Share on Facebook

Main News Page

ਨਿਜੀ ਜੀਵਨ ਜਾਚ ਅਤੇ ਪੰਥਕ ਵਾਸਤੇ

‘ਅਨਸਰ’ ਸ਼ਬਦ ਦਾ ਸਧਾਰਣ ਜਿਹਾ ਅਰਥ ਹੁੰਦਾ ਹੈ ‘ਤੱਤਵ’ ਜਾਂ ‘ਐਲੀਮੇਂਟ’ (Element) ਇਹ ਕੋਈ ਮਾੜਾ ਸ਼ਬਦ ਨਹੀਂ ਹੈ। ਲੇਕਿਨ ਪੱਤਰਕਰਿਤਾ ਵਿਚ ਅਕਸਰ ਇਸਦਾ ਇਸਤੇਮਾਲ ਨੇਗੇਟਿਵ (Negative) ਭਾਵ ਨਾਲ ਹੁੰਦਾ ਹੈ ਜਿਵੇਂ ਕਿ ‘ਸ਼ਰਾਰਤੀ ਅਨਸਰ’ ਜਾਂ ‘ਅਸਮਾਜਿਕ ਅਨਸਰ’। ਸਾਹਿਤਕ ਚਿੰਤਨ ਅਤੇ ਪਤੱਰਕਰਿਤਾ ਦੇ ਮਿਆਰ ਵਿੱਚ ਵੱਡਾ ਅੰਤਰ ਹੁੰਦਾ ਹੈ। ਜਿਵੇਂ ਕਿ ਅਸੀਂ ਅਨਸਰ ਸ਼ਬਦ ਦੇ ਸਾਹਿਤ ਵਿਚ ਹੋਏ ਇਸਤੇਮਾਲ ਨੂੰ ਇੰਝ ਵੀ ਪੜ ਸਕਦੇ ਹਾਂ:

“ਜਿੰਦਗੀ ਕਆ ਹੈ, ਕੁੱਛ ਅਨਾਸਰ ਕਾ ਜ਼ਹੂਰੇ ਤਰਤੀਬ, ਮੌਤ ਹੈ ਉਨ ਅਨਾਸਰ ਕਾ ਪਰੇਸ਼ਾਂ ਹੋਨਾ!”

ਇੱਕ ਮਸ਼ਹੂਰ ਮਰਹੂਮ ਸ਼ਾਯਰ ਦੇ ਇਨਾਂ ਅਲਫਾਜ਼ਾਂ ਵਿਚ ਵੀ ‘ਅਨਸਰ’ ਸ਼ਬਦ ਦੀ ਵਰਤੋਂ ਬਹੁਵਚਨ ਦੇ ਤੌਰ ਤੇ ‘ਅਨਸਰ’ ਕਰਕੇ ਹੋਈ ਹੈ। ਪਰ ਉਸ ਸ਼ਾਯਰ ਦੀ ਗੱਲ ਅੱਜ ਦੀ ਪੱਤਰਕਾਰਿਤਾ ਦੇ ਮਿਆਰ ਵਰਗੀ ਨਹੀਂ ਜਿਸ ਵਿਚ ਕਿਸੇ ਦੇ ਨਾਮ ਤੇ ਝੂਠੇ ਬਿਆਨ ਵੀ ਘੜ ਲੇ ਜਾਂਦੇ ਹਨ। ਉਸ ਸ਼ਾਯਰ ਦਾ ਭਾਵ ਹੈ ਕਿ ਜ਼ਿੰਦਗੀ ਕੁੱਝ ਅਨਸਰਾਂ ਦੀ ਮਰਿਆਦਤ ਤਰਤੀਬ/ਵਰਤਾਵ ਹੈ ਅਤੇ ਉਨਾਂ ਤਰਤੀਬੀ ਅਨਾਸਰ ਦਾ ਪਰੇਸ਼ਾਂ (ਧਸਿਟੁਰਬ) ਹੋਂਣਾ, ਭਾਵ ਬਿਖਰ ਜਾਣਾ ਜ਼ਿੰਦਗੀ ਦੀ ਤਰਤੀਬ (Discipline) ਦਾ ਅੰਤ ਹੋ ਜਾਣਾ ਹੈ। ਤਰਤੀਬ ਦਾ ਅਰਥ ਮਰਿਆਦਾ ਵੀ ਹੁੰਦਾ ਹੈ।

ਬੇਤਰਤੀਬੀ ਕਦੇ ਵਿਦਵਤਾ ਦਾ ਰੂਪ ਧਾਰਨ ਨਹੀਂ ਕਰ ਸਕਦੀ ਅਤੇ ਨਾ ਹੀ ਬੇਤਰਤੀਬੀ ਕਿਸੇ ਨੂੰ ਮਰਿਆਦਤ ਕਰ ਸਕਦੀ ਹੈ। ਬੇਤਰਤੀਬੀ ਵਿਚ ਮਜ਼ਬੂਤੀ ਨਹੀਂ ਹੁੰਦੀ ਬਲਕਿ ਉਹ ਕਮਜੋਰ ਹੁੰਦੀ ਹੈ। ਉਹ ਬਿਬੇਕ ਦੇ ਸ੍ਹਾਮਣੇ ਜ਼ਿਆਦਾ ਦੇਰ ਟਿੱਕ ਨਹੀਂ ਸਕਦੀ। ਉਸ ਪਾਸ ਜੇਕਰ ਦੋ ਚਾਰ ਸਵਾਲਾਂ ਦਾ ਵੀ ਦਲੀਲ ਯੁਕਤ ਜਵਾਬ ਨ ਬਣ ਸਕੇ ਤਾਂ ਉਹ ਕਿਸੇ ਨੂੰ ਕੀ ਮਰਿਆਦਤ ਕਰੇਗੀ?

ਬਾਰ–ਬਾਰ ਡਾ. ਰਤਨ ਸਿੰਘ ਜੱਗੀ ਜੀ ਦੀ ਅਕਾਦਮਿਕ ਖੋਜ ਦਾ ਸਹਾਰਾ ਲਿਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫ਼ਿਜੂਲ ਦੀਆਂ ਗੱਲਾਂ ਤੋਂ ਹੱਟ ਕੇ ਬੱਚਿਤਰ ਨਾਟਕ ਗ੍ਰੰਥ ਦਾ ਸੁਚੱਜਾ ਅਤੇ ਮਜ਼ਬੂਤ ਵਿਰੋਧ ਡਾ. ਰਤਨ ਸਿੰਘ ਜੱਗੀ ਜੀ ਨੇ ਕਰਕੇ ਇਹ ਸਥਾਪਤ ਕੀਤਾ ਸੀ ਕਿ ਪੂਰੇ ਵਿਚਿੱਤਰ ਨਾਟਕ ਗ੍ਰੰਥ ਦਾ ਕ੍ਰਤਿੱਤਵ ਦਸ਼ਮੇਸ਼ ਜੀ ਦਾ ਨਹੀਂ। ਪਰ ਹੈਰਾਨਗੀ ਦੀ ਗੱਲ ਹੈ ਕਿ ਰਤਨ ਸਿੰਘ ਜੱਗੀ ਜੀ ਦੇ ਉਸ ਕੰਮ ਦਾ ਹਵਾਲਾ ਬਾਰ-ਬਾਰ ਦੇਂਣ ਵਾਲੇ ਸੱਜਣ ਆਮ ਪਾਠਕਾਂ ਕੋਲੋਂ ਇਹ ਜਾਣਕਾਰੀ ਕਿਉਂ ਛੁਪਾਉਂਦੇ ਹਨ ਕਿ ਡਾ. ਰਤਨ ਸਿੰਘ ਜੱਗੀ ਜੀ ਨੇ ਆਪਣੇ ਉਸੇ ਅਕਾਦਮਕ ਕੰਮ ਵਿਚ ਜਾਪ, ਅਕਾਲ ਉਸਤਤ ( 201-230 ਛੱਡ ਕੇ), ਸਵੈਯੇ (33), ਜ਼ਫ਼ਰਨਾਮਾ ਅਦਿ ਨੂੰ ਆਪਣੇ ਵਲੋਂ ਪੱਕੇ ਤੌਰ ਤੇ ਦਸ਼ਮੇਸ਼ ਕ੍ਰਿਤ ਸਾਬਤ ਕੀਤਾ ਸੀ? ਬੱਚਿਤਰ ਨਾਟਕ ਗ੍ਰੰਥ ਬਾਰੇ ਡਾ. ਰਤਨ ਸਿੰਘ ਜੱਗੀ ਦਾ ਹਵਾਲਾ ਇਸਤੇਮਾਲ ਕਰਨ ਵਾਲੇ ਸੱਜਣਾ ਨੂੰ ਉਸ ਵਿਦਵਾਨ ਦੇ ਕੰਮ ਨਾਲ ਜੂੜੇ ਸੱਚ ਨੂੰ ਕਲਮ ਨਾਲ ਟੁੱਕ ਕੇ ਪੇਸ਼ ਨਹੀਂ ਕਰਨਾ ਚਾਹੀਦਾ।ਬਾਰ–ਬਾਰ ਰੱਟਣ ਨਾਲ ਨਾ ਤਾਂ ਭਗਤੀ ਹੁੰਦੀ ਹੈ ਅਤੇ ਨਾ ਹੀ ਗਲਤ ਸੱਚ ਬਣਦਾ ਹੈ।

ਜਿਹੜੇ ਵੀਰ ਕੱਲ ਤਕ ਗੁਰੂ ਨਾਨਕ ਲਈ ਗੁਰੂ ਵਿਸ਼ੇਸ਼ਣ ਦੀ ਵਰਤੋਂ ਤੇ ਰੋਕ (ਸਿੱਖ ਰਹਿਤ ਮਰਿਆਦਾ 1945 ਵਿਚੋਂ ਗੁਰੂਆਂ ਲਈ ਗੁਰੂ ਵਿਸ਼ੇਸ਼ਣ ਹਟਾਉਂਣ ਦਾ ਸੁਝਾਅ ਇਸ ਵਰਤੋਂ ਤੇ ਰੋਕ ਦੀ ਮੰਗ ਹੀ ਹੈ) ਦੇ ਮੁੱਦੇ ਬਾਰੇ ਪੈਨਲ ਦੇ ਗਠਨ ਦੀ ਮੰਗ ਕਰਦੇ ਰਹੇ ਹਨ ਉਹ ਸੱਜਣ ਖਰੜੇ ਬਨਾਉਂਣ ਤੋਂ ਪਹਿਲਾਂ ਇਸ ‘ਇੱਕ’ ਵਿਸ਼ੇਸ਼ਣ ਬਾਰੇ ਤਾਂ ਸਾਂਝਾ ਨਿਰਨਾ ਲੈਣ। ਸਿੱਖ ਰਹਿਤ ਮਰਿਆਦਾ ਤਾਂ ਦੂਰ ਦੀ ਗੱਲ ਹੈ।ਉਹ ਦਿਆਨਤਦਾਰੀ ਨਾਲ ਬਾਕੀ ਲੇਖਕਾਂ ਨੂੰ ਗੁਰੂ ਵਿਸ਼ੇਸ਼ਨ ਵਰਤਣ ਤੋਂ ਨਹੀਂ ਰੋਕਦੇ ਪਰ ਉਹ ਪੰਥ ਨੂੰ ਇਸ ਵਿਸ਼ੇਸ਼ਣ ਦੀ ਵਰਤੋਂ ਤੋਂ ਕਿਉਂ ਰੋਕਣਾ ਚਾਹੁੰਦੇ ਹਨ? ਹੁਣ ਇਸ ਸਵਾਲ ਤੇ ਉਹ ‘ਨਿਜੀ ਜੀਵਨ ਜਾਚ’ ਦਾ ਤਰਕ ਪੇਸ਼ ਕਰਨਗੇ। ਯਾਨੀ ਕਿ ‘ਨਿੱਜਤਾ’ ਅਤੇ ‘ਪੰਥਕਤਾ’ ਦਾ ਵਾਸਤਾ ਸਹੁਲਿਅਤ ਮੁਤਾਬਕ ਨਾਲ ਦੇ ਨਾਲ ਪਾਇਆ ਜਾ ਸਕਦਾ ਹੈ।

ਉਹ ਸਮਮਾਨ ਯੋਗ ਵੀਰ ਬਾਕੀ ਲੇਖਕਾਂ ਨੂੰ ਗੁਰੂ ਵਿਸ਼ੇਸ਼ਣ ਵਰਤਨ ਤੋਂ ਇਸ ਲਈ ਨਹੀਂ ਰੋਕਦੇ ਕਿ ਐਸੀ ਰੋਕ ਨਾਲ ਉਨ੍ਹਾਂ ਵੀਰਾਂ ਨੂੰ ਕੋਈ ਆਪਣੇ ਲੇਖ ਭੇਜੇਗਾ ਹੀ ਨਹੀਂ ਅਤੇ ਇਸ ਨਾਲ ਉਨ੍ਹਾਂ ਨੂੰ ‘ਗੁਰੂ’ ਅਤੇ ‘ਪੰਥਕਤਾ’ ਦਾ ਸਹੀ ਅਰਥ ਵੀ ਸਮਝ ਆਏਗਾ ਜਿਸ ਨੂੰ ਅੱਜੇ ਉਹ ਸਮਝਣਾ ਨਹੀਂ ਚਾਹੁੰਦੇ।

ਇਸ ਅਨਸਰ (ਦਾਸ) ਨੇ ਪਿੱਛਲੇ ਦਿਨਾਂ ਕੁੱਝ ਸਵਾਲ ਪੁੱਛੇ ਸਨ ਜਿਨ੍ਹਾਂ ਦਾ ਜਵਾਬ ਉੱਤਰ ਦੇਂਣ ਵਾਲੇ ਵੀਰਾਂ ਕੋਲ ਬਣਿਆ ਨਹੀਂ। ਉਹ ਆਮ ਪਾਠਕ ਲਈ ਇਤਨਾ ਵੀ ਸਪਸ਼ਟ ਨਹੀਂ ਕਰ ਪਾਏ ਕਿ ਉਹ ਸਿੱਖ ਰਹਿਤ ਮਰਿਆਦਾ 1945 ਵਿਚ ਸੁਧਾਰ ਦੀ ਗੱਲ ਕਰ ਰਹੇ ਹਨ ਜਾਂ ਉਸ ਨੂੰ ਰੱਦ ਕਰ ਚੁੱਕੇ ਹਨ? ਇਹ ਪਰਦਾਦਾਰੀ ਕਿਸ ਲਈ?

ਉਹ ਇਹ ਵੀ ਨਹੀਂ ਦੱਸ ਪਾਏ ਕਿ ਕੁੱਝ ਮਹੀਨਿਆਂ ਵਿਚ ਹੀ ਉਨ੍ਹਾਂ ਸਿੱਖ ਦੀ ਉਹ ਪਰਿਭਾਸ਼ਾ ਕਿਉਂ ਬਦਲ ਲਈ ਜਿਸ ਨੂੰ ਪਹਿਲਾਂ ਉਹ ਡੰਕੇ ਦੀ ਚੋਟ ਦੇ ਸਿਧਾਂਤਕ ਕਰਕੇ ਪ੍ਰਚਾਰ ਰਹੇ ਸੀ?

ੳਨ੍ਹਾਂ ਸਨਮਾਨ ਯੋਗ ਵੀਰਾਂ ਨੇ ਐਲਾਨ ਕੀਤਾ ਸੀ:

“ਅਸੀਂ ਇਸ ਗੱਲ ਤੋਂ ਵਾਕਿਫ਼ ਹਾਂ ਕਿ ਸਾਡਾ ਸਾਰੇ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਹੈ, ਇਸ ਲਈ ਇਹ ‘ਗੁਰਮਤਿ ਜੀਵਨ ਜਾਚ’ਰੂਪੀ ਸੁਧਾਰ ਦਾ ਕਦਮ ਤੱਤ ਗੁਰਮਤਿ ਪਰਿਵਾਰ ਲਈ ਹੀ ਚੁੱਕ ਰਹੇ ਹਾਂ। ਤਿਆਰ ਹੋਂਣ ੳਪਰੰਤ ਇਹ ‘ਗੁਰਮਤਿ ਜੀਵਨ ਜਾਚ’ ਸਿਰਫ਼ ਪਰਿਵਾਰ ਅਪਣੇ ਤੇ ਹੀ ਲਾਗੂ ਰਹਾਂਹੇ”

ਆਪਣੀ ਨਿਜੀ ਜੀਵਨ ਜਾਚ ਦੇ ਐਲਾਨ ਨੂੰ ਉਹ ਕਿਵੇਂ ਪੰਥਕ ਰਹਿਤ ਮਰਿਆਦਾ 1945 ਨਾਲ ਜੋੜ ਸਕਦੇ ਹਨ? ਉਹ ਕਿਉਂ ਨਹੀਂ ਚਾਹੁੰਦੇ ਕਿ ਪਾਠਕ ਉਨ੍ਹਾਂ ਦੇ ਇਸ ਐਲਾਨ ਦੀ ਸਾਰਥਕਤਾ ਨੂੰ ਸਮਝਣ?

ਜਿਸ ਨਿਜੀ ਚਿੱਤਨ ਪਾਸ ਪਾਸ ਇਨ੍ਹਾਂ ਸਿੱਧੇ ਸਵਾਲਾਂ ਦਾ ਵੀ ਜਵਾਬ ਨਹੀਂ ਤਾਂ ਉਸ ਨਿਜੀ ਚਿੰਤਨ ਦੀ ਕੱਚਿਆਈ ਅਤੇ ਬੇਤਰਤੀਬੀ ਨੇ ਆਪ ਹੀ ਪੁੱਠਾ ਗੇੜ ਖਾ ਜਾਣਾ ਹੈ ਉਸ ਨੂੰ ਬਚਾਉਂਣ ਲਈ ਪੰਥਕ ਵਾਸਤੇ ਪਾਉਂਣਾ ਬੇ-ਮਾਨੀ ਹੈ। ਪੰਥਕ ਗਲਾਂ ਪੰਥਕ ਜ਼ੁਬਾਨ ਰਾਹੀਂ ਹੁੰਦਿਆਂ ਨੇ ਨਾ ਕਿ ਨਿਜੀ ਐਲਾਨਾਂ ਰਾਹੀਂ। ਨਿਜੀ ਐਲਾਨ ਕਦੇ ਪੰਥਕ ਨਹੀਂ ਹੁੰਦੇ!

ਬਾਕੀ ਜਿੱਥੋਂ ਤਕ ਪੁਨਰਜਾਗਰਨ ਦੀ ਗੱਲ ਹੈ ਤਾਂ ਉਹ ਇੱਕ ਐਸਾ ਸੰਘਰਸ਼ ਹੈ ਜਿਸ ਨੂੰ ਕਿਸੇ ਇੱਕ ਧਿਰ ਪਾਸ ਗਿਰਵੀ ਨਹੀਂ ਰੱਖਿਆ ਜਾ ਸਕਦਾ।ਉਹ ਕਦੇ ਖ਼ਤਮ ਨਹੀਂ ਹੁੰਦਾ। ਉਸ ਨੂੰ ਗਲਤਬਿਆਨੀਆਂ ਰਾਹੀਂ ਹਰ ਜਗ੍ਹਾ ਭ੍ਰਮਿਤ (Confuse) ਨਹੀਂ ਕੀਤਾ ਜਾ ਸਕਦਾ। ਉਸ ਨੇ ਹਮੇਸ਼ਾ ਚਲਦੇ ਰਹਿਣਾ ਹੈ ਕਿੳਂਕਿ ਇਕ ਸੰਪੁਰਣ ਵਿਵਹਾਰਕ ਵਿਵਸਥਾ ਦੀ ਪ੍ਰਾਪਤੀ ਕਦੇ ਵੀ ਨਹੀਂ ਹੁੰਦੀ।

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top