Share on Facebook

Main News Page

ਸੱਚ ਆਖਾਂ ਤਾਂ ਭਾਂਬੜ ਮੱਚਦਾ...

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਕ ਸੁੰਦਰ ਵਿਚਾਰ ਹੈ, ਕਿ ਸੱਚ ਦਾਰੂ ਹੈ ਅਤੇ ਇਹ ਸਾਰਿਆਂ ਪਾਪਾਂ ਨੂੰ ਧੋ ਕੇ ਕੱਢਦਾ ਦਿੰਦਾ ਹੈ। ਸੰਜਮ ਅਤੇ ਪਰਹੇਜ ਨਾਲ ਦਵਾ ਦਾਰੂ ਖਾਣ ਵਾਲਾ ਮਰੀਜ ਹੀ ਠੀਕ ਹੋ ਸਕਦਾ ਹੈ। ਜੇ ਠੀਕ ਹੋਣ ਦੀ ਚਾਹਨਾਂ ਮਰੀਜ ਅੰਦਰ ਹੋਵੇਂ ਤਾਂ। ਮਰੀਜ ਨੂੰ ਡਾਕਟਰ ਦੀ ਹਰ ਸਲਾਹ ਮੰਨਣੀ ਹੀ ਪਵੇਗੀ। ਜੇ ਕਿਧਰੇ ਉਸਨੂੰ ਚੀਰ ਫਾੜ ਵੀ ਦਿੰਦਾ ਹੈ, ਤਾਂ ਮਨੋਰਥ ਕੇਵਲ ਇਹ ਹੀ ਹੈ ਕਿ ਜਾਨ ਬਚਾ ਲਈਏ।

ਜਿਹੜੀ ਮਾਂ ਪੁੱਤ ਨਾਲ ਅਥਾਹ ਪਿਆਰ ਕਰਦੀ ਹੈ, ਉਸ ਦੇ ਲੱਗੀ ਹੋਈ ਨਿੱਕੀ ਜਿਹੀ ਸੱਟ ਨੂੰ ਵੀ ਬਰਦਾਸ਼ਤ ਨਾ ਕਰਦੀ ਹੋਈ ਹੰਝੂ ਕੇਰਦੀ ਕੀਰਨੇ ਪਾਉਂਦੀ ਵਿਲਕਦੀ ਸੀ। ਜਦੋਂ ਇਕ ਦਿਨ ਹਸਪਤਾਲ ਦੇ ਅੰਦਰ ਪੁੱਤ ਦਾ ਇਲਾਜ ਕਰਵਾਉਣ ਲਈ ਆਪ੍ਰੇਸ਼ਨ ਥੀਏਟਰ ਵਿਚ ਦਾਖਲ ਹੋਈ, ਤਾਂ ਕਿਸੇ ਨੇ ਕਿਹਾ ਤੂੰ ਤਾਂ ਆਪਣੇ ਬੱਚੇ ਦੇ ਥੋੜੀ ਜਿਹੀ ਤਕਲੀਫ ਵੀ ਬਰਦਾਸ਼ਤ ਨਹੀਂ ਸੀ ਕਰਦੀ। ਹੁਣ ਤਾਂ ਡਾਕਟਰ ਨੇ ਤੇਰੇ ਪੁੱਤਰ ਨੂੰ ਚੀਰ ਦੇਣਾ ਈ। ਤਾਂ ਮਾਂ ਕਹਿੰਦੀ ਕੋਈ ਨਾ ਪੁੱਤ ਉਸਦੀ ਚੀਰ ਫਾੜ ਪਿੱਛੇ ਵੀ ਮੇਰੇ ਪੁੱਤ ਦੀ ਜਿੰਦਗੀ ਹੈ। ਜੇ ਚੀਰੇਗਾ ਤਾਂ ਅੰਦਰ ਦੀ ਪੱਥਰੀ ਜਾਂ ਜੋ ਵੀ ਰੋਗ ਹੈ ਕੱਢੇਗਾ, ਤੇ ਨਾ ਹੀ ਉਹ ਮਾਂ ਉਸ ਵੈਦ ਨੂੰ ਕਸਾਈ ਕਹਿੰਦੀ ਹੈ।

ਪਰ ਅੱਜ ਧਰਮ ਦੀ ਦੁਨੀਆਂ ਵਿਚ ਮਰੀਜ ਬੇਈਮਾਨ ਹੋ ਗਿਆ। ਕਿਉਂਕਿ ਜੋ ਵੀ ਗੁਰੂ ਗਿਆਨ ਨੂੰ ਲੈ ਕੇ ਅਸਲੀਅਤ ਲੋਕਾਂ ਦੇ ਸਾਹਮਣੇ ਰੱਖਦਾ ਹੈ, ਉਹ ਇਹਨਾਂ ਭੋਲੇ ਮਰੀਜਾਂ ਦੀਆਂ ਨਿਗਾਹਾਂ ਵਿਚ ਕਸਾਈ ਤੇ ਵਿਕਾਊ ਬਣਿਆ। ਇਦਾਂ ਕਿਉਂ ਹੋ ਗਿਆ। ਅਜੀਬ ਕਿਸਮ ਦਾ ਮਰੀਜ ਹੈ ਜੋ ਡਾਕਟਰ ਨੂੰ ਕਸਾਈ ਸਮਝਦਾ ਹੈ।

ਸਿੱਖ ਕੌਮ ਵਿਚ ਬਹੁਤਾਤ ਗਿਣਤੀ ਉਹਨਾਂ ਮਰੀਜਾਂ ਦੀ ਹੈ, ਜਿੰਨਾਂ ਨੂੰ ਹਰ ਸੱਚੀ ਗੱਲ ਤੇ ਸੱਚ ਦਾ ਪ੍ਰਚਾਰਕ ਵਿਕਾਊ ਲੱਗਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ 'ਤੇ ਵੀ ਅੱਜ ਕੁੱਝ ਲੋਕ, ਚਾਹੇ ਉਹ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਡੇਰੇ ਨਾਲ ਜੁੜੇ ਹਨ, ਗੱਲ ਕਰਨ ਨੂੰ ਤਿਆਰ ਨਹੀਂ। ਹਰ ਗੱਲ ਦਾ ਵਿਚਾਰਵਾਨ ਸਿੱਖ ਅੱਜ ਵਿਚਾਰ ਤੋਂ ਕੰਨੀ ਕਿਉਂ ਕਤਰਾ ਗਿਆ...?

ਗੁਰੂ ਨਾਨਕ ਸਾਹਿਬ ਦਾ ਪੁਰਬ ਤਾਂ ਸਭ ਹੀ ਮਨਾਉਣਗੇ, ਪਰ ਗੁਰੂ ਬਾਬੇ ਦੀ ਵਿਚਾਰ ਨੂੰ ਮੰਨਣ ਵਾਲੇ ਪਾਸੇ ਬਹੁਤ ਘੱਟ ਸਿੱਖ ਆਉਣਗੇ। ਧੁੰਦ ਵਿਚ ਤੁਰੇ ਜਾਂਦੇ ਵੀ ਜੱਗ ਚਾਨਣ ਹੋਇਆ ਉੱਚੀ ਉੱਚੀ ਗਾਉਣ ਵਾਲੇ ਅੱਜ ਬਥੇਰੇ ਨੇ।

ਉਸ ਸਮੇਂ ਵੀ ਗੁਰੂ ਸਾਹਿਬ ਦੀ ਉੱਚੀ ਵਿਚਾਰ ਕਈਆਂ ਨੂੰ ਤਾਂ ਕਬੂਲ ਹੋ ਗਈ। ਪਰ ਉਹ ਵੀ ਤਾਂ ਲੋਕ ਮੌਜੂਦ ਸੀ ਜਿਹਨਾਂ ਨੇ ਭੂਤਨਾ ਤੇ ਬੇਤਾਲਾ ਤੱਕ ਵੀ ਆਖਿਆ।

ਜੋ ਲੋਕ ਆਪਣੀਆਂ ਆਉਣ ਵਾਲੀਆਂ ਪੀੜੀਆਂ ਦਾ ਜੀਵਨ ਖੁਸਹਾਲ ਅਤੇ ਤਰੱਕੀ ਵਾਲਾ ਵੇਖਣਾ ਲੋਚਦੇ ਹਨ, ਉਹ ਹੀ ਸੰਘਰਸ਼ ਦਾ ਰਾਹ ਫੜਦੇ ਹਨ, ਤੇ ਕਈ ਵਾਰ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਸਰੀਰ ਦੇ ਠੀਕਰੇ ਨੂੰ ਵੀ ਭਨਾਉਣਾ ਪੈਂਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ।

ਪਰ ਇਕ ਗੱਲ ਹੈ ਕਹਿੰਦੇ ਨੇ ਮਨਸੂਰ ਨੂੰ ਬੇਗਾਨਿਆਂ ਦੇ ਪੱਥਰਾਂ ਦਾ ਦਰਦ ਨਹੀਂ ਸੀ ਲੱਗਾ, ਜਿੰਨਾ ਸੱਜਣ ਦੇ ਮਾਰੇ ਫੁੱਲ ਦਾ ਹੋੲਆ ਸੀ।

ਗੁਰੂ ਨਾਨਕ ਸਾਹਿਬ ਨੇ ਵੀ ਸੱਜਣ ਨੂੰ ਇਕ ਗੱਲ ਆਖੀ ਸੀ, ਕਿ ਸੱਜਣ ਹੋਣ ਦਾ ਦਾਅਵਾ ਤਾਂ ਕਰਦਾ ਏਂ, ਪਰ ਇਹੋ ਜਿਹਾ ਸੱਜਣ ਨਹੀਂ ਬਣੀਦਾ, ਨਹੀਂ ਤਾਂ ਲੋਕਾਂ ਦਾ ਮਿੱਤਰਾਂ ਤੋਂ ਵਿਸ਼ਵਾਸ਼ ਉੱਠ ਜਾਣਾ ਈ। ਜੇ ਠੱਗ ਹੈ, ਤਾਂ ਸੱਜਣਾ ਵਾਲੇ ਬਾਣੇ ਨੂੰ ਬਦਨਾਮ ਨਾ ਕਰ।

ਹਨੇਰ ਸਾਂਈ ਦਾ, ਕਿ ਅੱਜ ਗੁਰੂ ਨਾਨਕ ਸਾਹਿਬ ਦੇ ਘਰ ਹੀ ਇਹ ਲੋਕ ਸੱਜਣ ਬਣ ਕੇ ਇੰਨੇ ਕਬੂਲ ਚੜ ਜਾਣਗੇ, ਕਿ ਇਨ੍ਹਾਂ ਦਾ ਜੇ ਕੋਈ ਪਾਜ ਖੋਲੇ ਦੁੱਖ ਜਿਆਦਾ ਅਤੇ ਸਾਡਾ ਖੂਨ ਵੀ ਉਬਾਲੇ ਮਾਰੇਗਾ। ਪਰ ਜਿੰਨਾਂ ਨੇ ਸਿੱਖੀ ਦੇ ਦੁਸ਼ਮਣਾਂ ਨਾਲ ਯਾਰੀਆਂ ਪਾਈਆਂ, ਉਹ ਪੰਥਕ ਤੇ ਕੌਮੀ ਹੀਰੇ ਲੱਗਣਗੇ।

ਵੈਰੀ ਦਾ ਸੁਭਾਅ ਤਾਂ ਬਰਬਾਦ ਕਰਨਾ ਹੈ। ਪਰ ਜਦੋਂ ਪਤਾ ਲੱਗਾ ਕੇ ਸਾਡਾ ਸੱਜਣ ਵੀ ਜਾ ਕੇ ਨਾਲ ਰਲ ਗਿਆ। ਦਿਲ ਤਾਂ ਉਸ ਵੇਲੇ ਘਟਿਆ। ਜਦੋਂ ਗੱਦਾਰਾਂ ਦਾ ਸਨਮਾਨ ਤੇ ਪਰਵਾਨਿਆਂ ਦਾ ਤਿਰਸਕਾਰ ਕੀਤਾ। ਕਿਸੇ ਅਦੀਬ ਦੇ ਬੋਲ ਨੇ – "ਜਿਨ੍ਹੇਂ ਹਾਰ ਸਮਝਾ ਥਾ, ਗਲੇ ਅਪਨੇ ਸਜਾਨੇ ਕੇ ਲੀਏ। ਵਹੀ ਕਾਲੇ ਨਾਗ ਬਨ ਨਿਕਲੇ, ਹਮੇਂ ਕਾਟ ਖਾਨੇ ਕੇ ਲੀਏ...।

ਮੈਂ ਇਕ ਸਵਾਲ ਅੱਜ ਅਖੌਤੀ ਬ੍ਰਹਮਗਿਆਨੀਆਂ ਨੂੰ ਕਰਨਾ ਚਾਹੁੰਦਾ ਹਾਂ। ਸ਼ਾਇਦ ਮੇਰੇ ਉਹ ਭੁੱਲੜ ਵੀਰ ਨੂੰ ਵੀ ਸਮਝ ਲੱਗ ਜਾਵੇ, ਜਿੰਨਾ ਦੇ ਸਿਰ ਤੇ ਕਾਰ ਸੇਵਾ ਦੀ ਟੋਕਰੀ ਅਤੇ ਜਿੰਨ੍ਹਾਂ ਦੇ ਮੋਢਿਆਂ ਨੇ ਕੌਮ ਦਾ ਭਾਰ ਚੁੱਕਣਾ ਸੀ। ਉਨ੍ਹਾਂ ਉੱਤੇ ਇਨ੍ਹਾਂ ਬੋਰੀਆਂ ਚੁਕਾ ਦਿੱਤੀਆਂ, ਜੋ ਅਜੇ ਵੀ ਨਹੀਂ ਲੱਥੀਆਂ।

ਤੁਸੀਂ ਵੀ ਸਵਾਲ ਇਨ੍ਹਾਂ ਨੂੰ ਜਰੂਰ ਕਰਿਓ। ਇਹ ਸਾਧ ਵੀ ਕਈ ਪ੍ਰਕਾਰ ਦੀਆਂ ਭਵਿੱਖਬਾਣੀਆਂ ਕਰਦੇ ਹਨ। ਇਕ ਬਾਬਾ ਜੀ ਨੇ ਤਾਂ ਇਹ ਵੀ ਦੱਸ ਦਿੱਤਾ, ਕਿ ਸੰਸਾਰ ਕਿਵੇਂ ਤੇ ਕਦੋਂ ਖਤਮ ਹੋਣਾ ਹੈ, ਮੈਂ ਸਿਰਫ ਬਾਬਾ ਜੀ ਨੂੰ ਬੇਨਤੀ ਕਰਨੀ ਹੈ, ਕਿ ਕਈ ਥਾਂਵਾਂ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨੀ ਦੀ ਭੇਟਾ ਚੜ ਗਏ, ਉਨ੍ਹਾਂ ਬਾਰੇ ਵੀ ਪਹਿਲਾਂ ਦੱਸ ਦੇਣਾ ਸੀ। ਤੁਸੀਂ ਇਹ ਚਿੰਤਾ ਨਾ ਕਰੋ ਕਿ ਸੰਸਾਰ ਕਦੋਂ ਖਤਮ ਹੋਣਾ, ਇਸ ਬਾਰੇ ਸਾਇੰਸਦਾਨਾਂ ਨੂੰ ਸੋਚਣ ਦਿਉ, ਤੁਸੀਂ ਧਰਮੀ ਪੁਰਸ਼ ਹੋ, ਸਿੱਖੀ ਵੱਲ ਧਿਆਨ ਦਿਓ, ਜੇ ਤੁਸੀਂ ਭਵਿੱਖਬਾਣੀ ਕਰਨੀ ਸੀ, ਤਾਂ ਅਕਾਲ ਤਖਤ ਬਾਰੇ ਨਵੰਬਰ ਮਹੀਨੇ ਬਾਰੇ ਕਰ ਦਿੰਦੇ ਸ਼ਾਇਦ.....

ਗੁਰੂ ਦੇ ਸਿਧਾਤਾਂ ਨੂੰ ਨੇਸਤੋ ਨਬੂਦ ਕਰਨ ਲਈ ਕਈ ਸੰਪਰਦਾਵਾਂ ਤੇ ਡੇਰੇ ਅੱਜ ਜ਼ੋਰਾਂ 'ਤੇ ਹਨ, ਜੋ ਕੌਮੀ ਨੁਕਸਾਨ ਕਰ ਕੇ ਵੀ ਦੁੱਧ ਧੋਤੇ ਹਨ। ਸਾਲਾਂ ਤੋਂ ਝੂਠ ਬੋਲ ਕੇ ਜਿੰਨ੍ਹਾ ਨੇ ਰੋਟੀਆਂ ਸੇਕੀਆਂ, ਉਹ ਸੱਚੇ ਤੇ ਇਨ੍ਹਾਂ ਦਾ ਭਾਂਡਾ ਭੰਨਣ ਵਾਲੇ ਬੇਈਮਾਨ ਕਿਵੇਂ ਹੋ ਗਏ। ਜ਼ੁਬਾਨ ਨੂੰ ਤਾਲਾ ਲਾਉਣ ਦਾ ਸਬਕ ਦਿੱਤਾ ਜਾਂਦਾ ਹੈ, ਵਾਹ – ਜੇ ਕੈਸੀ ਜ਼ੁਬਾਂਬੰਦੀ ਹੈ ਤੇਰੀ ਮਹਿਫਲ ਮੇਂ ਕਿ.....।

ਗੁਰੂ ਪੰਥ ਦਾ ਦਾਸ

ਗੁਰਸ਼ਰਨ ਸਿੰਘ (ਗੁਰਮਤਿ ਪ੍ਰਚਾਰਕ)
91+808-791-5039


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top