Share on Facebook

Main News Page

ਮੋਦੀ ਖਾਨਾ!

ਮੋਦੀ ਖਾਨੇ ਬਾਰੇ ਗੱਲ ਅਗਾਂਹ ਵਧਾਉਣ ਤੋਂ ਪਹਿਲਾਂ, ਮੋਦੀ ਅਤੇ ਮੋਦੀ ਖਾਨੇ ਦੇ ਅਰਥ ਸਮਝ ਲੈਣਾ ਬੁਤ ਜ਼ਰੂਰੀ ਹੈ।

ਮੋਦੀ ਲਫਜ਼ ਮੂਲ ਰੂਪ ਵਿਚ, ਅਰਬੀ ਦਾ ਲਫਜ਼ ਹੈ, ਜਿਸ ਦਾ ਅਰਥ ਹੈ, ਰਸਦ ਆਦਿ ਦਾ ਇੰਤਜ਼ਾਮ ਕਰਨ ਵਾਲਾ। ਜਿਸ ਵਿਚ ਰਸਦ ਦੀ ਸੰਭਾਲ ਕਰਨੀ, ਉਸ ਦਾ ਵਿਤਰਣ ਕਰਨਾ (ਵਰਤਾਉਣਾ) ਅਤੇ ਉਸ ਦਾ ਹਿਸਾਬ-ਕਿਤਾਬ ਆਦਿ ਰੱਖਣਾ ਸ਼ਾਮਿਲ ਹੁੰਦਾ ਹੈ। ਇਸ ਦਾ ਹੀ ਛੋਟਾ ਰੂਪ ਭੰਡਾਰੀ ਹੁੰਦਾ ਹੈ।

ਮੋਦੀ ਖਾਨੇ ਦਾ ਅਰਥ ਹੈ, ਰਸਦ ਆਦਿ ਸੰਭਾਲਣ ਦਾ ਗੋਦਾਮ। ਇਸ ਨੂੰ ਸੌਖਿਆਂ ਸਮਝਣ ਲਈ ਐਫ.ਸੀ.ਆਈ. (ਫੂਡ ਕਾਰਪੋਰੇਸ਼ਨ ਆਫ ਇੰਡੀਆ) ਦੇ ਗੋਦਾਮ ਵੇਖੇ ਜਾ ਸਕਦੇ ਹਨ। ਇਸ ਦਾ ਹੀ ਛੋਟਾ ਰੂਪ ਭੰਡਾਰ ਹੁੰਦਾ ਹੈ।

ਸੁਲਤਾਨਪੁਰ ਲੋਦੀ ਵਿਖੇ, ਗੁਰੂ ਨਾਨਕ ਸਾਹਿਬ ਵੇਲੇ, ਨਵਾਬ ਦੌਲਤ ਖਾਨ ਲੋਦੀ ਦਾ ਮੋਦੀ ਖਾਨਾ ਸੀ। ਨਵਾਬ ਦੌਲਤ ਖਾਨ, ਦਿੱਲੀ ਦੇ ਬਾਦਸ਼ਾਹ, ਇਬਰਾਹੀਮ ਲੋਦੀ ਵਲੋਂ ਥਾਪਿਆ ਹੋਇਆ ਪੰਜਾਬ ਦਾ ਗਵਰਨਰ ਸੀ। ਪਰ ਕਿਉਂਕਿ ਸੁਲਤਾਨ ਪੁਰ ਲੋਦੀ ਦਾ ਇਲਾਕਾ ਉਸ ਨੂੰ ਬਾਦਸ਼ਾਹ ਵਲੋਂ, ਜਗੀਰ ਦੇ ਰੂਪ ਵਿਚ ਮਿਲਿਆ ਹੋਇਆ ਸੀ, ਇਸ ਲਈ ਉਹ ਆਮ-ਤੌਰ ਤੇ ਸੁਲਤਾਨਪੁਰ ਵਿਚ ਹੀ ਰਹਿੰਦਾ ਸੀ, ਅਤੇ ਪੰਜਾਬ ਦਾ ਇੰਤਜ਼ਾਮ ਸੁਲਤਾਨ ਪੁਰ ਤੋਂ ਹੀ ਚਲਾਉਂਦਾ ਸੀ। ਇਸ ਤਰ੍ਹਾਂ ਪੰਜਾਬ ਦੇ ਇੰਤਜ਼ਾਮ ਨਾਲ ਸਬੰਧਤ ਮਹਿਕਮਿਆਂ ਦੇ ਮੁੱਖ ਦਫਤਰ ਸੁਲਤਾਨਪੁਰ ਵਿਚ ਹੀ ਸਨ।

ਅੱਜ ਤਾਂ ਸਰਕਾਰ ਵਲੋਂ ਸੈਂਕੜੇ ਤਰ੍ਹਾਂ ਦੇ ਟੈਕਸ ਲੱਗੇ ਹੋਏ ਹਨ, ਪਰ ਉਸ ਜ਼ਮਾਨੇ ਵਿਚ, ਸਰਕਾਰੀ ਆਮਦਨ ਦਾ ਮੁੱਖ ਸਰੋਤ, ਜ਼ਮੀਨ ਤੋਂ ਪੈਦਾ ਹੋਈ ਫਸਲ ਤੇ ਟੈਕਸ ਹੀ ਸੀ। (ਜੋ ਆਮ ਹਾਲਤ ਵਿਚ, ਪੈਦਾ ਹੋਈ ਫਸਲ ਦਾ ਤੀਜਾ ਹਿੱਸਾ ਹੁੰਦਾ ਸੀ।) ਇਹ ਟੈਕਸ ਵੀ ਪੈਸੇ ਦੇ ਰੂਪ ਵਿਚ ਨਹੀਂ ਹੁੰਦਾ ਸੀ, ਬਲਕਿ ਅਨਾਜ ਦੇ ਰੂਪ ਵਿਚ ਹੁੰਦਾ ਸੀ। (ਇਸ ਮਹਿਕਮੇ ਨੂੰ ਅੱਜ-ਕਲ ਰੈੇਵੇਨਿਊ ਡਿਪਾਰਟਮੈਂਟ ਕਿਹਾ ਜਾਂਦਾ ਹੈ) ਪੂਰੇ ਪੰਜਾਬ ਵਿਚੋਂ ਅਨਾਜ ਇਕੱਠਾ ਕਰ ਕੇ, ਉਸ ਨੂੰ ਸੰਭਾਲਣ ਲਈ ਸੁਲਤਾਨ ਪੁਰ ਵਿਖੇ ਮੋਦੀ ਖਾਨਾ ਬਣਾਇਆ ਹੋਇਆ ਸੀ। ਉਸ ਦੀ ਸਾਂਭ-ਸੰਭਾਲ ਦੀ, ਉਸ ਨੂੰ ਵੇਚਣ ਦੀ, ਕਰਮਚਾਰੀਆਂ ਨੂੰ ਤਨਖਾਹ ਵਜੋਂ ਅਨਾਜ ਦੇਣ ਦੀ, ਇਸ ਸਭ ਕਾਸੇ ਦਾ ਹਿਸਾਬ-ਕਿਤਾਬ ਰੱਖਣ ਦੀ ਜ਼ਿਮੇਵਾਰੀ ਮੋਦੀ ਦੀ ਹੁੰਦੀ ਸੀ।

ਗੁਰੂ ਨਾਨਕ ਸਾਹਿਬ ਉਸ ਮੋਦੀ-ਖਾਨੇ ਦੇ ਮੋਦੀ ਸਨ।

ਮੋਦੀ-ਖਾਨੇ ਅਤੇ ਮੋਦੀ ਬਾਰੇ ਤਾਂ ਆਪਾਂ ਵਿਸਤਾਰ ਨਾਲ ਜਾਣ ਲਿਆ ਹੈ, ਮੋਦੀ ਦੇ ਸਮਾਜਕ ਰੁਤਬੇ ਬਾਰੇ ਵੀ ਥੋੜੀ ਜਾਣਕਾਰੀ ਕਰ ਲੈਣੀ ਚੰਗੀ ਹੋਵੇਗੀ।

ਅੰਗਰੇਜ਼ਾਂ ਨੇ ਭਾਰਤ ਤੇ ਕਬਜ਼ਾ ਕਰਨ ਮਗਰੋਂ, ਉਸ ਦਾ ਸਹੀ ਢੰਗ ਨਾਲ ਇੰਤਜ਼ਾਮ ਕਰਨ ਲਈ, ਜੋ ਸਿਸਟਮ ਲਾਗੂ ਕੀਤਾ, ਉਸ ਅਨੁਸਾਰ ਰਾਜ ਨੂੰ ਜ਼ਿਲਿਆਂ ਵਿਚ ਵੰਡਿਆ ਗਿਆ ਸੀ। (ਜੋ ਕਿ ਪਹਿਲਾਂ ਸੂਬਿਆਂ, ਸਟੇਟਾਂ ਵਿਚ ਵੰਡਿਆ ਹੁੰਦਾ ਸੀ) ਕਿਉਂਕਿ ਵਸੋਂ ਦੇ ਵਾਧੇ ਅਤੇ ਵਪਾਰ ਦੇ ਨਵੇਂ ਸ੍ਰੋਤਾਂ ਦੇ ਵਿਕਾਸ ਨਾਲ ਕੰਮ ਕਾਫੀ ਵਧ ਗਿਆ ਸੀ।

ਹਰ ਜ਼ਿਲੇ ਦਾ ਇਕ ਸਰਕਾਰੀ ਅਫਸਰ ਹੁੰਦਾ ਸੀ।(ਜਿਸ ਨੂੰ ਅੱਜ-ਕਲ ਡੀ. ਐਮ. ਕਿਹਾ ਜਾਂਦਾ ਹੈ। ਅੰਗਰੇਜ਼ਾਂ ਵੇਲੇ ਉਸ ਨੂੰ ਕਲੈਕਟਰ ਕਿਹਾ ਜਾਂਦਾ ਸੀ) ਜਿਸ ਦਾ ਰੈਂਕ ਆਈ.ਸੀ.ਐਸ. ਹੁੰਦਾ ਸੀ, ਜੋ ਅੱਜ ਆਈ. ਏ. ਐਸ. ਹੈ।) ਕੁਝ ਇਸ ਨਾਲ ਮਿਲਦਾ-ਜੁਲਦਾ ਰੁਤਬਾ ਹੀ ਗੁਰੂ ਨਾਨਕ ਜੀ ਦਾ ਸੀ, ਫਰਕ ਸਿਰਫ ਇਹ ਸੀ ਕਿ ਇਕ ਕਲੈਕਟਰ ਜਾਂ ਡੀ. ਐਮ. ਦਾ ਅਧਿਕਾਰ ਛੇਤਰ ਜ਼ਿਲ੍ਹਾ ਪੱਧਰੀ ਹੁੰਦਾ ਸੀ / ਹੁੰਦਾ ਹੈ, ਪਰ ਬਾਬਾ ਨਾਨਕ ਜੀ ਦਾ ਅਧਿਕਾਰ ਛੇਤਰ ਪੂਰਾ ਸੂਬਾ ਪੰਜਾਬ ਸੀ।

ਇਸ ਆਧਾਰ ਤੇ ਅਸੀਂ ਸਮਝ ਸਕਦੇ ਹਾਂ ਕਿ ਬਾਬਾ ਨਾਨਕ ਜੀ ਦਾ ਸਮਾਜਿਕ ਅਤੇ ਆਰਥਿਕ ਰੁਤਬਾ ਕੀ ਸੀ? ਪਰ ਸਿੱਖਾਂ ਨੇ ਬਹੁ ਗਿਣਤੀ ਦੇ ਪ੍ਰਭਾਵ ਅਧੀਨ ਹਮੇਸ਼ਾ ਆਪਣਿਆ ਨੂੰ ਹੀ ਛੁਟਿਆਇਆ ਹੈ, ਜਿਵੇਂ ਕਿ ਇਕ ਮੋਦੀ ਨੂੰ, ਇਕ ਤੋਲਾ ਬਣਾ ਕੇ 13-13 ਤੋਲਣ ਲਾ ਦਿੱਤਾ, ਉਸਦੀ ਆੜ ਵਿਚ ਹੀ ਕੁੱਝ ਵੱਟਿਆਂ ਨੂੰ, ਸਿੱਖਾਂ ਦੇ ਪੂਜਣ ਯੋਗ ਬਣਾ ਦਿੱਤਾ। ਇਕ ਏਨੀ ਵੱਡੀ ਸ਼ਖਸੀਅਤ ਨੂੰ, ਜਿਸ ਨੇ ਆਪਣੀ ਜ਼ਿੰਦਗੀ ਦੇ 50 ਸਾਲ ਕਰੀਬ, ਹਰ ਦੁੱਖ-ਸੁਖ ਵਿਚ ਗੁਰੂ ਨਾਨਕ ਜੀ ਦਾ ਸਾਥ ਦਿੰਦਿਆਂ, ਗੁਰਮਤਿ ਫਲਸਫੇ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਪਹੁੰਚਾਉਣ ਲਈ, ਸਭ ਤੋਂ ਵੱਧ ਯੋਗਦਾਨ ਪਾਇਆ ਹੋਵੇ, ਗੁਰੂ ਨਾਨਕ ਦੇ ਉਸ ਭਾਈ (ਭਰਾ) ਨੂੰ ਸਿੱਖਾਂ ਨੇ ਹੀ ਇਕ ਮਸਖਰਾ-ਮਰਾਸੀ ਬਣਾ ਕੇ ਧਰ ਦਿੱਤਾ, ਹੋਰ ਤਾਂ ਹੋਰ, ਉਸ ਦੇ ਕੱਦ ਨੂੰ ਬੌਣਿਆਂ ਕਰਨ ਲਈ, ਇਕ ਜਾਲ੍ਹੀ ਪਾਤਰ (ਬਾਲਾ) ਸਿਰਜ ਕੇ ਦਰਬਾਰ ਸਾਹਿਬ ਵਿਚ ਹੀ ਸਥਾਪਤ ਕਰ ਦਿੱਤਾ।

ਇਵੇਂ ਹੀ ਗੁਰੂ ਅਰਜਨ ਸਾਹਿਬ ਦੀ, ਸ਼ਬਦ ਗੁਰੂ ਦੀ ਨਿਆਰੀ ਹੋਂਦ ਨੂੰ ਕਾਇਮ ਰੱਖਣ ਲਈ (ਤਾਂ ਜੋ ਦੁਨੀਆਂ ਨੂੰ ਭੰਬਲ ਭੁਸੇ ਵਿਚੋਂ ਕੱਢ ਕੇ, ਸਦੀਵੀ ਤੌਰ ਤੇ ਆਤਮਕ ਗਿਆਨ ਦੇ ਰੂ-ਬ-ਰੂ ਕੀਤਾ ਜਾ ਸਕੇ) ਦਿੱਤੀ ਲਾਸਾਨੀ ਸ਼ਹਾਦਤ ਨੂੰ, ਇਕ ਪਰਿਵਾਰਿਕ ਹਾਦਸਾ ਭਰ ਬਣਾ ਕੇ ਰੱਖ ਦਿੱਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ, ਮਨੁੱਖੀ ਅਧਿਕਾਰਾਂ ਲਈ ਹੋਈ ਦੁਨੀਆਂ ਦੀ ਪਹਿਲੀ ਸ਼ਹਾਦਤ ਦੀ ਥਾਂ, ਤਿਲਕ-ਜੰਜੂ ਤਕ ਹੀ ਸੀਮਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਤਾਂ ਇਕ ਗੰਦ ਦਾ ਪੋਥਾ ਹੀ ਮੜ੍ਹ ਦਿੱਤਾ, ਜਦ ਕਿ ਅਸਲੀਅਤ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਪੋਥੇ ਨਾਲ ਕੋਈ ਸਬੰਧ ਹੀ ਨਹੀਂ ਜੁੜਦਾ, ਨਾ ਉਸ ਨੂੰ ਲਿਖਣ ਵਿਚ, ਨਾ ਹੀ ਉਸ ਨੂੰ ਕਿਸੇ ਕੋਲੋਂ ਲਿਖਵਾਉਣ ਵਿਚ, ਨਾ ਹੀ ਉਸ ਨੂੰ ਲਿਖਣ ਦਾ ਕਿਸੇ ਨੂੰ ਅਧਿਕਾਰ ਦੇਣ ਵਿਚ।

ਭਾਈ ਘੱਨ੍ਹਈਆ ਜੀ ਨੂੰ, ਰੈਡਕਰਾਸ ਦੇ ਸਿਰਜਕ ਦੀ ਥਾਂ ਇਕ ਜੰਗ ਵਿਚ ਪਾਣੀ ਪਿਲਾਉਣ ਅਤੇ ਮਲ੍ਹਮ ਲਗਾਉਣ ਵਾਲੇ ਤਕ ਹੀ ਸੀਮਤ ਕਰ ਦਿੱਤਾ। ਖਾਲਸਾ ਰਾਜ ਦੇ ਇਕੋ-ਇਕ ਬਾਦਸ਼ਾਹ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤਾਂ ਏਨਾ ਬਦਨਾਮ ਕੀਤਾ ਕਿ, ਸਿੱਖਾਂ ਵਿਚ ਉਸ ਲਈ ਨਫਰਤ ਹੀ ਪੈਦਾ ਕਰ ਦਿੱਤੀ। ਇਸ ਤਰ੍ਹਾਂ ਹੀ ਪੰਥ ਦੀਆਂ ਮਹਾਨ ਸ਼ਖਸੀਅਤਾਂ, ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਹਿਸਟੋਰੀਅਨ ਕਰਮ ਸਿੰਘ, ਸਿਰਦਾਰ ਕਪੂਰ ਸਿੰਘ ਆਦਿ ਬਹੁਤ ਸਾਰਿਆਂ ਨੂੰ, ਜਿਨ੍ਹਾਂ ਨੇ ਅੱਤ ਦੀ ਆਰਥਿਕ ਤੰਗੀ ਨੂੰ ਹੰਢਾਉਂਦਿਆਂ ਵੀ ਪੰਥ ਦੀ ਮਹਾਨ ਸੇਵਾ ਕੀਤੀ ਹੈ, ਛੁਟਿਆਇਆ ਜਾ ਰਿਹਾ ਹੈ।

ਦੂਸਰੇ ਪਾਸੇ ਸਵਾਮੀ ਦਯਾਨੰਦ ਨੂੰ, ਮਹਾਤਮਾ ਗਾਂਧੀ ਨੂੰ ਏਨਾ ਸਿਰ ਤੇ ਚੁਕਿਆ, ਕਿ ਉਹ ਗੁਰੂ ਸਾਹਿਬਾਂ ਬਾਰੇ ਹੀ ਗਲਤ ਟਿੱਪਣੀਆਂ ਕਰਨ ਲਗ ਗਏ। ਇਵੇਂ ਹੀ ਅੱਜ-ਕਲ ਕਰਨਾਟਕ ਨਿਵਾਸੀ ਪੰਡਤ ਰਾਓ ਧਰੇਨੰਵਰ ਦੇ ਬਹੁਤ ਸੋਲ੍ਹੇ ਗਾਏ ਜਾ ਰਹੇ ਹਨ, ਕਿ ਉਸ ਨੇ ਪੰਜਾਬੀ ਸਿੱਖ ਕੇ, ਹੁਣ ਤੱਕ ਪੰਜਾਬੀ ਵਿਚ ਅੱਠ ਕਿਤਾਬਾਂ ਲਿਖੀਆਂ ਹਨ। (ਉਨ੍ਹਾਂ ਦੀਆਂ ਕਿਤਾਬਾਂ ਦਾ ਆਧਾਰ ਕੀ ਹੈ? ਇਹ ਤਾਂ ਪੜ੍ਹਨ ਮਗਰੋਂ ਹੀ ਪਤਾ ਲੱਗੇਗਾ) ਪਰ ਉਨ੍ਹਾਂ ਦੇ ਸਿੱਖੀ ਪਿਆਰ ਬਾਰੇ ਜੋ ਸੋਲ੍ਹੇ ਗਾਏ ਗਏ ਹਨ, ਉਨ੍ਹਾਂ ਤੋਂ ਸਾਫ ਜ਼ਾਹਰ ਹੈ ਕਿ ਉਨ੍ਹਾਂ ਦੀ ਸਿੱਖੀ ਬਾਰੇ ਸੋਚ, ਦਰਬਾਰ ਸਾਹਿਬ ਦੇ ਚਾਰ ਦਰਵਾਜ਼ਿਆਂ, ਲੰਗਰ ਦੀ ਬਿਨਾ ਭਿੰਨ-ਭੇਦ ਵੰਡ, ਕੀਰਤਨ ਸੁਣਨ ਦਾ ਕਨ-ਰਸ, ਹਰਿਮੰਦਰ ਸਾਹਿਬ ਦੀ ਪਵਿਤਰਤਾ, (ਜਿਸ ਨੂੰ ਵੇਖਣ ਨਾਲ ਹੀ ਮਨ ਪਵਿਤਰ ਹੋ ਜਾਂਦਾ ਹੈ) ਸਰੋਵਰ ਦਾ ਤੀਰਥਾਂ ਵਾਲਾ ਦਰਜਾ ਅਤੇ ਮੂਲ ਮੰਤ੍ਰ ਦੇ ਜ਼ਬਾਨੀ ਜਾਪ ਤੇ ਹੀ ਆਧਾਰਿਤ ਹੈ। ਜਦ ਸਿੱਖ ਵਿਦਵਾਨ ਕਿਸੇ ਦੇ ਕਸੀਦੇ ਕੱਢਦੇ ਹਨ, ਤਾਂ ਉਹ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਲਿਖਤ ਦਾ ਸਿੱਖ ਨੌਜਵਾਨਾਂ ਤੇ ਕੀ ਅਸਰ ਪਵੇਗਾ?

ਅੱਜ ਵੀ ਪੰਥ ਵਿਚ ਬਹੁਤ ਸਾਰੇ ਅਜਿਹੇ ਵਿਦਵਾਨ ਹਨ, ਜੋ ਆਪਣੀ ਕਿਰਤ ਕਮਾਈ ਵਿਚੋਂ, ਸਮਾਂ ਅਤੇ ਪੈਸਾ ਕੱਢ ਕੇ, ਮੰਦ-ਹਾਲੀ ਦੇ ਦੌਰ ਵਿਚੋਂ ਗੁਜ਼ਰਦਿਆਂ ਵੀ ਆਪਣੀ ਸਮਰਥਾ ਤੋਂ ਵੱਧ, ਨਵੀਂ ਪੀੜ੍ਹੀ ਨੂੰ ਸੇਧ ਦੇ ਕੇ, ਸਿੱਖੀ ਨੂੰ ਬਚਾਉਣ ਲਈ ਜ਼ੋਰ ਲਗਾ ਰਹੇ ਹਨ। ਉਨ੍ਹਾਂ ਬਾਰੇ ਕੋਈ ਦੋ ਲਫਜ਼ ਲਿਖਣ ਵਾਲਾ ਵੀ ਨਹੀਂ ਹੁੰਦਾ, ਉਨ੍ਹਾਂ ਦੀ ਮੰਦ-ਹਾਲੀ ਬਾਰੇ ਕੋਈ ਪੁਛਣ ਵਾਲਾ ਵੀ ਨਹੀਂ ਹੁੰਦਾ। ਹੋਰ ਤਾਂ ਹੋਰ, ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ, ਉਨ੍ਹਾਂ ਦੀਆਂ ਵੱਡ ਮੁਲੀਆਂ ਲਿਖਤਾਂ ਵੀ ਛਪਣ ਨੂੰ ਤਰਸਦੀਆਂ, ਉਨ੍ਹਾਂ ਦੀ ਮੌਤ ਪਿਛੋਂ, ਸੰਭਾਲਣ ਖੁਣੋ ਹੀ ਰੱਦੀ ਵਿਚ ਵਿਕ ਜਾਂਦੀਆਂ ਹਨ। ਸਿੱਖੀ ਦੇ ਅਰਬਾਂ ਰੁਪੲੈ ਸਾਲਾਨਾ ਦੀ ਆਮਦਨ ਤੇ ਸੱਪ ਵਾਂਙ ਕੁੰਡਲੀ ਮਾਰੀ ਬੈਠੇ, ਸਿੱਖੀ ਦੇ ਠੇਕੇਦਾਰ, ਉਨ੍ਹਾਂ ਦਾ ਵਿਰੋਧ ਕਰਦੇ ਅਤੇ ਗੁਰੂ ਦੀ ਗੋਲਕ ਨੂੰ ਕਿਸੇ ਸਾਰਥਿਕ ਕੰਮ ਤੇ ਲਾਉਣ ਦੀ ਥਾਂ ਵਖਾਵਿਆਂ ਵਿਚ ਰੋੜ੍ਹਦੇ ਹੀ ਵੇਖੇ ਜਾ ਸਕਦੇ ਹਨ। ਕੀ ਅਵਤਾਰ ਸਿੰਘ ਮੱਕੜ ਨੇ ਆਪਣੀ ਸਾਰੀ ਜ਼ਿੰਦਗੀ ਵਿਚ ਵੀ ਓਨਾ ਪਟਰੋਲ ਫੂਕਿਆ ਹੋਣੈ? ਜਿੰਨਾ ਉਸ ਨੇ ਗੁਰੂ ਦੀ ਗੋਲਕ ਵਿਚੋਂ ਪੰਜਾਂ ਸਾਲਾਂ ਵਿਚ ਫੂਕ ਦਿੱਤਾ ਹੈ? ਕੀ ਅਜਿਹੀ ਹਾਲਤ ਵਿਚ ਸਿੱਖੀ ਦੀ ਚੜ੍ਹਦੀ ਕਲਾ ਦੀ ਆਸ ਕੀਤੀ ਜਾ ਸਕਦੀ ਹੈ? ਕਿਰਤੀ ਸਿੱਖਾਂ ਨੂੰ ਸੰਭਲਣ ਦੀ ਲੋੜ ਹੈ।

ਇਸ ਹਾਲਤ ਵਿਚ ਵੀ ਬਾਬਾ ਨਾਨਕ ਜੀ ਦਾ, ਅਜਿਹਾ ਆਰਾਮ-ਦਾਇਕ ਰੁਤਬਾ ਛੱਡ ਕੇ, ਹਜ਼ਾਰਾਂ ਮੀਲਾਂ ਦਾ ਬਿਖੜਾ ਪੈਂਡਾ ਪੈਦਲ ਸਫਰ ਕਰ ਕੇ, ਸਮਾਜ ਵਿਚੋਂ ਕਰਮ-ਕਾਂਡਾਂ ਨੂੰ ਖਤਮ ਕਰਨ ਲਈ, ਪਰਮਾਤਮਾ ਦੇ ਹੁਕਮ ਦਾ, ਉਸ ਵਲੋਂ ਬਣਾਈ ਸ੍ਰਿਸ਼ਟੀ ਨੂੰ ਨਿਰ-ਵਿਘਨ ਚਲਦਾ ਰੱਖਣ ਲਈ, ਬਣਾਏ ਨਿਯਮ ਕਾਨੂਨਾਂ ਦਾ ਪਰਚਾਰ ਕਰਨਾ। ਕਿਰਤ ਨੂੰ ਵਡਿਆਈ ਦੇਣ ਲਈ, ਅੱਜ ਦੇ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ ਤੋਂ ਵੱਧ ਉਮਰ ਵਿੱਚ, ਹੱਲ ਵਾਹ ਕੇ ਆਪਣਾ ਗੁਜ਼ਾਰਾ ਕਰਨਾ, ਮਲਕ ਭਾਗੋ ਦੇ (ਪਰਾਇਆ ਹੱਕ ਮਾਰ ਕੇ ਬਣਾਏ) ਸਵਾਦਲੇ ਪਕਵਾਨਾਂ ਦਾ ਤਿਰਸਕਾਰ ਕਰ ਕੇ ਭਾਈ ਲਾਲੋ ਦੀ ਹੱਕ-ਹਲਾਲ ਦੀ ਕਮਾਈ ਨਾਲ ਬਣੀਆਂ ਕੋਧਰੇ ਦੀਆਂ ਰੋਟੀਆਂ ਦਾ ਸਤਿਕਾਰ ਕਰਨਾ, ਸਾਨੂੰ ਸੁਭਾਵਕ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਚ ਆਦਰਸ਼ਾਂ ਦੀ ਕਦਰ ਕਰਨੀ ਸਿਖਾਉਂਦੇ ਹਨ। (ਪਰ ਅੱਜ ਅਸੀਂ ਉਸ ਦੇ ਆਦਰਸ਼ਾਂ ਨੂੰ ਅਪਨਾਉਣਾ ਤਾਂ ਇਕ ਪਾਸੇ, ਉਨ੍ਹਾਂ ਨੂੰ ਸਮਝਣ ਤੋਂ ਵੀ ਬਹੁਤ ਦੂਰ, ਖਾਲੀ ਰੱਟਾ ਲਾਉਣ ਤੇ ਹੀ ਅਟਕੇ ਹੋਏ ਹਾਂ) ਕਿਰਤ ਦੀ ਮਹੱਤਤਾ ਨੂੰ ਸਮਝਣ, ਸਵੀਕਾਰਨ ਅਤੇ ਸਤਿਕਾਰਨ ਦੀ ਥਾਂ, ਅੱਜ ਸਮਾਜ ਵਿਚ ਕਿਰਤ ਤੋਂ ਭਗੌੜੇ, ਦੂਸਰਿਆਂ ਦਾ ਹੱਕ ਮਾਰਨ ਵਾਲਿਆਂ ਦਾ ਬਹੁਤ ਮਾਣ-ਸਤਿਕਾਰ ਅਤੇ ਇੱਜ਼ਤ ਕੀਤੀ ਜਾਂਦੀ ਹੈ। ਜਦ ਕਿ ਕਿਰਤ ਨਾਲ ਜੁੜੇ ਲੋਕਾਂ ਨੂੰ ਨਫਰਤ ਨਾਲ ਵੇਖਿਆ ਜਾਂਦਾ ਹੈ।

ਆਉ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ, ਅਸੀਂ ਪ੍ਰਣ ਕਰੀਏ ਕਿ ਅਸੀਂ ਬੇਕਾਰ ਦੇ ਕੰਮਾਂ ਵਿਚ ਸਮਾਂ ਬਰਬਾਦ ਕਰਨ ਤੋਂ ਬਚਦੇ ਹੋਏ ਗੁਰਬਾਣੀ ਨਾਲ ਜੁੜਾਂਗੇ, ਆਪ ਗੁਰਬਾਣੀ ਪੜ੍ਹ ਕੇ ਸਮਝਾਂਗੇ, ਉਸ ਅਨੁਸਾਰ ਜੀਵਨ ਢਾਲਣ ਦਾ ਉਪਰਾਲਾ ਕਰਾਂਗੇ। ਕਿਰਤ ਕਮਾਈ ਨੂੰ ਮਾਨਤਾ ਦਿੰਦੇ, ਕਿਸੇ ਕੰਮ ਨੂੰ ਵੀ ਨੀਵਾਂ ਨਾ ਸਮਝਦੇ, ਆਪਣੀ ਹੱਕ-ਹਲਾਲ ਦੀ ਕਮਾਈ ਨਾਲ ਹੀ ਆਪਣਾ ਗੁਜ਼ਾਰਾ ਕਰਾਂਗੇ, ਉਸ ਵਿਚੋਂ ਹੀ ਲੋੜਵੰਦਾਂ ਦੀ ਵੀ ਮਦਦ ਕਰਾਂਗੇ।

ਅਮਰਜੀਤ ਸਿੰਘ ਚੰਦੀ
ਫੋਨ:- 91 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top