Share on Facebook

Main News Page

ਗੁਰਮਤਿ ਜੀਵਨ ਜਾਚ ਦਾ ਮੁੱਢਲਾ ਖਰੜਾ
ਪਾਠਕਾਂ ਦੇ ਬਹੁੱਮੁਲੇ ਸੁਝਾਵਾਂ/ਵਿਚਾਰਾਂ ਲਈ

ਭੂਮਿਕਾ

‘ਅਕਾਲ ਤਖਤ’ ਦੇ ਨਾਂ ਤੇ ਜ਼ਾਰੀ ਕੀਤੀ ਗਈ ‘ਪੰਥ ਪ੍ਰਵਾਨਿਤ’ ਮੌਜੂਦਾ ਸਿੱਖ ਰਹਿਤ ਮਰਿਯਾਦਾ ਦਾ ਪਹਿਲਾ ਰੂਪ 1936 ਵਿਚ, ਪੰਥਕ ਧਿਰਾਂ ਅਤੇ ਸ਼ਖਸੀਅਤਾਂ ਦੀ ਵਿਚਾਰਾਂ ਉਪਰੰਤ, ਸਾਹਮਣੇ ਆਇਆ। 1945 ਵਿਚ ਇਸ ਵਿਚ ਪਹਿਲੀ ਵਾਰ ਸੋਧ ਕੀਤੀ ਗਈ। ਉਸ ਉਪਰੰਤ ਵੀ ਸਮੇਂ ਨਾਲ ਇਸ ਵਿਚ ਕੁਝ ਸੋਧਾਂ ਚੁੱਪ ਚੁੱਪੀਤੇ ਹੀ ਕਰ ਦਿਤੀਆਂ ਗਈਆਂ। ਅੱਜ ਸੁਚੇਤ ਪੰਥ ਦਾ ਵੱਡਾ ਹਿੱਸਾ ਇਸ ਰਹਿਤ ਮਰਿਯਾਦਾ ਤੇ ਪਹਿਰਾ ਦੇਣ ਦਾ ਦਮ ਭਰਦਾ ਹੈ। ਸੰਪਰਦਾਈ ਧਿਰਾਂ ਨੇ ਇਸ ਦੇ ਤਿਆਰ ਕਰਨ ਵਿਚ ਬੇਸ਼ਕ ਯੋਗਦਾਨ ਪਾਇਆ, ਪਰ ਇਸ ਨੂੰ ਦਿਲ ਕਰਕੇ ਅਪਨਾਇਆ ਕਦੀਂ ਵੀ ਨਹੀਂ। ਉਹਨਾਂ ਵਲੋਂ ਤਾਂ ‘ਸੰਤ ਸਮਾਜ’ ਦੇ ਨਾਂ ਤੇ ਇਕ ਸੰਸਥਾ ਦਾ ਗਠਨ ਕਰਕੇ ਸਮੇਂ ਨਾਲ ਨਵੀਂ ਕਰਮਕਾਂਡੀ ਮਰਿਯਾਦਾ ਵੀ ਤਿਆਰ ਕਰ ਲਈ ਗਈ।

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਅਕਾਲੀ ਲਹਿਰ ਦੇ ਪ੍ਰਭਾਵ ਹੇਠ ਬਣੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਵਲੋਂ ਸਿੰਘ ਸਭਾ ਲਹਿਰ ਨਾਲ ਜੁੜੇ ਰਹੇ ਕੁਝ ਵਿਦਵਾਨਾਂ ਸਮੇਤ ਹੋਰ ਪੰਥਕ ਧਿਰਾਂ ਦੇ ਸਹਿਯੋਗ ਨਾਲ ‘ਸਿੱਖ ਰਹਿਤ ਮਰਿਯਾਦਾ’ ਤਿਆਰ ਕਰਨ ਦਾ ਉਪਰਾਲਾ ਬਹੁਤ ਵਧੀਆ ਅਤੇ ਉਤਸ਼ਾਹ ਜਨਕ ਸੀ। ਪਰ ਇਹ ਵੀ ਹਕੀਕਤ ਹੈ ਕਿ ਪੰਥਕ ਧਿਰਾਂ ਦੀਆਂ ਵੱਖ ਵੱਖ ਸੁਰਾਂ ਕਾਰਨ ਕੁਝ ਥਾਂ ਸਮਝੌਤੇ ਵੀ ਕਰਨੇ ਪਏ। ‘ਰਾਗਮਾਲਾ ਦਾ ਮਸਲਾ’ ਇਸ ਦੀ ਸਪਸ਼ਟ ਮਿਸਾਲ ਹੈ। ਖੈਰ! ਉਸ ਵੇਲੇ ਇਸ ਨੂੰ ਤਿਆਰ ਕਰਨ ਵਾਲੇ ਸੁਹਿਰਦ ਪੰਥਦਰਦੀਆਂ ਦੇ ਦਿਲ ਵਿਚ ਇਹ ਵਿਚਾਰ ਸੀ ਕਿ ਇਸ ਦੇ ਪ੍ਰਚਾਰ ਰਾਹੀਂ ਕੌਮ ਵਿਚ ਇਕਸਾਰਤਾ ਆ ਜਾਵੇ ਤਾਂ ਬਾਅਦ ਵਿਚ ਰਹਿ ਗਈਆਂ ਕਮੀਆਂ ਨੂੰ ਸੋਧ ਲਿਆ ਜਾਵੇਗਾ। ਇਹ ਵੀ ਸਪਸ਼ਟ ਹੈ ਕਿ ਉਸ ਸਮੇਂ ਦਸਮ ਗ੍ਰੰਥ ਦੀ ਉਤਨੀ ਪੜਚੋਲ ਨਾ ਹੋ ਸਕੀ ਹੋਣ ਕਰਕੇ ਇਸ ਬਾਰੇ ਸਿੰਘ ਸਭਾ ਲਹਿਰ ਦੇ ਇਹਨਾਂ ਆਗੂਆਂ ਨੂੰ ਇਸ ਦੇ ਪੰਥ ਪ੍ਰਵਾਤਿਨ ਹੋ ਚੁੱਕੇ ਅੰਸ਼ ਸਹੀ ਜਾਪੇ ਹੋਣਗੇ।

1945 ਦੀ ਰਾਗਮਾਲਾ ਸੰਬੰਧੀ ਇਕਤਰਫਾ ਸੋਧ ਨੇ ਇਹ ਇਸ਼ਾਰਾ ਦੇਣਾ ਸ਼ੁਰੂ ਕਰ ਦਿਤਾ ਸੀ ਕਿ ਸਭ ਅੱਛਾ ਨਹੀਂ ਹੋ ਰਿਹਾ ਹੈ। ਸਮੇਂ ਨਾਲ ਸੰਪਰਦਾਈ ਧਿਰਾਂ ਵਲੋਂ ਵੀ ਇਸ ਮਰਿਯਾਦਾ ਦਾ ਸਪਸ਼ਟ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਤਾਂ ਗੱਲ ਹੋਰ ਸਪਸ਼ਟ ਹੋਣੀ ਸ਼ੁਰੂ ਹੋ ਗਈ। ਸੰਪਰਦਾਈ ਧਿਰਾਂ ਇਸ ਮਰਿਯਾਦਾ ਵਿਚਲੇ ਕਰਮਕਾਂਡਾਂ ਵਿਰੁਧ ਚੰਗੇ ਨੁਕਤਿਆਂ ਤੋਂ ਪ੍ਰੇਸ਼ਾਨ ਹੋ ਗਏ। ਸੰਪਰਦਾਈਆਂ ਵਲੋਂ ਇਸ ਦੀ ਵਿਰੋਧਤਾ ਕਾਰਨ, ਮਿਸ਼ਨਰੀ ਲਹਿਰ ਨੇ ਇਸ ਦੀ ਇੰਨ ਬਿੰਨ ਪ੍ਰੋੜਤਾ ਕਰਨ ਦਾ ਪੈਂਤੜਾ ਅਪਣਾ ਲਿਆ।

ਇਸ ਰਾਹੀਂ ਕੌਮ ਵਿਚ ਇਕਸਾਰਤਾ ਲਿਆਉਣ ਦੀ ਵੱਡੀ ਜਿੰਮੇਵਾਰੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਸੀ। ਪਰ ਸਮੇਂ ਨਾਲ ਇਹ ਕਮੇਟੀ ਅਤੇ ਕਿਸੇ ਨਿਸ਼ਚਿਤ ਵਿਧੀ ਵਿਧਾਨ ਤੋਂ ਊਣੀ ‘ਅਕਾਲ ਤਖਤ ਵਿਵਸਥਾ’ ਭ੍ਰਿਸ਼ਟ ਰਾਜਨੀਤਕਾਂ ਅਤੇ ਸੰਪਰਦਾਈ ਧਿਰਾਂ ਦੇ ਚੰਗੁਲ ਵਿਚ ਚਲੀ ਗਈ।ਨਤੀਜਤਨ ਸਮੇਂ ਨਾਲ ਇਹ ਨੀਮ ਪੁਜਾਰੀਵਾਦ ਦਾ ਰੂਪ ਧਾਰ ਗਈ ਹੈ ਅਤੇ ਦਿਨੋ ਦਿਨ ਇਸ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਇਸੇ ਚੰਗੁਲ ਵਿਚ ਫਸੇ ਹੋਣ ਕਰਕੇ ਇਸ ਨੇ ਇਸ ਮਰਿਯਾਦਾ ਨੂੰ ਕੌਮ ਵਿਚ ਤਾਂ ਕੀ ਲਾਗੂ ਕਰਨਾ ਸੀ, ਇਸਦੇ ਪ੍ਰਬੰਧ ਹੇਠਲੇ ਗੁਰਦਵਾਰਿਆਂ ਵਿਚ ਵੀ ਇਹ ਪੂਰੀ ਤਰਾਂ ਲਾਗੂ ਨਹੀਂ ਕੀਤੀ ਗਈ।

1970 ਦੇ ਆਸ ਪਾਸ ਡਾ. ਰਤਨ ਸਿੰਘ ਜੱਗੀ ਜਿਹੇ ਕੁਝ ਵਿਦਵਾਨਾਂ ਨੇ ਦਸਮ ਗ੍ਰੰਥ ਦੀ ਡੁੰਘੀ ਪੜਚੋਲ ਕਰਨ ਉਪਰੰਤ ਇਸ ਦਾ ਕੱਚਾ ਪਨ ਅਕਾਦਮਿਕ ਤੌਰ ਤੇ ਸਾਹਮਣੇ ਲਿਆਉਂਦਾ। ਇਸ ਬਾਰੇ ਮਤਭੇਦ ਤਾਂ ਪੰਥ ਵਿਚ ਸ਼ੁਰੂ ਤੋਂ ਹੀ ਰਹੇ ਸਨ। ਇਸ ਖੋਜ ਨੇ ਇਹ ਸਾਬਿਤ ਕਰ ਦਿਤਾ ਕਿ ਪੰਥ ਪ੍ਰਵਾਨਿਤ ਕਰਕੇ ਮੰਨੀਆਂ ਜਾਂਦੀਆਂ ਦਸਮ ਗ੍ਰੰਥੀ ਰਚਨਾਵਾਂ ਦਾ ਬਹੁਤਾਤ ਹਿੱਸਾ ਗੈਰ-ਪ੍ਰਮਾਨਿਕ ਹੈ। ਇਸ ਨੁਕਤੇ ਨੂੰ ਸੰਗਤੀ ਤੌਰ ਤੇ ਖੁੱਲ ਕੇ ਪ੍ਰਚਾਰਨ ਦਾ ਸਿਹਰਾ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਜਾਉਂਦਾ ਹੈ। ਇਸ ਨਾਲ ਸੁਚੇਤ ਪੰਥਦਰਦੀਆਂ ਨੂੰ ਇਹ ਮਹਿਸੂਸ ਹੋਣ ਲਗ ਪਿਆ ਕਿ ਇਸ ਮਰਿਯਾਦਾ ਵਿਚ ਕਈਂ ਮੱਦਾਂ ਗੁਰਮਤਿ ਤੋਂ ਉਲਟ ਹਨ। ਇਸ ਲਈ ਸਮੇਂ ਨਾਲ ਇਸ ਵਿਚ ਸੋਧਾਂ ਦੀ ਮੰਗ ਵੀ ਸੁਚੇਤ ਪੰਥ ਵਿਚੋਂ ਉੱਠਣ ਲਗ ਪਈ। ਸੰਪਰਦਾਈਆਂ ਦੀ ਮਨਮਾਨੀਆਂ ਤੋਂ ਤ੍ਰਬਕੇ ਅਤੇ ਸਹਿਮੇ ਮਿਸ਼ਨਰੀ ਵਿਦਵਾਨਾਂ ਨੇ ਇਸ ਮੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਉਹਨਾਂ ਜ਼ਾਹਰ ਪੈਂਤੜਾ ਤਾਂ ਇਹ ਦਰਸਾਇਆ ਕਿ ਅਕਾਲ ਤਖਤ ਦੀ ਰਹਿਤ ਮਰਿਯਾਦਾ ਸੁਪਰੀਮ ਹੈ ਅਤੇ ਇਸ ਵਿਚ ਸੋਧਾਂ ਦੀ ਗੱਲ ਸਿਰਫ ਅਕਾਲ ਤਖਤ ਤੋਂ ਹੀ ਹੋ ਸਕਦੀ ਹੈ। ਪਰ ਅੰਦਰੂਨੀ ਤੌਰ ਇਹ ਦਲੀਲਾਂ ਵੀ ਦਿੰਦੇ ਰਹੇ ਕਿ ਸੰਗਤ ਹਾਲੀਂ ਤਿਆਰ ਨਹੀਂ, ਜੇ ਅਸੀਂ ਹਾਂ-ਪੱਖੀ ਸੋਧਾਂ ਕਰਾਂਗੇ ਤਾਂ ਸੰਪਰਦਾਈ ਧਿਰਾਂ ਨੇ ਨਾਂਹ-ਪੱਖੀ ਸੋਧਾਂ ਕਰ ਦੇਣੀਆਂ ਹਨ, ਆਦਿ ਆਦਿ।

ਸੁਚੇਤ ਪੰਥਦਰਦੀ ਜਾਣਦੇ ਸਨ ਕਿ ਇਹ ਦਲੀਲਾਂ ਕੱਚੀਆਂ ਅਤੇ ਗਲਤ ਹਨ। ਅਕਾਲ ਤਖਤ ਵਿਵਸਥਾ ਪੁਜਾਰੀਵਾਦ ਅਤੇ ਭ੍ਰਿਸ਼ਟ ਹਾਕਮਾਂ ਦੀ ਗੁਲਾਮ ਬਣ ਚੁੱਕੀ ਹੈ ਅਤੇ ਉਸ ਕੌਲੋਂ ਹਾਂ-ਪੱਖੀ ਸੁਧਾਰ ਦੀ ਆਸ ਕਰਨਾ ਮੂਰਖਤਾ ਹੈ। ਉਹਨਾਂ ਨੂੰ ਇਹ ਵੀ ਸਪਸ਼ਟ ਸੀ ਕਿ ਸੰਪਰਦਾਈਆਂ ਨੇ ਇਸ ਮਰਿਯਾਦਾ ਨੂੰ ਕਦੀਂ ਮੰਨਿਆ ਹੀ ਨਹੀਂ, ਦੂਜਾ ਉਹਨਾਂ ਦਾ ਪ੍ਰਭਾਵ, ਪੰਥ ਵਿਰੋਧੀ ਤਾਕਤਾਂ ਦੀ ਗੁਲਾਮ ਬਣ ਚੁੱਕੀ, ਕੇਂਦਰੀ ਵਿਵਸਥਾ ਤੇ ਇਤਨਾ ਸਖਤ ਹੈ ਕਿ ਉਹ ਉਥੋਂ ਮਨਮਰਜ਼ੀ ਦੇ ਫੈਸਲੇ ਕਰਵਾ ਸਕਦੇ ਹਨ। ਨਾਨਕਸ਼ਾਹੀ ਕੈਲੰਡਰ ਦਾ ਕਤਲ ਇਸਦੀ ਜ਼ਿੰਦਾ ਮਿਸਾਲ ਬਣ ਗਿਆ। ਸੁਚੇਤ ਪੰਥਦਰਦੀਆਂ ਨੂੰ ਸਪਸ਼ਟ ਸੀ ਕਿ ਮਿਸ਼ਨਰੀ ਕਾਲਜਾਂ ਸਮੇਤ ਕੁਝ ਹੋਰ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ਵਲੋਂ ‘ਰਹਿਤ ਮਰਿਯਾਦਾ ਸੁਧਾਰ’ ਦੀ ਗੱਲ ਦਾ ਵਿਰੋਧ ਸਿਰਫ ਪੁਨਰਜਾਗਰਨ ਨੂੰ ਰੋਕਣ ਦਾ ਕਾਰਨ ਹੀ ਬਣੇਗਾ।

ਐਸੇ ਮਾਹੌਲ ਵਿਚ ਕੁਝ ਸੁਹਿਰਦ ਸੱਜਣ ਮੋਹਾਲੀ ਵਿਚ ਪਹਿਲੀ ਵਾਰ ਸਿਰ ਜੋੜ ਕੇ ਬੈਠੇ ਅਤੇ ਰਹਿਤ ਮਰਿਯਾਦਾ ਸੁਧਾਰ ਬਾਰੇ ਵਿਚਾਰਾਂ ਦੀ ਲੜੀ ਸ਼ੁਰੂ ਹੋਈ। ਕਾਫੀ ਇਕਤੱਤਰਤਾਵਾਂ ਹੋਣ ਉਪਰੰਤ ਇਹ ਉਪਰਾਲਾ ਨਾ ਜਾਣੇ ਕਿਉਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਿਆ। ਸਮੇਂ ਨਾਲ ਇਹਨਾਂ ਸੁਧਾਰ ਜਤਨਾਂ ਦੇ ਮੋਹਰੀ ਰਹੇ ਕੁਝ ਵੀਰ ਇਸ ਸੁਧਾਰ ਉਪਰਾਲੇ ਤੋਂ ਮੁੰਹ ਮੋੜ ਗਏ ਅਤੇ ਮੌਜੂਦਾ ਰਹਿਤ ਮਰਿਯਾਦਾ ਦੀ ਇੰਨ ਬਿੰਨ ਪ੍ਰੋੜਤਾ ਦਾ ਰਾਗ ਅਲਾਪਨ ਲਗ ਪਏ। ਇਸ ਘਟਨਾਕ੍ਰਮ ਤੋਂ ਨਿਰਾਸ਼ ਹੋ ਕੇ, ਸਿਧਾਂਤਾਂ ਨਾਲ ਸਮਝੌਤਾਵਾਦੀ ਰੁੱਖ ਨੂੰ ਗਲਤ ਮੰਨਦੇ ਹੋਏ, ਪੁਨਰਜਾਗਰਨ ਲਹਿਰ ਨੂੰ ਮੁੜ ਸੁਧਾਰ ਦੀ ਰਾਹ ਤੇ ਤੋਰਨ ਦੇ ਮਕਸਦ ਨਾਲ, ਇਹਨਾਂ ਜਤਨਾਂ ਵਿਚ ਸ਼ਾਮਿਲ ਕੁਝ ਸੱਜਣਾਂ ਵਲੋਂ ‘ਤੱਤ ਗੁਰਮਤਿ ਪਰਿਵਾਰ’ ਨਾਮਕ ਮੰਚ ਦਾ ਗਠਨ ਕੀਤਾ ਗਿਆ।

ਇਸ ਮੰਚ ਨੇ ਅਪਣੀ ਕਾਇਮੀ ਦੇ ਨਾਲ ਹੀ ਸਪਸ਼ਟ ਕਰ ਦਿਤਾ ਕਿ ਇਹ ਸਿਧਾਂਤ ਨਾਲ ਸਮਝੌਤਾ ਨਹੀਂ ਕਰੇਗਾ। ਗੁਰਮਤਿ ਦੀ ਸੇਧ ਵਿਚ ਤੁਰਨ ਦਾ ਨਿਮਾਣਾ ਜਤਨ ਕਰਦਿਆਂ ਇਸ ਮੰਚ ਵਲੋਂ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੀ ਖੁੱਲੀ ਪੜਚੋਲ ਕਰਦੀ ਇਕ ਲੇਖ ਲੜੀ ਪ੍ਰਕਾਸ਼ਿਤ ਕੀਤੀ ਗਈ। ਨਾਲ ਹੀ ਹੋਰਾਂ ਦੇ ਸਹਿਯੋਗ ਸਦਕਾ ਸਿੱਖ ਮਾਰਗ ਵੈਬਸਾਈਟ ਤੇ ‘ਰਹਿਤ ਮਰਿਯਾਦਾ ਸੁਧਾਰ’ ਬਾਰੇ ਇਕ ਵਿਚਾਰ ਚਰਚਾ ਵੀ ਸ਼ੁਰੂ ਹੋਈ। ਪਰ ਕਈਂ ਕਾਰਨਾਂ ਕਰਕੇ ਇਹ ਵਿਚਾਰ ਵੀ ਜ਼ਿਆਦਾ ਅੱਗੇ ਨਾ ਤੁਰ ਸਕੀ। ਇਸੇ ਸਮੇਂ ਦੌਰਾਨ ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਵਲੋਂ ‘ਕੂੜਨਾਮਾ’ ਜਾਰੀ ਕਰਨ ਦਾ ਘਟਨਾਕ੍ਰਮ ਵਾਪਰ ਗਿਆ। ਇਸ ਘਟਨਾਕ੍ਰਮ ਵਿਚੋਂ ਇਕ ਵਾਰ ਫੇਰ ਮੌਜੂਦਾ ਰਹਿਤ ਮਰਿਯਾਦਾ ਦੀ ਇੰਨ ਬਿੰਨ ਪ੍ਰ੍ਰੋੜਤਾ ਦੀ ਸੁਰ ਜਾਗਰੂਕ ਪੰਥ ਵਿਚ ਗੂੰਜਨ ਲਗ ਪਈ, ਬਾਵਜੂਦ ਇਸਦੇ ਕਿ ਸਾਰੀਆਂ ਜਾਗਰੂਕ ਧਿਰਾਂ ਇਸ ਵਿਚ ਕਮੀਆਂ ਨੂੰ ਸਵੀਕਾਰ ਕਰਦੀਆਂ ਹਨ। ਇਸ ਪਹੁੰਚ ਨੇ ਜਿੱਥੇ ਪੁਨਰਜਾਗਰਨ ਲਹਿਰ ਨੂੰ ਖੜੌਤ ਦੀ ਸਥਿਤੀ ਵਿਚ ਲੈ ਆਉਂਦਾ, ਉੱਥੇ ਹੀ ਜਾਗਰੂਕ ਪੰਥ ਦੀ ਏਕਤਾ ਦੀ ਸੰਭਾਵਨਾਵਾਂ ਵੀ ਮੱਧਮ ਪੈਣ ਲਗ ਪਈਆਂ।

ਇਸ ਸਾਰੇ ਘਟਨਾਕ੍ਰਮ ਦੌਰਾਨ ਤੱਤ ਗੁਰਮਤਿ ਪਰਿਵਾਰ ਵਲੋਂ ਵਾਰ ਵਾਰ, ਸਮਝੌਤਾਵਾਦੀ ਨੀਤੀ ਤਿਆਗ ਕੇ, ਇਕ ਸੁੱਚਜਾ ਏਜੰਡਾ ਬਣਾ ਕੇ, ਜਾਗਰੂਕ ਪੰਥ ਨੂੰ ਲਾਮਬੰਦ ਹੋਣ ਹੋਕਾ ਵੀ ਦਿਤਾ ਜਾਂਦਾ ਰਿਹਾ। ਪਰਿਵਾਰ ਵਲੋਂ ਇਸ ਏਜੰਡੇ ਦੀ ਸੰਭਾਵੀ ਰੂਪ ਰੇਖਾ ਵੀ ਕਈਂ ਵਾਰ ਪੇਸ਼ ਕੀਤੀ ਗਈ। ਕਿਸੇ ਵੀ ਜਾਗਰੂਕ ਧਿਰ ਨੇ ਪਰਿਵਾਰ ਵਲੋਂ ਸੁਝਾਏ ਏਜੰਡੇ ਨੂੰ ਗੁਰਮਤਿ ਤੋਂ ਉਲਟ ਅਤੇ ਗਲਤ ਨਹੀਂ ਮੰਨਿਆ, ਪਰ ਇਸ ਤੇ ਚਰਚਾ ਕਰਕੇ ਇਸ ਨੂੰ ਅਪਨਾਉਣ ਜਾਂ ਐਸਾ ਕੋਈ ਏਜੰਡਾ ਅਪਨਾਉਣ ਦੀ ਹਿੰਮਤ ਨਹੀਂ ਵਿਖਾਈ। ਨਤੀਜਾ ਜਾਗਰੂਕ ਪੰਥ ਖੇਰੂੰ ਖੇਰੂੰ ਹੀ ਰਿਹਾ।

ਐਸੇ ਹਾਲਾਤਾਂ ਵਿਚ, ਸੁਧਾਰ ਦੇ ਕੰਮ ਵਿਚ ਆਈ ਖੜੌਤ ਨੂੰ, ਤੋੜਨ ਦੇ ਮਕਸਦ ਨਾਲ ਪਰਿਵਾਰ ਨੇ ਅਪਣੇ ਤੌਰ ਤੇ ਹੀ ਸੁਧਾਰ ਜਤਨਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਦੇ ਪਹਿਲੇ ਕਦਮ ਵਜੋਂ ਨਿਤਨੇਮ ਦਾ ਸੁਧਾਰ ਕਰਦੇ ਹੋਏ ਨਿਤਨੇਮ ਦੀ ਨਵੀਂ ਪੋਥੀ ਛਾਪੀ ਗਈ। ਉਸ ਉਪਰੰਤ ਪਰਿਵਾਰ ਵਲੋਂ ਅਪਣੀ ਮੀਟਿੰਗਾਂ ਵਿਚ ‘ਮੌਜੂਦਾ ਸਿੱਖ ਰਹਿਤ ਮਰਿਯਾਦਾ’ ਦੀ ਗੁਰਮਤਿ ਦੀ ਰੋਸ਼ਨੀ ਪੜਚੋਲ ਕਰਦੀ ਵਿਚਾਰਾਂ ਦੀ ਲੜੀ ਤੌਰ ਕੇ ‘ਗੁਰਮਤਿ ਜੀਵਨ ਜਾਚ’ ਦੇ ਨਾਂ ਹੇਠ ਇਕ ਸੰਭਾਵੀ ਖਰੜਾ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ।

ਕੁਝ ਵਿਦਵਾਨਾਂ ਅਤੇ ਸੱਜਣਾਂ ਵਲੋਂ, ਪਰਿਵਾਰ ਦੇ ਸਪਸ਼ਟ ਸਟੈਂਡ ਨੂੰ ਅਣਗੌਲਿਆਂ ਕਰਕੇ, ਜਾਣ-ਬੁਝ ਕੇ ਪਰਿਵਾਰ ਪ੍ਰਤੀ ਇਹ ਗੁੰਮਰਾਹਕੁੰਨ ਪ੍ਰਚਾਰ ਵੀ ਕੀਤਾ ਗਿਆ ਕਿ ਪਰਿਵਾਰ ਰਹਿਤ ਮਰਿਯਾਦਾ ਦੀ ਲੋੜ ਤੋਂ ਹੀ ਮੁਨਕਰ ਹੈ। ਪਰ ਜੇ ਇਹ ਸੱਚਾਈ ਹੁੰਦੀ ਤਾਂ ਸਿਰਫ ਰਹਿਤ ਮਰਿਯਾਦਾ ਨੂੰ ਰੱਦ ਕਰ ਦੇਣਾ ਹੀ ਕਾਫੀ ਸੀ, ਸੁਧਾਰ ਦੀ ਗੱਲ ਕਿਉਂ ਕਰਨੀ ਸੀ? ਜਦਕਿ ਸੱਚਾਈ ਇਹ ਹੈ ਕਿ ਪਿਛਲੇ ਸਮੇਂ ਵਿਚ ਰਹਿਤ ਮਰਿਯਾਦਾ ਸੁਧਾਰ ਦਾ ਹੋਕਾ, ਇਕ ਮੰਚ ਦੇ ਤੌਰ ਤੇ, ਸਭ ਤੋਂ ਵੱਧ ਸ਼ਾਇਦ ਪਰਿਵਾਰ ਵਲੋਂ ਹੀ ਦਿਤਾ ਜਾ ਰਿਹਾ ਹੈ। ਖੈਰ! ਪਰਿਵਾਰ ਨੇ ਐਸੇ ਗੁੰਮਰਾਹਕੁੰਨ ਪ੍ਰਚਾਰ ਅਤੇ ਫਤਵਿਆਂ ਦੀ ਕਦੀਂ ਪ੍ਰਵਾਹ ਨਹੀਂ ਕੀਤੀ।
ਹੁਣ ਪ੍ਰਵਾਰ ਵਲੋਂ ਵੀਚਾਰਾਂ ਉਪਰੰਤ ‘ਗੁਰਮਤਿ ਜੀਵਨ ਜਾਚ’ ਦਾ ਇਹ ਸੰਭਾਵੀ ਖਰੜਾ ਤਿਆਰ ਕੀਤਾ ਗਿਆ ਹੈ। ਅਸੀਂ ਇਸ ਨੂੰ ਸੁਹਿਰਦ ਪਾਠਕਾਂ ਦੇ ਵਿਚਾਰ ਲਈ ਪੇਸ਼ ਕਰ ਰਹੇ ਹਾਂ। ਅਸੀਂ ਸਾਰਿਆਂ ਨੂੰ ਨਿਮਰਤਾ ਅਤੇ ਨਿਸ਼ਕਾਮਤਾ ਨਾਲ ਬੇਨਤੀ ਕਰਦੇ ਹਾਂ ਕਿ ਇਸ ਖਰੜੇ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰ ਕੇ, ਇਸ ਵਿਚ ਰਹਿ ਗਈਆਂ ਕਮੀਆਂ ਅਤੇ ਗਲਤੀਆਂ ਬਾਰੇ, ਅਪਣੇ ਵੱਡਮੁੱਲੇ ਵਿਚਾਰ, ਲਿਖਤੀ ਰੂਪ ਵਿਚ, ਜਲਦ ਭੇਜਣ ਦੀ ਕਿਰਪਾਲਤਾ ਕਰਨ। ਐਸੇ ਸੁਝਾਅ/ਵੀਚਾਰ 15 ਦਿਸੰਬਰ ਤੱਕ ਪਹੁੰਚ ਜਾਣੇ ਚਾਹੀਦੇ ਹਨ, ਤਾਂ ਕਿ ਉਸ ਉਪਰੰਤ ਕਾਰਵਾਈ ਅੱਗੇ ਤੌਰੀ ਜਾ ਸਕੇ।

ਜੇ ਕਿਸੇ ਨੂੰ ਇਹ ਉਪਰਾਲਾ ਠੀਖ ਨਹੀਂ ਲਗਦਾ ਤਾਂ ਉਹ ਇਸ ਜਤਨ ਨੂੰ ਅਣਗੌਲਿਆਂ ਕਰ ਸਕਦਾ ਹੈ। ਜੇ ਕੋਈ ਪਰਿਵਾਰ ਪ੍ਰਤੀ ਫਤਵੇ ਜਾਰੀ ਕਰਕੇ ਜਾਂ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਵਿਰੋਧੀ ਪ੍ਰਚਾਰ ਰਾਹੀਂ ਮਨ ਦੀ ਭੜਾਸ ਕੱਡਣਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ, ਪਰ ਐਸੀਆਂ ਲਿਖਤਾਂ/ਫਤਵਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਸਕਦਾ। ਸਾਡੇ ਲਈ ਖਰੜੇ ਸੰਬੰਧੀ ਆਏ ਸੁਝਾਅ ਹੀ ਜ਼ਿਆਦਾ ਮਾਇਨਾ ਰੱਖਦੇ ਹਨ ਤਾਂ ਕਿ ਇਸ ‘ਜੀਵਨ ਜਾਚ’ ਨੂੰ ਫਾਈਨਲ ਕਰਨ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਗੁਰਮਤਿ ਦੀ ਸੇਧ ਵਿਚ ਢਾਲਿਆ ਜਾ ਸਕੇ। ਆਸ ਹੈ ਸਾਰੇ ਸੁਹਿਰਦ ਸੱਜਣ ਇਸ ਖਰੜੇ ਪ੍ਰਤੀ ਅਪਣੇ ਕੀਮਤੀ ਸੁਝਾਅ, ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਭੇਜ ਦੇਣਗੇ। ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ।

ਅਸੀਂ ਇਸ ਗੱਲ ਤੋਂ ਵਾਕਿਫ ਹਾਂ ਕਿ ਸਾਡਾ ਸਾਰੇ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਹੈ, ਇਸ ਲਈ ਅਸੀਂ ਇਹ ‘ਗੁਰਮਤਿ ਜੀਵਨ ਜਾਚ’ ਰੂਪੀ ਸੁਧਾਰ ਦਾ ਕਦਮ ਤੱਤ ਗੁਰਮਤਿ ਪਰਿਵਾਰ ਲਈ ਹੀ ਚੁੱਕ ਰਹੇ ਹਾਂ। ਤਿਆਰ ਹੋਣ ਉਪਰੰਤ ਇਹ ‘ਗੁਰਮਤਿ ਜੀਵਨ ਜਾਚ’ ਸਿਰਫ ਪਰਿਵਾਰ ਅਪਣੇ ਤੇ ਹੀ ਲਾਗੂ ਕਰਾਂਗੇ। ਬਾਕੀ ਜਿਸ ਨੂੰ ਚੰਗੀ ਲਗੇ ਉਹ ਇਸ ਨੂੰ ਅਪਣਾ ਸਕਦਾ ਹੈ।
ਅਸੀਂ ਇਹ ਵੀ ਵਿਸ਼ਵਾਸ ਦੁਆਉਂਦੇ ਹਾਂ ਕਿ ਜੇ ਭਵਿੱਖ ਵਿਚ, ਸਮੁੱਚਾ ਜਾਗਰੂਕ ਪੰਥ, ਗੁਰਮਤਿ ਦੀ ਰੋਸ਼ਨੀ ਵਿਚ ਕੋਈ ਸਾਂਝੀ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨ ਦੀ ਹਿੰਮਤ ਵਿਖਾ ਦੇਂਦਾ ਹੈ ਤਾਂ ਅਸੀਂ ਉਸ ਨੂੰ ਅਪਨਾਉਣ ਤੋਂ ਕੋਈ ਸੰਕੋਚ ਨਹੀਂ ਕਰਾਂਗੇ।

ਅਪਣੇ ਲਿਖਤੀ ਸੁਝਾਅ/ਵਿਚਾਰ ਹੇਠ ਲਿਖੇ ਪਤੇ ਤੇ ਹੀ ਭੇਜਣ ਦੀ ਕਿਰਪਾਲਤਾ ਕਰਨੀ ਜੀ।

Tat Gurmat Parivar
C/o Future Pack Higher Secondary School
Upper Gaadi Garh (Near Airport)
Jammu (J&K)
E-mail : gurmatjeevanjaach@gmail.com

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


ਗੁਰਮਤਿ ਜੀਵਨ ਜਾਚ

ਮੁੱਢਲਾ ਖਰੜਾ

ਸਿੱਖ ਦੀ ਪਰਿਭਾਸ਼ਾ

ਜਿਹੜਾ ਇਨਸਾਨ ਇਕ ਅਕਾਲ ਪੁਰਖ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਗੁਰਬਾਣੀ (ਜਪੁ ਦੇ ਮੰਗਲ ਤੋਂ ਤਨ ਮਨ ਥੀਵੈ ਹਰਿਆ ਤੱਕ) ਵਿਚ ਵਿਸ਼ਵਾਸ ਰੱਖਦਾ ਹੈ ਅਤੇ ਨਾਨਕ ਫਲਸਫੇ ਦੇ ਵਿਪਰੀਤ ਕਿਸੇ ਮੱਤ ਨੂੰ ਸਵੀਕਾਰ ਨਹੀਂ ਕਰਦਾ, ਉਹ ਸਿੱਖ ਹੈ।

ਨਿਤਨੇਮ ਦੀਆਂ ਬਾਣੀਆਂ

ਪ੍ਰਭਾਤ ਵੇਲੇ : ਜਪੁ (ਮੰਗਲਾਚਰਨ ਸਮੇਤ)
ਸ਼ਾਮ ਵੇਲੇ : ਸੋਦਰ ਅਤੇ ਸੋ ਪੁਰਖ ਵਾਲੇ ਨੌ ਸ਼ਬਦ
ਸੌਣ ਵੇਲੇ : ਸੋਹਿਲਾ

ਅਰਦਾਸ

ਨਿੱਜੀ ਅਰਦਾਸ

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ! ਅਕਾਲ ਪੁਰਖ ਜੀਉ .......
(ਇੱਥੇ ਸਬੰਧਿਤ ਕਾਰਜ ਲਈ ਢੁੱਕਵੇਂ ਲਫਜ਼ ਵਰਤੋ ਜੀ)

ਇਹ ਕਾਰਜ ਆਪਣੇ ਅਟਲ ਕੁਦਰਤੀ ਨੇਮਾਂ ਅਧੀਨ ਸੰਪੂਰਨ ਕਰਨ ਦੀ ਕ੍ਰਿਪਾਲਤਾ ਕਰੋ ਜੀ।

ਦਾਤਾਰ ਜੀਉ, ਸਮੁੱਚੀ ਮਨੁੱਖਤਾ ਨੂੰ ‘ਗੁਰਮਤਿ’ ਆਧਾਰਿਤ ਜੀਵਨ ਜੀਉਣ ਦੀ ਸੋਝੀ ਬਖਸ਼ਿਸ਼ ਕਰਨਾ ਜੀ। ਅਜਿਹੇ ਗੁਣੀ ਮਨੁੱਖਾਂ ਦਾ ਮੇਲ ਬਖਸ਼ੋ, ਜਿਨ੍ਹਾਂ ਦੀ ਸੰਗਤ ਸਦਕਾ ਰੱਬੀ ਗੁਣਾਂ ਨਾਲ ਸਾਂਝ ਹੋ ਸਕੇ।
ਸਮੁੱਚੀ ਸ੍ਰਿਸ਼ਟੀ ਵਿੱਚ, ਮਨਮਤਿ ਦਾ ਨਾਸ ਤੇ ਸੱਚ ਦਾ ਪ੍ਰਕਾਸ਼ ਹੋਵੇ।

ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ!

ਸੰਗਤੀ ਅਰਦਾਸ
(ਇਸ ਪਉੜੀ ਦਾ ਉਚਾਰਨ ਸੰਗਤੀ ਰੂਪ ਵਿਚ ਕਰਨਾ ਹੈ)

ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥੮॥੪॥

ੴ ਸਤਿਗੁਰ ਪ੍ਰਸਾਦਿ॥
ਸਰਬ-ਵਿਆਪਕ, ਨਿਰਾਕਾਰ, ਸ੍ਰਿਸ਼ਟੀ ਦੇ ਰਚਨਹਾਰ, ਨਿਰਭਉ, ਨਿਰਵੈਰ, ਸਮੇਂ ਦੇ ਪ੍ਰਭਾਵ ਤੋਂ ਰਹਿਤ, ਖ਼ੁਦ ਤੋਂ ਪ੍ਰਕਾਸ਼ਮਾਨ ਅਤੇ ਗਿਆਨ ਗੁਰੂ ਰਾਹੀਂ ਪ੍ਰਾਪਤ ਹੋਣ ਵਾਲੇ ਪਰਮਾਤਮਾ ਦਾ ਧਿਆਨ ਧਰ ਕੇ ਬੋਲੋ ਜੀ, ਸਤਿ ਸ੍ਰੀ ਅਕਾਲ।

ਸੰਸਾਰ ਨੂੰ ਵਿਕਾਰਾਂ ਅਤੇ ਅਗਿਆਨਤਾ ਤੋਂ ਮੁਕਤ ਕਰਨ ਵਾਲੀ ਵਿਚਾਰਧਾਰਾ ਪ੍ਰਗਟਾਉਣ ਵਾਲੇ ਨਾਨਕ ਪਾਤਸ਼ਾਹ, ਮਗਰਲੇ ਨੌ ਸਰੂਪਾਂ ਅਤੇ ਨਾਨਕ ਫਲਸਫੇ ਨਾਲ ਸਾਂਝ ਰੱਖਣ ਵਾਲੇ ਮਹਾਂਪੁਰਖਾਂ ਦੇ ਵਿਚਾਰਾਂ ਰਾਹੀਂ ਪ੍ਰਗਟ ਸਰੂਪ, ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿਖਿਆ ਅਨੁਸਾਰ ਜੀਉਣ ਦਾ ਜਤਨ ਕਰਦੇ ਹੋਏ ਬੋਲੋ ਜੀ, ਸਤਿ ਸ੍ਰੀ ਅਕਾਲ।

ਰੱਬੀ ਗੁਣਾਂ ਦੇ ਧਾਰਨੀ, ਜਿਨ੍ਹਾਂ ਸਿਦਕੀ ਮਨੁੱਖਾਂ ਨੇ ਬਿਨਾਂ ਵਿਤਕਰੇ, ਮਨੁੱਖਤਾ ਦੇ ਭਲੇ ਲਈ ਆਪਣੀ ਨੇਕ ਕਮਾਈ ਵਿੱਚੋਂ, ਲੋੜਵੰਦਾਂ ਦੀ ਸੇਵਾ ਕੀਤੀ ਅਤੇ ਬੇਇਨਸਾਫੀ ਖਿਲਾਫ ਜੂਝਦਿਆਂ ਅਸਹਿ ਤੇ ਅਕਹਿ ਕਸ਼ਟ ਸਹਾਰੇ, ਉਨ੍ਹਾਂ ਮਰਜੀਵੜਿਆਂ ਦੀ ਮਹਾਨ ਸੋਚ ਤੋਂ ਪ੍ਰੇਰਣਾ ਲੈਂਦੇ ਹੋਏ ਬੋਲੋ ਜੀ, ਸਤਿ ਸ੍ਰੀ ਅਕਾਲ।

ਗਿਆਨ ਗੁਰੂ ਤੋਂ ਪ੍ਰੇਰਣਾ ਲੈ ਕੇ ਮੂਰਤੀ-ਪੂਜਾ, ਵਰਤ, ਯੱਗ, ਧਾਗੇ ਮੌਲੀਆਂ, ਤੀਰਥ-ਇਸ਼ਨਾਨ, ਰਸਮੀ ਪਾਠਾਂ, ਦੇਵ ਅਤੇ ਦੇਹ ਅਰਾਧਨਾ, ਜੋਤਿਸ਼-ਮੰਤਰ-ਟੂਣੇ, ਅਖੌਤੀ ਸਿਮਰਨ ਆਦਿਕ ਕਰਮ-ਕਾਂਡਾਂ ਅਤੇ ਅੰਧ-ਵਿਸ਼ਵਾਸਾਂ ਨੂੰ ਤਿਆਗਣ ਵਾਲੇ ਮਨੁੱਖਾਂ ਦੀ ਸਿਧਾਂਤਕ ਦ੍ਰਿੜਤਾ ਤੋਂ ਸੇਧ ਲੈਂਦੇ ਹੋਏ ਬੋਲੋ ਜੀ, ਸਤਿ ਸ੍ਰੀ ਅਕਾਲ।

ਬ੍ਰਹਮੰਡੀ ਏਕੇ ਦੇ ਰੱਬੀ ਸਿਧਾਂਤ ਨੂੰ ਮੁੱਖ ਰਖਦਿਆਂ, ਬਰਾਬਰੀ, ਨਿਆਂ, ਪ੍ਰੇਮ ਅਤੇ ਸਾਂਝੀਵਾਲਤਾ ਦੀ ਕਾਇਮੀ ਲਈ ਸਮ੍ਰਪਿਤ ਗੁਰਮੁੱਖਾਂ ਦੇ ਕਾਫਲੇ ਨਾਲ ਚੱਲਣ ਦਾ ਨਿਸ਼ਚਾ ਕਰਦੇ ਹੋਏ ਬੋਲੋ ਜੀ, ਸਤਿ ਸ੍ਰੀ ਅਕਾਲ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ! ਅਕਾਲ ਪੁਰਖ ਜੀਉ .......
(ਇੱਥੇ ਸਬੰਧਿਤ ਕਾਰਜ ਲਈ ਢੁੱਕਵੇਂ ਲਫਜ਼ ਵਰਤੋ ਜੀ)

ਇਹ ਕਾਰਜ ਆਪਣੇ ਅਟਲ ਕੁਦਰਤੀ ਨੇਮਾਂ ਅਧੀਨ ਸੰਪੂਰਨ ਕਰਨ ਦੀ ਕ੍ਰਿਪਾਲਤਾ ਕਰੋ ਜੀ।

ਦਾਤਾਰ ਜੀਉ, ਸਮੁੱਚੀ ਮਨੁੱਖਤਾ ਨੂੰ ‘ਗੁਰਮਤਿ’ ਆਧਾਰਿਤ ਜੀਵਨ ਜੀਉਣ ਦੀ ਸੋਝੀ ਬਖਸ਼ਿਸ਼ ਕਰਨਾ ਜੀ। ਅਜਿਹੇ ਗੁਣੀ ਮਨੁੱਖਾਂ ਦਾ ਮੇਲ ਬਖਸ਼ੋ, ਜਿਨ੍ਹਾਂ ਦੀ ਸੰਗਤ ਸਦਕਾ ਰੱਬੀ ਗੁਣਾਂ ਨਾਲ ਸਾਂਝ ਹੋ ਸਕੇ।
ਸਮੁੱਚੀ ਸ੍ਰਿਸ਼ਟੀ ਵਿੱਚ, ਮਨਮਤਿ ਦਾ ਨਾਸ ਤੇ ਸੱਚ ਦਾ ਪ੍ਰਕਾਸ਼ ਹੋਵੇ।

ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ!

ਗੁਰਮਤਿ ਜੀਵਨ ਜਾਚ ਦੀਆਂ ਮੁੱਖ ਸੇਧਾਂ

  1. ਇਕ ਅਕਾਲ ਪੁਰਖ ਨੂੰ ਹੀ ਇਸ਼ਟ ਮੰਨਣਾ

  2. ਕਿਸੇ ਦੇਵੀ ਦੇਵਤੇ, ਦੇਹਧਾਰੀ ਜਾਂ ਪ੍ਰਚਲਿਤ ਅਵਤਾਰ ਨੂੰ ਇਸ਼ਟ ਨਹੀਂ ਮੰਨਣਾ

  3. ਜ਼ਾਤ-ਪਾਤ, ਛੂਤ-ਛਾਤ, ਰੰਗ-ਨਸਲ, ਲਿੰਗ ਭੇਦ (ਵਿਤਕਰੇ) ਨੂੰ ਨਹੀਂ ਮੰਨਣਾ

  4. ਜੰਤਰ-ਮੰਤਰ, ਜਾਦੂ ਟੂਣੇ, ਧਾਗਾ-ਤਵੀਜ਼, ਮੌਲੀ, ਕਾਲਾ ਇਲਮ, ਹੱਥ ਹੌਲਾ (ਫਾਂਡਾ), ਝਾੜ ਫੂਕ ਆਦਿ ਤੇ ਵਿਸ਼ਵਾਸ ਨਹੀਂ ਰੱਖਣਾ

  5. ਭੂਤ-ਪ੍ਰੇਤ, ਜਿੰਨ, ਡਾਇਣ, ਚੁੜੈਲ, ਸ਼ਹੀਦੀ ਰੂਹ, ਉਪਰੀ ਹਵਾ, ਸ਼ੈਤਾਨ, ਗੈਬੀ ਰੂਹ ਆਦਿ ਦੀ ਹੋਂਦ ਵਿਚ ਵਿਸ਼ਵਾਸ ਨਹੀਂ ਕਰਨਾ

  6. ਸੁੱਖਣਾ, ਪੁੱਛਣਾ, ਮੰਨਤ, ਸ਼ੀਰਣੀ, ਪੀਰ, ਬ੍ਰਾਹਮਣ, ਪੁਜਾਰੀ, ਮਹਾਂਪੁਰਖ, ਸਾਧ-ਸੰਤ-ਬਾਬਾ-ਗੁਰੂ ਆਦਿ ਦੇ ਨਾਂ ਤੇ ਦੇਹਧਾਰੀਆਂ ਦੀ ਪੂਜਾ ਗੁਰਮਤਿ ਵਿਚ ਪ੍ਰਵਾਨ ਨਹੀਂ

  7. ਸ਼ਗਨ-ਅਪਸ਼ਗਨ, ਘੜੀ-ਮੂਹਰਤ, ਗ੍ਰਹਿ, ਲਗਨ, ਪੱਤਰੀ, ਰਾਸ਼ੀਫਲ, ਜੋਤਿਸ਼, ਥਿਤ-ਵਾਰ ਆਦਿ ਸਾਰੇ ਅੰਧਵਿਸ਼ਵਾਸ ਗੁਰਮਤਿ ਦੇ ਉਲਟ ਹਨ

  8. ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਇਕਾਦਸ਼ੀ, ਦੁਆਦਸ਼ੀ, ਪੰਚਮੀ, ਅਸ਼ਟਮੀ, ਨੌਮੀਂ, ਦਸਵੀਂ ਆਦਿ ਨਾਲ ਜੋੜੇ ਜਾਂਦੇ ਪਵਿਤ੍ਰ ਦਿਹਾੜਿਆਂ ਦੇ ਪਵਿਤ੍ਰ ਹੋਣ ਦੇ ਵਹਿਮ ਨੂੰ ਨਹੀਂ ਮੰਨਣਾ। ਦੂਜੇ ਫਿਰਕਿਆਂ ਦੇ ਤਿਉਹਾਰਾਂ ਵਿਚ ਸ਼ਾਮਿਲ ਹੋਇਆ ਜਾ ਸਕਦਾ ਹੈ, ਪਰ ਉਸ ਵਿਚਲੇ ਕਿਸੇ ਗੁਰਮਤਿ ਵਿਰੋਧੀ ਕਰਮ (ਕਾਂਡ) ਵਿਚ ਹਿੱਸਾ ਨਹੀਂ ਲੈਣਾ

  9. ਹੋਮ (ਹਵਨ), ਬਲੀ, ਜੱਗ, ਧੂਪ, ਦੀਪ-ਜੋਤਿ ਆਦਿਕ ਕਰਮਕਾਂਡਾਂ ਵਿਚ ਵਿਸ਼ਵਾਸ ਨਹੀਂ ਰੱਖਣਾ

  10. ਗੋਰ, ਮੜੀ, ਮਸਾਨ, ਮੱਠ, ਸਮਾਧ, ਗੁੱਗਾ ਮਨਾਉਣਾ, ਵਰਮੀ ਪੂਜਾ, ਪੀਰ ਸਖੀ ਸਰਵਰ, ਵਿਸ਼ਵਕਰਮਾ ਆਦਿਕ ਅੰਧ ਵਿਸ਼ਵਾਸ ਹਨ

  11. ਵੇਦ-ਸ਼ਾਸ਼ਤਰ-ਸਿੰਮ੍ਰਤੀਆਂ-ਪੁਰਾਣ-ਰਮਾਇਣ-ਮਹਾਂਭਾਰਤ ਆਦਿ, ਹੋਰ ਅਨਮਤੀਂ ਪੁਸਤਕਾਂ ਜਿਵੇਂ ਕੁਰਾਨ, ਅੰਜੀਲ, ਤੁਰੇਤ, ਜੰਬੂਰ, ਧਮਪਦ ਆਦਿ ਵਿਚ ਨਿਸ਼ਚਾ ਨਹੀਂ ਕਰਨਾ। ਨਿੱਜੀ ਜਾਨਕਾਰੀ ਲਈ ਇਹਨਾਂ ਪੁਸਤਕਾਂ, ਗ੍ਰੰਥਾਂ ਨੂੰ ਪੜਿਆ ਜਾ ਸਕਦਾ ਹੈ

  12. ਤਿਲਕ, ਜੰਝੂ, ਤੁਲਸੀ ਮਾਲਾ, ਸ਼ਿਖਾ-ਸੂਤ, ਮੌਲੀ, ਤਰਪ, ਮੁੱਕਟ ਅਤੇ ਹੋਰ ਅਨਮਤੀ ਚਿੰਨ੍ਹ ਨਹੀਂ ਮੰਨਣੇ/ਧਾਰਨ ਕਰਣੇ

  13. ਕਿਰਿਆ-ਕਰਮ, ਪਿੰਡ-ਪੱਤਲ, ਪਿੱਤਰ ਪੂਜਣੇ, ਛਿਮਾਹੀ, ਬਰਸੀ/ ਵਰੀਣਾ, ਚੌਬਰਸੀ, ਸ਼ਰਾਧ ਆਦਿ ਕਰਮ ਗੁਰਮਤਿ ਵਿਰੋਧੀ ਕਰਮਕਾਂਡ ਹਨ

  14. ਵਰ-ਸਰਾਪ, ਮੰਗਲ-ਸ਼ਨੀ ਆਦਿ ਦੀ ਬ੍ਰਾਹਮਣੀ ਵਿਚਾਰ, ਕੰਜਕਾਂ, ਵਰਤ, ਕਰਵਾ ਚੌਥ, ਰੋਜ਼ੇ ਆਦਿ ਵਿਚ ਵਿਸ਼ਵਾਸ ਨਹੀਂ ਰੱਖਣਾ। ਭਵਿੱਖ ਵਿਚ ਸਾਹਮਣੇ ਆਉਣ ਵਾਲੇ ਐਸੇ ਗੁਰਮਤਿ ਵਿਰੋਧੀ ਵਿਸ਼ਵਾਸ਼ਾਂ ਨੂੰ ਵੀ ਨਹੀਂ ਮੰਨਣਾ

  15. ਗੁਰਮਤਿ ਦਾ ਖਰਾ ਸੱਚ ਨਿਡਰਤਾ ਅਤੇ ਦ੍ਰਿੜਤਾ ਨਾਲ ਪੇਸ਼ ਕੀਤਾ ਜਾਵੇ ਪਰ ਇਸ ਦਾ ਮੰਤਵ ਕਿਸੇ ਦਾ ਦਿਲ ਦੁਖਾਉਣਾ ਨਾ ਹੋਵੇ ਅਤੇ ਨਾ ਹੀ ਕਿਸੇ ਪ੍ਰਤੀ ਮਨ ਵਿਚ ਨਫਰਤ ਪਾਲੇ

  16. ਕੋਈ ਵੀ ਘਰੇਲੂ ਗੁਰਮਤਿ ਸਮਾਗਮ ਕਰਵਾਉਣ ਵੇਲੇ ਸ਼ਬਦ ਵੀਚਾਰ/ਕੀਰਤਨ/ਪਾਠ ਅਰਦਾਸ ਆਦਿ ਘਰ ਵਾਲੇ ਆਪ ਕਰਨ ਜਾਂ ਕਿਸੇ ਨਿਸ਼ਕਾਮ ਪ੍ਰਚਾਰਕ ਤੋਂ ਕਰਵਾਉਣ। ਪੈਸੇ (ਭੇਟਾ) ਲੈ ਕੇ ਸੇਵਾ ਨਿਭਾਉਣ ਵਾਲੀ ਸ਼੍ਰੇਣੀ ਨੂੰ ਸਮਾਗਮਾਂ ਤੋਂ ਦੂਰ ਹੀ ਰੱਖਿਆ ਜਾਵੇ

  17. ਸਾਰੇ ਘਰੇਲੂ ਸਮਾਗਮ ਸਾਦਗੀ ਵਾਲੇ ਹੋਣ। ਆਡੰਬਰ ਅਤੇ ਵਾਧੂ ਵਿਖਾਵੇ ਤੋਂ ਗੁਰੇਜ਼ ਕੀਤਾ ਜਾਵੇ

  18. ਬੱਚਿਆਂ ਦੇ ਜਮਾਂਦਰੂ ਕੇਸ ਸਾਬਿਤ ਰੱਖੇ ਜਾਣ। ਮੁੰਡਨ/ਜੁੰਡੀ ਵੱਡਣ ਆਦਿ ਰਸਮਾਂ ਗੁਰਮਤਿ ਦਾ ਘੋਰ ਨਿਰਾਦਰ (ਦੇ ਖਿਲਾਫ) ਹਨ। ਉਪਰੇਸ਼ਨ ਆਦਿ ਦੌਰਾਨ ਕਟੇ ਗਏ ਕੇਸਾਂ ਦਾ ਵਹਿਮ ਨਹੀਂ ਕਰਨਾ

  19. ਲਿੰਗ ਵਿਤਕਰੇ ਵਜੋਂ ਬੱਚੇ ਦੀ ਹੱਤਿਆ ਅਤੇ ਭਰੂਣ ਹਤਿਆ ਨਹੀਂ ਕਰਨੀ

  20. ਗੁਰਮੁੱਖੀ/ਪੰਜਾਬੀ ਬੋਲੀ ਦੀ ਜਾਨਕਾਰੀ ਲਾਹੇਵੰਦ ਹੈ। ਇਸ ਨਾਲ ਗੁਰਬਾਣੀ ਨੂੰ ਉਸਦੇ ਮੂਲ ਰੂਪ ਵਿਚ ਖੁਦ ਪੜਣ/ਸਮਝਣ ਵਿਚ ਸਹਾਇਤਾ ਮਿਲਦੀ ਹੈ

  21. ਕਿਰਤ ਗੁਰਮਤਿ ਤੋਂ ਉਲਟ ਨਾ ਹੋਵੇ ਅਤੇ ਕਿਰਤ ਸਮੇਤ ਕਿਸੇ ਵੀ ਸਮੇਂ ਮਨ ਵਿਚ ਬੇਈਮਾਨੀ ਨਾ ਲਿਆਏ

  22. ਅਪਣੀ ਕਮਾਈ ਵਿਚੋਂ ਦਸਵੰਧ ਲੋੜਵੰਦਾਂ ਦੇ ਯੋਗ ਮਦਦ, ਗੁਰਮਤਿ ਪ੍ਰਚਾਰ ਲਈ ਵਰਤੋਂ ਕਰੇ

  23. ਘੁੰਡ ਜਾਂ ਪਰਦੇ ਦੀ ਰਸਮ ਮਨਮੱਤ ਹੈ

  24. ਪਤੀ-ਪਤਨੀ ਇਕ ਦੂਜੇ ਪ੍ਰਤੀ ਵਫਾਦਾਰ ਰਹਿਣ

  25. ਸ਼ਰਾਬ, ਤੰਬਾਕੂ ਸਮੇਤ ਕੋਈ ਵੀ ਨਸ਼ਾ ਨਾ ਵਰਤੇ

  26. ਇਕ-ਦੁਜੇ ਨੂੰ ਮਿਲਣ ਸਮੇਂ ‘ਸਤਿ ਸ੍ਰੀ ਅਕਾਲ’ ਬੁਲਾਵੇ

  27. ਕਿਸੇ ਵੀ ਤਰਾਂ ਦੀ ਬੇਈਮਾਨੀ, ਜੂਆ, ਲਾਟਰੀ ਆਦਿ ਵਿਚ ਨਾ ਫਸੇ

ਗੁਰਦੁਆਰਾ

  1. ਗੁਰਦੁਆਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ (ਗੁਰਮਤਿ) ਦੀ ਰੋਸ਼ਨੀ ਵਿਚ ਮਨੁੱਖ ਦੇ ਸਰਬ ਪੱਖੀ ਵਿਕਾਸ ਲਈ ਇਕ ਕਾਰਜਸ਼ਾਲਾ ਹੈ।

  2. ਗੁਰਦੁਆਰਾ, ਗੁਰਬਾਣੀ ਵਿਚਾਰ ਲਈ ਸੰਗਤ ਦੇ ਜੁੜਨ ਦੀ ਥਾਂ ਹੈ

  3. ਗੁਰਦੁਆਰੇ ਦੀ ਹਦੂਦ ਵਿਚ ਖੰਡੇ ਸਮੇਤ ਨਿਸ਼ਾਨ ਹੋਣਾ ਲਾਜ਼ਮੀ ਹੈ। ਨਿਸ਼ਾਨ ਦੇ ਕਪੜੇ ਦਾ ਰੰਗ ਬਸੰਤੀ ਹੋਵੇ।

  4. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਉਪੱਰ ਲੋੜ ਅਨੁਸਾਰ ਚੰਦੋਆ ਤਾਨਿਆ ਜਾਵੇ।

  5. ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਪੀੜੇ ਉੱਪਰ ਕੀਤਾ ਜਾਵੇ।

  6. ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਲਈ ਲੋੜੀਂਦਾ ਸਮਾਨ ਵਰਤਿਆ ਜਾਵੇ। ਰੁਮਾਲੇ ਸਾਫ ਹੋਣ ਪਰ ਸਾਦੇ ਹੋਣ। ਰੁਮਾਲਿਆਂ ਦਾ ਕਪੜਾ ਮੌਸਮ ਅਨੁਸਾਰੀ (ਗਰਮ-ਸਰਦ) ਚੁਨਣਾ ਇੱਕ ਵਹਿਮ ਹੈ।

  7. ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਨਾਲ ਸੰਬੰਧਿਤ ਸਮਾਨ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਲੋੜ ਮੁਤਾਬਿਕ ਆਪ ਕਰਨ। ਸ਼ਰਧਾ ਦੇ ਭਰਮ ਹੇਠ ਰੁਮਾਲੇ ਆਦਿ ਨਾ ਚੜਾਏ ਜਾਨ।

  8. ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿਚ ਧੂਫ, ਦੀਵੇ ਆਦਿ ਜਲਾਉਣਾ ਜਾਂ ਇਹਨਾਂ ਨਾਲ ਆਰਤੀ ਕਰਨੀ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ, ਕੁੰਭ-ਨਾਰੀਅਲ ਰੱਖਣੇ, ਘੜਿਆਲ, ਮੂਰਤੀਆਂ, ਫੁੱਲਾਂ ਦੀ ਵਰਖਾ, ਸ਼ਸ਼ਤਰ ਸਜਾਉਣਾ ਆਦਿ ਮਨਮੱਤ ਹੈ।

  9. ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹਜ਼ੂਰੀ ਵਿਚ ਹਾਰ, ਸਜਾਵਟੀ ਚਮਕਾਰੇ ਮਾਰਦੀਆਂ ਲਾਈਟਾਂ, ਲੜੀਆਂ, ਬੇਲੋੜੀ ਸਜਾਵਟ ਆਦਿ ਸੰਗਤ ਦਾ ਧਿਆਨ ਗੁਰਬਾਣੀ ਤੋਂ ਹਟਾਉਂਦਾ ਹੈ, ਸੋ ਨਾ ਕੀਤਾ ਜਾਵੇ।

  10. ਗੁਰਦੁਆਰੇ ਦੀ ਇਮਾਰਤ ਸਾਦੀ ਹੋਵੇ। ਇਸ ਉਪਰ ਸੋਨਾ, ਬੇਲੋੜਾ ਸੰਗਮਰਮਰ ਆਦਿ ਨਾ ਲਾਇਆ ਜਾਵੇ।

  11. ਗੁਰਦੁਆਰਾ ਕੰਪਲੈਕਸ ਦੀ ਹਦੂਦ ਵਿਚ ਸ਼ਿਵਲਿੰਗ / ਸਮਾਧ / ਮੜੀ / ਸ਼ਹੀਦੀ ਥੜਾ ਸਮੇਤ ਕੋਈ ਵੀ ਗੁਰਮਤਿ ਵਿਰੋਧੀ ਚਿੰਨ੍ਹ/ ਉਸਾਰੀ ਨਾ ਹੋਵੇ।

  12. ਸਿਰਫ ਰੁਮਾਲਾ ਚੁੱਕ ਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਦਰਸ਼ਨ ਕਰ ਲੈਣ ਦਾ ਵਹਿਮ ਮਨਮੱਤ ਹੈ। ਅਸਲ ਦਰਸ਼ਨ ਸ਼ਬਦ-ਵੀਚਾਰ ਹੈ।

  13. ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪੀੜੇ ਹੇਠ ਪਾਣੀ, ਪਰਚੀਆਂ ਰੱਖਣੀਆਂ, ਪੀੜੇ ਨੂੰ ਰੱਖੜੀਆਂ ਬੰਣਨੀਆਂ, ਮੁੱਠੀ ਚਾਪੀ ਕਰਨੀ ਆਦਿ ਗੁਰਮਤਿ ਦੇ ਉੱਲਟ ਹੈ।

  14. ਦੀਵਾਨ (ਹਾਲ) ਵਿਚ ਸਿਰਫ ਤੇ ਸਿਰਫ ‘ਇਕੋ’ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਹੋਵੇ।‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼/ਸਥਾਪਨਾ ਕਰਨਾ ਮਨਮੱਤ ਹੈ।

  15. ਗੁਰਦੁਆਰਾ ਕੰਪਲੈਕਸ ਵਿਚ ਗੋਲਕ ਨਹੀਂ ਹੋਣੀ ਚਾਹੀਦੀ। ਜੋ ਵੀ ਭੇਟਾ ਕਰਨਾ ਹੋਵੇ ੳਹ ਉਚਿਤ ਰਸੀਦ ਕਟਾ ਕੇ ਕੀਤਾ ਜਾਵੇ।ਮੱਥਾ ਟੇਕਣ ਵੇਲੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਸਾਹਮਣੇ ਧਨ ਜਾਂ ਕੋਈ ਹੋਰ ਪਦਾਰਥ ਨਾ ਚੜਾਇਆ ਜਾਵੇ। ਕੀਤਰਨ/ਕਥਾ/ਅਰਦਾਸ ਆਦਿ ਦੀ ਸੇਵਾ ਨਿਭਾ ਰਹੇ ਵਿਅਕਤੀ ਨੂੰ ਸੇਵਾ ਕਰਦੇ ਸਮੇਂ ਭੇਟਾ ਨਾ ਦਿਤੀ ਜਾਵੇ।

  16. ਗੁਰਮਤਿ ਦੀਵਾਨ/ਪ੍ਰਚਾਰ ਵਿਚ ਕੀਰਤਨ, ਕਥਾ ਆਦਿ ਦੀ ਸੇਵਾ ਨਿਸ਼ਕਾਮ ਗੁਰਮੁਖਾਂ ਵਲੋਂ ਹੀ ਨਿਬਾਹੀ ਜਾਵੇ। ਧਨ ਲੈ ਕੇ ਕੋਈ ਧਾਰਮਿਕ ਸੇਵਾ ਨਿਭਾਉਣਾ ‘ਪੁਜਾਰੀਵਾਦ’ ਹੈ, ਜਿਸ ਨੂੰ ਗੁਰਮਤਿ ਮਾਨਤਾ ਨਹੀਂ ਦਿੰਦੀ।

  17. ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿਚ ਗਦੇਲਾ, ਆਸਨ, ਕੁਰਸੀ ਆਦਿ ਰਾਹੀਂ ਸੰਗਤ ਤੋਂ ਵੱਖਰੇ ਤਰੀਕੇ ਬੈਠਣ ਦਾ ਉਚੇਚ ਗੁਰਮਤਿ ਤੋਂ ਉਲਟ ਹੈ। ਜਿਸਮਾਨੀ ਬੀਮਾਰੀ/ਮਜ਼ਬੁਰੀ ਦੀ ਹਾਲਾਤ ਵਿਚ ਕੁਰਸੀ, ਸਟੂਲ ਆਦਿ ਵਰਤ ਲੈਣਾ ਗਲਤ ਨਹੀਂ, ਪਰ ਐਸਾ ਇੰਤਜ਼ਾਮ ਦੀਵਾਰਾਂ ਨਾਲ ਯੋਗ ਥਾਂ ਉੱਤੇ ਹੋਵੇ।

  18. ਦੀਵਾਨ ਵਿਚ ਬੈਠਣ, ਲੰਗਰ ਛੱਕਣ ਜਾਂ ਗੁਰਦੁਆਰੇ ਵਿਚ ਸੇਵਾ ਕਰਨ ਲਈ ਦੇਸ਼, ਮਜ਼ਹਬ, ਜ਼ਾਤ, ਨਸਲ, ਲਿੰਗ ਆਦਿ ਕਿਸੇ ਵਿਤਕਰੇ ਦੇ ਆਧਾਰ ਤੇ ਕੋਈ ਮਨਾਹੀ ਹੈ। ਪਰ ਵਿਅਕਤੀ ਕੋਲ਼ ਤੰਬਾਕੂ, ਸ਼ਰਾਬ, ਅਫੀਮ ਆਦਿ ਕੋਈ ਵੀ ਨਸ਼ੀਲਾ ਪਦਾਰਥ ਨਾ ਹੋਵੇ ਅਤੇ ਨਾ ਹੀ ਐਸੇ ਨਸ਼ੇ ਦੀ ਹਾਲਤ ਵਿੱਚ ਹੋਵੇ।

  19. ਦੀਵਾਨ ਹਾਲ, ਲੰਗਰ ਹਾਲ ਆਦਿ ਵਿਚ ਸਿਰ ਢੱਕ ਕੇ ਜਾਣਾ ਲਾਜ਼ਮੀ ਹੈ। ਪਹਿਰਾਵਾ ਸਾਦਾ ਹੋਵੇ ਅਤੇ ਭੜਕੀਲੇ ਪਹਿਰਾਵੇ ਤੋਂ ਗੁਰੇਜ਼ ਕੀਤਾ ਜਾਵੇ।

  20. ਗੁਰਦੁਆਰੇ ਵਿਚ ਗੁਰਮਤਿ ਵਿਰੋਧੀ ਕੋਈ ਤਿਉਹਾਰ, ਸੰਸਕਾਰ, ਰਸਮ, ਸਮਾਗਮ ਆਦਿ ਨਹੀਂ ਕੀਤਾ ਜਾਵੇ।

  21. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਕ ਥਾਂ ਤੋਂ ਦੂਜੀ ਥਾਂ ਲਿਜਾਉਣ ਵੇਲੇ ਸਤਿਕਾਰ ਦਾ ਖਿਆਲ ਰੱਖਿਆ ਜਾਵੇ ਪਰ ਨੰਗੇ ਪੈਰ, ਪੈਦਲ ਜਾਂ ਕਿਸੇ ਵਾਹਨ ਆਦਿ ਵਿਚ ਲਿਜਾਉਣ ਸੰਬੰਧੀ ਭਰਮ ਨਾ ਪਾਲਿਆ ਜਾਵੇ। ਸਤਿਕਾਰ ਦੇ ਨਾਂ ਤੇ ਸੋਨੇ ਦੀ ਪਾਲਕੀ ਆਦਿ ਬੋਲੋੜੇ ਵਿਖਾਵੇ ਗੁਰਮਤਿ ਅਨੁਸਾਰੀ ਨਹੀਂ। ਸਰੂਪ ਦੇ ਸਾਹਮਣੇ ਤੁਬਕਾ-ਤੁਬਕਾ ਪਾਣੀ ਦਾ ਛਿੜਕਾਵ ਕਰਨਾ ਵੀ ਮਨਮੱਤ ਹੈ।

  22. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਰਲ, ਸਾਦੀ ਅਤੇ ਵਿਖਾਵੇ ਰਹਿਤ ਹੋਵੇ।

  23. ਗੁਰਮਤਿ ਦੀਵਾਨ ਵਿਚ ਸ਼ਬਦ ਵੀਚਾਰ ਨੂੰ ਪ੍ਰਾਥਮਿਕਤਾ ਦਿਤੀ ਜਾਵੇ।

  24. ਲੰਗਰ ਪੰਗਤ ਵਿਚ ਬੈਠ ਕੇ ਕੀਤਾ ਜਾਵੇ। ਪੰਗਤ ਤੋਂ ਭਾਵ ਸਿਰਫ ਜ਼ਮੀਨ ਦੇ ਬੈਠ ਕੇ ਖਾਉਣਾ ਨਹੀਂ, ਬਲਕਿ ਬਿਨਾਂ ਵਿਤਕਰੇ ਤੋਂ (ਬਰਾਬਰਤਾ ਦਾ) ਵਰਤਾਅ ਕਰਨਾ ਹੈ।

  25. ਲੰਗਰ ਅਤੇ ਦੀਵਾਨ ਵਿਚ ਸੰਗਤ ਸੁਚੱਜੇ ਢੰਗ ਨਾਲ (ਕਤਾਰਾਂ ਵਿਚ) ਬੈਠੇ ਤਾਂ ਕਿ ਪ੍ਰਸ਼ਾਦ, ਲੰਗਰ ਵਰਤਾਉਣ ਵੇਲੇ ਕੋਈ ਔਖ ਨਾ ਹੋਵੇ।

  26. ਲੰਗਰ, ਪ੍ਰਸ਼ਾਦ ਦਾ ਵਰਤਾਉਣ ਦੀ ਸੇਵਾ ਦੀਵਾਨ ਹਾਲ ਤੋਂ ਵੱਖਰੀ ਥਾਂ ਤੇ ਹੋਵੇ।

  27. ਦੀਵਾਨ ਵਿਚ ਆ ਕੇ ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਮੱਥਾ ਟੇਕ ਕੇ ਯੋਗ ਥਾਂ ਤੇ ਬੈਠਿਆ ਜਾਵੇ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨਾ ਜਾਂ ਥਾਂ ਥਾਂ ਮੱਥੇ ਟੇਕਣਾ ਗੁਰਮਤਿ ਅਨੁਸਾਰ ਠੀਕ ਨਹੀਂ।

  28. ਦੀਵਾਨ ਵੇਲੇ ਸੰਗਤ ਵਿਚੋਂ ਕੋਈ ਆਪਸ ਵਿਚ ਗੱਲਬਾਤ ਨਾ ਕਰੇ। ਜੇ ਗੱਲ ਕਰਨਾ ਬਹੁਤ ਜ਼ਰੂਰੀ ਹੋਵੇ ਤਾਂ ਉਹ ਦੀਵਾਨ ਤੋਂ ਬਾਹਰ ਜਾ ਕੇ ਕੀਤੀ ਜਾਵੇ। ਦੀਵਾਨ ਦੌਰਾਨ ਮੋਬਾਇਲ ਫੋਨ ਸਵਿਚ ਆਫ ਜਾਂ ਵਾਈਬਰੇਸ਼ਨ ਵਿੱਚ ਰੱਖਿਆ ਜਾਵੇ।

  29. ਗੁਰਮਤਿ ਸਮਾਗਮ ਸਾਦੇ ਅਤੇ ਘੱਟ ਖਰਚੀਲੇ ਹੋਣ।

  30. ਦੀਵਾਨ ਦੌਰਾਨ ਸਪੀਕਰ ਦੀ ਅਵਾਜ਼ ਗੁਰਦੁਆਰਾ ਕੰਪਲੈਕਸ (ਦੀਵਾਨ ਦੀ ਥਾਂ) ਤੱਕ ਹੀ ਮਹਿਦੂਦ ਰੱਖੀ ਜਾਵੇ।

  31. ਗੁਰਦੁਆਰਾ ਹਦੂਦ ਵਿਚ ਰਸਮ ਜਾਂ ਤਿਉਹਾਰ ਵਜੋਂ ਮੋਮਬਤੀਆਂ ਜਲਾਉਣੀਆਂ ਅਤੇ ਆਤਿਸ਼ਬਾਜ਼ੀ ਮਨਮੱਤ ਹੈ।

  32. ਗੁਰਦੁਆਰਾ ਕੰਪਲੈਕਸ ਵਿਚ ਲਾਈਬਰੇਰੀ ਅਤੇ ਰਿਆਇਤੀ/ਫ੍ਰੀ ਡਿਸਪੈਂਸਰੀ/ਹਾਸਪਿਟਲ ਸਮੇਤ ਲੋੜਵੰਦਾਂ ਦੀ ਯੋਗ ਸਹਾਇਤਾ ਲਈ ਹੋਰ ਅਦਾਰੇ ਚਲਾਉਣ ਦਾ ਹਰ ਸੰਭਵ ਜਤਨ ਕੀਤਾ ਜਾਵੇ।

  33. ਗੁਰਦੁਆਰਾ/ਦੀਵਾਨ ਵਿਚ ਜਾਉਣ ਵੇਲੇ ਜੋੜੇ/ਜੁਰਾਬਾਂ ਲਾਹ ਕੇ, ਹੱਥ ਪੈਰ ਸਾਫ ਕਰਕੇ ਅੰਦਰ ਜਾਇਆ ਜਾਵੇ।

  34. ਦੀਵਾਨ ਹਾਲ ਵਿਚ ਨਾਨਕ ਸਰੂਪਾਂ ਸਮੇਤ ਕਿਸੇ ਦੀ ਵੀ ਤਸਵੀਰ/ਮੂਰਤੀ ਨਹੀਂ ਹੋਣੀ ਚਾਹੀਦੀ।

  35. ਇਤਿਹਾਸ ਦਰਸਾਉਣ ਦੇ ਲਈ ਦੀਵਾਨ ਹਾਲ ਤੋਂ ਵੱਖਰੀ ਥਾਂ ਤੇ ਤਸਵੀਰਾਂ, ਇਤਿਹਾਸਿਕ ਨਿਸ਼ਾਨੀਆਂ, ਗੁਰਬਾਣੀ ਤੁਕਾਂ ਵਾਲੇ ਬੈਨਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਉਸ ਥਾਂ ਦੇ ‘ਪ੍ਰਵੇਸ਼ ਦੁਆਰ’ ਤੇ ਵੱਡੇ ਅਤੇ ਆਕਾਰਸ਼ਕ ਲਫਜ਼ਾਂ ਵਿਚ ਇਹ ਨੋਟਿਸ ਲਿਖ ਕੇ ਲਾਇਆ ਜਾਵੇ , “ਇਹਨਾਂ ਤਸਵੀਰਾਂ/ਵਸਤਾਂ ਦਾ ਮਕਸਦ ਸਿਰਫ ਇਤਿਹਾਸ ਦੀ ਸੋਝੀ ਕਰਵਾਉਣਾ ਹੈ। ਇਹਨਾਂ ਨੂੰ ਮੱਥੇ ਟੇਕਣਾ/ਚੜਾਵਾ ਚੜਾਉਣਾ ਗਲਤ ਹੈ”।

  36. ਇਕ ਕਸਬੇ/ਪਿੰਡ ਵਿਚ ਇਕ ਹੀ ਸਾਂਝਾ ਗੁਰਦੁਆਰਾ ਹੋਵੇ। ਜਾਤ ਬਰਾਦਰੀਆਂ, ਧੜਿਆਂ ਦੇ ਆਧਾਰ ਤੇ ਥਾਂ ਥਾਂ ਗੁਰਦੁਆਰੇ ਬਣਾਉਣੇ ਮਨਮੱਤ ਦੇ ਨਾਲ ਨਾਲ ਕੌਮੀ ਧਨ ਦੀ ਬਰਬਾਦੀ ਹੈ।

  37. ਨਿਸ਼ਾਨ/ਥੜੇ ਨੂੰ ਕੱਚੀ ਲੱਸੀ ਨਾਲ ਧੋਣਾ ਮਨਮੱਤ ਹੈ।

  38. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੀਵਾਨ ਵੇਲੇ ਹੀ ਕੀਤਾ ਜਾਣਾ ਚਾਹੀਦਾ ਹੈ।

  39. ਆਮ ਕਰਕੇ ਦੀਵਾਨ ਦੀ ਰੂਪ ਰੇਖਾ ਇਵੇਂ ਹੋਵੇ- ਪ੍ਰਕਾਸ਼, ਕੀਰਤਨ, ਸ਼ਬਦ ਵਿਚਾਰ, ਲੈਕਚਰ, ਅਰਦਾਸ, ਪ੍ਰਸ਼ਾਦ/ਲੰਗਰ।

  40. ਰੈਣ ਸਬਾਈ/ਰਾਤ ਭਰ ਦੇ ਕੀਰਤਨ ਦਰਬਾਰ ਗੁਰਮਤਿ ਅਨੁਸਾਰ ਸਹੀ ਨਹੀਂ ਹਨ।

  41. ਸਿਮਰਨ ਦਾ ਸਿੱਧਾ ਅਤੇ ਸਪਸ਼ਟ ਮਤਲਬ ਗੁਰਮਤਿ ਦੀ ਰੋਸ਼ਨੀ ਵਿਚ ਜੀਵਨ ਜੀਉਣਾ ਹੈ। ਸਿਮਰਨ ਦੇ ਨਾਂ ਤੇ ਰੱਬ ਦੇ ਕਿਸੇ ਇਕ ਨਾਂ ਦਾ ਵੱਖ-ਵੱਖ ਤਰੀਕੇ ਰਟਨ ਮਨਮੱਤ ਹੈ।

ਕੜਾਹ ਪ੍ਰਸ਼ਾਦਿ

  1. ਇਕੋ ਜਿਹਾ ਆਟਾ, ਸ਼ੱਕਰ/ਚੀਨੀ/ਖੰਡ ਅਤੇ ਦੇਸੀ ਘਿਉ ਅਤੇ ਚਾਰ ਗੁਣਾਂ ਪਾਣੀ ਨਾਲ ਸਵੱਛ ਬਰਤਨ ਵਿਚ ਕੜਾਹ ਪ੍ਰਸ਼ਾਦਿ ਤਿਆਰ ਕੀਤਾ ਜਾਵੇ।

  2. ਗੁਰਮਤਿ ਦੀਵਾਨ ਦੌਰਾਨ ਜਾਂ ਗੁਰਦੁਆਰਾ ਕੰਪਲੈਕਸ ਵਿਚ ‘ਪ੍ਰਸ਼ਾਦ’ ਦੇ ਤੌਰ ਤੇ ਸਿਰਫ ‘ਕੜਾਹ ਪ੍ਰਸ਼ਾਦਿ’ ਹੀ ਵਰਤਾਇਆ ਜਾ ਸਕਦਾ ਹੈ। ਮਿਠਾਈ, ਫੁੱਲੀਆਂ, ਮੱਖਾਣੇ, ਕਾਲੇ ਛੋਲੇ ਆਦਿ ਸਮੇਤ ਹੋਰ ਕਿਸੇ ਵੀ ਪਦਾਰਥ ਨੂੰ ‘ਪ੍ਰਸ਼ਾਦਿ’ ਵਜੋਂ ਵਰਤਾਣਾ ਯੋਗ ਨਹੀਂ।

  3. ਜੇ ਆਰਥਿਕ ਹਾਲਾਤ ਕਾਰਨ ‘ਕੜਾਹ ਪ੍ਰਸ਼ਾਦਿ’ ਵਰਤਾਉਣਾ ਸੰਭਵ ਨਹੀਂ ਤਾਂ ਬਿਨਾਂ ਪ੍ਰਸ਼ਾਦਿ ਦੇ ਵੀ ਦੀਵਾਨ/ਸਮਾਗਮ ਕਰਨ ਵਿਚ ਕੋਈ ਹਰਜ਼ ਨਹੀਂ ਹੈ। ਪਰ ਜਦੋਂ ਵੀ ਵਰਤਾਣਾ ਹੋਵੇ ਪ੍ਰਸ਼ਾਦਿ ਵਜੋਂ ਸਿਰਫ ‘ਕੜਾਹ ਪ੍ਰਸ਼ਾਦਿ’ ਹੀ ਵਰਤਾਣਾ ਯੋਗ ਹੈ।

  4. ਕੜਾਹ ਪ੍ਰਸ਼ਾਦਿ ਦੀ ਪ੍ਰਵਾਨਗੀ ਲਈ ਅਰਦਾਸ ਕਰਨਾ ਜਾਂ ਕਿਰਪਾਨ ਭੇਟ ਕਰਨਾ ਮਨਮੱਤ ਹੈ। (ਭੋਗ ਲਾਉਣ ਦੀ ਪੁਜਾਰੀਵਾਦੀ ਰਸਮ ਦੀ ਨਕਲ ਹੈ)।

  5. ਕੜਾਹ ਪ੍ਰਸ਼ਾਦਿ ਤਿਆਰ ਕਰਕੇ ਦੀਵਾਨ ਵਿਚ ਲਿਆਉਣ ਵੇਲੇ ਤੁਪਕਾ ਤੁਪਕਾ ਪਾਣੀ ਛਿੜਕਣਾ ਮਨਮੱਤ ਹੈ।

  6. ਕੜਾਹ ਪ੍ਰਸ਼ਾਦਿ ਵਰਤਾਉਣ ਵੇਲੇ ਪੰਜ ਪਿਆਰਿਆਂ ਆਦਿ ਦਾ ਗੱਫਾ ਕੱਢਨਾ ਮਨਮੱਤ ਹੈ। ਇਵੇਂ ਹੀ ਪਹਿਲੇ ਪੰਜ ਗੱਫੇ ‘ਪਾਹੁਲਧਾਰੀਆਂ’ (ਪਿਆਰਿਆਂ) ਨੂੰ ਦੇਣ ਦੀ ਸੋਚ ਵੀ ਵਹਿਮ ਅਤੇ ਮਨਮੱਤ ਹੈ।

  7. ਕੜਾਹ ਪ੍ਰਸ਼ਾਦਿ ਵਰਤਾਉਣ ਵੇਲੇ ਕਿਸੇ ਕਿਸਮ ਦਾ ਵਿਤਕਰਾ ਜਾਂ ਨਫਰਤ ਕਰਨਾ ਗਲਤ ਹੈ।

ਲੰਗਰ

  1. ਲੰਗਰ ਦਾ ਮਕਸਦ ਵਿਤਰਕੇ ਰਹਿਤ ਸਾਂਝ ਪੈਦਾ ਕਰਦਿਆਂ ਵੰਡ ਛੱਕਣ ਦੀ ਪ੍ਰੇਰਨਾ ਦੇਣਾ, ਸਮੇਂ ਦੀ ਲੋੜ ਦੀ ਪੂਰਤੀ ਅਤੇ ਯਾਤਰੂਆਂ ਆਦਿ ਦੀ ਲੋੜ ਪੂਰੀ ਕਰਨਾ ਹੈ।

  2. ਲੰਗਰ ਸਭ ਵਲੋਂ ਸਾਂਝਾ ਹੁੰਦਾ ਹੈ। ਕਿਸੇ ਇਕ ਵਿਅਕਤੀ/ਪਰਿਵਾਰ ਵਲੋਂ ਲੰਗਰ ਦੀ ਸੇਵਾ ਵਿਖਾਵੇ ਵਜੋਂ ਕਰਨਾ/ਕਰਵਾਉਣਾ ਹਉਮੈ ਦਾ ਪ੍ਰਤੀਕ ਹੈ।

  3. ਲੰਗਰ ਸਵੱਛ, ਪੌਸ਼ਟਿਕ ਪਰ ਸਾਦਾ ਹੋਣਾ ਚਾਹੀਦਾ ਹੈ। ਲੰਗਰ ਦੇ ਨਾਂ ਤੇ ਭਾਂਤ-ਭਾਂਤ ਦੇ ਪਕਵਾਨਾਂ ਦਾ ਵਿਖਾਵਾ ਗਲਤ ਹੈ।

  4. ਲੰਗਰ ਲੋੜ ਅਨੁਸਾਰ ਹੀ ਹੋਣਾ ਚਾਹੀਦਾ ਹੈ। ਬੇਲੋੜੇ ਲੰਗਰ ਕੌਮੀ ਧਨ ਅਤੇ ਸ਼ਕਤੀ ਦੀ ਬਰਬਾਦੀ ਹਨ।

  5. ਲੰਗਰ ਵਿਚਲੇ ਪਦਾਰਥਾਂ ਨੂੰ ਕਿਰਪਾਨ ਭੇਟ ਕਰਨਾ ਜਾਂ ਪ੍ਰਵਾਨਗੀ ਲਈ ਅਰਦਾਸ ਮਨਮੱਤ ਹੈ।

  6. ਲੰਗਰ ਛੱਕਣ ਲਈ ਸਿਰਫ ਜ਼ਮੀਨ ਤੇ ਬੈਠ ਕੇ ਹੀ ਛੱਕਣ ਦੀ ਸੋਚ ਭਰਮ ਹੈ। ਲੰਗਰ ਕਿਸੇ ਵੀ ਪ੍ਰਚਲਿਤ ਤਰੀਕੇ ਵਰਤਾਇਆ ਜਾ ਸਕਦਾ ਹੈ ਪਰ ਉਸ ਨਾਲ।ਲੰਗਰ ਦੀ ਮੂਲ ਭਾਵਨਾ ਦੀ ਪੂਰਤੀ ਹੋਣਾ ਜ਼ਰੂਰੀ ਹੈ। ਲੰਗਰ ਵਰਤਾਉਣ ਲਈ ਕਿਸੇ ਕਿਸਮ ਦਾ ਵਿਤਕਰਾ ਜਾਂ ਨਫਰਤ ਨਾ ਕੀਤੀ ਜਾਵੇ।

ਪਹਿਰਾਵਾ

  1. ਸਿੱਖ ਲਈ ਕਛਹਿਰੇ ਅਤੇ ਕੇਸਕੀ (ਦਸਤਾਰ, ਚੁੰਨੀ, ਸਕਾਰਫ ਆਦਿ) ਤੋਂ ਸਿਵਾ ਪਹਿਰਾਵੇ ਦੀ ਕੋਈ ਬੰਦਿਸ਼ ਨਹੀਂ ਹੈ। ਪਹਿਰਾਵਾ ਭੜਕਾਉ ਅਤੇ ਨੰਗੇਜ਼ ਦਿਖਾਉਣ ਵਾਲਾ ਨਾ ਹੋਵੇ।
  2. ਕਛਹਿਰਾ ਰੇਬਦਾਰ ਹੋਵੇ। ਨਾੜੇ ਦੀ ਥਾਂ ਇਲਾਸਟਿਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
  3. ਪਹਿਰਾਵੇ ਵਿਚ ਕਿਸੇ ਰੰਗ ਬਾਰੇ ਕੋਈ ਬੰਦਿਸ਼ ਨਹੀਂ ਹੈ।
  4. ਵਿਧਵਾ ਇਸਤਰੀ ਲਈ ‘ਸਫੈਦ ਜਾਂ ਕਿਸੇ ਖਾਸ ਰੰਗ’ ਦੀ ਬੰਦਿਸ਼ ਵੀ ਗਲਤ ਹੈ।

ਜਨਮ ਮੌਕੇ ਗੁਰਮਤਿ ਸੇਧਾਂ

  1. ਬੱਚੇ ਦੇ ਜਨਮ ਤੋਂ ਬਾਅਦ ਮਾਤਾ-ਸੰਤਾਨ ਦੇ ਨਾਰਮਲ ਹੋ ਜਾਣ ਉਪਰੰਤ (ਸਮਾਂ ਨਿਸ਼ਚਿਤ ਨਹੀਂ ਹੈ) ਮਾਤਾ-ਪਿਤਾ, ਪਰਿਵਾਰ ਪ੍ਰਮਾਤਮਾ ਪਾਸ ‘ਸ਼ੁਕਰਾਣੇ ਦੀ ਅਰਦਾਸ’/ ਗੁਰਮਤਿ ਸਮਾਗਮ ਕਰੇ। ਅਰਦਾਸ ਗੁਰਦੁਆਰੇ, ਘਰ ਜਾਂ ਕਿਸੇ ਹੋਰ ਯੋਗ ਥਾਂ ਤੇ ਕੀਤੀ ਜਾ ਸਕਦੀ ਹੈ।

  2. ਬੱਚੇ ਦਾ ਨਾਂ ਪਰਿਵਾਰ ਵਾਲੇ ਅਪਣੇ ਸਹੂਲਤ/ਪਸੰਦ ਮੁਤਾਬਕ ਚੁਣ ਲੈਣ। ਲੜਕੀ ਦੇ ਨਾਂ ਪਿੱਛੇ ‘ਕੌਰ’ ਅਤੇ ਲੜਕੇ ਦੇ ਨਾਂ ਨਾਲ ‘ਸਿੰਘ’ ਲਾਇਆ ਜਾਵੇ। ਨਾਂ ਪਿੱਛੇ ਜਾਤ-ਗੋਤ ਸੂਚਕ ਲਕਬ ਆਦਿ ਲਾਉਣਾ ਮਨਮੱਤ ਹੈ। ਸਰਨੇਮ ਵਜੋਂ ਕੌਰ ਜਾਂ ਸਿੰਘ ਹੀ ਲਾਇਆ ਜਾਵੇ। ਨਾਮ ਰੱਖਣ ਵੇਲੇ ਪਹਿਲਾ ਅੱਖਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਕੱਡਵਾਉਣ ਦੀ ਪਰੰਪਰਾ ਗੁਰਮਤਿ ਅਨੁਸਾਰੀ ਨਹੀਂ ਹੈ। ਨਾਮ ਫਾਈਨਲ ਹੋਣ ਉਪਰੰਤ ਅਰਦਾਸ/ਸਮਾਗਮ ਵਿਚ ਇਸ ਸੰਬੰਧੀ ਜਾਨਕਾਰੀ ਦੇ ਕੇ ਜੈਕਾਰਾ ਗਜਾਇਆ ਜਾਵੇ।

  3. ਟੇਵਾ-ਕੁੰਡਲੀ, ਜਨਮ ਪੱਤਰੀ, ਸੂਤਕ-ਪਾਤਕ, ਚੌਕੇਂ ਚੜਾਉਣਾ, ਨਿੰਮ-ਸ਼ਰ੍ਹੀਂਹ ਬੰਨਣਾ, ਬੱਚੇ ਨੂੰ ਨਜ਼ਰ ਤੋਂ ਬਚਾਉਣ ਦੇ ਭਰਮ ਨਾਲ ਕਾਲਾ ਟਿੱਕਾ ਲਾਉਣਾ ਜਾਂ ਬਾਂਹ ਤੇ ਕੁਝ ਹੋਰ ਬੰਨਣਾ, ਕਿਰਪਾਨ ਨਾਲ ‘ਅੰਮ੍ਰਿਤ’ ਤਿਆਰ ਹੋਇਆ ਮੰਨ ਕੇ ਬੱਚੇ ਨੂੰ ਉਸਦੀ ਗੁੜਤੀ-ਬੜੂਆਂ- ਚੁੱਲ੍ਹਾ ਪਿਲਾਉਣਾ ਆਦਿ ਸਭ ਅੰਧ ਵਿਸ਼ਵਾਸੀ ਮਨਮੱਤਾਂ ਹਨ।

  4. ਬੱਚੇ ਦੇ ਬਿਮਾਰ ਹੋਣ ਦੀ ਸੂਰਤ ਵਿਚ ਯੋਗ ਡਾਕਟਰੀ ਇਲਾਜ਼ ਕਰਵਾਇਆ ਜਾਵੇ। ਐਸੇ ਮੌਕੇ ਨਜ਼ਰ ਲੱਗੀ ਹੋਣ ਆਦਿ ਦਾ ਵਹਿਮ ਕਰਕੇ ਝਾੜਾ ਕਰਵਾਉਣਾ, ਮਿਰਚਾਂ ਵਾਰਣੀਆਂ ਆਦਿ ਸਭ ਮਨਮੱਤਾਂ ਹਨ।

  5. ਬੱਚਾ ਜਦੋਂ ਯੋਗ ਹੋ ਜਾਵੇ ਉਸਨੂੰ ‘ਦਸਤਾਰ’ ਬੰਨਣ ਦੀ ਪ੍ਰੇਰਨਾ ਕੀਤੀ ਜਾਵੇ। ਇਸ ਲਈ ‘ਦਸਤਾਰਬੰਦੀ’ ਆਦਿ ਰਸਮ ਕਰਨ ਦੀ ਕੋਈ ਲੋੜ ਨਹੀਂ ਹੈ।

ਅਨੰਦ (ਵਿਆਹ) ਕਾਰਜ ਸੰਬੰਧੀ ਸੇਧਾਂ

  1. ਅਨੰਦ ਕਾਰਜ ਦੀ ਰਸਮ ਗੁਰਦੁਆਰੇ ਵਿਚ ਜਾਂ ਕਿਸੇ ਹੋਰ ਯੋਗ ਥਾਂ ਕੀਤੀ ਜਾ ਸਕਦੀ ਹੈ। ਉਹ ਥਾਂ ਸਾਫ-ਸੁਥਰੀ ਹੋਵੇ ਅਤੇ ਉਸ ਥਾਂ ਕਿਸੇ ਨਸ਼ੇ ਦੀ ਵਰਤੋਂ ਨਾ ਕੀਤੀ ਜਾ ਰਹੀ ਹੋਵੇ।

  2. ਹਰ ਸਿੱਖ ਅਪਣਾ ਵਿਆਹ ‘ਅਨੰਦ ਮੈਰਿਜ ਐਕਟ’ ਮੁਤਾਬਿਕ ਰਜਿਸਟਰ ਕਰਵਾਏ।

  3. ਸਿੱਖ ਦਾ ਵਿਆਹ ਸਿਰਫ ਸਿੱਖ ਨਾਲ ਹੀ ਕੀਤਾ ਜਾਵੇ।

  4. ਰਿਸ਼ਤਾ ਤੈਅ ਕਰਨ ਸਮੇਂ ਅਖੌਤੀ ਜਾਤ-ਪਾਤ, ਗੋਤ, ਬਿਰਾਦਰੀ, ਇਲਾਕਾ, ਜਨਮ ਪੱਤਰੀ-ਟੇਵਾ ਮਿਲਾਉਣ ਆਦਿ ਦੀ ਵਿਚਾਰ ਕਰਨ ਦੀ ਥਾਂ ਲੜਕੇ ਲੜਕੀ ਦੀ ਵਿਚਾਰਧਾਰਾ, ਗੁਣਾਂ ਨੂੰ ਪਹਿਲ ਦਿਤੀ ਜਾਵੇ।

  5. ਰੋਕਾ, ਠਾਕਾ, ਸ਼ਗਨ, ਮੰਗਨੀ ਜਾਂ ਸਮੇਂ ਸਮੇਂ ਬਣ ਗਈਆਂ ਹੋਰ ਰਸਮਾਂ ਦੀ ਥਾਂ ਰਿਸ਼ਤਾ ਤੈਅ ਕਰਨ ਵੇਲੇ ਸਾਦੇ ਢੰਗ ਨਾਲ ਸਿਰਫ ‘ਸ਼ੁਕਰਾਣੇ ਦੀ ਅਰਦਾਸ’ ਕੀਤੀ ਜਾਵੇ।

  6. ਵਿਆਹ/ਅਨੰਦ ਦਾ ਦਿਨ ਮੁਕੱਰਰ ਕਰਨ ਵੇਲੇ ਥਿਤ-ਵਾਰ, ਮਹੂਰਤ, ਸ਼ੁਭ-ਅਸ਼ੁਭ, ਮੱਲ ਮਾਸ (ਮਹੀਨੇ) ਦਾ ਵਹਿਮ, ਸ਼ਰਾਧਾਂ ਦਾ ਸਮਾਂ ਹੋਣ ਦਾ ਵਹਿਮ, ਪੱਤਰੀ ਵਾਚਨਾ ਆਦਿ ਸਭ ਮਨਮੱਤਾਂ ਹਨ। ਦੋਹਾਂ ਧਿਰਾਂ ਆਪਸੀ ਵਿਚਾਰ ਰਾਹੀਂ ਸੌਖ ਅਨੁਸਾਰ ਕੋਈ ਵੀ ਦਿਨ ਮੁਕੱਰਰ ਕਰ ਲੈਣ।

  7. ਅਨੰਦ (ਵਿਆਹ) ਦੇ ਦੌਰਾਣ ਸਿਹਰਾ ਬੰਨਣਾ, ਘੁੰਡ ਕੱਡਣਾ, ਜੈ-ਮਾਲਾ ਪਾਉਣੀ, ਕਲਗੀ, ਮੁੱਕਟ, ਹਾਰ ਪਵਾਉਣੇ, ਘੋੜੀ ਚੜਣਾ, ਪਿੱਤਰ-ਜਠੇਰੇ ਪੂਜਣੇ, ਬੇਰੀ-ਜੰਡੀ ਵੱਡਣੀ, ਘੜੋਲੀ ਭਰਣੀ, ਰੁੱਸਣਾ-ਛੁਪਣਾ, ਛੰਦ-ਪੜਣਾ, ਹਵਨ-ਯੱਗ, ਵੇਦੀ-ਬੇਦੀ ਗੱਡਣੀ, ਬੈਂਡ ਵਾਜੇ, ਆਰਕੈਸਟਰਾ, ਨਾਚ, ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਸਹੀ ਨਹੀਂ ਹੈ।

  8. ਮਿਲਨੀ ਦੀ ਰਸਮ ਸਮੇਂ ਤੋਹਫਿਆਂ-ਪੈਸਿਆਂ ਦੇ ਆਦਾਨ-ਪ੍ਰਦਾਨ ਦੀ ਕਰਨਾ ਗਲਤ ਹੈ। ਮਿਲਨੀ ਦੀ ਰਸਮ ਗੁਰਮਤਿ ਤੋਂ ਉਲਟ ਹੈ।

  9. ਬਰਾਤ ਦਾ ਸੁਆਗਤ ਜੈਕਾਰਾ ਗਜਾ ਕੇ ਕੀਤਾ ਜਾਵੇ।

  10. ਅਨੰਦ ਸਮਾਗਮ ਦੀ ਸ਼ੁਰੂਆਤ ਵੇਲੇ ਵਧੂ-ਵਰ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਾਹਮਣੇ ਨਾਲ ਨਾਲ ਬੈਠ ਜਾਣ। ਬੈਠਣ ਵੇਲੇ ਸੱਜੇ-ਖੱਬੇ ਦਾ ਭਰਮ ਨਹੀਂ ਕਰਨਾ। ਬਾਕੀ ਲੋਕ ਵੀ ਸੰਗਤ ਵਾਂਗੂ ਬੈਠ ਜਾਣ। ਦੀਵਾਨ ਵਿਚ ਲੜਕਾ-ਲੜਕੀ ਦੇ ਬੈਠਣ ਲਈ ਕੋਈ ਸਪੈਸ਼ਲ ਇੰਤਜ਼ਾਮ ਕਰਨਾ ਗਲਤ ਹੈ। ਉਹ ਸੰਗਤ ਵਾਂਗੂ ਹੀ ਬੈਠਣ।

  11. ਦੀਵਾਨ ਵਿਚ ਇਕ ਗੁਰਮਤਿ ਤੋਂ ਜਾਣੂ ਵਿਅਕਤੀ ਵਲੋਂ ਲੜਕਾ-ਲੜਕੀ ਸਮੇਤ ਸਾਰੀ ਸੰਗਤ ਨੂੰ ਵਿਆਹੁਤਾ ਜਿੰਦਗੀ ਬਾਰੇ ਗੁਰਮਤਿ ਫਲਸਫੇ ਅਨੁਸਾਰ ਸੇਧਾਂ ਦਿਤੀਆਂ ਜਾਣ। ਉਪਰੰਤ ਉਹ ਵਿਅਕਤੀ ਵਧੂ-ਵਰ ਦੋਹਾਂ ਨੂੰ ਪੁੱਛੇ ਕਿ ਕੀ ਉਹ ਇਕ-ਦੂਜੇ ਨੂੰ ਅਪਣੇ ਜੀਵਨ ਸਾਥੀ ਵਜੋਂ ਪ੍ਰਵਾਨ ਕਰਦੇ ਹਨ? ਸਹਿਮਤੀ/ਪ੍ਰਵਾਨਗੀ ਵਜੋਂ ਵਰ-ਵਧੂ ਇਕ ਵਾਰ ਦੁਬਾਰਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਸਾਹਮਣੇ ਮੱਥਾ ਟੇਕ ਕੇ ਵਾਪਿਸ ਅਪਣੀ ਥਾਂ ਉਪਰ ਬੈਠ ਜਾਣ। ਇਸ ਸੰਬੰਧੀ ਜੈਕਾਰਾ ਵੀ ਛੱਡਿਆ ਜਾਵੇ।ਵਧੂ-ਵਰ ਸਮੇਤ ਸਾਰੀ ਸੰਗਤ ਇਕਾਗਰਤਾ ਨਾਲ ਗੁਰਮਤਿ ਅਨੁਸਾਰ ਅਨੰਦ ਕਾਰਜ ਬਾਰੇ ਸ਼ਬਦ ਵਿਚਾਰ, ਕੀਰਤਨ ਆਦਿ ਸੁਨਣ। ਇਸ ਉਪਰੰਤ ‘ਅਨੰਦ’ ਦੇ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇ ਅਤੇ ਪ੍ਰਸ਼ਾਦ ਵਰਤਾਇਆ ਜਾਵੇ।

  12. ਅਨੰਦ ਦੌਰਾਨ ਲਾਵਾਂ ਲੈਣ ਦੀ ਰਸਮ ਬ੍ਰਾਹਮਣੀ ਰਸਮ ਦੀ ਨਕਲ ਹੋਣ ਕਾਰਨ ਮਨਮੱਤ ਹੈ।

  13. ਸਿੱਧੇ ਜਾਂ ਅਸਿੱਧੇ ਰੂਪ ਵਿਚ ਕਿਸੇ ਵੀ ਤਰਾਂ ਦਾਜ ਲੈਣਾ ਜਾਂ ਦੇਣਾ ਮਨਮੱਤ ਹੈ।

  14. ਵਿਆਹ ਸਮਾਗਮ ਦੌਰਾਣ ਹੋਇਆ ਖਰਚਾ ਦੋਵੇਂ ਧਿਰਾਂ ਮਿਲ-ਜੁਲ ਕੇ ਕਰਨ।

  15. ਗੁਰਮਤਿ ਅਨੁਸਾਰ ਦੋਹਾਂ ਧਿਰਾਂ ਦਾ ਦਰਜਾ ਬਰਾਬਰ ਹੈ। ਇਸ ਲਈ ਇਕ ਧਿਰ ਨੂੰ ਉੱਚਾ ਅਤੇ ਦੂਜੀ ਧਿਰ ਨੂੰ ਨੀਂਵਾ ਮੰਨਣਾ ਮਨਮੱਤ ਹੈ।

  16. ਸਿੱਖ ਦੇ ਪੁਨਰ ਵਿਆਹ ਬਾਰੇ ਕੋਈ ਪਾਬੰਦੀ ਨਹੀਂ ਹੈ। ਪੁਨਰ-ਵਿਆਹ ਦਾ ਕਾਰਜ ਵੀ ਆਮ ਵਿਆਹ ਜੈਸਾ ਹੀ ਹੈ।

ਇਕ ਪਤੀ ਜਾਂ ਪਤਨੀ ਦੇ ਹੁੰਦਿਆਂ ਸਿੱਖ ਲਈ ਆਮ ਹਾਲਤਾਂ ਵਿਚ ਦੂਜਾ ਵਿਆਹ ਕਰਨਾ ਵਰਜਿਤ ਹੈ।

ਮ੍ਰਿਤੂ ਸਮੇਂ ਸੰਬੰਧੀ ਸੇਧਾਂ

  1. ਪ੍ਰਾਣੀ ਦੀ ਮ੍ਰਿਤੂ ਮਗਰੋਂ ਮੰਜੇ ਤੋਂ ਹੇਠਾਂ ਉਤਾਰਨ ਜਾਂ ਨਾ ਉਤਾਰਨ ਸੰਬੰਧੀ ਕੋਈ ਭਰਮ ਨਹੀਂ ਕਰਨਾ। ਦੀਵਾ-ਵੱਟੀ, ਗਉ ਮਨਸਾਉਣਾ ਆਦਿ ਕੋਈ ਕਰਮਕਾਂਡ ਨਹੀਂ ਕਰਨਾ। ਪਿੱਟਣਾ, ਧਾਹਾਂ ਮਾਰਨਾ, ਸਿਆਪਾ ਕਰਨਾ ਆਦਿ ਸਹੀ ਨਹੀਂ ਹੈ। ਮਨ ਨੂੰ ਧਰਵਾਸ ਦੇਣ ਖਾਤਿਰ ਗੁਰਬਾਣੀ ਸੇਧ ਲਈ ਪਾਠ ਕੀਤਾ ਜਾ ਸਕਦਾ ਹੈ।

  2. ਮ੍ਰਿਤਕ ਦੇਹ ਨੂੰ ਜਲਾਉਣਾ ਚਾਹੀਦਾ ਹੈ, ਉਮਰ ਭਾਂਵੇ ਕੋਈ ਵੀ ਹੋਵੇ। ਜਲਾਉਣ ਖਾਤਿਰ ਬਿਜਲੀ ਵਾਲੇ ਸ਼ਮਸ਼ਾਨ ਘਾਟ ਦਾ ਇਸਤੇਮਾਲ ਕਰਨਾ ਬੇਹਤਰ ਹੈ। ਜੇ ਜਲਾਉਣ ਦਾ ਪ੍ਰਬੰਧ ਨਾ ਹੋਵੇ ਤਾਂ ਦਫਨਾਉਣ ਜਾਂ ਜਲ-ਪ੍ਰਵਾਹ ਆਦਿ ਕਰ ਲੈਣ ਵਿਚ ਕੋਈ ਹਰਜ਼ ਨਹੀਂ ਹੈ।

  3. ਮ੍ਰਿਤਕ ਦੇਹ ਦੇ ਕੰਮ ਆਉਣ ਯੋਗ ਅੰਗਾਂ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਅਰਪਿਤ ਕਰਨ ਦਾ ਜਤਨ ਕੀਤਾ ਜਾਵੇ। ਪੂਰੀ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਅਰਪਿਤ ਕਰਨਾ ਵੀ ਬੇਹਤਰ ਹੈ।

  4. ਮ੍ਰਿਤਕ ਦੇਹ ਦੀ ਸਸਕਾਰ ਤੋਂ ਪਹਿਲਾਂ ਯੋਗ ਸਫਾਈ ਕਰ ਲੈਣ ਵਿਚ ਕੋਈ ਹਰਜ਼ ਨਹੀਂ ਹੈ ਪਰ ਇਸ ਸੰਬੰਧੀ ਕੋਈ ਭਰਮ ਨਹੀਂ ਕਰਨਾ।

  5. ਮ੍ਰਿਤਕ ਦੇਹ ਨੂੰ ਮੱਥਾ ਟੇਕਣਾ ਜਾਂ ਗੁਰਦੁਆਰੇ ਮੱਥਾ ਟੇਕਣ ਲੈ ਜਾਣਾ, ਦੇਹ ਦੀ ਪ੍ਰਕਰਮਾ ਕਰਨੀ, ਮ੍ਰਿਤਕ ਦਾ ਮੰਜਾ ਖੜਾ ਕਰਨ ਦਾ ਭਰਮ, ਦੀਵਾ ਜਗਾਉਣ ਦਾ ਭਰਮ, ਵਾਧੂ/ਕਛਹਿਰਾ ਨਾਲ ਬੰਨਣ ਦਾ ਭਰਮ, ਕਕਾਰ ਜੁਦਾ ਨਾ ਕਰਨ ਦਾ ਭਰਮ, ਸ਼ਮਸ਼ਾਨ ਘਾਟ ਦੇ ਰਸਤੇ ਵਿਚ ਬਿਬਾਨ ਰੱਖਣਾ, ਕਿਸੇ ਭਰਮ ਹੇਠ ਪਾਨੀ ਡੋਲਣਾ, ਘੜਾ ਭੰਨਣਾ, ਘਾਹ ਦੇ ਤਿਨਕੇ ਤੋੜਣਾ, ਬਿਬਾਨ ਸਜਾਉਣਾ/ਵੱਡਾ ਕਰਨਾ/ਬੁੱਢਾ ਮਰਨਾ ਕਰਨਾ, ਫੁਲੀਆਂ-ਮੱਖਾਣੇ ਸੁਟਣਾ/ਲੱਡੂ ਵੰਡਣਾ, ਗੰਗਾ ਜਲ ਜਾਂ ਹੋਰ ਕਿਸੇ ਜਲ ਨੂੰ ਪਵਿੱਤਰ ਮੰਨ ਕੇ ਮ੍ਰਿਤਕ ਦੇ ਮੁੰਹ ਵਿਚ ਪਾਉਣਾ ਜਾਂ ਲਾਸ਼ ਤੇ ਛਿੜਕਨਾ, ਜਲਾਉਣ ਲਈ ਦਿਨ-ਰਾਤ ਦਾ ਭਰਮ ਕਰਨਾ ਆਦਿ ਸਭ ਮਨਮੱਤਾਂ ਹਨ।

  6. ਸ਼ਮਸ਼ਾਨ ਘਾਟ ਵੱਲ ਜਾਂਦੇ ਵੇਲੇ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਨਾ ਯੋਗ ਹੈ। ਮ੍ਰਿਤਕ ਦੇਹ ਦੀ ਚਿਖਾ ਵਿਚ ਚੰਦਨ ਦੀ ਲਕੜਾਂ ਲਾਉਣੀਆਂ, ਦੇਸੀ ਘਿਉ ਪਾਉਣਾ ਆਦਿ ਭਰਮ ਅਤੇ ਵਿਖਾਵਾ ਹੈ। ਅਗਨ ਭੇਟ ਸਾਦੇ ਢੰਗ ਨਾਲ ਕੀਤਾ ਜਾਵੇ। ਜੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਲਈ ਅਰਪਿਤ ਕਰਨਾ ਹੋਵੇ ਤਾਂ ਸ਼ਮਸ਼ਾਨ ਘਾਟ ਜਾਉਣ ਦੀ ਲੋੜ ਨਹੀਂ ਹੈ।

  7. ਮ੍ਰਿਤਕ ਦੇਹ ਨੂੰ ਕੋਈ ਵੀ ਅਗਨ ਭੇਟ ਕਰ ਸਕਦਾ ਹੈ, ਜ਼ਰੂਰੀ ਨਹੀਂ ਪੁੱਤਰ ਹੀ ਕਰੇ।

  8. ਅੰਗੀਠਾ ਠੰਡਾ ਹੋਣ ਤੇ ਅਸਥੀਆਂ ਰਾਖ (ਸੁਆਹ) ਸਣੇ ਇਕੱਠੀਆਂ ਕਰਕੇ ਥੈਲੇ ਵਿਚ ਪਾ ਲਈਆਂ ਜਾਣ। ਅਸਥੀਆਂ ਨੂੰ ਅਲਗ ਚੁਨਣਾ ਮਨਮੱਤ ਹੈ। ਇਸ ਨੂੰ ਨੇੜੇ ਵੱਗਦੇ ਕਿਸੇ ਦਰਿਆ/ਨਦੀ/ਨਹਿਰ ਵਿਚ ਪ੍ਰਵਾਹ ਕਰ ਦਿਤਾ ਜਾਵੇ। ਅੰਗੀਠੇ ਦੀ ਰਾਖ/ਅਸਥੀਆਂ ਨੂੰ ਕੀਰਤਪੁਰ, ਗੋਇੰਦਵਾਲ, ਹਰਦੁਆਰ, ਮਟਨ ਸਮੇਤ ਕਿਸੇ ਥਾਸ ਥਾਂ ਪ੍ਰਵਾਹ ਕਰਨ ਦੀ ਸੋਚ ਮਨਮੱਤ ਹੈ।

  9. ਮ੍ਰਿਤਕ ਸੰਬੰਧੀ ਕੋਈ ਥੜਾ, ਮੜੀ, ਸਮਾਧ, ਦੇਹੁਰਾ ਆਦਿ ਬਣਾਉਣਾ ਗਲਤ ਹੈ।

  10. ਸਸਕਾਰ ਤੋਂ ਬਾਅਦ ਹੀ ਸ਼ਮਸ਼ਾਨ ਘਾਟ ਵਿਚ ਜਾਂ ਘਰ ਆਕੇ ‘ਭਾਣਾ ਮੰਨਣ’ ਦਾ ਬਲ ਮੰਗਣ ਦੀ ਅਰਦਾਸ ਕਰ ਦਿਤੀ ਜਾਵੇ। ਇਹੀ ਅੰਤਿਮ ਅਰਦਾਸ ਹੈ।

  11. ਸਸਕਾਰ ਤੋਂ ਕੁਝ ਦਿਨ ਬਾਅਦ ਤੱਕ ਪਰਿਵਾਰ ਵਾਲੇ ਚਾਹੁਣ ਤਾਂ ਕੁਝ ਦਿਨ ਸ਼ਬਦ ਕੀਰਤਨ/ਵਿਚਾਰ ਕਰ/ਕਰਵਾ ਸਕਦੇ ਹਨ। ਇਸ ਦਾ ਮਕਸਦ ਗੁਰਮਤਿ ਨਾਲ ਜੁੜਨਾ/ਜੋੜਨਾ ਹੋਵੇ, ਮ੍ਰਿਤਕ ਦੀ ਮੁਕਤੀ ਦਾ ਭਰਮ ਜਾਂ ਸ਼ਰਧਾਂਜਲੀ ਨਹੀਂ।

ਮ੍ਰਿਤਕ ਸੰਬੰਧੀ ਕਿਸੇ ਕਿਸਮ ਦਾ ਰਸਮੀ (ਅਖੰਡ/ਸਪਤਾਹ/ਸਹਿਜ) ਪਾਠ ਰੱਖਣਾ ਮਨਮੱਤ ਹੈ। ਜੇ ਪਰਿਵਾਰ ਵਾਲੇ ਚਾਹੁਣ ਤਾਂ ਗੁਰਮਤਿ ਪ੍ਰਚਾਰ ਦੇ ਮਕਸਦ ਨਾਲ ਕੁਝ ਦਿਨਾਂ ਬਾਅਦ ਇਕ ਸਮਾਗਮ ਕਰਵਾ ਸਕਦੇ ਹਨ। ਪਰ ਇਹ ਸਮਾਗਮ ਕਰਮਕਾਂਡਾਂ ਤੋਂ ਰਹਿਤ ਹੋਵੇ।

ਕਕਾਰ

1. ਕਿਰਪਾਨ 2. ਕੇਸਕੀ 3. ਕਛਹਿਰਾ 4. ਕੜਾ 5. ਕੰਘਾ

ਬਜ਼ਰ ਕੁਰਿਹਤਾਂ

  1. ਬੇਈਮਾਨੀ
  2. ਕੇਸਾਂ ਦਾ ਕਤਲ ਕਰਵਾਉਣਾ
  3. ਪਰ ਨਾਰੀ ਪਰ ਪੁਰਖ ਦਾ ਗਮਨ
  4. ਤੰਬਾਕੂ, ਸ਼ਰਾਬ ਸਮੇਤ ਕਿਸੇ ਵੀ ਨਸ਼ੇ ਦਾ ਸੇਵਨ
  5. ਕੁੱਠਾ ਮਾਸ (ਉਹ ਮਾਸ ਜੋ ਧਰਮ ਦੇ ਨਾਂ ਨਾਲ ਜੋੜਿਆ ਜਾਂਦਾ ਹੈ ਜਿਵੇਂ ਹਲਾਲ, ਬਲੀ ਵਾਲਾ ਮਾਸ ਆਦਿ)।

ਖੰਡੇ ਦੀ ਪਾਹੁਲ

ਸੰਕਲਪ: ਖੰਡੇ ਦੀ ਪਾਹੁਲ ਵਾਲੀ ਰਸਮ ਦਾ ਮਕਸਦ ਉਹਨਾਂ ‘ਸਿੱਖਾਂ’ ਦੀ ਪਹਿਚਾਨ ਕਰਨਾ ਹੈ ਜੋ ਨਾਨਕ ਫਲਸਫੇ (ਗੁਰਮਤਿ) ਨਾਲ ਪੂਰੀ ਸਹਿਮਤੀ ਹੁੰਦਿਆਂ, ਸਮੁੱਚੀ ਮਨੁੱਖਤਾ ਦੇ ਭਲੇ ਲਈ, ਗੁਰਮਤਿ ਰੋਸ਼ਨੀ ਦੇ ਪ੍ਰਸਾਰ ਲਈ ਨਿਸ਼ਕਾਮਤਾ ਅਤੇ ਸੁਹਿਰਦਤਾ ਨਾਲ ਸਮਰਪਿਤ ਹੋਣਾ ਚਾਹੁੰਦੇ ਹਨ। ਇਸ ਲਈ ਯੋਗਤਾ ਜਾਂਚਣ ਲਈ ਇਕ ‘ਪ੍ਰੀਖਿਆ’ ਵੀ ਹੋਵੇਗੀ ਤਾਂ ਕਿ ਅਯੋਗ ਬੰਦੇ ਨੂੰ ਅੱਗੇ ਆਉਣ ਤੋਂ ਰੋਕਿਆ ਜਾ ਸਕੇ।

ਇਸ ਰਸਮ ਬਾਰੇ ਕੁਝ ਸੇਧਾਂ

  1. ਖੰਡੇ ਦੀ ਪਾਹੁਲ ਦੀ ਰਸਮ ਇਕਾਂਤ ਥਾਂ ਤੇ ਹੋਵੇ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਲਾਜ਼ਮੀ ਹੈ। ਇਸ ਕਾਰਜ ਵਾਸਤੇ ਘੱਟੋ-ਘੱਟ 6 ਪਾਹੁਲਧਾਰੀ ਸਿੱਖਾਂ ਦਾ ਹੋਣਾ ਜ਼ਰੂਰੀ ਹੈ। ਇਹਨਾਂ ਵਿਚੋਂ ਇਕ ਤਾਬਿਆ ਬੈਠ ਕੇ ਚੌਰ ਕਰੇ। ਬਾਕੀ ਪੰਜ ਪਾਹੁਲ ਤਿਆਰ ਕਰਨ। ਇਹਨਾਂ ਵਿਚੋਂ ਕੋਈ ਫੈਲਣ ਵਾਲੇ ਰੋਗ ਨਾਲ ਗ੍ਰਸਤ ਨਾ ਹੋਵੇ।

  2. ਹਰ ਸਿੱਖ ਬਿਨਾਂ ਕਿਸੀ ਭੇਦ-ਭਾਵ ਦੇ ਖੰਡੇ ਦੀ ਪਾਹੁਲ ਲੈਣ ਦਾ ਹੱਕਦਾਰ ਹੈ, ਬਸ਼ਰਤੇ ਉਹ ਨਿਰਧਾਰਿਤ ‘ਯੋਗਤਾ ਪ੍ਰੀਖਿਆ’ ਪਾਸ ਕਰੇ।

  3. ਖੰਡੇ ਦੀ ਪਾਹੁਲ ਲੈਣ ਵੇਲੇ ਉਮਰ ਬਹੁਤ ਛੋਟੀ ਨਾ ਹੋਵੇ। ਹੋਸ਼ ਸੰਭਾਲੀ ਹੋਵੇ। ਪਾਹੁਲ ਲੈਣ ਸਮੇਂ ਪੰਜ ਕਕਾਰੀ ਵਰਦੀ ਵਿਚ ਹੋਵੇ।

  4. ਜੇ ਕਿਸੇ ਨੇ ਪਹਿਲਾਂ ਖੰਡੇ ਦੀ ਪਾਹੁਲ ਲੈ ਕੇ ਕੋਈ ਬਜ਼ਰ ਕੁਰਿਹਤ ਕੀਤੀ ਹੋਵੇ ਤਾਂ ਉਹ ਰੱਬ ਨੂੰ ਹਾਜ਼ਿਰ ਨਾਜ਼ਿਰ ਸਮਝ ਕੇ, ਨੇਕ ਨੀਅਤੀ ਨਾਲ ਪ੍ਰਾਸ਼ਚਿਤ ਕਰਦਾ ਹੋਇਆ, ਗਲਤੀ ਦੁਬਾਰਾ ਨਾ ਦੁਹਰਾਉਣ ਦਾ ਪ੍ਰਣ ਕਰੇ। ਮੁੜ ਪਾਹੁਲ ਲੈਣ ਲਈ ਦੁਬਾਰਾ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣ ਦੀ ਲੋੜ ਨਹੀਂ।

  5. ਪਾਹੁਲ ਛਕਾਉਣ ਵਾਲੇ ਖਾਲਸਿਆਂ ਵਿਚੋਂ ਕੋਈ ਇਕ ਚਾਹਵਾਣਾਂ ਨੂੰ ਪਾਹੁਲ ਦਾ ਸੰਕਲਪ ਸਮਝਾਏ। ਉਹ ਸਾਰੇ ਚਾਹਵਾਣਾਂ ਤੋਂ ਉਹਨਾਂ ਦੀ ਰਜਾਮੰਦੀ ਇਕ ਵਾਰ ਫੇਰ ਪੁੱਛੇ। ਜੇ ਕਿਸੇ ਚਾਹਵਾਣ ਨੂੰ ਕੋਈ ਸ਼ੰਕਾ ਹੈ ਤਾਂ ਉਸ ਦੀ ਨਵਿਰਤੀ ਕੀਤੀ ਜਾਵੇ।

  6. ਬਾਟੇ ਵਿਚ ਲੋੜ ਅਨੁਸਾਰ ਸਾਫ ਜਲ ਪਾ ਕੇ ਅਤੇ ਪਤਾਸੇ ਪਾ ਕੇ ਪੰਜ ਪਾਹੁਲਧਾਰੀ ਬਾਟੇ ਦੇ ਇਰਦ ਗਿਰਦ ਬੈਠ ਜਾਣ। ਪੰਜੇ ਮਿਲ ਕੇ ਇਕਾਗਰਚਿਤ ਹੋ ਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪਹਿਲੇ 13 ਪੰਨਿਆਂ ਤੇ ਅੰਕਿਤ ਮੂਲ ਸਿਧਾਂਤਾਂ ਨੂੰ ਸਪਸ਼ਟ ਕਰਦੀਆਂ ਨਿਤਨੇਮ ਬਾਣੀਆਂ ਦਾ ਪਾਠ ਕਰਨ (ਜਪੁ, ਸੋਦਰੁ, ਸੋ ਪੁਰਖ, ਸੋਹਿਲਾ)। ਜਲ ਵਿਚ ਖੰਡਾ ਵੀ ਫੇਰੀ ਜਾਣ। ਅਭਿਲਾਖੀਆਂ ਸਮੇਤ ਸਾਰੇ ਹਾਜ਼ਰੀਨ ਇਕਾਗਰਚਿਤ ਹੋ ਕੇ ਪਾਠ ਨੂੰ ਸੁਨਣ।

  7. ਪਾਹੁਲ ਤਿਆਰ ਹੋਣ ਮਗਰੋਂ ਇਕ ਪਾਹੁਲਧਾਰੀ ਖਾਲਸਾ ਚਾਹਵਾਣਾਂ ਨੂੰ ਇਕੋ ਆਵਾਜ਼ ਵਿਚ ‘ੴ ਤੋਂ ਗੁਰਪ੍ਰਸਾਦਿ ਤੱਕ’ ਅਕਾਲ ਪੁਰਖ ਦੇ ਗੁਣ ਦ੍ਰਿੜ ਕਰਵਾਵੇ।

  8. ਉਪਰੰਤ ਇਕ ਇਕ ਅਭਿਲਾਖੀ ਨੂੰ, ਬਿਨਾਂ ਕਿਸੇ ਵਿਤਕਰੇ ਦੇ, ਵਾਰੀ ਵਾਰੀ ਪਾਹੁਲ ਦੇ ਕੁਝ ਚੂਲੇ ਛਕਾਏ ਜਾਣ।

  9. ਇਸ ਉਪਰੰਤ ਰਸਮ ਦੀ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇ ਜਾਵੇ। ਉਪਰੰਤ ਸਾਰੇ ਰਲ ਮਿਲ ਕੇ ਕੜਾਹ ਪ੍ਰਸ਼ਾਦਿ (ਦੇਗ) ਛੱਕਣ।

ਕੇਂਦਰੀ ਵਿਵਸਥਾ

ਕੇਂਦਰੀ ਤੌਰ ਤੇ ਸਿੱਖਾਂ ਦੀ ਅਗਵਾਈ ਲਈ ਇਕ ਵਿਵਸਥਾ ਦਾ ਹੋਣਾ ਜ਼ਰੂਰੀ ਹੈ। ਜਿਸ ਦੀ ਸਰਪ੍ਰਸਤੀ ‘ਗੁਣਤੰਤਰ’ ਦੀ ਨੀਂਹ ਤੇ 20-25 ਪਾਹੁਲਧਾਰੀ ਬੁਧੀਜੀਵੀ ਪੰਥਦਰਦੀਆਂ ਦਾ ਇਕ ਪੈਨਲ ਕਰੇ। ਇਸ ਪੈਨਲ ਲਈ ਵੀ ਨਿਸ਼ਚਿਤ ਵਿਧੀ ਵਿਧਾਨ ਗੁਰਮਤਿ ਦੀ ਸੇਧ ਵਿਚ ਹੋਵੇ। ਨਿਸ਼ਚਿਤ ਵਿਧੀ ਵਿਧਾਨ ਦੀ ਸੇਧ ਵਿਚ, ਸਾਰੇ ਕੌਮੀ ਅਦਾਰਿਆਂ ਦੀ ਸੇਵਾ-ਸੰਭਾਲ ਲਈ ਨਿਸ਼ਕਾਮ ਸੇਵਕਾਂ (ਪ੍ਰਬੰਧਕਾਂ) ਦੀ ਨਿਯੁਕਤੀ ਕਰਨ ਦਾ ਇੰਤਜ਼ਾਮ ਕੀਤਾ ਜਾਵੇ। ਇਹਨਾਂ ਪ੍ਰਬੰਧਾਂ ਵਿਚ ਸਿਰਫ ਪਾਹੁਲਧਾਰੀ ਸਿੱਖ (ਖਾਲਸਾ) ਸੇਵਾ ਨਿਭਾ ਸਕਣਗੇ।

ਬਜ਼ਰ ਕੁਰਹਿਤ ਕਰਨ ਵਾਲਾ ਪ੍ਰਬੰਧਕ ਅਪਣੀ ਸੇਵਾ ਤੋਂ ਖਾਰਿਜ਼ ਕੀਤਾ ਜਾਵੇ। ਇਕ ਵਾਰ ਉਹ ਭੁੱਲ ਬਖਸ਼ਾ ਕੇ, ਅੱਗੇ ਤੋਂ ਗਲਤੀ ਨਾ ਦੁਹਰਾਉਣ ਦਾ ਪ੍ਰਣ ਕਰਨ ਤੇ ਦੁਬਾਰਾ ਸੇਵਾ ਵਿਚ ਲਿਆ ਜਾ ਸਕਦਾ ਹੈ। ਦੂਜੀ ਵਾਰ ਬਜ਼ਰ ਕੁਰਹਿਤ ਕਰਨ ਵਾਲਾ ਪੱਕੇ ਤੌਰ ਤੇ ਪ੍ਰਬੰਧਕੀ ਸੇਵਾ ਤੋਂ ਖਾਰਿਜ ਸਮਝਿਆ ਜਾਵੇ।

ਗੁਰੂ ਦਾ ਪੰਥ

ਗੁਰਮਤਿ ਦੇ ਰਾਹ ਤੇ ਤੁਰਨ ਵਾਲੇ ਸਿੱਖਾਂ ਦੇ ਕਾਫਲੇ ਨੂੰ ‘ਗੁਰੂ ਦਾ ਪੰਥ’ (ਜਾਂ ਸੰਖੇਪ ਵਿਚ ਪੰਥ) ਕਿਹਾ ਜਾਂਦਾ ਹੈ।

ਕੌਮੀ ਤਿਉਹਾਰ (ਪੁਰਬ)

ਭਾਂਤ ਭਾਂਤ ਦੇ ਗੁਰਪੁਰਬ ਕੌਮ ਵਿਚ ਭੰਬਲਭੂਸਾ ਪੈਦਾ ਕਰਦੇ ਹਨ, ਕੌਮੀ ਏਕਤਾ ਨੂੰ ਨੁਕਸਾਨ ਪਹੁੰਚਾਂਦੇ ਹਨ, ਕਰਮਕਾਂਡਾਂ ਨੂੰ ਬੜਾਵਾ ਦਿੰਦੇ ਹਨ ਅਤੇ ਬਹੁਤ ਵੱਡੇ ਪੱਧਰ ਤੇ ‘ਕੌਮੀ ਧਨ’ ਦੀ ਬੇਮੁਹਾਰੀ ਵਰਤੋਂ ਦੇ ਰੂਪ ਵਿਚ ਬਰਬਾਦੀ ਦਾ ਕਾਰਨ ਬਣਦੇ ਹਨ।

ਸੋ ਇਕਸਾਰਤਾ ਪੈਦਾ ਕਰਨ ਲਈ ਸਿਰਫ ਤਿੰਨ ਹੀ ਕੌਮੀ ਤਿਉਹਾਰ ਮੰਨੇ ਜਾਣ।

  1. 13-15 ਅਪ੍ਰੈਲ - ਨਾਨਕ ਸਰੂਪਾਂ ਨੂੰ ਸਮਰਪਿਤ ਸਾਂਝਾ ਕੌਮੀ ਪੁਰਬ
  2. 01-03 ਸਿਤੰਬਰ - ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਪੁਰਬ
  3. 20-22 ਦਿਸੰਬਰ - ਸੱਚ ਲਈ ਸ਼ਹੀਦ ਹੋਏ ਸਮੂਹ ਮਹਾਂਪੁਰਖਾਂ ਨੂੰ ਸਮਰਪਿਤ ਸਾਂਝਾ ਕੌਮੀ ਪੁਰਬ

ਇਹਨਾਂ ਕੌਮੀ ਤਿਉਹਾਰਾਂ (ਪੁਰਬਾਂ) ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਮਨਾਉਣ ਦੀ ਸੇਧਾਂ ਕੇਂਦਰੀ ਤੌਰ ਤੇ ਜ਼ਾਰੀ ਕੀਤੀਆਂ ਜਾਣ।

ਗੁਰਮਤਿ ਜੀਵਨ ਜਾਚ ਦੀ ਪੜਚੋਲ/ਸੋਧ

ਇਕ ਨਿਸ਼ਚਿਤ ਸਮੇਂ ਬਾਅਦ ਲੋੜ ਅਨੁਸਾਰ, ਗੁਰਮਤਿ ਦੀ ਰੋਸ਼ਨੀ ਵਿਚ, ਗੁਰਮਤਿ ਜੀਵਨ ਜਾਚ ਦੀਆਂ ਮੱਦਾਂ ਦੀ ਪੜਚੋਲ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top