Share on Facebook

Main News Page

ਪੰਥ ਕੀ ਹੈ?

ਪੰਥ ਨਾ ਢੋਲਕੀਆਂ ਕੁਟਣ ਦਾ ਨਾਂ ਹੈ, ਨਾ ਅੱਖਾਂ ਤੇ ਬੱਤੀਆਂ ਬੰਦ ਕਰਨ ਦਾ, ਨਾ ਹੀ ਪੰਥ ਨਿਰਾ ਗਿਆਨ ਘੋਟਣ ਦਾ ਨਾਂ ਹੈ ਨਾ ਹੀ ਪੰਥ ਦੁਮਾਲੇ ਬੰਨ, ਲੰਮੇ ਚੋਲੇ ਪਾ ਲੋਕਾਂ ਨੂੰ ਡਰਾਉਂਣ ਦਾ ਨਾਂ ਹੈ ਤੇ ਨਾ ਹੀ ਭੋਰੇ ਵਿਚ ਦੜ ਵੱਟਣ ਦਾ।

ਪੰਥ ਤਾਂ ਗੁਰੂ ਦੀ ਮੱਤ ਤੇ ਚਲਣ ਦੇ ਗਾਡੀ ਰਾਹ ਦਾ ਨਾਂ ਹੈ। ਜਿਹੜਾ ਇਸ ਉਪਰ ਚਲ ਗਿਆ ਉਹ ਪੰਥ। ਭੀੜਾਂ ਨੂੰ ਪੰਥ ਨਹੀਂ ਕਹਿੰਦੇ। ਬੰਦਿਆਂ ਦਾ ਨਾਂ ਪੰਥ ਨਹੀਂ। ਜੇ ਇਸ ਹਿਸਾਬ ਦੇਖੋ ਤਾਂ ਪੰਥਾਂ ਦਾ ਹੀ ਅੰਤ ਨਹੀਂ। ਟਕਸਾਲੀਆਂ ਦਾ ਅਪਣਾ ਪੰਥ ਹੈ, ਅਖੰਡ ਕੀਰਤਨੀਆਂ ਦਾ ਅਪਣਾ, ਨਾਨਕਸਰੀਆਂ ਦਾ ਅਪਣਾ ਤੇ ਮਿਸ਼ਨਰੀਆਂ ਦਾ ਅਪਣਾ। ਇੱਕ ਪੰਥ ਭੰਗ ਘੋਟਣ ਵਾਲਿਆਂ ਹੈ, ਦੂਜਾ ਬਾਦਲਕਿਆਂ ਦਾ ਹੈ। ਇੰਝ ਪੰਥ ਬਣਦਾ ਹੁੰਦਾ ਤਾਂ ਪੰਥਾਂ ਦੇ ਇਸ ਰਾਮ ਰੌਲੇ ਵਿਚੋਂ ਪੰਥ ਲਭਣਾ ਹੀ ਔਖਾ ਹੋ ਜਾਂਦਾ। ਪਰ ਪੰਥ ਗਿਆ ਕਿਤੇ? ਨਹੀਂ! ਹਾਲੇ ਕਲ ਹਵਾਰੇ ਵਿਚ ਪੰਥ ਬਲਕਾਰਿਆ ਹੈ। ਬਲਵੰਤ ਸਿੰਘ ਰਾਜੇਵਾਣਾ ਵਿਚ ਪੰਥ ਹਾਲੇ ਜਿਉਂਦਾ ਹੈ।

ਕੋਸ਼ਿਸ਼ ਜਾਰੀ ਹੈ। ਪੰਥ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ ਜਾਣ। ਕਿਉਂਕਿ ਬੰਦ ਬਤੀਆਂ ਵਿੱਚ ਔਜੜੇ ਪੈਂਣਾ ਸੌਖਾ ਹੈ। ਕੋਸ਼ਿਸ਼ ਹੈ ਕਿ ਪੰਥ ਲੰਮੇ-ਲੰਮੇ ਚੋਲਿਆਂ ਹੇਠ ਲੁਕਾ ਦਿੱਤਾ ਜਾਵੇ। ਪੰਥ ਭੰਗ ਦੇ ਘੋਟਿਆਂ ਵਿੱਚ ਘੋਟ ਦਿੱਤਾ ਜਾਵੇ ਪਰ ਨਹੀਂ! ਇੰਝ ਕਦੇ ਹੋਇਆ। ਬੇਸ਼ਕ ਬੁਰਾ ਹਾਲ ਹੈ, ਬੇਸ਼ਕ ਬੀਮਾਰੀ ਬੁਰੀ ਤਰ੍ਹਾਂ ਫੈਲ ਗਈ ਹੈ, ਬੇਸ਼ਕ ਹਨੇਰਾ ਹਨੇਰਾ ਹੀ ਦਿੱਸਦਾ ਹੈ। ਪਰ ਫਿਰ ਵੀ ਚਾਨਣ ਦੀ ਕਿਰਨ ਕਿਤੇ ਨਾ ਕਿਤੇ ਹੈ। ਕਿਤੇ ਨਾ ਕਿਤੇ ਦੀਵਾ ਜਗ ਰਿਹਾ ਹੈ। ਬੱਸ ਇਸ ਦੀਵੇ ਤੋਂ ਹੀ ਅੱਗ ਮਚ ਉੱਠਣੀ।

ਇੱਕ ਜਰੂਰ ਦੁੱਖ ਹੈ ਕਿ ਪੰਥ ਨੂੰ ਬਚਾਉਣ ਦੇ ਨਾਂ ਤੇ ਸਾਨ੍ਹਾਂ ਦਾ ਭੇੜ ਪਿਆ ਵਿਆ ਹੈ। ਅਸੀਂ ਸਿਰ ਫਸਾਉਂਣ ਨੂੰ ਹੀ ਪੰਥ ਮੰਨ ਲਿਆ ਹੈ। ਕਿਸੇ ਮੇਰੇ ਵਰਗੇ ਨੂੰ ਚਾਰ ਗੱਲਾਂ ਕੀ ਬੋਲਣੀਆਂ ਲਿਖਣੀਆਂ ਆ ਜਾਂਦੀਆਂ, ਉਹ ਪੰਥ ਵਾਲਾ ਆਸਮਾਨ ਹੀ ਸਿਰ ਤੇ ਚੁੱਕ ਖੜੋਂਦਾ। ਹਰੇਕ ਗੱਲੇ ਨੁਕਤਾਚੀਨੀ ਦੀ ਬੜੀ ਭੈੜ ਸਾਡੇ ਵਿਚ ਹੈ। ਕੁਰੀਤੀਆਂ ਨੂੰ ਦੂਰ ਕਰਨ ਦੇ ਨਾਂ ਤੇ ਹਰੇਕ ਗੱਲੇ ਹੀ ਅਸੀਂ ਫਸ ਬਹਿੰਦੇ ਹਾਂ। ਗੁਰੂ ਦੀ ਮੱਤ ਤਾਂ ਮੇਰੇ ਲਾਗੋਂ ਨਹੀ ਲੰਘਦੀ। ਨਾ ਹਲੀਮੀ, ਨਾ ਮਿਠਾਸ, ਨਾ ਨਿਮਰਤਾ। ਮੈਨੂੰ ਜਾਪਦਾ ਮੈਂ ਗਾਹਲਾਂ ਕੱਢਕੇ ਜਾਂ ਰੁੱਖਾ ਬੋਲਕੇ ਹੀ ਪੰਥ ਵਾਲਾ ਗੱਡਾ ਖਿੱਚ ਲੈਂਣਾ ਹੈ। ਕੋਈ ਸ਼ਕ ਨਹੀਂ ਕਿ ਕੁੱਝ ਕਰਮਕਾਂਡ, ਕੁੱਝ ਹਨੇਰਾ, ਕੁੱਝ ਕੁਰੀਤੀਆਂ ਉਪਰ ਕਟਾਖਸ਼ ਕਰਨੇ ਜੇ ਉਚਿਤ ਹਨ, ਤਾਂ ਇਸ ਦਾ ਮੱਤਲਬ ਇਹ ਵੀ ਨਹੀਂ ਕਿ ਅਸੀਂ ਹਰੇਕ ਵਿਸ਼ੇ ਨੂੰ ਟਿੱਚਰਾਂ ਜਿਹੀਆਂ ਵਿਚ ਲੈ ਕੇ ਅਪਣਾ ਹੀ ਜਲੂਸ ਕੱਢੀਏ।

ਇਸ ਨੂੰ ਬਜਾਇ ਕਿ ਮੈਂ ਗੁਰੂ ਦੀ ਬਖਸ਼ਸ਼ ਮੰਨਾ ਕਿ ਸ਼ੁਕਰ ਏ ਭਰਮਾਂ ਦੇ ਛੌੜ ਗੁਰੂ ਨੇ ਮੇਰੇ ਕਟ ਦਿੱਤੇ, ਮੈਂ ਹੰਕਾਰੀ ਹੋ ਗਿਆ ਹਾਂ ਅਤੇ ਜਾਣੇ-ਅਨਜਾਣੇ ਕਰਮਕਾਂਡਾ ਵਿਚ ਫਸੇ ਲੋਕ ਮੈਨੂੰ ਕੀੜੇ-ਮਕੌੜੇ ਹੀ ਜਾਪਣ ਲੱਗ ਪਏ ਹਨ। ਜਿਵੇਂ ਨਾਮ-ਸਿਮਰਨਾਂ ਵਾਲੇ ਦੂਜੇ ਨੂੰ ਨੇੜੇ ਨਹੀਂ ਫਟਕਣ ਦਿੰਦੇ, ਉਹੀ ਬੀਮਾਰੀ ਮੇਰੇ ਵਿਚ ਗਿਆਨ ਦੇ ਨਾਂ ਤੇ ਹੈ। ਉਨ੍ਹਾਂ ਨੂੰ ਜੇ ਨਾਮ ਸਿਮਰਨ ਨੇ ਹੰਕਾਰੀ ਕਰ ਦਿੱਤਾ ਹੈ, ਤਾਂ ਮੈਨੂੰ ਗਿਆਨ ਨੇ। ਜਿਹੜੀ ਫੂੰ-ਫਾਂਅ ਉਨ੍ਹਾਂ ਵਿਚ ਦਿੱਸ ਰਹੀ ਹੈ, ਉਹੀ ਮੇਰੇ ਵਿਚ ਹੈ। ਫਰਕ ਕੀ ਹੋਇਆ? ਕੋਈ ਹੈ?

ਗੁਰੂ ਦੀ ਬਖਸ਼ਸ਼ ਵਾਲੇ ਵਿਸਵਾਸ਼ ਤੋਂ ਬਿਨਾਂ, ਇਕੱਲਾ ਗਿਆਨ ਵੀ ਉਸੇ ਰਾਹੇ ਜਾਂਦਾ ਹੈ ਜਿਸ ਰਾਹੇ ਬੰਦ ਬੱਤੀਆਂ ਜਾਂਦੀਆਂ ਹਨ। ਇੱਕ ਨੇ ਜੇ ਕਿਸੇ ਸਾਧ ਜਾਂ ਡੇਰੇਡਾਰ ਦਾ ਪੱਲਾ ਫੜ ਲਿਆ ਹੈ, ਤਾਂ ਦੂਜੇ ਨੇ ਕਿਸੇ ਵਿਦਵਾਨ ਦੀ ਕਹੀ ਆਖਰੀ ਮੰਨ ਲਈ! ਉਹ ਜੇ ਅਪਣੇ ਸਾਧ ਨੂੰ ਫੜ ਕੇ ਬੈਠ ਗਿਆ, ਤਾਂ ਇਹ ਕਿਸੇ ਵਿਦਵਾਨ ਦੀਆਂ ਲੱਤਾਂ ਨੂੰ ਚਿੰਬੜ ਗਿਆ। ਉਹ ਅਪਣੇ ਡੇਰੇਦਾਰ ਵਿਰੁੱਧ ਸਾਹ ਨਹੀਂ ਕਢਣ ਦਿੰਦਾ, ਤਾਂ ਇਹ ਅਪਣੇ ਵਿਦਵਾਨ ਖਿਲਾਫ ਚੂੰ ਨਹੀਂ ਕਰਨ ਦਿੰਦਾ। ਪਰ ਗਲਤ ਦੋਵੇ ਹੀ ਨੇ। ਇਹ ਤਾਂ ਜਿਵੇਂ ਪੰਡਿਤ ਅਤੇ ਮੁਲਾਣਾ ਲੜਦੇ ਹੁੰਦੇ ਸਨ, ਉਵੇਂ ਸਿੱਖ ਭਾਈ ਲੜੀ ਜਾ ਰਹੇ ਹਨ। ਲੜ ਦੋਵੇਂ ਪੰਥ ਦੇ ਨਾਂ ਤੇ ਰਹੇ ਹਨ।

ਹੁਣ ਇਹ ਕੀ ਲੜਾਈ ਹੋਈ ਕਿ ਤੂੰ ਮੂਲ-ਮੰਤਰ “ਨਾਨਕ ਹੋਸੀ ਭੀ ਸਚ” ਤਕ ਕਿਉਂ ਪੜਦਾਂ। ਤੇ ਦੂਜਾ ਕਹਿੰਦਾ ਤੂੰ "ਗੁਰਪ੍ਰਸਾਦਿ" ਤਕ ਕਿਉਂ? ਕਮਾਲ ਏ। ਇਸ ਨਾਲ ਕੀ ਫਰਕ ਪੈਂਦਾ। ਤੁਸੀਂ ਇਕੱਲਾ ਹੀ ਪੜ ਲਿਆ ਕਰੋ। ਮਸਲਾ ਤਾਂ ਇਸ ਨਾਲ ਹੀ ਹਲ ਹੋ ਜਾਂਦਾ। ਇੱਕ ਕਹਿੰਦਾ ਮੈਂ ਚੌਪਈ ਵੀ ਨਹੀਂ ਪੜਨੀ, ਜਾਪ ਵੀ ਨਹੀਂ ਪੜਨਾ, ਦੂਜਾ ਕਹਿੰਦਾ ਮੈਂ ਸਾਰਾ ‘ਦਸਮ ਗ੍ਰੰਥ’ ਹੀ ਪੜਨਾ। ਜੋ ਪੜ੍ਹਨਾ ਪੜੋ ਜੋ ਨਹੀਂ ਪੜ੍ਹਨਾ ਨਾ ਪੜੋ, ਪਰ ਸ੍ਰੀ ਗੁਰੂ ਦਾ ਇੱਕ ਬਚਨ ਤਾਂ ਯਾਰ ਪੜੋ ਕਿ "ਏਕ ਪਿਤਾ, ਏਕਸ ਕੇ ਹਮ ਬਾਰਕ"ਪਿਉ ਇੱਕ, ਗੁਰੂ ਇੱਕ, ਤਾਂ ਰੌਲਾ ਕਾਹਦਾ ਸਾਡਾ। ਕਿਉਂ ਅਸੀਂ ਇਕ ਹੋਰ ‘ਪਿਉ’ ਥਾਪ ਕੇ ਦੁਨੀਆਂ ਦੀਆਂ ਨਿਗਾਹਾਂ ਵਿੱਚ ਸ਼ੱਕੀ ਹੋਣਾ ਚਾਹੁੰਦੇ। ਅਸੀਂ ਕਿਉਂ ਦੁਸ਼ਮਨ ਦੀ ਚੜ੍ਹ ਮਚਣ ਦਈਏ। ਸਾਨੂੰ ਕੋਈ ਨਹੀਂ ਮਾਰ ਸਕਦਾ। ਦਸੋ ਬ੍ਰਹਾਮਣ ਤੁਹਾਨੂੰ ਮਾਰਨ ਜੋਗਾ ਹੈ? ਇਸ ਵਿਚਾਰੇ ਕੋਲੋਂ ਨਾ ਸਾਰੀ ਉਮਰ ਅਪਣੀ ਲੂੰਗੀ ਨਹੀਂ ਸਾਂਭੀ ਜਾਂਦੀ, ਤੁਹਾਨੂੰ ਕਿਥੋਂ ਮਾਰ ਦਊ। ਜਦੋਂ ਮਾਰਨਾ ਤੁਸੀਂ ਖੁਦ ਹੀ ਇਕ ਦੂਏ ਨੂੰ ਮਾਰਨਾ ਅਤੇ ਮਾਰ ਰਹੋ ਹੋ।

ਬੇਸ਼ਕ ਲੁਕਾਈ ਕਰਮਕਾਂਡਾਂ ਵਿੱਚ ਬੁਰੀ ਤਰ੍ਹਾਂ ਫਸ ਗਈ ਹੈ, ਪਰ ਸਮੂੰਹਕ ਤੌਰ ਤੇ ਗੁਰੂ ਉਨ੍ਹਾਂ ਵਿੱਚ ਹਾਲੇ ਵੀ ਜਿਉਂਦਾ ਹੈ। ਸੌਦੇ ਸਾਧ ਵੇਲੇ ਚਾਹੇ ਕੋਈ ਜਰਦਾ ਲਾਉਂਦਾ ਸੀ, ਚਾਹੇ ਪੁਜ ਕੇ ਨਸ਼ੇੜੀ ਸੀ, ਚਾਹੇ ਬੱਤੀਆਂ ਫੂਕਦਾ ਸੀ, ਪਰ ਉਹ ਅਪਣੇ ਗੁਰੂ ਦੇ ਨਾਂ ਤੇ ਸਿਰ ਲੈ ਕੇ ਸੜਕਾਂ ਉਪਰ ਆ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਮੂਹਰਲਿਆਂ ਬੇੜਾ ਬਹਾ ਦਿੱਤਾ ਲਹਿਰ ਨਹੀਂ ਬਣਨ ਦਿੱਤੀ।

ਇੰਝ ਹੀ ਚਾਹੇ ਬਾਹਰ, ਚਾਹੇ ਪੰਜਾਬ ਵਿੱਚ, ਲੋਕਾਂ ਵਿੱਚ ਅਪਣੇ ਗੁਰੂ ਪ੍ਰਤੀ ਹਾਲੇ ਵੀ ਵਿਸਵਾਸ਼ ਹੈ, ਪਰ ‘ਉਪਰਲਿਆਂ’ ਚੌਧਰੀਆਂ ਵਿੱਚ ਨਾ ਵਿਸਵਾਸ਼ ਹੈ ਨਾ ਸ਼ਰਧਾ। ਚਾਹੇ ਉਹ ਵਿਦਵਾਨ ਹੈ, ਚਾਹੇ ਸਾਧ ਹੈ, ਚਾਹੇ ਕੋਈ ਗ੍ਰੰਥੀ ਭਾਈ ਹੈ, ਤੇ ਚਾਹੇ ਕਿਸੇ ਗੁਰਦੁਆਰੇ ਦਾ ਚੌਧਰੀ ਹੈ। (ਸਾਰੇ ਨਹੀ) ਪਰ ਪੰਥ ਦਾ ਗੱਡਾ ਕੱਢਣ ਲਈ ਸਾਰੇ ਹੀ ਵਾਹੋਦਾਹੀ ਹੋਏ ਪਏ ਹਨ, ਬਿਨਾ ਇਹ ਜਾਣੇ ਕਿ ਪੰਥ ਕਹਿੰਦੇ ਕੀਹਨੂੰ ਹਨ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top