Share on Facebook

Main News Page

ਜੋ ਕੰਮ ਸਿੱਖੀ ਦੇ ਦੋਖੀ ਨਹੀਂ ਕਰ ਪਾਏ, ਉਹ ਸਿੱਖੀ ਦੇ ਠੇਕੇਦਾਰਾਂ ਨੇ ਕਰ ਵਿਖਾਇਆ

ਸਿੱਖੀ ਦੀ ਹੋਂਦ, ਗੁਰੂ ਗ੍ਰੰਥ ਸਾਹਿਬ ਜੀ ਤੇ ਨਿਰਭਰ ਹੈ। ਅਸੀਂ ਅਲੱਗ-ਅਲੱਗ ਗੁਰਦਵਾਰਿਆਂ ਵਿੱਚ, ਗੁਰੂ ਨਾਨਕ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਿ ਕਿਸ਼ਨ ਜੀ, ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਗੋਬੰਦ ਸਿੰਘ ਜੀ ਨੂੰ ਜਿੰਨੀ ਮਰਜ਼ੀ ਮਾਨਤਾ ਦੇਈ ਜਾਈਏ, ਪਰ ਉਨ੍ਹਾਂ ਵਲੋਂ ਬਖਸ਼ੇ ਸਿਧਾਂਤ ਨੂੰ, ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਵਿਚਾਰੇ ਬਗੈਰ, ਉਸ ਨੂੰ ਸਮਝੇ ਬਗੈਰ, ਉਸ ਤੇ ਅਮਲ ਕੀਤੇ ਬਗੈਰ ਇਹ ਮਾਨਤਾ, ਵਿਅਕਤੀ ਪੂਜਾ ਤੋਂ ਵੱਧ ਕੁਝ ਵੀ ਨਹੀਂ ਹੋਵੇਗੀ। ਪਰ ਸਿੱਖੀ ਨੂੰ ਢਾ ਲਾਉਣ ਵਾਲਿਆਂ ਨੇ, ਸਿੱਖੀ ਸਰੂਪ ਵਿੱਚ, ਅਲੱਗ-ਅਲੱਗ ਗੁਰਦਵਾਰਿਆਂ ਵਿੱਚ, ਅਲੱਗ-ਅਲੱਗ ਗੁਰੂ ਸਾਹਿਬਾਂ ਅੱਗੇ ਅਰਦਾਸਾਂ ਕਰਨ ਦੀ ਗੱਲ ਹੀ ਸਾਡੇ ਸਾਮ੍ਹਣੇ ਪਰੋਸੀ ਹੈ, ਜਿਸ ਨੂੰ ਅਸੀਂ ਆਗਿਆ-ਕਾਰੀ ਬਾਲਕਾਂ ਵਾਂਙ ਨਿਭਾ ਰਹੇ ਹਾਂ।

ਇਹੀ ਹਾਲ ਭਗਤਾਂ ਦੇ ਨਵੇਂ ਜੰਮੇ ਵੰਸ਼ਜਾਂ ਦਾ ਹੈ, ਉਹ ਇਹ ਗੱਲ ਭੁੱਲ ਕੇ ਕਿ ਭਗਤ ਪਰਮਾਤਮਾ ਦੀ ਵੰਸ਼ ਵਿਚੋਂ ਸਨ, ਅਤੇ ਉਨ੍ਹਾਂ ਦਾ ਪਰਿਵਾਰ, ਸਾਰੀ ਦੁਨੀਆਂ ਦੇ, ਪਰਮਾਤਮਾ ਨਾਲ ਜੁੜੇ ਬੰਦੇ ਹਨ, ਨਾ ਕਿ ਬ੍ਰਾਹਮਣ ਵਲੋਂ ਮਿਥੇ ਉਸ ਜਾਤ ਦੇ ਲੋਕ, ਜਿਸ ਵਿੱਚ ਭਗਤਾਂ ਦਾ ਜਨਮ ਹੋਇਆ ਸੀ। (ਜੇ ਅਜਿਹਾ ਨਾ ਹੁੰਦਾ ਤਾਂ, ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਨਾ ਹੁੰਦੀ) ਭਗਤਾਂ ਨੇ ਤਾਂ ਆਮ ਲੋਕਾਂ ਨੂੰ, ਬ੍ਰਾਹਮਣ ਦੇ ਪ੍ਰਭਾਵ ਹੇਠੋਂ ਕੱਢ ਕੇ, ਪਰਮਾਤਮਾ ਨਾਲ ਜੋੜਨ ਦਾ ਉਪਰਾਲਾ ਕੀਤਾ ਸੀ। ਪਰ ਉਨ੍ਹਾਂ ਦੀ ਹੀ ਆਖੀ ਜਾਂਦੀ ਜਾਤੀ ਦੇ, ਆਗੂ ਅਖਵਾਉਂਦੇ ਲੋਕ ਆਪ ਤਾਂ ਬ੍ਰਾਹਮਣ ਦੇ ਪ੍ਰਭਾਵ ਥਲਿਉਂ ਨਿਕਲ ਨਹੀਂ ਸਕੇ, ਉਲਟਾ ਆਪਣੀ ਜਾਤੀ ਦੇ ਲੋਕਾਂ ਨੂੰ ਹੀ ਨਹੀਂ, ਭਗਤਾਂ ਨੂੰ ਵੀ, ਬ੍ਰਾਹਮਣ ਵਲੋਂ ਸਿਰਜੇ ਵਰਨ-ਵੰਡ ਵਿੱਚ ਮਿਲਾਉਣ ਦਾ ਪੂਰਾ ਯਤਨ ਕਰ ਰਹੇ ਹਨ।

(ਕਾਸ਼ ਕਦੀ ਉਨ੍ਹਾਂ ਨੇ ਭਗਤਾਂ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ) ਅੱਜ ਦੇ ਸਿੱਖ ਅਖਵਾਉਂਦੇ ਵਿਦਵਾਨ ਵੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੇ, ਵਿਚਾਰੇ, ਸਮਝੇ ਬਗੈਰ ਹੀ ਕੁਝ ਤੁਕਾਂ ਲੈ ਕੇ ਗੁਰਬਾਣੀ ਨੂੰ, ਵਿਗਿਆਨ ਦੀ ਕਸਵੱਟੀ ਤੇ ਪਰਖਣ ਦਾ ਉਪਰਾਲਾ ਕਰ ਰਹੇ ਹਨ। ਇਹ ਤਾਂ ਇਵੇਂ ਹੈ, ਜਿਵੇਂ ਕਿਸੇ ਪੀ. ਐਚ.ਡੀ. ਦੇ ਵਿਦਿਆਰਥੀ ਦੀ ਥੀਸਿਸ ਨੂੰ ਦਸਵੀਂ ਦੇ ਸਲੇਬਸ ਤੇ ਪਰਖਿਆ ਜਾਂਦਾ ਹੋਵੇ।

ਵਿਗਿਆਨ ਮਾਦੀ ਚੀਜ਼ਾਂ ਤੇ ਆਧਾਰਿਤ ਗਿਆਨ ਹੈ, ਜਦ ਕਿ ਅਧਿਆਤਮ ਗਿਆਨ, ਮਾਦੀ ਚੀਜ਼ਾਂ ਤੋਂ ਬਾਹਰ ਦਾ ਗਿਆਨ ਹੈ। ਜਿਵੇਂ-ਜਿਵੇਂ ਬੰਦਾ, ਰੂਪ-ਰੰਗ ਤੋਂ ਬਾਹਰੇ ਪ੍ਰਭੂ ਨੂੰ ਨਕਾਰਦਾ ਜਾ ਰਿਹਾ ਹੈ, ਜਿਵੇਂ -ਤਿਵੇਂ ਹੀ ਉਸ ਨਾਲ ਸਬੰਧਿਤ ਅਧਿਆਤਮ-ਵਾਦ ਨੂੰ ਵੀ ਨਕਾਰਦਾ ਜਾ ਰਿਹਾ ਹੈ। ਏਥੋਂ ਹੀ ਪੈਦਾ ਹੋ ਰਿਹਾ ਹੈ, ਸਿੱਖੀ ਨੂੰ ਨਕਾਰਨ ਦਾ ਕੰਮ, ਜੋ ਦੂਸਰੇ ਧਰਮਾਂ ਦੇ ਲੋਕ ਨਹੀਂ ਕਰ ਰਹੇ, ਸਿੱਖੀ ਭੇਸ ਵਿੱਚਲੇ, ਆਪਣੇ-ਆਪ ਨੂੰ ਸਿੱਖੀ ਦੇ ਠੇਕੇਦਾਰ ਅਖਵਾਉਂਦੇ ਲੋਕ ਹੀ ਕਰ ਰਹੇ ਹਨ।

ਭਗਤ ਨਾਮ ਦੇਉ ਜੀ ਤਾਂ ਲਿਖਦੇ ਹਨ ਕਿ ਉਹ, ਪ੍ਰਭੂ ਦੀ ਭਾਲ ਵਿੱਚ ਦੇਹੁਰੇ (ਮੰਦਰ) ਗਏ ਸਨ, ਉੱਚ ਜਾਤੀ ਵਾਲਿਆਂ ਨੇ ਉਸ (ਨੀਵੀਂ ਜਾਤ ਵਾਲੇ) ਨੂੰ, ਧੱਕੇ ਮਾਰ ਕੇ ਮੰਦਰ ਵਿਚੋਂ ਬਾਹਰ ਕੱਢ ਦਿੱਤਾ। ਨਾਮ ਦੇਉ ਜੀ ਮੰਦਰ ਦੇ ਪਿਛਵਾੜੇ ਬੈਠ ਕੇ, ਭਗਵਾਨ ਅਤੇ ਮੰਦਰ ਵਿੱਚਲੇ ਸਬੰਧ ਬਾਰੇ ਵਿਚਾਰਨ ਲੱਗੇ। ਜਿਵੇਂ-ਜਿਵੇਂ ਉਹ ਇਸ ਬਾਰੇ ਵਿਚਾਰਦੇ ਗਏ, ਤਿਵੇਂ-ਤਿਵੇਂ ਉਨ੍ਹਾਂ ਦੇ ਕਪਾਟ ਖੁਲ੍ਹਦੇ ਗਏ, ਉਨ੍ਹਾਂ ਨੂੰ ਸਮਝ ਆ ਗਈ ਕਿ ਇਹ ਭਗਵਾਨ ਦੇ ਭਗਤਾਂ ਦਾ ਦੇਹੁਰਾ ਨਹੀਂ ਹੈ। ਇਨ੍ਹਾਂ ਪੱਥਰ ਦੀਆਂ ਮੂਰਤੀਆਂ ਵਿੱਚ ਭਗਵਾਨ ਨਹੀਂ ਵਸਦਾ, ਭਗਵਾਨ ਤਾਂ ਉਨ੍ਹਾਂ ਦੇ ਹਿਰਦੇ ਵਿੱਚ ਵਸਦਾ ਹੈ, ਹਰੀ ਦਾ ਮੰਦਰ ਤਾਂ ਭਗਤਾਂ ਦਾ ਇਹ ਸਰੀਰ ਹੀ ਹੈ। ਪਰ ਸਿੱਖੀ ਭੇਖ ਵਿੱਚਲੇ ਸ਼ਾਤ੍ਰ ਬ੍ਰਾਹਮਣਾਂ ਨੇ ਇਹ ਤਾਂ ਮੰਨ ਲਿਆ ਕਿ, ਜਦ ਭਗਤ ਨਾਮਦੇਉ ਜੀ ਮੰਦਰ ਦੇ ਪਿਛਵਾੜੇ ਬੈਠ ਕੇ, ਪ੍ਰਭੂ ਦਾ ਭਜਨ ਕਰਨ ਲੱਗੇ ਤਾਂ ਮੰਦਰ ਦਾ ਦਰਵਾਜ਼ਾ ਘੁੰਮ ਕੇ ਭਗਤ ਜੀ ਵੱਲ ਹੋ ਗਿਆ। ਯਾਨੀ ਇਸ ਦੀ ਆੜ ਵਿੱਚ ਸਾਬਤ ਕਰ ਦਿੱਤਾ ਕਿ ਮੰਦਰ ਹੀ ਪ੍ਰਭੂ ਦਾ ਅਸਲੀ ਘਰ ਹੈ, ਜਿਸ ਦਾ ਦਰਵਾਜ਼ਾ ਘੁੰਮ ਕੇ ਭਗਤ ਜੀ ਵੱਲ ਹੋ ਗਿਆ, ਪਰ ਸਿੱਖਾਂ ਨੂੰ ਇਹ ਨਹੀਂ ਮੰਨਣ ਦਿੱਤਾ ਕਿ ਮੰਦਰ ਰੱਬ ਦਾ ਘਰ ਨਹੀਂ ਹੈ, ਮੂਰਤੀਆਂ ਵਿੱਚ ਰੱਬ ਨਹੀਂ ਵਸਦਾ। (ਇਹ ਸਾਰਾ ਪਰਚਾਰ ਕਿਤਿਉਂ ਬਾਹਰੋਂ ਨਹੀਂ ਹੋਇਆ, ਬਲਕਿ ਗੁਰਦਵਾਰਿਆਂ ਵਿਚੋਂ, ਸਿੱਖੀ ਭੇਖ-ਧਾਰੀਆਂ ਨੇ ਹੀ ਕੀਤਾ ਹੈ)

ਇਵੇਂ ਹੀ ਮੁਸਲਮਾਨਾਂ ਨੇ, ਇਹ ਤਾਂ ਮੰਨ ਲਿਆ ਕਿ ਗੁਰੂ ਨਾਨਕ ਸਾਹਿਬ, ਜਦ ਕਾਹਬੇ ਦੀ ਮਹਿਰਾਬ ਵਲ ਪੈਰ ਕਰ ਕੇ ਸੁੱਤੇ ਹੋਏ ਸਨ, ਕਾਜ਼ੀ ਨੇ ਲੱਤੋਂ ਫੜ ਕੇ, ਘਸੀਟ ਕੇ ਪੈਰ ਦੂਸਰੇ ਪਾਸੇ ਕਰ ਦਿੱਤੇ ਤਾਂ ਮੱਕਾ (ਕਾਹਬਾ ਨਹੀਂ) ਘੁੰਮ ਗਿਆ। ਪਰ ਗੁਰੂ ਸਾਹਿਬ ਦਾ ਉਹ ਸਿਧਾਂਤ ਜੋ ਉਨ੍ਹਾਂ ਨੇ ਮੱਕੇ ਵਿੱਚ ਦ੍ਰਿੜ ਕਰਵਾਇਆ ਸੀ ਕਿ, ਅਲ੍ਹਾ ਖਾਲੀ ਕਾਹਬੇ ਵਿੱਚ ਹੀ ਨਹੀਂ ਹੈ, ਬਲਕਿ ਦੁਨੀਆਂ ਦੇ ਹਰ ਕਣ ਵਿੱਚ ਹੈ। ਜਿਸ ਆਸਰੇ ਉਨ੍ਹਾਂ ਦਾ ਨਮਾਜ਼-ਗਾਹਾਂ ਦਾ ਦੁਨੀਆਂ ਵਿੱਚ ਵਿਛਾਇਆ ਜਾਲ (ਜਿਨ੍ਹਾਂ ਵਿੱਚ ਕਾਹਬੇ ਵੱਲ ਮੂੰਹ ਕਰ ਕੇ ਨਮਾਜ਼ ਅਦਾ ਕਰਨ ਲਈ, ਵਿਸ਼ੇਸ਼ ਦਿਸ਼ਾ ਦਾ ਨਿਰਦੇਸ਼ਨ ਕੀਤਾ ਹੁੰਦਾ ਹੈ) ਵਿਖਰਨ ਤੋਂ ਬਚਾ ਲਿਆ। ਉਨ੍ਹਾਂ ਨੇ ਤਾਂ ਇਹ ਪਰਚਾਰ ਖਾਲੀ ਮੁਸਲਮਾਨਾਂ ਵਿੱਚ ਹੀ ਕੀਤਾ ਸੀ। (ਤਾਂ ਜੋ ਉਨ੍ਹਾਂ ਦੇ ਵਿਸ਼ਵਾਸ ਵਿੱਚ ਤ੍ਰੇੜ ਨਾ ਆ ਜਾਵੇ)

ਪਰ ਸਿੱਖ ਭੇਖ ਵਿੱਚਲੇ ਲੋਕਾਂ ਨੇ ਗੁਰਦਵਾਰਿਆਂ ਵਿਚੋਂ ਹੀ, ਚੰਗੀ ਤਰ੍ਹਾਂ ਇਹ ਦ੍ਰਿੜ ਕਰਵਾ ਦਿੱਤਾ ਕਿ ਗੁਰੂ ਸਾਹਿਬ ਦੇ ਪੈਰਾਂ ਮਗਰ ਹੀ ਮੱਕਾ ਘੁੰਮ ਗਿਆ ਸੀ। (ਜਦ ਕਿ ਗੁਰੂ ਸਾਹਿਬ ਕਾਹਬੇ (ਜਿਸ ਮਸਜਿਦ ਦਾ ਹੱਜ ਕਰਨ ਲਈ ਮੁਸਲਮਾਨ ਜਾਂਦੇ ਹਨ) ਵਾਲੀ ਮਸਜਿਦ ਦੀ ਮਹਿਰਾਬ ਵੱਲ ਪੈਰ ਕਰ ਕੇ ਸੁੱਤੇ ਹੋਏ ਸਨ। ਮੱਕਾ ਉਸ ਅਸਥਾਨ ਦਾ ਨਾਮ ਹੈ, ਜੋ ਕਾਹਬੇ ਦੇ ਪੁਜਾਰੀਆਂ ਦਾ ਨਿਵਾਸ ਅਸਥਾਨ ਹੈ, ਕਾਹਬੇ ਤੋਂ ਕਾਫੀ ਦੂਰ ਹੈ। ਇਵੇਂ ਸਿੱਖਾਂ ਨੇ ਹੀ ਗੁਰਦਵਾਰੇ ਨੂੰ, ਗੁਰੂ ਦਾ ਦਵਾਰਾ, ਗੁਰੂ ਦੀ ਸਿਖਿਆ ਮਿਲਣ ਦਾ ਅਸਥਾਨ ਨਾ ਰਹਣ ਦੇ ਕੇ, ਉਸ ਨੂੰ ਹੀ ਵਾਹਿਗੁਰੂ ਦਾ ਨਿਵਾਸ-ਅਸਥਾਨ ਪਰਚਾਰ ਦਿੱਤਾ। ਅੱਜ ਸਿੱਖਾਂ ਦੇ ਕੇਂਦਰੀ ਅਸਥਾਨ (ਦਰਬਾਰ ਸਾਹਿਬ) ਨੂੰ ਕੋਈ ਹਰੀ (ਵਿਸ਼ਨੂ) ਦਾ ਨਿਵਾਸ ਅਸਥਾਨ ਪਰਚਾਰ ਰਿਹਾ ਹੈ, ਕੋਈ ਸਿੱਖਾਂ ਦਾ ਕਾਹਬਾ ਕਰ ਕੇ ਪਰਚਾਰ ਰਿਹਾ ਹੈ।

ਸੱਚ ਦਾ, ਪਰਮਾਤਮਾ ਦਾ ਜਿੰਨਾ ਸਹੀ ਵਿਸਲੇਸ਼ਨ, ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਦੁਨੀਆਂ ਦੇ ਸਮਾਜ ਦਾ ਜਿੰਨਾ ਮਹਾਨ ਫਲਸਫਾ, ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਓਨਾ ਦੁਨੀਆਂ ਦੇ ਸਾਰੇ ਧਰਮਾਂ ਦੇ ਗ੍ਰੰਥਾਂ ਵਿਚੋਂ, ਕਿਸੇ ਵਿੱਚ ਵੀ ਨਹੀਂ ਹੈ। ਫਿਰ ਕੀ ਕਾਰਨ ਹੈ ਕਿ ਅੱਜ ਸਿੱਖ ਹੀ, ਗੁਰਬਾਣੀ ਦੀ ਸਿਖਿਆ ਤੋਂ ਦੂਰ ਹੋ ਰਹੇ ਹਨ? ਆਉ ਇਸ ਬਾਰੇ ਥੋੜੀ ਪੜਚੋਲ ਕਰਦੇ ਹਾਂ।

ਸੱਚ ਬੜਾ ਕੌੜਾ ਹੁੰਦਾ ਹੈ, ਇਸ ਨੂੰ ਕਹਿਣਾ, ਬੜਾ ਔਖਾ ਹੁੰਦਾ ਹੈ। ਇਸ ਨੂੰ ਸੁਣ ਲੈਣਾ, ਅੱਤ ਦਾ ਕਠਨ ਕੰਮ ਹੈ, ਅਤੇ ਸੁਣ ਕੇ ਬਰਦਾਸ਼ਤ ਕਰ ਲੈਣਾ ਤਾਂ ਕਰੀਬ-ਕਰੀਬ ਅਸੰਭਵ ਕੰਮ ਹੈ। ਗੁਰੂ ਗ੍ਰੰਥ ਸਾਹਿਬ ਸੱਚ ਦਾ ਸੂਰਜ ਹੈ, ਇਸ ਸੂਰਜ ਦੇ ਚੜ੍ਹਨ ਦੇ ਨਾਲ ਹੀ, ਇਸ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਇਕ ਗੱਲ ਸਮਝਣ ਵਾਲੀ ਹੈ ਕਿ ਸੱਚ, ਉਨ੍ਹਾਂ ਲਈ ਕੌੜਾ ਹੁੰਦਾ ਹੈ, ਜੋ ਰੱਬ ਦੇ ਨਿਯਮ-ਕਾਨੂਨ ਦੀ ਉਲੰਘਣਾ ਕਰਨ ਵਾਲੇ ਹੁੰਦੇ ਹਨ।

ਜਿਵੇਂ ਹਕੂਮਤ ਦੇ ਨਸ਼ੇ ਵਿੱਚ, ਜੰਤਾ ਦੀ ਲੁੱਟ ਕਰਨ ਵਾਲੇ ਹਾਕਮ, ਭਾਵੇਂ ਉਹ ਛੋਟੇ ਤੋਂ ਛੋਟੇ ਅਹਿਲਕਾਰ ਹੋਣ ਜਾਂ ਉੱਚ ਪਦਵੀਆਂ ਤੇ ਬੈਠੇ ਮੁੱਖ ਮੰਤਰੀ ਜਾਂ ਪਰਧਾਨ ਮੰਤਰੀ। ਭਾਵੇਂ ਉਹ ਰਾਸ਼ਟਰ-ਪਤੀ ਅਖਵਾਉਣ ਜਾਂ ਡਿਕਟੇਟਰ। ਕਿਸੇ ਵੇਲੇ ਦੇ ਜਗੀਰ-ਦਾਰ ਹੋਣ ਜਾਂ ਨਵਾਬ। ਰਾਜੇ-ਮਹਾਰਾਜੇ ਹੋਣ ਜਾ ਬਾਦਸ਼ਾਹ। ਇਵੇਂ ਹੀ ਧਾਰਮਿਕ ਕਹੇ ਜਾਂਦੇ ਆਗੂ (ਭਾਵੇਂ ਉਨ੍ਹਾਂ ਨੂੰ ਪੋਪ ਕਿਹਾ ਜਾਂਦਾ ਹੋਵੇ, ਜਾਂ ਤਖਤਾਂ ਦੇ ਜਥੇਦਾਰ, ਸਿੰਘ-ਸਾਹਿਬ ਕਿਹਾ ਜਾਂਦਾ ਹੋਵੇ। ਸ਼ੰਕਰਾਚਾਰੀਆ ਕਿਹਾ ਜਾਂਦਾ ਹੋਵੇ ਜਾਂ ਪਰਧਾਨ ਮੌਲਵੀ। ਅਤੇ ਉਨ੍ਹਾਂ ਵਲੋਂ ਕੀਤੀ ਜਾਂਦੀ ਲੁੱਟ ਵਿੱਚ ਮਦਦ ਕਰਨ ਵਾਲੇ, ਉਨ੍ਹਾਂ ਦੇ ਚੇਲੇ-ਚਾਟੜੇ। ਭਾਵੇਂ ਉਨ੍ਹਾਂ ਨੂੰ ਮੁੱਲਾਂ ਕਹਿ ਲਵੋ ਜਾਂ ਮੰਦਰਾਂ ਦੇ ਪੁਜਾਰੀ, ਗੁਰਦਵਾਰਿਆਂ ਦੇ ਭਾਈ ਕਹਿ ਲਵੋ ਜਾਂ ਗਿਰਜਿਆਂ ਦੇ ਫਾਦਰ। ਭਾਵੇਂ ਹਿੰਦੂਆਂ ਵਿੱਚਲੇ ਮਠਾਧੀਸ਼ ਕਹਿ ਲਵੋ ਜਾਂ ਸਿੱਖੀ ਵਿੱਚ ਅਣਅਧਿਕਾਰਤ ਤੌਰ ਤੇ ਪੈਦਾ ਹੋ ਗਏ ਡੇਰੇਦਾਰ, ਸੰਤ ਸਮਾਜੀਏ ਕਹਿ ਲਵੋ। ਸਿੱਖੀ ਵਿੱਚ ਤਾਂ ਗੁਰਦਵਾਰਿਆਂ ਦੇ ਪਰਬੰਧਕ, ਇਨ੍ਹਾਂ ਨਾਲੋਂ ਵੀ ਜ਼ਿਆਦਾ, ਸੱਚ ਤੋਂ ਭੜਕਦੇ ਹਨ। ਸੱਚ ਉਨ੍ਹਾਂ ਲਈ ਬਹੁਤ ਮਿੱਠਾ ਹੁੰਦਾ ਹੈ, ਜਿਨ੍ਹਾਂ ਦਾ ਹੱਕ ਮਾਰਿਆ ਜਾਂਦਾ ਹੋਵੇ।

ਜਦ ਗੁਰੂ ਨਾਨਕ ਜੀ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ, ਤਾਂ ਉਨ੍ਹਾਂ ਦਾ ਵਿਰੋਧ ਪੁਜਾਰੀਆਂ ਵਲੋਂ ਵੀ ਹੋਇਆ, ਬਾਬਰ ਵਲੋਂ ਵੀ ਹੋਇਆ ਅਤੇ ਪੁਤਰਾਂ ਵਲੋਂ ਵੀ ਹੋਇਆ। ਜਿਸ ਨੂੰ ਜ਼ਾਹਰ ਕਰਨ ਲਈ ਪੰਜਵੇਂ ਨਾਨਕ ਵਲੋਂ ਗੁਰੂ ਗ੍ਰੰਥ ਸਾਹਿਬ ਵਿੱਚ “ਰਾਇ ਬਲਵੰਡ ਤਥਾ ਸਤੈ ਡੂਮ ਦੀ ਵਾਰ ” ਦਰਜ ਕਰਨੀ ਪਈ। ਜਿਸ ਵਿੱਚ ਸਪੱਸ਼ਟ ਕੀਤਾ ਹੈ, ਕਿ ਬਾਬਾ ਨਾਨਕ ਜੀ ਨੇ ਜੋ ਸੱਚ ਦਾ ਰਾਜ ਚਲਾਇਆ ਸੀ, ਉਸ ਨੂੰ ਚਾਲੂ ਰੱਖਣ ਲਈ, ਭਾਈ ਲਹਿਣਾ ਜੀ ਨੂੰ ਆਪਣਾ ਅੰਗ, ਗੁਰੂ ਅੰਗਦ ਬਣਾ ਕੇ ਉਸ ਰਾਜ ਦੀ ਜ਼ਿਮੇਦਾਰੀ ਸੌਂਪੀ। ਵਾਰ ਵਿੱਚ ਸਪੱਸ਼ਟ ਹੈ, ਕਿ ਗੁਰੂ ਨਾਨਕ ਜੀ ਨੇ ਜੋ ਵੀ ਬਚਨ ਕੀਤਾ, ਬਾਬਾ ਲਹਿਣਾ ਜੀ ਨੇ ਉਸ ਨੂੰ ਸੱਚ ਕਰ ਕੇ ਮੰਨਿਆ, ਪਰ ਦੋਵਾਂ ਪੁਤਰਾਂ ਨੇ ਨਾਨਕ ਜੀ ਦਾ ਬਚਨ ਨਾ ਮੰਨਿਆ, ਗੁਰੂ ਵੱਲ ਪਿੱਠ ਦੇ ਕੇ ਬਚਨ ਮੋੜਦੇ ਰਹੇ। ਜਿਸ ਦੇ ਸਿੱਟੇ ਵਜੋਂ ਪੁਤਰ ਤਾਂ, ਖੋਟਾ ਦਿਲ ਹੋਣ ਕਾਰਨ, ਆਕੀ ਹੋਏ ਫਿਰਦੇ, ਦੁਨੀਆ ਦੇ ਧੰਦਿਆ ਦੀ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਫਿਰਦੇ ਰਹੇ। ਬਚਨ ਮੰਨਣ ਵਾਲੇ ਭਾਈ ਲਹਿਣਾ ਜੀ, ਗੁਰੂ ਨਾਨਕ ਦਾ ਅੰਗ, ਗੁਰੂ ਅੰਗਦ ਬਣ ਕੇ ਉਸ ਸੱਚ ਦੇ ਰਾਜ ਨੂੰ ਅਗਾਂਹ ਚਲਾਉਂਦੇ ਰਹੇ। ਉਨ੍ਹਾਂ ਦੀ ਵਡਿਆਈ ਦੀ ਧੁੰਮ ਚਾਰੇ ਪਾਸੇ ਪੈ ਗਈ, ਕਿਉਂਕਿ ਉਹ ਵੀ ਸੱਚ ਦੀ ਗੱਲ ਹੀ ਕਰ ਰਹੇ ਸਨ।

ਪਰ ਸਮੇਂ ਦੇ ਨਾਲ ਉਨ੍ਹਾਂ ਆਕੀ ਪੁਤਰਾਂ ਦੇ ਚੇਲਿਆਂ ਨੇ ਸਾਖੀਆਂ ਵਿੱਚ ਲਿਖਿਆ ਕਿ, ਸ੍ਰੀਚੰਦ ਨੇ ਤੀਜੇ ਨਾਨਕ ਜੀ ਦੇ ਲੱਤ ਮਾਰੀ, ਅਤੇ ਤੀਜੇ ਨਾਨਕ ਜੀ ਨੇ ਸ੍ਰੀਚੰਦ ਦੇ ਪੈਰ ਫੜ ਕੇ ਪੁਛਿਆ, ਕਿ ਕਿਤੇ ਪੈਰ ਨੂੰ ਸੱਟ ਤਾਂ ਨਹੀਂ ਲੱਗੀ? ਅਤੇ ਉਸ ਦੇ ਪੈਰ ਘੁੱਟੇ। ਸ੍ਰੀਚੰਦ ਨੇ (ਜੋ ਆਪ ਕੁਦਰਤ ਦੇ ਅਸੂਲਾਂ ਤੋਂ ਭਗੌੜਾ, ਅੱਜ ਦੇ ਕਲੀਨ ਸ਼ੇਵਨ ਸਿੱਖਾਂ ਵਰਗਾ ਸੀ) ਚੌਥੇ ਨਾਨਕ ਜੀ ਨੂੰ ਪੁਛਿਆ ਕਿ, ਇਹ ਦਾੜ੍ਹਾ, ਏਨਾ ਕਿਉਂ ਵਧਾਇਆ ਹੋਇਆ ਹੈ? ਤਾਂ ਚੌਥੇ ਨਾਨਕ ਜੀ ਨੇ ਉਸ ਨੂੰ ਸੱਚ ਸਮਝਾਉਣ ਦੀ ਥਾਂ ਕਿਹਾ “ਤੁਹਾਡੇ ਵਰਗੇ ਮਹਾਂ-ਪੁਰਸ਼ਾਂ ਦੇ ਚਰਨ ਸਾਫ ਕਰਨ ਲਈ ”। ਸ੍ਰੀਚੰਦ ਨੇ ਛੇਵੇਂ ਨਾਨਕ ਜੀ ਤੋਂ, ਉਦਾਸੀਆਂ ਦਾ ਪਰਚਾਰ ਕਰਨ ਲਈ, ਉਨ੍ਹਾਂ ਦਾ ਪੁੱਤਰ (ਬਾਬਾ ਗੁਰਦਿੱਤਾ ਜੀ) ਮੰਗ ਕੇ ਲੈ ਲਿਆ। (ਜਦ ਕਿ ਬਾਬਾ ਗੁਰਦਿੱਤਾ ਜੀ, ਸ੍ਰੀ ਚੰਦ ਦੇ ਮਰਨ ਤੋਂ 13 ਮਹੀਨੇ ਮਗਰੋਂ ਪੈਦਾ ਹੋਏ ਸਨ)

ਇਹ ਵੀ ਲਿਖਿਆ ਕਿ ਭਾਵੇਂ ਬਾਬਾ ਨਾਨਕ ਜੀ ਨੇ ਸਿੱਖੀ ਦੇ ਪਰਚਾਰ ਦੀ ਜ਼ਿਮੇਵਾਰੀ, ਭਾਈ ਲਹਿਣਾ ਜੀ ਨੂੰ ਸੌਂਪੀ ਸੀ, ਪਰ ਆਪਣੀ ਬਾਣੀ ਵਾਲੀ ਪੋਥੀ, ਜਿਸ ਆਸਰੇ ਸਿੱਖੀ ਦਾ ਪਰਚਾਰ ਹੋਣਾ ਸੀ, ਉਹ ਸ੍ਰੀਚੰਦ ਨੂੰ ਦਿੱਤੀ ਸੀ, (ਜਦ ਕਿ ਏਸੇ ਵਾਰ ਵਿੱਚ ਹੀ ਲਿਖਿਆ ਹੈ ਕਿ, ਗੁਰੂ ਅੰਗਦ ਜੀ ਦੇ ਦਰਬਾਰ ਵਿੱਚ, ਗੁਰੂ ਨਾਨਕ ਸਾਹਿਬ ਵਲੋਂ ਬਖਸ਼ੇ ਸ਼ਬਦ ਦਾ ਲੰਗਰ ਵਰਤਾ ਹੋ ਰਿਹਾ ਹੈ। ਗੁਰੂ ਅੰਗਦ ਜੀ ਆਪ ਵੀ ਉਸ ਲੰਗਰ ਨੂੰ ਖੂਬ ਵਰਤਦੇ ਹਨ ਅਤੇ ਦੂਸਰਿਆਂ ਨੂੰ ਵੀ ਖੁਲ੍ਹੇ ਦਿਲ ਨਾਲ ਵਰਤਾ ਰਹੇ ਹਨ, ਫਿਰ ਵੀ ਇਸ ਲੰਗਰ ਵਿੱਚ ਕੋਈ ਘਾਟਾ ਨਹੀਂ ਆ ਰਿਹਾ, ਬਲਕਿ ਲਗਾਤਾਰ ਵਾਧਾ ਹੋ ਰਿਹਾ ਹੈ।) ਅਤੇ ਸ੍ਰੀਚੰਦ ਦੇ ਵਾਰਸਾਂ ਨੇ ਉਸ ਪੋਥੀ ਨੂੰ, ਸ੍ਰੀਚੰਦ ਦੀ ਮੌਤ ਮਗਰੋਂ, ਸ੍ਰੀਚੰਦ ਨੂੰ ਰਾਵੀ ਵਿੱਚ ਦਰਿਆ-ਬੁਰਦ ਕਰਦਿਆਂ ਉਹ ਪੋਥੀ ਵੀ ਨਾਲ ਹੀ ਰੋੜ੍ਹ ਦਿੱਤੀ ਸੀ।

ਗੁਰ ਦੋਖੀਆਂ ਨੇ ਇਹ ਸਾਰਾ ਕੁਝ ਲਿਖਿਆ ਤਾਂ ਸੀ ਪਰ, ਗੁਰੂ ਸਾਹਿਬਾਂ ਦੇ ਹੁੰਦਿਆਂ, ਉਨ੍ਹਾਂ ਨੂੰ ਇਹ ਪਰਚਾਰਨ ਦੀ ਹਿੱਮਤ ਨਾ ਪਈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦ ਹੋ ਜਾਣ ਮਗਰੋਂ, ਜਦ ਸਿੰਘਾਂ ਦਾ ਕਸਬਿਆਂ, ਪਿੰਡਾਂ ਵਿੱਚ ਰਹਿਣਾ ਅਸੰਭਵ ਹੋ ਗਿਆ। ਉਹ ਕਸਬੇ, ਪਿੰਡ ਛੱਡ ਕੇ ਜੰਗਲਾਂ ਦੇ ਵਾਸੀ ਹੋ ਗਏ, ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਹੋ ਗਈਆਂ। ਉਸ ਵੇਲੇ ਇਨ੍ਹਾਂ ਗੁਰ ਦੋਖੀਆਂ ਦੀ ਚੜ੍ਹ ਮਚ ਗਈ, ਗੁਰਦਵਾਰਿਆਂ ਤੇ ਇਨ੍ਹਾਂ ਦਾ ਕਬਜ਼ਾ ਹੋ ਗਿਆ। ਗੁਰਦਵਾਰਿਆਂ ਵਿਚੋਂ ਹੀ ਇਨ੍ਹਾਂ ਦੋਖੀਆਂ ਦੇ, ਸਿੱਖੀ ਭੇਸ ਵਿੱਚਲੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੀ ਥਾਂ, ਗੁਰ ਦੋਖੀਆਂ ਦੀਆਂ ਲਿਖੀਆਂ ਝੂਠੀਆਂ ਕਹਾਣੀਆਂ ਪਰਚਾਰਨੀਆਂ ਸ਼ੁਰੂ ਕਰ ਦਿੱਤੀਆਂ। ਸਦੀਆਂ ਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੀ ਥਾਂ ਇਨ੍ਹਾਂ ਕਹਾਣੀਆਂ ਦਾ ਦੁਸ਼-ਪਰਚਾਰ ਹੁੰਦਾ ਰਿਹਾ। (ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਨ੍ਹਾਂ ਦਾ ਪਰਚਾਰ ਹੋ ਰਿਹਾ ਹੈ) ਇਸ ਪਰਚਾਰ ਆਸਰੇ ਹੀ ਸਿੱਖ, ਅਕਾਲ ਪੁਰਖ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਨਾ ਰਹਿ ਕੇ, ਸ੍ਰੀਚੰਦ-ਲਖਮੀ ਦਾਸ ਦੇ ਵੰਸ਼ਜਾਂ, ਬੇਦੀਆਂ ਦੇ ਸੇਵਕ ਹੋ ਗਏ ਅਤੇ ਸਿੱਖੀ ਇਲਾਕੇ ਵਿੱਚ, ਬੇਦੀਆਂ ਦੀ ਸਿੱਖੀ ਸੇਵਕੀ ਚਾਲੂ ਹੋ ਗਈ। ਜਿਸ ਦਾ ਪਾਕਿਸਤਾਨ ਬਣਨ ਤੋਂ ਪਹਿਲਾਂ ਤਾਂ ਬਹੁਤ ਜ਼ੋਰ ਸੀ, ਅੱਜ ਵੀ ਇਹ ਕਿਸੇ ਨਾ ਕਿਸੇ ਰੂਪ ਵਿੱਚ ਵੇਖੀ ਜਾ ਸਕਦੀ ਹੈ। ਜਦ ਕਿ, ਜੇ ਇਹ ਸ਼ਰਮ ਵਾਲੇ ਹੁੰਦੇ ਤਾਂ ਇਸ ਨਮੋਸ਼ੀ ਵਿੱਚ, ਕਿ ਸਾਡੇ ਵਢੇਰਿਆਂ ਨੇ ਸੱਚ ਦੇ ਸੂਰਜ ਵੱਲ, ਪਿੱਠ ਕੀਤੀ ਰੱਖੀ ਸੀ, (ਜਿਸ ਦੇ ਸਿੱਟੇ ਵਜੋਂ ਉਹ ਤਾਂ ਉਲੂ ਵਾਂਙ ਸੂਰਜ ਦੀ ਰੋਸ਼ਨੀ ਤੋਂ ਲਾਭ ਨਾ ਉਠਾ ਸਕੇ, ਪਰ ਬਾਬਾ ਲਹਿਣਾ ਜੀ ਬਾਹਰੋਂ ਆ ਕੇ, ਉਸ ਸੱਚ ਦੇ ਸੂਰਜ ਦੇ ਅਧਿਕਾਰੀ ਬਣ ਗਏ) ਸ਼ਰਮ-ਸਾਰ ਜ਼ਰੂਰ ਹੁੰਦੇ, ਪਰ ਪੂਜਾ ਦਾ ਧਾਨ ਖਾਣ ਵਾਲਿਆਂ ਦਾ ਸ਼ਰਮ ਨਾਲ ਕੀ ਮਤਲਬ?

(ਚਲਦਾ)

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top