Share on Facebook

Main News Page

ਫਖਰੇ ਕੌਮ ਖਿਤਾਬ ਦੇ ਐਲਾਨ ਬਾਰੇ ਕੁੱਝ ਵਿਚਾਰਾਂ
ਬਾਦਲ ਨੂੰ ਫਖਰੇ ਕੌਮ ਦਾ ਖਿਤਾਬ ਦੇਣਾ ਤਾਂ ਉਨ੍ਹਾਂ ਸਿੱਖਾਂ ਦਾ ਅਪਮਾਨ ਹੈ ਜਿਹੜੇ ਫਖਰੇ ਕੌਮ ਹੋਣ ਦਾ ਹੱਕ ਰੱਖਦੇ ਹਨ

ਡੇੜ ਸਾਲ ਪਹਿਲਾਂ ਜਦ ਬਾਬਾ ਗੁਰਬਖਸ਼ ਸਿੰਘ (ਬਾਬਾ ਬੰਦਾ ਸਿੰਘ ਬਹਾਦਰ) ਵਲੋਂ ਪਹਿਲੇ ਸਿੱਖ ਰਾਜ ਨੂੰ ਕਇਮ ਕਰਨ ਦੀ ਸ਼ਤਾਬਦੀ ਮਨਾਈ ਸੀ ਜਿਸ ਨੂੰ ਸਰਹੰਦ ਫਤਿਹ ਸ਼ਤਾਬਦੀ ਵੀ ਕਿਹਾ ਗਿਆ ਸੀ, ਉਸ ਸਟੇਜ਼ ਤੋਂ ਜਦ ਬਾਬਾ ਬੰਦਾ ਸਿੰਘ ਬਹਾਦਰ ਅਵਾਰਡ ਮਹਿਤਾ ਚੌਕ ਜਥੇ ਦੇ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਦੇਣ ਦਾ ਐਲਾਨ ਹੋਇਆ ਸੀ ਉਸ ਸਮੇਂ ਵੀ ਕਾਫੀ ਸਵਾਲ ਉਠਾਏ ਗਏ ਸਨ ਦੱਸਿਆ ਜਾਵੇ ਕੇ ਬਾਬਾ ਧੁੰਮਾਂ ਨੂੰ ਕਿਸ ਬਹਾਦਰੀ ਲਈ ਉਹ ਅਵਾਰਡ ਦਿੱਤਾ ਗਿਆ ਸੀ।

ਹੁਣ ਫਿਰ ਅਨੰਦਪੁਰ ਸਾਹਿਬ ਦੀ ਸਟੇਜ਼ ਤੋਂ ਅਕਾਲ ਤਖਤ ਦੇ ਜਥੇਦਾਰ ਗਿਅਨੀ ਗੁਰਬਚਨ ਸਿੰਘ ਜਿਹੜਾ ਹਰ ਸਮੇਂ ਬਾਦਲਾਂ ਦੀ ਸੇਵਾ ਲਈ ਤਤਪਰ ਰਹਿੰਦਾ ਹੈ ਬਾਦਲ ਨੂੰ ਫਖਰ ਏ ਕੌਮ ਖਿਤਾਬ ਪੰਜ ਦਿਸੰਬਰ ਨੂੰ ਅਕਾਲ ਤਖਤ ਤੋਂ ਦੇਣ ਦਾ ਐਲਾਨ ਕਰਕੇ ਹੈਰਾਨ ਕਰ ਦਿੱਤਾ ਹੈ।ਇਸ ਐਲਾਨ ਤੇ ਵੀ ਬਹੁਤ ਸਾਰੀਆਂ ਉਂਗਲਾਂ ਉੱਠੀਆਂ ਹਨ ਬਹੁਤ ਸਾਰੇ ਸੁਆਲ ਉਠਾਏ ਗਏ ਹਨ ਅਤੇ ਸਿੱਖ ਜਗਤ ‘ਚ ਇਸ ਦਾ ਬੜਾ ਭਾਰੀ ਵਿਰੋਧ ਹੋਇਆ ਹੈ। ਮੈਂ ਵੀ ਬਾਦਲ ਸਾਹਿਬ ਜਿਹੜੇ ਪੰਜਾਬ ਦੇ ਸਭ ਤੋਂ ਜਿਆਦਾ ਸਮਾਂ ਮੁਖ ਮੰਤਰੀ ਰਹਿ ਹਨ ,ਉਨ੍ਹਾਂ ਦੇ ਜੀਵਣ ਤੇ ਝਾਤ ਪਾਈ ਹੈ ਅਤੇ ਇਸ ਸੁਆਲ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਹੜੇ ਕਾਰਣ ਹੋ ਸਕਦੇ ਹਨ ਜਿਹੜੇ ਬਾਦਲ ਨੂੰ ਇਸ ਤਰ੍ਹਾਂ ਦਾ ਖਿਤਾਬ ਦੇਣ ਜਾ ਨਾ ਦੇਣ ਲਈ ਵਿਚਾਰੇ ਜਾਣੇ ਚਾਹੀਦੇ ਹਨ

  1. ਸਭ ਤੋਂ ਪਹਿਲਾ ਜਿਹੜੀ ਬਹਾਦਰੀ ਬਾਦਲ ਸਾਹਿਬ ਨੇ ਵਿਖਾਈ ਸੀ ਆਪਣੇ ਪਹਿਲੀ ਵਾਰ ਮੁੱਖਮੰਤਰੀ ਦੇ ਸਮੇਂ ਪੰਜਾਬ ਦੀ ਧਰਤੀ ਤੇ ਝੂਠੇ ਮੁਕਾਬਲਿਆਂ ਦੀ ਲੀਹ ਬਾਦਲ ਨੇ ਹੀ ਪਾਈ ਸੀ ਮਰਨ ਵਾਲੇ ਭਾਵੇਂ ਨਕਲਸਬਾੜੀ ਸਨ ਪਰ ਜਿਆਦਾਤਰ ਸਿੱਖ ਹੀ ਸਨ।

  2. ਦੁਜੀ ਵੱਡਾ ਕੰਮ ਜਿਸ ਤੇ ਸਿੱਖ ਕੌਮ ਮਾਨ ਕਰ ਸਕਦੀ ਹੈ ਉਹ ਵੀ ਬਾਦਲ ਸਾਹਿਬ ਦੇ ਰਾਜ ‘ਚ ਹੋਇਆ। 1978 ਦੀ ਵਿਸਾਖੀ ਨੂੰ ਪੰਥਿਕ ਸਰਕਾਰ ਦੇ ਰਾਜ ਸਮੇਂ ਪੰਥ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ‘ਚ 14 ਸਿੱਖ ਨਰਕਧਾਰੀਆਂ ਦੇ ਗੁੰਡਿਆਂ ਨੇ ਸ਼ਹੀਦ ਕਰ ਦਿੱਤੇ ਸਨ ,ਬਾਦਲ ਸਾਹਿਬ ਨੇ ਕਾਤਲਾਂ ਨੂੰ ਸੁਰੱਖਿਅਤ ਰਸਤਾ ਦੇ ਕੇ ਸਰਕਾਰੀ ਗੱਡੀਆਂ ‘ਚ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਪੁਚਾ ਦਿੱਤਾ ਸੀ। ਕਿਸੇ ਨੂੰ ਆਚ ਨਹੀਂ ਆਉਣ ਦਿੱਤੀ।ਸ.ਕਪੂਰ ਸਿੰਘ ਦੀ ਲਿਖਤ ਅਨੁਸਾਰ ਮੁੱਖ ਮੰਤਰੀ ਬਾਦਲ ਡੀ ਸੀ ਅੰਮ੍ਰਿਤਸਰ ਦੇ ਦਫਤਰ ਬੈਠਾ ਹੀ ਸਭ ਕੁਝ ਦੇਖ ਰਿਹਾ ਅਤੇ ਪ੍ਰਬੰਧ ਕਰਵਾ ਰਿਹਾ ਸੀ।

  3. ਜੇਕਰ ਬਾਦਲ ਅਤੇ ਹੋਰ ਅਕਾਲੀ ਆਗੂ ਇੰਦਰਾ ਨੂੰ ਹਰੀ ਝੰਡੀ ਨਾ ਦਿੰਦੇ ਤਾਂ ਉਸ ਦੀ ਹਿੰਮਤ ਨਹੀਂ ਸੀ ਪੈਣੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ।

  4. ਦੋਗਲੀਆਂ ਨੀਤੀਆਂ ਕਾਰਣ ਵੀ ਬਾਦਲ ਨੂੰ ਇਹ ਖਿਤਾਬ ਦੇਣਾ ਚਾਹੀਦਾ ਹੈ ? ਪਹਿਲਾਂ ਲੋਂਗੋਵਾਲ ਦਾ ਵਿਰੋਧ ਤੇ ਫਿਰ ਹੁਣ ਹਰ ਸਾਲ ,ਲੋਂਗੋਵਾਲ ਦੀ ਬਰਸੀ ਮਨੌਨੀ

  5. ਜਿਨਾਂ ਚਿਰ ਬਰਨਾਲੇ ਦਾ ਵਿਰੋਧ ਕਰਨਾ ਸੀ ,ਸ਼ੰਘਰਸ਼ ‘ਚ ਸ਼ਾਮਿਲ ਸ਼ਹੀਦਾਂ ਦੇ ਭੋਗਾਂ ਤੇ ਜਾਂਦਾ ਰਿਹਾ ਬਾਦਲ ਤੇ ਬਰਨਾਲੇ ਦੀ ਕੁਰਸੀ ਖੁੱਸ ਗਈ ਬਾਦਲ ਦੀ ਨੀਤੀ ਵੀ ਬਦਲ ਗਈ।

  6. 1997 ਦੀਆਂ ਅਸੰਬਲੀ ਚੋਣਾਂ ‘ਚ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦੁਆੳਣ ਦਾ ਵਹਿਦਾ ਕਰਕੇ ਚੋਣਾਂ ਲੜਣ ਵਾਲਾ ਬਾਦਲ ਕਹਿੰਦਾ ਸੀ ਕਿ ਅਸੀਂ ਪੰਜਾਬ ਬਾਰੇ ਵਾਈਟ ਪੇਪਰ ਜਾਰੀ ਕਰਾਂਗੇ ਪਰ ਮੁੱਖ ਮੰਤਰੀ ਬਣਦਿਆਂ ਹੀ ਸਭ ਕੁਝ ਭੁੱਲ ਗਿਆ ਅਤੇ ਸਿੱਖਾਂ ਨੂੰ ਵੀ 1984 ਦਾ ਦੌਰ ਭੁੱਲ ਜਾਣ ਦੇ ਉਪਦੇਸ਼ ਦੇਣ ਲੱਗ ਪਿਆ।ਕਿਉਂ?

  7. ਫਰਵਰੀ 1999 ਨੂੰ ਖਾਲਸਾ ਸਾਜਨਾ ਸ਼ਤਾਬਦੀ ਤੋਂ ਪਹਿਲਾਂ ਆਪਣੀ ਸਰਕਾਰੀ ਤਾਕਤ ਵਰਤਦਿਆਂ ਨਿਯਮਾਂ ਨੂੰ ਛਿੱਕੇ ਟੰਗਦਿਆਂ ਬਾਦਲ ਨੇ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਸੀ

  8. ਉਸ ਸਮੇਂ ਤੋਂ ਅੱਜ ਤੱਕ ਫਿਰਕੁ ਜਥੇਬੰਦੀ ਆਰ ਐਸ ਐਸ ਦਾ ਹੱਥ ਸਿੱਖ ਮਾਮਲਿਆਂ ‘ਚ ਵਧਦਾ ਗਿਆ ,ਕਦੇ ਉਨ੍ਹਾਂ ਨੇ ਬਾਦਲ ਦੇ ਥਾਪੜੇ ਨਾਲ ਮੰਦਰਾਂ ‘ਚ ਗੁਰੂ ਗ੍ਰੰਥ ਸਾਹਿਬ ਰੱਖਣ ਦਾ ਯਤਨ ਕੀਤਾ ਤਾਂ ਕਿ ਬਾਦਲ ਸਿਆਸੀ ਲਾਹਾ ਲੈ ਸਕੇ ਪਰ ਜਾਗਰੂਕ ਸਿੱਖਾਂ ਨੇ ਇਹ ਸਾਜਿਸ਼ ਨਕਾਮ ਬਣਾ ਦਿੱਤੀ ਸੀ।

  9. ਸਿੱਖ ਹਿੱਤਾਂ ਲਈ ਬਣਾਈ ਗਈ ਪਾਰਟੀ ਨੂੰ 1995 ਦੇ ਸ਼੍ਰੋਮਣੀ ਅਕਾਲੀ ਦਲ ਇਜਲਾਸ ਮੋਗੇ ਵਿਖੇ ਸਿੱਖ ਪਾਰਟੀ ਤੋਂ ਪੰਜਾਬੀ ਪਾਰਟੀ ਬਣਾ ਦਿੱਤੀ ਤਾਂ ਕਿ ਉਸ ਨੂੰ ਸਿੱਖਾਂ ਤੇ ਨਿਰਭਰ ਨਾ ਰਹਿਣਾ ਪਵੇ।ਇਹ ਐਲਾਨ ਵੀ ਡਿਕਟੇਟਰਸ਼ਿਪ ਵਾਲਾ ਸੀ ਕਿਉਂਕੇ ਇਸ ਬਾਰੇ ਪਾਰਟੀ ‘ਚ ਕਿਸ ਨੇ ਫੈਸਲਾ ਲਿਆ ਸੀ ਕਿੱਥੇ ਲਿਆ ਗਿਆ ਸੀ?

  10. ਸ਼੍ਰੋਮਣੀ ਕਮੇਟੀ ਤੇ ਵੀ ਬਾਦਲ ਦਾ ਹੀ ਸਿੱਕਾ ਚੱਲਦਾ ਆਇਆ ਹੈ ।ਅੱਜ ਪੰਜਾਬ ‘ਚ ਸਿੱਖਾਂ ਦੇ ਸਿਰਾਂ ਤੋਂ ਪੱਗਾਂ ਅਲੋਪ ਹੋ ਗਈਆਂ ਹਨ ਕੀ ਇਹ ਖਿਤਾਬ ਇਸ ਹਾਲਤ ‘ਚ ਬਾਦਲ ਨੂੰ ਦਿੱਤਾ ਜਾ ਸਕਦਾ ਹੈ ਜਿਸ ਦੀ ਛਤਰਛਾਇਆ ਹੇਠ ਸਿੱਖੀ ਨੂੰ ਢਾਹ ਲੱਗੀ ਹੋਵੇ? ਬਾਦਲ ਤੇ ਹੀ ਸਿੱਖਾਂ ਨੂੰ ਫਖਰ ਹੋਵੇ ਨਹੀਂ ਗੱਲ ਬਣਦੀ ਨਹੀ।

  11. ਆਪਣੇ ਸਿਆਸੀ ਲਾਹੇ ਲਈ ਖਾਲਸੇ ਦਾ ਵਿਲੱਖਣ ਨਾਨਕਸ਼ਾਹੀ ਕੈਲੰਡਰ, ਜਿਹੜਾ ਅਕਾਲ ਤਖਤ ਸਾਹਿਬ ਦੀ ਮੋਹਰ ਹੇਠ ਜਾਰੀ ਕੀਤਾ ਗਿਅ ਉਸ ਨਾਨਕਸ਼ਾਹੀ ਕਲੰਡਰ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਬਿਕਰਮੀਕਰਨ ਤੇ ਬਰਾਹਮਣੀ ਕਰਨ ਕਰ ਦਿੱਤਾ ਹੋਵੇ ਤੇ ਫਿਰ ਵੀ ਫਖਰੇ ਕੌਮ ? ਨਹੀਂ ਕਿਤੇ ਗਲਤ ਜਰੁਰ ਹੋ ਰਹੀ ਹੈ।

  12. ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਲਿਸਟਾਂ ਵਿੱਚੋਂ ਆਪਣੇ ਵਿਰੋਧੀਆਂ ਦੀਆਂ ਸਿੱਖਾਂ ਦੀਆਂ ਵੋਟਾਂ ਕੱਟਣ ਵਾਲਾ ਫਖਰੇ ਕੌਮ ਨਹੀਂ ਬਣ ਸਕਦਾ।

  13. ਸਰਕਾਰੀ ਸ਼ਕਤੀ ਨਾਲ ਸ਼੍ਰੋਮਣੀ ਕਮੇਟੀ ਨਿਯਮਾਂ ਦੇ ਉਲਟ ਆਪਣੀ ਸਰਕਾਰ ਦੇ ਕਰਮਚਾਰੀਆਂ ਰਾਹੀਂ ਗੈਰ ਸਿੱਖ ਅਤੇ ਬਿਨਾਂ ਸਿੱਖੀ ਸਰੂਪ ਵਾਲਿਆਂ ਦੀਆਂ ਵੋਟਾਂ ਬਣਵਾਉਣ ਵਾਲਾ ਫਖਰੇ ਕੌਮ ਨਹੀਂ ਹੋ ਸਕਦਾ। ਬਾਦਲ ਦੇ ਨੱਕ ਹੇਠ ਪਿੰਡ ਬਾਦਲ ਦੇ ਹਿੰਦੂ, ਮੁਸਲਮਾਨ, ਭਈਏ ਸਭ ਵੋਟਾਂ ਪਾ ਰਹੇ ਸਨ। ਡੇ ਐਂਡ ਨਾਈਟ (ਬਾਹਰ ਜ਼ੀ ਪੰਜਾਬ) ਦੇ ਬਠਿੰਡਾ ਤੋਂ ਰਿਪੋਰਟਰ ਸਵਰਨ ਸਿੰਘ ਦਾਨੇਵਾਲੀਆ ਜਦ ਪੋਲਿੰਗ ਸਟੇਸ਼ਨ ਤੇ ਗੈਰ ਸਿੱਖਾਂ ਵਲੋਂ ਵੋਟਾਂ ਪੌਣ ਬਾਰੇ ਸੁਆਲ ਪੁੱਛ ਰਿਹਾ ਸੀ ਤਾਂ ਬਾਦਲ ਮੀਸਣਾ ਜਿਹਾ ਬਣ ਕੇ ਕਹਿ ਰਿਹਾ ਸੀ ਮੈਨੂੰ ਨਹੀਂ ਪਤਾ। ਬਾਦਲ ਨੇ ਤਾਂ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀ ਤਾਕਤ ਵਰਤ ਕੇ ਆਪਣੇ ਧਰਮ ਨਾਲ ਗਦਾਰੀ ਕੀਤੀ ਹੈ ਉਹ ਕੌਮ ਦਾ ਫਕਰ ਕਿਸੇ ਵੀ ਤਰ੍ਹਾਂ ਨਹੀਂ ਹੋ ਸਕਦਾ।

  14. ਰਹਿੰਦੀ ਕਸਰ ਬਾਦਲ ਨੇ ਉਸ ਦਿਨ ਕੱਢ ਦਿੱਤੀ ਜਿਸ ਦਿਨ ਦਿੱਲੀ ਕਾਨਪੁਰ ਅਤੇ ਹੋਰ 18 ਸਟੇਟਾਂ ‘ਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਸੀ ਉਸ ਦਿਨ ਅੱਧੇ ਤੋਂ ਵੱਧ ਨੰਗੀਆਂ ਕੁੜੀਆਂ ਨਚਾ ਕੇ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਣ ਵਾਲਾ ਫਖਰੇ ਕੌਮ ਨਹੀਂ ਹੋ ਸਕਦਾ।

  15. ਸਿੱਖ ਯੂਨੀਵਸਿਟੀ ਬਣਾ ਕੇ ਸਿੱਖ ਸ਼ਬਦ ਨਾਲੋਂ ਲਾਹ ਦਿੱਤਾ ਗਿਆ,ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਯੂਨੀਵਰਸਿਟੀ ਬਣਾ ਕੇ ਪਤਿਤ ਸਿੱਖ ਨੂੰ ਇਸ ਦਾ ਮੁੱਖੀ ਬਣਾ ਦਿੱਤਾ ਗਿਆ। ਫਿਰ ਇਹ ਕੰਮ ਕਰਨ ਵਾਲਾ ਫਖਰੇ ਕੌਮ ਕਿਵੇਂ ਬਣ ਸਕਦਾ ਹੈ।

  16. ਸਿੱਖ ਪੰਥ ਅਤੇ ਸਿੱਖ ਧਰਮ ਦਾ ਗੁਰੂ ਕਾਲ ਤੋਂ ਬਾਅਦ ਸਭ ਤੋਂ ਪਹਿਲੇ ਵਿਰੋਧੀ ਨਾਮਧਾਰੀਆਂ ਦੇ ਬਣੇ ਆਗੂ ਅੱਗੇ ਮਾਰਚ 2007 ਵਿੱਚ ਚੌਥੀ ਵਾਰ ਮੁੱਖਮੰਤਰੀ ਬਣਕੇ 50 ਲੱਖ ਰੱਖ ਕੇ ਮੱਥਾ ਟੇਕਣ ਵਾਲਾ ਅਤੇ ਸਿੱਖ ਵਿਰੋਧੀ ਨਾਮਧਾਰੀਆਂ ਦੀ ਗੁਰੂ ਨਾਨਕ ਯੂਨੀਵਰਸਿਟੀ ‘ਚ ਚੇਅਰ ਦਾ ਐਲਾਨ ਕਰਨ ਵਾਲਾ ਕਿਵੇਂ ਫਖਰੇ ਕੌਮ ਦੇ ਖਿਤਾਬ ਦਾ ਹੱਕਦਾਰ ਬਣ ਸਕਦਾ ਹੈ।

  17. ਸਰਕਾਰੀ ਮਾਇਆ ਨਾਲ ਬਣਾਈ ਗਈ ਵਿਰਾਸਤ ਖਾਲਸਾ ਦੇ ਕੌਮ ਨੂੰ ਸਮਰਪਿਤ ਸਮਾਗਮ ਸਮੇਂ ਵੀ ਆਪਣੇ ਸਿਆਸੀ ਲਾਹੇ ਲਈ ਟੋਪੀਆਂ ਵਾਲਿਆਂ ਅਤੇ ਫਿਲਮਾਂ ਵਾਲਿਆਂ ਨੂੰ ਬੁਲਾਉਣ ਵਾਲਾ ਕੌਮ ਦਾ ਫਕਰ ਕਿਵੇਂ ਹੋ ਸਕਦਾ ਹੈ।

ਜੇਕਰ ਬਾਦਲ ਖੁੱਲੇ ਦਿਲ ਨਾਲ ਸਭ ਸਿੱਖ ਜਥੇਬੰਦੀਆਂ ਨੂੰ ਇਸ ਸਮਾਗਮ ਤੇ ਬਲਾਉਂਦਾ ਤਾਂ ਇਹ ਵਾਕਿਆ ਹੀ ਇੱਕ ਵੱਡਾ ਪੰਥਕ ਸਮਾਗਮ ਬਣ ਜਾਣਾ ਸੀ, ਅਤੇ ਇਸ ਤਰ੍ਹਾਂ ਕਰਨ ਨਾਲ ਬਾਦਲ ਦਾ ਕੱਦ ਵੀ ਹੋਰ ਵਧ ਜਾਂਦਾ ਪਰ ਉਸ ਨੇ ਤਾਂ ਆਪਣੇ ਸਿਆਸੀ ਲਾਹੇ ਨੂੰ ਹੀ ਅੱਗੇ ਰੱਖਿਆ ਫਿਰ ਉਹ ਫਖਰੇ ਕੌਮ ਕਿਸ ਤਰ੍ਹਾਂ ਬਣ ਸਕਦਾ ਹੈ? ਬਾਦਲ ਨੂੰ ਫਖਰੇ ਕੌਮ ਦਾ ਖਿਤਾਬ ਦੇਣਾ ਤਾਂ ਉਨ੍ਹਾਂ ਸਿੱਖਾਂ ਦਾ ਅਪਮਾਨ ਹੈ ਜਿਹੜੇ ਫਖਰੇ ਕੌਮ ਹੋਣ ਦਾ ਹੱਕ ਰੱਖਦੇ ਹਨ।

ਜਸਵਿੰਦਰ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top