Share on Facebook

Main News Page

(ਅਖੌਤੀ) ਧਰਮੀ ਪੁਜਾਰੀਆਂ ਦੇ ਹਥਿਆਰ

ਧਰਮ ਦੇ ਨਾਂ ਤੇ ਲੋਕਾਂ ਦੀ ਕਿਰਤ ਕਮਾਈ ਤੇ ਡਾਕੇ ਮਾਰਨ ਲਈ, ਅੱਜ ਸਾਧਾਂ ਦੇ ਟੋਲੇ ਗਸ਼ਤੀ ਫੋਜਾਂ ਵਾਗੂੰ ਲੋਕ ਨੂੰ ਘੇਰ ਕੇ ਖੜੋਤੇ ਹਨ। ਜਿੰਨ੍ਹਾਂ ਨੇ ਧਰਮ ਦੇ ਨਾਮ ਉੱਤੇ ਲੋਕਾਂ ਦਾ ਸੋਸ਼ਣ ਸਦੀਆਂ ਤੋਂ ਬਹੁਤ ਚੰਗੀ ਤਰਾਂ ਕੀਤਾ। ਜਿਵੇਂ ਡਾਕੂ ਕਿਸੇ ਪਿੰਡ ਸ਼ਹਿਰ ਤੇ ਹਮਲਾ ਕਰਨ ਲਈ ਹਥਿਆਰ ਲੈ ਕੇ ਚੜਾਈ ਕਰਦੇ ਹਨ। ਇਸ ਤਰਾਂ ਹੀ ਇਹ ਧਰਮੀ ਡਾਕੂਆਂ ਦੇ ਕੁੱਝ ਹਥਿਆਰ ਲੋਕਾਂ ਨੂੰ ਲੁੱਟਣ ਕਈ ਬਹੁਤ ਕਾਰਗਰ ਸਿੱਧ ਹੋਏ। ਵੈਸੇ ਤਾਂ ਇਨ੍ਹਾਂ ਹਥਿਆਰਾਂ ਦੀ ਗਿਣਤੀ ਕਰੀਏ ਤਾਂ ਇਹ ਬਹੁਤ ਜਿਆਦਾ ਨੇ ਪਰ ਕੁਝ ਕੁ ਹਥਿਆਰ ਜਿੰਨ੍ਹਾਂ ਦੀ ਮਾਰੀ ਹੋਈ ਗੁਲਾਮੀ ਰੂਪੀ ਸੱਟ ਮਨੁੱਖਤਾ ਦਾ ਲੱਕ ਤੋੜ ਗਈ।

1. ਯੱਗ 2. ਨਰਕ ਸਵਰਗ 3. ਪਿਛਲੇ ਕਰਮਾਂ ਦਾ ਫਲ 4. ਤੀਰਥ ਯਾਤਰਾ 5. ਆਤਮਾ ਪ੍ਰਮਾਤਮਾ 6. ਪੂਜਾ

ਜੇ ਇਨ੍ਹਾਂ ਛੇਆਂ ਦੀ ਵਿਆਖਿਆ ਕਰੀਏ ਤਾਂ ਮੇਰੇ ਖਿਆਲ ਨਾਲ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ, ਪਰ ਕੇਵਲ ਅੱਜ ਆਪਾਂ ਇਤਨੀ ਗੱਲ ਨੂੰ ਸਮਝਣਾ ਹੈ।

  1. ਯੱਗ – ਈਰਾਨ ਤੋਂ ਭਾਰਤ ਆਇਆ। ਦੇਵਤਿਆਂ ਨੂੰ ਖੁਸ਼ ਕਰਨ ਲਈ, ਜੋ ਕੇਵਲ ਆਹੂਤੀ ਤੋਂ ਹੀ ਪ੍ਰਸੰਨ ਹੁੰਦੇ ਸਨ। ਬਾਅਦ ਵਿੱਚ ਹਰ ਮੌਕੇ ਤੇ ਹੀ ਪਰੰਪਰਾ ਬਣ ਗਈ, ਇਹ ਪੁਜਾਰੀ ਦੇ ਪੇਟ ਭਰਨ ਦਾ ਇਕ ਵੱਡਾ ਸਾਧਨ ਸੀ।

  2. ਸਵਰਗ ਨਰਕ - ਕਲਪਨਾ ਵੀ ਇਨਾਂ ਦੀ ਹੀ ਦੇਣ ਹੈ। ਜੋ ਦਾਨ ਨਹੀਂ ਦਿੰਦਾ, ਉਹ ਨਰਕਾਂ ਦਾ ਭਾਗੀਦਾਰ ਹੈ। ਤੇ ਦਾਨ ਦੇਣ ਵਾਲਿਆਂ ਨੂੰ ਸੁਖ ਭੋਗ ਦੀ ਸਾਰੀ ਸਮਗਰੀ ਮਿਲੇਗੀ। ਲੋਕਾਂ 'ਚ ਡਰ ਪੈਦਾ ਕਰ ਕੇ ਇਹ ਵਪਾਰ ਵੀ ਚੰਗਾ ਵਧਿਆ ਫੁਲਿਆ।

  3. ਪੁਨਰ ਜਨਮ - 700ਈ ਪੁਰਬ ਵਿੱਚ ਪਰਵਾਹਨ ਨਾਮ ਦੇ ਇਕ ਬ੍ਰਾਹਮਣ ਵਿਚਾਰਕ ਦੀ ਖੋਜ ਹੈ। ਇਹ ਪੰਚਾਲ (ਕਨੌਜ) ਰਾਜ ਦਾ ਵਿਚਾਰਕ ਬ੍ਰਾਹਮਣ ਸੀ। ਇਸ ਵਿਚ ਕਿਹਾ ਜੇ ਵਰਤਮਾਨ ਦੁਖੀ ਹੈ, ਤਾਂ ਪਿਛਲੇ ਜਨਮ ਦੇ ਪਾਪਾਂ ਦਾ ਕਰਕੇ। ਇਸ ਗੱਲ ਤੇ ਮੰਨੂ ਨੇ ਮੋਹਰ ਲਾਈ, ਕਿ ਪੁਨਰ ਜਨਮ ਦੇ ਕੁਕਰਮਾਂ ਦੇ ਕਾਰਨ ਹੀ ਮੂਰਖ, ਅੰਨੇ, ਗੂੰਗੇ, ਬਹਰੇ ਪੈਦਾ ਹੁੰਦੇ ਹਨ।

  4. ਤੀਰਥ ਯਾਤਰਾਵਾਂ - ਇਹ ਵੀ ਲੋਕਾਂ ਦੀ ਲੁੱਟ ਲਈ ਚੰਗੀਆਂ ਕਾਰਗਰ ਸਿੱਧ ਹੋਈਆਂ।

  5. ਕਾਲਪਿਨਕ ਆਤਮਾ ਅਤੇ ਪ੍ਰਮਾਤਮਾ - (ਦੇਵੀ ਦੇਵਤੇ) ਲੋਕਾਂ ਦੇ ਸਾਹਮਣੇ ਰੱਖ ਦਿੱਤੇ ਗਏ।

  6. ਅਤੇ ਇਸੇ ਕਾਲਪਿਨਕ ਰੱਬ ਦੀ ਪੂਜਾ

ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਾਂ ਵਿਚਾਰਦੇ ਹਾਂ ਤਾਂ ਸਤਿਗੁਰੂ ਨੇ ਪਾਵਨ ਬਾਣੀ ਇਨ੍ਹਾਂ ਕਰਮਾਂ ਦੀ ਸਖਤ ਰੂਪ ਵਿਚ ਵਿਰੋਧਤਾ ਕੀਤੀ ਹੈ, ਪਰ ਅੱਜ ਦੁਖਾਂਤ ਇਹ ਬਣ ਗਿਆ ਕਿ ਬਾਣੀ ਦੀ ਵਿਚਾਰ ਤੋਂ ਟੁੱਟ ਕੇ ਅੱਜ ਅਖੌਤੀ ਸੰਤਾਂ, ਬ੍ਰਹਿਮਗਿਆਨੀਆਂ (ਅਸਲ 'ਚ ਭ੍ਰਮਗਿਆਨੀਆਂ) ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਲਟ ਕਰਮ ਕੀਤੇ ਤੇ ਇਹ ਉਪਰੋਕਤ ਹਥਿਆਰ ਸਿੱਖ ਕੌਮ ਦੇ ਸੀਨੇ ਉੱਤੇ ਚਲ ਰਹੇ ਹਨ।

ਕਈ ਅਖੌਤੀ ਬਾਬੇ ਯੱਗ ਵੀ ਕਰ ਰਹੇ ਹਨ। ਤੇ ਜੋ ਨਹੀਂ ਕਰਦੇ ਉਨ੍ਹਾਂ ਨੇ, ਜੋ ਯੱਗ ਦੇ ਪਿੱਛੇ ਸੁਆਰਥ ਅਤੇ ਮਨੋਰਥ ਸੀ, ਅਖੰਡ ਪਾਠਾਂ, ਸੰਪਟ ਪਾਠਾਂ, ਦੇ ਰੂਪ ਵਿੱਚ ਚਲਾ ਦਿੱਤਾ ਹੈ, ਅੱਜ ਵੀ ਇਨ੍ਹਾਂ ਦੀਆਂ ਲੜੀਆਂ ਟੁੱਟਣ ਦਾ ਨਾਮ ਨਹੀਂ ਲੈ ਰਹੀਆਂ।

ਸਵਰਗਾਂ ਦਾ ਲਾਲਚ ਅਤੇ ਨਰਕਾਂ ਦੀਆਂ ਟਿਕਟਾਂ ਕੱਟਣ ਕਈ ਰੱਬ ਨੂੰ ਡਰਾਇਵਰ ਤੇ ਆਪ ਇਹ ਲੋਕ ਕੰਡਕਟਰ ਬਣੇ ਹੋਏ ਨੇ। ਜਿੰਨ੍ਹਾਂ ਨੇ ਰੱਬ ਨੂੰ ਗੁਲਾਮ ਬਣਾ ਕੇ ਬਿਲਕੁਲ ਮੰਦਿਰ ਦੇ ਪੁਜਾਰੀਆਂ ਵਾਂਗੂੰ ਹੀ ਰੱਖਿਆ ਹੈ, ਕਿ ਉਹ ਕੇਵਲ ਸਾਡੀ ਹੀ ਮੰਨਦਾ।

ਪਿਛਲੇ ਕਰਮਾਂ ਦੇ ਫਲ ਵਾਲੀਆਂ ਸਾਖੀਆਂ ਬਹੁਤ ਵਾਰ ਹੀ ਇਨ੍ਹਾਂ ਸਾਧਾਂ ਤੋਂ ਸੁਣੀਆਂ। ਇਹ ਕਹਿੰਦੇ ਨੇ ਦੁੱਖ ਪਿਛਲੇ ਜਨਮਾਂ ਦਾ ਫਲ ਹੈ। ਪਰ ਜਿਸ ਦਿਨ ਆਪਣੇ ਤੇ ਕੋਈ ਬਿਪਤਾ ਆਵੇ ਤਾਂ...।

ਸਾਡੇ ਇਲਾਕੇ ਦਾ ਸਾਧ ਇੱਕ ਦਿਨ ਜ਼ਿਆਦਾ ਬੀਮਾਰ ਹੋ ਗਿਆ, ਜੋ ਲੋਕਾਂ ਦਾ ਉਧਾਰ ਕਰਦਾ ਸੀ। ਪਰ ਇੱਕ ਦਿਨ ਖੁਦ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਤੇ ਇਲਾਕੇ ਅੰਦਰ ਇਹ ਗੱਲ ਵੀ ਪ੍ਰਚਾਰੀ ਗਈ ਕਿ ਬਾਬੇ ਦੀ ਸਿਹਤ ਠੀਕ ਲਈ ਅਰਦਾਸ ਕਰਿਓ, ਹੁਣ ਪਿਛਲੇ ਕਰਮ ਕਿੱਥੇ ਗਏ ਕਿਉਂ ਨਹੀਂ ਮੰਨਦਾ। ਪਰ ਇਕ ਗੱਲ ਹੈ ਪੁਜਾਰੀ ਦੁਆਰਾ ਸੁਣਾਈਆਂ ਕਹਾਣੀਆਂ ਕੇਵਲ ਆਮ ਲੋਕਾਂ ਲਈ ਹੀ ਹੈ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ, ਕਿ ਗੁਰੂ ਦੇ ਸਮਾਨ ਕੋਈ ਤੀਰਥ ਨਹੀਂ। ਪਰ ਇਸ ਸਬਕ ਨੂੰ ਭੁਲਾ ਕੇ ਅੱਜ ਇਹ ਰੁਝਾਨ ਸਿੱਖਾਂ ਵਿੱਚ ਵੀ ਬਹੁਤ ਜਿਆਦਾ ਹੈ। ਜਿਵੇ ਕਾਂਸ਼ੀ ਦੀ ਧਰਤੀ ਨੂੰ ਪਵਿੱਤਰ ਮਨ ਕੇ ਇਹ ਗੱਲ ਪ੍ਰਚਿਲਤ ਕੀਤੀ ਗਈ, ਕੇ ਜੀਵਨ ਦੇ ਅੰਤਲੇ ਸਮੇਂ ਇੱਥੇ ਮੌਤ ਦੀ ਗੋਦੀ ਵਿੱਚ ਲੇਟਣ ਵਾਲਾ ਮੁਕਤੀ ਪ੍ਰਾਪਤ ਕਰੇਗਾ।

ਭਗਤ ਕਬੀਰ ਜੀ ਨੇ ਇੱਥੋਂ ਦੇ ਪੁਜਾਰੀਆਂ ਦੇ ਮੂੰਹ ਤੇ ਚਪੇੜ ਉਦੋਂ ਮਾਰੀ, ਜਦੋਂ ਸਾਰੀ ਜਿੰਦਗੀ ਕਾਂਸ਼ੀ ਗੁਜਾਰਨ ਵਾਲੇ ਭਗਤ ਜੀ ਅੰਤਲੇ ਸਮੇਂ ਕਾਂਸ਼ੀ ਤਿਆਗ ਗਏ। ਅੱਜ ਸਾਡੇ ਕਈ ਧਾਰਮਿਕ ਅਸਥਾਨਾਂ ਤੇ ਇਹ ਕੁੱਝ ਬਦਲਵੇਂ ਰੂਪ ਵਿਚ ਮੋਜੂਦ ਹੈ।

ਇਕ ਬਾਬੇ ਨੇ ਤੇ ਇਸ ਗੱਲ ਦਾ ਪ੍ਰਚਾਰ ਵੀ ਕੀਤਾ ਸੀ ਕਿ ਸਾਡੇ ਸਰੋਵਰ ਵਿਚ ਵੱਖ ਵੱਖ ਤੀਰਥਾਂ ਦਾ ਜਲ ਪਾਇਆ ਗਿਆ ਹੈ ਇੱਥੇ....।

ਸਿਆਣੇ ਕਹਿੰਦੇ ਨੇ ਭਾਵੇ ਸਰਾਣੇ ਸੌਂ ਜਾਉ ਜਾਂ ਪੈਂਦ ਵਾਲੇ ਪਾਸੇ ਲੱਕ ਤਾਂ ਵਿਚਕਾਰ ਹੀ ਆਉਂਦਾ। ਸੋ ਕੰਮ ਤਾਂ ਉਹੋ ਹੀ ਹੈ ਰੂਪ ਭਾਵੇਂ ਬਦਲਵਾਂ ਹੈ।

ਆਤਮਾ ਬਾਰੇ ਮਨਘੜਤ ਸਾਖੀਆਂ ਬ੍ਰਾਹਮਣ ਨੇ ਵੀ ਸੁਣਾਈਆਂ ਤੇ ਅੱਜ ਇਹ ਸਾਧ ਆਪਣੇ ਪੁਰਖਿਆਂ ਦੀ ਰੀਤ ਨਿਭਾ ਰਹੇ ਹਨ। ਸਿਰਫ ਇਨ੍ਹਾਂ ਹੀ ਪੁੱਛੋ ਕਿ ਆਤਮਾ ਦਾ ਸਰੂਪ ਕੀ ਹੈ, ਉਹ ਖਾਂਦੀ, ਪੀਂਦੀ ਕੀ ਹੈ, ਮੌਤ ਤੋਂ ਬਾਅਦ ਕਿੱਥੇ ਜਾਂਦੀ ਹੈ, ਕਿੱਥੇ ਰਹਿੰਦੀ ਹੈ ..ਆਦਿਕ ਪਰ ਅਸੀਂ ਚੁੱਪ ਕਰਕੇ ਸੁਣੀ ਜਾ ਰਹੇ ਹਾਂ।

ਇਸੇ ਤਰਾਂ ਇਕ ਕਾਲਪਿਨਕ ਸਾਖੀਆਂ ਗੁਰੂ ਸਾਹਿਬ ਦੇ ਜੀਵਨ ਨਾਲ ਜੋੜੀਆਂ। ਜਿਵੇਂ ਪੁਜਾਰੀ ਨੇ ਦੇਵੀ ਦੇਵਤੇ ਧਰ ਦਿੱਤੇ ਤੇ ਲੋਕਾਂ ਵਿੱਚ ਮਾਨਤਾ ਪ੍ਰਾਪਤ ਕਰਵਾ ਦਿੱਤੀ। ਅੱਜ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਲਈ ਕਈ ਸਾਖੀਆਂ ਬਣਾ ਦਿੱਤੀਆਂ। ਜੋ ਪ੍ਰਚਾਰਕ ਸਟੇਜਾਂ ਤੇ ਬਹੁਤ ਮਾਣ ਨਾਲ ਸੁਣਾ ਰਹੇ ਨੇ।

ਪੂਜਾ ਜੋ ਜਗਨਾਥਪੁਰੀ ਦੇ ਮੰਦਿਰ, ਤੇ ਵੱਖ ਵੱਖ ਧਾਰਮਿਕ ਅਸਥਾਨਾਂ ਤੇ ਗੁਰੂ ਸਾਹਿਬ ਨੇ ਬੰਦ ਕਰਵਾਈ ਤੇ ਜਿਸ ਦੀ ਨਿਖੇਧੀ ਕੀਤੀ, ਉਹ ਇਨ੍ਹਾਂ ਨੇ ਸ਼ੁਰੂ ਕਰ ਦਿੱਤੀ। ਥਾਲੀਆਂ ਘੁਮਾਂ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਤੇ ਚੰਦਨ ਦੇ ਟਿੱਕੇ ਤੱਕ ਲਾ ਦਿੱਤੇ।

ਇਹ ਇਨ੍ਹਾਂ ਦੇ ਹਥਿਆਰ ਹਨ, ਜਿੰਨ੍ਹਾਂ ਦੁਆਰਾ ਲੋਕਾਂ ਨੂੰ ਲੁੱਟ ਰਹੇ ਹਨ। ਅਤੇ ਆਪ ਐਸ਼ੋ ਇਸਰਤ ਦੀ ਜਿੰਦਗੀ ਬਤੀਤ ਕਰ ਰਹੇ ਹਨ। ਕਿਸੇ ਵੀ ਤਰ੍ਹਾਂ ਇਹ ਲੋਕ ਇਨ੍ਹਾਂ ਨੂੰ ਸੁੱਟਣਾ ਨਹੀਂ ਚਾਹੁੰਦੇ। ਇਨ੍ਹਾਂ ਦੇ ਆਸਰੇ ਹੀ ਇਹ ਲੋਕ ਬਲਾਤਕਾਰ ਕਰਕੇ ਵੀ ਬਾਇੱਜਤ ਬਰੀ ਹੁੰਦੇ ਨੇ।

ਸੋ ਆਓ ਇਨ੍ਹਾਂ ਤੋਂ ਬਚਣ ਲਈ ਗੁਰੂ ਸਾਹਿਬ ਵੀ ਸਾਨੂੰ ਇਕ ਹਥਿਆਰ ਦੇ ਕੇ ਗਏ ਹਨ, ਜੇ ਕੌਮ ਨੂੰ ਅੱਜ ਬਚਾਉਣਾ ਹੈ, ਤਾਂ ਅਸੀਂ ਗੁਰੂ ਸਾਹਿਬ ਦੁਆਰਾ ਦਿੱਤਾ ਗਿਆਨ ਦਾ ਹਥਿਆਰ ਚੁੱਕ ਕੇ ਮੁਕਾਬਲਾ ਕਰ ਸਕਦੇ ਹਾਂ।

ਗੁਰੂ ਪੰਥ ਦਾ ਦਾਸ
ਗੁਰਸ਼ਰਨ ਸਿੰਘ (ਗੁਰਮਿਤ ਪ੍ਰਚਾਰਕ)

91+808-791-5039


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top