Share on Facebook

Main News Page

ਅਰਸ਼ ਤੋਂ ਫਰਸ਼ ਤੇ ਕਿਵੇਂ ਡਿੱਗੇ ‘ਸਿਮਰਨਜੀਤ ਸਿੰਘ ਮਾਨ’

ਸਾਕਾ ਨੀਲਾ ਤਾਰਾ ਤੋਂ ਬਾਅਦ ਸਿੱਖ ਕੌਮ ਦੇ ਰੋਹ ਦਾ ਜਵਾਲਾਮੁਖੀ ਭਾਂਬੜ ਬਣ ਗਿਆ ਸੀ। ਹਰ ਇਕ ਸਿੱਖ ਇਸ ਜੁਲਮ ਦਾ ਬਦਲਾ ਲੈਣ ਲਈ ਉਤਾਵਲਾ ਸੀ। ਸਿੱਖ ਕੌਮ ਦੇ ਪਹਿਰੇਦਾਰ ਅਖਵਾਉਣ ਵਾਲੇ ਅਖੌਤੀ ਆਗੂਆਂ ਨੂੰ ਆਮ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਬਹੁਤ ਸਾਰੇ ਨੌਜਵਾਨ ਸਿੱਖਾਂ ਨੇ ਇਸ ਜਾਲਮਈ ਦੁਖਾਂਤ ਦਾ ਬਦਲਾ ਲੈਣ ਲਈ ਸੰਘਰਸ਼ ਆਰੰਭ ਦਿੱਤਾ। ਪਰੰਤੂ ਅਖੌਤੀ ਸਿੱਖ ਆਗੂ ਸਮੇਂ ਦੀ ਹਕੂਮਤ ਤੋਂ ਡਰਦੇ ਖ਼ਾਮੋਸ਼ ਹੋ ਗਏ। ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਸੰਘਰਸ਼ ਕਰਦੇ ਸ਼ਹੀਦੀਆਂ ਪਾ ਗਏ ਤੇ ਬਹੁਤੇ ਪੁਲਿਸ ਦੇ ਝੂਠੇ ਮੁਕਾਬਲਿਆਂ ਵਿਚ ਮਾਰ ਦਿੱਤੇ ਗਏ, ਬਾਕੀ ਰਹਿੰਦੇ ਸਿੱਖ ਨੌਜਵਾਨ ਜੇਲ੍ਹਾਂ ਦੀਆਂ ਸਲਾਖਾਂ ਵਿਚ ਸੁੱਟ ਦਿੱਤੇ ਗਏ, ਜਿਨ੍ਹਾਂ ਵਿਚੋਂ ਅੱਜ ਵੀ ਕੁਝ ਕੁ ਗਿਣਤੀ ਦੇ ਜੁਝਾਰੂ ਨੌਜਵਾਨ ਸਿੱਖ ਜੇਲ੍ਹਾਂ ਵਿਚ ਨਜ਼ਰਬੰਦ ਹਨ। ਹਕੂਮਤ ਦੇ ਡਰ ਕਾਰਨ ਭਾਵੇਂ ਆਮ ਸਿੱਖ ਚੁੱਪ ਸਨ ਪਰੰਤੂ ਸਾਕਾ ਨੀਲਾ ਤਾਰਾ ਉਨ੍ਹਾਂ ਦੇ ਮਨਾਂ ਵਿਚ ਬਹੁਤ ਸਾਰੇ ਦਰਦ ਛੁਪਾਈ ਬੈਠਾ ਸੀ। ਸਿੱਖਾਂ ਨੂੰ ਕਿਸੇ ਜੁਝਾਰੂ ਆਗੂ ਦੀ ਭਾਲ ਸੀ। ਬਾਦਲਾਂ ਤੇ ਟੌਹੜਿਆਂ ਨੂੰ ਵੀ ਸਿੱਖਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਉਸ ਸਮੇਂ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਪੰਥਕ ਧਿਰਾਂ ਇਕੱਠੀਆਂ ਹੋਈਆਂ ਤੇ ਜੇਲ੍ਹ ਵਿਚ ਨਜ਼ਰਬੰਦ ਸਿਮਰਨਜੀਤ ਸਿੰਘ ਮਾਨ ਨੂੰ ਨੇਤਾ ਚੁਣ ਲਿਆ ਗਿਆ।

1989 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਗਿਆ। ਸਿੱਖ ਕੌਮ ਲਈ ਇਹ ਬਹੁਤ ਅਹਿਮ ਸਮਾਂ ਸੀ। ਸਿੱਖ ਕੌਮ ਨੇ ਚੋਣਾਂ ਲਈ ਕਮਰਕੱਸੇ ਕਸ ਲਏ ਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਚੋਣ ਲੜੀ ਗਈ। ਮਾਨ ਸਾਹਿਬ ਚੋਣਾਂ ਦੌਰਾਨ ਜੇਲ੍ਹ ਵਿਚ ਨਜ਼ਰਬੰਦ ਸਨ। ਲੋਕ ਸਭਾ ਨਤੀਜਿਆਂ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿਤਾ। ਸ਼ ਸਿਮਰਨਜੀਤ ਸਿੰਘ ਮਾਨ ਇਕ ਜੁਝਾਰੂ ਸਿੱਖ ਆਗੂ ਵਜੋਂ ਉਭਰੇ ਤੇ ਪੰਜਾਬ ਲੋਕ ਸਭਾ ਦੀਆਂ ਤੇਰਾਂ ਵਿੱਚੋਂ 9 ਸੀਟਾਂ ਸ਼ ਮਾਨ ਦੀ ਝੋਲੀ ਪੈ ਗਈਆਂ (ਬਹੁਤ ਸਾਰੇ ਵਿਰੋਧੀਆਂ ਦੀਆਂ ਜਮਾਨਤਾਂ ਜਬਤ ਹੋਈਆਂ)। ਸਿੱਖ ਕੌਮ ਨੇ ਸ਼ ਮਾਨ ਨੂੰ ਪਲਕਾਂ ਉਪਰ ਬਿਠਾ ਲਿਆ। ਸਿੱਖਾਂ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਜਿਸ ਆਗੂ ਦੀ ਉਨ੍ਹਾਂ ਨੂੰ ਭਾਲ ਸੀ ਉਹ ਮਿਲ ਗਿਆ। ਸਿੱਖਾਂ ਨੂੰ ਆਪਣਾ ਖੁਸਿਆ ਰੁਤਬਾ ਹਾਸਲ ਕਰਨ ਦੀ ਆਸ ਬੱਝੀ ਤੇ ਸਿੱਖਾਂ ਨਾਲ ਹੋਈਆਂ ਬੇਇਨਸਾਫ਼ੀਆਂ ਦੇ ਇਨਸਾਫ ਦੀ ਕਿਰਨ ਵਿਖਾਈ ਦੇਣ ਲੱਗੀ। ਪਰ ਸਿੱਖਾਂ ਦੀਆਂ ਆਸਾਂ ਨੂੰ ਬੂਰ ਪੈਣ ਤੋਂ ਪਹਿਲਾਂ ਹੀ ਝੜ ਗਿਆ। ਮਾਨ ਸਾਹਿਬ ਦਿੱਲੀ ਜਾਂਦੇ ਤੇ ਸੰਸਦ ਭਵਨ ਦੇ ਦਰਵਾਜ਼ੇ ‘ਤੇ ਚੌਂਕੀ ਭਰ ਕੇ ਵਾਪਸ ਆ ਜਾਂਦੇ। ਸਿੱਖ ਵਿਰੋਧੀ ਹਕੂਮਤਾਂ ਤਾਂ ਇਹੀ ਚਾਹੁੰਦੀਆਂ ਸਨ।

ਪੰਜਾਬੀ ਦੀ ਇਕ ਕਹਾਵਤ ਕਿ Ḕਨਾ ਸੁੱਤੀ ਨਾ ਕੱਤਿਆ’, ਵਾਂਗ ਮਾਨ ਸਾਹਿਬ ਨੇ ਪੰਜ ਸਾਲ ਦਾ ਉਹ ਸਮਾਂ ਜਦੋਂ ਪੰਜਾਬ ਦਾ ਵਕਾਰ ਦਾਅ ‘ਤੇ ਲੱਗਾ ਸੀ ਅਜਾਈਂ ਗਵਾ ਦਿੱਤਾ। ਸਿੱਖਾਂ ਨੂੰ ਇਨਸਾਫ ਦੀ ਕਿਰਨ ਦਿਖਾਈ ਦੇਣੀ ਬੰਦ ਹੋ ਗਈ। ਮਾਨ ਸਾਹਿਬ ਨੂੰ ਪੰਜਾਬੀ ਦੇ ਹਿੱਤਾਂ ਦੀ ਪ੍ਰਵਾਹ ਨਾ ਰਹੀ ਤੇ ਨਿੱਜੀ ਹਿਤਾਂ ਨਾਲ ਮੋਹ ਪੈ ਗਿਆ। ਇਨਸਾਫ਼ ਨਾ ਮਿਲਦਾ ਵੇਖ ਸਿੱਖਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਹੋਣਾ ਪਿਆ। ਖਾੜਕੂ ਲਹਿਰ ਹਨੇਰੀ ਵਾਂਗ ਝੁਲ ਪਈ ਤੇ ਪੰਜਾਬ ਵਿਚ ਕਾਲੇ ਦਿਨ ਸ਼ੁਰੂ ਹੋ ਗਏ। ਅਨੇਕਾਂ ਮਾਵਾਂ ਦੇ ਪੁੱਤ ਸ਼ਹੀਦੀਆਂ ਪਾ ਗਏ ਤੇ ਕਈ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ। ਸਿੱਖ ਕੌਮ ਨੂੰ ਬਦਨਾਮ ਕਰਨ ਲਈ ਸਮੇਂ ਦਾ ਫਾਇਦਾ ਉਠਾਉਂਦੇ ਹੋਏ ਸਿੱਖ ਵਿਰੋਧੀ ਅਨਸਰਾਂ ਨੇ ਇਸ ਖਾੜਕੂ ਲਹਿਰ ਨੂੰ ਹੋਰ ਹੁਲਾਰਾ ਦਿੱਤਾ। ਕੌਮ ਪ੍ਰਸਤ ਲੋਕ ਅਜਿਹੀਆਂ ਘਿਨੌਣੀਆਂ ਕਾਰਵਾਈਆਂ ਕਰਦੇ ਸਨ ਜੋ ਇਕ ਸਿੱਖ ਕਦੇ ਵੀ ਨਹੀਂ ਕਰ ਸਕਦਾ ਪਰ ਉਹ ਸਿੱਖਾਂ ਦੇ ਸਿਰ ਮੜ ਦਿੱਤੀਆਂ ਜਾਂਦੀਆਂ। ਇਸ ਨਾਲ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਤੇ ਪੂਰੀ ਦੁਨੀਆਂ ਵਿੱਚ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗਾ। ਪਰੰਤੂ ਉਸ ਸਮੇਂ ਮਾਨ ਸਾਹਿਬ ਪਤਾ ਨਹੀਂ ਕਿਧਰ ਗੁੰਮ ਹੋ ਗਏ, ਉਨ੍ਹਾਂ ਸਿੱਖ ਕੌਮ ਨੂੰ ਬਚਾਉਣ ਦਾ ਕੋਈ ਵੀ ਉਪਰਾਲਾ ਨਾ ਕੀਤਾ। ਭਾਵੇਂ ਕਿ ਉਸ ਸਮੇਂ ਅਕਾਲੀ ਦਲ ਦੇ ਵੱਖ-ਵੱਖ ਧੜੇ ਸ਼ ਮਾਨ ਦੀ ਅਗਵਾਈ ਵਿਚ ਇਕਜੁੱਟ ਹੋ ਗਏ ਸਨ ਪ੍ਰੰਤੂ ਮਾਨ ਯਾਹਿਬ ਦੇ ਕੁਝ ਕਥਨਾਂ ਅਤੇ ਕੇਂਦਰ ਵਿਚ ਰਾਸ਼ਟਰੀ ਫਰੰਟ ਦੀ ਘੱਟ ਗਿਣਤੀ ਸਰਕਾਰ ਹੋਣ ਕਾਰਨ ਇਹ ਤਬਦੀਲੀ ਇਕ ਸੰਗਠਿਤ ਰਾਜਨੀਤਕ ਅਮਲ ਵਿਚ ਬਦਲਣ ਤੋਂ ਰੁਕ ਗਈ। ਅਕਾਲੀ ਦਲ ਇਕਮੁੱਠ ਦਲ ਵਜੋਂ ਉਭਰਨ ਤੋਂ ਰੁਕ ਗਿਆ। ਪੰਥ ਵਿਰੋਧੀ ਤਾਕਤਾਂ ਇਸ ਸਮੇਂ ਦੀ ਤਾਕ ਵਿਚ ਸਨ। ਮਾਨ ਸਾਹਿਬ ਨੇ ਕਈ ਹੈਰਾਨ-ਪ੍ਰੇਸ਼ਾਨ ਕਰਨ ਵਾਲੇ ਐਲਾਨਨਾਮੇ ਜਾਰੀ ਕਰਨ ਦਾ ਸਿਲਸਿਲਾ ਬਰਕਾਰ ਰੱਖਿਆ। ਨਤੀਜੇ ਵਜੋਂ ਮਾਨ ਸਾਹਿਬ ਅਰਸ਼ ਤੋਂ ਫਰਸ਼ ਵੱਲ ਖਿਸਕਣ ਲੱਗੇ। ਸਿੱਖਾਂ ਨੂੰ ਮਾਨ ਸਾਹਿਬ ਦਾ ਸਿੱਖ ਵਿਰੋਧੀ ਚਿਹਰਾ ਸਾਫ਼ ਦਿਸਣ ਲੱਗਾ।

1996 ਤੇ 1999 ਦੀਆਂ ਲੋਕ ਸਭਾ ਚੋਣਾਂ ਵਿਚ ਮਾਨ ਦਲ ਕੁਝ ਖਾਸ ਨਾ ਕਰ ਸਕਿਆ। ਮਾਨ ਸਾਹਿਬ ਧੜੰਮ ਕਰਕੇ ਫਰਸ਼ ‘ਤੇ ਆ ਡਿੱਗੇ। ਹੁਣੇ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਇਕ ਵਾਰ ਫਿਰ ਮਾਨ ਸਾਹਿਬ ਨੇ ਆਪਣੇ ਪੰਥ ਵਿਰੋਧੀ ਚਿਹਰੇ ਨੂੰ ਨੰਗਾ ਕਰ ਦਿੱਤਾ। ਸਾਰੀਆਂ ਪੰਥਕ ਧਿਰਾਂ ਇਕਜੁਟ ਹੋ ਗਈਆਂ ਪਰੰਤੂ ਮਾਨ ਸਾਹਿਬ ਇਕੱਲੇ ਹੀ ‘ਖਾਲਸਤਾਨ ਜਿੰਦਾਬਾਦ’ ਦੇ ਨਾਅਰੇ ਲਗਾਉਂਦੇ ਰਹੇ। ਜੇਕਰ ਮਾਨ ਸਾਹਿਬ ਸਿੱਖ ਕੌਮ ਨੂੰ ਪਿਆਰ ਕਰਦੇ ਹੁੰਦੇ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜੇ ਕੁਝ ਹੋਰ ਹੁੰਦੇ। ਮਾਨ ਸਾਹਿਬ ਵਲੋਂ ਖੜੇ ਕੀਤੇ ਬਹੁਤੇ ਉਮੀਦਵਾਰ ਅੱਜ ਆਪਣਾ ਸਭ ਕੁਝ ਲੁਟਾ ਕੇ ਕਰਜ਼ੇ ਦੀ ਮਾਰ ਹੇਠ ਆ ਗਏ ਹਨ ਪਰੰਤੂ ਮਾਨ ਸਾਹਿਬ ਨੇ ਚੋਣਾਂ ਤੋਂ ਬਾਅਦ ਆਰਥਿਕ ਮਦਦ ਤਾਂ ਦੂਰ ਦੀ ਗੱਲ ਹਾਰੇ ਹੋਏ ਉਮੀਦਵਾਰਾਂ ਨੂੰ ਫੋਨ ਕਰਨਾ ਵੀ ਮੁਨਾਸਿਫ ਨਹੀਂ ਸਮਝਿਆ। ਆਮ ਲੋਕਾਂ ਨੂੰ ਹੁਣ ਮਾਨ ਸਾਹਿਬ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਹੈ ਕਿ ਮਾਨ ਪੰਥ ਹਿਤੈਸ਼ੀ ਨਹੀਂ ਸਗੋਂ ਪੰਥ ਵਿਰੋਧੀ ਹੈ। ਪੰਥ ਨੂੰ ਪਿਅਰ ਕਰਨ ਵਾਲੇ ਯੋਧਿਆਂ ਨੂੰ ਮਾਨ ਸਾਹਿਬ ਹਮੇਸ਼ਾ ਬੁਰਾ-ਭਲਾ ਬੋਲਦੇ ਰਹੇ ਹਨ। ਕੋਈ ਸਾਰਥਕ ਸੇਧ ਦੇਣ ਦੀ ਥਾਂ ਪੰਥ ਦੀ ਬੇੜੀ ਵੀ ਮੰਝਧਾਰ ਵਿੱਚ ਫਸਾ ਕੇ ਜੁਝਾਰੂਆਂ ਵਿਰੁਧ ਬਿਆਨਬਾਜੀ ਕਰ ਰਹੇ ਨੇ।

ਹਾਲਤ ਇਹ ਹੈ ਕਿ ਪੰਜਾਬ ਵਾਸੀਆਂ ਨੂੰ ‘ਮਾਨ ਸਾਹਿਬ ਦੇ ਖਾਲਿਸਤਾਨ’ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਆਪਣੇ ਵਲੋਂ ਅਤੇ ਸਮੁੱਚੇ ਪੰਜਾਬ ਵਾਸੀਆਂ ਵਲੋਂ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਨੇ ਸਿੱਖ ਕੌਮ ਦਾ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ ਹੁਣ ਹੋਰ ਨਾ ਕਰਨ। ਉਨ੍ਹਾਂ ਨੂੰ ਕਿਸੇ ਠੰਢੇ ਇਲਾਕੇ ਵਿੱਚ ਜਾ ਕੇ ਤਪੱਸਿਆ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣਾ ਖੁਸਿਆ ਵਕਾਰ ਹਾਸਲ ਕਰ ਸਕਣ।

ਕਿਸੇ ਵੀ ਭੁੱਲ ਚੁੱਕ ਲਈ ਮਾਫ਼ੀ ਮੰਗਦਾ ਹੋਇਆ ਪੰਥ ਦਾ ਦਾਸ

ਪ੍ਰਿੰਸੀਪਲ ਚਮਕੌਰ ਸਿੰਘ
(ਮੋਬਾਈਲ +91-9417094323)
ਪਿੰਡ ਤੇ ਡਾਕਘਰ: ਮਾਛੀਕੇ
ਤਹਿਸੀਲ : ਨਿਹਾਲ ਸਿੰਘ ਵਾਲਾ (ਜ਼ਿਲ੍ਹਾ ਮੋਗਾ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top