Share on Facebook

Main News Page

ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ

ਭਾਈ ਕਾਨ ਸਿੰਘ ਜੀ ਨਾਭਾ ‘ਗੁਰਮਤ ਮਾਰਤੰਡ’ ਵਿਚ ਵਿੱਚਤਰ ਨਾਟਕ ਗ੍ਰੰਥ ਬਾਰੇ ਇਕ ਮਹੱਤਵਪੁਰਣ ਟਿੱਪਣੀ ਕਰਦੇ ਹਨ:

“ਕਈ ਨਾਦਾਨ ਸਿੱਖ, ਦਸਮ ਗ੍ਰੰਥ ਨਾਲ ਭੀ ਗੁਰੂ ਸ਼ਬਦ ਦਾ ਪ੍ਰਯੋਗ ਕਰਦੇ ਹਨ, ਜੋ ਗੁਰਮਤ ਵਿਰੁੱਧ ਹੈ” (ਪੰਨਾ 415, ਗੁਰਮਤ ਮਾਰਤੰਡ)

ਉਪਰੋਕਤ ਹਵਾਲੇ ਤੋਂ ਸਪਸ਼ਟ ਹੁੰਦਾ ਹੈ ਕਿ ਵਿਚਿੱਤਰ ਨਾਟਕ ਗ੍ਰੰਥ ਬਾਰੇ ਗੁਰੂ ਸ਼ਬਦ ਵਰਤਣ ਦੀ ਮਨਮਤਿ ਸਿੰਘ ਸਭਾ ਲਹਿਰ ਦੇ ਦੋਰ ਵਿਚ ਵੀ ਵੇਖੀ ਜਾਂਦੀ ਸੀ। ਰਹਿਤ ਮਰਿਆਦਾ ਵਿੱਚ ਗੁਰਮਤਿ ਵਿਰੁਧ ਇਸ ਮਨਮਤਿ ਨੂੰ ਠੱਲ ਪਾਈ ਗਈ ਸੀ।

ਮਹਾਨ ਕੋਸ਼ ਵਿਚ ਆਏ ਹੋਰ ਵੇਰਵੇ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਪ੍ਰਸੰਗ ਅਨੁਸਾਰ ਗੁਰੂ ਗੋਬਿੰਦ ਜੀ ਉਪਰੰਤ ਵਚਿੱਤਰ ਨਾਟਕ ਦੀ ਬੀੜ ਭਾਈ ਮਨੀ ਸਿੰਘ ਜੀ ਨੇ ਲਿਖੀ-ਜੋੜੀ ਸੀ ਅਤੇ ਉਨ੍ਹਾਂ ਦੀ ਇਸ ਭੁੱਲ ਦੀ ਨਿਖੇਦੀ ਭਾਈ ਕਾਨ ਸਿੰਘ ਜੀ ਨੇ ਗੁਰਮਤ ਮਾਰਤੰਡ ਵਿਚ ਪੰਨਾ 567 ਤੇ ਦਰਜ ਕੀਤੀ ਹੈ। ਪਹਿਲਾਂ ਉਨ੍ਹਾਂ ਵਲੋਂ ਲਿਖੇ ਪ੍ਰਸੰਗ ਬਾਰੇ ਕੁੱਝ ਵਿਚਾਰ ਲਈਏ!

ਇਹ ਗਲ ਤਾਂ ਨਿਸ਼ਚਤ ਹੈ ਕਿ ਵਿਚਿੱਤਰ ਨਾਟਕ ਗ੍ਰੰਥ ਵੱਖ-ਵੱਖ ਲਿਖਤਾਂ ਜੋੜ ਕੇ ਬਾਦ ਵਿਚ ਰੱਚਿਆ ਗਿਆ ਸੀ। ਇਹ ਗੱਲ ਪੁਰੇ ਵਿੱਚਿਤਰ ਨਾਟਕ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਵੀ ਸਵੀਕਾਰ ਕਰਦੇ ਹਨ। ਜਿਹੜੇ ਸੱਜਣ ਇਸ ਜੋੜ ਨੂੰ ਭਾਈ ਮਨੀ ਸਿੰਘ ਜੀ ਵਲੋਂ ਕੀਤਾ ਮੰਨਦੇ ਹਨ ਉਨ੍ਹਾਂ ਨੂੰ ਧਿਆਨ ਦੇਂਣਾ ਚਾਹੀਦਾ ਹੈ ਕਿ ਸਿੱਖਾਂ ਲਈ ਬਾਣੀ ਰੂਪ ਕੋਈ ਵੀ ਗ੍ਰੰਥ ਲਿਖਣ-ਲਿਖਵਾਉਂਣ ਦਾ ਅਧਿਕਾਰ ਕੇਵਲ ਗੁਰੂ ਦਾ ਹੀ ਹੋ ਸਕਦਾ ਸੀ ਨਾ ਕਿ ਉਨ੍ਹਾਂ ਬਾਦ ਕਿਸੇ ਸਿੱਖ ਦਾ, ਭਾਂਵੇਂ ਉਹ ਕਿਨ੍ਹਾਂ ਵੀ ਮਹਾਨ ਯੌਧਾਂ, ਜਾਂਨਿਸਾਰ ਜਾਂ ਸਮਰਪਿਤ ਵੀ ਕਿਉਂ ਨਾ ਹੋਵੇ।ਸਾਰੇ ਜਾਣਦੇ ਹਾਂ ਕਿ ਇਹ ਕੰਮ ਗੁਰੂ ਦੇ ਬਾਦ ਹੀ ਹੋਇਆ ਸੀ ਅਤੇ ਉਹ ਵੀ ਬਿਨਾ ਗੁਰੂ ਦੀ ਇਜਾਜ਼ਤ/ਜਾਣਕਾਰੀ/ਨਿਗਰਾਨੀ ਦੇ!ਜੇ ਕਰ ਭਈ ਮਨੀ ਸਿੰਘ ਜੀ ਨੇ ਵੱਖੋ-ਵੱਖ ਲਿਖਤਾਂ ਜੋੜ ਦਿੱਤੀਆਂ ਸਨ ਤਾਂ ਸਪਸ਼ਟ ਹੈ ਕਿ ਲਿਖਤਾਂ ਨੇ ਗੁਰੂ ਤੋਂ ਬਾਦ ਬਿਨ੍ਹਾਂ ਗੁਰੂ ਦੀ ਇਜ਼ਾਜ਼ਤ /ਹੁਕਮ/ਨਿਗਰਾਨੀ ਦੇ ਇਕ ਗ੍ਰੰਥ ਦਾ ਰੂਪ ਧਾਰਨ ਕੀਤਾ ਸੀ^!

ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੇ ਕਿਸੇ ਗ੍ਰੰਥ ਅਤੇ ਉਸ ਦੇ ਡੁੱਬਣ/ਭਸਮ ਹੋ ਜਾਣ ਦਾ ਕਥਿਤ ਕਿੱਸਾ ਵੀ ਇਹ ਸਥਾਪਤ ਨਹੀਂ ਕਰਦਾ ਕਿ ਉਨ੍ਹਾਂ ਦੇ ਬਾਦ ਇੱਕਠੀਆਂ ਕੀਤੀਆਂ ਲਿਖਤਾਂ ਦੇ ਜੋੜ ਦੇ ਕੰਮ ਨੂੰ ਗੁਰੂ ਦੇ ਆਦੇਸ਼/ਨਿਗਰਾਨੀ ਹੇਠ ਕੀਤਾ ਗਿਆ ਸੀ।ਪ੍ਰਸੰਗ ਅਨੁਸਾਰ ਇਸੇ ਕਾਰਣ, ਇਸ ਪੱਖੋਂ ਸੁਚੇਤ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਦੇ ਇਸ ਉਪਰਾਲੇ ਤੇ ਵੱਡਾ ਕਿੰਤੂ ਖੜਾ ਕੀਤਾ ਸੀ।ਇਸ ਕਿੰਤੂ ਦਾ ਵਿਸਥਾਰ ਮਹਾਨ ਕੋਸ਼ ਵਿਚ ਵੀ ਪੜਨ ਨੂੰ ਮਿਲਦਾ ਹੈ।

ਜਦ ਦਾਸ ਨੇ ਸਮੁੱਚੇ ਵਚਿੱਤਰ ਨਾਟਕ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਇਕ ਵਿਦਵਾਨ ਸੱਜਣ ਨੂੰ ਉਰੋਕਤ ਦਲੀਲ ਦਿੱਤੀ ਤਾਂ ਉਨ੍ਹਾਂ ਇਹ ਸਵੀਕਾਰ ਕੀਤਾ ਕਿ ਭਾਈ ਮਨੀ ਸਿੰਘ ਜੀ ਨੂੰ ਉਸ ਗ੍ਰੰਥ ਨੂੰ ਲਿਖਣ ਦੀ ਇਜ਼ਾਜਤ ਗੁਰੂ ਵਲੋਂ ਨਹੀਂ ਮਿਲੀ ਸੀ ੳਤੇ ਨਾ ਹੀ ਉਹ ਗੁਰੁ ਦੀ ਨਿਗਰਾਨੀ ਹੇਠ ਲਿਖਿਆ ਗਿਆ ਸੀ। ਸ਼ਾਯਦ ਕੋਈ ਹੋਰ ਨਾ ਹੋਵੇ ਪਰ ਇਸ ਦਲੀਲ ਦੇ ਅੱਗੇ ਉਹ ਵਿਦਵਾਨ ਸੱਜਣ ਨਿਰੁਤਰ ਸਨ!

ਗੁਰੂ ਗਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਬਾਦ ਲਿਖੇ ਕਿਸੇ ਗ੍ਰੰਥ ਦੀ ਸਮੁੱਚੀ ਪ੍ਰਮਾਣਿਕਤਾ ਤੇ ਸਭ ਤੋਂ ਵੱਡਾ ਸ਼ੱਕ ਇਹੀ ਤੱਥ ਹੈ ਕਿ ਉਹ ਨੂੰ ਗੁਰੂ ਦੇ ਬਾਦ ਲਿਖਿਆ ਗਿਆ ਸੀ ਅਤੇ ਉਸ ਬਾਦ ਦੀ ਲਿਖਤ ਨੂੰ ਨਾ ਤਾਂ ਗੁਰੂ ਦੀ ਪਰਵਾਣਗੀ ਨਹੀਂ ਸੀ ਅਤੇ ਨਾ ਹੀ ਉਹ ਰਚਨਾ ਦਾ ਕੰਮ ਗੁਰੂ ਦੇ ਹੁਕਮ ਨਾਲ ਹੋਇਆ ਸੀ।ਗੁਰੂ ਤਾਂ ਉਸ ਸਮੇਂ ਅਕਾਲ ਚਲਾਣਾ ਕਰ ਚੁੱਕੇ ਸੀ।ਕੋਈ ਤਰਕ ਦੇ ਸਕਦਾ ਹੈ ਕਿ ਸੰਸਾਰ ਵਿਚ ਕਈ ਧਾਰਮਕ ਗ੍ਰੰਥ ਬਾਦ ਵਿਚ ਚੇਲਿਆਂ ਵਲੋਂ ਲਿਖੇ ਗਏ ਸਨ।ਇਸ ਤਰਕ ਨੂੰ ਅੱਗੇ ਚਲ ਕੇ ਸੰਖੇਪ ਵਿਚ ਵਿਚਾਰ ਲਵਾਂਗੇ।

ਵਚਿੱਤਰ ਨਾਟਕ ਬਾਰੇ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿਚ ਦਰਜ ਹੋਰ ਟਿੱਪਣਿਆਂ ਦੀ ਲਾਹੇਵੰਦ ਤਫ਼ਸੀਲ ਸਿੱਖ ਮਾਰਗ.ਕਾਮ ਤੇ ਮੱਖਣ ਸਿੰਘ ਪੁਰੇਵਾਲ, ਜੀ ਦੇ ਲਿਖੇ ਇਕ ਤਾਜ਼ਾ ‘ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਦਸਮ ਗ੍ਰੰਥ’ ਤੇ ਪੜੀ ਜਾ ਸਕਦੀ ਹੈ।

ਭਾਈ ਕਾਨ ਸਿੰਘ ਜੀ ਸਪਸ਼ਟ ਰੂਪ ਵਿਚ ਦਸ਼ਮ ਗ੍ਰੰਥ ਦੀ ਕ੍ਰਿਤ ਦੇ ਵਿਰੋਧੀ ਸਨ ਪਰ ਉਹ ਇਹ ਸਵੀਕਾਰ ਕਰਕੇ ਤੁਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕੁੱਝ ਸੀ ਜ਼ਰੂਰ।ਪਰ ਉਹ ਇਹ ਸਵੀਕਾਰ ਕਰਨ ਨੂੰ ਤਿਆਰ ਨਹੀਂ ਸੀ ਕਿ ਮਨੀ ਸਿੰਘ ਜੀ ਵਲੋਂ ਲਿਖ-ਜੋੜੀ ਬੀੜ ਕੋਈ ਚੰਗਾ ਕਦਮ ਸੀ ।ਇਸੇ ਲਈ ਕਾਨ ਸਿੰਘ ਜੀ ਨੇ ਮਨੀ ਸਿੰਘ ਜੀ ਦੇ ਇਸ ਕੰਮ ਨੂੰ ਨੁਕਸਾਨਦੇਹ ਠਹਰਾਇਆ। ਬੇਸ਼ੱਕ ਉਹ ਕੁੱਝ ਲਿਖਤਾਂ ਦੇ ਸਮਰਥਨ ਵਿਚ ਸਨ ਪਰ ਉਨ੍ਹਾਂ ਦੀ ਖੋਜੀ ਟਿੱਪਣੀ ਵਚਿੱਤਰ ਨਾਟਕ ਗ੍ਰੰਥ ਦੀ, ਇਕ ਗ੍ਰੰਥ ਵਜੋਂ ਹੋਂਦ ਤੇ ਇਕ ਗੰਭੀਰ ਅਤੇ ਠਕਿ ਕਿੰਤੂ ਖੜਾ ਕਰਦੀ ਹੈ।

ਹੁਣ ਜ਼ਰਾ ਕਰਤਾਰਪੁਰੀ ਬੀੜ ਬਾਰੇ ਪ੍ਰੋ. ਸ਼ਾਹਿਬ ਸਿੰਘ ਜੀ ਅਤੇ ਭਾਈ ਕਾਨ ਸਿੰਘ ਜੀ ਨਾਭਾ ਦੇ ਵਿਚਾਰਾਂ ਨੂੰ ਵੀ ਵਿਚਾਰੀਏ: ‘ਗ੍ਰੰਥ ਸਾਹਿਬ ਸ਼੍ਰੀ ਗੁਰੂ’ ਨਾਮਕ ਐਂਟਰੀ ਵਿੱਚ ਉਹ ਸਪਸ਼ਟ ਕਰਦੇ ਹਨ:

(1) “ ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜੋ ਜਿਲਦ ਭਾਈ ਗੁਰਦਾਸ ਜੀ ਦੀ ਕਲਮ ਤੋਂ ਲਿਖਵਾਈ, ਉਸ ਦਾ ਪ੍ਰਸਿੱਧ ਨਾਉਂ ਭਾਈ ਗੁਰਦਾਸ ਵਾਲੀ ਹੋਗਿਆ ਇਸ ਵਿੱਚ ਸ਼੍ਰੀ ਰਾਗ ਤੋਂ ਲੈਕੇ ਪ੍ਰਭਾਤੀ ਤੀਕ 30 ਰਾਗ ਹਨ ੳਤੇ ਕੁਲ ਬਾਣੀ ਸ਼ਬਦਸਲੋਕ ਪੋੜੀ ਆਦਿ ਦੀ ਗਿਣਤੀ ਮੁੰਦਾਵਣੀ ਤੀਕ 5751 ਹੈ ਇਹ ਬੀੜ ਹੁਣ ਕਰਤਾਰਪੁਰ ਹੈ,ਜਿਸ ਦੀ ਜਿਲਦ ਕਿਤਾਬੀ ਅਤੇ ਸਾਰੇ ਪਤ੍ਰੇ 975 ਹਨ ਹਾਸ਼ੀਆ ਹਰੇਕ ਪਤ੍ਰੇ ਦਾ ਨਵਾਂ ਚੜਿਆ ਹੋਇਆ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਕਲਮ ਤੋਂ ਜਪੁ ਦੇ ਆਦਿ ਦਾ ਮੁਲਮੰਤ੍ਰ ਹੈ ਅਤੇ ਪੰਨੇ 541 ਪੁਰ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਖ਼ਤ ਹਨ” (ਪੰਨਾ 436 , ਮਹਾਨ ਕੋਸ਼)

ਸਪਸ਼ਟ ਹੁੰਦਾ ਹੈ ਕਿ ਭਾਈ ਜੋਧ ਸਿੰਘ ਜੀ ਨਾਲ ਕਿਸੇ ਥਾਂ ਮਤਾਂਤਰ ਦੇ ਬਾਵਜੂਦ ਸਿੱਖ ਪੰਥ ਦੇ ਵਿਲਖਣ ਵਿੱਦਵਾਨ ਕਾਨ ਸਿੰਘ ਜੀ ਕਰਤਾਰਪੁਰ ਵਿੱਖੇ ਮੂਲ ਆਦਿ ਬੀੜ ਦੇ ਮੋਜੂਦ ਹੋਣ ਦੇ ਤਸਦੀਕੀ ਸਨ ਅਤੇ ਭਾਈ ਜੋਧ ਸਿੰਘ ਜੀ ਵੀ।

ਜਿਥੋਂ ਤਕ ਕਰਤਾਰਪੁਰੀ ਬੀੜ ਬਾਰੇ ਪ੍ਰੋ. ਸ਼ਾਹਿਬ ਜੀ ਦਾ ਮਤ ਹੈ ਉਸ ਨੂੰ ਆਦਿ ਬੀੜ ਬਾਰੇ ਪੁਸਤਕ ਵਿੱਚ ਉਹ ਇੰਝ ਪ੍ਰਗਟ ਕਰਦੇ ਹਨ:

“ਜਿਹੜੀ ‘ਆਦਿ ਬੀੜ’ ਭਾਈ ਗੁਰਦਾਸ ਜੀ ਨੇ ਲਿਖੀ ਸੀ ਉਹ ਇਸ ਵੇਲੇ ਕਰਤਾਰਪੁਰ (ਜ਼ਿਲਾ ਜਲੰਧਰ)ਵਿਚ ਹੈ।ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਧੀਰਮਲ ਜੀ ਦੀ ਸੰਤਾਨ ਦੇ ਕਬਜ਼ੇ ਵਿਚ ਚਲੀ ਆ ਰਹੀ ਹੈ” (ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ’, ਪੰਨਾ 112)

ਇਸ ਟਿੱਪਣੀ ਤੋਂ ਜਾਹਰ ਹੁੰਦਾ ਹੈ ਕਿ ਪ੍ਰੋ. ਸ਼ਾਹਿਬ ਸਿੰਘ ਜੀ ਵਰਗੇ ਖੋਜੀ ਕਰਤਾਰਪੁਰੀ ਬੀੜ ਦੇ ਭਾਈ ਗੁਰਦਾਸ ਲਿਖਤ ਹੋਣ ਦੇ ਪ੍ਰਬਲ ਹਿਮਾਇਤੀ ਸਨ।ਉਨ੍ਹਾਂ ਦੀ ਪੁਸਤਕ ‘ਆਦਿ ਬੀੜ ਬਾਰੇ’ ਦਾ ਨਾਮ ਹੀ ਕਰਤਾਰਪੁਰੀ ਬੀੜ ਨੂੰ ਅਦਿ ਬੀੜ ਮੰਨਣ ਦੇ ਸੰਧਰਭ ਵਿਚ ਸੀ।

ਹੁਣ ਆਉ ਜ਼ਰਾ ਵਚਿੱਤਰ ਨਾਟਕ ਗ੍ਰੰਥ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲਾ ਉਹ ਅੰਤਰ ਵਿਚਾਰੀਏ ਜਿਸ ਨੂੰ ਕੁੱਝ ਸੱਜਣਾ ਨੇ ਧਿਆਨ ਵਿਚ ਨਹੀਂ ਰੱਖਿਆ।

ਪਹਿਲੀ ਗੱਲ ਇਹ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੋਤ ਗੁਰੂ ਵਲੌਂ ਆਪ ਲਿਖਵਾਇਆ ਅਤੇ ਦਸਤਖਤੀ ਤਸਦੀਕ ਕੀਤਾ ਗਿਆ ਸੀ ਜੋ ਕਿ ਕਰਤਾਰਪੁਰ ਵਿਖੇ ਮੌਜੂਦ ਹੈ।ਜਦ ਕਿ ਵਿਚਿੱਤਰ ਨਾਟਕ ਗ੍ਰੰਥ ਬਾਰੇ ਐਸੀ ਗਲ ਬਿਲਕੁਲ ਨਹੀਂ ਹੈ।

ਲੱਖਾਂ ਵਾਰ ਵੀ ਵਚਿੱਤਰ ਨਾਟਕ ਦੀ ਸਮੁੱਚੀ ਬੀੜ ਦੇ ਸਮਰਥਨ ਬਾਰੇ ਲਿਖਿਆ ਜਾਏ ਤਾਂ ਵੀ ਉਸ ਦੇ ਗੁਰੂ ਕ੍ਰਿਤ ਹੋਣ ਦੇ ਦਾਵੇ ਵਿਰੁੱਧ ਭੁਗਤਣ ਵਾਲੀ ਸਭ ਤੋਂ ਵੱਡੀ ਗਵਾਹੀ/ਦਲੀਲ, ਇਹ ਹੈ ਕਿ ਇਹ ਗ੍ਰੰਥ ਗੁਰੂ ਦੇ ਅਕਾਲ ਚਲਾਣੇ ਬਾਦ ਬਿਨਾਂ ਗੁਰੂ ਦੇ ਆਦੇਸ਼/ਨਿਗਰਾਨੀ ਦੇ ਰੱਚਿਆ ਗਿਆ ਸੀ।ਇਸ ਮਜ਼ਬੂਤ ਗਵਾਹੀ/ਦਲੀਲ ਅੱਗੇ ਬਾਕੀ ਤਰਕ ਹਲਕੇ ਹਨ।

ਪਰ ਦੂਜੇ ਪਾਸੇ ਪੁਰੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਕਥਿਤ ਦਾਵੇ ਮੁਕਾਬਲ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਦੇ ਹੱਕ ਵਿਚ ਨਿਬੜਨ ਵਾਲੀ ਸਭ ਤੋਂ ਵੱਡੀ ਗਵਾਹੀ ਅਤੇ ਦਲੀਲ ਕਰਤਾਰਪੁਰੀ ਬੀੜ ਦੀ ਮੋਜੂਦਗੀ ਹੈ ਜੋ ਕਿ ਪੰਚਮ ਪਾਤਿਸ਼ਾਹ ਜੀ ਨੇ ਆਪ ਲਿਖਵਾਈ ਸੀ। ਜਿੱਥੇਂ ਤਕ ਦਮਦਮੀ ਬੀੜ ਦਾ ਸਵਾਲ ਹੈ ਤਾਂ ਉਸ ਦੀ ਪ੍ਰਮਾਣਿਕਤਾ ਲਈ ਵੀ ਦੋ ਮੂਲ ਅਧਾਰ ਮੋਜੂਦ ਹੀ ਸਨ। ਪਹਿਲਾ ਕਰਤਾਰਪੁਰੀ ਬੀੜ ਅਤੇ ਦੂਜਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਚਲਤ ਹੋ ਚੁੱਕੇ ਕਈ ਉਤਾਰੇ ਜਿਨ੍ਹਾਂ ਵਿਚ ਨੋਵੇਂ ਮਹਲੇ ਦੀ ਬਾਣੀ ਦਰਜ ਹੋ ਚੁੱਕੀ ਸੀ।ਉਸ ਦੇ ਵਿਪਰੀਤ, ਗੁਰੂ ਗੋਬਿੰਦ ਸਿੰਘ ਜੀ ਉਪਰੰਤ ਉਨਾਂ ਵਲੋਂ ਲਿਖਿਆ ਕੋਈ ਹੋਰ ਗ੍ਰੰਥ ਹੋਂਦ ਵਿਚ ਨਹੀਂ ਸੀ।ਹਾਂ ਵਖੋ-ਵੱਖ ਲਿਖਤਾਂ ਦੇ ਕਿਸੇ ਸੰਗ੍ਰਹ ਦੇ ਡੁੱਬਣ/ਨਸ਼ਟ ਹੋ ਜਾਣ ਦੇ ਹਵਾਲੇ ਦਿੱਤੇ ਜਾਂਦੇ ਹਨ।ਇੱਥੇ ਅਸੀਂ ਉਸ ਤਰਕ ਦੀ ਸੰਖੇਪ ਪੜਚੋਲ ਕਰ ਲਈਏ ਜਿਸ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਸੰਸਾਰ ਦੇ ਕੁੱਝ ਧਾਰਮਕ ਗ੍ਰੰਥ ਧਰਮਗੁਰੂਆਂ ਦੇ ਬਾਦ ਉਨ੍ਹਾਂ ਦੇ ਚੇਲਿਆਂ ਵੱਲੋਂ ਕਲਮਬੱਧ ਕੀਤੇ ਗਏ ਸੀ।

ਇਸ ਤਰਕ ਦੇ ਸੰਧਰਭ ਵਿਚ ਧਿਆਨ ਵਿੱਚ ਰੱਖਣ ਵਾਲੀ ਗਲ ਹੈ ਕਿ ਬੇਸ਼ੱਕ ਮੁਹੰਮਦ ਸਾਹਿਬ ਜੀ ਦੇ ਇੰਤਕਾਲ ਦੇ ਤਿੰਨ ਦਹਾਕਿਆਂ ਤੋਂ ਵੱਧ ਅਰਸੇ ਬਾਦ ਉਨ੍ਹਾਂ ਦੇ ਕੁੱਝ ਕਰੀਬੀ ਸਮਕਾਲੀਆਂ (ਸਹਾਬੀਨ) ਨੇ, ਕੁਰਾਨ ਨੂੰ ਆਪਣੀ ਯਾਦਾਸ਼ਤ ਅਤੇ ਵਰਤੋਂ ਦੀ ਬਿਨਾ ਤੇ ਲਿਖਤੀ ਰੂਪ ਦਿੱਤਾ ਸੀ।ਈਸਾ ਮਸੀਹ ਨਾਲ ਹੋਇਆਂ ਗਲਾਂ, ਈਸਾ ਮਹੀਹ ਜੀ ਤੋਂ ਬਾਦ, ਚੇਲਿਆਂ ਦੀ ਯਾਦਾਸ਼ਤ ਅਤੇ ਵਰਤੋਂ ਦੀ ਬਿਨਾ ਤੇ ਜਗਜਾਹਰ ਹੋਇਆਂ ਪਰ ਗੁਰੂਆਂ ਨੇ ਇਸ ਪਰੰਮਪਰਾ ਦਾ ਕਦੇ ਅਨੁਸਰਣ ਨਹੀਂ ਸੀ ਕੀਤਾ। ਗੁਰੂਆਂ ਦੀ ਅਪਾਰ ਕ੍ਰਿਪਾ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਕਾਰਣ ਸਿੱਖੀ ਦੇ ਅੰਦਰ ਐਸਾ ਕਦੇ ਨਹੀਂ ਹੋਇਆ ਸੀ।ਜੇਕਰ ਸਿੱਖੀ ਦੇ ਅੰਦਰ ਇਹ ਗਲ ਪਰਵਾਨ ਹੁੰਦੀ ਤਾਂ ਗੁਰੂ ਆਪ ਨਾ ਬਾਣੀ ਲਿਖਦੇ-ਲਿਖਵਾਉਂਦੇ ਬਲਕਿ ਉਹ ਇਸਦਾ ਸਾਰਾ ਜਿੰਮਾਂ ਆਪਣੇ ਬਾਦ ਦੇ ਸਹਾਬੀਨਾਂ ਦੇ ਸਿਰ ਛੱਡ ਜਾਂਦੇ ਜਿਵੇਂ ਕਿ ਵੇਦ, ਕੁਰਾਨ ਅਤੇ ਬਾਈਬਲ ਗ੍ਰੰਥਾ ਬਾਰੇ ਹੋਇਆ ਸੀ। ਸਿੱਖੀ ਦੇ ਅੰਦਰ ਗੁਰੂਆਂ ਵਲੋਂ ਇਸ ਪਰੰਪਰਾ ਦੀ ਮਾਨਤਾ ਦਾ ਕੋਈ ਸਥਾਨ ਨਹੀਂ ਬਣ ਪਾਇਆ ਕਿਉਂਕਿ ਪਹਲੀ ਵਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਜੀ ਨੇ ਆਪ ਲਿਖਵਾਇਆ/ਤਸਦੀਕ ਕੀਤਾ ਸੀ ਅਤੇ ਉਸ ਵਿਚ ਮਹਲੇ ਨੋਂਵੇਂ ਦੀ ਬਾਣੀ ਵੀ ਦਸ਼ਮੇਸ਼ ਜੀ ਨੇ ਆਪ ਆਪਣੇ ਆਦੇਸ਼/ਨਿਗਰਾਨੀ ਹੋਠ ਦਰਜ ਕਰਵਾਈ ਸੀ।ਇਸ ਬਾਬਤ ਗੁਰੂਘਰ ਦੀ ਪਰੰਪਰਾ ਨਿਰਸੰਦੇਹ ਆਪਣੀ ਹੱਥੀ ਆਪਣੇ ਕਾਰਜ ਨੂੰ ਸਵਾਰਣ ਦੀ ਸੀ।ਇਹ ਕਾਰਜ ਕਦੇ ਵੀ ਕਿਸੇ ਸਿੱਖ ਦੀ ਨਿਗਰਾਨੀ ਵਿੱਚ ਨਹੀਂ ਸੀ ਛੱਡਿਆ ਗਿਆ।ਗੁਰੂਆਂ ਦੇ ਹੁੰਦੇ ਹੋਰ ਉਤਾਰੇ ਹੋਂਣਾ ਅਲਗ ਗਲ ਸੀ।ਪਰ ਮੌਜੂਦਾ ਵਚਿੱਤਰ ਨਾਟਕ ਗ੍ਰੰਥ ਦੀ ਰਚਨਾ ਦਾ ਮੂਲ ਸਰੋਤ, ਗੁਰੂ ਦਸ਼ਮੇਸ਼ ਜੀ ਤੋਂ ਬਾਦ, ਕਿਸੇ ਸਿੱਖ ਵਲੋਂ ਕੀਤਾ ਗਿਆ ਕੰਮ ਹੈ।

ਇਤਹਾਸ ਵਿਚ ਗੁਰੂ ਵਲੋਂ ਐਸੇ ਕਿਸੇ ਆਦੇਸ਼ ਦਾ ਹਵਾਲਾ ਨਹੀਂ ਮਿਲਦਾ ਜਿਸ ਰਾਹੀਂ ਭਾਈ ਮਨੀ ਸਿੰਘ ਜੀ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਹੋਰ ਗ੍ਰੰਥ ਨੂੰ ਲਿਖਣ ਦਾ ਆਦੇਸ਼/ਅਧਿਕਾਰ ਗੁਰੂ ਵਲੋਂ ਦਿੱਤਾ ਗਿਆ ਹੋਵੇਂ।ਜੇ ਕਰ ਭਾਈ ਮਨੀ ਸਿੰਘ ਜੀ ਨੇ ਆਪ ਇੱਕ ਲੇਖਕ ਵਜੋਂ ਇਸ ਨੂੰ ਲਿਖਿਆ ਸੀ ਤਾਂ ਇਹ ਉਨ੍ਹਾਂ ਦੀ ਰਚਨਾ ਸੀ ਜਿਸ ਵਿੱਚ, ਨਿਰਸੰਦੇਹ ਕੁੱਝ ਅੰਸ਼ ਗੁਰੂ ਦੇ ਹੋ ਸਕਦੇ ਸੀ ਜੋ ਕਿ ਗੁਰੂਕਾਲ ਤੋਂ ਹੀ ਉਨਾਂ ਸਿੱਖਾਂ ਵਿੱਚ ਵੀ ਪ੍ਰਚਲਤ ਸਨ ਜਿਨ੍ਹਾਂ ਵਿਚਕਾਰ ਮਨੀ ਸਿੰਘ ਜੀ ਦੇ ਲਿਖੇ-ਜੋੜੇ ਗ੍ਰੰਥ ਬਾਰੇ ਵਿਵਾਦ ਹੋਇਆ ਸੀ।

ਪਰ ਇਹ ਅਤਿ ਦੀ ਮੰਦਭਾਗੀ ਗੱਲ ਹੈ ਕਿ ਵਚਿੱਤਰ ਨਾਟਕ ਗ੍ਰੰਥ ਦੇ ਗੁਰੂਕ੍ਰਿਤ ਨਾ ਹੋਂਣ ਬਾਰੇ ਭੁਗਤਣ ਵਾਲੀ ਸਭ ਤੋਂ ਵੱਡੀ ਦਲੀਲ (ਕਿ ਉਸ ਨੂੰ ਬਿਨਾ ਗੁਰੂ ਦੀ ਆਗਿਆ/ਜਾਣਕਾਰੀ/ਨਿਗਰਾਨੀ ਦੇ ਲਿਖਿਆ ਗਿਆ ਸੀ) ਨੂੰ ਨਜ਼ਰਅੰਦਾਜ਼ ਕਰਕੇ ਕੁੱਝ ਵਿਦਵਾਨ ਭਾਈ ਕਾਨ ਸਿੰਘ ਜੀ ਅਤੇ ਪ੍ਰੋ. ਸ਼ਾਹਿਬ ਸਿੰਘ ਜੀ ਸਮੇਤ ਹੋਰ ਅਣਗਿਣਤ ਵਿਦਵਾਨਾਂ ਅਤੇ ਸਦਿਆਂ ਤੋਂ ਚਲੀ ਆ ਰਹੀ ਸਿੱਖ ਭਾਈਚਾਰੇ ਦੀ ਗਵਾਹੀ ਦੇ ਉਲਟ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੋਤ ਤੇ ਕਿੰਤੂ ਕਰਦੇ ਮੈਕਲੋਡ ਰੂਪੀ ਚਿੰਤਨ ਦਾ ਝੰਡਾ ਲਹਿਰਾਉਂਦੇ ਰਹੇ ਹਨ ਅਤੇ ਕੁੱਝ ਜਾਗਰੂਕ ਵੀ ਉਸ ਦੀ ਹਵਾ ਨਾਲ ਝੁੱਲ ਗਏ।

ਕੀ ਉਹ ਵਿਚਾਰਦੇ ਨਹੀਂ ਸਕੇ ਸੀ ਕਿ ਉਨ੍ਹਾਂ ਦਿਆਂ ਐਸੀਆਂ ਗਲਾਂ ਕਾਰਨ, ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਦਾਵੇ ਵਿਰੁਧ, ਸਭ ਤੋਂ ਵੱਡੀ ਦਲੀਲ ਨੂੰ ਹੀ ਆਉਂਣ ਵਾਲੇ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁਧ ਵੀ ਵਰਤਿਆ ਜਾ ਸਕਦਾ ਹੈ? ਜੇ ਅਸੀਂ ਐਸਾ ਨਾ ਵਿਚਾਰਿਆ ਤਾਂ ਪਤਾ ਨਹੀਂ ਕਿ ਆਉਂਣ ਵਾਲਾ ਪੰਥਕ ਸਮਾਂ ਸਾਡੇ ਮੈਕਲੋਡੀ ਚਿੰਤਨ ਨੂੰ ਕਿਸ-ਕਿਸ ਰੂਪ ਵਿਚ ਯਾਦ ਕਰੇਗਾ!!

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top