Share on Facebook

Main News Page

ਤੱਤ ਗੁਰਮਤਿ ਪਰਿਵਾਰ ਦੀ ਨਿਜੀ ਜੀਵਨ ਜਾਚ ਬਾਰੇ

ਤ.ਗੁ ਪਰਿਵਾਰ ਨੇ ਹੁਣ ਸਿੱਖ ਰਹਿਤ ਮਰਿਆਦਾ 1945 (ਪੰਥ ਪ੍ਰਵਾਣਿਤ) ਵਿਚ ਸੁਧਾਰ ਦਾ ਵਿਚਾਰ ਤਿਆਗ ਕੇ ‘ਪਰਿਵਾਰ ਲਈ’ ਜੀਵਨ ਜਾਚ ਬਨਾਉਣ ਲਈ ਕਦਮ ਚੁੱਕਿਆ ਹੈ। ਇਸ ਨੂੰ ਦਾਸ, ਇਸ ਪੱਤਰ ਵਿਚ, ਅੱਗੇ ਚਲ ਕੇ ਸਪਸ਼ਟ ਕਰੇਗਾ। ਪਹਿਲਾਂ ਦਾਸ ਪਾਠਕਾਂ ਨਾਲ ਕੁੱਝ ਗਲਾਂ ਸਾਂਝੀਆਂ ਕਰਨਾ ਚਾਹੁੰਦਾ ਹੈ।

ਅੱਜ ਤੋਂ ਕੇਵਲ ਇਕ ਸਾਲ ਦੱਸ ਮਹੀਨੇ ਪਹਿਲਾਂ ਹੀ ਆਪਣੀ ਪਲੇਠੀ ਪੁਸਤਕ ਵਿਚ ਪਰਿਵਾਰ ਨੇ ਸਿੱਖ ਰਹਿਤ ਮਰਿਆਦਾ ਵਿਚ ਲਿਖੀ ਸਿੱਖ ਦੀ ਪਰਿਭਾਸ਼ਾ ਨੂੰ ਅਸਿਧਾਂਤਕ ਕਹਿੰਦੇ ਹੋਏ ਆਪਣੇ ਵੱਲੋਂ ਸਿੱਖ ਦੀ ਇਕ ਸਿਧਾਂਤਕ ਪਰਿਭਾਸ਼ਾ ਪੇਸ਼ ਕੀਤੀ ਸੀ। ਜੋ ਕਿ ਇਸ ਪ੍ਰਕਾਰ ਹੈ:

ਜੋ ਮਨੁੱਖ ਇੱਕ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਾਨਕ (ਵਿਚਾਰਧਾਰਕ) ਜੋਤ ਦੇ ਦੱਸ ਸਰੂਪਾਂ ਰਾਹੀਂ ਪ੍ਰਗਟ ਕੀਤੇ ‘ਗੁਰੂ ਗ੍ਰੰਥ ਸਾਹਿਬ ਜੀ’ ਜੀ ਰੂਪੀ ਸੱਚ ਦੇ ਗਿਆਨ ਨੂੰ ਧਾਰਨ ਕਰਦਾ ਹੈ। ਦਸਵੇਂ ਪਾਤਸ਼ਾਹ ਵਲੋਂ ਬਖਸ਼ੀ ‘ਖੰਡੇ ਦੀ ਪਾਹੁਲ’ ਨੂੰ ਅਪਨਾਉਂਦਾ ਹੈ ਅਤੇ (ਗੁਰਮਤਿ ਤੋਂ ਉਲਟ) ਕਿਸੇ ਹੋਰ ਮੱਤ ਜਾਂ ਵਿਚਾਰਧਾਰਾ ਨੂੰ ਨਹੀਂ ਮਨੰਦਾ, ਉਹ ਸਿੱਖ ਹੈ

ਚੁੰਕਿ ਇਹ ਇਕ ਬੜੀ ਨਾਸਮਝੀ ਭਰੀ ਵਿਆਖਿਆ ਸੀ ਇਸ ਲਈ ਦਾਸ ਨੇ ਪਰਿਵਾਰ ਨਾਲ ਇਸ ਬਾਰੇ ਲਿਖਤੀ ਸੰਵਾਦ ਵੀ ਕੀਤਾ ਜੋ ਕਿ ਇਸੇ ਸਾਲ ਦੇ ਆਰੰਭ ਵਿਚ ਹੋਈਆ ਸੀ। (ਸੰਵਾਦ ਸ਼ੁਰੂ ਹੋਣ ਦਾ ਕਾਰਨ ਦਾਸ ਦਾ ਰਹਿਤ ਮਰਿਯਾਦਾ ਬਾਰੇ ਇਕ ਲੇਖ ਤੇ ਪਰਿਵਾਰ ਵਲੋਂ ਲਿਖੀ ਟਿੱਪਣੀ ਅਤੇ ਉਚੇਚੀ ਸੰਪਾਦਕੀ ਸੀ) ਹੋਰ ਵੀ ਕਈ ਲੇਖ/ਪੱਤਰ ਲਿਖੇ ਪਰ ਉਹ ਆਪਣੇ ਵਲੋਂ ਘੱੜੀ ਪਰਿਭਾਸ਼ਾ/ਨੁਕਤਿਆਂ ਤੋਂ ਪਿੱਛੇ ਨਹੀਂ ਹਟੇ। ਪਰਿਵਾਰ ਕੋਲੋਂ ਦਾਸ ਨੇ ਇਕ ਬੜਾ ਅਹਿਮ ਸਵਾਲ ਪੁੱਛਿਆ ਸੀ ਕਿ ਉਨ੍ਹਾਂ ਵਲੋਂ ਪੇਸ਼ ਕੀਤੀ ਨਵੀਂ ਪਰਿਭਾਸ਼ਾ ਅਨੁਸਾਰ ਦਿੱਲੀ ਦੇ ਦੰਗਿਆਂ ਵਿਚ ਮਰਨ ਵਾਲੇ 5000 ਹਜ਼ਾਰ ਨਿਰਦੋਸ਼ੇ ਬੰਦੇ ਕੌਣ ਸਨ ਸਿੱਖ ਜਾਂ ਬ੍ਰਾਹਮਣ? ਪਰਿਵਾਰ ਇਸ ਗੱਲ ਦਾ ਜਵਾਬ ਅਜ ਤੱਕ ਨਹੀਂ ਮਿਲਿਆ।

ਦਾਸ ਨੇ ਇਹ ਵੀ ਪੁੱਛਿਆ ਸੀ ਕਿ ਜੇਕਰ ‘ਸੱਚ ਦਾ ਗਿਆਨ ਧਾਰਨ ਕਰਨ ਵਾਲਾ’ ਹੀ ਸਿੱਖ ਹੈ ਅਤੇ ਆਪ ਜੀ ਗੁਰਮਤਿ ਦੀ ਇਸ ਕਸਵਟੀ ਬਾਰੇ ਕੋਈ ਸਮਝੋਤਾ ਨਹੀਂ ਕਰਨਾ ਚਾਹੁੰਦੇ ਤਾਂ ਇਹ ਦੱਸੋ ਕਿ ਆਪ ਜੀ ਸੱਚ ਦੇ ਗਿਆਨ ਨੂੰ ਧਾਰਨ ਕਰ ਚੁੱਕੇ ਬੰਦੇ ਲਈ ਕੋਈ ਰਹਿਤ ਮਰਿਆਦਾ ਕਿਵੇਂ ਅਤੇ ਕਿਸ ਹੱਕ ਨਾਲ ਤਿਆਰ ਕਰ ਸਕਦਾ ਹੈ? ਦਾਸ ਨੇ ਇਹ ਲਿਖਿਆ ਸੀ ਕਿ ਸਿੱਖੀ ਸਿੱਖਣ ਦੀ ਗੱਲ ਹੈ ਅਤੇ ਕੋਈ ਸਿੱਖਿਆ ਹੋਇਆ ਹੀ ਪੈਦਾ ਨਹੀਂ ਹੁੰਦਾ। ਪਰ ਪਰਿਵਾਰ ਨੇ ਇਨ੍ਹਾਂ ਬੇਨਤੀਆਂ ਨੂੰ ਕੱਚੀਆ ਦਲੀਲਾਂ ਕਹਿ ਕੇ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਦਾਸ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਰਹਿਤ ਅਤੇ ਫ਼ਲਸਫ਼ੇ ਦੇ ਅੰਤਰ ਨੂੰ ਪਰਿਵਾਰ ਨਹੀਂ ਸਮਝ ਰਿਹਾ। ਪਰ ਪਰਿਵਾਰ ਨੇ ਉਸ ਵੇਲੇ ਦਾਸ ਦੀ ਇੱਕ ਨਹੀਂ ਸੁਣੀ। ਇਸ ਬਾਰੇ ਦਾਸ ਵਲੋਂ ਪਰਿਵਾਰ ਵੱਲ ਲਿਖੇ ਇਕ ਮੱਹਤਵਪੁਰਣ ਪੱਤਰ ਨੂੰ ਹੇਠ ਲਿਖੇ ਲਿੰਕ ਤੇ ਪੜ ਸਕਦੇ ਹਨ ਜਿਸ ਵਿਚ ਦਾਸ ਨੇ ਉਨ੍ਹਾਂ ਨੂੰ ਆਪਣੇ ਵਲੋਂ ਸਿਧਾਂਤਕ ਪ੍ਰਚਾਰੀ ਜਾ ਰਹੀ ਸਿੱਖ ਦੀ ਪਰਿਭਾਸ਼ਾ ਵਿਚ ਬਜਰ ਗਲਤੀ ਵੱਲ ਵੀ ਧਿਆਨ ਦਵਾਇਆ ਸੀ:

http://www.tattgurmatparivar.com/Letter_Detail.aspx?ID=699

ਉਸ ਵੇਲੇ ਦਾਸ ਦੇ ਵਿਚਾਰ ਪਰਿਵਾਰ ਲਈ ਕੱਚੀਆਂ ਦਲੀਲਾਂ ਮਾਤਰ ਹਨ। ਪਰ ਅੱਜ ਉਨ੍ਹਾਂ ਦਾਸ ਵਲੋਂ ਦਿੱਤੀਆਂ ਕੱਚੀਆਂ ਦਲੀਲਾਂ ਨੂੰ ਹੀ ਮੁੱਖ ਰੱਖਦੇ ਨੇ ਆਪਣੇ ਵਲੋਂ ਪਹਿਲਾਂ ਪੇਸ਼ ਕੀਤੀ ਸਿੱਖ ਦੀ “ਸਿਧਾਂਤਕ ਪਰਿਭਾਸ਼ਾ” ਤਿਆਗ ਉਸ ਨੂੰ ਵੱਡੇ ਬਦਲਾਵ ਨਾਲ ਇੰਝ ਪੇਸ਼ ਕੀਤਾ ਹੈ:

ਜਿਹੜਾ ਇਨਸਾਨ ਇੱਕ ਅਕਾਲ ਪੁਰਖ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਗੁਰਬਾਣੀ (ਜਪੁ ਦੇ ਮੰਗਲ ਤੋਂ ਤਨ ਮਨ ਥੀਵੈ ਹਰਿਆ ਤੱਕ) ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਨਾਨਕ ਫ਼ਲਸਫ਼ੇ ਦੇ ਵਿਪਰੀਤ ਕਿਸੇ ਮੱਤ ਨੂੰ ਸਵੀਕਾਰ ਨਹੀਂ ਕਰਦਾ, ਉਹ ਸਿੱਖ ਹੈ

ਪਾਠਕ ਦੋਂਹਾਂ ਪਰਿਭਾਸ਼ਾਵਾਂ ਦਾ ਮਿਲਾਨ ਕਰਕੇ ਅੰਤਰ ਵੇਖ ਸਕਦੇ ਹਨ।

ਇਸ ਨੂੰ (ਜੋ ਕਿ ਠੀਕ ਪਰਿਭਾਸ਼ਾ ਨਹੀਂ) ਪੜ ਕੇ ਦਾਸ ਨੂੰ ਪਤਾ ਚੱਲਿਆ ਹੈ ਕਿ ਪਰਿਵਾਰ ਨੇ ਆਪਣੇ ਕੁੱਝ ਚਿਰ ਪਹਿਲਾਂ ਵਾਲੇ ਉਸ ਸਟੈਂਡ ਨੂੰ ਬਦਲ ਲਿਆ ਹੈ, ਜਿਸ ਤੇ ਦ੍ਰਿੜਤਾ ਨਾਲ ਖੜੇ ਹੋ ਕੇ ਉਹ ਦਾਸ ਨਾਲ ਚਰਚਾ ਕਰ ਰਹੇ ਸੀ। ਦਾਸ ਨਿਜੀ ਅਤੇ ਲਿਖਤੀ ਤੌਰ ਤੇ ਉਨ੍ਹਾਂ ਨੂੰ “ਧਾਰਨ ਕਰਨ” ਅਤੇ ‘ਨਿਸ਼ਚਾ (ਵਿਸ਼ਵਾਸ) ਕਰਨ’ ਦਾ ਫ਼ਰਕ ਸਮਝਾਉਂਣ ਦਾ ਜਤਨ ਕਰਦਾ ਰਿਹਾ, ਪਰ ਉਸ ਵੇਲੇ ਸਭ ਵਿਅਰਥ ਸੀ। ਕੀ ਹੁਣ ਪਰਿਵਾਰ ਨੇ ਇਸ ਸਿਧਾਂਤ ਨਾਲ ਸਮਝੌਤਾ ਕਰ ਲਿਆ ਹੈ ਕਿ ਸੱਚ ਦਾ ਗਿਆਨ ਧਾਰਨ ਕਰਨ ਵਾਲਾ ਹੀ ਸਿੱਖ ਹੋ ਸਕਦਾ ਹੈ? ਜਾਂ ਉਹ ਪਹਿਲਾਂ ਗਲਤ ਸਨ? ਕੀ ਹੁਣ ਇਹ ਸਿਧਾਂਤਕ ਸਮਝੌਤਾ ਨਹੀਂ? ਪਰਿਵਾਰ ਨੇ ਦਾਸ ਦੇ ਵਿਚਾਰਾਂ/ਸੁਝਾਵਾਂ ਬਾਰੇ ਇੰਝ ਲਿਖਿਆ ਸੀ।

ਸੰਪਾਦਕੀ ਟਿੱਪਣੀ:- “ਸਤਿਕਾਰਯੋਗ ਹਰਦੇਵ ਸਿੰਘ ਜੀ ਜੰਮੂ ਦੀ ਪਹੁੰਚ ਸਥਾਪਿਤ ਹੋ ਚੁੱਕਿਆਂ ਗਲਤ ਮਾਨਤਾਵਾਂ ਨੂੰ ਕਿਸੇ ਨਾ ਕਿਸੇ ਤਰੀਕੇ ਠੀਕ ਸਿੱਧ ਕਰਨ ਦੀ ਜਾਪਦੀ ਹੈ, ਜਿਨ੍ਹਾਂ ਨਾਲ ਪਰਿਵਾਰ ਸਹਿਮਤ ਨਹੀਂ। ਉਨ੍ਹਾਂ ਦਾ ਇਹ ਜਤਨ ਮੁੱਢਲੇ ਗੁਰਮਤਿ ਸਿਧਾਂਤਾਂ ਨੂੰ ਅੱਖੋਂ-ਪਰੋਖੇ ਕਰਦਾ ਜਾਪਦਾ ਹੈ।ਇਹ ਲੇਖ ਵੀ (ਦਾਸ ਦਾ ਲੇਖ ਸਿੱਖ ਰਹਿਤ ਮਰਿਆਦਾ ਅਤੇ ਉਸਦੀ ਧਾਰਨਾ) ਉਸੇ ਪਹੁੰਚ ਅਧੀਨ ਲਿਖਿਆ ਗਿਆ ਹੈ।....” (ਦਾਸ ਇਸ ਟਿੱਪਣੀ ਨੂੰ ਫ਼ਤਵਾ ਨਹੀਂ ਕਹਿੰਦਾ ਕਿਉਂਕਿ ਅੱਜ ਕਲ ਇਸ ਸ਼ਬਦ ਨੂੰ ਜਵਾਬਦੇਹੀ ਤੋਂ ਨੱਸਦੇ ਹਮਦਰਦੀ ਜੁਟਾਣ ਅਤੇ ਕਿਸੇ ਗਲਤੀ ਤੇ ਪਰਦਾ ਪਾਉਂਣ ਦੀ ਜੁਗਤ ਕਰਕੇ ਵੀ ਵਰਤਿਆ ਜਾਂਦਾ ਹੈ)

ਅੱਜ ਪਰਿਵਾਰ ਨੇ ਆਪਣੇ ਵਲੋਂ ਪਹਿਲੀ “ਸਿਧਾਂਤਕ” ਕਰਕੇ ਪ੍ਰਚਾਰੀ ਸਿੱਖ ਦੀ ਪਰਿਭਾਸ਼ਾ ਨੂੰ ਤਿਆਗ ਕੇ ਸਵੀਕਾਰ ਕੀਤਾ ਹੈ ਕਿ ਸਿੱਖ ਦੀ ਪਰਿਭਾਸ਼ਾ ਸਬੰਧੀ ਘੜੀ ਉਨਾਂ ਦੀ ਆਪਣੀ ਹੀ ਪਹੁੰਚ ਠੀਕ ਨਹੀਂ ਸੀ। ਉਹ ਉਸ ਵੇਲੇ ਆਪਣੀ ਮਨਮਤਿ ਨੂੰ ਗੁਰਮਤਿ ਕਹਿ ਰਹੇ ਸੀ ਅਤੇ ਦਾਸ ਦੀ ਦਲੀਲ ਨੂੰ ਕੱਚੀ ਪਹੁੰਚ।

ਹੁਣ ਪਰਿਵਾਰ ਨੇ ਇਹ ਵੀ ਸਪਸ਼ਟਤਾ ਨਾਲ ਲਿਖਿਆ ਹੈ :

ਅਸੀਂ ਇਸ ਗੱਲ ਤੋਂ ਵਾਕਿਫ਼ ਹਾਂ ਕਿ ਸਾਡਾ ਸਾਰੇ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਹੈ, ਇਸ ਲਈ ਅਸੀਂ ਇਹ ‘ਗੁਰਮਤਿ ਜੀਵਨ ਜਾਚ’ ਰੂਪੀ ਸੁਧਾਰ ਦਾ ਕਰਮ ਤੱਤ ਗੁਰਮਤਿ ਪਰਿਵਾਰ ਲਈ ਹੀ ਚੁੱਕ ਰਹੇ ਹਾਂ। ਤਿਆਰ ਹੋਣ ਉਪਰੰਤ ਇਹ ‘ਗੁਰਮਤਿ ਜੀਵਨ ਜਾਚ’ ਸਿਰਫ਼ ਪਰਿਵਾਰ ਅਪਣੇ ਤੇ ਹੀ ਲਾਗੂ ਕਰਾਂਗੇ

ਇਹ ਇਕ ਵਚਿੱਤਰ ਘੋਸ਼ਣਾ ਹੈ ! ਇਸ ਦਾ ਸਪਸ਼ਟ ਭਾਵ ਹੈ ਕਿ ਉਹ ਹੁਣ ਪੰਥਕ ਸਿੱਖ ਰਹਿਤ ਮਰਿਆਦਾ ਵਿਚ ਸੁਧਾਰ ਦੀ ਗਲ ਨਹੀਂ ਕਰ ਰਹੇ ਬਲਕਿ ਕੇਵਲ ‘ਪਰਿਵਾਰ ਲਈ’ ਹੀ ਜੀਵਨ ਜਾਚ ਤਿਆਰ ਕਰ ਰਹੇ ਹਨ। ਉਹ ਕਿਸੇ ਨੂੰ ਪੰਥ ਵਿਚੋਂ ਛੇਕੇ ਜਾਣ ਦਾ ਵਿਰੋਧ ਕਰਦੇ ਰਹੇ ਪਰ ਇਸ ਕਦਮ ਰਾਹੀਂ ਪਰਿਵਾਰ ਨੇ ਆਪਣੀ ਵਿਚਾਰਧਾਰਾ ਵਿਚੋਂ ਉਸ ਸਿੱਖ ਰਹਿਤ ਮਰਿਆਦਾ ਨੂੰ ਹੀ ਛੇਕ ਦਿੱਤਾ ਪ੍ਰਤੀਤ ਹੁੰਦਾ ਹੈ ਜਿਸ ਨੂੰ ਉਨ੍ਹਾਂ ਆਪਣੇ ਪ੍ਰਸਤਾਵ ਪੇਸ਼ ਕਰਨ ਵੇਲੇ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ਕਹਿਆ ਹੈ।

ਉਨ੍ਹਾਂ ਸੁਹਿਰਦਤਾ ਨਾਲ ਇਸ ਬਾਰੇ ਵਿਚਾਰ ਮੰਗੇ ਹਨ ਪਰ ਸਮਝ ਨਹੀਂ ਆ ਰਿਹਾ ਕਿ ਜੇ ਕਰ ਮਸਲਾ (Matter) ਅਤੇ ਇਸ ਤੇ ਮੁਨਸਫ਼ੀ (Final Judgement) ਵੀ ਪਰਿਵਾਰ ਦੀ ਹੀ ਹੈ ਤਾਂ ਇਸ ਦਾ ਪੰਥਕ ਸਿੱਖ ਰਹਿਤ ਮਰਿਆਦਾ ਨਾਲ ਕੀ ਲੈਣ ਦੇਣ ਹੈ? ਉਹ ਤਾਂ ਆਪਣੀ (ਪਰਿਵਾਰ ਦੇ ਸਿੱਖ ਸੱਜਣਾਂ ਦੀ) ਪਰਿਭਾਸ਼ਾ ਲਈ ਵੀ ਸੁਝਾਵ ਮੰਗ ਰਹੇ ਹਨ!

ਉਹ ਇਸ ਨੂੰ ਪਰਿਵਾਰਕ ਮਸਲਾ ਵੀ ਘੋਸ਼ਿਤ ਕਰ ਰਹੇ ਹਨ ਪਰ ਪਰਿਵਾਰਕ ਤੌਰ ਤੇ ਨਿਜਿੱਠ ਨਹੀਂ ਪਾ ਰਹੇ ਅਤੇ ਸੁਝਾਵ ਮੰਗ ਰਹੇ ਹਨ। ਉਹ ਦੁਬਿਧਾ ਵਿਚ ਪ੍ਰਤੀਤ ਹੁੰਦੇ ਹਨ। ਪਹਿਲਾਂ ਪਰਿਭਾਸ਼ਾ ਹੋਰ ਸੀ ਅਤੇ ਉਸ ਤੇ ਉਹ ਲੇਖਾਂ ਰਾਹੀਂ ਜੋਰਦਾਰ ਪਹਿਰਾ ਵੀ ਦੇ ਰਹੇ ਸਨ। ਅੱਜੇ ਤਕ ਉਨ੍ਹਾਂ ਆਪਣੀ ਪਹਿਲੀ ਪੁਸਤਕ ਵਿੱਚ ਘੱੜੀ “ਸਿਧਾਂਤਕ” ਪਰਿਭਾਸ਼ਾ ਲਿਖਤੀ ਰੂਪ ਵਾਪਸ ਵੀ ਨਹੀਂ ਲਈ ਹੈ। ਮਸ਼ਵਰਾ ਕਰਨਾ ਚੰਗੀ ਗਲ ਹੁੰਦੀ ਹੈ ਪਰ ਮਸ਼ਵਰਾ ਦੇਣ ਅਤੇ ਲੈਣ ਦਾ ਢੰਗ ਦੁਬਿਧਾਪੁਰਨ ਨਹੀਂ ਹੋਣਾ ਚਾਹੀਦਾ ਹੈ।

ਬੇਨਤੀ ਹੈ ਕਿ ਉਹ ਆਪਣੀ ਇਸ ਦੁਬਿਧਾ ਨੂੰ ਦੂਰ ਕਰਨ। ਪਹਿਲਾਂ ਉਹ ਇਹ ਸਪਸ਼ਟ ਕਰਨ ਦੀ ਕਿਰਪਾਲਤਾ ਕਰਨ ਕਿ ਕੀ ਉਹ ਮੌਜੂਦਾ ਸਿੱਖ ਰਹਿਤ ਮਰਿਆਦਾ ਨੂੰ ਖਾਰਜ ਕਰਕੇ ਅਲਗ ਰਹਿਤ ਮਰਿਆਦਾ ਬਨਾਉਂਣ ਦੀ ਰਾਹ ਤੇ ਤੁਰ ਪਏ ਹਨ? ਅਗਰ ਐਸਾ ਹੈ ਤਾਂ ਕਦਾਚਿੱਤ ਇਕ ਸਿਆਣਪ ਨਹੀਂ! ਜੇਕਰ ਮਾਮਲਾ ਸਿਰਫ਼ ਪਰਿਵਾਰ ਦਾ ਹੀ ਹੈ ਤਾਂ ਇਕ ਸੁਝਾਵ ਇਹ ਵੀ ਹੋ ਸਕਦਾ ਹੈ ਕਿ ਉਹ ਇਸ ਬਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗੁਆਈ ਲੈਣ ਅਤੇ ਜੋ ਸਮਝ ਸਕਣ ਉਸ ਨੂੰ ਅਪਨਾ ਲੈਣ ਜਿਵੇਂ ਕਿ ਉਨ੍ਹਾਂ ਅਰਦਾਸ ਬਾਰੇ ਕਰ ਲਿਆ ਹੋਇਆ ਹੈ। ਪਰਿਵਾਰ ਦੀ ਨਿਜੀ ਜੀਵਨ ਜਾਚ ਵਿਚ ਕਿਸੇ ਦਾ ਕੋਈ ਦਖ਼ਲ ਦੇਣਾ ਠੀਕ ਪ੍ਰਤੀਤ ਨਹੀਂ ਹੁੰਦਾ। ਉਹ ਇਸ ਨੂੰ ਆਪ ਆਪਣੇ ਤੇ ਲਾਗੂ ਕਰ ਸਕਦੇ ਹਨ। ਪਰਿਵਾਰਕ ਮਸਲੇ ਵਿਚ ਤਾਂ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਘਸੀਟਣ ਦੀ ਕੋਈ ਲੋੜ ਪ੍ਰਤੀਤ ਨਹੀਂ ਹੁੰਦੀ। ਆਸ ਹੈ ਕਿ ਉਹ ਪੰਥ ਪ੍ਰਤੀ ਆਪਣੇ ਅਧਿਕਾਰ/ਜਵਾਬਦੇਹੀ ਤੇ ਹੋਰ ਵਿਚਾਰ ਕਰਨ ਦਾ ਜਤਨ ਕਰਨਗੇ।

ਹਰਦੇਵ ਸਿੰਘ, ਜੰਮੂ
17.11.2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top