Share on Facebook

Main News Page

ਗਿਆਨ ਹੀਣੰ ਅਗਿਆਨ ਪੂਜਾ

ਹਿੰਦੂ ਮਤ ਵਿਚ ਇਕ ਮਨੌਤ ਹੈ ਕਿ ਲਛਮੀ (ਮਾਇਆ)ਉੱਲੂ ਦੀ ਸਵਾਰੀ ਕਰਦੀ ਹੈ। ਇਹ ਗੱਲ ਸਿਆਣਿਆਂ ਨੇ ਇਹ ਗੱਲ ਬੜੀ ਕੀਮਤੀ ਕਹੀ ਹੈ। ਆਓ ਇਸ ਗੱਲ ਨੂੰ ਥੋੜ੍ਹਾ ਵਿਚਾਰੀਏ ਉੱਲੂ ਦਾ ਅਰਥ ਹੈ ਅਗਿਆਨੀ ਮਨੁੱਖ(ਅੱਜ ਵੀ ਕਿਸੇ ਮੂਰਖ ਮਨੁੱਖ ਨੂੰ ਜਿਸ ਨੂੰ ਕਿਸੇ ਤਰ੍ਹਾਂ ਦੀ ਤਾਲੀਮ ਨਾ ਹੋਵੇ ਉਸ ਨੂੰ ਉੱਲੂ ਆਖਿਆ ਜਾਂਦਾ ਹੈ) ਮਾਇਆ ਦਾ ਅਰਥ ਹੈ “ਏਹ ਮਾਇਆ, ਜਿਤੁ ਹਰਿ ਵਿਸਰੈ, ਮੋਹੁ ਉਪਜੈ, ਭਾਉ ਦੂਜਾ ਲਾਇਆ॥ ਹਰ ਉਹ ਚੀਜ਼ ਮਾਇਆ ਹੈ ਹਰ ਉਹ ਚੀਜ਼ ਮਾਇਆ ਹੈ ਜਿਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ” ਗੁਰੁ ਅਰਜਨ ਸਾਹਿਬ ਜੀ ਦਾ ਬਚਨ ਹੈ “ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥1॥ ਜਿਸ ਦੇ ਸਿਰ ਉਪਰ ਹੇ ਪ੍ਰਮਾਤਮਾ ਤੂੰ ਆਪਣਾ ਹੱਥ ਰਖਦਾ ਹੈਂ ਉਹ ਦੁਖ ਕਿਵੇਂ ਪਾ ਸਕਦਾ ਹੈ? ਕਿਉਂਕਿ ਉਹ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਬੋਲਨਾ ਨਹੀ ਜਾਣਦਾ ਇਸ ਕਰਕੇ ਆਤਮਿਕ ਮੌਤ ਉਹਨੂੰ ਚਿਤ ਵਿਚ ਨਹੀ ਆਉਂਦੀ। ਦੂਜੇ ਪਾਸੇ ਜਿਸ ਦੇ ਸਿਰ ਉਪਰ ਮਾਇਆ ਸਵਾਰ ਹੋ ਜਾਵੇ ਅੱਜ ਬਹੁਤੇ ਲੋਕਾਂ ਉਤੇ ਮਾਇਆ ਹੀ ਸਵਾਰ ਹੈ(ਇਥੇ ਮੈਂ ਸਪੱਸ਼ਟ ਕਰ ਦੇਵਾਂ ਕਿ ਗੁਰਬਾਣੀ ਵਿਚ ਮਾਇਆ ਸਿਰਫ ਧਨ ਨੂੰ ਨਹੀ ਆਖਿਆ ਗਿਆ) ਉਹ ਉੱਲੂ ਦੀ ਤਰ੍ਹਾਂ ਅਗਿਆਨਤਾ ਦੇ ਹਨੇਰੇ ਵਿਚ ਰਹਿੰਣਾ ਚੰਗਾ ਸਮਝਦੇ ਹਨ।

ਇਸੇ ਕਰਕੇ ਗੁਰੁ ਸਾਹਿਬ ਜੀ ਨੇ ਅਗਿਆਨਤਾ ਨੂੰ ਪ੍ਰਵਾਨ ਨਹੀ ਕੀਤਾ ਤੇ ਆਖਿਆ ਹੈ “ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥ (ਪੰਨਾ 1412) ਭਾਵ- ਜਿਨ੍ਹਾਂ ਮਨੁੱਖਾਂ ਦੇ ਅੰਦਰ ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ) ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ।

ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥ ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥1॥ {ਪੰਨਾ 212} ਮਨੁੱਖ ਅਗਿਆਨੀ ਹੋ ਗਿਆ ਜੋ ਚੀਜ਼ ਸੱਚ ਨਹੀ ਹੈ ਉਸ ਨੂੰ ਲੋੜਦਾ ਹੈ ਭਾਵ ਝੂਠ ਨਾਲ ਪਿਆਰ ਕਰਦਾ ਹੈ ਜਿਸ ਕਾਰਨ ਇਸ ਦੀ ਜੀਵਨ ਰੂਪੀ ਰਾਤ ਘੁਕ ਹਨ੍ਹੇਰਾ ਬਣੀ ਹੋਈ ਹੈ ਕਿਹੜੀ ਜੁਗਤੀ ਨਾਲ ਸਵੇਰ ਹੋਵੇ?ਭਾਵ ਗਿਆਨ ਦਾ ਸੂਰਜ ਚੜ੍ਹੇ? ਗੁਰੁ ਸਾਹਿਬ ਜੀ ਕਿੰਨੀ ਫਿਕਰ ਕਰਦੇ ਹਨ ਸਾਡੀ। ਪਰ ਕੁਝ ਲੋਕ ਜਿਨ੍ਹਾਂ ਨੇ ਮਨੁੱਖਤਾ ਨੂੰ ਲੁਟਨਾ ਹੈ ਉਹ ਗਿਆਨ ਦੇ ਵਿਰੁਧ ਹੀ ਬੋਲਦੇ ਹਨ।

ਗੁਰੁ ਦਾ ਸਿੱਖ ਕਦੇ ਅਗਿਆਨੀ (ਉੱਲੂ) ਨਹੀ ਹੋ ਸਕਦਾ ਕਿਉਂਕਿ ਮਾਇਆ (ਦੂਜੇ ਭਾਵ ਨੂੰ) ਉਹ ਆਪਣੇ ਸਿਰ ਤੇ ਸਵਾਰ ਨਹੀ ਹੋਣ ਦਿੰਦਾ[ ਦੀਵਾਲੀ ਵੀ ਇਕ ਅਗਿਆਨਤਾ ਹੈ ਜੇ ਕਿਸੇ ਅਖੌਤੀ ਦੇਵੀ ਦੀ ਪੂਜਾ ਕਰਕੇ ਕਿਸੇ ਨੂੰ ਧੰਨ ਮਿਲਦਾ ਹੋਵੇ ਤਾਂ ਭਾਰਤ ਵਿਚ ਕੋਈ ਗਰੀਬ ਨਹੀ ਹੋਣਾ ਚਾਹੀਦਾ ਸੀ ਕਿਉਂਕਿ ਇਥੇ ਸਭ ਤੋਂ ਵੱਧ ਦੀਵਾਲੀ ਵਾਲੇ ਦਿਨ ਲਛਮੀ ਪੂਜੀ ਜਾਂਦੀ ਹੈ।

ਦੁਖ ਹੁੰਦਾ ਹੈ ਉਦੋਂ ਜਦੋਂ ਗੁਰੁ ਨਾਨਕ ਦਾ ਸਿੱਖ ਅਖਵਾਣ ਵਾਲਾ ਵੀ ਇਸ ਭਰਮ ਦਾ ਸ਼ਿਕਾਰ ਹੋ ਜਾਂਦਾ ਹੈ ਸਿੱਖ ਨੂੰ ਚਾਹੀਦਾ ਹੈ ਉਹ ਆਪ ਇਹਨਾਂ ਭਰਮਾਂ ਵਿਚੋ ਨਿਕਲ ਕੇ ਦੁਨੀਆਂ ਨੂੰ ਇਸ ਚਿਕੜ ਵਿਚੋ ਕੱਢੇ।

ਦੀਵਾਲੀ ਵਾਲੇ ਦਿਨ ਪਟਾਕੇ ਚਲਾ ਕੇ ਵਾਤਾਵਰਨ ਕਿੰਨਾ ਖਰਾਬ ਕੀਤਾ ਜਾਂਦਾ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ।

ਜਦੋਂ ਇਹ ਗੱਲ ਅਸੀ ਆਪਣਿਆਂ ਬੱਚਿਆਂ ਨੂੰ ਸਮਝਾਦੇ ਹਾਂ ਉਹ ਆਖਦੇ ਹਨ ਅੰਮ੍ਰਿਤਸਰ ਵਿਚ ਵੀ ਤਾ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ।

ਸਾਨੂ ਇਸ ਆਤਿਸ਼ਬਾਜ਼ੀ ਵਿਰੁਧ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਜੇ ਹਰਮੰਦਰ ਸਾਹਿਬ ਵਿਚ ਆਤਿਸ਼ਬਾਜ਼ੀ ਬੰਦ ਹੋ ਜਾਂਦੀ ਹੈ ਸੰਸਾਰ ਨੂੰ ਵੀ ਇਕ ਵਧੀਆ ਸੁਨੇਹਾ ਜਾਵੇਗਾ।

ਗੁਰੁ ਪੰਥ ਦਾ ਦਾਸ

ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ (ਗੁਰਮਤਿ ਪ੍ਰਚਾਰਕ)
ਹਰਗੋਬਿੰਦ ਇਨਕਲੇਵ ਦਿੱਲੀ
ਫੋਨ ਨੰ: 91-9311091313
ਈਮੇਲ- psgiani@khalsa.com , psgiani@yahoo.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top