Share on Facebook

Main News Page

‘ਸਿੱਖ ਰਹਿਤ ਮਰਿਯਾਦਾ’ ਸੁਧਾਰ ਉਪਰਾਲੇ ਬਾਰੇ ਕੁੱਝ ਸਪਸ਼ਟੀਕਰਨ

ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਵਿਚ ਕਈਂ ਮੱਦਾਂ ਗੁਰਮਤਿ ਦੀ ਕਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ, ਇਸ ਤੱਥ ਨਾਲ ਲਗਭਗ ਸਾਰੀਆਂ ਜਾਗਰੂਕ ਧਿਰਾਂ ਅਤੇ ਸ਼ਖਸੀਅਤਾਂ ਸਹਿਮਤ ਹਨ। ਇਸ ਵਿਚ ਸੁਧਾਰ ਦੀ ਮੰਗ ਵੀ ਸਮੇਂ ਨਾਲ ਉਠਦੀ ਰਹੀ ਹੈ ਪਰ ਇਸ ਦੇ ਸੁਧਾਰ ਲਈ ਜਿੰਮੇਵਾਰ ਕੇਂਦਰੀ ਵਿਵਸਥਾ ਭ੍ਰਿਸ਼ਟ ਹਾਕਮਾਂ ਅਤੇ ਪੁਜਾਰੀਵਾਦੀ ਤਾਕਤਾਂ ਦੇ ਕਬਜ਼ੇ ਹੇਠ ਹੋਣ ਕਰਕੇ, ਉਹਨਾਂ ਵਲੋਂ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਹਾਂ, ਉਹ ਇਸ ਵਿਚ ਵਿਗਾੜ ਪੈਦਾ ਕਰਨ ਲਈ ਬੇਸ਼ਕ ਕਮਰਕੱਸੇ ਕਰੀ ਰੱਖਦੀਆਂ ਹਨ। ਸੁਚੇਤ ਪੰਥ ਇਸ ਸੁਧਾਰ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਤਾਂ ਕਰਦਾ ਹੈ ਪਰ ਸਮਝੌਤਾਵਾਦੀ ਨੀਤੀਆਂ, ਢਿੱਲੀ-ਮੱਠੀ ਪਹੁੰਚ ਅਤੇ ਦ੍ਰਿੜ ਇੱਛਾ-ਸ਼ਕਤੀ ਦੀ ਘਾਟ ਕਾਰਨ ਇਸ ਜ਼ਰੂਰੀ ਸੁਧਾਰ ਕਾਰਜ ਨੂੰ ਸਾਂਝੇ ਤੌਰ ਤੇ ਸ਼ੁਰੂ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ। ਜੇ ਇਸ ਖੇਤਰ ਵਿਚ ਕੁਝ ਕੁ ਜਤਨ ਵੀ ਹੋਏ ਤਾਂ ਸਮੇਂ ਦੇ ਨਾਲ ਇਨ੍ਹਾਂ ਜਤਨਾਂ ਦੇ ਮੋਹਰੀ ਸੱਜਣ ਵੀ ਇਸ ਸੁਧਾਰ ਕਾਰਜ ਨੂੰ ਪਿੱਠ ਵਿਖਾ ਗਏ ਅਤੇ ਕਮੀਆਂ ਵਾਲੀ ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਦੀ ਪ੍ਰੋੜਤਾ ਦਾ ਰਾਗ ਅਲਾਪਨ ਲਗ ਪਏ।

ਐਸੇ ਹਾਲਾਤਾਂ ਤੋਂ ਵੀ ਹਤਾਸ਼ ਨਾ ਹੁੰਦੇ ਹੋਏ, ਤੱਤ ਗੁਰਮਤਿ ਪਰਿਵਾਰ ਨੇ ਅਪਣੇ ਆਪ ਹੀ ਇਸ ਸੁਧਾਰ ਕਾਰਜ ਨੂੰ ਅੱਗੇ ਤੌਰਨ ਦਾ ਫੈਸਲਾ ਕੀਤਾ। ਇਸੇ ਸੁਧਾਰ ਉਪਰਾਲੇ ਦੀ ਦਿਸ਼ਾ ਵਿਚ ਤੱਤ ਗੁਰਮਤਿ ਪਰਿਵਾਰ ਨੇ ਜਤਨ ਕਰਦੇ ਹੋਏ ਇਸ ਵਿਚ ਸੁਧਾਰ ਕਰਨ ਦੇ ਮਕਸਦ ਨਾਲ ਗੁਰਮਤਿ ਵਿਚਾਰਾਂ ਉਪਰੰਤ ਸੰਭਾਵੀ ‘ਗੁਰਮਤਿ ਜੀਵਨ ਜਾਚ’ ਦਾ ਖਰੜਾ ਸੁਚੇਤ ਅਤੇ ਸੁਹਿਰਦ ਪਾਠਕਾਂ ਦੀ ਸੇਵਾ ਵਿਚ ਸੁਝਾਵਾਂ/ਵਿਚਾਰਾਂ ਲਈ ਪੇਸ਼ ਕੀਤਾ। ਪਰਿਵਾਰ ਨੇ ਅਪਣੀ ਲਿਖਤ ਦੀ ਭੂਮਿਕਾ ਵਿਚ ਹਰ ਪੱਖ ਬਹੁਤ ਚੰਗੀ ਤਰਾਂ ਸਪਸ਼ਟ ਕਰ ਦਿਤਾ ਸੀ। ਪਰ ਫੇਰ ਵੀ ਕੁੱਝ ਸੱਜਣਾਂ ਨੇ ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ, ਇਸ ਸੰਬੰਧੀ ਪਾਠਕਾਂ ਵਿਚ ਗੁੰਮਰਾਹਕੁੰਨ ਪ੍ਰਚਾਰ ਸ਼ੁਰੂ ਕਰਦੇ ਹੋਏ ਮਨ ਦੀ ਭੜਾਸ ਕੱਡਣੀ ਸ਼ੁਰੂ ਕਰ ਦਿਤੀ ਹੈ। ਸੋ ਇਸ ਵਿਸ਼ੇ ਤੇ ਪਰਿਵਾਰ ਇਕ ਵਾਰ ਫੇਰ ਅਪਣਾ ਸਟੈਂਡ ਅਤੇ ਪਹੁੰਚ ਸਪਸ਼ਟ ਕਰ ਰਿਹਾ ਹੈ ਤਾਂ ਕਿ ਪਾਠਕ ਐਸੇ ਪ੍ਰਚਾਰ ਤੋਂ ਸੁਚੇਤ ਰਹਿਣ।

ਇਸ ਉਪਰਾਲੇ ਦਾ ਮਕਸਦ, ਗੁਰਮਤਿ ਦੀ ਰੋਸ਼ਨੀ ਵਿਚ, ਸਭ ਸੁਚੇਤ ਅਤੇ ਸੁਹਿਰਦ ਧਿਰਾਂ/ ਸੱਜਣਾਂ ਦੇ ਸਹਿਯੋਗ ਸਦਕਾ ਮੌਜੂਦਾ ਮਰਿਯਾਦਾ ਦੀ ਕਮੀਆਂ ਨੂੰ ਦੂਰ ਕਰਦੇ ਹੋਏ, ਇਕ ਸੋਧੀ ਹੋਈ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨਾ ਹੈ। ਜਿਵੇਂ ਗੁਰਮਤਿ ਸਮੁੱਚੀ ਮਨੁੱਖਤਾ ਲਈ ਸਾਂਝੀ ਹੈ, ਕਿਸੇ ਇਕ ਧੜੇ ਜਾਂ ਫਿਰਕੇ ਤੱਕ ਸੀਮਿਤ ਨਹੀਂ। ਇਵੇਂ ਹੀ ਇਹ ਗੁਰਮਤਿ ਜੀਵਨ ਜਾਚ ਵੀ ਸਮੁੱਚੀ ਮਨੁੱਖਤਾ ਲਈ ਸਾਂਝੀ ਹੋਵੇਗੀ। ਉਹ ਗੱਲ ਵੱਖਰੀ ਹੈ ਕਿ ਕੌਣ ਇਸ ਨੂੰ ਅਪਨਾਉਂਦਾ ਹੈ, ਕੌਣ ਨਹੀਂ। ਕਿਸੇ ਨੂੰ ਵੈਸੇ ਵੀ ਕੋਈ ਧਾਰਮਿਕ ਮਰਿਯਾਦਾ ਅਪਨਾਉਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।

ਇਸੇ ਨਿਸ਼ਕਾਮ ਮਕਸਦ ਨੂੰ ਸਾਹਮਣੇ ਰੱਖ ਕੇ ਪਰਿਵਾਰ ਨੇ ਬੇਨਤੀ ਕੀਤੀ ਸੀ ਕਿ ਸੁਹਿਰਦ ਪਾਠਕ ਸੱਜਣ ਇਸ ਖਰੜੇ ਦੀਆਂ ਮੱਦਾਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰ ਕੇ ਅਪਣੇ ਕੀਮਤੀ ਸੁਝਾਅ/ਵਿਚਾਰ ਦੇਣ ਤਾਂ ਕਿ ਐਸੇ ਸਾਹਮਣੇ ਆਏ ਸੁਝਾਵਾਂ ਦੀ ਰੋਸ਼ਨੀ ਵਿਚ ਇਸ ਖਰੜੇ ਵਿਚ ਸੋਧਾਂ (ਅਦਦਟਿੋਿਨ-ਅਲਟੲਰੳਟੋਿਨ) ਉਪਰੰਤ ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਸਾਂਚੇ ਵਿਚ ਢਾਲ ਕੇ ਫਾਈਨਲ ਕੀਤਾ ਜਾ ਸਕੇ।

ਮੌਜੂਦਾ ਮਰਿਯਾਦਾ ਵਿਚ ਅਨੇਕਾਂ ਗੁਰਮਤਿ ਵਿਰੋਧੀ ਅੰਸ਼ਾਂ ਕਾਰਨ ਪਰਿਵਾਰ ਲਈ ਇਸ ਨੂੰ ਇੰਨ ਬਿੰਨ ਅਪਨਾਈ ਰੱਖਣਾ ਸੰਭਵ ਨਹੀਂ। ਸੋ ਪਰਿਵਾਰ ਨੇ ਇਸ ਦਿਸ਼ਾ ਵਿਚ ਆਈ ਖੜੌਤ ਨੂੰ ਤੋੜਦੇ ਹੋਏ, ਮੁੱੜ ਜਤਨ ਕੀਤਾ ਹੈ ਤਾਂ ਕਿ ਜਦੋਂ ਤੱਕ ਸਮੁੱਚਾ ‘ਪੰਥ’ ਗੁਰਮਤਿ ਦੀ ਰੋਸ਼ਨੀ ਵਿਚ ਇਸ ਨੂੰ ਸੁਧਾਰ ਨਹੀਂ ਲੈਂਦਾ ਤਦੋਂ ਤੱਕ ਗੁਰਮਤਿ ਦੀ ਰੋਸ਼ਨੀ ਵਿਚ ਇਕ ਜੀਵਨ ਜਾਚ ਤਿਆਰ ਕਰਕੇ ਅਪਣਾ ਲਈ ਜਾਵੇ, ਕਿਉਂਕਿ ਕਮੀਆਂ ਵਾਲੀ ਮਰਿਯਾਦਾ ਨੂੰ ਇੰਨ-ਬਿੰਨ ਮੰਨੀ ਜਾਣ ਦੀ ਨੀਤੀ ਤੇ ਪਹਿਰਾ ਦੇਣ ਦੀ ਕੋਈ ਸੁਹਿਰਦ ਜ਼ਮੀਰ ਹਾਮੀ ਨਹੀਂ ਭਰ ਸਕਦੀ। ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਇਹ ਜੀਵਨ ਜਾਚ ਸਭ ਲਈ ਸਾਂਝੀ ਹੋਵੇਗੀ, ਇਸ ਲਈ ਅਸੀਂ ਸਰਿਆਂ ਨੂੰ ਇਸ ਖਰੜੇ ਸੰਬੰਧੀ ਗੁਰਮਤਿ ਦੀ ਰੋਸ਼ਨੀ ਵਿਚ ਸੁਝਾਅ/ਵਿਚਾਰ ਦੇਣ ਦੀ ਬੇਨਤੀ ਕੀਤੀ ਹੈ। ਹਾਂ ਇਤਨਾ ਜ਼ਰੂਰ ਹੈ ਕਿ ਇਸ ਜੀਵਨ ਜਾਚ ਨੂੰ ਪਰਿਵਾਰ ਵਲੋਂ ਅਪਣੇ ਉੱਪਰ ਲਾਗੂ ਕਰਕੇ ਇਸ ਨੂੰ ਵਿਵਹਾਰਿਕ ਤੌਰ ਤੇ ਅਪਨਾਉਣ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜੇ ਭਵਿੱਖ ਵਿਚ (ਜਾਗਰੂਕ) ਪੰਥ ਗੁਰਮਤਿ ਦੀ ਰੋਸ਼ਨੀ ਵਿਚ ਸਾਂਝੇ ਤੌਰ ਤੇ ਇਸ ਸੁਧਾਰ ਉਪਰਾਲੇ ਦੀ ਦਿਸ਼ਾ ਵਿਚ ਕੋਈ ਕਦਮ ਚੁੱਕਦਾ ਹੈ ਤਾਂ ਇਹ ਜੀਵਨ ਜਾਚ ਉਸ ਉਪਰਾਲੇ ਦਾ ਆਧਾਰ ਵੀ ਬਣ ਸਕਦੀ ਹੈ।

ਸੋ ਸਾਡੀ ਸਾਰੇ ਪਾਠਕਾਂ/ਸੱਜਣਾਂ ਨੂੰ ਇਕ ਵਾਰ ਫੇਰ ਨਿਮਰਤਾ ਸਹਿਤ ਬੇਨਤੀ ਹੈ ਕਿ ਸੁਧਾਰ ਵਿਰੋਧੀ ਸੱਜਣਾਂ ਤੋਂ ਸੁਚੇਤ ਹੋ ਕੇ, ਸਿਰਫ ਇਸ ਖਰੜੇ ਦੀਆਂ ਮੱਦਾਂ ਬਾਰੇ ਗੁਰਮਤਿ ਦੀ ਰੋਸ਼ਨੀ ਵਿਚ ਸੁਝਾਅ/ਵਿਚਾਰ ਦਿਤੇ ਜਾਣ ਤਾਂ ਕਿ ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ। ਇਸ ਅਤਿ ਲੋੜੀਂਦੇ ਸਹਿਯੋਗ ਲਈ ਅਸੀਂ ਤਹਿਂ ਦਿਲੋਂ ਸ਼ੁਕਰਗੁਜ਼ਾਰ ਹੋਵਾਂਗੇ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top