Share on Facebook

Main News Page

ਪੁਰਾਤਨ ਲਿਖਤਾਂ ਅਤੇ ਸਿੱਖ ਇਤਹਾਸ

ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ (ਜਪੁ)

ਗੁਰੂ ਨਾਨਕ ਜੀ ਨੇ ਪਰਮਾਤਮਾ ਨੂੰ ਕੁਦਰਤ ਦੇ ਨਿਯਮ (ਧਰਮ) ਦਾ ਪਿਛੋਕੜ ਦਰਸਾਉਂਦੇ ਇਹ ਦਲੀਲ ਦਿੱਤੀ ਕਿ ਜਿਹੜਾ ਮਨੁੱਖ ਇਸ ਦਲੀਲ ਨੂੰ ਵਿਚਾਰਦੇ ਹੋਏ ਬੂਝ ਲੇਵੇ ਤਾਂ ਉਹ ਸਮਝ ਸਕਦਾ ਹੈ ਕਿ ਧਰਤੀ ਕਿਸੇ ਬੈਲ ਦੇ ਸਿੰਗਾਂ ਤੇ ਨਹੀਂ ਬਲਕਿ ਪਰਮਾਤਮਾ ਦੇ ਬਣਾਏ ਕੁਦਰਤੀ ਨਿਯਮ ਕਾਰਣ ਸਥਾਪਤ ਹੈ। ਇਸ ਪੰਕਤੀ ਵਿਚ ਦਲੀਲ ਦੀ ਸਾਰਥਕਤਾ ਵੀ ਸਮਝ ਆਉਂਦੀ ਹੈ ਜਿਸ ਤੋਂ ਕਈ ਵਾਰ ਅਸੀਂ ਕਤਰਾਉਂਦੇ ਹਾਂ ਅਤੇ ਨਿਰੁਤਰ ਹੋ ਗੁਰਮਤਿ ਦੀ ਕਸਵਟੀ ਦੀ ਗਲ ਕਰਦੇ ਹਾਂ ਭਾਵੇਂ ਸਾਨੂੰ ਕਈ ਥਾਂ ਆਪ ਉਹ ਕਸਵਟੀ ਵਰਤਣੀ ਆਉਂਦੀ ਹੀ ਨਾ ਹੋਵੇ। ਆਪਣੀ ਸੋਚ ਨੂੰ ਹੀ ਗੁਰਮਤਿ ਦੀ ਕਸਵਟੀ ਦੀ ਢਾਲ ਬਣਾ ਲੇਣਾ ਉੱਚਿਤ ਨਹੀਂ ਕਿਹਾ ਜਾ ਸਕਦਾ। ਬਾਣੀ ਵਿਚ ਫ਼ੁਰਮਾਨ ਹੈ:-

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ (ਪੰਨਾ 658)

ਵਿਚਾਰਣ ਵਾਲੀ ਗਲ ਹੈ ਕਿ ਬਾਣੀ ਦੇ ਹੁੰਦਿਆਂ ਵੀ ਮਨੁੱਖਾ ਆਤਮਕ ਜੀਵਨ (ਬਿਰਥਾ) ਕਿਉਂ ਚਲਾ ਜਾਂਦਾ ਹੈ? ਇਸ ਦਾ ਕਾਰਣ ਹੈ ਅਬਿਬੇਕ! ਅਬਿਬੇਕ ਦਾ ਅਰਥ ਹੈ: ਵਿਚਾਰ-ਹੀਣਤਾ ਦੇ ਕਾਰਣ/ਅੰਵਾਣ-ਪੁਣੇ ਵਿਚ ਜਾਂ ਸੋਚ ਵਿਚਾਰ ਬਗੈਰ !

ਜੇਕਰ ਗੁਰਬਾਣੀ ਸੰਦੇਸ਼ ਮਨੁੱਖਤਾ ਲਈ ਹੈ ਤਾਂ ਨਿਸ਼ਚਤ ਤੋਰ ਤੇ ਬਿਬੇਕ (Discriminating Wisdom) ਹਰ ਮਨੁੱਖ ਲਈ ਜੀਵਨ ਦੇ ਹਰ ਖੇਤਰ ਲਈ ਜ਼ਰੂਰੀ ਹੈ ਜਿਸ ਰਾਹੀਂ ਉਹ ਸਹੀ ਅਤੇ ਗਲਤ ਵਿਚੋਂ ਸਹੀ ਦੇ ਅਨੁਸਾਰ ਨਿਰਨਾ ਲੈ ਸਕਦਾ ਹੈ। ਦਲੀਲ (ਬਿਬੇਕ) ਨੂੰ ਗੁਰਮਤਿ ਮੁਰਖਤਾ ਨਹੀਂ ਕਹਿੰਦੀ ਬਲਕਿ ਉਸਦੀ ਵਰਤੋਂ ਕਰਨ ਦੀ ਮਤਿ ਦੇਂਦੀ ਹੈ। ਜਿਹੜਾ ਮਨੁੱਖ ਸਿੱਖ ਨਹੀਂ ਪਰ ਬਿਬੇਕੀ ਹੈ ਕੀ ਉਹ ਬਿਬੇਕ ਨਾਲ ਕੰਮ ਲੇਂਦੇ ਗੁਰਮਤਿ ਅਨੁਸਾਰੀ ਨਹੀਂ ਹੁੰਦਾ? ਸਿੱਖ ਦਾ ਤਾਂ ਧਾਰਮਕ ਫ਼ਰਜ਼ ਹੈ ਕਿ ਉਹ ਗੁਰਮਤਿ ਅਨੁਸਾਰ ਹੀ ਬਿਬੇਕ ਦੀ ਵਰਤੋਂ ਕਰਨ ਦੀ ਯਥਾ ਸ਼ਕਤੀ ਕੋਸ਼ਿਸ ਕਰੇ।

ਜ਼ਰਾ ਇਸ ਸਵਾਲ ਤੇ ਗ਼ੌਰ ਕਰੀਏ ਕਿ ਸੰਸਾਰ ਦੇ ਲਗਭਗ 7 ਅਰਬ ਲੋਗ ਇਸ ਵੇਲੇ ਆਪਣੇ ਮੁੱਡਲੇ ਪੁਰਵਜਾਂ ਦੇ ਨਾ ਤਾਂ ਨਾਮ ਜਾਣਦੇ ਹਨ, ਨਾ ਹੀ ਉਨ੍ਹਾਂ ਦੇ ਜਨਮ ਸਥਾਨ ਜਾਣਦੇ ਹਨ, ਨਾ ਹੀ ਉਨ੍ਹਾਂ ਦੇ ਵਿਚਾਰ ਜਾਣਦੇ ਹਨ, ਅਤੇ ਨਾ ਹੀ ਉਨ੍ਹਾਂ ਦਾ ਲਿਖਤੀ ਇਤਹਾਸ। ਲਿਖਤੀ ਇਤਹਾਸ ਜਾਂ ਹੜੱਪਾ-ਮੋਹਨਜਾਦੜੋ ਅਤੇ ਮਸੋਪੋਟਾਮਿਯਨ ਆਦਿ ਸੱਭਿਯਕ ਬਸਤੀਆਂ ਦੇ ਸਬੂਤ ਵੀ ਲਗਭਗ 2500 ਸਾਲ ਦੇ ਆਸਪਾਸ ਪੁਰਾਣੇ ਹੀ ਹਨ। ਹੁਣ ਕੀ ਗੁਰਮਤਿ ਇਹ ਸਿਖਾਉਂਦੀ ਹੈ ਕਿ ਕੇਵਲ ਅੱਖੀ ਦੇਖੇ ਜਾਂ ਅੱਖੀ ਪੜ ਕੇ ਹੀ ਆਪਣੇ ਪੁਰਵਜਾਂ ਦੀ ਹੋਂਦ ਸਵੀਕਾਰ ਕਰੋ? ਨਹੀਂ ! ਗਰਮਤਿ ਇਹ ਨਹੀਂ ਸਿਖਾਉਂਦੀ ! ਉਹ ਬਿਬੇਕ ਦੀ ਵਰਤੋਂ ਸਿਖਾਉਂਦੀ ਹੈ ਜਿਸ ਰਾਹੀਂ ਅਸੀਂ ਬਿਨ੍ਹਾਂ ਅੱਖੀ ਦੇਖੇ, ਬਿਨ੍ਹਾਂ ਕਿਸੇ ਅੱਖੀ ਡਿੱਠੇ/ਪੜੇ ਸਾਮਕਾਲੀ ਇਤਹਾਸ ਦੇ ਇਹ ਸਵੀਕਾਰ ਕਰ ਲਈਏ ਕਿ ਸਾਡੇ ਪੁਰਵਜ ਸਨ ਅਤੇ ਇਸ ਸਵਿਕ੍ਰਿਤੀ ਵਿੱਚ ਸਾਡੀ ਹੋਂਦ ਹੀ ਉਨ੍ਹਾਂ ਦੇ ਹੋਂਣ ਦੀ ਸਭ ਤੋਂ ਵੱਡੀ ਦਲੀਲ ਹੈ। ਇਸ ਲਈ ਇਨਸਾਨੀ ਨਿਰਨੇ ਵੱਖਰੋ-ਵੱਖਰੀ ਪਰਸਥਿਤੀਆਂ ਵਿਚ ਵੱਖਰੋ-ਵੱਖਰੇ ਅਧਾਰਾਂ ਤੇ ਟਿਕਾਏ ਜਾਂਦੇ ਹਨ। ਐਸੀ ਪਰਸਥਿਤੀਆਂ ਵਿਚ ਗੁਰਮਤਿ ਅਨੁਸਾਰ ਬਿਬੇਕ ਦੀ ਵਰਤੋਂ ਗੁਰਮਤਿ ਦੀ ਕਸਵਟੀ ਹੈ।

ਕਿਸੇ ਨੇ ਦਾਸ ਨੂੰ ਪੁੱਛਿਆ: “ਇਨਾਂ ਸਾਖਿਆਂ ਵਿਚ ਕੀ ਕੋਈ ਸੱਚਾਈ ਹੈ ਕਿ ਗੁਰੂ ਨਾਨਕ ਜੀ ਨੇ ਮੱਕੇ ਦੀ ਇਮਾਰਤ ਹੀ ਫ਼ੇਰ ਛੱਡੀ ਸੀ?”

ਦਾਸ ਨੇ ਜਵਾਬ ਦਿੱਤਾ; “ਜੀ ਹਾਂ ਇਨ੍ਹਾਂ ਵਿਚ ਸੱਚਾਈ ਹੈ!”

“ਕਮਾਲ ਹੈ ਜੀ ਇਸ ਵਿਚ ਭਲਾ ਕੀ ਸੱਚਾਈ ਹੈ?” ਉਹ ਸੱਜਣ ਬੜੀ ਤਿਬਰਤਾ ਨਾਲ ਪਲਟ ਕੇ ਬੋਲੇ।

“ਦਾਸ ਨੂੰ ਇਸ ਵਿਚ ਇਹ ਸੱਚਾਈ ਤਾਂ ਨਜ਼ਰ ਆਉਂਦੀ ਹੀ ਹੈ ਕਿ ਗੁਰੂ ਨਾਨਕ ਪ੍ਰਚਾਰ ਦੋਰਿਆਂ ਦੋਰਾਨ ਮੱਕੇ ਤਕ ਵੀ ਗਏ ਸੀ” ਦਾਸ ਨੇ ਜਵਾਬ ਦਿੱਤਾ।

“ਇਸਦਾ ਮਤਲਭ ਇਹ ਹੋਇਆ ਕਿ ਤੁਸੀ ਐਸੀਆਂ ਸਾਖਿਆਂ ਨੂੰ ਰੱਧ ਨਹੀਂ ਕਰਦੇ”? ਉਨ੍ਹਾਂ ਨੇ ਥੋੜਾ ਉੱਤੇਜਤ ਹੋ ਪੁੱਛਿਆ!

ਦਾਸ ਨੇ ਜਵਾਬ ਵਿਚ ਕਹਿਆ ਕਿ; ਇਸਦਾ ਮਤਲਭ ਇਹ ਹੋਇਆ ਕਿ ਹਰ ਇਤਹਾਸਕ ਸੋਮੇਂ ਦੀ ਬਣਤਰ ਵਿਚ ਗਿਆਨ/ਅਗਿਆਨ, ਸੱਚ-ਝੂਠ ਅਤੇ ਅਤਿਕਥਨੀ ਦੇ ਅੰਸ਼ ਹੁੰਦੇ ਹਨ। ਸਾਡੇ ਪਾਸ ਇਸ ਗਲ ਤੋਂ ਸਿਵਾ ਕੋਈ ਚਾਰਾ ਹੀ ਨਹੀਂ ਕਿ ਅਸੀਂ ਸਾਖਿਆਂ ਜਾਂ ਸਬੰਧਤ ਸੋਮਿਆਂ ਤੋਂ ਹੀ ਸਿੱਖ ਇਤਹਾਸ ਨੂੰ ਉਸਾਰਨਾ-ਸਮਝਣਾ ਹੈ।ਜੇ ਕਰ ਅਸੀਂ ਐਸਾ ਨਹੀਂ ਕਰਦੇ ਤਾਂ ਗੁਰੂਆਂ/ਸਿੱਖੀ ਦਾ ਇਤਹਾਸ ਕਿੱਥੋਂ ਉਸਾਰਾਂਗੇ? ਕੀ ਐਸਾ ਹੋ ਸਕਦਾ ਹੈ ਕਿ ਸਾਡੇ ਪਾਸ ਫ਼ਲਸਫ਼ਾ ਤਾਂ ਹੋਵੇ ਪਰ ਇਤਹਾਸ ਬਿਲਕੂਲ ਨਹੀਂ? ਫ਼ਲਸਫ਼ੇ ਨੇ ਅੱਜ ਤਕ ਜੋ ਅਗੁਆਈ ਦਿੱਤੀ ਹੈ ਉਹ ਕੇਵਲ ਇਤਹਾਸ ਨਹੀਂ ਬਲਕਿ ਗੁਰਮਤਿ ਦੀ ਗਲ ਵੀ ਹੈ! ਉਸ ਗਲ ਨੂੰ ਕਰਨਾ ਬੰਦ ਕਰ ਦੇਈਏ? ਜੇ ਗਲ ਬੰਦ ਨਹੀਂ ਕਰਨੀ ਤਾਂ ਕਿਸ ਅਧਾਰ ਤੇ ਕਰੀਏ?

ਅਸੀਂ ਆਪ ਤਾਂ ਬੀਤੇ ਸਮੇਂ ਵਿਚ ਵਾਪਸ ਜਾ ਕੇ ਇਤਹਾਸ ਲਿਖ ਨਹੀਂ ਸਕਦੇ। ਫ਼ਿਰ ਕਿਸਦਾ ਬੁਹਾ ਖੜਕਾਈਏ? ਪੁਰਾਤਨ ਲਿਖਤਾਂ ਨੂੰ ਸੰਪੁਰਣ ਤੋਰ ਤੇ ਰੱਧ ਕਰਨ ਦੀ ਗਲ ਵਿਦਵਾਨ ਨਹੀਂ ਅਣਜਾਣ ਬੰਦਾ ਹੀ ਕਰ ਸਕਦਾ ਹੈ।ਵਾਸਤਵਿਕਤਾ ਇਹ ਹੈ ਕਿ ਸਾਨੂੰ ਬਿਬੇਕ ਨਾਲ ਪੁਰਾਤਨ ਲਿਖਤਾਂ ਤੋਂ ਹੀ ਸਹੀ ਨੂੰ ਗਲਤ ਨਾਲੋਂ ਵੱਖਰਾ ਕਰਦੇ ਇਤਹਾਸ ਨੂੰ ਸਮਝਣ ਦਾ ਜਤਨ ਕਰਨਾ ਹੈ। ਜੋ ਵਿਦਵਾਨ ਪੁਰਾਤਨ ਲਿਖਤਾਂ ਨੂੰ ਸਿਰੇ ਤੋਂ ਹੀ ਰੱਧ ਕਰਦਾ ਹੈ ਉਸ ਨੂੰ ਨਾ ਤਾਂ ਇਤਹਾਸ ਸਮਝਣ ਦੀ ਸਮਝ ਹੈ ਅਤੇ ਨਾ ਹੀ ਗੁਰਮਤਿ ਦੇ ਉਸ ਪੱਖ ਦੀ, ਜੋ ਕਿ ਜੀਵਨ ਵਿਚ ਬਿਬੇਕ ਦੀ ਵਰਤੋਂ ਵੀ ਦ੍ਰਿੜ ਕਰਵਾਉਂਦਾ ਹੈ।

ਜਿਸ ਸਾਖੀ ਸਾਹਿਤ ਵਿਚ ਗੁਰੂ ਨਾਨਕ ਦੇ ਸਿਰ ਤੇ ਸੱਪ ਛਾਂ ਕਰਦੇ ਹਨ ਉਸੇ ਸਾਖੀ ਸਾਹਿਤ ਤੋਂ ਹੀ ਇਤਹਾਸਕਾਰਾਂ ਨੂੰ ਇਹ ਸੂਚਨਾ ਮਿਲਦੀ ਹੈ ਕਿ ਗੁਰੂ ਨਾਨਕ ਤਲਵੰਡੀ ਨਾਮਕ ਸਥਾਨ ਤੇ ਮੇਹਤਾ ਕਾਲੁ ਦੇ ਘਰ ਪੈਦਾ ਹੋਏ ਸੀ ਅਤੇ ਇਕ ਦਿਨ ਉਨ੍ਹਾਂ ਭਰੀ ਬਰਾਦਰੀ ਵਿਚ ਜਨੇਉ ਪਾਉਂਣ ਤੋਂ ਇਨਕਾਰ ਕਰ ਦਿੱਤਾ ਸੀ। ਇੱਥੇਂ ਤਕ ਕਿ ਗੁਰੂ ਨਾਨਕ ਸਿੱਖਾਂ ਦੇ ਪਹਿਲੇ ਗੁਰੂ ਸਨ ਇਹ ਸੂਚਨਾ ਵੀ ਇਤਹਾਸ ਅਤੇ ਪਰੰਪਰਾ ਦੀ ਸਵਕ੍ਰਿਤੀ ਮਾਰਫ਼ਤ ਗੁਰੂ ਨਾਨਕ ਤੋਂ ਹੁੰਦੀ ਸਿੱਧੀ ਸਾਡੇ ਤਕ ਪਹੁੰਚੀ ਹੈ ਅਤੇ ਅੱਗੇ ਵੀ ਤੁਰਨੀ ਹੈ। ਜਿਹੜਾ ਨਾਹ ਪੱਖੀ ਸੋਮਾਂ ਸਿੱਖਾਂ ਨੂੰ ਕੁੱਤੇ ਕਹਿ ਕੇ ਲਿਖਦਾ ਹੈ ੳਸੇ ਅੰਦਰ ਸਿੱਖਾਂ ਦਾ ਹਾਂ ਪੱਖੀ ਕਿਰਦਾਰ ਵੀ ਝੱਲਕ ਪੈਦਾ ਹੈ। ਜਹਾਂਗੀਰ ਗੁਰੂਘਰ ਨੂੰ ਕੂੜ ਦੀ ਦੁਕਾਨ ਲਿਖਦਾ ਹੈ ਪਰ ਉਸੇ ਲਿਖਤ ਤੋਂ ਪਤਾ ਚਲਦਾ ਹੈ ਕਿ ਸੱਚੇ ਪਾਤਿਸ਼ਾਹਾਂ ਦੇ ਦਰ ਦੀ ਮੁਰੀਦੀ ਹੁੰਦੂ-ਮੁਸਲਿਮ ਵੀ ਅਪਨਾ ਰਹੇ ਸੀ।

ਗੁਰੂ ਨਾਨਕ ਸਾਡੇ ਪਹਿਲੇ ਗੁਰੂ ਸਨ ਇਹ ਮੰਨਣ ਲਈ ਸਿਖਾਂ ਨੂੰ ਕਿਸੇ ਲਿਖਤ ਦੀ ਲੋੜ ਨਹੀਂ ਹਾਂ ਸੰਸਾਰਕ ਭਾਈ ਚਾਰਾ ਇਸ ਦੀ ਜਾਣਕਾਰੀ ਇਤਹਾਸ ਤੋਂ ਪੜ ਸਕਦਾ ਹੈ। ਪਰ ਸਿੱਖਾਂ ਲਈ, ਪਰੰਪਰਾ ਤੋਂ ਹੀ ਤੁਰੀ ਆਉਂਦੀ ਇਹ ਸਵਕ੍ਰਿਤੀ, ਸਾਰੀਆਂ ਲਿਖਤਾਂ ਤੋਂ ਉੱਪਰ ਦੀ ਗਵਾਹੀ ਹੈ। ਸਭ ਤੋਂ ਪਹਿਲਾਂ ਜੋ ਵੀ ਬਣਿਆ ਹੋਵੇ, ਉਹ ਸਿੱਖ ਕਿਸੇ ਲਿਖਤੀ ਸਬੂਤ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਦਾ ਸਿੱਖ ਨਹੀਂ ਸੀ ਬਣਿਆ।ਗੁਰਤਾ ਸਵੀਕਾਰ ਕਰਨ ਦਾ ਭਾਵ ਹੁੰਦਾ ਹੈ। ਭਲਾ ਬਿਨ੍ਹਾਂ ਸਵੀਕਾਰੇ ਵੀ ਕੋਈ ਕਿਸੇ ਦਾ ਗੁਰੂ ਬਣਿਆ ਹੈ ਕੇਵਲ ਕਿਸੇ ਲਿਖਤੀ ਫ਼ੁਰਮਾਨ/ਸਬੂਤ ਰਾਹੀਂ? ਜੇ ਕੋਈ ਵਿਦਵਾਨ ਸਾਨੂੰ ਇਹ ਸਵਾਲ ਪੁੱਛ ਲਏ ਕਿ ਸਾਬਤ ਕਰੋ ਕਿ ਗੁਰੂ ਨਾਨਕ ਮੇਰਾ ਗੁਰੂ ਹੈ ਤਾਂ ਇਹ ਇੱਕ ਸਿਰਫ਼ਿਰਾ ਸਵਾਲ ਹੀ ਕਹਿਆ ਜਾਏਗਾ!

ਉਹ ਸੱਜਣ ਸੋਚੀਂ ਪੈ ਗਏ।ਕਹਿਣ ਲਗੇ ਕਿ ਆਪ ਜੀ ਦੀ ਗਲ ਵੀ ਠੀਕ ਲੱਗਦੀ ਹੈ ਪਰ ਕੁੱਝ ਸੱਜਣ ਤਾਂ ਕਹਿੰਦੇ ਹਨ ਕਿ ਅਸੀਂ ਕਿਸੇ ਪੁਰਾਤਨ ਲਿਖਤ ਨੂੰ ਮੰਨਣਾ ਹੀ ਨਹੀ। ਤਾਂ ਦਾਸ ਨੇ ਕਿਹਾ ਕਿ ਉਹ ਐਸਾ ਕਹਿੰਦੇ ਜ਼ਰੂਰ ਹਨ ਪਰ ਆਪ ਐਸਾ ਕਰਦੇ ਨਹੀਂ। ਬਲਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਐਸਾ ਕਰ ਹੀ ਨਹੀਂ ਸਕਦੇ।ਕਈ ਐਸੇ ਵੀ ਹਨ ਜੋ ਐਸਾ ਕਹਿੰਦੇ ਹਨ ਪਰ ਕਿਸੇ ਸਵਾਲ ਦੇ ਉੱਠ ਜਾਂਣ ਦੀ ਸੂਰਤ ਵਿਚ ਆਪਣੇ ਚਿੰਤਨ ਦੀ ਕੁੜਿਕੀਆਂ ਚੁੱਕ ਨੱਸ ਖਲੋਂਦੇ ਹਨ।

ਜੇਕਰ ਐਸਾ ਹੈ ਤਾਂ ਗੁਰੂ ਨਾਨਕ ਦਾ ਜਨਮ, ਗੁਰੂ ਅਰਜਨ ਜੀ ਦੀ ਸ਼ਹੀਦੀ, ਗੁਰੂ ਹਰਗੋਬਿੰਦ ਜੀ ਦਾ ਜੀਵਨ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਕਾ ਸਿਰਹੰਦ,ਸਾਕਾ ਚਮਕੋਰ ਅਤੇ ਸਾਕਾ 1699 ਆਦਿ ਅਣਗਿਣਤ ਤੱਥਾ ਨੂੰ ਕਿਵੇਂ ਸਥਾਪਤ ਕਰਾਂਗੇ ? ਇਹ ਸਾਰੇ ਤੱਥ ਉਨ੍ਹਾਂ ਸੋਮਿਆਂ ਤੋਂ ਹੀ ਆਏ ਹਨ ਜੋ ਕਿ ਕੁੱਝ ਪੱਖੋਂ ਸ਼ੰਕਾਗ੍ਰਸਤ ਵੀ ਹਨ। ਬਿਨ੍ਹਾਂ ਇਤਹਾਸ ਦੇ ਤਾਂ ਸ਼ਬਦ ਗੁਰੂ ਨਾਲ ਸਿੱਖਾਂ ਦੇ ਸਬੰਧ ਦੇ ਮੂਲ ਨੂੰ ਵੀ ਸਥਾਪਤ ਨਹੀਂ ਕੀਤਾ ਜਾ ਸਕਦਾ। ਕੋਈ ਵੀ ਨਿਰਵਿਵਾਦਤ ਇਤਹਾਸਕ ਸੋਮਾਂ ਨਾ ਹੋਂਣ ਦਾ ਅਰਥ ਇਹ ਨਹੀਂ ਬਣਦਾ ਕਿ ਸਿੱਖਾਂ ਦਾ ਕੋਈ ਇਤਹਾਸ ਹੀ ਨਹੀਂ! ਇਤਹਾਸ ਦਾ ਸਬੰਧ ਵਰਤਮਾਨ ਨਾਲੋਂ ਸੰਪੁਰਣ ਤੌਰ ਤੇ ਕਦੇ ਨਹੀਂ ਟੁੱਟਦਾ। ਜਿਤਨੀ ਤੇਜ਼ੀ ਨਾਲ ਸਮੇਂ ਦੀ ਚਾਲ ਚਲਦੀ ਹੈ, ਉਤਨੀ ਹੀ ਤੇਜ਼ੀ ਨਾਲ ਇਤਹਾਸ ਵਰਮਾਨ ਦੇ ਪਿੱਛੇ ਦੋੜਦਾ ਚਲਾ ਆਉਂਦਾ ਹੈ!

ਇੱਥੋਂ ਤਕ ਕਿ ਅੱਜ ਦੇ ਆਧੁਨਿਕ ਸੰਸਾਰ ਵਿਚ ਇਕ ਮਨੁੱਖ ਦੀ ਪਛਾਂਣ, ੳਸਦੇ ਜੀਵਨ ਦੇ ਇਤਹਾਸ ਤੇ ਹੀ ਆ ਟਿੱਕਦੀ ਹੈ ਜਿਸ ਰਾਹੀਂ ਇਕ ਹਰਦੇਵ ਸਿੰਘ ਵਲਦ ਸ. ਮਨੋਹਰ ਸਿੰਘ ਕਿਸੇ ਦੂਜੇ ਹਰਦੇਵ ਸਿੰਘ ਵਲਦ ਸ. ਕਿਸ਼ਨ ਸਿੰਘ ਨਾਲੋਂ ਵੱਖਰਾ ਬੰਦਾ ਸਥਾਪਤ ਹੁੰਦਾ ਹੈ। ਤੇ ਫ਼ਿਰ ਜੇਕਰ ਵਲਦੀਅਤ ਵੀ ਇੱਕੋ ਜਿਹੀ ਹੋਵੇ ਤਾਂ ਫ਼ਿਰ ਮਾਂ ਦੇ ਨਾਮ, ਜਨਮ ਸਥਾਨ, ਜਨਮ ਦਾ ਰਿਕਾਰਡ, ਖੂਨੀ ਰਿਸ਼ਤਿਆਂ ਆਦਿ ਦਾ ਇਤਹਾਸ ਵੇਖਣ ਦੀ ਲੋੜ ਪੈ ਸਕਦੀ ਹੈ। ਕਿਸੇ ਜਾਯਦਾਦੀ ਤਨਾਜ਼ੁਨ ਵਿਚ ਵੀ ਦਾਵੇ ਵੀ ਬੰਦਿਆਂ ਦੇ ਜਨਮ ਇਤਹਾਸ ਰਾਹੀਂ ਹੀ ਸੁਲੱਝਦੇ ਹਨ।

ਲੇਕਿਨ ਇਤਹਾਸ ਦਾ ਵਿਸ਼ਲੇਸ਼ਣ ਸੁਚੇਤ ਹੋਂਣ ਦੀ ਮੰਗ ਕਰਦਾ ਹੈ। ਕਿਉਂਕਿ ਕਿਸੇ ਘੱਟਨਾਕ੍ਰਮ ਦੀ ਕਲਮਬੰਧੀ ਸਬੰਧਤ ਪੱਖਾਂ ਦੀ ਆਪਣੀ-ਆਪਣੀ ਸਹੁਲਿਅਤ/ਸਮਝ/ਦਿਲਚਸਪੀ/ਟੀਚਿਆਂ ਤੋਂ ਪ੍ਰਭਾਵਤ ਹੁੰਦੀ ਹੈ। ਤੇ ਜਿਸ ਵੇਲੇ ਇਤਹਾਸ ਧਾਰਮਕ ਖ਼ੇਤਰ ਨਾਲ ਸਬੰਧਤ ਹੋਵੇ ਤਾਂ ਵਧੇਰੇ ਸੁਚੇਤ ਹੋ ਕੇ ਚਲਣ ਦੀ ਲੋੜ ਹੁੰਦੀ ਹੈ।

ਇੱਥੇ ਇਕ ਅਤਿ ਮਹੱਤਵਪੁਰਣ ਗਲ ਤੇ ਵਿਚਾਰ ਦੀ ਲੋੜ ਹੈ। ਜਿਸ ਵੇਲੇ ਇਹ ਸਪਸ਼ਟ ਹੋਵੇ ਕਿ ਇਤਹਾਸ ਜੋਖ਼ਿਮ ਬਰੇ ਵਿਰਸੇ ਨਾਲ ਸਬੰਧਤ ਹੋਣ ਕਾਰਨ ਵਿਗਾੜੇਆ ਵੀ ਗਿਆ ਹੈ ਤਾਂ ਅਣਜਾਣੇ ਉਨ੍ਹਾਂ ਅਨਸਰਾਂ ਦੇ ਹੱਥੀ ਖੋਲ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਇਸ ਨੂੰ ਇਸੇ ਲਈ ਵਿਗਾੜੀਆ ਸੀ। ਕੁੱਝ ਪੱਖ ਤਾਂ ਚਾਹੁੰਦੇ ਹੀ ਸਨ ਕਿ ਰਲਾਅ ਪਾਇਆ ਜਾਏ ਤਾਂ ਕਿ ਸਾਰਾ ਕੁੱਝ ਸ਼ੱਕ ਦੇ ਦਾਈਰੇ ਵਿਚ ਖੜਾ ਹੋ ਸਕੇ। ਇਹ ਸਵਾਲ ਵੀ ਮਹੱਤਵਪੁਰਣ ਹੈ ਕਿ ਕੀ ਕੁੱਝ ਥਾਈਂ ਅਸੀਂ ਭੁਤਕਾਲਕ ਨਾ ਪੱਖੀ ਮਨਸੁਬਿਆਂ ਦੇ ਹੱਥੀ ਅਣਜਾਣੇ ਹੀ ਖੇਡ ਤਾਂ ਨਹੀਂ ਰਹੇ? ਫ਼ਿਰ ਜੇਕਰ ਇਤਹਾਸ ਭੂਲਕਾਲ ਅਤੇ ਵਰਤਮਾਨ ਦੇ ਵਿਚਕਾਰ ਦੀ ਨਿਰੰਤਰਤਾ ਹੈ ਤਾਂ ਬੇਸ਼ੱਕ ਨਾਹ ਦਾ ਪੱਖ ਅੱਜ ਵੀ ਮੌਜੂਦ ਹੈ ਜਿਸ ਨੂੰ ਸਮਝਣਾ ਜ਼ਰੂਰੀ ਹੈ।

ਵਿਚਾਰਣ ਤੇ ਲੱਗਦਾ ਹੈ ਕਿ ਅੱਜ, ਕੁੱਝ ਧਿਰਾਂ ਲਈ, ਸਿੱਖੀ ਦੇ ਬੁਨਿਯਾਦੀ ਅਸੂਲਾਂ ਬਾਰੇ ਸ਼ੰਕਾਵਾਂ ਖੜਾ ਕਰਨ ਦਾ ਸੋਖਾ ਜਿਹਾ ਤਰੀਕਾ ਇਹੀ ਹੈ ਕਿ ਇਤਹਾਸ ਅਤੇ ਸਾਹਿਤ ਵਿਚ ਲਿਖੀਆਂ ਅਤਕਥਨਿਆਂ ਨੂੰ ਅਧਾਰ ਬਣਾ ਕੇ ਸਾਰੇ ਦੇ ਸਾਰੇ ਸੋਮਿਆਂ ਨੂੰ ਰੱਧੀ/ਨਕਲੀ ਕਰਾਰ ਦੇ ਦਿੱਤਾ ਜਾਵੈ। ਇਸ ਤਕਨੀਕ ਨਾਲ ਕਈ ਦਰਦੀਆਂ ਨੂੰ ਆਸਾਨੀ ਨਾਲ ਵਰਗਲਾਇਆ ਜਾ ਸਕਦਾ ਹੈ।

ਪਰ ਸਾਰੇ ਧਿਰ ਇੰਝ ਦੇ ਨਹੀਂ ਹਨ!ਉਹ ਗੁਰਮਤਿ ਪ੍ਰਤੀ ਦਰਦੀ ਹੋਂਣ ਕਾਰਣ ਐਸਾ ਕਰਨ ਵਿਚ ਲੱਗੇ ਹਨ। ਉਹ ਹਾਂ ਪੱਖੀ ਹਨ ਪਰ ਉਨ੍ਹਾਂ ਵਿਚੋਂ ਕੁੱਝ ਅਣਜਾਣੇ ਹੀ ਅਤਕਥਨਿਆਂ ਤੋਂ ਸੁਚੇਤ ਕਰਦੇ ਕੁੱਝ ਬੂਨਿਆਦੀ ਗਲਾਂ ਨੂੰ ਵੀ ਖੋਦਣ ਲੱਗ ਪਏ ਹਨ। ਇੰਝ ਤਾਂ ਨੁਕਸਾਨ ਹਾਂ ਪੱਖੋਂ ਵੀ ਹੋ ਸਕਦਾ ਹੈ।

ਅਸੀਂ ਪੁਰਾਤਨ ਲਿਖਤਾਂ ਨੂੰ ਧਰਤੀ ਤੋਂ ਗਾਯਬ ਤਾਂ ਨਹੀਂ ਕਰ ਸਕਦੇ ਕਿਉਂਕਿ ਇਹ ਜ਼ਮਾਨਾ ਇਨਟਰਨੈਟ ਦਾ ਹੈ। ਹਰ ਲਿਖਤ ਸੰਸਾਰ ਭਰ ਵਿਚ ਇਲੈਕਟਰਾਨਿਕ ਤਰੰਗਾ ਰਾਹੀਂ ਫ਼ੈਲੀ ਉਪਲੱਬਦ ਹੈ।ਅਸੀਂ ਸਟੀਕ ਵਿਸ਼ਲੇਸ਼ਣ ਰਾਹੀਂ ਗੁਰਮਤਿ ਅਨੁਸਾਰ ਹੀ ਸਹੀ-ਗਲਤ ਵਿਚੋਂ ਸਹੀ ਦੀ ਪਛਾਂਣ ਕਰਦੇ ਤੁਰਨਾ ਹੈ। ਇਤਹਾਸ ਵਿਚ ਗਲਤ ਬਹੁਤ ਕੁੱਝ ਹੈ ਪਰ ਸਭ ਝੂਠ ਨਹੀਂ। ਗਲਤੀ ਵੀ ਇਤਹਾਸਕ ਤੱਥ ਬਣੀ ਮੌਜੂਦ ਰਹਿੰਦੀ ਹੈ। ਮਿਸਾਲ ਦੇ ਤੌਰ ਤੇ ਦਰਬਾਰ ਸਾਹਿਬ ਵਿਚ ਮੁਰਤੀਆਂ ਦੀ ਸਥਾਪਨਾ ਗਲਤ ਤਾਂ ਸੀ ਪਰ ਕਿਸੇ ਸਮੇਂ ਉਨ੍ਹਾਂ ਦੀ ਉਸ ਸਥਾਨ ਤੇ ਮੌਜੁਦਗੀ ਇਕ ਇਤਹਾਸਕ ਤੱਥ ਹੈ। ਵੈਸਾ ਹੀ ਜੈਸਾ ਕਿ ਉਨ੍ਹਾਂ ਮੁਰਤੀਆਂ ਨੂੰ ਉੱਥੇ ਚੁੱਕਵਾਉਂਣਾ। ਸਵਾਲ ਇਤਨਾ ਹੀ ਹੈ ਕਿ ਕਿਸੇ ਗਲਤੀ ਤੋਂ ਅਸੀਂ ਕਿਵੇਂ ਅਲਗ ਹੋ ਸਕਦੇ ਹਾਂ? ਤੱਥਾਂ ਸਮੇਤ ਸਭ ਕੁੱਝ ਨੱਕਾਰ ਕੇ ਜਾਂ ਫ਼ਿਰ ਗਲਤ ਨੂੰ ਨੱਕਾਰ ਕੇ?
ਗੁਰੂ ਦੀ ਅਗੁਆਈ ਵਿਚ ਬਣਿਆ ਵਿਵਹਾਰਕ ਵਿਰਸਾ ਵੀ ਗੁਰਮਤਿ ਸਿਖਾਉਂਦਾ ਹੈ। ਉਸ ਨੂੰ ਵਰਤਮਾਨ ਜਾਂ ਭਵਿੱਖ ਲਈ ਰੱਧ ਨਹੀਂ ਕੀਤਾ ਜਾ ਸਕਦਾ।ਜੋ ਰੱਧ ਕਰਨ ਦੀ ਸੋਚਦੇ ਹਨ ਕੀ ਉਹ ਆਪ ਕਿਉਂ ਇਤਹਾਸ ਬਨਾਉਣਾ ਚਾਹੁੰਦੇ ਹਨ?

ਹਰਦੇਵ ਸਿੰਘ, ਜੰਮੂ
15.11.2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top