ਤੱਤ ਗੁਰਮਤਿ ਪਰਿਵਾਰ ਨੂੰ ਦੋ ਸਵਾਲ
ਇੱਕ ਸੰਪਾਦਕੀ ਮਿਤੀ 24.07.2011 ਤੋਂ ਮਿਲਿਆਂ ਸੁਚਨਾਵਾਂ ਦੇ ਸੰਧਰਭ ਵਿਚ
ਦੋ ਸਵਾਲ ਦਾਸ ਦੇ ਜ਼ਹਿਨ ਵਿਚ ਆਏ ਸਨ ਜਿਨ੍ਹਾਂ ਨੂੰ ਦਾਸ ਹੁਣ ਹੇਠ ਲਿਖਿਆਂ ਗੱਲਾਂ ਨੂੰ ਕੋਟ ਕਰਦੇ
ਹੋਏ, ‘ਦੋ ਭਾਗਾਂ’ ਵਿੱਚ ਪੁੱਛਣ ਦੀ ਲੋੜ ਮਹਸੂਸ ਕਰ ਰਿਹਾ ਹੈ ਸੰਪਾਦਕੀ ਵਿੱਚ ਲਿਖਿਆ ਸੀ:-
“ਮੌਜੂਦਾ ਸਰੂਪ ਨੂੰ ਤੈਅ ਕਰਨ ਦਾ ਸਭ ਤੋਂ ਮੁੱਖ ਆਧਾਰ ਇਹ ਹੀ ਜਾਪਦਾ ਹੈ ਕਿ ਜਪੁ ਤੋਂ ਲੈ ਕੇ
ਮੁੰਦਾਵਣੀ ਤੱਕ ਦੀਆਂ ਬਾਣੀਆਂ (ਚੰਦ ਕੁ ਪਦਿਆਂ ਦੇ ਭੇਦਾਂ ਨਾਲ) ਲਗਭਗ ਬਹੁਤੇ ਹੱਥ ਲਿਖਤ ਸਰੂਪਾਂ
ਵਿਚ ਸਨ। ਪਰ ਉਸ ਉਪਰੰਤ ਸ਼ਾਮਿਲ ਰਚਨਾਵਾਂ ‘ਰਾਗਮਾਲਾ’ ਤੇ ਹੋਰ ਦਾ ਵੱਖ-ਵੱਖ ਸਰੂਪਾਂ ਵਿਚ ਬਹੁਤ
ਵਖਰੇਂਵਾਂ ਸੀ। ਮੂਲ ਸਰੂਪਾਂ ਦੀ ਅਣਹੋਂਦ ਵਿਚ ਇਹੀ ਤਰੀਕਾ ਸਭ ਤੋਂ ਵੱਧ ਪ੍ਰਮਾਣਿਕ ਵੀ ਸੀ।
ਇਸ ਸਰੂਪ ਵਿਚਲੀਆਂ ਬਾਣੀਆਂ ’ਤੇ ਪਹਿਲਾ ਵੱਡਾ ਕਿੰਤੂ 1920 ਦੇ ਆਸ-ਪਾਸ
ਪੰਚ ਖਾਲਸਾ ਦੀਵਾਨ ਭਸੌੜ ਵਲੋਂ ਉਠਾਇਆ ਗਿਆ। ਉਨ੍ਹਾਂ ਨੇ ਇਸ ਸਰੂਪ ਵਿਚ ਨਾਨਕ ਸਰੂਪਾਂ ਤੋਂ
ਇਲਾਵਾ ਹੋਰ ਸਾਰੀ ਬਾਣੀ ਨੂੰ ਮਿਲਾਵਟ ਮੰਨਿਆ। ਉਨ੍ਹਾਂ ਦੀ ਇਸ ਧਾਰਨਾ ਦਾ ਮੂਲ ‘ਅਨੰਦ’ ਬਾਣੀ (ਮਹਲਾ
3) ਵਿਚ ਆਈ ਹੇਠ ਲਿਖੀ ਤੁੱਕ ਸੀ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ
ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਪੰਨਾ 920)
ਇਸ ਤੁੱਕ ਦੇ ਉਨ੍ਹਾਂ ਨੇ ਅਰਥ ਇਹ ਮੰਨ ਲਏ ਕਿ ‘ਸਤਿਗੁਰੂ’ ਤੋਂ ਸਿਵਾ ਸਾਰੀ
ਬਾਣੀ ਕੱਚੀ ਸੀ। ਇਨ੍ਹਾਂ ਗਲਤ ਅਰਥਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਇਹ ਤਰਕ ਦੇਣਾ ਸ਼ੁਰੂ ਕਰ
ਦਿੱਤਾ ਕਿ ਸਿੱਖਾਂ ਦੇ ਸਤਿਗੁਰੂ ਤਾਂ 10 ਹੀ ਹਨ (ਬਾਬਾ ਨਾਨਕ ਜੀ ਤੋਂ ਦਸ਼ਮੇਸ਼ ਜੀ ਤੱਕ), ਉਸ
ਤੋਂ ਇਲਾਵਾ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ ਮਿਲਦੀ ਸਾਰੀ ਬਾਣੀ ਕੱਚੀ ਹੈ ਅਤੇ ਮਿਲਾਵਟ
ਹੈ। ਇਸ ਧਾਰਨਾ ਨੂੰ ਅਪਨਾ ਲੈਣ ਤੋਂ ਬਾਅਦ ਉਹ ਇਸ ਧਾਰਨਾ ਦੇ ਹੱਕ ਵਿਚ ਹੋਰ ਕੱਚੀਆਂ ਦਲੀਲਾਂ ਵੀ
ਲੱਭਣ ਲੱਗ ਪਏ। ਆਪਣੇ ਇਸ ਭੁਲੇਖੇ ਨੂੰ ਅੰਤਿਮ ਸੱਚ ਮੰਨਦੇ ਹੋਏ, ਉਨ੍ਹਾਂ ਇਕ ਐਸਾ ਸਰੂਪ ਵੀ ਛਾਪ
ਦਿੱਤਾ, ਜਿਸ ਵਿਚ ਸਿਰਫ ‘ਨਾਨਕ ਸਰੂਪਾਂ’ ਦੀ ਬਾਣੀ ਸੀ। ਉਨ੍ਹਾਂ ਦੇ ਇਸ ਮੱਤ ਨੂੰ ਸਿੱਖ ਪੰਥ
ਵਿਚ ਕਿਸੇ ਹੋਰ ਧਿਰ ਨੇ ਮੰਜੂਰ ਨਹੀਂ ਕੀਤਾ। ਥੋੜੇ ਸਮੇਂ ਬਾਅਦ ਕਿਸੇ ਬਹਾਨੇ ਨਾਲ ਇਸ ਧੜੇ ਦੇ
ਮੁੱਖੀ ਬਾਪੂ ਤੇਜਾ ਸਿੰਘ ਜੀ ਭਸੌੜ ਨੂੰ ਅਕਾਲ ਤਖਤ ਦੇ ਪੁਜਾਰੀਆਂ ਨੇ ਪੰਥ ਵਿਚੋਂ ਛੇਕਣ ਦਾ
ਫੁਰਮਾਨ ਜਾਰੀ ਕਰ ਦਿੱਤਾ। ਉਸ ਤੋਂ ਬਾਅਦ ਪੰਚ ਖਾਲਸਾ ਦੀਵਾਨ ਭਸੌੜ ਹੋਲੀ-ਹੋਲੀ ਅਲੋਪ ਹੋ ਗਿਆ
ਜਾਂ ਪ੍ਰਭਾਵਹੀਨ ਹੋ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਚ ਖਾਲਸਾ ਦੀਵਾਨ ਭਸੌੜ ਨੇ ਸਿੱਖ ਸਮਾਜ
ਦੇ ਪੁਨਰਜਾਗਰਣ (ਖਾਸਕਰ ਇਸਤਰੀ ਸਿੱਖਿਆ) ਵਿਚ ਯੋਗਦਾਨ ਪਾਇਆ ਪਰ ਨਿਰੰਕਾਰੀ ਲਹਿਰ ਵਾਂਗੂ ਇਕ
ਚੰਗੀ ਸ਼ੁਰੂਆਤ ਉਪਰੰਤ ਆਪਣੀ ਇਕ ਗਲਤ ਮਾਨਤਾ ਨੂੰ ਅਪਨਾ ਕੇ ਆਪਹੁਦਰੀ ਕਰਨ ਕਾਰਨ ਪੰਥ ਵਿਚ ਬੇਅਸਰ
ਹੋ ਗਿਆ।
ਪੰਚ ਖਾਲਸਾ ਦੀਵਾਨ ਦੀ ਇਹ ਮਾਨਤਾ ਕਿ ਨਾਨਕ ਸਰੂਪਾਂ ਤੋਂ ਇਲਾਵਾ ਸਾਰੀ ਬਾਣੀ ਕੱਚੀ ਹੈ, ਇਕ
ਤੁੱਕ ਦੇ ਅਰਥ ਗਲਤ ਮੰਨ ਲੈਣ ਨਾਲ ਹੋਈ। ਸੱਚਾਈ ਇਹ ਹੈ ਕਿ ਸਮੇਂ ਨਾਲ ਸਿੱਖ ਸਮਾਜ ਵਿਚ ਸਿਧਾਂਤਕ
ਪੱਖੋ ਘਰ ਕਰ ਚੁੱਕੀਆਂ ਕਮੀਆਂ ਵਿਚੋਂ ਇਕ ਕਮੀ ‘ਗੁਰੂ ਦੇ ਸੰਕਲਪ’ ਦੀ ਸਮਝ ਬਾਰੇ ਵੀ ਸੀ। ਗੁਰਮਤਿ
ਅਨੁਸਾਰ ਇਕੋ ਇਕ ਅਸਲ ਗੁਰੂ ਉਹ ਪ੍ਰਮਾਤਮਾ ਆਪ ਹੀ ਹੈ। ਉਸਦਾ ਪ੍ਰਕਟ ਸਰੂਪ ‘ਸੱਚ ਦਾ ਗਿਆਨ’ ਹੀ
ਮਨੁੱਖਤਾ ਲਈ ਸਭ ਤੋਂ ਲਾਹੇਵੰਦ ਹੋਣ ਕਰਕੇ ‘ਗੁਰੂ’ ਕਹਿਲਾਉਂਦਾ ਹੈ। ਇਸ ਤੁੱਕ ਦੇ ਢੁਕਵੇਂ ਅਰਥ
ਹਨ
ਜੋ ਬਾਣੀ ਪ੍ਰਮਾਤਮਾ (ਸਤਿਗੁਰੂ) ਦੇ ਸੱਚੇ ਰਾਹ ਬਾਰੇ ਸੇਧ ਨਹੀਂ ਬਖਸ਼ਦੀ, ਉਹ ਕੱਚੀ ਹੈ।
ਪਰ ਗਲਤ ਅਰਥ ਕਰਨ ਕਰਕੇ ਬਣੀ ਇਕ ਗਲਤ ਮਾਨਤਾ ਨੂੰ ਅੰਤਿਮ ਸੱਚ ਮੰਨ ਲੈਣ ਦੀ ਭੁੱਲ ਪੰਚ ਖਾਲਸਾ
ਦੀਵਾਨ ਦੇ ਬੇਅਸਰ ਹੋਣ ਦਾ ਕਾਰਨ ਬਣੀ। ਇਸ ਸੋਚ ਨੇ ਉਨ੍ਹਾਂ ਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਦੇ ਸਰੂਪ ਵਿਚ ਵੱਡੀਆਂ ਤਬਦੀਲੀਆਂ ਕਰਨ ਦੀਆਂ ਆਪਹੁਦਰੀਆਂ ਕਰਨ ਲਈ ਪ੍ਰੇਰਿਆ। ਪੰਚ ਖਾਲਸਾ ਦੀਵਾਨ
ਦੀ ਗੁਰਮਤਿ ਦੀ ਸਮਝ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੇ ਅਖੌਤੀ ਦਸਮ
ਗ੍ਰੰਥ ਵਿਚਲੀ ‘ਪਾਤਸ਼ਾਹੀ ਦਸਵੀਂ’ ਦੀ ਝੂਠੀ ਛਾਪ ਵਾਲੀ ਰਚਨਾਵਾਂ ਨੂੰ ਗੁਰਬਾਣੀ ਮੰਨ ਕੇ ਇਸ ਨੂੰ
‘ਦਸਵੇਂ ਮਹਲੇ ਦੀ ਬਾਣੀ’ ਮੰਨ ਕੇ ਉਸ ਸਰੂਪ ਦਾ ਹਿੱਸਾ ਬਣਾ ਦਿੱਤਾ” (ਪਰਿਵਾਰ ਦੀ ਸੰਪਾਦਕੀ
24.07.2011)
ਉਪਰੋਕਤ ਸੁਚਨਾ ਤੇ,
ਸੰਪਾਦਕ ਵੀਰਾਂ ਤੋਂ ਇਸ ਬਾਰੇ ਦਾਸ ਦਾ ਪਹਿਲਾ ਸਵਾਲ
ਜੇਕਰ ਬਾਬੂ ਤੇਜਾ ਸਿੰਘ ਜੀ ਦੀ ਸਭਾ ਨੇ ਇਹ ਸਾਰਾ ਕੁੱਝ (ਦਸਮੇਸ਼ ਜੀ ਦੀਆਂ
ਕਹਿਆਂ ਜਾਂਦੀਆਂ ਰਚਨਾਵਾਂ ਨੂੰ ਸ਼ਬਦ ਗੁਰੂ ਗ੍ਰੰਥ ਦੇ ਸਵਰੂਪ ਵਿਚ ਸ਼ਾਮਲ ਕਰਨਾ ਅਤੇ ਭਗਤਾਂ/ਭੱਟਾ
ਦੀ ਬਾਣੀ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੱਡ ਦੇਣਾ) ਕਰਨ ਦੇ ਕਾਰਣ ਅਕਾਲ ਤਖਤ ਦੇ
ਤਲਬ ਕਰ ਸਿੱਖ ਪੰਥ ਵਲੋਂ ਉਨ੍ਹਾਂ ਦਾ ਬਹਿਸ਼ਕਾਰ ਦਾ ਮਤਾ ਪਾਸ ਕੀਤਾ ਗਿਆ ਸੀ ਤਾਂ ਆਪ ਜੀ ਪਾਠਕਾਂ
ਨੂੰ ਇਹ ਕਿਵੇਂ ਸੂਚਿਤ ਕਰ ਰਹੇ ਹੋ ਕਿ “ਥੋੜੇ ਸਮੇਂ ਬਾਅਦ ਕਿਸੇ ਬਹਾਨੇ ਨਾਲ ਇਸ ਧੜੇ ਦੇ ਮੁੱਖੀ
ਬਾਪੂ ਤੇਜਾ ਸਿੰਘ ਜੀ ਭਸੌੜ ਨੂੰ ਅਕਾਲ ਤਖਤ ਦੇ ਪੁਜਾਰੀਆਂ ਨੇ ਪੰਥ ਵਿਚੋਂ ਛੇਕਣ ਦਾ ਫੁਰਮਾਨ
ਜਾਰੀ ਕਰ ਦਿੱਤਾ” ??? ਆਪ ਜੀ ਨੇ ਸਭ ਜਾਣਦੇ ਹੋਏ ਵੀ ਸ਼ਬਦ ਗੁਰੂ ਗ੍ਰੰਥ ਨਾਲ ਭਿਆਨਕ ਛੇੜ ਛਾੜ
ਕਰਨ ਦੀ ਗਲ ਨੂੰ ਕਿਵੇਂ “ਕਿਸੇ ਬਹਾਨੇ ਨਾਲ” ਲਿਖਿਆ ਸੀ??? ਕੀ ਐਸੇ ਕੰਮ ਕਰਨ ਵਾਲੇ ਬੰਦੇ ਨਾਲ
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਖ਼ਾਤਰ, ਪੰਥਕ ਤੋਰ ਤੇ ਨਾਤਾ ਤੌੜਨਾ ਪੁਜਾਰੀਵਾਦ ਸੀ ??? ਵੀਰੋ,
ਜੇ ਕੋਈ ਕਰੀਬੀ ਰਿਸ਼ਤੇਦਾਰ ਆਪਣੇ ਕੁੰਭੇ ਦੀ ਬਾਰ-ਬਾਰ ਤੋਹੀਨ ਕਰੇ ਤਾਂ ਉਸ ਕੁੰਭੇ ਵਲੋਂ ਸ਼ਰਾਫ਼ਤ
ਨਾਲ ਉਸ ਬੰਦੇ ਨਾਲ ਨਾਤਾ ਤੋੜ ਲੇਂਣਾ, ੳਸ ਪੀੜਤ ਪਰਿਵਾਰ ਦਾ ਪੁਜਾਰੀਵਾਦ ਹੋਵੇਗਾ??? ਜੇਕਰ ਅੱਜ
ਵੀ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਭਸੌੜ ਸਭਾ ਵਾਂਗ ਭਾਰੀ ਅਤੇ ਨਾ-ਕਾਬਿਲੇ
ਕਬੂਲ ਛੇੜ-ਛਾੜ ਕਰ ਦੇਵੇ ਅਤੇ ਸਮਝਾਉਂਣ ਤੇ ਵੀ ਨਾ ਸਮਝੇ ਤਾਂ ਉਸ ਬੰਦੇ ਨਾਲ ਪੰਥਕ ਤੋਰ ਤੇ ਕੋਈ
ਵਾਸਤਾ ਨਾ ਰੱਖਣ ਦਾ ਫ਼ੈਸਲਾ ਪੁਜਾਰੀਵਾਦ ਹੋਵੇਗਾ??? ਆਪ ਜੀ ਅਕਾਲ ਤਖ਼ਤ ਤੋਂ ਸ਼ਬਦ ਗੁਰੂ ਗ੍ਰੰਥ
ਸਾਹਿਬ ਦੇ ਹੱਕ ਵਿੱਚ ਹੋਏ ਫ਼ੈਸਲੇ ਦਾ ਵਿਰੋਧ ਕਿਉਂ ਕਰਦੇ ਹੋ? ਆਪ ਜੀ ਦੀ ਪੁਸਤਕ ਮੁਤਾਬਕ ਅਕਾਲ
ਤਖ਼ਤ ਹੀ ਸਿੱਖਾਂ ਦਾ ਇੱਕੋ-ਇੱਕ ਤਖ਼ਤ ਹੈ, ਤਾਂ ਉਸ ਤਖ਼ਤ ਦੇ ਸਿਧਾਂਤ ਰਾਹੀਂ ਜੇਕਰ ਸ਼ਬਦ ਗੁਰੂ
ਗ੍ਰੰਥ ਸਾਹਿਬ ਦੇ ਹੱਕ ਵਿੱਚ ਫ਼ੈਸਲੇ ਵੀ ਨਹੀਂ ਹੋਂਣੇ ਤਾਂ ਉਸ ਤਖ਼ਤ ਨਾਲ ਸਿੱਖਾਂ ਦਾ ਵਾਸਤਾ ਕੀ
ਹੈ?
ਹੁਣ ਦੂਜੇ ਸਵਾਲ ਲਈ ਅੱਗੇ ਚਲਦੇ ਹਾਂ! ਸੰਪਾਦਕ
ਵੀਰਾਂ ਨੇ ਇਸੇ ਸੰਪਾਦਕੀ ਵਿੱਚ ਲਿਖਿਆ ਸੀ:-
“ਉਸ ਉਪਰੰਤ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਦੀ
1970 ਦੇ ਆਸਪਾਸ ਇਕ ਇਸਾਈ ਮਿਸ਼ਨਰੀ ਅਤੇ ਪ੍ਰੌਫੈਸਰ ਡਬਲਿਉ ਐਚ ਮਕਲਾਉਡ ਵਲੋਂ ਖੜੇ ਕੀਤੇ ਗਏ। ਇਸ
ਵਿਅਕਤੀ ਨੇ ਸਿੱਖ ਵਿਸ਼ਵਾਸਾਂ ਬਾਰੇ ਬਹੁਤ ਵੱਡੇ ਸ਼ੰਕੇ ਆਪਣੀਆਂ ਕੁਝ ਪੁਸਤਕਾਂ ਵਿਚ ਕੀਤੇ। ਪਰ ਉਸ
ਦੀ ਸਮਝ ਅਤੇ ਆਧਾਰ ਬਹੁਤ ਕੱਚੇ ਸਨ। ਉਸ ਵਲੋਂ ਅਪਣਾਏ ਕੱਚੇ ਆਧਾਰ ਇਹ ਇਸ਼ਾਰਾ ਕਰਦੇ ਹਨ, ਉਸ ਨੇ
ਇਹ ਸ਼ੰਕੇ ਜਾਨਬੁਝ ਕੇ ਇਕ ਮਕਸਦ, ਕਿਸੇ ਮਿਸ਼ਨ ਹੇਠ ਖੜੇ ਕੀਤੇ। ਉਸ ਦੀ ਨੀਅਤ ਵੀ ਇਸ ਕੰਮ ਪ੍ਰਤੀ
ਸਾਫ ਨਹੀਂ ਸੀ। ਉਸ ਦੇ ਤੱਥਾਂ ਦੀ ਕਚਿਆਈ ਦੀਆਂ ਦੋ ਕੁ ਮਿਸਾਲਾਂ ਸਾਂਝੀਆਂ ਕਰਨ ਨਾਲ ਹੀ ਸਾਫ ਹੋ
ਜਾਵੇਗਾ ਕਿ ਉਹ ਕਿਵੇਂ ਹਵਾ ਵਿਚ ਗੱਲਾਂ ਕਰਕੇ ਤੱਥ ਖੜੇ ਕਰਦਾ ਸੀ।
ਇਕ ਥਾਂ ਉਹ ਲਿਖਦਾ ਹੈ ਕਿ ਤੀਜੇ ਪਾਤਸ਼ਾਹ ਬਾਬਾ ਨਾਨਕ ਦੇ ਸਿਧਾਂਤਾਂ ਤੋਂ ਉਲਟ ਪਾਸੇ ਚਲ ਪਏ
ਕਿਉਂਕਿ ਉਨ੍ਹਾਂ ਨੇ ਗੋਇੰਦਵਾਲ ਵਿਚ ਇਕ ਬਉਲੀ ਬਣਾ ਕੇ ਤੀਰਥ ਅਸਥਾਨ ਬਣਾ ਦਿਤਾ ਅਤੇ ਉਸ ਦੀ 84
ਪੌੜੀਆਂ ਬਣਾ ਕੇ ਇਹ ਪ੍ਰਚਾਰਿਆ ਕਿ ਇਥੇ ਆਉਣ ਨਾਲ 84 ਕੱਟੀ ਜਾਂਦੀ ਹੈ। ਉਸ ਅਨੁਸਾਰ ਬਾਬਾ ਨਾਨਕ
ਤਾਂ ਤੀਰਥ ਅਤੇ ਵਰ-ਸਰਾਪਾਂ ਦੀ ਫਿਲਾਸਫੀ ਨੂੰ ਰੱਦ ਕਰਦਾ ਹੈ।
ਇਥੇ ਮੈਕਲਾਉਡ ਜਾਣ ਬੂਝ ਕੇ ਸੱਚ ਨੂੰ ਅਣਗੌਲਿਆਂ ਕਰਕੇ ਤੱਥ ਘੜਨ ਦੀ ਕੋਸ਼ਿਸ਼ ਕਰਦਾ ਹੈ। ਜੇ ਉਹ
ਸੁਹਿਰਦ ਹੁੰਦਾ ਤਾਂ ‘ਮਹਲਾ 3’ ਦੀ ਬਾਣੀ ਦੀ ਉਨ੍ਹਾਂ ਪ੍ਰਮਾਣਿਕ ਗਵਾਹੀਆਂ ਨੂੰ ਅਣਦੇਖਾ ਨਾ ਕਰਦਾ
ਜਿਸ ਵਿਚ ਪ੍ਰਚਲਿਤ ਤੀਰਥਾਂ ਦਾ ਖੰਡਨ ਕੀਤਾ ਗਿਆ ਹੈ ਅਤੇ ਗੁਰੂ ਨੂੰ ਹੀ ਅਸਲ ਤੀਰਥ ਕਿਹਾ ਗਿਆ
ਹੈ। ਉਹ ਇਸ ਤੱਥ ਤੋਂ ਵੀ ਅਨਜਾਣ ਨਹੀਂ ਸੀ ਕਿ ਬਾਉਲੀਆਂ ਦੀ ਰਚਨਾ ਕਈਂ ਨਾਨਕ ਸਰੂਪਾਂ ਨੇ ਉੱਥੇ
ਦੀ ਲੋਕਾਈ ਦੀ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਵਾਈ। ਉਸ ਨੂੰ ਤੀਰਥ ਬਣਾ ਕੇ 84
ਕੱਟਣ ਦੀਆਂ ਕਹਾਣੀਆਂ ਤਾਂ ਬਾਅਦ ਦੇ ਸਮੇਂ ਵਿਚ ਤਿਆਰ ਹੋਏ, ਗੈਰ ਪ੍ਰਮਾਣਿਕ ਸਾਹਿਤ (ਜਨਮ ਸਾਖੀਆਂ
ਅਤੇ ਹੋਰ) ਨੇ ਪ੍ਰਚਾਰੀ। ਤੀਜੇ ਪਾਤਸ਼ਾਹ ਜੀ ਦੀ ਆਪਣੀ ਬਾਣੀ ਵਿਚਲੀਆਂ ਪ੍ਰਮਾਣਿਕ ਗਵਾਹੀਆਂ ਨੂੰ
ਅਣਦੇਖਾ ਕਰਕੇ ਗੈਰ ਪ੍ਰਮਾਣਿਕ ਸ੍ਰੋਤਾਂ ਨੂੰ ਆਪਣੇ ਨਤੀਜਿਆਂ ਦਾ ਆਧਾਰ ਬਣਾਉਣਾ ਹੀ ਮੈਕਲਾਉਡ ਦੀ
ਨੀਅਤ ਬਾਰੇ ਸੱਚ ਸਪਸ਼ਟ ਕਰਦਾ ਹੈ।
ਇਕ ਹੋਰ ਥਾਂ ਮੈਕਲਾਉਡ ਨਾਨਕ ਸਰੂਪਾਂ ਦੀ ਸੁਹਿਰਦਤਾ ਤੇ ਕਿੰਤੂ ਕਰਦਾ ਹੋਇਆ ਸਵਾਲ ਉਠਾਉਂਦਾ ਹੈ
ਕਿ ਚੌਥੇ ਤੋਂ ਲੈ ਕੇ 10 ਪਾਤਸ਼ਾਹ ਤੱਕ ਇਕ ਹੀ ਖਾਨਦਾਨ ਜਾਂ ਪਰਿਵਾਰ ਵਿਚੋਂ ਕਿਉਂ ਸਨ?
ਇਕ ਆਮ ਸੂਝ ਵਾਲਾ ਮਨੁੱਖ ਵੀ ਸਿੱਖ ਇਤਿਹਾਸ ਨੂੰ ਪੜ੍ਹ ਕੇ ਇਹ ਜਾਣ ਸਕਦਾ ਹੈ ਕਿ ਚੌਥੇ ਪਾਤਸ਼ਾਹ
ਜੀ ਤੋਂ ਮਗਰੋਂ ਦਾ ਸਮਾਂ ਨਾਨਕ ਸਰੂਪਾਂ ਲਈ ਕਸ਼ਟਾਂ ਭਰਿਆ ਸਮਾਂ ਰਿਹਾ। ਇਹ ਕੋਈ ਐਸ਼ੋ-ਇਸ਼ਰਤ ਵਾਲੀ
ਬਾਦਸ਼ਾਹਤ ਨਹੀਂ ਸੀ ਬਲਕਿ ਕਸ਼ਟਾਂ ਨਾਲ ਭਰਪੂਰ, ਮਨੁੱਖਤਾ ਦੇ ਦਰਦ ਨਾਲ ਭਰਪੂਰ ਇਕ ਸੁਚੇਤ ਇਨਕਲਾਬ
ਦੀ ਅਗਵਾਈ ਵਾਲੀ ਜਿੰਮੇਵਾਰੀ ਸੀ। ਸੋ ਇਹ ਸੋਚਣਾ ਕਿ ਇਕੋ ਖਾਨਦਾਨ ਵਿਚ ਅਗਵਾਈ ਰਹਿਣ ਦਾ ਮਤਲਬ
ਭਾਈ ਭਤੀਜਾਵਾਦ ਸੀ, ਮੂਰਖਤਾ ਅਤੇ ਮੱਕਾਰੀ ਤੋਂ ਵੱਧ ਕੁਝ ਨਹੀਂ। ਮੈਕਲਾਉਡ ਸਿੱਖ ਇਤਿਹਾਸ ਦੀ
ਪ੍ਰਮਾਣਿਕ ਗਵਾਹੀਆਂ ਨੂੰ ਅਣਦੇਖਾ ਕਰਕੇ ਗੈਰ ਪ੍ਰਮਾਣਿਕ ਅਤੇ ਦਲੀਲ ਵਿਹੂਣੀਆਂ ਮਨਘੜਤ ਸਾਖੀਆਂ (ਜਿਵੇਂ
ਬੀਬੀ ਭਾਨੀ ਵਲੋਂ ਅਮਰਦਾਸ ਪਾਤਸ਼ਾਹ ਜੀ ਤੋਂ ਗੁਰਗੱਦੀ ਘਰ ਵਿਚ ਰਹਿਣ ਦਾ ਵਰ ਮੰਗਣ ਵਾਲੀ ਮਨਘੜਤ
ਸਾਖੀ) ਨੂੰ ਇਸੇ ਕਰਕੇ ਆਧਾਰ ਬਣਾਉਂਦਾ ਹੈ ਕਿਉਂਕਿ ਉਸ ਦਾ ਮਿਸ਼ਨ ਹੀ ਸਿੱਖ ਵਿਸ਼ਵਾਸਾਂ ’ਤੇ ਚੋਟ
ਕਰਨ ਦਾ ਸੀ।
ਮੈਕਲਾਉਡ ਨੇ ਐਸੇ ਕੱਚੇ ਸ਼ੰਕੇ ਸਿਰਫ ਆਪ ਹੀ ਪੇਸ਼ ਨਹੀਂ ਕੀਤੇ, ਬਲਕਿ ਉਸ ਨੇ ਆਪਣੀ ਸੋਚ ’ਤੇ
ਤੁਰਨ ਵਾਲੇ ਚੰਦ ਵਿਦਿਆਰਥੀਆਂ (ਚੇਲਿਆਂ) ਦਾ ਗਰੁੱਪ ਵੀ ਤਿਆਰ ਕਰ ਲਿਆ। ਇਨ੍ਹਾਂ ਚੇਲਿਆਂ ਨੇ
ਮੈਕਲਾਉਡ ਦੀ ਲਿਖਤਾਂ ਅਤੇ ਸਰਪ੍ਰਸਤੀ ਹੇਠ ਇਸ ਵਿਸ਼ੇ ’ਤੇ ਕੱਚੇ ਤੱਥਾਂ ਦੇ ਆਧਾਰ ’ਤੇ ਪੀ. ਐਚ.
ਡੀ. ਥੀਸਿਸ ਵੀ ਲਿੱਖ ਦਿੱਤੇ। ਉਸ ਦੇ ਚੇਲਿਆਂ ਦੀ ਗੁਰਮਤਿ ਸਮਝ ਦਾ ਅੰਦਾਜ਼ਾ ਇਕ ਮਿਸਾਲ ਤੋਂ
ਲਾਇਆ ਜਾ ਸਕਦਾ ਹੈ। ਉਸ ਦੇ ਇਕ ਚੇਲੇ ਨੇ ਆਪਣੀ ਪੁਸਤਕ ਵਿਚ ਗੁਰਬਾਣੀ ਦੀ ਤੁੱਕ ‘ਰਾਮਦਾਸ ਸਰੋਵਰਿ
ਨਾਤੇ ਸਭਿ ਉਤਰੇ ਪਾਪ ਕਮਾਤੇ’ (ਪੰਨਾ 625) ਦੇ ਗਲਤ ਅਰਥ ਕਰਦੇ ਹੋਏ ਲਿਖਿਆ ਹੈ ਕਿ ਪੰਜਵੇ
ਪਾਤਸ਼ਾਹ ਨੇ ਇਹ ਪ੍ਰਚਾਰ ਕੀਤਾ ਕੇ ਦਰਬਾਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਸਾਰੇ ਪੁਰਾਣੇ
ਪਾਪ ਖਤਮ ਹੋ ਜਾਂਦੇ ਹਨ। ਐਸੀ ਸਮਝ ਵਾਲੇ ਲੋਕਾਂ ਦੇ ਕੰਮ ਅਤੇ ਨੀਅਤ ਦੇ ਪੱਧਰ ਦਾ ਅੰਦਾਜ਼ਾ ਲਾਉਣਾ
ਕੋਈ ਮੁਸ਼ਕਿਲ ਗੱਲ ਨਹੀਂ।
ਉਪਰੋਕਤ ਵਿਚਾਰ ਤੋਂ ਅਸੀ ਇਹ ਸਮਝ ਸਕਦੇ ਹਾਂ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਬਾਰੇ
ਵੱਡੇ ਸ਼ੰਕੇ ਪੈਦਾ ਕਰਨ ਵਾਲੀਆਂ ਦੋ ਮੁੱਖ ਧਿਰਾਂ ਹਨ। ਇਕ ਧਿਰ ਉਹ ਜੋ ਸਿੱਖ ਸਮਾਜ ਦਾ ਹਿੱਸਾ ਹੀ
ਹਨ ਪਰ ਪੰਚ ਖਾਲਸਾ ਦੀਵਾਨ ਦੀ ਤਰਜ਼ ’ਤੇ ਗਲਤ ਅਰਥਾਂ ਹੇਠ ਬਣੀ ਮਾਨਤਾ ਨੂੰ ਅੰਤਿਮ ਸੱਚ ਮੰਨ ਕੇ
ਐਸਾ ਕਰ ਰਹੇ ਹਨ। ਦੂਜੀ ਧਿਰ ਉਹ ਹੈ, ਜੋ ਸਿੱਖ ਵਿਸ਼ਵਾਸਾਂ ਬਾਰੇ ਭੰਬਲਭੂਸਾ ਪੈਦਾ ਕਰਨ ਦੇ ਮਕਸਦ
ਨਾਲ ਖਾਸ ਮਿਸ਼ਨ ’ਤੇ ਕੰਮ ਕਰ ਰਹੀ ਸੀ (ਜਿਵੇਂ ਮੈਕਲਾਉਡ ਅਤੇ ਉਸ ਦੇ ਚੇਲੇ)”
(ਪਰਿਵਾਰ ਦੀ ਸੰਪਾਦਕੀ 24.07.2011)
ਦੂਜਾ ਸਵਾਲ
ਸਨਮਾਨ ਯੋਗ ਵੀਰੋ ਕਿਰਪਾਲਤਾ ਕਰਕੇ ਇਹ ਸਪਸ਼ਟ ਕਰੋ ਕਿ ਅੱਜ ਦੇ ਦੋਰ ਵਿੱਚ
ਆਪ ਵਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਨ ਅਤੇ ਮੈਕਲੋਡ ਅਤੇ
ਉਸ ਦੇ ਚੇਲਿਆਂ ਵਾਂਗ ‘ਖ਼ਾਸ ਮਿਸ਼ਨ’ ਤੇ ਕੰਮ ਕਰ ਰਹੀ ਧਿਰ ਕੋਂਣ ਹੈ??? ਉਸਦੇ ਹਿਮਾਅਤੀ, ਉਸਦੇ
ਹਮਖਿਆਲੀ ਜਾਂ ਕੋਈ ਹੋਰ???
ਮੈਕਲਡ ਦੀਆਂ ਕਾਰਸਤਾਨੀਆਂ ਤੇ ਆਪਣੀ ਮਨ ਦੀ ਭੜਾਸ ਆਪ ਜੀ ਨੇ 24.07.2011 ਦੀ ਆਪਣੀ ਸੰਪਾਦਕੀ
ਵਿੱਚ ਆਪਣੇ ਫ਼ਤਵਿਆਂ (ਆਪ ਜੀ ਦੇ ਹੀ ਅਨੁਸਾਰ) ਰਾਹੀਂ ਕੱਡੀ ਸੀ। ਆਪ ਜੀ ਮੈਕਲੋਡ ਦੇ ਖ਼ਾਸ ਮਿਸ਼ਨ
(ਸ਼ਬਦ ਗੁਰੂ ਤੇ ਸੰਕੇ ਖੜੇ ਕਰਨਾ) ਦੀ ਨਿੰਦਾ ਕਰੋ ਤਾਂ ਗੁਰਮਤਿ ਪਰ ਜੇਕਰ ਦਾਸ ਨੇ ਉਸਦੇ ਗੁਰਮਤਿ
ਵਿਰੌਧੀ ਕੰਮਾਂ ਦੀ ਨਿੱਖੇਦੀ ਕੀਤੀ ਤਾਂ ਉਹ ਆਪ ਜੀ ਦੇ ਮੁਤਾਬਕ ਫ਼ਤਵੇਬਾਜ਼ੀ ਹੋ ਗਈ ਜਿਵੇਂ ਕਿ
ਮੈਕਲੋਡ ਦੀ ਨਿੱਖੇਦੀ ਦਾ ਹੱਕ ਆਪ ਜੀ ਪਾਸ ਹੀ ਰਾਖਵਾਂ ਹੋਵੇ! ਜਿਸ ਨੂੰ ਆਪ ਜੀ ਨੇ ਉਸ ਦੀ
ਹਿਮਾਅਤ ਦਾ ਰੂਪ ਵੀ ਦੇਂਦੇ ਹੋਏ ਹੁਣ ਇੰਝ ਲਿਖਿਆ ਹੈ:-
“ਜੇ ਕਿਸੇ ਨੇ ਮੰਦ-ਬਿਰਤੀ ਹੇਠ ਹੀ ਸਾਡੀ ਕਿਸੇ ਕਮਜ਼ੋਰੀ ਵੱਲ ਇਸ਼ਾਰਾ ਕਰ ਵੀ ਦਿਤਾ ਤਾਂ ਸਾਡਾ ਇਹ
ਫਰਜ਼ ਬਣਦਾ ਹੈ ਕਿ ਉਸ ਕਮਜ਼ੋਰੀ ਦੀ ਪੜਚੋਲ ਕਰਕੇ, ਉਸ ਨੂੰ/ਜਾਂ ਉਸ ਬਾਰੇ ਗਲਤ ਫਹਿਮੀ ਨੂੰ ਦੂਰ
ਕਰਨ ਦਾ ਜਤਨ ਕਰੀਏ, ਨਾ ਕਿ ਸਿਰਫ ਉਸ ਸ਼ਖਸ ਬਾਰੇ ਫਤਵੇਬਾਜ਼ੀ ਕਰਕੇ ਮਨ ਦੀ ਭੜਾਸ ਕੱਢ ਲਈਏ ਅਤੇ
ਕਮਜ਼ੋਰੀ ਬਾਰੇ ਵਿਚਾਰ ਹੀ ਨਾ ਕਰੀਏ” (03.12.2011 ਸਿੱਖ ਮਾਰਗ.ਕਾਮ) ਆਪ ਜੀ ਹੁਣ ਮੈਕਲੇਡ ਦੇ
ਸ਼ਬਦ ਗੁਰੂ ਵਿਰੋਧੀ ਕੰਮ ਨੂੰ ਉਸ ਦਾ ਮਿਸ਼ਨ ਨਹੀਂ ਬਲਕਿ ਉਸ ਦੀ ‘ਗਲਤਫ਼ਹਮੀ’ ਵੀ ਕਰਾਰ ਦੇ ਰਹੇ
ਹੋ! ਕਿਉਂ?
ਵਿਦਵਾਨ ਸੱਜਣੋਂ, ਜੇ ਕਰ ਇਸ ਦਾ ਜਵਾਬ ਮੈਰਿਟ ਦੇ ਅਧਾਰ ਤੇ ਚੰਗੇ ਨੂੰ ਚੰਗਾ ਅਤੇ ਮੰਦੇ ਨੂੰ
ਮੰਦਾ ਕਹਿਣਾ ਹੈ ਤਾਂ ਕੀ ਗੱਲ ਹੈ ਕਿ ਆਪ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ
ਬਦਲਣ ਤੇ ਭਸੌੜ ਸਭਾ ਦੇ ਆਗੂ ਬਾਰੇ ਅਕਾਲ ਤਖਤ ਦੇ ਲਗਭਗ 90 ਸਾਲਾ ਪੁਰਾਣੇ ਚੰਗੇ ਫ਼ੈਸਲੇ ਨੂੰ
ਚੰਗਾ ਨਾ ਕਹਿੰਦੇ ਪੁਜਾਰੀਵਾਦ ਕਹਿਆ ਹੈ? ਆਪ ਜੀ ਕੀ ਸਮਝਦੇ ਹੋ ਕਿ ਐਸੀ ਸੁਰਤੇਹਾਲ ਵਿੱਚ ਪੰਥ
ਨੂੰ ਆਪ ਜੀ ਦੇ ਜਾਂ ਦਾਸ ਵਰਗੇ ਬੰਦਿਆਂ ਦੇ ਬੂਹੇ ਬੈਠ ਫ਼ੈਸਲਾ ਕਰਨਾ ਚਾਹੀਦਾ ਹੈ?
ਦਾਸ ਇਹ ਸਮਝਦਾ ਹੈ ਕਿ ਕਿਸੇ ਦਾ ਅੰਨਾਂ ਸਮਰਥਨ ਅਤੇ ਕਿਸੇ ਦਾ ਅੰਨਾਂ ਵਿਰੋਧ ਸਿਆਣਪ ਨਹੀਂ।ਅੰਨਾਂ
ਵਿਰੋਧ ਵੀ ਅਗਿਆਨਤਾ ਹੀ ਹੁੰਦਾ ਹੈ।
ਬਾਕੀ ਸਿੱਖ ਦਾ ਕੰਮ ਹੈ ਗੁਰੂ ਦੀ ‘ਰੀਸ’ (ਸਿੱਖਣਾ) ਕਰਨਾ ਪਰ ‘ਰੀਸ’ ਤੋਂ ਭਾਵ ਇਹ ਨਹੀਂ ਕਿ
ਗੁਰੂ ਦੀ ਹੀ ਰੀਸ ਦਾ ਤਰਕ ਦਿੰਦੇ ਗੁਰੂ ਤੋਂ ਹੱਟ ਆਪਣਾ ਵੱਖਰਾ ਮਤ (ਮਨਮਤਿ) ਚਲਾਉਂਣਾ। ਮਨਮਤਿ
ਦਾ ਜਵਾਬ ਜੇਕਰ ਮਨਮਤਿ ਹੀ ਹੋਵੇ ਤਾਂ ਉਹ ਜਵਾਬ ਕਿਸੇ ਕੰਮ ਦਾ ਨਹੀਂ! ਗੁਰੂ ਨਾਨਕ ਜੀ ਨੇ ਜਨੇਉ
ਦੀ ਰਸਮ ਤੋਂ ਇਨਕਾਰੀ ਹੋ ਕੇ ਸਾਨੂੰ ਇਹ ਨਹੀਂ ਸੀ ਸਿੱਖਾਇਆ ਕਿ ਅਸੀਂ ਗੁਰੂ ਨਾਨਕ ਨੂੰ ਗੁਰੂ
ਕਹਿਣ ਤੋਂ ਇਨਕਾਰ ਦੇ ਪ੍ਰਚਾਰ ਨੂੰ, ਜਨੇਉ ਤੋਂ ਗੁਰੂ ਨਾਨਕ ਦੇ ਇਨਕਾਰ ਨਾਲ ਜੋੜ ਕੇ, ਸਹੀ
ਠਹਰਾਉਂਣ ਵਰਗੀਆਂ ਦਲੀਲਾਂ ਘੜ ਲਈਏ।ਕਲ ਨੂੰ ਕੋਈ ਸਿੱਖ ਉੱਠ ਕੇ ਇਹ ਤਰਕ ਨਹੀਂ ਦੇ ਸਕਦਾ ਕਿ ਉਹ
ਗੁਰੂ ਨਾਨਕ ਦਾ ਸਿੱਖ ਹੋਂਣ ਲਈ ਆਪਣਾ ਇੱਕ ਵੱਖਰਾ ਮਤ ਚਲਾਉਂਣ ਲੱਗਾ ਹੈ ਕਿਉਂਕਿ ਇਹੀ ਕੰਮ ਗੁਰੂ
ਨਾਨਕ ਜੀ ਨੇ ਵੀ ਕੀਤਾ ਸੀ! ਗੁਰੂਆਂ ਦੀ ਰੀਸ ਕਰਨ ਲੱਗਿਆ ਸਿੱਖ ਨੂੰ ਗੁਰੂ ਵਲੋਂ ਬਖਸ਼ੀ ਹੱਦਬੰਦੀ
ਵਿਚ ਹੀ ਵਿਚਰਨਾ ਚਾਹੀਦਾ ਹੈ ਤਾਂ ਕਿ ਰੀਸ ਦਾ ਅਸਲ ਭਾਵ ਸਿੱਖਣਾ ਹੀ ਰਹੇ।
ਆਸ ਹੈ ਕਿ ਸੰਪਾਦਕ ਵੀਰ ਇਨ੍ਹਾਂ ਦੋ ਸਵਾਲਾਂ ਦਾ ਜਵਾਬ ਦੇਂਣ ਦੀ ਕਿਰਪਾਲਤਾ ਕਰੋਗੇ।ਇਹ ਵੀ ਬੇਨਤੀ
ਹੈ ਕਿ ਉਹ ਇਸ ਸੰਵਾਦ ਤੋਂ ਭਾਵ ਕੇਵਲ ਸਿੱਖਣ-ਸਿੱਖਾਉਂਣ ਦੀ ਕ੍ਰਿਆ ਹੀ ਲੇਂਣ ਦੀ ਕਿਰਪਾਲਤਾ ਕਰਨ।
ਗੁਰਮੁੱਖ ਹੋਂਣ ਲਈ ਐਸੇ ਸੰਵਾਦਾ/ਪੁਨਰਵਿਚਾਰ ਰਾਹੀਂ ਚਿੱਤਨ ਨੂੰ ਵਧੇਰੇ ਤਰਾਸ਼ਿਆ ਜਾ
ਸਕਦਾ ਹੈ ਇਸ ਲਈ ਜਵਾਬਦਹੀ ਤੋਂ ਪਰੇ ਹੱਟਣ ਲਈ ਫ਼ਤਵਾ! ਫ਼ਤਵਾ!! ਫ਼ਤਵਾ!!! ਦੇ ਨਾਰੇ ਮਾਰਨ ਦੀ ਲੋੜ
ਨਹੀਂ ਹੋਂਣੀ ਚਾਹੀਦੀ।ਸਨਮਾਨ ਯੋਗ ਵੀਰਾਂ ਨੇ ਦਾਸ ਨੂੰ ਰੱਝ ਕੇ ‘ਅਨਸਰ’ (ਮਾੜਾ ਅਨਸਰ) ਸਾਬਤ
ਕਰਨ ਦਾ ਜਤਨ ਕੀਤਾ ਅਤੇ ਬਾਕੀ ਵਿਦਵਾਨਾ ਨੂੰ ਵੀ ‘ਇਸ ਅਨਸਰ’ ਨਾਲ ਨਿਪਟਣ ਦਾ ਹਲੁਣਾ ਦਿੱਤਾ ਹੈ।ਦਾਸ
ਉਨ੍ਹਾਂ ਵੀਰਾਂ ਦੇ ਇਸ ਉਪਰਾਲੇ ਨੂੰ ਫ਼ਿਰ ਵੀ ਫ਼ਤਵਾ ਨਹੀਂ ਕਹੇਗਾ ਕਿਉਂਕਿ ਇਹ ਸੰਵਾਦ ਹੈ ਜਿਸ
ਵਿਚ ਦਾਸ ਪਾਸ ਉਨ੍ਹਾਂ ਵੀਰਾਂ ਦੀਆਂ ਕਹਿਆਂ ਸਾਰਿਆਂ ਗੱਲਾ ਦਾ ਜਵਾਬ ਹੈ! ਉਨ੍ਹਾਂ ਸਨਮਾਨ ਯੋਗ
ਵੀਰਾਂ ਦੀ ‘ਸੁਹਿਰਦਤ’ ਅਤੇ ‘ਨਿਸ਼ਕਾਮਕ’ ਪਹੁੰਚ ਨਾਲ ਇਸ ਸੰਵਾਦ ਵਿੱਚ, ਉਨ੍ਹਾਂ ਵਲੋਂ ਤਾਂ ਵਧੇਰੇ
ਸਾਰਥਕਤਾ ਝੱਲਕਣੀ ਚਾਹੀਦੀ ਹੈ ਨਾ ਕਿ ਤਲਖ਼ੀ!
ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ! ਉੱਪਰ ਪੁੱਛੇ ਦੇ ਸਵਾਲਾਂ ਦੇ ਜਵਾਬ ਦੀ ਉਡੀਕ
ਵਿੱਚ !
ਹਰਦੇਵ ਸਿੰਘ, ਜੰਮੂ |