Share on Facebook

Main News Page

ਕਿਸ ਅਧਾਰ’ਤੇ ਅਸੀਂ ਇਸ ਕਰਾਮਾਤੀ ਅਤੇ ਕ੍ਰੋਧਵਾਨ ਭਗੌਤੀ ਨੂੰ ਗੁਰੂ ਸਾਹਿਬਾਨਾਂ ਤੋਂ ਵੀ ਪਹਿਲਾਂ ਸਿਮਰ ਰਹੇ ਹਾਂ?: ਸ. ਉਪਕਾਰ ਸਿੰਘ ਫਰੀਦਾਬਾਦ

ਸ. ਗੁਰਬਖਸ਼ ਸਿੰਘ ਰਾਹੀਂ ਦੀ 17 ਅਕਤੂਬਰ 2011 ਨੂੰ ਰੋਜ਼ਾਨਾ ਸਪੋਕਸਮੈਨ ਵਿਚ ਛੱਪੀ ਚਿੱਠੀ http://www.rozanaspokesman.com/fullpage.aspx?view=main&mview=Oct&dview=17&pview=6

17 ਅਕਤੂਬਰ ਨੂੰ ਸਪੋਕਸਮੈਨ ਵਿਚ ਛੱਪੀ ਸ. ਗੁਰਬਖਸ਼ ਸਿੰਘ ਰਾਹੀਂ ਦੀ ਸੰਪਾਦਕੀ ਕਾਲਮ ਵਿਚ ਛੱਪੀ ਚਿੱਠੀ ਜਿਸ ਵਿਚ ਉਨ੍ਹਾਂ ਨੇ ਧਰਮ ਦੇ ਵਿਦਵਾਨਾਂ ਅੱਗੇ ਤਿੰਨ ਸਵਾਲਾਂ ਦੇ ਜੁਆਬ ਮੰਗੇ ਸਨ, ਧਰਮ ਦੇ ਇੰਨ੍ਹਾਂ ਵਿਦਵਾਨਾਂ ਪਾਸੋਂ ਤਾਂ ਸ਼ਾਇਦ ਉਨ੍ਹਾਂ ਨੂੰ ਕਦੇ ਜੁਆਬ ਨਾ ਮਿਲੇ ਪਰ ਗੁਰਮਤਿ ਗਿਆਨ ਦੀ ਰੌਸ਼ਨੀ ਵਿਚ ਮੈਂ ਸ. ਗੁਰਬਖਸ਼ ਸਿੰਘ ਰਾਹੀਂ ਦੇ ਇੰਨ੍ਹਾਂ ਤਿੰਨ੍ਹਾਂ ਸੁਆਲਾਂ ਦਾ ਇਹੀ ਨਿਚੋੜ ਕਢਿਆ ਹੈ ਕਿ ਜੇ ਅਸੀਂ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿਚ ਦਰਜ ਭਗੌਤੀ ਦੀ ਅਸਲੀਅਤ ਨੂੰ ਸਮਝ ਚੁੱਕੇ ਹਾਂ ਤਾਂ ਸਾਨੂੰ ਉਸੇ ਪਲ ਭਗੌਤੀ ਦਾ ਪੱਲਾ ਛੱਡਣ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਣਾ ਚਾਹੀਦਾ ਹੈ।

ਸ. ਗੁਰਬਖਸ਼ ਸਿੰਘ ਰਾਹੀਂ ਨੇ ਆਪਣੀ ਚਿੱਠੀ ਵਿਚ ਇਹ ਗੱਲ ਆਖੀ ਹੈ ਕਿ ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ, ਪ੍ਰਿਥਮ ਭਗੌਤੀ ਸਿਮਰ ਕੈ ਵਾਲੇ ਸਾਰੇ ਸ਼ਬਦ ਗੁਰੂਆਂ ਨੂੰ ਦੇਵੀ ਪੂਜਕ ਦਸਣ ਦਾ ਯਤਨ ਕਰਦੇ ਹਨ। ਉਸ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਸ਼ਬਦ ਯਤਨ ਨਹੀਂ ਕਰਦੇ ਸਗੋਂ ਇਹ ਗੁਰੂ ਸਾਹਿਬਾਨਾਂ ਨੂੰ ਦੇਵੀ ਪੂਜਕ ਹੀ ਸਾਬਤ ਕਰਦੇ ਹਨ ਜਦਕਿ ਗੁਰੂ ਸਾਹਿਬਾਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਨਕਾਰਿਆ ਗਿਆ ਹੈ। ਜਿਹੜੇ ਲੋਕ ਭਗੌਤੀ ਸ਼ਬਦ ਦਾ ਪੱਲਾ ਫੜ ਕੇ ਰਖਣਾ ਚਾਹੁੰਦੇ ਹਨ ਉਹ ਇਸ ਦੇ ਹੱਕ ਵਿਚ ਬੇ-ਸਿਰ ਪੈਰ ਦੀਆਂ ਦਲੀਲਾਂ ਦਿੰਦੇ ਹਨ ਅਤੇ ਆਖਦੇ ਹਨ ਕਿ ਇਸ ਦਾ ਅਰਥ ਤਲਵਾਰ/ਕ੍ਰਿਪਾਨ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਬਦ ਤੋਂ ਸਿਵਾ ਕਿਸੇ ਸ਼ਸ਼ਤਰ ਨੂੰ ਪੀਰ ਜਾਂ ਗੁਰੂ ਮੰਨਣ ਦੀ ਗੱਲ ਨਹੀਂ ਕਰਦੀ।

ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਭਗੌਤੀ ਸ਼ਬਦ ਵੀ ਭਗਤ ਲਈ ਵਰਤਿਆ ਗਿਆ ਹੈ (ਉਹ ਹੀ ਅਸਲ ਵਿਚ ਭਗਉਤੀ ਹੈ ਜਿਸਨੇ ਭਗਵੰਤ ਨੂੰ ਜਾਣ ਲਿਆ ਹੈ) ਸੋ ਚੰਡੀ ਕੀ ਵਾਰ ਅਖੌਤੀ ਦਸਮ ਗ੍ਰੰਥ ਮੁਤਾਬਕ ਜੇ ਅਸੀਂ ਅਰਦਾਸ ਵਿਚ ਭਗੌਤੀ ਸਿਮਰਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਭਗਤ ਨੂੰ ਸਿਮਰ ਕੇ ਗੁਰੂ ਸਾਹਿਬਾਨਾਂ ਦੀ ਉਸਤਤਿ ਕਰਦੇ ਹਾਂ ਤੇ ਇਥੇ ਇਹ ਵੀ ਸਪਸ਼ਟ ਨਹੀਂ ਕਿ ਕਿੰਨੀ ਉਚੀ ਕਰਨੀ ਵਾਲਾ ਉਹ ਭਗਤ ਹੋਣਾ ਚਾਹੀਦਾ ਹੈ? ਸਿੱਖ ਧਰਮ ਦੀ ਪੰਥਕ ਅਰਦਾਸ ਜਿਸ ਦਾ ਆਰੰਭਕ ਮੁਖੜਾ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਰਚਨਾ ਚੰਡੀ ਕੀ ਵਾਰ ਵਿਚੋਂ ਲਿਆ ਹੈ ਜਿਸ ਦੀ ਸਮੁੱਚੀ ਰਚਨਾ ਦੇਵੀ ਤੇ ਉਸ ਦੇ ਦੈਂਤਾਂ ਨਾਲ ਚਲ ਰਹੇ ਜੁੱਧ ਦਾ ਵਰਣਨ ਹੈ ਜਿਸ ਵਿਚ ਬੜੀ ਚਲਾਕੀ ਨਾਲ ਆਰੰਭ ਵਿਚ ਨੌ ਗੁਰੂ ਸਾਹਿਬਾਨਾਂ ਦੇ ਨਾਂ ਲਿਖ ਕੇ ਅਤੇ ਉਨ੍ਹਾਂ ਨੂੰ ਹਿੰਦੂ ਦੇਵੀ ਦੇਵਤਾਵਾਂ ਵਾਂਗ ਵੱਖ ਵੱਖ ਦਾਤਾਂ ਦੇਣ ਵਾਲਾ ਦੱਸ ਕੇ ਜਿਵੇਂ ਹਿੰਦੂੰਆ ਵਿਚ ਲਖਮੀ ਧਨ ਦੇਂਦੀ ਹੈ, ਇੰਦਰ ਵਰਖਾ ਕਰਦਾ ਹੈ ਆਦਿ ਤਿਵੇਂ ਸ਼੍ਰੀ ਹਰਿ ਕ੍ਰਿਸ਼ਨ ਜੀ ਨੂੰ ਵੇਖਣ ਨਾਲ ਦੁਖ ਦੂਰ ਹੋ ਜਾਂਦੇ ਹਨ, ਗੁਰੂ ਤੇਗ ਬਹਾਦਰ ਨੂੰ ਸਿਮਰਨ ਨਾਲ ਘਰ ਵਿਚ ਨਉਨਿਧੀਆਂ ਆਉਂਦੀਆਂ ਹਨ ਆਦਿ।

ਇਸ ਚੰਡੀ ਦੀ ਵਾਰ ਵਿਚ ਹੀ ਦਰਜ਼ ਹੈ ਕਿ ਇਕ ਦਿਨ ਜਦੋਂ ਦੁਰਗਸ਼ਾਹ ਨਹਾਉਣ ਵਾਸਤੇ ਗਈ ਤਾਂ ਅਯਾਸ਼ ਰਾਜੇ ਇੰਦ੍ਰ ਨੇ ਆਪਣੀ ਬ੍ਰਿਥਾ ਸੁਣਾਈ ਤੇ ਕਿਹਾ ਕਿ ਮੇਰੇ ਤੋਂ ਦੈਤਾਂ ਨੇ ਰਾਜ ਭਾਗ ਖੋਹ ਲਿਆ ਹੈ ਇੰਦਰ ਦਾ ਖੋਹਿਆ ਰਾਜ ਭਾਗ ਦਿਵਾਉਣ ਲਈ ਦੁਰਗਸ਼ਾਹ (ਚੰਡੀ) ਯੁੱਧ ਵਿਚ ਦੈਤਾਂ ਨਾਲ ਭਿੜਦੀ ਹੈ ਕਦੇ ਉਹ ਕਰਾਮਾਤ ਕਰ ਕੇ ਆਪਣਾ ਮੱਥਾ ਫੋੜ ਕੇ ਦੈਤਾਂ ਨਾਲ ਜੁੱਧ ਕਰਨ ਲਈ ਇਕ ਹੋਰ ਦੇਵੀ ਪ੍ਰਗਟ ਕਰਦੀ ਹੈ (ਚੰਡਿ ਚਿਤਾਰੀ ਕਾਲਿਕਾ ਮਨ ਬਾਹਲਿਲਾ ਰੋਹਿ ਬਢਾਇਕੈ, ਨਿਕਲੀ ਮਥਾ ਫੋੜਿ ਕੇ ਗਣ ਫਤਿਹ ਨਿਸ਼ਾਨ ਬਜਾਇ ਕੈ…..ਰਣਿ ਕਾਲੀ ਗੁਸਾ ਖਾਇ ਕੈ) ਕਦੇ ਉਹ ਦੈਂਤਾਂ ਤੇ ਆਪਣਾ ਭਿਆਨਕ ਗੁੱਸਾ ਵਿਖਾਉਂਦੀ ਹੈ ਪਰ ਕਰਮਾਤਾਂ ਵਿਖਾਉਣੀਆਂ, ਕ੍ਰੌਧ ਕਰਣਾ ਇਹ ਦੋਵੇਂ ਗੱਲਾਂ ਗੁਰਮਤਿ ਦੇ ਸ਼ਬਦਕੋਸ਼ ਵਿਚ ਦਰਜ਼ ਨਹੀਂ ਹੈ ਫਿਰ ਕਿਸ ਅਧਾਰ’ਤੇ ਅਸੀਂ ਇਸ ਕਰਾਮਾਤੀ ਅਤੇ ਕ੍ਰੋਧਵਾਨ ਭਗੌਤੀ ਨੂੰ ਗੁਰੂ ਸਾਹਿਬਾਨਾਂ ਤੋਂ ਵੀ ਪਹਿਲਾਂ ਸਿਮਰ ਰਹੇ ਹਾਂ ? ਜੇ ਇਹ ਸਾਡੀ ਪੰਥਕ ਮਰਿਆਦਾ ਹੈ ਤਾਂ ਇਸ ਮਰਿਯਾਦਾ ਦਾ ਅਧਾਰ ਗੁਰਮਤਿ ਹੋਣਾ ਚਾਹੀਦਾ ਹੈ ਜਾਂ ਮਨਮਤਿ?

ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕਵੀ ਸਿਆਮ ਹੈ ਨਾ ਕਿ ਪਾਤਸ਼ਾਹੀ 10 ਇਹ ਗੱਲ ਅੰਦਰਲੀ ਰਚਨਾ ਤੋਂ ਸਪਸ਼ਟ ਹੋ ਜਾਂਦੀ ਹੈ ਜਦ ਉਹ ਕਹਿੰਦਾ ਹੈ “ਤੇਰਾ ਸ਼ਾਮ ਤਕਾਈ ਦੇਵੀ ਦੁਰਗਸ਼ਾਹ” ਅਤੇ ਦੁਰਗਸ਼ਾਹ ਨੂੰ ਦੇਵੀ ਆਖ ਕੇ ਸੰਬੋਧਨ ਕਰਦਾ ਹੈ। ਉਹ ਦਸਦਾ ਹੈ ਕਿ ਸੁੰਭ ਨਿਸੁੰਭ ਨਾਂ ਦੇ ਦੈਤਾਂ ਨੂੰ ਦੇਵੀ ਨੇ ਮਾਰ ਕੇ ਇੰਦਰ ਨੂੰ ਰਾਜ ਅਭਿਖੇਖ ਲਈ ਬੁਲਾਇਆ ਅਤੇ ਉਸ ਦੇ ਸਿਰ ਤੇ ਛਤਰ ਝੁਲਾਇਆ ਇਸ ਤਰ੍ਹਾਂ ਕਰਨ ਨਾਲ ਚੌਦਾਂ ਲੋਕਾਂ ਵਿਚ ਜਗਮਾਤ ਦਾ ਜਸ ਛਾ ਗਿਆ (ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ । ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੂੰ। ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ। ਚਉਦੀ ਲੋਕਾ ਛਾਇਆ ਜਸ ਜਗਮਾਤ ਦਾ। ਪਉੜੀ 55 ਪੰਨਾ 127) ਇਸ ਤਰ੍ਹਾਂ ਕਵੀ ਆਪਣੇ ਇਸ਼ਟ ਭਗੌਤੀ ਦੇਵੀ ਪ੍ਰਤੀ ਅਪਣੀ ਵਚਨਬੱਧਤਾ ਦਰਸਾ ਕੇ ਹਰ ਪਾਸੇ ਉਸ ਨੂੰ ਆਪਣਾ ਸਹਾਈ ਦੱਸਦੇ ਹੋਏ ਅੰਤਲੀ ਪਉੜੀ ਵਿਚ ਸਪਸ਼ਟ ਕਰਦਾ ਹੈ ਕਿ ਇਹ ਸਭ ਪਉੜੀਆਂ (ਪ੍ਰਿਥਮ ਭਗੌਤੀ ਸਿਮਰ ਕੈ ਤੋਂ ਲੈ ਕੇ 55 ਵੀਂ ਪਉੜੀ ਤਕ) ਦੁਰਗਾ ਪਾਠ ਦੀਆਂ ਹਨ ਤੇ ਜੋ ਕੋਈ ਵੀ (ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫੇਰਿ ਨਾ ਜੂਨੀ ਆਇਆ ਜਿਨ ਇਹ ਗਾਇਆ। - ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਪਉੜੀ 55 ਪੰਨਾ 127) ਇਹ ਦੇਵੀ ਉਸਤਤਿ ਵਾਲੀ ਪਉੜੀਆਂ ਨੂੰ ਗਾਵੇਗਾ ਉਹ ਜੂਨਾਂ ਵਿਚ ਨਹੀ ਆਏਗਾ। ਇਸ ਸਾਰੀ ਵਾਰ ਵਿਚ ਦੁਰਗਾ ਦੇਵੀ ਦਾ ਦੈਤਾਂ ਨਾਲ ਜੁੱਧ ਅਤੇ ਉਨ੍ਹਾਂ ਨੂੰ ਸੰਘਾਰਣ ਦਾ ਵਰਣਨ ਮਿਲਦਾ ਹੈ ਅਜਿਹਾ ਵੇਰਵਾ ਦੇਵੀ ਦੁਰਗਾ ਦੀ ਉਸਤਤਿ ਵਿਚ ਲਿਖੀ ਪੁਸਤਕ ਮਾਰਕੰਡੇ ਪੁਰਾਣ ਵਿਚ ਵੀ ਮਿਲਦਾ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਕਿਸ ਅਧਾਰ ’ਤੇ ਇਸ “ਦੁਰਗਾ ਪਾਠ” ਨੂੰ ਸਿੱਖ ਧਰਮ ਦੀ ਪੰਥਕ ਅਰਦਾਸ ਦਾ ਮੁਖੜਾ ਬਣਾ ਦਿੱਤਾ ਗਿਆ ? ਅਤੇ ਗੁਰਮਤਿ ਵਿਰੋਧੀ ਸਮੁੱਚੀ ਲਿਖਤ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਨੂੰ ਤਖ਼ਤਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਲੋਕਾਂ ਤੋਂ ਮੱਥੇ ਟਿਕਵਾਏ ਜਾ ਰਹੇ ਹਨ ।

ਸਪਸ਼ਟ ਹੈ ਕਿ ਸਿੱਖੀ ਦਾ ਬ੍ਰਾਹਮਣੀਕਰਣ ਕਰਨ ਲਈ ਇਹ ਸਭ ਕੁਝ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ ਅਤੇ ਪੰਥ ਦਾ ਭਉ ਵਿਖਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਿਆਂ ਨੂੰ ਵੀ ਕਿਤੇ ਨਾ ਕਿਤੇ ਇਸ ਭਗੌਤੀ ਦਾ ਡੰਡਾ ਵਿਖਾ ਦਿੱਤਾ ਜਾਂਦਾ ਹੈ। ਸਿੱਖੀ ਨੂੰ ਬ੍ਰਾਹਮਣਵਾਦ ਦੇ ਜੁਲੇ ਹੇਠ ਲਿਆਉਣ ਲਈ ਤਖ਼ਤਾਂ ’ਤੇ ਕਾਬਜ਼ ਪੁਜਾਰੀ ਸ਼੍ਰੇਣੀ ਕਦੇ ਵੀ ਨਹੀਂ ਚਾਹੁੰਦੀ ਕਿ ਸਿੱਖ ਭਗੌਤੀ ਦੇਵੀ ਦਾ ਪੱਲਾ ਛਡਣ ਇਹ ਸਚਾਈ ਉਨ੍ਹਾਂ ਨੂੰ ਵੀ ਪਤਾ ਹੈ ਕਿ ਅਖੌਤੀ ਦਸਮ ਗ੍ਰੰਥ ਵਿਚੋਂ ਅਰਦਾਸ ਦੀਆਂ ਮੁੱਢਲੀਆਂ ਪੰਗਤੀਆਂ ਦੇਵੀ ਉਪਾਸ਼ਨਾ ਹਨ ਪਰ ਇਸ ਸਭ ਦੇ ਬਾਵਜੂਦ ਉਹ ਇਸ ਮਸਲੇ ਨੂੰ ਕਦੇ ਵੀ ਹੱਲ ਨਹੀਂ ਕਰਣਗੇ। ਇਸ ਦਾ ਇਕੋ ਇਕ ਹੱਲ ਇਹੀ ਹੈ ਜੇ ਕਿਸੇ ਸਿੱਖ ਨੇ ਗੁਰਮਤਿ ਦੀ ਰੌਸ਼ਨੀ ਵਿਚ ਇਹ ਜਾਣ ਲਿਆ ਹੈ ਕਿ ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ, ਪ੍ਰਿਥਮ ਭਗੌਤੀ ਸਿਮਰ ਕੈ ਵਾਲੇ ਸਾਰੇ ਸ਼ਬਦ ਗੁਰੂਆਂ ਨੂੰ ਦੇਵੀ ਪੂਜਕ ਦਸਦੇ ਹਨ, ਤਾਂ ਗੁਰਮਤਿ ਗਿਆਨ ਦਾ ਚਾਨਣ ਲੈ ਕੇ ਸਾਨੂੰ ਉਸੇ ਪਲ ਭਗੌਤੀ ਦਾ ਪੱਲਾ ਛੱਡ ਦੇਣਾ ਚਾਹੀਦਾ ਹੈ ਅਤੇ ਤਖ਼ਤਾਂ ’ਤੇ ਕਾਬਜ਼ ਪੁਜਾਰੀ ਸ਼੍ਰੇਣੀ ਦੇ ਹੁਕਮਨਾਮਿਆਂ ਦਾ ਵਿਅਰਥ ਇੰਤਜ਼ਾਰ ਨਹੀਂ ਕਰਣਾ ਚਾਹੀਦਾ। ਇਹੀ ਪੰਥਕ ਸਮਸਿਆਵਾਂ ਦਾ ਇਕੋ ਇਕ ਹੱਲ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top