Share on Facebook

Main News Page

ਗੁਰੂ ਨਾਨਕ ਜੀ ਦੇ ਧਰਮ ਬਾਰੇ ਇੱਕ ਸੰਖ਼ੇਪ ਵਿਚਾਰ

ਗੁਰੂ ਨਾਨਕ ਜੀ ‘ਸਿੱਖੀ ਦੇ ਦਰਸ਼ਨ’ ਦੇ ਸੂਤਰਧਾਰ ਸਨ। ਇਹ ਇੱਕ ਸੁਭਾਵਕ ਗੱਲ ਹੀ ਹੈ ਕਿ ਮਨੁੱਖ ਕਿਸੇ ਬਾਰੇ ਗੱਲ ਕਰਨ ਵੇਲੇ ਭੂਤਕਾਲ, ਵਰਤਮਾਨਕਾਲ ਜਾਂ ਭਵਿੱਖਕਾਲ ਦੇ ਸੰਧਰਭ ਦਾ ਇਸਤੇਮਾਲ ਕਰਦਾ ਹੈ। ਇਸ ਵਿੱਚ ਕੋਈ ਹਰਜ਼ ਨਹੀ। ਪਰ ਇੱਝ ਵੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ‘ਸਿੱਖੀ ਦੇ ਦਰਸ਼ਨ‘ ਦੇ ਸੂਤਰਧਾਰ ਹਨ। ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦਾ ਦਰਸ਼ਨ ਹੈ।

ਗੁਰਤਾ ਸਵੀਕਾਰ ਕਰਨ ਦਾ ਭਾਵ ਹੁੰਦਾ ਹੈ। ਗੁਰੂ ਨਾਨਕ ਸਿੱਖਾਂ ਦੇ ਪਹਿਲੇ ਗੁਰੂ ਸਨ ! ੳਸ ਫ਼ਲਸਫ਼ੇ ਦੇ ਸਦਕੇ ਜੋ ਕਿ ਅੱਜ ਤਕ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਰੂਪ ਵਿੱਚ ਸਾਡਾ ਗੁਰੂ ਹੈ। ਮਾੜੀ ਗੱਲ ਨਹੀਂ ਹੁੰਦੀ ਜੇ ਕਰ ਕੁੱਝ ਸਮਝ ਨਾ ਆਏ ਤਾਂ ਮਨੁੱਖ ਆਪਣੇ ਆਲੇ-ਦੁਆਲੇ ਦੇ ਸੰਸਾਰ ਦੇ ਸੰਸਾਰਕ ਬਿੰਬਾਂ ਤੋਂ ਵੀ ਕੁੱਝ ਸਮਝ ਲੇਵੇ। ਕੁਦਰਤ ਦੇ ਰੰਗ ਬੰਦੇ ਨੂੰ ਬਹੁਤ ਕੁੱਝ ਸਿਖਾਉਂਦੇ ਹਨ।

ਭਾਰਤ ਦੇ ਕਾਨੂਨ ਅਨੁਸਾਰ ਭਾਰਤ ਦਾ ਇੱਕ ਰਾਸ਼ਟ੍ਰਪਤੀ ਹੁੰਦਾ ਹੈ। ਰਾਸ਼ਟ੍ਰਪਤੀ ਇੱਕ ਅਹੁਦਾ ਹੈ ਜਿਸ ਤੇ ਅੱਜ ਤਕ ਕਈ ਬੰਦੇ ਬੈਠੇ ਹਨ ਜਾਂ ਉਸ ਦੇ ਧਾਰਨੀ ਹੋਏ ਹਨ। ਮਿਸਾਲ ਦੇ ਤੋਰ ਤੇ 15 ਬੰਦੇ! ਸੁਭਾਵਕ ਤੋਰ ਤੇ ਉਹ ਬੰਦੇ ਅੱਜ ਤਕ ਹੋਏ 15 ਰਾਸ਼ਟ੍ਰਪਤੀ ਹੀ ਕਿਹੇ ਜਾਣਗੇ। ਐਸਾ ਕਹਿਣ ਨਾਲ 15 ਅਹੁਦੇ ਨਹੀਂ ਬਣਦੇ ਬਲਕਿ ਅਹੁਦਾ ਇੱਕ ਹੀ ਮੰਨਿਆਂ ਜਾਂਦਾ ਹੈ। ਇਹ ਗੱਲ ਸਮਝਣੀ ਔਖੀ ਨਹੀਂ ਜੇਕਰ ਵਾਸਤਵਕ ਸੰਧਰਭ ਨੂੰ ਸਮਝ ਕੇ ਤੁਰਿਆ ਜਾਵੈ।

ਕੀ ਅਹੁਦੇ ਦੇ ਬਿਨਾ ਬੰਦਾ ਰਾਸ਼ਟ੍ਰਪਤੀ ਹੋ ਸਕਦਾ ਹੈ? ਜਾਂ ਫ਼ਿਰ ਕੀ ਬੰਦੇ ਦੇ ਬਿਨ੍ਹਾਂ ਖਾਲੀ ਅਹੁਦਾ ਆਪ ਰਾਸ਼ਟ੍ਰਪਤੀ ਹੋ ਸਕਦਾ ਹੈ? ਇਹ ਸਵਾਲ ਦਿਸਚਸਪ ਹਨ। ਅਹੁਦਾ ਇੱਕ ਆਇਨੀ (Constitutional) ਫ਼ਲਸਫ਼ੇ ਦਾ ਹਿੱਸਾ ਹੈ ਪਰ ਬਿਨ੍ਹਾਂ ਅਚਾਰ (ਬੰਦੇ) ਦੇ ਉਹ ਅਧੂਰਾ ਹੈ! ਗੁਰੂ ਨਾਨਕ ‘ਆਪਣੇ ਸ਼ਬਦ ਫ਼ਲਸਫ਼ੇ‘ ਦੇ ਅਚਾਰੀ ਸਨ। ਯਾਨੀ ਕਿ ਆਪਣੇ ‘ਕੀਤੇ‘ ਨਾਲ ਸ਼ਬਦ ਗੁਰੂ ਨੂੰ ਸਮਪੂਰਣ ਕਰਨ ਵਾਲੇ। ਸ਼ਬਦ ਗੁਰੂ ਦਾ ਫ਼ਲਸਫ਼ਾ ਅਤੇ ਗੁਰੂਆਂ ਦਾ ਕੀਤਾ ਨਾਲੋ-ਨਾਲ ਤੁਰਦੇ ਹਨ। ਸ਼ਬਦ ਗੁਰੂ ਦੀ ਗੱਲ ਤਾਂ ਅਚਾਰ ਬਿਨਾ ਪੂਰੀ ਨਹੀਂ ਹੁੰਦੀ। ਸਿੱਖਾਂ ਤੇ ਵੀ ਇਸ ਅਚਾਰ ਦੀ ਜਿੰਮੇਵਾਰੀ ਹੈ। ਸਿੱਖੀ ਵਿੱਚ ਤਾਂ ਅੱਜ ਵੀ ‘ਸਿੱਖ‘ ਦੇ ਮਾਧਿਅਮ ਗੁਰੂ ਵਰਤਦਾ ਹੈ।

ਗੁਰੂ ਨਾਨਕ ਜੀ ਵਲੋਂ ਦੱਸਿਆ ਧਰਮ ਕੀ ਸੀ? ਇਹ ਸਵਾਲ ਇਸ ਚਰਚਾ ਦਾ ਵਿਸ਼ਾ ਨਹੀਂ। ਇਸ ਛੋਟੀ ਜਿਹੀ ਚਰਚਾ ਰਾਹੀਂ ਦਾਸ ‘ਉਸ ਵਿਚਾਰ‘ ਤੇ ਵਿਚਾਰ ਕਰਨ ਦਾ ਯਤਨ ਕਰੇ ਗਾ, ਜਿਸ ਅਨੁਸਾਰ ਕੁੱਝ ਸੱਜਣ ਕਹਿੰਦੇ ਹਨ ਕਿ ਗੁਰੂ ਨਾਨਕ ਤਾਂ ਕੋਈ ਨਵਾਂ ਮਾਰਗ (ਧਰਮ) ਨਹੀਂ ਸੀ ਚਲਾਉਂਣਾ ਚਾਹੰਦੇ। ਨਿਜੀ ਰੂਪ ਵਿੱਚ ਹੋਈਆਂ ਵਿਚਾਰਾਂ ਵੇਲੇ, ਇਸ ਵਿਚਾਰ ਦੇ ਪਿੱਛੇ ਐਸੇ ਸੱਜਣਾਂ ਪਾਸੋਂ ਜੋ ਜ਼ੋਰਦਾਰ ਤਰਕ ਦਾਸ ਨੂੰ ਸੁਣਨ ਨੂੰ ਮਿਲਿਆ ਉਹ ਇਹ ਸੀ ਕਿ ਅਗਰ ਗੁਰੂ ਨਾਨਕ ਐਸਾ ਚਾਹੁੰਦੇ ਤਾਂ ਇਹ ਮਨੁੱਖਤਾ ਵਿੱਚ ਵੰਡੀ ਪਾੳਂਣ ਵਾਲੀ ਗੱਲ ਹੁੰਦੀ ਜਦ ਕਿ ਗੁਰੂ ਨਾਨਕ ਤਾਂ ਵੰਡੀਆਂ ਪਾਉਂਣ ਦੇ ਖ਼ਿਲਾਫ਼ ਸਨ।

ਤਰਕ ਤਾਂ ਜੋਰਦਾਰ ਹੈ। ਕੋਣ ਸੂਝਵਾਨ ਇਹ ਕਹਿ ਸਕਦਾ ਹੈ ਕਿ ਗੁਰੂ ਨਾਨਕ ਮਨੁੱਖਤਾ ਵਿੱਚ ਵੰਡੀਆਂ ਪਾੳਂਣ ਦੇ ਵਿਰੂਧ ਨਹੀ ਸਨ? ਕੋਈ ਨਹੀਂ! ਕੋਣ ਸੂਝਵਾਨ ਇਹ ਮੰਨੇਗਾ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਟੀਚਾ ਵੰਡੀਆਂ ਪਾਉਂਣਾ ਸੀ? ਕੋਈ ਨਹੀ! ਫ਼ਿਰ ਕੀ ‘ਸਿੱਖੀ ਦੇ ਦਰਸ਼ਨ‘ ਤੇ ਤੁਰਦੇ ਗੁਰੂ ਨਾਨਕ ਨੇ ਮਨੁੱਖਤਾ ਵਿੱਚ ਇੱਕ ਨਵੀਂ ਵੰਡ ਦਾ ਸੂਤਰਪਾਤ ਕੀਤਾ ਸੀ? ਇਹ ਸਵਾਲ ਬੇਹਦ ਮਹੱਤਵਪੁਰਣ ਅਤੇ ਦਿਲਚਸਪ ਹੈ। ਸਮਝਣਾ ਪਵੇਗਾ ਕਿ ਆਖ਼ਰ ਉਨ੍ਹਾਂ ਕੀਤਾ ਕੀ ਸੀ?

ਇਸਦੇ ਜਵਾਬ ਵਿੱਚ ਸਾਨੂੰ ਕੁੱਝ ਮੁੱਢਲੀਆਂ ਗੱਲਾਂ ਨੂੰ ਵਿਚਾਰਨਾ ਪਵੇਗਾ ਇਸ ਅਕੱਟ ਤੱਥ ਦੀ ਰੋਸ਼ਨੀ ਵਿੱਚ ਕਿ ਗੁਰੂ ਨਾਨਕ ਨੇ ਨਿਰਸੰਦੇਹ ਮਨੁੱਖਤਾ ਨੂੰ ਮਨੁੱਖਤਾ ਲਈ ਇੱਕ ਨਵਾਂ ਫ਼ਲਸਫ਼ਾ ਦਿੱਤਾ ਸੀ ਅਤੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਥਾਪ ਕੇ ਉਸ ਨੇ ਅੱਗੇ ਤੋਰਨ ਦੀ ਜੁਗਤ ਵੀ।

ਆਰੰਭ ਕਰਦੇ ਹਾਂ ਇੱਕ ਛੋਟੀ ਜਿਹੀ ਗੱਲ ਤੋਂ!

ਸੰਸਾਰ ਵਿੱਚ ਮਨੁੱਖ ਦੇ ਵਿਵਹਾਰਕ ਰੂਪ ਵਿੱਚ ਵਿਚਰਣ ਦੇ ਦੋ ਮੁੱਖ ਪਹਲੂ ਹੁੰਦੇ ਹਨ। ਚੰਗਾ ਅਤੇ ਮਾੜਾ! ਚੰਗਾ ਗਿਆਨ ਦਾ ਸੂਚਕ ਹੈ ਅਤੇ ਮਾੜਾ ਅਗਿਆਨਤਾ ਦਾ। ਚੰਗਾ ਕੰਮ ਕਰਦੇ ਹੋਏ, ਉਸ ਕੰਮ ਦੇ ਸੰਧਰਭ ਵਿੱਚ, ਮਨੁੱਖ ਚੰਗਾ ਹੀ ਹੁੰਦਾ ਹੈ ਮਾੜਾ ਨਹੀਂ। ਅਤੇ ਮਾੜਾ ਕੰਮ ਕਰਦਾ ਮਨੁੱਖ, ਉਸ ਕੰਮ ਦੇ ਸੰਧਰਭ ਵਿੱਚ, ਮਾੜਾ ਹੀ ਹੁੰਦਾ ਹੈ ਚੰਗਾ ਨਹੀਂ। ਇਹ ਅਤਿ ਮਹੱਤਵ ਪੂਰਣ ਗੱਲ ਹੈ। ਯਾਨੀ ਚੰਗਾ ਹੋਣ ਦੇ ਪਲ ਵਿੱਚ ਮਨੁੱਖ ਮਾੜੀ ਗੱਲ ਤੋਂ ਅਲਗ ਖੜਾ ਹੁੰਦਾ ਹੈ ਅਤੇ ਮਾੜਾ ਹੋਂਣ ਦੇ ਪਲ ਵਿੱਚ ਮਨੁੱਖ ਚੰਗੀ ਗੱਲ ਨਾਲੋਂ ਅਲਗ ਖੜਾ ਹੁੰਦਾ ਹੈ। ਇਹ ਤਕਸੀਮ ਸੁਭਾਵਕ ਹੈ। ਇਹ ਹੈ ਪਹਿਲਾ ਨੁੱਕਤਾ।

ਗੁਰੂ ਨਾਨਕ ਜੀ ਦੀ ਬਾਣੀ ਵਿੱਚ ਇਹ ਤਕਸੀਮ ਇੰਝ ਸਪਸ਼ਟ ਹੈ:

ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 418)
ਸੰਖ਼ੇਪ ਅਰਥ:-ਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ। ਇਸ ਤਰ੍ਹਾਂ ਅਸਲ ਤੱਤ ਦੀ ਪ੍ਰਾਪਤੀ ਹੁੰਦੀ ਹੈ।

ਅਵਗਣ ਛੋਡਉ ਗੁਣ ਕਮਾਇ॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 1187)
ਭਾਵਅਰਥ: ਗੁਰੂ ਦੀ ਸਹੈਤਾ ਨਾਲ ਹੀ ਗੁਣ ਵਿਹਾਝ ਕੇ ਔਗੁਣ ਛੱਡ ਸਕਦਾ ਹਾਂ।

ਦੂਜਾ ਨੁੱਕਤਾ: ਗੁਰੂ ਨਾਨਕ ਜੀ ਦੇ ਪਿਤਾ ਨੇ ਆਪਣੇ ਪੁੱਤਰ ਦੇ ਯੱਗਿਯੋਪਵੀਤ (ਜਨੇਉ ਦੀ ਰਸਮ) ਕਰਨ ਦੀ ਮੰਸ਼ਾਂ ਰੱਖਦੇ ਹੋਏ ਆਪਣੇ ਭਾਈਚਾਰੇ ਦਾ ਵੱਡਾ ਇੱਕਠ ਕੀਤਾ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਜੀ ਨੇ ਉਸ ਸਮੇਂ ਜਨੇਉ ਧਾਰਨ ਕਰਨ ਦੀ ਰਸਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਯਾਨੀ ਕਿ ਇੱਕ ਅਗਿਆਨਤਾ ਤੋਂ ਕਿਨਾਰਾਕਸ਼ੀ! ਜਿਸ ਪਲ ਗੁਰੂ ਨਾਨਕ ਨੇ ਇਨਕਾਰ ਕੀਤਾ ਉਸੀ ਪਲ ਉਹ ਉਸ ਵਿਚਾਰਧਾਰਾ ਨਾਲੋਂ ਵੱਖਰੇ ਨਜ਼ਰ ਆਏ ਜਿਸ ਤੋਂ ਉਹ ਇਨਕਾਰੀ ਹੋਏ ਸੀ। ਵੱਖਰਾ ਰਸਤਾ! ਯਾਨੀ ਕਿ ਉਹ ਰਸਤਾ ਜਿਸ ਵਿੱਚ ਇੱਕ ਅਗਿਆਨਤਾ ਨਾਲੋਂ ਅਸਹਿਮਤਿ ਸੀ। ਅਗਿਆਨਤਾ ਨਾਲੋਂ ਜੇਕਰ ਵੱਖ ਹੋਣਾ ਹੈ ਤਾ ਅਗਿਆਨਤਾ ਨਾਲੋਂ ਵੱਖਰਾ ਰਸਤਾ ਹੀ ਚੁਣਨਾ ਪਵੇਗਾ। ਇਹ ਮਨੁਖ ਨਾਲੋਂ ਮਨੁੱਖ ਦੀ ਵੰਡੀ ਨਹੀਂ ਸੀ ਬਲਕਿ ਇਹ ਮਨੁੱਖੀ ਅਗਿਆਨਤਾ ਨਾਲੋਂ ਅਸਹਿਮਤੀ ਸੀ। ਇਹ ਸਹੀ ਜਾਂ ਗਲਤ ਵਿੱਚੋਂ ਸਹੀ ਚੁਣਨ ਦੀ ਗੱਲ ਸੀ। ਗੁਰੂ ਨਾਨਕ ਮਨੁੱਖਾਂ ਨਾਲੋਂ ਕਦੇ ਵੱਖ ਨਹੀਂ ਹੋਏ ਪਰ ਸੂਭਾਵਕ ਤੋਰ ਤੇ ਉਹ ਵੱਖਰਾ ਨਜ਼ਰ ਆਏ ਉਨ੍ਹਾਂ ਵਿਚਾਰਾਂ ਨਾਲੋਂ ਜਿਹੜੇ ਮਨੁੱਖਾ ਵੱਡੀਆਂ ਲਈ ਜਿੰਮੇਵਾਰ ਸਨ। ਇਹ ਵੱਖਰੇਵਾਂ ਹੀ ਗੁਰੁ ਨਾਨਕ ਦਾ ਧਰਮ ਸੀ।

ਤੀਜਾ ਨੁੱਕਤਾ: ਜਿਹੜਾ ਕਿਸੇ ਨਾਲ ਕਿਸੇ ਨੁੱਕਤੇ ਤੇ ਸਹਿਮਤਿ ਨਾ ਹੋਵੇ ਉਹ, ਉਸ ਨੁੱਕਤੇ ਦੇ ਸੰਧਰਭ ਵਿੱਚ, ਵੱਖਰਾ ਹੀ ਨਜ਼ਰ ਆਏਗਾ। ਵਰਨਾ ਪਹਿਚਾਣ ਕਿੱਥੋਂ ਹੋਵੇਗੀ ਇੱਕ ਵੱਖਰੇ ਵਿਚਾਰ ਦੀ? ਇੱਕ ਅਤਰਕਪੁਰਣ ਵਿਚਾਰ ਦੀ ਹੋਂਦ ਹੀ ਤਰਕ ਪੁਰਣ ਵਿਚਾਰ ਦੀ ਪਹਿਚਾਣ ਬਣਦੀ ਹੈ।

ਗੁਰੂ ਨਾਨਕ ਜੀ ਫ਼ਰਮਾਉਂਦੇ ਹਨ:

ਕੂੜੁ ਛੋਡਿ ਸਾਚੇ ਕਉ ਧਾਵਹੁ ॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 1028)
ਸੰਖ਼ੇਪ ਭਾਵਅਰਥ:-ਝੂਠ ਨੂੰ ਤਿਆਗ ਕੇ ਸੱਚ ਦੀ ਪ੍ਰਾਪਤੀ ਹੁੰਦੀ ਹੈ।

ਅਤਰਕ ਝੂਠਾ ਹੋਣ ਕਰਕੇ ਹਮੇਸ਼ਾ ਵੱਡੀਆਂ ਪਾੳਂਦਾ ਹੈ ਜਿਸ ਤੋਂ ਤਰਕ ਆਪਣੇ ਨੂੰ ਅਲਗ ਕਰਨ ਦਾ ਯਤਨ ਕਰਦਾ ਹੈ। ਅਤਰਕ ਨੂੰ ਤਾਂ ਤਰਕ ਵੱਖਰਾ ਹੀ ਨਜ਼ਰ ਆਏਗਾ। ਉਦੋਂ ਤਕ ਜਦ ਤਕ ਕਿ ਉਹ ਤਰਕ ਨਾਲੋਂ ਸਹਿਮਤਿ ਨਾ ਹੋ ਜਾਏ ਜਾਂ ਤਰਕ ਨੂੰ ਆਪਣੀ ਹੀ ਗੱਲਵੱਕੜੀ ਦੇ ਗੂਬਾਰ ਵਿੱਚ ਨਾ ਲੇ ਲਵੇ। ਪਰ ਤਰਕ ਦੀ ਪਹਿਚਾਣ ਹੀ ਅਤਰਕ ਨਾਲੋਂ ਵੱਖਰੇ ਖੜੇ ਹੋਂਣ ਵਿੱਚ ਹੈ। ਉਸ ਦਾ ਸੁਭਾਵ ਹੀ ਅਤਰਕ ਤੋਂ ਪਰੇ ਖਿੱਸਕਣਾ ਹੈ। ਇਹ ਨੁਕਤਾ ਗੁਰਮਤਿ ਵਿੱਚ ਇੰਝ ਸਪਸ਼ਟ ਹੈ;

ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 314)

ਸੰਖ਼ੇਪ ਅਰਥ:-ਕੋਈ ਧਿਰ ਮਨ ਵਿੱਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ)। ਝੂਠੇ ਝੂਠਿਆਂ ਵਿੱਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ। ੨੬

ਗੁਰੂ ਨਾਨਕ ਜੀ ਦਾ ਮਤਿ ਸਪਸ਼ਟ ਸੀ ਕਿ ਮਨੁੱਖ ਧੜੇਬਾਜ਼ ਨਾ ਹੋਵੇ। ਹੁਣ ਚੂਂਕਿ ਗੁਰੂ ਨਾਨਕ ਧੜੇਬਾਜ਼ੀ ਵਿੱਚ ਨਹੀਂ ਸਨ ਇਸ ਲਈ ਉਹ ਧੜੇਬਾਜ਼ੀ ਨਾਲੋਂ ਵੱਖ ਖੜੇ ਹੋ ਗਏ ਰੱਲੇ ਨਹੀਂ। ਕੋਈ ਇਸ ਨੂੰ ਮਨੂਖਾ ਵੰਡ ਨਾ ਸਮਝ ਬੈਠੇ! ਗੁਰੂ ਨਾਨਕ ਜੀ ਦੇ ਫ਼ਲਸਫ਼ੇ ਦਾ ਤਾਂ ਮੁੱਢਲਾ ਅਸੂਲ ਹੀ ਸੀ ‘ਧੜੇਬਾਜ਼ੀ ਤੋਂ ਉੱਪਰ ਮਨੁੱਖੀ ਏਕਤਾ’! ਲੇਕਿਨ ਗ਼ੌਰ ਕਰਨਾ ਜਦ ਤਕ ਮਨੁੱਖਾਂ ਵਿੱਚ ਵੰਡੀਆਂ ਹਨ ਗੁਰੂ ਨਾਨਕ ਵੰਡੀਆਂ ਤੋਂ ਵੱਖਰੇ ਹੀ ਖੜੇ ਰਹਿਣ ਗੇ। ਹੋ ਸਕਦਾ ਹੈ ਕਿ ਕੋਈ ਗੁਰੂ ਨਾਨਕ ਨੂੰ ਨਾ ਸਮਝਦੇ ਹੋਏ ਉਨ੍ਹਾਂ ਦੇ ਮਾਰਗ ਨੂੰ ਧੜੇਬਾਜ਼ੀ ਦਾ ਨਾਮ ਦੇ ਰਿਹਾ ਹੋਵੇ। ਪਰ ਜੋ ਗੁਰੂ ਨਾਨਕ ਜੀ ਨੂੰ ਸਮਝਦਾ ਹੈ ਉਸ ਨੂੰ ਵੱਖਰਾ ਖੜਾ ਹੋਣਾ ਹੀ ਪਵੇਗਾ ਧੜੇਬਾਜ਼ੀ ਨਾਲੋਂ। ਇਹੀ ਗੁਰੂ ਨਾਨਕ ਜੀ ਦਾ ਆਪਣਾ ਮਾਰਗ ਹੈ ਜਿਸ ਵਿੱਚ ਧਰਮ ਦੀ ਨਵੇਕਲੀ ਪਰਿਭਾਸ਼ਾ ਹੈ ਸਮਕਾਲੀ ਧਾਰਮਕ ਪਰਿਭਾਸ਼ਾਵਾਂ ਨਾਲੋਂ ਵੱਖ। ਇਸ ਵਿੱਚ ਹਰ ਇੱਕ ਲਈ ਆਪਣੇ ਅਸਲ ਧਰਮ ਨੂੰ ਸਮਝਣ ਦੀ ਜੂਗਤ ਹੈ। ਇਹ ‘ਸਿੱਖੀ ਦਾ ਦਰਸ਼ਨ‘ ਹੈ ਜਿਸ ਨੂੰ ‘ਸਿੱਖ ਧਰਮ‘ ਕਰ ਕੇ ਜਾਣਿਆ ਜਾਂਦਾ ਹੈ।

ਜੇ ਕਰ ਵੰਡੀਆਂ ਵਿੱਚ ਰਲ ਜਾਣਾ ਵੰਡ ਮੁਕਾਉਂਣ ਦੀ ਸ਼ਰਤ ਹੈ ਤਾਂ ਗੁਰੂ ਨਾਨਕ ਇਸ ਲਈ ਉਪਲੱਭਧ ਨਹੀਂ ਹਨ!

ਹਰਦੇਵ ਸਿੰਘ, ਜੰਮੂ
094191-84990


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top