Share on Facebook

Main News Page

ਨਾਚੇ-ਨਾਚੀਆਂ

ਖ਼ਬਰ ਸੀ ਸ਼ਾਹਰੁਖ-ਖਾਨ ਪੰਜਾਬ ਆਇਆ। 20 ਕੁ ਮਿੰਟ ਬਾਂਦਰ ਵਾਗੂੰ ਟਪੂਸੀਆਂ ਜਿਹੀਆਂ ਮਾਰਨ ਦਾ ਤਿੰਨ ਕਰੋੜ ਲੈ ਕੇ ਅਗਾਂਹ ਗਿਆ। ਪਿੱਛੇ ਜਿਹੇ ਇਕ ਹੋਰ ਨਾਚਾ ਆਇਆ ਸੀ। ਅਕਸ਼ੈ-ਕੁਮਾਰ। ਉਹ ਪਤਾ ਨਹੀਂ ਕਿੰਨੇ ਮਾਂਠ ਗਿਆ। ਹੁਣ ਚਰਚਾ ਸੀ ਕਿ ਲਹੂ ਦੇ ਛਟੇ ਸਿੱਖਾਂ ਦੇ ਘਰਾਂ ਵਿਚ ਪਹੁੰਚਾ ਕੇ ਅੱਗ ਲਾਉਂਣ ਵਾਲਾ ਨਚਾਰ ਅਮਿਤਾਬ ਬਚਨ ਅਤੇ ਇਕ ਹੋਰ ਨਾਚੀ ਹੇਮਾ-ਮਾਲਨੀ ਨੂੰ ਸੱਦਿਆ ਜਾ ਰਿਹਾ ਸੀ। ਹੁਣ ਪਤਾ ਨਹੀਂ ਅਪਣੀ ਬੇਇਜਤੀ ਦੇ ਡਰੋਂ ਉਸ ਆਪੇ ਹੀ ਆਉਂਣਾ ਕੈਂਸਲ ਕਰ ਦਿੱਤਾ ਜਾਂ ਬਾਦਲ ਕਿਆਂ ਸਿੱਖਾਂ ਉਪਰ ‘ਅਹਿਸਾਨ’ ਕੀਤਾ ਕਿ ਉਹ ਨਹੀਂ ਆਇਆ। ਆਹ ਪਿੱਛੇ ਜਿਹੇ ‘ਸੜਕਾਂ ਤੇ ਅੱਗ ਤੁਰੀ ਜਾਂਦੀ ਹੈ’ ਗਾਉਂਣ ਵਾਲਾ ਨਾਚਾ ਬਾਦਲਕਿਆਂ ਦੀ ਟਿਕਟ ਤੇ ਇਲੈਸ਼ਕਨ ਲੜ ਹਟਿਆ ਹੈ। ਯਾਨੀ ਸਾਡੇ ਕੋਲ ਹੁਣ ਨਾਚੇ-ਨਾਚੀਆਂ ਹੀ ਰਹਿ ਗਈਆਂ?

ਇਹ ਖ਼ਬਰਾਂ ਦਸਦੀਆਂ ਹਨ ਕਿ ਮੇਰੀ ਕੌਮ ਦੇ ਜਰਨੈਲ ਹੁਣ ਬੰਦੇ-ਬਹਾਦਰ, ਨਲੂਏ-ਅਟਾਰੀ ਨਹੀਂ ਬਲਕਿ ਨਾਚੇ ਨਾਚੀਆਂ ਹਨ। ਸਾਡੀਆਂ ਸਟੇਜਾਂ ਤੋਂ ਕੌਮ ਦੇ ਸੂਰਬੀਰ ਜਰਨੈਲਾਂ ਨੂੰ ਧੱਕੇ ਮਾਰ-ਮਾਰ ਲਾਹ ਦਿੱਤਾ ਗਿਆ ਹੈ, ਕਿਉਂ ਸਾਨੂੰ ਨਚਾਰਾਂ ਲਈ ਸਟੇਜਾਂ ਖਾਲੀ ਚਾਹੀਦੀਆਂ ਹਨ। ਨਚਾਰ ਵੀ ਉਹ ਜਿਹੜੇ ਮੇਰੀ ਕੌਮ ਦੇ ਕਾਤਲਾਂ ਦੇ ਨਾਲ ਖੜੋਤੇ ਸਨ। ਹੁਣ ਤਾਂ ਇਹ ਕਹਿੰਦਿਆਂ ਵੀ ਸ਼ਰਮ ਜਿਹੀ ਆਉਂਦੀ ਹੈ ਕਿ ਅਬਦਾਲੀ-ਨਾਦਰਾ ਵੇਲੇ ਜੀਹਨਾਂ ਕੋਲੋਂ ਅਪਣੀਆਂ ਲੂੰਗੀਆਂ ਨਹੀਂ ਸਨ ਸਾਭੀਆਂ ਜਾਂਦੀਆਂ ਉਹ ਮੇਰੀ ਕੌਮ ਦੀਆਂ ਸਟੇਜਾਂ ਦੇ ਹੀਰੋ ਹਨ! ਕੈਮਰੇ ਅਗੇ ਜਨਾਨੀਆਂ ਵਾਂਗੂੰ ਡਾਂਸ ਕਰਨ ਵਾਲੇ ਖੁਸਰਿਆਂ ਕੌਮ ਮੇਰੀ ਦੀ ਜਵਾਨੀ ਨੂੰ ਪਾਗਲ ਕੀਤਾ ਪਿਆ ਹੈ ਕਿਉਂਕਿ ‘ਜਥਾ ਰਾਜਾ ਤਥਾ ਪਰਜਾ’ ਵਾਗੂੰ ਜੇ ਕੌਮ ਦੇ ਲੀਡਰ ਨਾਚਿਆਂ ਵਿਚ ਖੁਸ਼ ਹਨ ਤਾਂ ਬਾਕੀ ਲੁਕਾਈ ਤਾਂ ਮਗਰ ਲੱਗੇਗੀ ਹੀ। ਨਚਾਰ ਅਤੇ ਨਾਚੀਆਂ ਜਿਸ ਕੌਮ ਦੇ ਹਰਮਨ ਪਿਆਰੇ ਹੋ ਜਾਣ ਉਸ ਕੌਮ ਦੀ ਜਿੰਦਾਦਿਲੀ ਤੇ ਕੀ ਸ਼ੱਕ ਨਹੀਂ ਹੋਣ ਲੱਗਦਾ? ਸਿੱਖ ਹੋਣ ਤੇ ਮਾਣ ਕਰਦਿਆਂ ਚਲੋ ਜੇ ਮੈਨੂੰ ਸ਼ਰਮ ਆਉਣ ਲਗ ਪਈ ਹੈ ਤਾਂ ਪੰਜਾਬੀ ਹੋਣ ਦੇ ਨਜਰੀਏ ਤੋਂ ਹੀ ਝਾਤ ਪਾ ਲਵਾਂ ਕਿ ਨਚਾਰਾਂ ਦੀ ਭੀੜ ਬਣਨ ਵਾਲੇ ਪੰਜਾਬੀਆਂ ਦੀ ਕਿਹੜੀ ਸ਼ਾਨ ਵਖਰੀ ਹੈ ਬਈ? ਇਹ ਕਿਹੜੀ ਟੌਹਰ ਹੈ ਮੇਰੇ ਪੰਜਾਬ ਦੀ ਕਿ ਇੱਕ ਪਤੀ ਉਚੇਚਾ ਲੁਧਿਆਣੇ ਤੋਂ ਅਪਣੀ ਪਤਨੀ ਨੂੰ ਬੰਬੇ ਲੈ ਕੇ ਜਾਂਦਾ ਹੈ। ਕੀ ਕਰਨ? ਅਪਣੀ ਪਤਨੀ ਦੀਆਂ ਅੱਧ ਨੰਗੀਆਂ ਛਾਤੀਆਂ ਦਿਖਾਉਂਣ? ਤੇ ਉਸ ਨੂੰ ਨਚਾਰਾਂ ਵਿਚ ਨੱਚਦੀ ਨੂੰ ਦੇਖ ਬਜਾਇ ਸ਼ਰਮ ਨਾਲ ਅੱਖ ਨੀਵੀਂ ਹੋਵੇ ਉਹ ਸਗੋਂ ਮੁੱਛ ਨੂੰ ਮਰੋੜਾ ਦੇ ਰਿਹਾ ਹੈ ਕਿ ਪਤਨੀ ਉਸ ਦੀ ਨੱਚਣ ਵਿਚ ਪਹਿਲੇ ਨੰਬਰ ਤੇ ਆਈ ਹੈ!

ਮੈਨੂੰ ਪੱਤੈ ਮੇਰੇ ਕਈ ਮਿੱਤਰਾਂ ਕਹਿਣਾ ਕਿ ਮੈਂ ਕਿਸੇ ਦੀ ਧੀ-ਭੈਣ ਲਈ ਭਾਸ਼ਾ ਠੀਕ ਨਹੀਂ ਵਰਤ ਰਿਹਾ। ਪਰ ਨਚਾਰ ਨੂੰ ਕੀ ਕਹੋਂਗੇ। ਕੋਠੇ ਉਪਰ ਨਚਣ ਵਾਲੀ ਲਈ ਤੁਵਾਇਫ ਹੀ ਤਾਂ ਵਰਤਣਾ ਪਵੇਗਾ। ਅਪਣੀ ਦੇਹ ਦਾ ਵਪਾਰ ਕਰਨ ਵਾਲੀ ਵੀ ਤਾਂ ਆਖਰ ਕਿਸੇ ਦੀ ਧੀ-ਭੈਣ ਹੈ ਪਰ ਕੀ ਚਾਰਾ ਹੈ ਕਿ ਤੁਸੀਂ ਉਸ ਨੂੰ ਵੇਸਵਾ ਨਾ ਕਹੋ। ਨੱਚਣ ਵਾਲੀਆਂ ਨੂੰ ਕੀ ਕਹਿਣਾ ਬਣਦਾ ਹੈ? ਐਵੇਂ ਲਫਜਾਂ ਦਾ ਹੇਰ-ਫੇਰ ਕਰਕੇ ਮੈਂ ਅਪਣੀਆਂ ਕਮਜੋਰੀਆਂ ਅਤੇ ਬੇਸ਼ਰਮੀਆਂ ਨੂੰ ਕੱਜ ਰਿਹਾ ਹਾਂ ਕਿ ਇਹ ਜੀ ਕਲਾਕਾਰ ਹੈ, ਇਹ ਸਟਾਰ ਹੈ! ਬੰਦਾ ਇਸ ਗੱਲ ਵਿਚ ਮਾਹਰ ਹੈ ਕਿ ਉਸ ਨੂੰ ਅਪਣੀ ਲੱਚਰਤਾ ਦਾ ਕੂੜਾ-ਕੱਚਰਾ ਕੱਜਣਾ ਆਉਂਦਾ ਹੈ। ਪੁਜ ਕੇ ਸਿਰੇ ਦੇ ਕੰਜਰਖਾਨੇ ਨੂੰ ਸਭਿਆਚਾਰ ਦਾ ਨਾ ਦੇ ਲਿਆ ਹੈ ਮੈਂ। ਜੇ ਇਸ ਕੜੀ ਘੋਲਣ ਦਾ ਨਾਂ ਸਭਿਆਚਾਰ ਹੈ ਤਾਂ ਕੰਜਰਖਾਨੇ ਲਈ ਸਾਨੂੰ ਫਿਰ ਕੋਈ ਹੋਰ ਲਫਜ਼ ਢੂੰਡਣੇ ਪੈਂਣਗੇ।

ਇਥੇ ਟਰੰਟੋ ਦੀ ਹੀ ਗੱਲ ਹੈ। ਮਿਸ ਪੂਜਾ ਆਈ। ਵੰਡਰਲੈਂਡ ਆਉਂਣ ਲਈ ਲੋਕਾਂ ਨੂੰ ਉਕਸਾਇਆ ਜਾ ਰਿਹਾ ਸੀ। ਹੋਸਟ ਕਾਲਾਂ ਲੈ ਰਿਹਾ ਹੈ। ਭਾਈ ਇਕ ਆਉਂਦਾ ਹੈ। ਜੀ ਮੇਰੀ ਬੇਟੀ ਦਾ ਜਨਮ ਦਿਨ ਹੈ ਤੁਹਾਡੀ ਬੜੀ ਮਿਹਰਬਾਨੀ ਹੋਵੇ ਜੇ ਤੁਸੀਂ ਵੰਡਰਲੈਂਡ ਵਿਖੇ ਮਿਸ-ਪੂਜਾ ਕੋਲੋਂ ਬੇਟੀ ਮੇਰੀ ਦਾ ਕੇਕ ਕਟਵਾ ਦਿਓ। ਉਸ ਦਾ ਤਰਲਾ ਜਿਹਾ ਸੁਣ ਕੇ ਮੈਨੂੰ ਸ਼ਰਮ ਆ ਰਹੀ ਸੀ ਪਰ ਪਤਾ ਨਹੀਂ ਉਸ ਦੀ ਸ਼ਰਮ ਕਿਥੇ ਉੱਡ ਗਈ। ਥਾਂ-ਥਾਂ ਅਪਣੀ ਦੇਹ ਦੀ ਨੁਮਾਇਸ਼ ਲਾਉਂਣ ਵਾਲੀ ਅਤੇ ਅਪਣੇ ਕਾਮੁਕ ਇਸ਼ਾਰਿਆਂ ਨਾਲ ਲੁਕਾਈ ਦਾ ਦਿੱਲ ਲੁਭਾਕੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਇਹ ਨਚਾਰ ਕੁੜੀ ਦੀ ਦੱਸੋ ਕੀ ਪ੍ਰਾਪਤੀ ਹੈ ਕਿ ਇੱਕ ਅਣਖੀਲੇ ਪੰਜਾਬ ਦਾ ਵਸਨੀਕ ਅਪਣੀ ਬੇਟੀ ਦਾ ਕੇਕ ਕੱਟਣ ਲਈ ਉਸ ਦੇ ਤਰਲੇ ਕਰ ਰਿਹਾ ਹੈ!! ਇਹ ਕਿਧਰ ਦੀ ਅਣਖ ਹੈ? ਇਹ ਗੈਰਤਮੰਦ ਲੋਕਾਂ ਦੇ ਕੰਮ ਹਨ ਕਿ ਅਪਣੀਆਂ ਧੀਆਂ ਦੇ ਕੇਕ ਨਚਾਰਾਂ ਕੋਲੋ ਕਟਵਾਉਂਣ?

ਇਹ ਕਿਉਂ ਹੋਇਆ? ਕਿਉਂਕਿ ਹੀਰ-ਰਾਂਝੇ, ਮਿਰਜੇ ਸਾਹਿਬਾਂ ਮੇਰੇ ਕੰਨਾ ਵਿਚ ਨਿੱਤ ਘਸੋੜੇ ਜਾ ਰਹੇ ਹਨ। ਸਿਲੇਬਸਾਂ ਵਿਚ ਇਹ ਭੂੰਡ ਆਸ਼ਕ ਬੱਚਿਆਂ ਦੇ ਸਿਰਾਂ ਵਿਚ ਵਾੜੇ ਜਾ ਰਹੇ ਹਨ। ਕੀ ਪ੍ਰਪਾਤੀ ਹੈ ਬਈ ਹੀਰ ਰਾਂਝੇ ਦੀ? ਕੀ ਸਿੱਖਿਆ ਦਿੰਦੀ ਮਿਰਜੇ-ਸਾਹਿਬਾਂ ਦੀ ਕਹਾਣੀ? ਕਿ ਸੱਕੇ ਮਾਮੇ ਦੀ ਕੁੜੀ ਕੱਢ ਕੇ ਲੈ ਜੋ ਅਤੇ ਉਸ ਨਾਲ ਖੇਹ ਖਾਓ? ਉਹ ਵੀ ਉਨ੍ਹਾਂ ਮਾਮਿਆਂ ਦੀ ਜੀਹਨਾਂ ਦਾ ਲੂਣ ਖਾਂਦਾ ਰਿਹਾ? ਜੀਹਨਾਂ ਉਸ ਨੂੰ ਪਾਲਿਆ? ਬਜਾਇ ਕਿ ਅਜਿਹੇ ਆਸ਼ਕ ਦੀ ਕਬਰ ਤੇ ਥੁੱਕ ਕੇ ਆਇਆ ਜਾਵੇ, ਪੰਜਾਬ ਉਸ ਦੀਆਂ ਵਾਰਾਂ ਗਾ ਰਿਹਾ ਹੈ। ਇਨ੍ਹਾਂ ਵਾਰਾਂ ਗਾਉਂਣ ਵਾਲਿਆਂ, ਲਿਖਣ ਵਾਲਿਆਂ ਅਤੇ ਸੁਣ ਕੇ ਚੌੜੇ ਹੋਣ ਵਾਲਿਆਂ ਨੂੰ ਪੁੱਛੋ ਕਿ ਜੇ ਤੁਹਾਡੇ ਘਰੇ ਕੋਈ ਬੇਸ਼ਰਮ ਸਾਹਿਬਾਂ ਜੰਮ ਪਵੇ! ਜੇ ਅਸੀਂ ਅਪਣੇ ਘਰੇ ਅਜਿਹੀ ਨਿਰਲੱਜ ਧੀ ਨੂੰ ਪ੍ਰਵਾਨ ਨਹੀਂ ਕਰਦੇ ਤਾਂ ਸਮਾਜ ਵਿਚ ਕਿਉਂ ਪ੍ਰਦੂਸ਼ਣ ਫੈਲਾ ਰਹੇ ਹਾਂ। ਕਿਉਂ ਗੰਦੀਆਂ ਕਰ ਰਹੇ ਹਾਂ ਪੰਜਾਬ ਦੀਆਂ ਫ਼ਿਜਾਵਾਂ।

ਹੁਣ ਕਈ ਭਰਾ ਇਸ ਕਰਕੇ ਪ੍ਰੇਸ਼ਾਨ ਹੋ ਰਹੇ ਹਨ ਕਿ ਬਾਦਕਿਆਂ ਨੂੰ ਫ਼ਖਰ-ਏ ਪੰਜਾਬ ਦੇ ਦਿੱਤਾ ਗਿਆ। ਸਿਆਂਣੇ ਆਂਹਦੇ ਜਿਹੋ ਗਾਉਣ ਵਾਲੇ ਉਹੋ ਜਿਹੇ ਵਜਾਉਂਣ ਵਾਲੇ। ਫ਼ਖਰ-ਏ ਪੰਜਾਬ ਦੇਣ ਵਾਲੇ ਵੀ ਤਾਂ ‘ਫ਼ਖਰ’ ਕਰਨ ਜੋਗ ਹਨ। ਇਹ ਕੁਝ ਵੀ ਨਵਾ ਨਹੀਂ ਹੋ ਰਿਹਾ। ਇਹ ਹਜਾਰਾਂ ਸਾਲ ਪਹਿਲਾਂ ਇਸੇ ਧਰਤੀ ਤੇ ਹੋ ਚੁਕਾ ਹੋਇਆ। ਬ੍ਰਹਾਮਣ ਰਾਜੇ ਨੂੰ ਨੇਹਕਲੰਕ ਕਹਿੰਦਾ ਰਿਹਾ ਹੈ। ਇਹ ਉਹੀ ਬ੍ਰਹਾਮਣ ਹਨ ਜੀਹਨਾਂ ਨੂੰ ਨਾਚੇ-ਨਾਚੀਆਂ ਲਿਆ ਕੇ ਪੰਜਾਬ ਵਿਚ ਗੰਦ ਪਾਉਂਣ ਵਾਲੇ ਰਾਜੇ ਨੇਹਕਲੰਕ ਲਗ ਰਹੇ ਹਨ ਅਤੇ ਉਨ੍ਹਾਂ ਜਾਪਦਾ ਹੈ ਕਿ ਫ਼ਖਰ ਕਰਨ ਜੋਗ ਹੁਣ ਇਹੀ ਕੁਝ ਹੈ ਜੋ ਉਹ ਕਰ ਰਹੇ ਹਨ। ਕਬਰਾਂ ਵਿਚੋਂ ਕੋਈ ਜਿੰਦਾ ਅਵਾਜ ਆਵੇ, ਇਹ ਤੁਸੀਂ ਉਮੀਦ ਵੀ ਤਾਂ ਨਹੀਂ ਨਾ ਰੱਖ ਸਕਦੇ। ਇਹ ਨਾਚੇ-ਨਾਚੀਆਂ ਦਾ ਸ਼ੋਰਗੁੱਲ ਹੀ ਹੁਣ ਫ਼ਖਰ ਕਰਨ ਜੋਗ ਰਹਿ ਗਿਆ ਹੈ ਇਹ ਮੈਂ ਨਹੀਂ ਖ਼ਬਰਾਂ ਕਹਿ ਰਹੀਆਂ ਹਨ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top