Share on Facebook

Main News Page

ਸਪੋਕਸਮੈਨ ਦੇ ਡਮਰੂ

ਪਿੰਡਾਂ ਸ਼ਹਿਰਾਂ ਵਿੱਚ ਬਾਂਦਰ ਬਾਂਦਰੀ, ਰਿਛ ਜਾਂ ਕਿਸੇ ਹੋਰ ਜਾਨਵਰ ਦੇ ਗਲ ਲੰਮੀ ਰਸੀ ਪਾਈ ਡਮਰੂ ਵਜਾਉਂਦੇ ਮਦਾਰੀ ਪਹਿਲਾਂ ਤਾਂ ਆਮ ਵੇਖੇ ਜਾਂਦੇ ਸਨ ਕਿਉਂਕਿ ਮਨੋਰੰਜਨ ਦੇ ਹੋਰ ਸਾਧਨ ਨਾ ਹੋਣ ਕਰ ਕੇ ਲੋਕ ਤਮਾਸ਼ਾ ਵੇਖਣ ਨੂੰ ਡਮਰੂ ਦੀ ਆਵਾਜ਼ ਸੁਣ ਕੇ ਇਕੱਠੇ ਹੋ ਜਾਇਆ ਕਰਦੇ ਸੀ ਅਤੇ ਮਦਾਰੀ ਬਧੇ ਜਾਨਵਰ ਦੀਆਂ ਡਮਰੂ ਵਜਾਉਂਦਾ ਕੁੱਝ ਹਦਾਇਤਾਂ ਕਰਦਾ ਪੁਠੀਆਂ ਸਿਧੀਆ ਛਾਲਾਂ ਮਰਵਾ ਕੇ ਠੁਠਾ ਫੜ ਕੇ ਦਰਸ਼ਕਾਂ ਤੋਂ ਪੈਸੇ ਇਕੱਠੇ ਕਰਨ ਲਗ ਜਾਂਦਾ ਸੀ। ਉਸ ਵਰਗ ਦੇ ਜਿਨ੍ਹਾਂ ਲੋਕਾਂ ਨੂੰ ਕੋਈ ਹੋਰ ਕੰਮ ਨਹੀਂ ਮਿਲਿਆ ਉਹ ਅਜੇ ਵੀ ਡਮਰੂ ਵਜਾਉਂਦੇ ਫਿਰਦੇ ਟਾਂਵੇ ਟਾਂਵੇ ਵਿਖਾਈ ਦਿੰਦੇ ਹਨ। ਇਸੇ ਤਰ੍ਹਾਂ ਪੁਰਾਣੀ ਬੀਮਾਰੀਆਂ ਦੇ ਇਲਾਜ ਲਈ ਜੜੀ ਬੂਟੀਆਂ ਅਤੇ ਧਾਤਾਂ ਤੋਂ ਤਿਆਰ ਕੀਤੀਆਂ ਦੁਵਾਈਆਂ ਚੁਕੀ ਫਿਰਦੇ ਕੁੱਝ ਲੋਕ ਬਸਾਂ ਵਿੱਚ ਜਾਂ ਭੀੜ ਭੜਕੇ ਵਾਲੀਆਂ ਥਾਵਾਂ ਤੇ ਮਜਮੇ ਲਾ ਕੇ ਅਪਣੀਆਂ ਥੋਹੜੀਆਂ ਬਹੁਤੀਆਂ ਦਵਾਈਆਂ ਵੇਚ ਕੇ ਦੋ ਚਾਰ ਮਹੀਨੇ ਲਈ ਗ਼ਾਇਬ ਹੋ ਜਾੲਆ ਕਰਦੇ ਸੀ, ਤਾਕਿ ਉਨ੍ਹਾਂ ਤੋਂ ਕੋਈ ਇਹ ਕਹਿ ਕੇ ਪੈਸੇ ਵਾਪਿਸ ਨਾ ਮੰਗੇ ਕਿ ਤੇਰੀ ਦਵਾਈ ਦਾ ਅਸਰ ਨਹੀਂ ਹੋਇਆ।

ਜ਼ਮਾਨੇ ਦੀ ਰਫਤਾਰ ਨਾਲ ਅਤੇ ਟੈਲੀਵਿਯਨ ਉਤੇ ਵਿਖਾਇ ਜਾਂਦੇ ਠਗੀ ਠੋਰੀ ਦੇ ਸੀਰੀਅਲਾਂ ਤੋਂ ਸਿਖਿਆ ਲੈ ਕੇ ਅਜੋਕੇ ਸਮੇਂ ਦੇ ਨਵੇਂ ਮਦਾਰੀ ਕਈ ਕਿਸਮ ਦੀਆਂ ਚਾਲਾਂ ਚਲ ਕੇ ਸਧਾਰਨ ਲੋਕਾਂ ਨੂੰ ਬੇਵਕੂਫ ਬਣਾ ਕੇ ਲੁਟ ਲੈਂਦੇ ਹਨ ਅਤੇ ਲੁਟੇ ਹੋਇ ਲੋਕ ਹਥ ਮਲਦੇ ਰਹਿ ਜਾਂਦੇ ਹਨ। ਅਸੀਂ ਅਖਬਾਰਾਂ ਵਿੱਚ ਆਮ ਪੜ੍ਹਦੇ ਹਾਂ ਕਿ ਮਾਇਆ ਨੂੰ ਦੁਗਣਾ ਕਰ ਦੇਣ ਅਤੇ ਪਿਤਲ ਆਦਿ ਨੂੰ ਸੋਨੇ ਵਿੱਚ ਬਦਲ ਦੇਣ ਦੇ ਝਾਂਸੇ ਦੇ ਕੇ ਕਈ ਗ਼ਰੀਬ ਤੇ ਅਨਪੜ੍ਹ ਲੋਕ ਅਪਣੀ ਲੁਟਾਈ ਕਰਵਾ ਬੈਠੇ ਹਨ। ਹਰ ਰੋਜ਼ ਚਿਟੇ ਚੋਲੇ ਪਾਈਂ ਅਤੇ ਨੀਲੀਆਂ ਪੀਲੀਆਂ ਪੱਗਾਂ ਬਨ੍ਹੀਂ ਗੁਰਦੁਆਰਾ ਬਨਾਉਣ ਦਾ ਵਾਸਤਾ ਪਾ ਕੇ ਭੋਲੇ ਭਾਲੇ ਲੋਕਾਂ ਤੋਂ ਪੈਸੇ ਬਟੋਰ ਲੈਂਦੇ ਹਨ। ਭੰਡਾਰਾ, ਪਿੰਗਲਵਾੜਾ ਜਾਂ ਗੁਰੂ ਕਾ ਲੰਗਰ ਲਾਉਣ ਲਈ ਵੀ ਕਈ ਵੀਰ ਰਸੀਦ ਬੁਕਾਂ ਬਣਾ ਕੇ ਜਾਣ ਪਛਾਣ ਵਜੋਂ ਕਿਸੇ ਉਘੀ ਸੰਸਥਾ ਦਾ ਸਰਟੀਫਿਕੇਟ ਚੁਕੀ ਘਰੋ ਘਰੀ ਮੰਗਦੇ ਫਿਰਦੇ ਹਨ।

ਹੁਣ ਕਿਉਂਕਿ ਮੀਡੀਏ ਦਾ ਬੋਲ ਬਾਲਾ ਹੈ ਇਸ ਲਈ ਮਾਇਆ ਦੀ ਬਹੁਤਾਤ ਅਤੇ ਟੈਲੀਵਿਯਨ ਦੇ ਲਚਰ ਪ੍ਰੋਗਰਾਮਾਂ ਕਾਰਨ ਲੋਕਾਂ ਦੀ ਕਾਮ ਵਿੱਚ ਵਧੀ ਰੁਚੀ ਦਾ ਫਾਇਦਾ ਉਠਾ ਕੇ ਧਨ ਕਮਾਉਣ ਲਈ ਅਖਬਾਰਾਂ ਵਾਲੇ ਸਫਿਆਂ ਦੇ ਸਫੇ ਫੈਸ਼ਨ ਪਰੇਡਾਂ ਵਿਚ, ਮੌਡਲਾਂ ਦੇ ਤੌਰ ਤੇ ਇਸ਼ਤਿਹਾਰਾਂ ਵਿੱਚ ਜਾਂ ਫਿਲਮਾਂ ਵਿੱਚ ਕੰਮ ਕਰਦੀਆਂ ਅਧਨੰਗੀਆਂ ਮੁਟਿਆਰਾਂ ਦੀਆਂ ਫੋਟੂਆਂ ਨਾਲ ਭਰ ਕੇ ਲੋਕਾਂ ਦਾ ਇਖਲਾਕ ਖਰਾਬ ਕਰਨ ਲਈ ਅਤੇ ਪੈਸੇ ਕਮਾਉਣ ਲਈ ਉਨ੍ਹਾਂ ਅਗੇ ਸੁਟ ਰਹੇ ਹਨ। ਇਨ੍ਹਾਂ ਨੇ ਲੋਕਾਂ ਦੀ ਸ਼ਹੁਰਤ ਕਰਵਾਉਣ ਦੀ ਰੁਚੀ ਵੇਖ ਕੇ ਅਖਬਾਰਾਂ ਦੇ ਕਈ ਸਫੇ ਵਿਸ਼ੇਸ਼ ਸਪਲੀਮੈਂਟਾਂ ਨਾਲ ਸ਼ਹੁਰਤ ਦੇ ਭੁਖੇ ਲੋਕਾਂ ਦੀਆਂ ਫੋਟੋਆਂ ਜੜ ਕੇ ਪੈਸੇ ਕਮਾਉਣ ਦਾ ਤਰੀਕਾ ਲਭਿਆ ਹੋਇਆ ਹੈ।

ਇਸੇ ਲੜੀ ਵਿੱਚ ਪ੍ਰਿੰਟ ਮਡਿੀਏ ਦਾ ਸਪੋਕਸਮੈਨ ਅਖਬਾਰ ਵੀ ਅਪਣੇ ਡਮਰੂ ਦੀ ਭਾਂਤ ਭਾਂਤ ਦੀ ਅਵਾਜ਼ ਕਢ ਕੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ। ਪਹਿਲਾਂ ਤਾਂ ਇਹ ਕਹਿ ਕੇ ਪੈਸੇ ਇਕੱਠੇ ਕਰਨ ਦਾ ਯਤਨ ਕੀਤਾ ਕਿ ਅੰਗਰੇਜ਼ੀ ਮਾਸਿਕ ਸਪੋਕਸਮੈਨ ਨੂੰ ਹਫਤਾਵਾਰੀ ਕਰਨਾ ਹੈ। ਕੁੱਝ ਦੇਰ ਬਾਅਦ ਟੀ ਵੀ ਚੈਨਲ ਸਥਾਪਤ ਕਰਨ ਦਾ ਡਮਰੂ ਵਜਾਇਆ। ਫਿਰ ਇਸ ਦਾ ਡਮਰੂ ਗੁਰਮਤ ਲਹਿਰ ਦੀ ਆਵਾਜ਼ ਕਢਣ ਲਗ ਪਿਆ। ਇਸ ਡਮਰੂ ਨਾਲ ਬਹੁਤੇ ਲੋਕ ਇਕੱਠੇ ਨਾ ਹੋਇ। ਸਮੇਂ ਨਾਲ ਇਸਨੇ ਧਰਮੀ ਫੌਜੀਆਂ ਦੀ ਮਦਦ ਕਰਨ ਦਾ ਡਮਰੂ ਵਜਾਇਆ। ਇਸਨੂੰ ਚੰਗਾ ਸਮਝ ਕੇ ਸਮਾਜ ਦੇ ਕੁੱਝ ਪਤਵੰਤੇ ਵੀ ਇਸ ਵਲ ਖਿਚੇ ਗਏ। ਪੈਸੇ ਵੀ ਲੋਕਾਂ ਨੇ ਦੇਣੇ ਸ਼ੁਰੂ ਕਰ ਦਿਤੇ ਅਤੇ ਡਮਰੂ ਲਗਾਤਾਰ ਵਜਦਾ ਰਿਹਾ। ਪੈਸੇ ਇਕੱਠੇ ਹੁੰਦੇ ਗਏ ਪਰ ਜਦੋਂ ਫੌਜੀਆਂ ਵਿੱਚ ਵੰਢਣ ਵਲ ਇਸ ਨੇ ਕੋਈ ਧਿਆਨ ਨਾ ਦਿਤਾ ਤਾਂ ਇਸਦੇ ਸਹਿਯੋਗੀ ਸਜਣਾਂ ਨੇ ਜ਼ੋਰ ਪਾ ਕੇ ਉਹ ਪੈਸੇ ਵੰਡਵਾ ਦਿਤੇ। ਜਦੋਂ ਇਸ ਨੇ ਵੇਖਿਆ ਕਿ ਇਸ ਦੇ ਪੱਲੇ ਤਾਂ ਕੁੱਝ ਨਹੀਂ ਬਚਿਆ ਤਾਂ ਡਮਰੂ ਨੇ ਧਰਮੀ ਫੌਜੀਆਂ ਦੀ ਯਾਦਗਾਰ ਬਨਾਉਣ ਦਾ ਡਮਰੂ ਵਜਾ ਦਿਤਾ ਤਾਕਿ ਇਕੱਠੇ ਕੀਤੇ ਗਏ ਪੈਸਿਆਂ ਨੂੰ ਵੰਡਨ ਦੀ ਕੋਈ ਗਲ ਨਾ ਕਰੇ। ਇਸ ਤਰ੍ਹਾਂ ਦੇ ਡਮਰੂ ਵਜਾ ਕੇ ਪੈਸੇ ਤਾਂ ਇਕੱਠੇ ਕਰ ਲਏ ਪਰ ਇਨ੍ਹਾਂ ਪਰਾਜੈਕਟਾਂ ਵਿਚੋਂ ਕੋਈ ਵੀ ਪਰਾਜੈਕਟ ਸਿਰੇ ਨਹੀਂ ਚਾੜ੍ਹਿਆ ਅਤੇ ਨਾ ਹੀ ਇਕੱਠੇ ਕੀਤੇ ਪੈਸਿਆਂ ਦਾ ਕੋਈ ਹਿਸਾਬ ਦਿਤਾ।

ਇਸ ਅਖਬਾਰ ਦੀਆਂ ਸਮੇਂ ਸਮੇਂ ਸਿਰ ਨਵੀਆਂ ਤੋਂ ਨਵੀਆਂ ਕੀਤੀਆਂ ਜਾ ਰਹੀਆਂ ਗਲਾਂ ਵਲ ਧਿਆਨ ਮਾਰੀਏ ਤਾਂ ‘ਏਕਸ ਕੇ ਬਾਰਕ’ ਜਥੇਬੰਦੀ ਅਤੇ ‘ਉਚਾ ਦਰ ਬਾਬੇ ਨਾਨਕ ਦਾ’ ਦੇ ਨਾਵਾਂ ਉਤੇ ਇਕੱਠੇ ਕੀਤੇ ਜਾ ਰਹੇ ਪੈਸੇ ਵੀ ਕਿਤੇ ਲੋਕਾਂ ਨਾਲ ਠਗੀ ਠੋਰੀ ਵਾਲਾ ਕੰਮ ਹੀ ਨਾ ਹੋ ਨਿਕਲੇ। ਇਸ ਅਖਬਾਰ ਨੇ ਸਪੋਕਸਮੈਨ ਨੂੰ ਹਫਤਾਵਾਰੀ ਬਨਾਉਣ, ਟੀ ਵੀ ਚੈਨਲ ਚਲਾਉਣ, ਗੁਰਮਤ ਲਹਿਰ ਅਤੇ ਧਰਮੀ ਫੌਜੀਆਂ ਦੀ ਯਾਦਗਾਰ ਬਨਾਉਣ ਦੀਆਂ ਗਲਾਂ ਛਡ ਕੇ ਕਿਸੇ ਵੇਲੇ ਪੈਸੇ ਦੁਗਣੇ ਕਰ ਕੇ ਦੇਣ ਦੀ ਸਕੀਮ ਚਲਾਈ। ਤਕਰੀਬਨ 2008 ਵਿੱਚ ਦੁਗਣੇ ਪੈਸੇ ਕਰਨ ਦੀ ਸਕੀਮ ਦੇ ਨਾਲ ਨਾਲ ‘ਏਕਸ ਕੇ ਬਾਰਕ’ ਜਥੇਬੰਦੀ ਸਥਾਪਤ ਕਰਨ ਦੀ ਗਲ ਚਲਾਈ ਤਾਂ ਮੈਂ ਵੀ ਪਰਭਾਵਤ ਹੋ ਕੇ 10000/- ਰੁਪਏ ਦੇ ਕੇ ਇਸਦਾ ਮੈਂਬਰ ਬਣਨ ਦਾ ਵਾਅਦਾ ਕਰ ਬੈਠਿਆ। ਪਰ ਬਾਅਦ ਵਿੱਚ ਜਥੇਬੰਦੀ ਕਾਇਮ ਕਰਨ ਵਾਲੇ ਭਦਰਪੁਰਸ਼ ਦੀਆਂ ਗਲਾਂ ਸੁਣ ਕੇ ਦਲੀਲ ਤਾਂ ਕਹਿੰਦੀ ਸੀ ਕਿ ਪੈਸੇ ਦੇ ਦੇ ਕਿਉਂਕਿ ਵਾਅਦਾ ਕੀਤਾ ਹੈ ਪਰ ਮੰਨ ਕਹਿੰਦਾ ਸੀ ਸੋਚ ਲੈ। ਅਖੀਰ ਦੋ ਮਹੀਨੇ ਬਾਅਦ ਵਾਅਦਾ ਪੂਰਾ ਕਰਨ ਲਈ ਮੈਂ 10000/- ਦੇ ਦਿਤੇ।

ਕੁਝ ਦੇਰ ਬਾਅਦ ‘ਉਚਾ ਦਰ ਬਾਬੇ ਨਾਨਕ ਦਾ’ ਸਥਾਪਤ ਕਰਨ ਲਈ ਜ਼ਮੀਨ ਲਭਣ ਲਈ ਜੋ ਕਮੇਟੀ ਬਣਾਈ ਮੈਨੂੰ ਉਸਦਾ ਕਨਵੀਨਰ ਬਣਾ ਦਿਤਾ ਗਿਆ ਕਿਉਂਕਿ ਸਰਦਾਰ ਸਾਹਿਬ ਦੇ ਕੰਨ ਵਿੱਚ ਭਿਣਕ ਪੈ ਗਈ ਸੀ ਕਿ ਮੇਰੇ ਪਾਸ ਵੀ ਜ਼ਮੀਨ ਹੈ ਅਤੇ ਇਸ ਦੀ ਸਕੀਮ ਸੀ ਕਿ ਕੁੱਝ ਸਮਾਂ ਪਾ ਕੇ ਮੇਰੇ ਪਾਸੋਂ ਹੀ ਜ਼ਮੀਨ ਮੰਗ ਲਵੇਗਾ। ਇਸ ਤਰ੍ਹਾਂ ਹੋਇਆ ਵੀ ਜਿਸ ਦਾ ਜ਼ਿਕਰ ਮੈਂ ਕਿਸੇ ਹੋਰ ਲੇਖ ਵਿੱਚ ਕਰਾਂਗਾ।

ਉਨ੍ਹੀਂ ਦਿਨੀਂ ਮੁਹਾਲੀ ਦੇ ਕੁੱਝ ਮੈਂਬਰ ਜਿਨ੍ਹਾਂ ਨੇ ਦੁਗਣੀ ਰਕਮ ਵਾਲੀ ਸਕੀਮ ਵਿੱਚ ਪੈਸੇ ਲਾ ਰਖੇ ਸਨ ਉਨ੍ਹਾਂ ਨੇ ਵੀ ਬਤੌਰ ਸਾਲਾਨਾ ਮੈਂਬਰ ‘ਏਕਸ ਕੇ ਬਾਰਕ’ ਦੀਆਂ ਪੰਜ ਸਤ ਮੀਟਿੰਗਾਂ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ ਹਾਜ਼ਰੀ 60/70 ਲੋਕਾਂ ਦੀ ਹੋਇਆ ਕਰਦੀ ਸੀ ਜਿਸ ਵਿੱਚ ਅਧੇ ਕੁ ਬੰਦੇ ਚੰਡੀਗੜ੍ਹ ਅਤੇ ਮੁਹਾਲੀ ਦੇ ਅਤੇ ਏਨੇ ਕੁ ਹੀ ਆਲੇ ਦੁਆਲੇ ਦੇ ਇਲਾਕੇ ਵਿਚੋਂ ਜਾਂ ਦੂਰੋਂ ਨੇੜਿਉਂ ਇਸ ਅਖਬਾਰ ਦੇ ਤਨਖਾਹਦਾਰ ਪਤਰਕਾਰਾਂ ਨਾਲ ਆਇ ਬੰਦੇ ਹੁੰਦੇ ਸੀ। ਇਨ੍ਹਾਂ ਮੀਟਿੰਗਾਂ ਵਿੱਚ ਜੋ ਕੁੱਝ ਹੁੰਦਾ ਅਸੀਂ ਵੇਖਿਆ ਸਾਨੂੰ ਅਸਲੀਅਤ ਕੁੱਝ ਹੋਰ ਹੀ ਨਜ਼ਰ ਆਉਣ ਲਗੀ। ਜਦੋਂ ਅਸੀਂ ਐਡੀਟਰ ਸਾਹਿਬ ਤੋਂ ਇਨ੍ਹਾਂ ਗਲਾਂ ਬਾਬਤ ਸਪਸ਼ਟੀਕਰਨ ਮੰਗੇ ਤਾਂ ਪੈਂਦੀ ਹੱਲੇ ਮੇਰੇ 10000/- ਰੁਪਏ ਵਾਪਿਸ ਕਰਕੇ ਮੈਨੂੰ ਇਸ ਸੰਸਥਾ ਵਿਚੋਂ ਖਾਰਜ ਕਰ ਦਿਤਾ ਜਿਸਦੇ ਫਲਸਰੂਪ ਮੁਹਾਲੀ ਚੰਡੀਗੜ੍ਹ ਦੇ ਜਾਗਰੂਕ ਲੋਕਾਂ ਨੇ ਇਨ੍ਹਾਂ ਮੀਟਿੰਗਾਂ ਵਿੱਚ ਹਿਸਾ ਲੈਣਾ ਛਡ ਦਿਤਾ ਜਿਸ ਕਾਰਨ ਇਸ ਜਥੇਬੰਦੀ ਦੀਆਂ ਚੰਡੀਗੜ੍ਹ ਵਿੱਚ ਮਹੀਨਾਵਾਰ ਮਟਿੰਗਾਂ ਬੰਦ ਹੋ ਗਈਆਂ।

ਫੇਰ ਮਈ 2011 ਵਿੱਚ ਸ਼ੰਭੂ ਲਾਗੇ ਘਗਰ ਦੀ ਕਛ ਵਿੱਚ ਕੁੱਝ ਜ਼ਮੀਨ ਲੈ ਕੇ ਇੱਕ ਛੋਟਾ ਜਿਹਾ ਸਮਾਗਮ ਕੀਤਾ ਅਤੇ ਅਗਲਾ ਵਡਾ ਸਮਾਗਮ ਇਸੇ ਜਗਾਹ ਕਰਨ ਲਈ ਆਇ ਲੋਕਾਂ ਨੂੰ ਇਕੱਠੇ ਕਰਨ ਦਾ ਡਮਰੂ ਵਜਾ ਦਿਤਾ। ਪੈਸੇ ਪੂਰੇ ਨਾ ਹੁੰਦੇ ਵੇਖ ਕੇ ਜਿਥੇ ਦੁਗਣੀ ਰਕਮ ਕਰਨ ਦੀ ਸਕੀਮ ਦੀ ਤਾਰੀਕ ਵਿੱਚ ਵਾਰ ਵਾਰ ਵਾਧਾ ਕੀਤਾ ਉਥੇ ਇਹ ਵੀ ਕਿਹਾ ਕਿ ਨਕਦੀ ਤੋਂ ਇਲਾਵਾ ਇਸ ਅਖਬਾਰ ਦੇ ਸ਼ਰਧਾਲੂ ਲੋਕ ਇਟਾਂ, ਸੀਮੇਂਟ ਅਤੇ ਸਰੀਏ ਨਾਲ ਵੀ ‘ਉਚਾ ਦਰ ਬਾਬੇ ਨਾਨਕ ਦਾ’ ਉਸਾਰਨ ਦੀ ਸੇਵਾ ਕਰ ਸਕਦੇ ਹਨ। ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿ ਇਹ ਸੇਵਾ ਕਿੰਨੀ ਕੁ ਹੋਈ ਅਲਬਤਾ ਅਖਬਾਰ ਦੇ ਕਿਸੇ ਕਿਸੇ ਐਡੀਸ਼ਨ ਵਿੱਚ ਆਉਣ ਵਾਲੀਆਂ ਛੋਟੀਆਂ ਛੋਟੀਆਂ ਰਕਮਾਂ ਦਾ ਵੇਰਵਾ ਜ਼ਰੂਰ ਨਿਕਲਦਾ ਰਿਹਾ ਜਿਸ ਤੋਂ ਅੰਦਾਜ਼ਾ ਲਗਦਾ ਹੈ ਕਿ ਮਈ 2011 ਤੋਂ ਅਕਤੂਬਰ 2011 ਤਕ ਇੱਕ ਲਖ ਦੇ ਕਰੀਬ ਰੁਪਿਆ ਇਕੱਠਾ ਹੋ ਗਿਆ ਹੋਵੇਗਾ।

ਅਗਲਾ ਸਮਾਗਮ ਸ਼ੰਭੂ ਕਰਨ ਦਾ ਵਿਚਾਰ ਛਡ ਕੇ ਚੰਡੀਗੜ੍ਹ ਵਿੱਚ ਹੀ ਮਹੀਨਾਵਾਰ ਮੀਟਿੰਗਾਂ ਕਰਨ ਬਾਬਤ ਅਖਬਾਰ ਵਿੱਚ ਖਬਰ ਦੇਣੀ ਸ਼ੁਰੂ ਕਰ ਦਿਤੀ ਜਿਸ ਦੀ ਪਹਿਲੀ ਮੀਟਿੰਗ 13-11-2011 ਨੂੰ ਹੋਈ। ਅਗਲੇ ਦਿਨ ਕੁੱਝ ਤਸਵੀਰਾਂ ਨਾਲ ਇਸ ਮੀਟਿੰਗ ਦਾ ਵੇਰਵਾ ਦਿੰਦਿਆਂ ਦਸਿਆ ਗਿਆ ਕਿ “ਬੜੇ ਅਹਿਮ ਫੈਸਲੇ ਲੈਂਦਿਆਂ ਪ੍ਰਣ ਲਿਆ ਕਿ ਅਗੇ ਤੋਂ ‘ਏਕਸ ਕੇ ਬਾਰਕ’ ਜਥੇਬੰਦੀ ਦਾ ਮੈਂਬਰ ਬਣਨ ਲਈ ਕੋਈ ਚੰਦਾ ਨਾ ਰਖਿਆ ਜਾਇ ਤੇ ਕੇਵਲ ਇੱਕ ਪ੍ਰਣ ਪੱਤਰ ਭਰਨ ਵਾਲੇ ਨੂੰ ਹੀ ਇਸਦਾ ਮੈਂਬਰ ਬਣਾ ਲਿਆ ਜਾਵੇ। ਪਹਿਲਾਂ ਕਈ ਲੋਕ ਮੈਂਬਰ ਬਣਨਾ ਤਾਂ ਚਾਹੁੰਦੇ ਸਨ ਪਰ 10000/- ਲਾਈਫ ਮੈਂਬਰਸ਼ਿਪ ਤੇ ਇੱਕ ਲੱਖ ਰੁਪਏ ਸਰਪ੍ਰਸਤ ਮੈਂਬਰ ਬਣਨ ਲਈ ਦੇਣੋਂ ਡਰਦੇ ਹੋਇ ਜਥੇਬੰਦੀ ਤੋਂ ਦੂਰ ਰਹਿ ਜਾਂਦੇ ਸਨ”। ਪ੍ਰਣ ਪੱਤਰ ਵਿੱਚ ਗੁਰੂ ਨਾਨਕ ਦੀ ਬਾਣੀ ਨਾਲ ਜੁੜੇ ਰਹਿਣ ਤੋਂ ਇਲਾਵਾ ਇਸ ਗਲ ਦਾ ਵੀ ਜ਼ਿਕਰ ਹੈ ਕਿ ਲਾਈਫ ਮੈਂਬਰਸ਼ਿਪ ਦੀ 10000/- ਫੀਸ ਖਤਮ ਹੋਣ ਨਾਲ ਮੈਂਬਰਾਂ ਨੇ ਹਰ ਮਹੀਨੇ ਦਸਵੰਧ ਦੇਣ ਦਾ ਵਾਅਦ ਵੀ ਕਰਨਾ ਹੈ ਅਤੇ ਜੇ ਕੋਈ ਅਜੇਹੇ ਪ੍ਰਣ ਨਾ ਨਿਭਾਇ ਤਾਂ ਬਿਨਾ ਕਿਸੇ ਨੋਟਿਸ ਦੇ ਉਸਦੀ ਮੈਂਬਰਸ਼ਿਪ ਖਤਮ ਕਰ ਦਿਤੀ ਜਾਇਗੀ ਜਿਵੇਂ ਮੇਰੀ ਕੀਤੀ। ਕੁੱਝ ਮੈਂਬਰਾਂ ਨੇ ਇਹ ਵਾਅਦਾ ਕੀਤਾ ਵੀ ਦਸਿਆ ਗਿਆ ਹੈ ਕਿ 4 ਦਸੰਬਰ ਨੂੰ ਸ਼ੰਭੂ ਵਿੱਚ ਹੋਣ ਵਾਲੀ ਮਟਿੰਗ ਤੋਂ ਪਹਿਲਾਂ ਪਹਿਲਾਂ ਉਹ 50, 50 ਲਖ ਰੁਪਿਆ ਇਕੱਠਾ ਕਰ ਕੇ ਦੇਣਗੇ। ਖਬਰ ਵਿੱਚ ਇਸ ਗਲ ਦਾ ਵੀ ਜ਼ਿਕਰ ਹੈ ਕਿ 500 ਸਜਣ ਇੱਕ ਇੱਕ ਲੱਖ ਰੁਪਿਆ ਇਕੱਠਾ ਕਰਨਗੇ। 7, 8 ਕਰੋੜ ਦੀ ਜ਼ਮੀਨ ਪਹਿਲਾਂ ਹੀ ਖਰੀਦ ਲਈ ਦਸੀ ਗਈ ਹੈ। ਸਮਾਂ ਦਸੇਗਾ ਇਨ੍ਹਾਂ ਵਾਅਦਿਆਂ ਦਾ ਕੀ ਬਣਿਆ।

ਪਹਿਲਾਂ ਮੀਟਿੰਗ ਤੋਂ ਬਾਅਦ 60, 70 ਲੋਕਾਂ ਦੀ ਗਰੁਪ ਫੋਟੋ ਲੈ ਕੇ ਅਖਬਾਰ ਵਿੱਚ ਛਾਪੀ ਜਾਂਦੀ ਸੀ ਪਰ ਇਸ ਬਾਰ ਅਜੇਹੀ ਫੋਟੋ ਦਾ ਅਖਬਾਰ ਵਿੱਚ ਨਾ ਛਪਣਾ ਇਹ ਜ਼ਾਹਿਰ ਕਰਦਾ ਹੈ ਕਿ ਹਾਜ਼ਰੀ ਬਹੁਤ ਘਟ ਸੀ। ਜੋ ਫੋਟੋ ਛਪੀ ਹੈ ਉਸ ਵਿੱਚ ਵੀ 20, 25 ਬੰਦੇ ਹੀ ਨਜ਼ਰ ਆ ਰਹੇ ਹਨ।

ਇਥੇ ਮੈਨੂੰ ਛੋਟੀ ਉਮਰੇ ਆਪ ਬੀਤੀ ਇੱਕ ਗਲ ਯਾਦ ਆ ਰਹੀ ਹੈ। ਮੈਂ ਤਕਰੀਬਨ 10/11 ਵਰ੍ਹੇ ਦਾ ਸੀ ਅਪਣੇ ਦੋਸਤਾਂ ਨਾਲ ਜਰਗ, ਜ਼ਿਲਾ ਲੁਧਿਆਣੇ ਦਾ ਗੁਗਾ ਮਾੜੀ ਦਾ ਮਸ਼ਹੂਰ ਮੇਲਾ ਵੇਖਣ ਚਲਾ ਗਿਆ। ਮੇਲੇ ਵਿੱਚ ਮਨੋਰੰਜਨ ਦੇ ਬੜੇ ਰੰਗ ਤਮਾਸ਼ੇ ਹੋ ਰਹੇ ਸਨ। ਇੱਕ ਤੰਬੂ ਦੇ ਬਾਹਰ ਲੋਕਾਂ ਦੀ ਬਹੁਤ ਭੀੜ ਸੀ। ਅੰਦਰ ਜਾਣ ਲਈ ਕੇਵਲ ਇੱਕ ਪੈਸੇ ਦਾ ਟਿਕਟ ਸੀ। ਬਾਹਰ ਖੜਾ ਇੱਕ ਜੋਕਰ ਬਣਿਆ ਆਦਮੀ ਡਮਰੂ ਵਜਾ ਕੇ ਰੌਲਾ ਪਾ ਰਿਹਾ ਸੀ “ਵੇਖ ਲਓ ਜੋ ਤੁਸੀਂ ਪਹਿਲਾਂ ਮੇਲਿਆਂ ਵਿੱਚ ਕਦੇ ਨਹੀਂ ਵੇਖਿਆ”। ਮੈਂ ਵੀ ਪੈਸੇ ਦਾ ਟਿਕਟ ਲੈ ਕੇ ਭੀੜ ਭੜਕੇ ਨਾਲ ਧੁਸ ਦੇ ਕੇ ਅੰਦਰ ਵੜ ਗਿਆ। ਅੰਦਰ ਕੀ ਵੇਖਿਆ, ਦਸਦੇ ਨੂੰ ਅਜ ਵੀ ਸ਼ਰਮ ਆ ਰਹੀ ਹੈ। ਲੋਕ ਦੂਸਰੇ ਪਾਸੇ ਦੀ ਬਾਹਰ ਨਿਕਲੀ ਜਾ ਰਹੇ ਸਨ। ਸ਼ਰਮ ਦਾ ਮਾਰਿਆ ਕੋਈ ਨਹੀਂ ਸੀ ਦਸਦਾ ਕਿ ਕੀ ਵੇਖਿਆ। ਵੇਖਣ ਦੀ ਉਤਸਕਤਾ ਨਾਲ ਲੋਕ ਅੰਦਰ ਵੜੀ ਜਾ ਰਹੇ ਸਨ ਅਤੇ ਸ਼ਰਮ ਮਾਰੇ ਬਾਹਰ ਨਿਕਲੀ ਜਾ ਰਹੇ ਸਨ।

ਉਪ੍ਰਕਤ ਗਲਾਂ ਨੂੰ ਮੁਖ ਰਖ ਕੇ ਮੈਨੂੰ ਮਦਾਰੀ ਦੇ ਡਮਰੂ ਵਜਾਉਣ ਅਤੇ ਚਲਾਕ ਲੋਕਾਂ ਵਲੋਂ ਸਧਾਰਨ ਲੋਕਾਂ ਕੋਲੋਂ ਪੈਸੇ ਬਟੋਰਨ ਲਈ ਕਈ ਕਿਸਮ ਦੇ ਹਥਿਆਰ ਵਰਤਨ ਦੀਆਂ ਗਲਾਂ ਯਾਦ ਆ ਰਹੀਆਂ ਹਨ ਅਤੇ ਏਉਂ ਲਗਦਾ ਹੈ ਕਿ ਇਸ ਅਖਬਾਰ ਦਾ ਡਮਰੂ ਸਮੇਂ ਸਮੇਂ ਸਿਰ ਨਵੀਆਂ ਸੁਰਾਂ ਕਢਦਾ ਰਹਿੰਦਾ ਹੈ ਕਿ ਕਿਸੇ ਤਰ੍ਹਾਂ ਤਾਂ ਲੋਕ ਪੈਸੇ ਦੇਣ ਲਗ ਜਾਣ। ਪਰ ਸਿਆਸੀ ਤੌਰ ਤੇ ਜਾਗਰੂਕ ਜਿਨ੍ਹਾਂ ਸਿਖਾਂ ਨੇ ਪੰਥ ਦੇ ਦਰਦ ਦਾ ਰੌਲਾ ਪਾਉਣ ਵਾਲਿਆਂ ਦੀਆਂ ਚਾਲਾਂ ਬਾਰੇ ਸਮਝਿਆ ਹੈ ਅਤੇ ਉਨ੍ਹਾਂ ਉਪਰ ਨੁਕਤਾ ਚੀਨੀ ਕਰਨ ਵਾਲਿਆਂ ਦੇ ਮਨੋਰਥਾਂ ਬਾਰੇ ਵਿਸ਼ਲੇਸ਼ਨ ਕੀਤਾ ਹੈ ਜਾਂ ਗੁਰਮਤਿ ਦੀ ਸੋਝੀ ਰਖਦੇ ਹਨ ਉਹ ਇਸ ਅਖਬਾਰ ਤੋਂ ਹੌਲੀ ਹੌਲੀ ਕਨਾਰਾਕਸ਼ੀ ਕਰਦੇ ਜਾ ਰਹੇ ਹਨ। ਬਹੁਤ ਲੋਕ ਰਕਮਾਂ ਦੇਣ ਤੋਂ ਵੀ ਡਰਦੇ ਹਨ। ਫੇਰ ਵੀ ਜਿਵੇਂ ਮਛੀ ਫੜਨ ਵਾਲੇ ਦੀ ਕੁੰਡੀ ਵਿੱਚ ਲਗੇ ਪਦਾਰਥ ਨੂੰ ਖਾਣ ਦੇ ਲਾਲਚ ਨਾਲ ਕਦੇ ਕਦੇ ਇੱਕ ਅਧੀ ਮਛੀ ਫਸ ਹੀ ਜਾਂਦੀ ਹੈ, ਲਗਦਾ ਹੈ ਇਸ ਅਖਬਾਰ ਦੇ ਗੁਰੂ ਨਾਨਕ ਦੀ ਬਾਣੀ ਦਾ ਨਾਂ ਲੈ ਕੇ ਵਜਾਇ ਜਾਂਦੇ ਡਮਰੂ ਦੀ ਆਵਾਜ਼ ਸੁਣ ਕੇ ਅਜੇ ਵੀ ਕੁੱਝ ਲੋਕ ਖਾਸ ਕਰ ਉਹ ਜਿਨ੍ਹਾਂ ਨੂੰ ਸਿਖ ਸਿਆਸਤ ਅਤੇ ਗੁਰਮਤਿ ਦੀ ਬਹੁਤੀ ਸੋਝੀ ਨਹੀਂ ਇਸਦੇ ਮਗਰ ਲਗਣ ਨੂੰ ਤਿਆਰ ਹੋ ਜਾਂਦੇ ਹਨ ਚਾਹੇ ਬਾਅਦ ਵਿੱਚ ਮਛੀ ਵਾਂਗ ਨੁਕਸਾਨੇ ਜਾ ਕੇ ਪਛਤਾਉਂਦੇ ਹੀ ਰਹਿਣ। ਇਸ ਬਾਰੇ ਗੁਰਵਾਕ ਹੈ ‘ਮਛੁਲੀ ਜਾਲੁ ਨਾ ਜਾਣਿਆ ਸਰੁ ਖਾਰਾ ਅਸਗਾਹੁ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥’ (55) ਅਜ ਕਲ ਦੇ ਸਮੇਂ ਜ਼ਿੰਦਗੀ ਵਿੱਚ ਹਰ ਕੰਮ ਕਰਨ ਤੋਂ ਪਹਿਲਾਂ ਬੜੀ ਸੋਚ ਵਿਚਾਰ ਦੀ ਲੋੜ ਹੈ ਤਾਕਿ ਬਾਅਦ ਵਿੱਚ ਪਛਤਾਉਣਾ ਨਾ ਪਵੇ।

ਕੇਵਲ ਦਸਮ ਗ੍ਰੰਥ, ਡੇਰਿਆਂ ਜਾਂ ਸਿਖ ਲੀਡਰਾਂ ਨੂੰ ਭੰਡਣ ਨਾਲ ਅਤੇ ਕੋਈ ਨਵਾਂ ਡੇਰਾ ਸਥਾਪਤ ਕਰਨ ਨਾਲ ਪੰਥ ਦਾ ਦਰਦ ਦੂਰ ਨਹੀਂ ਹੋ ਸਕਦਾ। ਪੜ੍ਹਨ ਅਤੇ ਸਿਖ ਮਸਲਿਆਂ ਨੂੰ ਸਮਝਣ ਅਤੇ ਹਲ ਕਰਨ ਦਾ ਸ਼ੌਕ ਰਖਣ ਵਾਲਿਆਂ ਲਈ ਪੰਜਾਬੀ ਦੇ ਕਈ ਰੋਜ਼ਾਨਾ ਅਖਬਾਰ ਅਤੇ ਮੈਗਜ਼ੀਨ ਹੋਰ ਵੀ ਹਨ ਜਿਹੜੇ ਸਿਖਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਨਾਲ ਜੋੜੀ ਰਖਣ ਲਈ ਬਗ਼ੈਰ ਕੋਈ ਡਮਰੂ ਵਜਾਈ ਕਾਫੀ ਸਫਲ ਸਿਧ ਹੋ ਰਹੇ ਹਨ। ਇਹ ਪਰਚੇ ਹੋਰ ਡੇਰੇ ਸਥਾਪਤ ਕਰਨ ਦੀ ਵਕਾਲਤ ਨਹੀਂ ਕਰਦੇ ਬਲਕਿ ਸਥਾਪਤ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਕੰਮ ਕਾਜ ਵਿੱਚ ਸੁਧਾਰ ਕਰਨ ਦੀ ਸੇਧ ਦਿੰਦੇ ਹਨ। ਅੰਨ੍ਹੇਵਾਹ ਗੁਰਦੁਆਰੇ ਜਾਂ ਡੇਰੇ ਸਥਾਪਤ ਕਰੀ ਜਾਣ ਨਾਲ ਇਨ੍ਹਾਂ ਦੀ ਉਸ ਬਾਪ ਦੇ ਬਚਿਆਂ ਵਰਗੀ ਹਾਲਤ ਹੋ ਜਾਂਦੀ ਹੈ ਜਿਸਦੇ ਕਈ ਬਚੇ ਹੋਣ ਕਰ ਕੇ ਉਹ ਕਿਸੇ ਦੀ ਵੀ ਲੋੜੀਂਦੀ ਦੇਖ ਭਾਲ ਨਹੀਂ ਕਰ ਸਕਦਾ ਜਿਸ ਦੇ ਫਲਸਰੂਪ ਬਚੇ ਸਫਲ ਜੀਵਨ ਗੁਜ਼ਾਰਨ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਕਈ ਹਾਲਤਾਂ ਵਿੱਚ ਵਿਗੜ ਵੀ ਜਾਂਦੇ ਹਨ। ਸੋ ਪੰਥ ਦਰਦੀ ਨਵੇਂ ਗੁਰਦੁਆਰੇ ਜਾ ਡੇਰੇ ਬਨਾਉਣ ਦੀ ਗਲ ਕਰਨ ਦੀ ਬਜਾਇ ਸਿਖੀ ਵਿੱਚ ਲਿਆਂਦੀ ਗਈ ਨਿਘਾਰ ਨੂੰ ਦੂਰ ਕਰਨ ਦੀ ਸੋਚਦੇ ਹਨ। ਆਉ ਆਪਾਂ ਸਾਰੇ ਡਮਰੂ ਵਜਾਉਣ ਵਾਲਿਆਂ ਦਾ ਸਾਥ ਛਡ ਕੇ ਇਸ ਕਿਸਮ ਦੇ ਕਾਫਲੇ ਦਾ ਸਾਥ ਦੇ ਕੇ ਅਪਣੇ ਪੰਥ ਦਰਦੀ ਹੋਣ ਦਾ ਸਹੀ ਸਬੂਤ ਦਈਏ।

ਰਘਬੀਰ ਸਿੰਘ ਢਿਲੋਂ

91 981446501


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top