ਫੋਨ ਨੰ: 408-440-8744 ਸੈਲ: 408-449-0347


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top