Share on Facebook

Main News Page

ਜੇ ਗੁਰੂ ਨਾਨਕ ਦੇਵ ਜੀ ਅੱਜ ਫਿਰ ਪ੍ਰਗਟ ਹੋ ਜਾਣ ਤਾਂ...

ਕਰੀਬ ਸਾਢੇ ਪੰਜ ਸੌ ਸਾਲ ਪਹਿਲਾਂ ਕੂੜ-ਫਰੇਬ ਤੇ ਦੰਭ ਵਰਗੀਆਂ ਜਿਨਾਂ ਅਲਾਮਤਾਂ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ, ਅੱਜ ਵੀ ਉਹ ਨਾ ਸਿਰਫ ਸਾਡੇ ਸਮਾਜ ਨੂੰ ਘੁਣ ਵਾਂਗ ਚਿੰਬੜੀਆਂ ਹੋਈਆਂ ਹਨ, ਬਲਕਿ ਅਫਸੋਸਨਾਕ ਪਹਿਲੂ ਇਹ ਹੈ ਕਿ ਰੋਕਣ ਲਈ ਜੂਝਣ ਦੀ ਬਜਾਏ ਇਨਾਂ ਬਿਮਾਰੀਆਂ ਨੂੰ ਫੈਲਾਉਣ ’ਚ ਉਹੀ ਭੱਦਰ-ਪੁਰਸ਼ ਵੱਧ ਯੋਗਦਾਨ ਪਾ ਰਹੇ ਹਨ, ਜੋ ਇਸ ਪਰਉਪਕਾਰੀ ਮਨੁੱਖ ਦੇ ਧਾਰਮਿਕ ਪੈਰੋਕਾਰ ਅਖਵਾਉਂਦੇ ਹਨ। ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਚੁਨੌਤੀ ਦੇਣ ਵਾਲੇ ਸਾਧ ਲਾਣੇ ਨੂੰ ਸਾਡੇ ਪੰਥ ਦੇ ਅਖੌਤੀ ਠੇਕੇਦਾਰਾਂ ਵੱਲੋਂ ਹੋਰ ਸਹੂਲਤਾਂ ਦੇ ਨਾਲ-ਨਾਲ ਗੁਰਦਵਾਰਾ ਚੋਣਾਂ ਦੌਰਾਨ ਟਿਕਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ, ਜਦਕਿ ਪੰਥਕ ਵਿਦਵਾਨਾ, ਸਿੱਖ ਚਿੰਤਕਾਂ ਤੇ ਬਾਬੇ ਨਾਨਕ ਦੀ ਬਾਣੀ ਦੇ ਨਿਸ਼ਕਾਮ ਪ੍ਰਚਾਰਕਾਂ ਖਿਲਾਫ ਫਤਵੇ ਜਾਰੀ ਕਰਕੇ ਉਨ•ਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਉਕਤ ਘਟਨਾਵਾਂ ਤੋਂ ਇਹ ਅੰਦਾਜਾ ਲਾਉਣਾ ਕੋਈ ਔਖਾ ਨਹੀਂ ਕਿ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਰਨ ਵਾਲੇ ਸਾਧ ਗੁਰਦਵਾਰਾ ਪ੍ਰਬੰਧਾਂ ਜਾਂ ਪੰਥ ਦਾ ਕੀ ਹਾਲ ਕਰਨਗੇ? ਖੁਦਾ-ਨਾ-ਖਾਸਤਾ ਜੇ ਬਾਬਾ ਨਾਨਕ ਅੱਜ ਫਿਰ ਪ੍ਰਗਟ ਹੋ ਜਾਵੇ ਤਾਂ… .. . .

ਸੰਸਾਰ ਦੀਆਂ ਸਾਰੀਆਂ ਕੌਮਾਂ ਆਪਣੇ ਆਪਣੇ ਤਿਉਹਾਰ ਸਦੀਆਂ ਤੋਂ ਮਨਾਉਂਦੀਆ ਆ ਰਹੀਆਂ ਹਨ ਅਤੇ ਇਵੇਂ ਹੀ ਸਿੱਖ ਕੌਮ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਪੁਰਬ ਅਤੇ ਇਤਿਹਾਸਕ ਦਿਵਸ ਮਨਾਉਂਣ ਦਾ ਗੌਰਵ ਕਰਦੀ ਆ ਰਹੀ ਹੈ । ਪਰ ਕਈ ਵਾਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਬਿਪਰ ਰੀਤਾਂ ਦੇ ਪ੍ਰਭਾਵ ਹੇਠ ਆ ਕੇ ਕਈ ਗੁਰਦਵਾਰਿਆਂ ਦੇ ਪ੍ਰਬੰਧਕ ਅਤੇ ਭਾਈ ਜੀ ਪ੍ਰਚੱਲਤ ਤਿਉਹਾਰ- ਲੋਹੜੀ, ਮਾਘੀ, ਰਖੜੀ, ਸ਼ਰਾਧ, ਸੰਗਰਾਂਦ, ਮ¤ਸਿਆ, ਪੂਰਨਮਾਸ਼ੀ, ਕਰਵਾ ਚੌਥ ਵਰਤ, ਦੁਸਹਿਰਾ, ਦੀਵਾਲੀ ਆਦਿਕ ਮਨਾਉਂਣ ਦੇ ਚਾਹਵਾਨ ਰਹਿੰਦੇ ਹਨ ਪਰ ਗੁਰਦਵਾਰਿਆਂ ’ਚ ਹੁੰਦਾ ਕਰਮਕਾਂਡ, ਮਨਮੱਤ ਜਾਂ ਹੋਰ ਪਾਪ ਰੋਕਣ ਦੀ ਬਜਾਏ ਅਕਸਰ ਇਸ ’ਚ ਵਾਧਾ ਕਰਨ ਅਰਥਾਤ ਆਮਦਨ ਵਧਾਉਣ ਦੇ ਢੰਗ ਲੱਭਣ ਤੋਂ ਇਲਾਵਾ ਹੋਰ ਪਾਸੇ ਸੋਚਣ ਦੀ ਜਰੂਰਤ ਹੀ ਨਹੀਂ ਸਮਝੀ ਜਾਂਦੀ। ਉਕਤ ਲੇਖ ਦਾ ਵਿਸ਼ਾ ਬਦਲ ਜਾਣ ਦੇ ਡਰੋਂ ਤੇ ਲੇਖ ਜਿਆਦਾ ਲੰਬਾ ਹੋਣ ਤੋਂ ਰੋਕਣ ਲਈ ਗੱਲ ਸਿਰਫ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਸਬੰਧੀ ਹੀ ਕੀਤੀ ਜਾਵੇਗੀ ਤਾਂ ਕਿ ਪਾਠਕ ਕੌੜੀ ਸੱਚਾਈ ਤੋਂ ਜਾਣੂ ਹੋ ਸਕਣ।

ਤੰਦੂਏ ਜਾਲ ਦੀ ਤਰਾਂ ਫੈਲੀ ਡੇਰਾਵਾਦ ਦੀ ਬਿਮਾਰੀ ਨੇ ਸਾਡੇ ਸਮਾਜ ਨੂੰ ਅੱਜ ਚੁਫੇਰਿਓਂ ਘੇਰ ਰੱਖਿਆ ਹੈ। ਵਿਕਾਸ ਤੇ ਸਰਮਾਏਦਾਰੀ ਪੰਧ ਦੀ ਬਦੌਲਤ ਜਨ-ਸਧਾਰਨ ਨੂੰ ਦਰਪੇਸ਼ ਮੁਸ਼ਕਲਾਂ ਨੂੰ ਜਾਰੀ ਰੱਖਣਾ ਜਿਥੇ ਲੋਟੂ ਹਾਕਮ ਜਮਾਤਾਂ ਦੀ ਲੋੜ ਹੈ, ਪਰਾਇਆ ਮਾਲ ਛਕ ਕੇ ਝੋਟਿਆਂ ਦਾ ਰੂਪ ਧਾਰ ਚੁੱਕੇ ਸਾਧ ਰੱਬ ਦੀ ਰਜ਼ਾ ’ਚ ਰਹਿ ਕੇ ਸਭ ਕੁਝ ਬਰਦਾਸ਼ਤ ਕਰਨ ਦੇ ਮਸ਼ਵਰਿਆ ਰਾਹੀਂ ਲੁੱਟੇ ਜਾਣ ਵਾਲਿਆਂ ਦੀ ਸੋਚ ਨੂੰ ਖੂੰਡਾ ਕਰਕੇ ਲੋਟੂਆਂ ਦੀ ਚਾਕਰੀ ਹੀ ਨਹੀਂ ਕਰਦੇ, ਬਲਕਿ ਪੰਜ ਤਾਰਾ ਸੱਭਿਆਚਾਰ ਵਾਲੇ ਡੇਰਿਆਂ ’ਚ ਮੌਜਾਂ ਮਾਣਦੇ ਤੇ ਮਹਿੰਗੀਆਂ ਲਗਜ਼ਰੀ ਕਾਰਾਂ ਵਿਚ ਝੂਟੇ ਲੈਂਦੇ ਫਿਰਦੇ ਹਨ। ਬਾਕੀ ਦੇਸ਼ ਨੂੰ ਛੱਡ ਕੇ ਜੇ 1947 ਦੀ ਵੰਡ ਤੋਂ ਬਾਅਦ ਵਾਲੇ ਪੁਰਾਣੇ ਪੰਜਾਬ ’ਤੇ ਸਰਸਰੀ ਜਿਹੀ ਨਜ਼ਰ ਮਾਰੀ ਜਾਵੇ, ਤਾਂ ਕੋਈ ਵੀ ਇਲਾਕਾ ਅਜਿਹਾ ਨਹੀਂ ਦਿਸਦਾ, ਜਿਥੇ ਕਿਸੇ ਬਾਬੇ ਨੇ ਡੇਰਾ ਨਾ ਬਣਾਇਆ ਹੋਵੇ। ਬਾਵਜੂਦ ਇਸਦੇ ਇਹ ਰਿਪੋਰਟ ਕੁਝ ਉਨਾਂ ਡੇਰਿਆਂ ਤੱਕ ਹੀ ਸੀਮਤ ਹੈ, ਜਿਨਾਂ ਸਬੰਧੀ ਪਿਛਲੇ ਸਮੇਂ ਤੋਂ ਅਖਬਾਰਾਂ ’ਚ ਚਰਚਾ ਹੋ ਰਹੀ ਹੈ। ਵੋਟ ਸਿਆਸਤ ਦੀ ਮਰਜ਼ ਤੋਂ ਪੀੜਤ ਭਾਵੇਂ ਹਰ ਸਿਆਸੀ ਪਾਰਟੀ ਦੇ ਵੱਡੇ-ਵੱਡੇ ਲੀਡਰ ਇਨਾਂ ਠੇਕੇਦਾਰਾਂ ਨੂੰ ਨਤਮਸਤਕ ਹੁੰਦੇ ਹਨ ਪਰ ਅਫਸੋਸਨਾਕ ਪਹਿਲੂ ਇਹ ਹੈ ਕਿ ਪਹਿਲਾ ਸਥਾਨ ਉਨਾਂ ਆਗੂਆਂ ਨੇ ਹਥਿਆਇਆ ਹੋਇਆ ਹੈ, ਜੋ ਸ਼ਰਮ, ਧਰਮ ਸਭ ਛੁਪ ਖਲੋਏ, ਕੂੜ-ਫਿਰੈ ਪ੍ਰਧਾਨ ਵੇ ਲਾਲੋ... ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਦੇ ਸਿੱਖ ਧਰਮ ਦੇ ਆਪਣੇ ਆਪ ਨੂੰ ਪੈਰੋਕਾਰ ਕਹਾਉਂਦੇ ਹਨ।

ਉਕਤ ਲੋਕ ਅਕਾਲੀ ਦਲ ’ਚ ਹੋਣ ਜਾਂ ਕਾਂਗਰਸ ’ਚ, ਪਰ ਇਹ ਇਕ ਕੌੜੀ ਸੱਚਾਈ ਹੈ ਕਿ ਸਿਰਸੇ ਵਾਲੇ ਉਸ ਸਾਧ ’ਚ ਪੰਜਾਬ ਦਾ ਹਰ ਵੱਡਾ ਸਿੱਖ ਸਿਆਸਤਦਾਨ ਆਪੂ ਬਣੇ ਜਗਤ ਪਿਤਾ ਦੇ ਚਰਨਾਂ ’ਚ ਡੰਡੌਤ ਕਰਦੈ, ਜਿਸ ਵਿਰੁੱਧ ਬਲਾਤਕਾਰ, ਕਤਲਾਂ ਆਦਿ ਦੇ ਗੰਭੀਰ ਦੋਸ਼ਾਂ ਦੀ ਪੜਤਾਲ ਦੁਨਿਆਵੀਂ ਅਦਾਲਤਾਂ ਦੇ ਹੁਕਮ ’ਤੇ ਸੀ.ਬੀ.ਆਈ.ਵੱਲੋਂ ਕੀਤੀ ਜਾ ਰਹੀ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਰੁਤਬਾ ਤੇ ਹਕੂਮਤ ਮਾਨਣ ਲਈ ਜਿਸ ਸੰਵਿਧਾਨ ਤੇ ਕਾਨੂੰਨ ਦਾ ਪਾਲਣ ਕਰਨ ਦੀਆਂ ਇਹ ਭੱਦਰ-ਪੁਰਸ਼ ਕਸਮਾਂ ਖਾਂਦੇ ਨਹੀਂ ਥੱਕਦੇ, ਉਨਾਂ ਦੇ ਅਧਿਆਤਮਕ ਪ੍ਰਭੂਆਂ ਦੇ ਮਨਾਂ ’ਚ ਇਨਾਂ ਪ੍ਰਤੀ ਭੋਰਾ-ਭਰ ਵੀ ਸਤਿਕਾਰ ਨਹੀਂ। ਜੇ ਅਜਿਹਾ ਨਾ ਹੁੰਦਾ, ਤਾਂ ਸੌਦਾ ਸਾਧ ਨਾ ਤਾਂ ਕਾਨੂੰਨ ਦੀ ਨਜ਼ਰ ’ਚ ਲੋੜੀਂਦੀ ਉਮਰ ਤੋਂ ਘੱਟ ਵਾਲੇ ਆਪਣੇ ਪੁੱਤਰ ਦਾ ਵਿਆਹ ਕਰਦਾ ਅਤੇ ਨਾ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਹਦਾਇਤ ’ਤੇ ਉਸ ਵਿਰੁੱਧ ਪੜਤਾਲ ਕਰਨ ਵਾਲੀ ਸੀ.ਬੀ.ਆਈ. ਦੇ ਵਿਰੋਧ ’ਚ ਜ਼ਿਲਿਆਂ ਤੋਂ ਲੈ ਕੇ ਤਿੰਨ ਰਾਜਾਂ ਦੀ ਰਾਜਧਾਨੀ ਚੰਡੀਗੜ ਵਿਖੇ ਸਮੇਂ-ਸਮੇਂ ਅਧਿਆਤਮਿਕਤਾ ਦੇ ਨਾਂਅ ਹੇਠ ਆਪਣੇ ਸ਼ਰਧਾਲੂਆਂ ਤੋਂ ਵੱਡੇ-ਵੱਡੇ ਮੁਜ਼ਾਹਰੇ ਕਰਾਉਂਦਾ।

ਅਗਲਾ ਕਿੱਸਾ ਬੇਲਦਾਰ ਤੋਂ ਪ੍ਰਮਾਤਮਾ ਦਾ ਪ੍ਰਤੀਨਿੱਧ ਬਣੇ ਭਨਿਆਰੇ ਵਾਲੇ ਸਾਧ ਦੇ ਡੇਰੇ ਨਾਲ ਸਬੰਧਤ ਹੈ। ਜਿਸ ਦੀ ਚਰਨਬੰਦਨਾਂ, ਅਕਾਲੀ ਦਲ ਦਾ ਸਾਬਕਾ ਖੇਤੀਬਾੜੀ ਮੰਤਰੀ, ਜਿਸ ਦਾ ਪੁੱਤਰ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਅਹੁਦੇਦਾਰ ਹੈ, ਹੀ ਨਹੀਂ ਕਰਦਾ ਰਿਹਾ, ਬਲਕਿ ਸਿੱਖ ਨੌਜਵਾਨਾਂ ਨੂੰ ਕਥਿਤ ਅਗਵਾਈ ਦੇਣ ਵਾਲੇ ਬਾਦਲ ਅਕਾਲੀ ਦਲ ਨਾਲ ਸਬੰਧਤ ਯੂਥ ਵਿੰਗ ਦਾ ਪ੍ਰਧਾਨ ਵੀ ਕਿਸੇ ਤੋਂ ਪਿੱਛੇ ਨਾ ਰਿਹਾ। ਇਕ ਹੋਰ ਅਖੌਤੀ ਸਾਧ ਨੂਰਮਹਿਲ ਵਾਲਾ ਹੈ, ਜਿਸ ਦਾ ਦੁਆਬੇ ਤੋਂ ਲੈ ਕੇ ਮਾਲਵੇ ਤੱਕ ਵੋਟਰਾਂ ’ਤੇ ਪ੍ਰਭਾਵ ਹੈ, ਉਸਦਾ ਇਕ ਪਾਸੇ ਤਾਂ ਸਿੱਖ ਸੰਗਤਾਂ ਡਾਂਗਾ, ਸੋਟੇ ਲੈ ਕੇ ਵਿਰੋਧ ਕਰਦੀਆਂ ਹਨ ਪਰ ਦੂਜੇ ਪਾਸੇ ਅਕਾਲੀ ਸੁਪਰੀਮੋਂ ਦੀ ਧਰਮ ਪਤਨੀ ਉਸ ਸਾਧ ਦੀਆਂ ਚੌਂਕੀਆਂ ਭਰਨ ਤੋਂ ਵੀ ਗੁਰੇਜ਼ ਨਹੀਂ ਸੀ ਕਰਦੀ। ਇਸ ਸਬੰਧੀ ਪਹਿਲਾਂ ਹੀ ਸਮੇਂ-ਸਮੇਂ ਅਖਬਾਰਾਂ ’ਚ ਤਸਵੀਰਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ। ਇਥੇ ਹੀ ਬੱਸ ਨਹੀਂ ਬਹੁਤ ਸਾਰੇ ਅਜਿਹੇ ਅਕਾਲੀ ਆਗੂ ਵੀ ਹਨ, ਜੋ ਉਨਾਂ ਨਿਰੰਕਾਰੀਆਂ ਦੇ ਸਮਾਗਮਾਂ ’ਚ ਹਾਜ਼ਰੀਆਂ ਲਵਾਉਂਦੇ ਹਨ, ਜਿਨਾਂ ਦੇ ਸਮਾਜਿਕ ਬਾਈਕਾਟ ਦਾ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮਨਾਮਾ ਜਾਰੀ ਹੋ ਚੁੱਕਾ ਹੈ।

ਜਿਥੋਂ ਤੱਕ ਕਰਮ-ਕਾਡਾਂ ਦਾ ਸਵਾਲ ਹੈ, ਇਸ ਵਿਚ ਵੀ ਸਿੱਖ ਆਗੂਆਂ ਦੀ ਝੰਡੀ ਕਿਸੇ ਤੋਂ ਛੋਟੀ ਨਹੀਂ। ਜੇ ਅਕਾਲੀ ਦਲ ਬਾਦਲ ਦਾ ਕੈਬਨਿਟ ਮੰਤਰੀ ਰਮਾਇਣ ਦੇ 500 ਪਾਠ ਕਰਵਾ ਚੁੱਕਾ ਹੈ ਤਾਂ ਉਸਦਾ ਸੁਪਰੀਮੋਂ ਵੀ ਪਿੱਛੇ ਨਹੀਂ। ਸਿਰ ’ਤੇ ਲਏ ਮੁਕਟ ’ਤੇ ਹੱਥ ’ਤੇ ਬੰਨੀ ਖੰਬਣੀ ਨਾਲ ਚੰਦਰਾ ਸਵਾਮੀ ਵਰਗੇ ਚੰਦਰੇ ਸਾਧ ਤੋਂ ਹਵਨ ਕਰਾਉਣ ਦੀਆਂ ਤਸਵੀਰਾਂ ਅਖਬਾਰਾਂ ’ਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਹ ਤਾਂ ਪਿੱਛੇ ਸਮੇਂ ਦੀ ਗੱਲ ਹੈ, ਜਦੋਂ ਪੁੱਤ ਤੇ ਪਰਿਵਾਰ ਦੀ ਸਿਆਸੀ ਸਥਾਪਤੀ ਵਾਸਤੇ ਕਿਸੇ ਉਪਾਅ ਸਮੇਂ ਇਹ ਸਿੱਖ ਆਗੂ ਪਿੰਡ ਵਿਚਲੀ ਆਪਣੀ ਜਾਤੀ ਰਿਹਾਇਸ਼ ’ਤੇ ਸਨਾਤਨੀ ਝੰਡਾ ਲਹਿਰਾਉਣ ਤੱਕ ਵੀ ਚਲਾ ਗਿਆ ਤੇ ਇਹ ਵੀ ਹੈਰਾਨੀਜਨਕ ਸੱਚਾਈ ਹੈ ਕਿ ਇਹ ਸਭ ਕੁਝ ਲਿਖਤੀ ਰੂਪ ’ਚ ਧਿਆਨ ’ਚ ਲਿਆਉਣ ਦੇ ਬਾਵਜੂਦ ਸਿੰਘ ਸਾਹਿਬਾਨ ਜਿਨਾਂ ’ਚੋਂ ਇਕ ਕਰਮਕਾਡਾਂ ਰਾਹੀਂ ਪੇਟ ਦੀ ਅੱਗ ਬੁਝਾਉਣ ਵਾਲੇ ਛੋਟੇ-ਛੋਟੇ ਫਕੀਰਾਂ ਵਾਂਗ ਡਾਂਗ ਚੁੱਕੀ ਫਿਰਦੈ, ਨੇ ਸਿੱਖ ਰਹਿਤ ਮਰਿਆਦਾ ਦੀਆਂ ਉਲੰਘਨਾਵਾਂ ਕਰਨ ਵਾਲੀਆਂ ਇਨਾਂ ਘਟਨਾਵਾਂ ਵੱਲ ਧਿਆਨ ਤੱਕ ਨਾ ਦਿੱਤਾ। ਇਹ ਸ਼ਾਇਦ ਅਹੁਦੇਦਾਰੀਆਂ ਤੋਂ ਛੁੱਟੀ ਹੋਣ ਦੇ ਡਰੋਂ ਹੀ ਹੈ। ਅਜਿਹੇ ਹਲਾਤ ’ਚ ਖੁਦਾ ਨਾ ਖਾਸਤਾ, ਜੇ ਬਾਬਾ ਨਾਨਕ ਮੁੜ ਪ੍ਰਗਟ ਹੋ ਜਾਵੇ ਤਾਂ ਸੰਭਵ ਹੈ ਕਿ ਉਸਦੇ ਅਨੁਆਈ ਉਸ ਨਾਲ ਉਹੋ ਜਿਹਾ ਹੀ ਵਰਤਾਓ ਕਰਨ, ਜੋ ਵਲੀ-ਕੰਧਾਰੀ ਨੇ ਕੀਤਾ ਸੀ।

ਗੁਰਿੰਦਰ ਸਿੰਘ ਕੋਟਕਪੂਰਾ
98728-10153


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top