Share on Facebook

Main News Page

ਕੀ ਖਾਲਸਾ ਹੁਣ ਸਿਰਫ ਵਿਰਾਸਤ ਬਣ ਗਿਆ ਹੈ?

25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿੱਚ ਖਾਲਸੇ ਦੀ ਵਿਰਾਸਤ ਦੀ ਯਾਦਗਾਰ ਬਣਾਈ ਗਈ ਦਾ ਉਦਘਾਟਨ ਹੋਣ `ਤੇ, ਕੀ ਹੁਣ ਇਹ ਮੰਨ ਲਿਆ ਗਿਆ ਹੈ ਕਿ ਖਾਲਸਾ ਸਿਰਫ ਇੱਕ ਯਾਦਗਾਰਾਂ ਦੇ ਲਾਇਕ ਹੋ ਗਿਆ ਹੈ। ਕੀ ਯਾਦਗਾਰਾਂ ਜਿਉਦਿਆਂ ਦੀਆਂ ਬਣਦੀਆਂ ਹਨ ਜਾਂ ਮਰਿਆਂ ਹੋਇਆਂ ਦੀਆਂ? ਕੀ ਕੋਈ ਫੌਜ ਆਪਣੀਆਂ ਯਾਦਗਾਰਾਂ ਨਾਲ ਅਮਰ ਹੁੰਦੀ ਹੈ ਜਾਂ ਕਾਰਨਾਮਿਆਂ ਨਾਲ? ਕੀ ਫੌਜ ਦੀ ਯਾਦਗਾਰ ਬਣਾਈ ਜਾਂਦੀਂ ਹੈ ਜਾਂ ਫੌਜ ਦੇ ਕੀਤੇ ਮਹਾਨ ਕੰਮਾਂ ਦੀ? ਕੀ ਵਿਰਾਸਤ ਵਰਤਮਾਨ ਹੁੰਦੀ ਹੈ ਜਾਂ ਬੀਤ ਚੁੱਕੇ ਵਕਤ ਦੀ ਗੱਲ ਹੁੰਦੀ ਹੈ? ਕੀ ਖਾਲਸਾ ਬੀਤ ਚੁੱਕੇ ਦਾ ਹਿੱਸਾ ਹੋ ਗਿਆ ਹੈ ਜਾਂ ਵਰਤਮਾਨ ਵਿੱਚ ਵੀ ਖਾਲਸੇ ਦੀ ਹੋਂਦ ਹੈ? ਕੀ ਅਕਾਲੀ ਦਲ ਦੀ ਸਰਕਾਰ ਨੇ ਖਾਲਸੇ ਨੂੰ ਬੀਤੇ ਵਕਤ ਦਾ ਹਿੱਸਾ ਮੰਨ ਲਿਆ ਹੈ? ਇਸ ਬਣੇ ਯਾਦਗਾਰੀ ਇਮਾਰਤ ਦਾ ਨਾਂ ਬਦਲ ਕਿ ਵਿਰਾਸਤ ਏ ਖਾਲਸਾ ਕਿਉਂ ਕੀਤਾ ਗਿਆ? ਕੀ ਸੱਚਮੁੱਚ ਹੀ ਖਾਲਸੇ ਦੀ ਵਿਰਾਸਤ ਦੀ ਯਾਦਗਾਰਾਂ ਨੂੰ ਦਰਸਾਉਣ ਵਾਲੀ ਇਮਾਰਤ ਜਾਂ ਅਜਾਇਬ ਘਰ ਹੈ ਜੇ ਹੈ ਥਾਂ ਫਿਰ ਹੀਰ ਰਾਂਝਿਆਂ ਦੀਆਂ ਤਸਵੀਰਾਂ ਕਿਉਂ? ਇਸ ਅਦੁੱਤੀ ਇਮਾਰਤ ਨੂੰ ਦੇਖਣ ਵਿਚਾਰਨ ਬਾਅਦ ਅਨੇਕਾਂ ਸੁਆਲ ਖੜੇ ਹੁੰਦੇ ਹਨ। ਸਿੱਖ ਕੌਮ ਦੇ ਬੁੱਧੀਜੀਵੀ ਵਰਗ ਨੂੰ ਇਹਨਾਂ ਅਤੇ ਹੋਰ ਇਸ ਤਰਾਂ ਦੇ ਸਵਾਲਾਂ ਦੇ ਜਵਾਬ ਇਤਿਹਾਸ ਦੀ ਰੌਸਨੀ ਵਿੱਚ ਜਰੂਰ ਢੂੰਡਣੇਂ ਚਾਹੀਦੇ ਹਨ। ਕਿਧਰੇ ਇਹ ਅਨੋਖੀ ਯਾਦਗਾਰ ਸਾਡੀਆਂ ਗਲਤੀਆਂ ਦੀ ਇੱਕ ਹੋਰ ਨਿਸਾਨੀ ਨਾਂ ਬਣ ਜਾਵੇ।

ਸਿੱਖ ਕੌਮ ਤਾਂ ਹਾਲੇ ਤੱਕ ਰਹਿਤ ਮਰਿਯਾਦਾ ਅਤੇ ਦਸਮ ਗਰੰਥ ਵਰਗੇ ਅਹਿਮ ਮਸਲੇ ਵੀ ਹੱਲ ਨਹੀਂ ਕਰ ਸਕੀ। ਕਿਧਰੇ ਕੌਮੀ ਫਲਸਫੇ ਨੂੰ ਢਾਹ ਲਾਉਣ ਵਾਲੀ ਇਮਾਰਤ ਬਣਾ ਕੇ ਅਸੀਂ ਆਪਣੇ ਫਲਸਫੇ ਦੇ ਪੈਂਰੀਂ ਕੁਹਾੜਾ ਤਾਂ ਨਹੀਂ ਮਾਰ ਰਹੇ?ਇਸ ਯਾਦਗਾਰ ਵਿਚਲੇ ਬੁੱਤਾਂ ਅਤੇ ਤਸਵੀਰਾਂ ਰਾਂਹੀ ਕੀ ਸਿੱਖ ਕੌਮ ਤਸਵੀਰ ਪੂਜਕ ਅਤੇ ਬੁੱਤਪੂਜਕ ਤਾਂ ਨਹੀਂ ਸਿੱਧ ਹੋਵੇਗੀ ਵੀ ਇੱਕ ਅਹਿਮ ਪਰਸਨ ਹੈ? ਰਾਜਨੀਤਕ ਲੋਕਾਂ ਦੁਆਰਾ ਬਣਾਂਈਆਂ ਨੀਤੀਆਂ ਅਤੇ ਯਾਦਗਾਰਾਂ ਪਿੱਛੇ ਹਮੇਸਾਂ ਸਵਾਰਥ ਛੁਪਿਆ ਹੁੰਦਾਂ ਹੈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਗੁਰੂ ਹੁਕਮ ਦੀ ਉਲੰਘਣਾਂ ਕਰਕੇ ਹਜੂਰ ਸਾਹਿਬ ਵਿੱਚ ਹਾਊਮੈਂ ਦਾ ਵਿਖਾਵਾ ਕਰਦਿਆਂ ਗੁਰੂ ਹੁਕਮ ਨਹੀਂ ਮੰਨਿਆਂ ਸੀ ਜਿਸ ਦੇ ਸਿੱਟੇ ਕੌਮ ਅੱਜ ਭੁਗਤ ਰਹੀ ਹੈ।ਉਸ ਦੁਵਾਰਾ ਬਣਾਏ ਗਏ ਇਸ ਯਾਦਗਾਰੀ ਅਸਥਾਨ ਤੋਂ ਹੀ ਹੁਣ ਹਥਿਆਰਾਂ ਨੂੰ ਜੀਵ ਹੱਤਿਆ ਕਰਕੇ ਉਹਨਾਂ ਦੇ ਖੂਨ ਵਿੱਚ ਧੋਣ ਵਰਗੀਆਂ ਮਨਮੱਤਾਂ ਅਤੇ ਦਸਮ ਗਰੰਥ ਦੇ ਸਮਾਜ ਵਿੱਚ ਨਾਂ ਬੋਲੇ ਜਾ ਸਕਣ ਵਾਲੇ ਹਿੱਸੇ ਕੌਮ ਉੱਪਰ ਥੋਪੇ ਜਾ ਰਹੇ ਹਨ।ਤਖਤ ਹਮੇਸਾਂ ਇੱਕ ਹੀ ਹੁੰਦਾਂ ਹੈ ਪਰ ਸਿੱਖ ਕੌਮ ਦੇ ਚਾਰ ਤਖਤ ਵੀ ਰਾਜਨੀਤਕਾਂ ਹੀ ਬਣਵਾਏ ਸਨ। ਪੰਜਵਾਂ ਤਖਤ ਤਾਂ ਵਰਤਮਾਨ ਅਕਾਲੀਆਂ ਦੀ ਹੀ ਦੇਣ ਹੈ ਜੋ ਅੱਜ ਸਿੱਖ ਕੌਮ ਨੂੰ ਨਵਾਂ ਰਾਹ ਨਹੀ ਬਲਕਿ ਰਾਜਨੀਤਕਾਂ ਦੇ ਗੁਲਾਮ ਬਣਾਉਣ ਵਿੱਚ ਭਾਗੀਦਾਰ ਬਣੇ ਹੋਏ ਹਨ।

ਮਹਾਰਾਜੇ ਰਣਜੀਤ ਸਿੰਘ ਨੇ ਜਦ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਉਲਟ ਯਾਦਗਾਰੀ ਗੁਰਦੁਆਰਾ ਬਣਵਾਉਣ ਦੀ ਗੱਲ ਕੀਤੀ ਸੀ ਤਾਂ ਬਹੁਤ ਸਾਰੇ ਸਿੱਖਾਂ ਨੇ ਗੁਰੂ ਹੁਕਮ ਦੀ ਅਵੱਗਿਆ ਕਰਨ ਤੋਂ ਰੋਕਣ ਦੀ ਕੋਸਿਸ ਕੀਤੀ ਸੀ ਪਰ ਰਾਜਸੱਤਾ ਦੀ ਤਾਕਤ ਦੇ ਨਸੇ ਵੱਚ ਉਸਨੇ ਤਾਂ ਗੁਰੂ ਦੇ ਹੁਕਮ ਅਤੇ ਭਵਿੱਖਤ ਵਚਨਾਂ ਨੂੰ ਟਿੱਚ ਸਮਝਿਆ ਸੀ ਜੋ ਸਮਾਂ ਆਉਣ ਤੇ ਪੂਰੇ ਹੋਏ।ਖਾਲਸਾ ਆਪਣੇ ਉੱਚੇ ਅਤੇ ਸੁੱਚੇ ਆਚਰਣ ਨਾਲ ਪਛਾਣਿਆਂ ਜਾਂਦਾ ਹੈ ਨਾਂ ਕਿ ਇਮਾਰਤਾਂ ਨਾਲ।

ਖਾਲਸੇ ਦੀ ਹੋਂਦ ਦੀ ਗਵਾਹੀ ਤਾਂ ਕੱਚੀ ਗੜੀ ਵੀ ਬਣ ਜਾਂਦੀ ਹੈ ਪਰ ਭੇਖਧਾਰੀ ਖਾਲਸੇ ਦਾ ਨਕਲੀਪੁਣਾਂ ਪੱਕੀਆਂ ਇਮਾਰਤਾਂ ਵੀ ਨਹੀਂ ਢੱਕ ਸਕਦੀਆਂ। ਕੀ ਰਾਜਸੱਤਾ ਗੁਰੂਆਂ ਦੇ ਅਸਲੀ ਖਾਲਸੇ ਨੂੰ ਵਿਰਾਸਤ ਬਣਾਉਣਾਂ ਚਾਹੁੰਦੀ ਹੈ ਜਾਂ ਵਰਤਮਾਨ ਦਾ ਅੰਗ ਇਹ ਨਿਰਣਾਂ ਕੌਣ ਕਰੂਗਾ? ਜੇ ਇਸ ਤਰਾਂ ਹੀ ਬਿਨਾਂ ਸੋਚੇ ਸਮਝੇ ਕੌਮ ਦੇ ਆਗੂ ਸਰਕਾਰਾਂ ਦੀ ਚਾਪਲੂਸੀ ਕਰਦੇ ਰਹੇ ਤਾਂ ਬਹੁਤ ਕੁੱਝ ਇਹੋ ਜਿਹਾ ਸਿਰਜਿਆ ਜਾਊਗਾ ਜੋ ਕੌਮ ਦਾ ਭਵਿੱਖ ਹੋਰ ਧੁੰਦਲਾ ਕਰਨ ਵਿੱਚ ਯੋਗਦਾਨ ਪਾਵੇਗਾ।ਇਸ ਤਰਾਂ ਦੀ ਹੀ ਇੱਕ ਚਾਲ ਅੰਗਰੇਜ ਸਾਮਰਾਜ ਨੇ ਸ਼ਾਡੀ ਕੌਮ ਨਾਲ ਖੇਡੀ ਸੀ ਜਦ ਫੌਜ ਵਿੱਚ ਕਈ ਫੌਜੀਆਂ ਨੂੰ ਸੰਤ ਬਣਾਕਿ ਕੌਮ ਉੱਪਰ ਥੋਪਿਆ ਗਿਆ ਸੀ ਜਿੰਨਾਂ ਵਿੱਚੋਂ ਹਰ ਇੱਕ ਨੇ ਇੱਕ ਇੱਕ ਮਨਮੱਤ ਲਾਗੂ ਕੀਤੀ ਸੀ ਜੋ ਅੱਜ ਕੌਮੀ ਵਖਰੇਵੇ ਦੀ ਨੀਂਹ ਸਾਬਤ ਹੋ ਰਹੇ ਹਨ ।ਜਿੰਨਾਂ ਵਿੱਚੋਂ ਇੱਕ ਨੇ ਕੌਮੀ ਨਿਸਾਨ ਗੁਰੂ ਘਰਾਂ ਤੋਂ ਦੂਰ ਦੂਸਰੇ ਨੇ ਗੁਰੂ ਦਾ ਲੰਗਰ ਬੰਦ ਤੀਸਰੇ ਨੇ ਗੁਰੂਘਰ ਦਾ ਨਾਂ ਹੀ ਹੋਰ ਰੱਖਣ ਦੀ ਮਰਿਯਾਦਾ ਚਲਾਈ ਅਤੇ ਇਸ ਤਰਾਂ ਦੀਆਂ ਹੋਰ ਮਨਮੱਤਾਂ ਅੰਗਰੇਜ ਸਾਮਰਾਜ ਨੇ ਚਲਵਾਈਆਂ ਸਨ।ਇਹਨਾਂ ਸਾਰਿਆਂ ਬਾਰੇ ਲਿਖਣਾਂ ਖਤਰੇ ਦਾ ਕਾਰਨ ਬਣ ਜਾਂਦਾਂ ਹੈ ਕਿਉਂਕਿ ਅੱਜ ਦੀ ਰਾਜਸੱਤਾ ਅੱਜ ਵੀ ਇਹਨਾਂ ਦੀ ਪੁਸਤਪਨਾਹੀ ਕਰਦੀ ਹੈ।ਅੱਜ ਕੌਮ ਦੇ ਲਈ ਦਰਦ ਰੱਖਣ ਵਾਲੇ ਲੋਕਾਂ ਨੂੰ ਰਾਜਨੀਤੀ ਤੋਂ ਦੂਰ ਰਹਿਕੇ ਕੌਮ ਨੂੰ ਜਾਗਰੂਕ ਕਰਨਾਂ ਅਹਿਮ ਫਰਜ ਮੰਨਣਾਂ ਚਾਹੀਦਾ ਹੈ। ਰਾਜਨੀਤਕਾਂ ਦੀ ਚਾਪਲੂਸੀ ਦੀ ਥਾਂ ਸਹੀ ਮੱਤ ਦੇਣ ਦੀ ਕੋਸਿਸ ਕਰਨੀਂ ਚਾਹੀਦੀ ਹੈ ਤਾਂ ਕਿ ਕੌਮ ਦੀ ਬੇੜੀ ਡੁੱਬਣੋਂ ਬਚਾਈ ਜਾ ਸਕੇ। ਸੋ ਆਉ ਖਾਲਸੇ ਨੂੰ ਵਿਰਾਸਤ ਨਹੀਂ ਵਰਤਮਾਨ ਦਾ ਹਿੱਸਾ ਬਣਾਈ ਰੱਖਣ ਦੀ ਕੋਸਿਸ ਕਰੀਏ।

ਗੁਰਚਰਨ ਸਿੰਘ ਪੱਖੋਕਲਾਂ
94177 27245


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top