Share on Facebook

Main News Page

ਅਸੀਂ ਨਹੀਂ ਮੰਨਦੇ

ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਅੱਜ ਤੁਹਾਡਾ ਚਲਾਇਆ ਹੋਇਆ ਨਿਰਮਲ ਪੰਥ ਪੂਰੇ ਸੰਸਾਰ ਵਿੱਚ ਆਪ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ। ਅਸੀਂ ਬਾਬਾ ਜੀ ਤੁਹਾਡੀ ਮਿੱਠੀ ਯਾਦ ਵਿੱਚ ਬਹੁੱਤ ਤਕੜਾ ਨਗਰ ਕੀਰਤਨ ਕੱਢਿਆ, ਜਿਸ ਵਿੱਚ ਰੰਗ ਬਿਰੰਗੀਆਂ ਝੰਡੀਆਂ, ਸਜਾਵਟ, ਖਾਣ-ਪੀਣ ਦੇ ਭਾਂਤ-ਭਾਂਤ ਲੰਗਰਾਂ ਨੇ ਤਾਂ ਕਮਾਲ ਈ ਕਰਤੀ, ਲੱਗਭਗ ਸਾਡੇ ਇਲਾਕੇ ਦੇ ਜਿੰਨੇ ਵੀ ਸਕੂਲ ਨੇ ਉਥੋਂ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ, ਜਿਹਨਾਂ ਵਿੱਚੋਂ ਕਈਆਂ ਨੇ ਸਾਰਾ ਦਿਨ ਬੈਂਡ, ਬੰਸਰੀਆਂ, ਚਿਮਟੇ ਵਗੈਰਾ ਵਜਾਏ ਪਰ ਥੱਕੇ ਨਹੀਂ, ਕਿਉਂਕਿ ਸ਼ਰਧਾ ਹੀ ਬੜੀ ਸੀ ਜਾਂ ਕੁੱਝ ਨੂੰ ਹੋ ਸਕਦਾ ਅਧਿਆਪਕਾਂ ਦਾ ਡਰ ਵੀ ਹੋਵੇ ਤਾਂ ਕਰਕੇ ਹੀ ਜ਼ੋਰ-ਜ਼ੋਰ ਦੀ ਚੁੱਪ ਕਰਕੇ ਵਜਾਈ ਜਾਂਦੇ ਹੋਣ। ਪਰ ਅਸੀਂ ਲੋਕਾਂ ਨੇ ਬੱਚਿਆਂ ਨੂੰ ਹਰ ਸਹੂਲਤ ਵੀ ਦਿੱਤੀ ਸਕੂਲ ਦੀਆਂ ਵਿਸ਼ੇਸ਼ ਗੱਡੀਆਂ ਬੱਚਿਆਂ ਨੂੰ ਸਕੂਲੋਂ ਲੈ ਕੇ ਆਈਆਂ ਅਤੇ ਮੁੜ ਘਰ ਛੱਡ ਕੇ ਆਈਆਂ, ਖਾਣ-ਪੀਣ ਦੇ ਸਾਮਨ ਨਾਲ ਬੱਚਿਆਂ ਦੇ ਲਿਫਾਫੇ ਭਰ ਦਿੱਤੇ, ਪਰ ਉਹਨਾਂ ਮਾਸੂਮ ਬੱਚਿਆਂ ਨੂੰ ਤੁਹਾਡੇ ਇਤਿਹਾਸ, ਸਿਧਾਂਤਾਂ, ਗੁਰਬਾਣੀ ਉਪਦੇਸ਼ਾਂ ਦੀ ਇੱਕ ਜਿਹੀ ਗੱਲ ਵੀ ਨਹੀਂ ਦੱਸੀ, ਤੇ ਨਾ ਹੀ ਆਪ ਜੀ ਦੀ ਉਚਾਰਣ ਕੀਤੀ ਇਲਾਹੀ ਬਾਣੀ ਵਿੱਚ ਰਤਾ ਮਾਸਾ ਕਿਤੇ ਇੱਕ ਪੰਗਤੀ ਵੀ ਉਹਨਾਂ ਮਨਾਂ ਤੱਕ ਨਾ ਪੁੱਜਣ ਦਿੱਤੀ ਗਈ, ਇਸ ਗੱਲ ਦਾ ਪੂਰਾ ਪ੍ਰਹੇਜ ਰੱਖਿਆ ਗਿਆ ਸੀ, ਕਿਉਂਕਿ ਅਸੀਂ ਵੀ ਜੁ ਨਹੀਂ ਮੰਨਦੇ ਤੁਹਾਡੀ ਬਾਣੀ ਅਤੇ ਸਿਧਾਂਤਾਂ ਨੂੰ !! ਬਾਕੀ ਸਾਰੇ ਰਸਤੇ ਵਿੱਚ ਦਾੜ੍ਹੀ ਕੱਟੇ ਅਖੌਤੀ ਧਾਰਮਿਕ ਗਾਇਕਾਂ ਦੀ ਕੈਸਿਟਾਂ ਧੁਮ ਧੜੱਕੇ ਨਾਲ ਚੱਲਦੀਆਂ ਰਹੀਆਂ।

ਕੁੱਝ ਵੱਡੇ-ਵੱਡੇ ਗੁਰਮਤਿ ਸਮਾਗਮ ਵੀ ਕਰਵਾਏ ਜਾ ਰਹੇ ਹਨ, ਨਾਲੇ ਪਤਾ ਬਾਬਾ ਜੀ ਇਹਨਾਂ ਸਮਾਗਮਾਂ ਨੂੰ ਸਾਰੀ ਦੁਨੀਆ ਟੀ.ਵੀ. ਆਦਿਕ ਤਕਨੋਲਜੀ ਦੇ ਮਾਧਿਅਮ ਸਦਕਾ ਸਾਰੀ ਦੁਨੀਆ ਦੇਖੇਗੀ। ਇਸਤੇ ਆਉਣ ਵਾਲਾ ਖਰਚਾ ਕੁੱਝ ਜਿਆਦਾ ਨਹੀਂ ਬੱਸ ਇੰਨਾ ਕੁ ਈ ਆਵੇਗਾ ਜਿਸ ਨਾਲ ਜੇ ਚਾਹੀਏ ਤਾਂ ਬਾਬਾ ਤੇਰੀ ਬਾਣੀ ਤੇ ਬਾਣੇ ਨੂੰ, ਤੇਰੇ ਸਿਧਾਂਤਾਂ ਤੇ ਆਲਮਗੀਰੀ ਉਪਦੇਸ਼ਾਂ ਨੂੰ (ਹੁਣ 248 ਨਹੀਂ) ਉਂਗਲੀ ਤੇ ਗਿਣੇ ਜਾ ਸਕਣ ਵਾਲੇ ਕੁੱਝ ਸਾਲਾਂ ਵਿੱਚ ਹੀ ਪੂਰੇ ਸੰਸਾਰ ਵਿੱਚ ਫੈਲਾ ਕੇ ਆਪਜੀ ਦੀ ਵਿਗਿਆਨਕ ਸੋਚ ਦਾ ਝੰਡਾ ਝੁਲਾਇਆ ਜਾ ਸਕਦਾ ਹੈ, ਪਰ ਆਪਾਂ ਨਹੀਂਉਂ ਕਰਨਾ, ਪਤਾ ਕਿਉਂ? ਕਿਉਂਕਿ ਅਸੀਂ ਨਹੀਂ ਮੰਨਦੇ ਗੁਰਬਾਣੀ ਦੀ ਕਿਸੇ ਗੱਲ ਨੂੰ। ਹਾਂ ਇਹਨਾਂ ਸਮਾਗਮਾਂ, ਕੀਰਤਨ ਦਰਬਾਰਾਂ ਅਤੇ ਲਾਈਵ ਕਾਸਟਾਂ ਦੌਰਾਨ ਅਸੀਂ ਆਪ ਜੀ ਦੇ ਜੀਵਣ ਸਬੰਧੀ ਆਪੇ ਘੜੀਆਂ ਮਨਮਤੀ ਸਾਖੀਆਂ ਨੂੰ ਬ੍ਰਹਾਮਣਵਾਦ ਦੇ ਜੂਲੇ ਵਿੱਚ ਐਸਾ ਲਪੇਟ ਲਪੇਟ ਕੇ ਪ੍ਰਚਾਰਣਾ ਹੈ ਕਿ ਕਿਤੇ ਭੁੱਲ ਕੇ ਵੀ ਗੁਰਬਾਣੀ ਸਿਧਾਂਤਾਂ ਨੂੰ ਨਾ ਸਮਝ ਲਵੇ। ਨਹੀਂ ਤਾਂ ਇਹਨਾਂ ਸਿੱਖਾਂ ਨੇ ਸਾਡਿਆਂ ਡੇਰਿਆਂ, ਦੁਆਰਾਂ ਆਦਿਕ ਤੇ ਨਹੀਂ ਆਇਆ ਕਰਨਾ।

ਬਾਕੀ ਬਾਬਾ ਜੀ ਬੜਾ ਕੰਮ ਪਿਆ ਅਜੇ ਕਰਨ ਵਾਲਾ ਆਪ ਜੀ ਦਾ ਗੁਰਪੁਰਬ ਮਨਾਉਣ ਸਬੰਧੀ। ਮੁਆਫ ਕਰ ਦੇਣਾ ਬਾਬਾ ਜੀ, ਸਾਰਾ ਕੁੱਝ ਹੀ ਗਵਾਈ ਜਾ ਰਹੇ ਹਾਂ ਅਸੀਂ ਨਾ ਸਾਡੇ ਕੋਲ ਬਾਬਾ ਨਾਨਕ ਤੂੰ ਹੈ, ਨਾ ਹੀ ਹੁਣ ਤੇਰਾ ਨਨਕਾਣਾ ਸਾਡੇ ਕੋਲ ਰਿਹਾ, ਰਹਿੰਦੇ ਤੇਰੇ ਗੁਰਬਾਣੀ ਦੇ ਸਿਧਾਂਤ ਅਸੀਂ ਆਪ ਹੀ ਦਿਨ-ਬ-ਦਿਨ ਡੇਰਿਆਂ ਵਿੱਚ ਗਰਕ ਹੋ ਕੇ ਗਵਾਈ ਜਾ ਰਹੇ ਹਨ, ਕਿਰਤ ਅਸੀਂ ਨਹੀਂ ਕਰਦੇ, ਤੇ ਵੰਡ ਕੇ ਕਿੱਥੋਂ ਛੱਕਣਾ ਹੈ? ਰਹੀ ਗੱਲ ਨਾਮ ਜੱਪਣ ਦੀ ਉਹ ਤਾਂ ਬਾਬਾ ਜੀ ਅਸੀਂ ਇੰਨੇ ਕੁ ਸੰਤ ਪੈਦਾ ਕਰ ਦਿੱਤੇ ਨੇ ਉਹਨਾਂ ਨੂੰ ਚੜ੍ਹਾਵਾ ਦੇ ਆਈਦਾ ਹੈ ਉਹ ਆਪੇ ਹੀ ਜਪੀ ਜਾਂਦੇ ਨੇ ਆਪੋ ਆਪਣੇ ਭੋਰਿਆਂ ਵਿੱਚ । ਬਾਕੀ ਹੁਣ ਉਹ ਸੱਭ ਕੁੱਝ ਹੀ ਕਰੀ ਜਾਂਦੇ ਹਾਂ ਜੋ ਕੁੱਝ ਆਪ ਜੀ ਨੇ ਮਨ੍ਹਾਂ ਕੀਤਾ ਸੀ, ਉਹ ਸਾਰੇ ਬ੍ਰਾਹਮਣਵਾਦੀ ਕਰਮਕਾਂਡ, ਅੰਧ ਵਿਸ਼ਵਾਸ਼, ਤੋਤਾ ਰਟਨ, ਮੰਤਰ-ਜੰਤਰ ਆਂਦਿਕ ਵਿੱਚ ਬੁਰੀ ਤਰ੍ਹਾਂ ਉਲਝ ਚੁੱਕੇ ਹਾਂ ਕਿਉਂਕਿ ਅਸੀਂ ਨਹੀਂ ਮੰਨਦੇ ਤੁਹਾਡੇ ਕਿਸੇ ਵੀ ਹੁਕਮ ਨੂੰ।

ਬਾਕੀ ਬਾਬਾ ਖੱਜਲ ਵੀ ਬੜੇ ਹੋ ਰਹੇ ਹਾਂ ਤੇਰੇ ਤੋਂ ਦੂਰ ਹੋ ਕੇ ਉਹ ਤੁਸੀਂ ਕਿਹਾ ਸੀ ਨਾ ਬਾਣੀ ਵਿੱਚ “ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥ (ਸਲੋਕ ਮਹਲਾ 4, ਪੰਨਾ 308)” ਸਾਡੇ ਸਾਹਮਣੇ ਗੁਰੂ ਸਾਹਿਬ ਜੀ ਆਪ ਜੀ ਦੀ ਪਾਵਣ ਬਾਣੀ ਅਤੇ ਸਿਧਾਂਤ ਹਨ, ਪਰ ਅਸੀਂ ਮੰਨਣ ਲਈ ਤਿਆਰ ਨਹੀਂ ਹਾਂ, ਪਰ ਪੂਜਣ ਲਈ। ਬੱਸ ਪੁਛੋ ਹੀ ਕੁੱਝ ਨਾ।

ਅੰਤ ਵਿੱਚ ਇਕ ਦਿਲ ਦੀ ਗੱਲ ਕਹਾਂ ਬਾਬਾ ਜੀ ਬੜਾ ਦਿਲ ਕਰਦਾ ਸਾਡਾ ਤੇ ਤੁਹਾਡਾ ਪਹਿਲਾਂ ਦੀ ਤਰ੍ਹਾਂ ਆਪਸ ਵਿੱਚ ਪਿਆਰ ਬਣ ਜਾਵੇ, ਪਰ ਅਸੀਂ ਬੜਾ ਉਲਝੇ ਪਏ ਹਾਂ, ਕੁੱਝ ਇਤਿਹਾਸਕਾਰਾਂ ਨੇ ਉਲਝਾ ਦਿੱਤਾ, ਕੁੱਝ ਵਿਦਵਾਨ/ਲੇਖਕਾਂ ਨੇ, ਕੁੱਝ ਸਾਧਾਂ ਤੇ ਬਾਬਿਆਂ ਨੇ, ਕੁੱਝ ਧਰਮ ਵਿੱਚ ਵੜੇ ਮੱਕਾਰਾਂ ਨੇ, ਕੁੱਝ ਕੌਮ ਦਿਆਂ ਗੱਦਾਰਾਂ ਨੇ, ਕੁੱਝ ਆਪੂੰ ਬਣੇ ਜੱਥੇਦਾਰਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਸਿੱਖੀ ਦਾ ਸਿੱਖਾਂ ਦਾ। ਕ੍ਰਿਪਾ ਕਰੋ ਬਾਬਾ ਜੀ ਸਾਨੂੰ ਸੱਭ ਨੂੰ ਸਮੁਤ ਬਖਸ਼ੋ ਤਾਂ ਕਿ ਅਸੀਂ ਆਪਣੀ ਮੂਲਧਾਰਾ ਨਾਲ ਜੁੜ ਸਕੀਏ। ਸਾਨੂੰ ਬਖਸ਼ ਲਉ, ਬਖਸ਼ ਲਉ।

ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top