Share on Facebook

Main News Page

ਆਓ ਸ਼ੀਸ਼ਾ ਵੇਖੀਏ...

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਅਰਥ:- ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਉਪਰੋਕਤ ਸਤਰਾਂ ਸਿੱਖ ਧਰਮ ਦੀ ਜਿੰਦ - ਜਾਨ ਮੌਜੂਦਾ ਸ਼ਬਦ ਗੁਰੂ , ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲੇ ਪੰਨੇ ਤੇ ਹਨ। ਹੁਣ ਪਰਖ ਪੜਚੋਲ ਕਰੀਏ ਕਿ ਸਿੱਖ (ਅਸੀਂ) ਗੁਰੂ ਗ੍ਰੰਥ ਸਾਹਿਬ ਨੂੰ ਸੱਚ ਵਿੱਚ ਗੁਰੂ ਮੰਨਦੇ ਹਾਂ ਕਿ ਨਹੀਂ, ਮੇਰਾ ਨਿੱਜੀ ਖਿਆਲ ਹੈ 1430 ਪੰਨਿਆਂ ਦੀ ਸਿੱਖਿਆ ਤਾਂ ਦੂਰ ਦੀ ਗੱਲ ਅਸੀਂ ਪਹਿਲੇ ਪੰਨੇ ਦੇ ਇਸ ਸ਼ੁਰੂਆਤੀ ਸ਼ਬਦ ਨੂੰ ਵੀ ਆਪਣੇ ਜੀਵਨ ਵਿੱਚ ਨਹੀਂ ਲਿਆਂਦਾ ਤੇ ਹੋਰ ਸਾਰੇ ਗੁਰ ਉਪਦੇਸ਼ਾਂ ਤੋਂ ਵੀ ਮੁਨਕਰ ਹੋ ਚੁੱਕੇ ਹਾਂ।

ਆਪਣੇ ਆਲੇ - ਦੁਆਲੇ, ਗੁਰਦੁਵਾਰਿਆਂ, ਸਮਾਗਮਾਂ ਵਿੱਚ ਹੁੰਦੀ ਗੁਰੂ ਦੀ ਬੇ-ਹੁਰਮਤੀ ਅਸੀਂ ਵੇਖਦੇ ਹਾਂ ਤੇ ਕਰਦੇ ਹਾਂ, ਪਰ ਸਿਰਫ ਇਨਾਂ ਸਮਾਗਮਾਂ ਨੂੰ ਹੀ ਨਿਭਾਉਣਾ ਤੇ ਧਰਮ ਕਮਾਉਣ ਦਾ ਭੁਲੇਖਾ ਸਾਡੇ ਮਨ ਅੰਦਰ ਘਰ ਕਰ ਚੁੱਕਾ ਹੈ। ੴ ਨੂੰ ਮੱਥਾ ਟੇਕਣ ਦਾ ਦਿਖਾਵਾ ਕਰਦੇ ਹੋਏ, ੴ ਦੇ ਸਿਧਾਂਤ ਨੂੰ ਸਮਝਣ ਦੀ ਬਜਾਏ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਹਧਾਰੀ ਰੱਬ ਭਾਲਦੇ ਹਾਂ, ਕਿਸੇ ਨਾ ਕਿਸੇ ਅਖੌਤੀ ਬ੍ਰਹਮਗਿਆਨੀ ਦੀ ਕੋਈ ਨਾ ਕੋਈ ਕਰਾਮਾਤ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਹਿਮਤ ਹੁੰਦੇ ਹਾਂ। ਗੁਰੂ ਸਾਹਿਬਾਨ ਨੇ ਜਿਸ ਕਰਮਕਾਂਡੀ ਧਾਰਮਿਕ ਆਗੂ ਤੋਂ ਸਮਾਜ ਨੂੰ ਬਚਾਉਣ ਲਈ ਇਨਕਲਾਬੀ ਵਿਚਾਰਧਾਰਾ ਦਾ ਹੋਕਾ ਦਿੱਤਾ , ਹਕੀਕੀ ਤੌਰ ਤੇ ਆਪ ਪਾਖੰਡੀ ਧਾਰਮਿਕ ਆਗੂਆਂ ਦੀ ਅਸਲੀਅਤ ਸਮਾਜ ਦੇ ਸਾਹਮਣੇ ਲੈਕੇ ਆਦੀਂ ਪਰ ਅੱਜ ਗੁਰੂ ਸਾਹਿਬ ਦੇ ਸ਼ਬਦ ਸਰੂਪ ਨੂੰ ਮੜੀਆਂ, ਜਠੇਰਿਆਂ, ਕਬਰਾਂ, ਡੇਰਿਆਂ ਤੇ ਲੈ ਜਾਕੇ ਗੁਰੂ ਨਾਨਕ ਦੀ ਸਿੱਖੀ ਨਹੀਂ ਵਧਾਈ ਸਗੋਂ ਗੁਰੂ ਨਾਨਕ ਨੂੰ ਵੰਗਾਰ ਪਾਈ ਹੈ।

ੴ ਦੀ ਗੱਲ ਕਰਨ ਵਾਲਾ ਸਿੱਖ ਕਿਸੇ ਨਾ ਕਿਸੇ ਡੇਰੇ ਦੇ ਸਾਧ ਦਾ ਗੜਵਈ ਬਣ ਚੁੱਕਾ ਹੈ, ਕਿਸੇ ਨਾ ਕਿਸੇ ਜ਼ੋਤਸ਼ੀ ਨਾਲ ਜੁੜ ਚੁੱਕਾ ਹੈ। ਦੂਜਿਆਂ ਦੇ ਸੰਤ ਜੀ ਮਾੜੇ ਪਰ ਸਾਡੇ ਵਧੀਆ ਜਾਂ ਕਿਸੇ ਖਾਸ ਕਿਸਮ ਦੇ ਸਾਧ ਬਾਰੇ ਅਸੀਂ ਚੁੱਪ ਧਾਰ ਲੈਂਦੇ ਹਾਂ, ਜਦ ਗੁਰੂ ਸਿਧਾਂਤ ਕਿਸੇ ਮਨੁੱਖ ਨਾਲ ‘ਸੰਤ’ ਸ਼ਬਦ ਵਰਤਣ ਦੀ ਖੁੱਲ ਨਹੀਂ ਦਿੰਦਾ ਤਾਂ ਕਿਸੇ ਤਰਾਂ ਦਾ ਮਨੁੱਖ ਵੀ ਨਾਮ ਨਾਲ ‘ਸੰਤ’ ਕਿਵੇਂ ਲਾ ਸਕਦਾ ਹੈ। ਹੋਰ ਤੇ ਹੋਰ ਕਿਸੇ ਨਾ ਕਿਸੇ ਕੀਰਤਨੀਏ ਜਾਂ ਪ੍ਰਚਾਰਕ ਨੂੰ ਵੀ ਗੁਰਸ਼ਬਦ ਤੋਂ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ। ਸਿੱਖ ਦੇ ਘਰ ਵਿੱਚ ਕਲਪਿਤ ਤਸਵੀਰਾਂ ਤੇ ਮਿੱਟੀ ਦੇ ਖਿਡੌਣਿਆਂ ਨੇ ਰੱਬ ਦੀ ਥਾਂ ਲੈ ਲਈ ਹੈ। ਗੁਰਬਾਣੀ ਦੀ ਕਸਵੱਟੀ ਦੀ ਬਜਾਏ ਫਲਾਣੇ ਬਾਬੇ ਨੇ ਕਿਹਾ ਸੀ, ਅਹੁ ਸੰਤ ਜੀ ਕਹਿ ਗਏ ਸਨ , ਆਹ ਭਾਈ ਸਾਹਿਬ ਫੁਰਮਾਉਦੇਂ ਸਨ ਤੇ ਸਾਡੀ ਸਿੱਖੀ ਆ ਖਲੋਤੀ ਹੈ ਤੇ ੴ ਦਾ ਗੁਰੂ ਨਾਨਕ ਦਾ ਅਨੂਠਾ ਸਿੱਖ ਸਿਧਾਂਤ ਸਿਰਫ ਮੱਥੇ ਟੇਕਣ ਲਈ ਰੱਖ ਲਿਆ ਹੈ।

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥

ਇਹ ਸ਼ਬਦ ਸਿਰਫ ਰਾਗੀਆਂ ਦੇ ਗਾਉਣ ਲਈ ਹੀ ਰਹਿ ਗਿਆ ਹੈ , ਆਮ ਸਿੱਖ (ਸਾਡੇ ) ਲਈ ਜ਼ਾਤ -ਪਾਤ ਧਰਮ ਤੋਂ ਵਧਕੇ ਹੈ। ਗੁਰਬਾਣੀ ਜੋ ਮਰਜ਼ੀ ਕਹੇ ਗੁਰੂ ਸਾਹਿਬਾਨ ਜੋ ਮਰਜ਼ੀ ਉਪਦੇਸ਼ ਕਰ ਗਏ ਹੋਣ ਪਰ ਅਸੀਂ ਜ਼ਾਤ-ਪਾਤ ਤੋਂ ਬਿਨਾਂ ਜੀਣ ਦਾ ਰਾਹ ਭੁੱਲ ਚੁੱਕੇ ਹਾਂ, ਸਾਡੇ ਵਿਆਹ , ਰਿਸ਼ਤੇ ਵਿਖਾਵੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋ ਰਹੇ ਹਨ ਪਰ ਇਸ ਗੁਰੂ ਨੂੰ ਸਿਰਫ ਆਪਣਾ ਕੰਮ ਪੂਰਾ ਕਰਨ ਲਈ ਹੀ ਵਰਤਦੇਂ ਹਾਂ। ਬ੍ਰਹਮ-ਗਿਆਨੀ ਅਖਵਾਉਣ ਵਾਲਿਆਂ ਦੇ ਡੇਰਿਆਂ ਵਿੱਚ ਸੰਗਤ ਤੇ ਪੰਗਤ ਵਿੱਚ ਅਖੌਤੀ ਨੀਵੀਂ ਜ਼ਾਤ ਦੇ ਸਿੱਖਾਂ ਨੂੰ ਕੁਸਕਣ ਨਹੀਂ ਦਿੱਤਾ ਜਾਂਦਾ, ਅਮ੍ਰਿਤ ਸੰਚਾਰ ਵੇਲੇ ਘੋਰ ਵਿਤਕਰੇ ਹੁੰਦੇ ਹਨ। ਸਿੱਖ ਰਾਜ ਦੀਆਂ ਗੱਲਾਂ ਵੀ ਕਰਦੇ ਹਾਂ ਪਰ ਜੇ ਸਾਡੀਆਂ ਜੜਾਂ ਵਿੱਚ ਬਿਪਰ ਬੈਠਾ ਹੈ ਜੋ ਕਿਸੇ ਮਹਾਨ ਸਿੱਖ ਆਗੂ ਨੂੰ ਨਹੀਂ ਦਿਸਦਾ ਤਾਂ ਰਾਜ ਕਿਸ ਕੰਮ। ਅਗਰ ਸਿੱਖ ਰਾਜ ਬਣ ਵੀ ਜਾਵੇ ਪਰ ਜੀਵੇ ਬਿਪਰ ਦੇ ਸਿਧਾਂਤ ਤੇ ਤੇ ਅਸੀਂ ਕੀ ਖੱਟਾਂਗੇ। ਗੁਰਬਾਣੀ ਦਾ ਜ਼ਾਤ-ਪਾਤ ਚੋਂ ਨਿਕਲਣ ਦਾ ਉਪਦੇਸ਼ ਸ਼ਾਇਦ ਕਿਸੇ ਹੋਰ ਲਈ ਹੋਵੇ ਵਾਲੇ ਰਸਤੇ ਚੱਲ ਰਹੇ ਹਾਂ। ਜ਼ਾਤ ਅਭਿਮਾਨ ਦਾ ਕਿੱਲਾ ਸਾਡੀ ਧੌਣ ਵਿੱਚ ਆਕੜ ਕੇ ਖੜਾ ਹੈ ਪਰ ਮੱਥਾ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਟੇਕ ਰਹੇ ਹਾਂ ਤੇ ਗੁਰ ਸਿਧਾਂਤ ਨੂੰ ਟਿੱਚ ਜਾਣਦੇ ਹਾਂ ।

ਜਦੋਂ ਕਿਸੇ ਗੁਰਦਵਾਰੇ ਬੁਲਾਰੇ ਬੋਲ ਰਹੇ ਹੋਣ ਜਾਂ ਕਿਸੇ ਹੋਰ ਧਰਮ ਦੇ ਮੰਨਣ ਵਾਲਿਆਂ ਵਿੱਚ ਵਿਚਰ ਰਹੇ ਹੋਈਏ ਤਾਂ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਸਾਡੇ ਸਿੱਖ ਧਰਮ ਵਿੱਚ ਮਰਦ ਤੇ ਔਰਤ ਵਿੱਚ ਕੋਈ ਫਰਕ ਨਹੀਂ, ਬਾਬੇ ਨਾਨਕ ਦੀਆਂ ਤੁਕਾਂ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਪ੍ਰਚਾਰਕ ਸਟੇਜਾਂ ਤੋਂ ਅੱਡੀਆਂ ਚੁੱਕ-ਚੁੱਕੇ ਦੱਸਣਗੇ ਪਰ ਜ਼ਮੀਨੀ ਸੱਚਾਈ ਦੇ ਸਾਹਮਣੇ ਸਭ ਦਮਗਜ਼ੇ ਸਾਬਿਤ ਹੁੰਦੇ ਹਨ। ਅਮਲੀ ਤੌਰ ਤੇ ਗੁਰਦੁਵਾਰਰਿਆਂ ਵਿੱਚ ਬੀਬੀਆਂ ਹੀ ਲੰਗਰ ਤਿਆਰ ਕਰਦੀਆਂ ਹਨ ਪਰ ਉਸੇ ਲੰਗਰ ਦੀ ਅਰਦਾਸ (ਭਾਵੇਂ ਇਹ ਗੁਰਮਤਿ ਨਹੀਂ) ਕਰਨ ਤੋਂ ਬੀਬੀਆਂ ਘਬਰਾਉਂਦੀਆਂ ਹਨ, ਕਿਉਂਕਿ ਸਾਧ ਤੇ ਪੁਜਾਰੀ ਟੋਲੇ ਨੇ ਇਥੇ ਵੀ ਸਿੱਖੀ ਨੁੰ ਉਲਟ ਗੇੜਾ ਦਿੱਤਾ ਹੈ ਤੇ ਬ੍ਰਾਹਮਣ ਦੀ ਤਰਾਂ ਆਪ ਭੋਗ ਲਵਾਉਣ ਦਾ ਹੱਕ ਰਾਖਵਾਂ ਰੱਖਦਾ ਹੈ।

ਦਰਬਾਰ ਸਾਹਿਬ ਵਿੱਚ ਪਾਲਕੀ ਤੋਂ ਲੈਕੇ ਕੀਰਤਨ ਕਰਨ ਅਤੇ ਵਿਧੀ ਵਾਲੇ ਮਨਮੱਤੀ ਪਾਠਾਂ ਦੇ ਨਾਮ ਥੱਲੇ ਪਾਠ ਕਰਨ ਦੇ ਅਧਿਕਾਰ ਤੋਂ ਬੀਬੀਆਂ ਵਾਂਝੀਆਂ ਹਨ, ਪਰ ਆਗੂ ਤੇ ਪ੍ਰਚਾਰਕ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦੇ ਰਟਨ ਪੂਰੇ ਜ਼ੋਰ ਨਾਲ ਕਰ ਰਹੇ ਹਨ ਤੇ ਸਿੱਖ ਨੁੰ ਮੂਰਖ ਬਣਾਇਆ ਜਾ ਰਿਹਾ ਹੈ।

ਕਹੀ ਜਾਂਦੀ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਬੀਬੀਆਂ ਨੂੰ ਅਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਦਾ ਹੱਕ ਦੇ ਚੁੱਕੀ ਹੈ ਪਰ ਕਈ ਤਰਾਂ ਦੀਆਂ ਬਿਪਰੀ ਅਧਿਕਾਰ ਹੇਠਲੀਆਂ ਸੰਸਥਾਵਾਂ ਤੇ ਡੇਰੇ ਅੱਲ-ਪਟੱਲੀਆਂ ਉਦਾਹਰਣਾਂ ਦੇਕੇ ਬੀਬੀਆਂ ਦੇ ਇਸ ਹੱਕ ਤੇ ਡਾਕਾ ਮਾਰ ਚੁੱਕੀਆਂ ਹਨ, ਗੁਰਬਾਣੀ ਅਤੇ ਇਤਿਹਾਸ ਵਿੱਚੋਂ ਉਹ ਇਸ ਵਿਤਕਰੇ ਨੂੰ ਸਾਬਿਤ ਨਹੀਂ ਕਰ ਸਕਦੇ ਪਰ ਆਪੇ ਬਣਾਈਆਂ ਕੱਚੀਆਂ ਦਲੀਲਾਂ ਦੇ ਆਧਾਰ ਤੇ ਮਨਮੱਤੀ ਧੰਦ ਪਿੱਟਦੀਆਂ ਹਨ। ਗੁਰਬਾਣੀ ਸਿਧਾਂਤ ਦੇ ਸਾਹਮਣੇ ਕਿਸੇ ਆਪੇ ਬਣੇ ਸੰਤ ਦੇ ਬਚਨਾਂ ਦੀ ਉਦਾਹਰਣ ਦੇਕੇ ਬੀਬੀਆਂ ਨਾਲ ਘੋਰ ਬੇ-ਇਨਸਾਫੀ ਕੀਤੀ ਜਾਂਦੀ ਹੈ ਤੇ ਗੁਰੂ ਨਾਨਕ ਦੇ ਨਿਰਮਲ ਸਿਧਾਂਤ ਦੀ ਖਿੱਲੀ ਉਡਾਈ ਜਾਂਦੀ ਹੈ। ਸਮੁੱਚੇ ਤੌਰ ਤੇ ਬੀਬੀਆਂ ਨਾਲ ਹਰ ਥਾਂ ਤੇ ਭਾਰੀ ਵਿਤਕਰਾ ਹੈ ਤੇ ਗੁਰਬਾਣੀ ਨੂੰ ਪੜਨ ਵਾਲੇ ਹੀ ਗੁਰਬਾਣੀ ਉਪਦੇਸ਼ਾਂ ਦੀ ਹਾਸੀ ਉਡਾ ਰਹੇ ਹਨ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ

ਇਹ ਸਤਰਾਂ ਵੀ ਖੂਬ ਪੜੀਆਂ ਜਾਂਦੀਆਂ ਹਨ, ਪਰ ‘ਇਕਾ ਬਾਣੀ’ ਦੀ ਥਾਂ ਤੇ ਕਈ ਬਾਣੀਆਂ ਪ੍ਰਚਲਿਤ ਹੋ ਗਈਆਂ ਹਨ , ਕਈ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਮੜਕੇ ਪ੍ਰਚਲਿਤ ਕਰ ਦਿੱਤੇ ਗਏ ਹਨ। ਕਈ ਤਰਾਂ ਦੇ ਰੰਗ-ਬਰੰਗੇ ਗ੍ਰੰਥ ਗੁਰਬਾਣੀ ਦੇ ਬਰਾਬਰ ਸਥਾਪਿਤ ਹੋ ਗਏ ਹਨ। ਸਿੱਖ ‘ਇਕਾ ਬਾਣੀ’ ਨੂੰ ਗੁਰੂ ਜਾਣਕੇ ਮੱਥਾ ਵੀ ਟੇਕਦਾ ਹੈ, ਤੇ ਕਈ ਤਰਾਂ ਦੇ ਬਣ ਚੁੱਕੇ ਪੰਥਾਂ ਦੇ ਨਾਂ ਤੇ ਕਈ ਥਾਵਾਂ ਤੇ ਚੁੱਪ ਵੀ ਧਾਰਦੇ ਹਨ, ਗੁਰਬਾਣੀ ਸ਼ਬਦ ਨਾਲੋਂ ‘ਮਰਯਾਦਾ’ ਦੀ ਅਹਿਮੀਅਤ ਜ਼ਿਆਦਾ ਹੈ। ਫਿਰ ਅਸੀਂ ਗੁਰੂ ਸ਼ਬਦ ਦੇ ਸਿੱਖ ਕਿਵੇਂ ਕਹਾ ਸਕਦੇ ਹਾਂ।

ਸਾਲਾਂ ਸਾਲ ਲਗਾਤਾਰ ਗੁਰ ਗ੍ਰੰਥ ਸਾਹਿਬ ਜੀ ਨੁੰ ਸਿਰ ਝੁਕਾਉਣ ਵਾਲਾ ਮਨੁੱਖ ਇਸ ਵਿਚਲੀ ਰੂਹਾਨੀ ਬਾਣੀ ਦੇ ਉਪਦੇਸ਼ ਤੋਂ ਅਨਜਾਣ ਹੈ, ਆਮ ਵਿਅਕਤੀ ਨੂੰ ਇਹ ਜਾਣਕਾਰੀ ਵੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਸੰਪੂਰਨ ਪੰਨੇ ਹਨ, ਕਿੰਨੇ ਗੁਰੂ ਸਾਹਿਬਾਨ ਦੀ ਲਿਖਤ ਬਾਣੀ ਇਸ ਵਿੱਚ ਦਰਜ ਹੈ, ਕਿੰਨੇ ਭਗਤ, ਭੱਟ ਤੇ ਹੋਰ ਕਿਸਦੀ ਬਾਣੀ ਦਰਜ ਹੈ, ਸਾਨੂੰ ਕੁੱਝ ਪਤਾ ਨਹੀਂ। ਜਿਸ ਗੁਰੂ ਨੂੰ ਸਾਰੀ ਜ਼ਿੰਦਗੀ ਮੱਥਾ ਟੇਕਦੇ ਹਾਂ ਉਸ ਗੁਰੂ ਨਾਲ ਸਾਡੀ ਵਾਕਫੀਅਤ ਸਿਰਫ ਰੁਮਾਲੇ ਚੜਾਉਣ, ਠੇਕੇ ਤੇ ਦੇਕੇ ਪਾਠ ਕਰਵਾਉਣ, ਚੌਰ ਕਰਨ, ਰੰਗ-ਬਰੰਗੇ ਲੰਗਰਾਂ ਦੇ ਮਨਮੱਤੀ ਭੋਗ ਲਵਾਉਣ, ਵਿਆਹ, ਮਿਰਤਕ,ਜਨਮ, ਘਰੇਲੂ ਸਮਾਗਮ ਕਰਨ ਕਰਾਉਣ ਤੱਕ ਸੀਮਿਤ ਹੋ ਚੁੱਕੀ ਹੈ। ਗੁਰਬਾਣੀ ਜੀਵਨ ਜਾਚ ਦਾ ਖਜ਼ਾਨਾ ਹੈ ਪਰ ਅਸੀਂ ਗੁਰਬਾਣੀ ਗੁਰੂ ਨੂੰ ਵੀ ਕਰਮਕਾਂਡ ਬਣਾਕੇ ਰੱਖ ਦਿੱਤਾ ਹੈ। ਸੁੱਚ - ਜੂਠ, ਸ਼ਗਨ- ਅਪਸ਼ਗਨ, ਪੂਰਨਮਾਸ਼ੀ, ਮੱਸਿਆਂ, ਸੰਗਰਾਂਦ, ਯੋਗ-ਸਾਧਨਾ, ਮਾਲਾ ਘੁਮਾਉਣੀ, ਹਠ-ਤਪ ਕਰਨਾ ਸਿੱਖ ਸਮਾਜ ਵਿੱਚ ਕੋਹੜ ਬਣ ਕੇ ਫੈਲ ਚੁੱਕਾ ਹੈ ਤੇ ਸਰਾਸਰ ਗੁਰਬਾਣੀ ਉਦੇਸ਼ਾਂ ਦੀ ਉਲੰਘਣਾ ਕਰਕੇ ਵੀ ਸਿੱਖ ਮਾਣ ਮਹਿਸੂਸ ਕਰ ਰਿਹਾ ਹੈ ਤੇ ਗੁਰੂ ਨਾਲ ਧੋਖਾ ਕਮਾ ਰਿਹਾ ਹੈ।

ਬਾਬਾ ਫਰੀਦ ਜੀ ਦਾ ਨਿਮਨ ਸਲੋਕ ਪੜੀਏ ਸਮਝੀਏ ਤੇ ਵਿਚਾਰੀਏ...

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥੬॥

ਹਰ ਵਾਰੀ ਕਸਵੱਟੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਗਿਆਨ ਦੀ ਵਰਤੀਏ। ਆਓ ਅਸੀਂ ਆਪ ਸ਼ੀਸ਼ਾ ਵੇਖੀਏ ਤੇ ਸਵੈ-ਪੜਚੋਲ ਕਰੀਏ ‘ਕੀ ਅਸੀਂ ਵਾਕਿਆ ਹੀ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਦੇ ਸਿੱਖ ਹਾਂ? ਜਾਂ ਸਿਰਫ ਮੱਥਾ ਹੀ ਟੇਕ ਰਹੇ ਹਾਂ।

ਮਨਦੀਪ ਸਿੰਘ ‘ਵਰਨਨ’


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top