Share on Facebook

Main News Page

ਸਟੇਜ ਤੋਂ ਪਿਛਲਾ ਚਿਹਰਾ

ਸਨਿਚਰਵਾਰ ਦਾ ਦਿਨ ਸੀ ਬਾਬਾ ਨਿਹਾਲ ਸਿੰਘ ਆਪਣੀ ਪੋਤਰੀ ਨੂੰ ਕਹਿੰਦਾ, ਪੁੱਤਰ ਜਸਮੀਨ ਮੈਂ ਅਖਬਾਰ ਵਿਚ ਪੜਿਆ ਸੀ ਅੱਜ ਗੁਰਦੁਵਾਰੇ ਕਿਸੇ ਚੰਗੇ ਕਥਾਵਾਚਕ ਨੇ ਆਉਣਾ, ਜੇ ਤੇਰੇ ਕੋਲ ਟਾਇਮ ਹੈ ਤਾਂ ਆਪਾ ਚਲੀਏ ਸੁਣਨ ਲਈ। ਜਸਮੀਨ ਕਹਿੰਦੀ ਹਾਂ ਜੀ ਦਾਦਾ ਜੀ, ਮੈਂ ਫਰੀ ਹਾਂ, ਮੈ ਤਿਆਰ ਹੋ ਜਾਨੀ ਆ, ਫਿਰ ਆਪਾ ਚਲਦੇ ਹਾਂ।ਫਿਰ ਦਾਦਾ - ਪੋਤਰੀ ਗੁਰਦੁਆਰਾ ਸਾਹਿਬ ਪਹੁੰਚ ਗਏ। ਸੰਗਤ ਦਾ ਕਾਫੀ ਇਕੱਠ ਸੀ, ਜਸਮੀਨ ਤੇ ਬਾਬਾ ਗੁਰੂ ਸਾਹਿਬ ਨੂੰ ਨਮਸ੍ਕਾਰ ਕਰਕੇ ਬੈਠ ਗਏ। ਪਹਿਲਾਂ, ਰਾਗੀ ਸਿੰਘ ਕੀਰਤਨ ਕਰ ਰਹੇ ਸੀ, ਫਿਰ ਪੰਜਾਬ ਤੋਂ ਆਏ ਕਥਾਵਾਚਕ ਨੇ ਹਾਜਰੀ ਭਰੀ ਅਤੇ ਸਮਾਪਤੀ ਤੋਂ ਬਾਅਦ ਜਦੋਂ ਦਾਦਾ ਪੋਤੀ ਬਾਹਰ ਨਿਕਲੇ ਤਾਂ ਜਸਮੀਨ ਕਹਿੰਦੀ ਦਾਦਾ ਜੀ ਮੇਰੇ ਮਨ ਵਿਚ ਦੋ-ਤਿੰਨ ਸਵਾਲ ਹਨ, ਕਾਫੀ ਸ਼ੰਕਾ ਜਿਹਾ ਬਣਿਆ ਹੋਇਆ ਹੈ। ਦਾਦਾ ਕਹਿੰਦਾ ਪੁਤਰ ਜੀ ਬੇਝਿਜਕ ਹੋ ਕੇ ਪੁਛੋ। ਫਿਰ ਜਸਮੀਨ ਕਹਿੰਦੀ ਦਾਦਾ ਜੀ ਤੁਸੀਂ ਦੇਖਿਆ ਸੀ, ਉਹ ਅੰਕਲ ਆਏ ਸੀ, ਜਿਨਾ ਨੇ ਪਿਛੇ ਜਿਹੇ ਸਰਕਾਰੀ ਅਦਾਰੇ ਨਾਲ ਕੋਈ ਘੁਟਾਲਾ ਕੀਤਾ ਸੀ ਤੇ ਸਾਰੀ ਸਿਖ ਕਮਿਉਨਿਟੀ ਨੂੰ ਸ਼ਰ੍ਮਸਾਰ ਹੋਣਾ ਪਿਆ ਸੀ, ਟੀ ਵੀ ਚੈਨਲ ਵਾਲੇ ਵੀ ਵਾਰ- ਵਾਰ ਦਿਖਾ ਰਹੇ ਸੀ। ਉਦੋਂ ਦਾ ਉਹਨਾਂ ਤੇ ਕੇਸ ਵੀ ਚਲ ਰਿਹਾ ਹੈ।

ਬਾਬਾ ਕਹਿੰਦਾ, ਹਾਂ ਪੁਤਰ ਮੈ ਦੇਖਿਆ ਸੀ, ਪਰ ਗਲ ਕੀ ਹੈ? ਉਹ ਅੰਕਲ ਕਿੱਦਾ ਗੁਰੂ ਸਾਹਿਬ ਅੱਗੇ ਲੰਮੇ ਪੈ ਕੇ ਨਮਸ੍ਕਾਰ ਕਰ ਰਹੇ ਸੀ, ਪਰਕਰਮਾ ਕਰਦਿਆਂ ਵੀ ਉਨ੍ਹਾ ਦਾ ਸੀਸ ਬਿਲਕੁਲ ਝੁਕਿਆ ਹੀ ਰਿਹਾ, ਸੰਗਤ ਨੂੰ ਤਾਂ ਇਦਾ ਪ੍ਰਤੀਤ ਹੋ ਰਿਹਾ ਸੀ ਕੇ ਇਹ ਬਹੁਤ ਸਤਿਕਾਰ ਕਰਦਾ ਗੁਰੂ ਸਾਹਿਬ ਜੀ ਦਾ ਤੇ ਉਹ ਅੰਕਲ ਵੀ ਇਦਾਂ ਹੀ ਦਿਖਾ ਰਹੇ ਸੀ, ਜਿਦਾਂ ਉਹਨਾਂ ਬੇਈਮਾਨੀ ਵਾਲਾ ਕੰਮ ਕੀਤਾ ਹੀ ਨਹੀਂ। ਫਿਰ ਉਹਨਾਂ ਸਮਾਪਤੀ ਤੋਂ ਬਾਅਦ ਲੈਕਚਰ ਵੀ ਦਿੱਤਾ ਤੇ ਕਹਿ ਰਹੇ ਸਨ, ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਬੜ੍ਹੀ ਨਿਗਾਰ ਵਲ ਜਾ ਰਹੀ ਹੈ। ਸਾਨੂੰ ਚਾਹੀਦਾ ਅਸੀਂ ਗੁਰੂ ਸਾਹਿਬ ਦੀ ਸਿਖਿਆ ਤੇ ਚਲੀਏ ਅਤੇ ਸਿੱਖੀ ਦੀ ਸ਼ਾਨ ਵਧਾਈਏ। ਦਾਦਾ ਜੀ ਜਿਥੋ ਤੱਕ ਮੈਨੂੰ ਪਤਾ ਤੁਸੀਂ ਮੈਨੂੰ ਗੁਰਬਾਣੀ ਦੀ ਸਿਖਿਆ ਦਿੰਦੇ ਰਹਿੰਦੇ ਹੋ, ਗੁਰੂ ਸਾਹਿਬ ਤਾਂ ਉਪਦੇਸ਼ ਕਰਦੇ ਇਮਾਨਦਾਰੀ ਨਾਲ ਆਪਣੀ ਕਿਰਤ ਕਰਨੀ, ਕਿਸੇ ਨਾਲ ਧੋਖਾਧੜੀ ਨਹੀਂ ਕਰਨੀ ਅਤੇ ਕੋਈ ਗਲਤ ਕੰਮ ਨਹੀ ਕਰਨਾ, ਫਿਰ ਇਹ ਅੰਕਲ ਆਪ ਤਾਂ ਗਲਤ ਕੰਮ ਕਰ ਰਿਹਾ ਹੈ ਅਤੇ ਸਟੇਜ ਤੇ ਖਲੋ ਕੇ ਦੂਜਿਆਂ ਨੂੰ ਉਪਦੇਸ਼ ਕਰ ਰਿਹਾ ਹੈ, ਕਿ ਗੁਰੂ ਸਾਹਿਬ ਦੀ ਸਿਖਿਆ ਤੇ ਚੱਲਣਾ ਚਾਹੀਦਾ; ਇਹ ਸਭ ਕਿਓਂ ਦਾਦਾ ਜੀ ਮੈਨੂੰ ਸਮਝਾਓ ਦਾਦਾ ਜੀ।

ਫਿਰ ਬਾਬਾ ਨਿਹਾਲ ਸਿੰਘ ਮੁਸਕਰਾਉਂਦਾ ਹੋਇਆ ਬੋਲਿਆ, ਪੁੱਤਰ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹ ਲੋਕ ਆਪ ਤਾਂ ਗੁਰੂ ਸਾਹਿਬਾਨਾਂ ਦੀ ਸਿਖਿਆ ਤੇ ਚਲਦੇ ਨਹੀਂ, ਪਰ ਦੂਜਿਆਂ ਨੂੰ ਚੱਲਣ ਲਈ ਉਪਦੇਸ਼ ਦੇ ਰਹੇ ਹਨ। ਇਹਨਾਂ ਲੋਕਾਂ ਲਈ ਗੁਰੂ ਸਾਹਿਬ ਦੇ ਵਾਕ ਹਨ 'ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਲਸੇ ਮਰੇ', ਪੁੱਤਰ ਜੀ ਇਹ ਲੋਕ ਬਹੁਤ ਬੇਸ਼ਰਮ ਲੋਕ ਹਨ, ਇਹਨਾਂ ਨੂੰ ਗੁਰੂ ਸਾਹਿਬ ਨਾਲ ਕੋਈ ਵਾਸਤਾ ਨਹੀਂ, ਬਸ ਇਹ ਲੋਕ ਪੈਸੇ ਅਤੇ ਤਾਕਤ ਦੇ ਜੋਰ ਤੇ ਗੁਰਦੁਵਾਰਿਆਂ ਦੀਆਂ ਸਟੇਜਾਂ ਦਾ ਇਸਤੇਮਾਲ ਕਰਕੇ ਆਪਣੇ ਨਿਜੀ ਸਵਾਰਥ ਪੂਰੇ ਕਰਦੇ ਹਨ। ਆਪਣੀ ਜੈ - ਜੈ ਕਾਰ ਕਰਾਉਣ ਲਈ ਇਹ ਗੁਰਦੁਵਾਰਿਆਂ ਦੇ ਭਾਈਆਂ, ਰਾਗੀਆਂ, ਕਥਾਵਾਚਕਾਂ ਨੂੰ ਖਰੀਦਦੇ ਹਨ। ਪੁੱਤਰ ਇਹ ਲੋਕ ਵੀ ਉਹ ਬਾਦਲ ਹੋਰਾਂ ਵਰਗਿਆਂ ਚੋਂ ਹੀ ਹਨ, ਜਿਹਨਾਂ ਨੂੰ ਕੱਲ ਫਖਰ - ਏ - ਕੌਮ ਦਾ ਅਵਾਰਡ ਦਿੱਤਾ ਗਿਆ, ਉਹਨੇ ਵੀ ਪੈਸੇ ਅਤੇ ਤਾਕਤ ਦੇ ਜੋਰ ਤੇ ਜਥੇਦਾਰ, ਪ੍ਰਧਾਨ ਸਾਰੇ ਖ਼ਰੀਦੇ ਹੋਏ ਹਨ। ਇਹ ਫਖਰ - ਏ - ਕੌਮ ਸਿਖ ਕੌਮ ਵਲੋਂ ਨਹੀਂ ਦਿਤਾ ਗਿਆ, ਕਿਓਂਕਿ ਇਹ ਆਪ ਹੀ ਕੌਮ ਹਨ, ਆਪ ਹੀ ਜਥੇਦਾਰ ਹਨ ਅਤੇ ਆਪ ਹੀ ਅਵਾਰਡ ਲੈਣ ਵਾਲੇ ਹਨ, ਕਿਓਂਕਿ ਬਾਦਲ ਨੇ ਪਹਿਲਾਂ ਹੀ ਜਥੇਦਾਰਾਂ ਨੂੰ ਬੁਲਾ ਕੇ ਦਸ ਦਿਤਾ ਹੋਣਾ, ਕਿ ਅਜ ਕੀ ਐਲਾਨ ਕਰਨਾ ਤੁਸੀਂ ਮੇਰੇ ਬਾਰੇ।

ਸੋ ਪੁੱਤਰ ਇਹ ਚੋਰ, ਕੁੱਤੀ, ਦਾਣਾ ਸਾਰੇ ਰਲੇ ਹੋਏ ਹਨ, ਪਰ ਪੁੱਤਰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ, ਬਹੁਤ ਸਾਰੇ ਸੂਝਵਾਨ ਵੀਰ ਭੈਣ ਗੁਰੂ ਸਾਹਿਬ ਦਾ ਆਸਰਾ ਲੈ ਕੇ, ਇਕ ਲਹਿਰ ਬਣ ਕੇ ਇਹਨਾਂ ਲੋਕਾਂ ਦੇ ਟਾਕਰੇ ਲਈ ਖੜੇ ਹੋ ਰਹੇ ਹਨ, ਹੋਲੀ - ਹੋਲੀ ਸੰਗਤ ਵੀ ਜਾਗਰੂਕ ਹੋ ਰਹੀ ਹੈ, ਬਸ ਥੋੜੇ ਸਮੇਂ 'ਚ ਵਿਚ ਇਹਨਾਂ ਅਖੌਤੀ ਲੀਡਰਾਂ, ਅਖੌਤੀ ਜਥੇਦਾਰਾਂ ਅਤੇ ਅਖੌਤੀ ਬਾਬਿਆਂ ਦਾ ਬੋਰੀ - ਬਿਸਤਰਾ ਗੋਲ ਹੋ ਜਾਣਾ। ਗੱਲਾਂ ਕਰਦਿਆਂ - ਕਰਦਿਆਂ ਬਾਬਾ ਤੇ ਜਸਮੀਨ ਕਦੋਂ ਘਰ ਪਹੁੰਚ ਗਏ ਉਹਨਾ ਨੂੰ ਪਤਾ ਨਹੀਂ ਲੱਗਾ।

ਹਰਵੰਤ ਸਿੰਘ ਫੈਲੋਕੇ
ਸਿੰਘ ਸਭਾ , ਸਰਲੀ ਰੋਡ, ਔਕਲੈਂਡ (ਨਿਊਜੀਲੈਂਡ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top