Share on Facebook

Main News Page

ਭਾਈ ਗੁਰਦਾਸ ਜੀ ਨੇ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ ਕੇ ਪ੍ਰਦੂਸ਼ਣ ਫੈਲਾਉਣ ਦੀ ਪ੍ਰੇਰਣਾ ਨਹੀਂ ਦਿੱਤੀ

* ਗੁਰਮਤਿ ਤੋਂ ਅਣਜਾਣ ਜਾਂ ਜਾਣ ਬੁੱਝ ਕੇ ਗੁਰਮਤਿ ਸਿਧਾਂਤ ਨੂੰ ਵਿਗਾੜਣ ਦੀ ਮਨਸ਼ਾ ਨਾਲ ਮਨਭਾਉਂਦੀਆਂ ਤੁਕਾਂ ਨੂੰ ਸਥਾਈ ਟੇਕ ਬਣਾ ਕੇ ਗਾਉਣ ਵਾਲੇ ਰਾਗੀ ਗੁਰਮਤਿ ਨਾਲ ਵੱਡੇ ਪੱਧਰ ’ਤੇ ਖਿਲਵਾੜ ਕਰ ਰਹੇ ਹਨ

* ਪਰ ਜੇ ਇਹ ਸਭ ਕੁਝ ਸਿੱਖੀ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਤੋਂ ਹੋ ਰਿਹਾ ਹੋਵੇ ਤਾਂ ਸੁਧਾਰ ਦੀ ਉਮੀਦ ਕਿਥੋਂ ਰੱਖੀ ਜਾਵੇ?

* ਨਦੀਆਂ ਵਿੱਚ ਫੈਲੇ ਪ੍ਰਦੂਸ਼ਣ ਨੂੰ ਘਟਾਉਣ ਦਾ ਬੀੜਾ ਚੁੱਕਣ ਵਾਲੇ ਬਾਬਿਆਂ ਨੂੰ ਦੀਵਾਲੀ ਦੁਸਹਿਰੇ ਨੂੰ ਦੀਵੇ ਬਾਲ ਕੇ ਅਤੇ ਵੱਡੀ ਪੱਧਰ ’ਤੇ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਫੈਲਾਏ ਜਾ ਰਹੇ ਪ੍ਰਦੂਸ਼ਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ

ਸ਼ਬਦ ਦੀ ਰਹਾਉ ਦੀ ਤੁਕ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਗੁਰਬਾਣੀ ਉਚਾਰਣ ਸਮੇਂ ਗੁਰੂ ਸਾਹਿਬ ਜੀ ਨੇ ਇਹ ਢੰਗ ਵਰਤਿਆ ਹੈ ਕਿ ਗੁਰਮਤਿ ਦਾ ਜੋ ਮੁੱਖ ਸਿਧਾਂਤ ਹੁੰਦਾ ਹੈ ਜਾਂ ਜੋ ਗੱਲ ਉਸ ਸ਼ਬਦ ਰਾਹੀਂ ਸਾਨੂੰ ਸਮਝਾਉਣੀ ਹੁੰਦੀ ਹੈ, ਉਸ ਨੂੰ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਵਰਨਣ ਕੀਤਾ ਗਿਆ ਹੁੰਦਾ ਹੈ, ਤੇ ਸ਼ਬਦ ਦੇ ਬਾਕੀ ਦੇ ਬੰਦਾਂ ਵਿੱਚ ਉਸ ਗੱਲ ਨੂੰ ਸੁਖੈਣ ਢੰਗ ਨਾਲ ਸਮਝਾਉਣ ਲਈ ਜਾਂ ਤਾਂ ਉਦਾਹਰਣਾਂ ਦਿੱਤੀਆਂ ਗਈ ਹੁੰਦੀਆਂ ਹਨ ਜਾਂ ਫਿਰ ਰਹਾਉ ਵਾਲੇ ਬੰਦ ਦੀ ਹੋਰ ਖੋਲ੍ਹ ਕੇ ਵਿਆਖਿਆ ਕੀਤੀ ਗਈ ਹੁੰਦੀ ਹੈ। ਇਸੇ ਲਈ ਸ਼ਬਦ ਦੀ ਕਥਾ ਕਰਦੇ ਸਮੇਂ ਪਹਿਲਾਂ ਰਹਾਉ ਵਾਲੇ ਬੰਦ ਦੀ ਵਿਆਖਿਆ ਕੀਤੀ ਜਾਂਦੀ ਤੇ ਫਿਰ ਉਸ ਦੇ ਅਰਥ ਸਪਸ਼ਟ ਕਰਨ ਲਈ ਸ਼ਬਦ ਦੇ ਬਾਕੀ ਬੰਦਾਂ ਦੀ ਇੱਕ ਇੱਕ ਕਰਕੇ ਵਿਆਖਿਆ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸ਼ਬਦ ਦਾ ਕੀਰਤਨ ਕਰਦੇ ਸਮੇਂ ਰਹਾਉ ਵਾਲੇ ਬੰਦ ਨੂੰ ਸਥਾਈ ਟੇਕ ਬਣਾ ਕੇ ਸ਼ਬਦ ਦੇ ਬਾਕੀ ਦੇ ਹਰ ਬੰਦ ਨਾਲ ਵਾਰ ਵਾਰ ਗਾਇਆ ਜਾਂਦਾ ਹੈ। ਪਰ ਬਹੁਤੀ ਵਾਰ ਗੁਰਮਤਿ ਤੋਂ ਅਣਜਾਣ ਰਾਗੀ ਇਸ ਅਸੂਲ ’ਤੇ ਪਹਿਰਾ ਨਹੀ ਦਿੰਦੇ ਤੇ ਆਪਣੀ ਮਰਜ਼ੀ ਨਾਲ ਹੀ ਸ਼ਬਦ ਦੀ ਕਿਸੇ ਹੋਰ ਤੁਕ ਨੂੰ ਹੀ ਸਥਾਈ ਬਣਾ ਕੇ ਗਾਈ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਸ਼ਬਦ ਦਾ ਅਸਲੀ ਭਾਵ ਸਮਝਣ ਵਿੱਚ ਹੀ ਮੁਸ਼ਕਲ ਨਹੀ ਆਉਂਦੀ, ਬਲਕਿ ਗੁਰਮਤਿ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਦੀ ਗਲਤੀ ਹੋ ਜਾਂਦੀ ਹੈ।

ਮਿਸਾਲ ਦੇ ਤੌਰ ’ਤੇ ‘ਸੋਰਠਿ ਮਹਲਾ 5 ਘਰੁ 3 ਦੁਪਦੇ ਸਤਿਗੁਰ ਪ੍ਰਸਾਦਿ ॥ ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥1॥ ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ, ਗੁਰ ਕਾ ਸਬਦੁ ਵੀਚਾਰੇ ॥1॥ ਰਹਾਉ ॥………’ (ਪੰਨਾ 625) ਇਸ ਸ਼ਬਦ ਦਾ ਰਹਾਉ ਵਲਾ ਬੰਦ ਤਾਂ ਹੈ ‘ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ, ਗੁਰ ਕਾ ਸਬਦੁ ਵੀਚਾਰੇ ॥1॥ ਰਹਾਉ ॥’ ਪਰ ਆਮ ਕੀਰਤਨ ਦਰਬਾਰਾਂ ਤੋਂ ਲੈ ਕੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਤੱਕ ਤਕਰੀਬਨ ਸਾਰੇ ਹੀ ਰਾਗੀ ਰਹਾਉ ਵਾਲੇ ਇਸ ਬੰਦ ਨੂੰ ਸਥਾਈ ਬਣਾਉਣ ਦੀ ਥਾਂ ‘ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥’ ਨੂੰ ਸਥਾਈ ਟੇਕ ਬਣਾ ਕੇ ਵਾਰ ਵਾਰ ਇਸ ਤਰ੍ਹਾਂ ਗਾਉਂਦੇ ਹਨ ਜਿਸ ਤੋਂ ਪ੍ਰਭਾਵ ਇਹ ਜਾਂਦਾ ਹੈ ਕਿ ਗੁਰੂ ਸਾਹਿਬ ਸਾਨੂੰ ਇਹ ਸਿੱਖਿਆ ਦੇ ਰਹੇ ਹਨ ਕਿ ਸ਼੍ਰੀ ਅੰਮ੍ਰਿਤਸਰ ਵਾਲੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਹੀ ਪਾਪ ਉਤਰ ਜਾਂਦੇ ਹਨ। ਐਸਾ ਸਮਝਣਾ ਗੁਰਮਤਿ ਅਸੂਲਾਂ ਦੀ ਘੋਰ ਉਲੰਘਣਾ ਹੈ ਕਿਉਂਕਿ ਗੁਰੂ ਸਾਹਿਬ ਜੀ ਤਾਂ ਆਪਣੀ ਬਾਣੀ ਵਿੱਚ ਥਾਂ ਥਾਂ ਇਹ ਸਿੱਖਿਆ ਦੇ ਰਹੇ ਹਨ ਕਿ ਪਾਣੀ ਨਾਲ ਬਾਹਰ ਦੇ ਇਸ਼ਨਾਨ ਕਰਨ ਨਾਲ ਤਨ ਦੀ ਮੈਲ ਤਾਂ ਦੂਰ ਹੋ ਜਾਂਦੀ ਹੈ ਪਰ ਇਸ ਦਾ ਆਤਮਕ ਤੌਰ ’ਤੇ ਕੋਈ ਵੀ ਲਾਭ ਨਹੀਂ ਹੈ ਅਤੇ ਨਾ ਹੀ ਪਿਛਲੇ ਕੀਤੇ ਪਾਪ ਧੋਤੇ ਜਾਂਦੇ ਹਨ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 265 ’ਤੇ ਦਰਜ, ਗਉੜੀ ਸੁਖਮਨੀ, ਮਃ 5, ਵਿੱਚ ਫ਼ੁਰਮਾਨ ਹੈ: ‘ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥’ ਜਿਸ ਦਾ ਭਾਵ ਹੈ ਕਿ ਭਾਵੇਂ ਆਦਮੀ ਦਿਨ ਅਤੇ ਰਾਤ ਸਰੀਰਕ ਇਸ਼ਨਾਨ ਕਰਕੇ ਪਵਿੱਤਰਤਾ ਕਰੇ ਪਰ ਦਿਲ ਦੀ ਮਲੀਨਤਾ ਉਸ ਦੇ ਸਰੀਰ ਧੋਣ ਨਾਲ ਦੂਰ ਨਹੀਂ ਹੁੰਦੀ।

ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥’ : ਭਾਵੇਂ ਬੰਦਾ ਆਪਣੇ ਸਰੀਰ ਨਾਲ ਬਹੁਤ ਸੰਜਮ ਪਿਆ ਕਮਾਵੇ, ਤਦ ਵੀ ਮੰਦੇ ਵਕਾਰ ਉਸ ਦੀ ਆਤਮਾ ਨੂੰ ਨਹੀਂ ਛਡਦੇ।
ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥’ : (ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਤਾ ਜਾਵੇ (ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?

ਸੋ ਅਸੀਂ ਗੁਰੂ ਵਲੋਂ ਬਖ਼ਸ਼ੀ ਉਕਤ ਸੇਧ ਅਨੁਸਾਰ ਸ਼ਬਦ ਦੇ ਰਹਾਉ ਦੇ ਬੰਦ ਨੂੰ, ਇਸ ਦਾ ਕੇਂਦਰੀ ਭਾਵ ਮੰਨ ਕੇ ਇਸ ਦੀ ਵੀਚਾਰ ਕਰੀਏ: ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ, ਪ੍ਰਭੂ ਨੇ (ਉਸ ਦੇ ਹਿਰਦੇ ਵਿਚ) ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ।ਰਹਾਉ।

ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥1॥’ ਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਭਾਵ ਪ੍ਰਭੂ ਦੇ ਸੇਵਕਾਂ ਭਾਵ ਸਾਧ ਸੰਗਤਿ ਵਿਚ ਨਾਮ-ਅੰਮ੍ਰਤਿ ਨਾਲ) ਇਸ਼ਨਾਨ ਕਰਦੇ ਹਨ, ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਬਖ਼ਸਿਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ।1।

ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ ॥2॥1॥65॥’ {ਪੰਨਾ 625} : ਹੇ ਭਾਈ! ਸਾਧ ਸੰਗਤਿ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ! (ਜਿਸ ਮਨੁੱਖ ਨੇ ਸਾਧ ਸੰਗਤ ਵਿਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ॥2॥1॥65॥

ਸੋ ਇਸ ਸ਼ਬਦ ਵਿੱਚ ਅਸਲੀ ਸਿਖਿਆ ਤਾਂ ਇਹ ਦਿੱਤੀ ਗਈ ਹੈ ਕਿ ਜੋ ਮਨੁੱਖ ਗੁਰੂ ਦੀ ਸੰਗਤ ਵਿੱਚ ਆ ਕੇ ਨਾਮ ਸਿਮਰਨ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ ਠੀਕ-ਠਾਕ ਬਚਾ ਲੈਂਦਾ ਹੈ ਅਤੇ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚ ਜਾਂਦਾ ਹੈ, ਪ੍ਰਭੂ ਉਸ ਦੇ ਹਿਰਦੇ ਵਿਚ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੰਦਾ ਹੈ। ਪਰ ‘ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥’ ਨੂੰ ਸਥਾਈ ਟੇਕ ਬਣਾ ਕੇ ਵਾਰ ਵਾਰ ਗਾ ਕੇ ਪ੍ਰਭਾਵ ਇਹ ਦਿੱਤਾ ਜ ਰਿਹਾ ਹੈ ਕਿ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਵਲੋਂ ਖੁਦਵਾਏ ਗਏ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਪਿਛਲੇ ਕਮਾਏ ਹੋਏ ਸਾਰੇ ਪਾਪ ਉੱਤਰ ਜਾਂਦੇ ਹਨ।

ਇਸ ਤਰ੍ਹਾਂ ਕਰਨਾ ਗੁਰੂ ਵਲੋਂ ਬਖ਼ਸ਼ੇ ਸਿਧਾਂਤ ਨਾਲ ਖਿਲਵਾੜ ਕਰਨਾ ਹੈ, ਕਿਉਂਕਿ ਗੁਰੂ ਸਾਹਿਬ ਤੀਰਥਾਂ ’ਤੇ ਨ੍ਹਾ ਕੇ ਪਾਪ ਉਤਰ ਜਾਣ ਦੇ ਵੀਚਾਰ ਦਾ ਖੰਡਨ ਇਸ ਤਰ੍ਹਾਂ ਕਰਦੇ ਹਨ: ‘ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥2॥’ (ਪੰਨਾ 1348) ਅਰਥ: ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ, (ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ, (ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿਚ ਅਪੜਾਏ ਜਾਂਦੇ ਹਨ ।2।

ਸ਼ਬਦਾਂ ਦੀ ਤਰ੍ਹਾਂ ਵਾਰ ਦੀਆਂ ਪਉੜੀਆਂ ਵਿੱਚ ਰਹਾਉ ਦੀਆਂ ਤੁਕਾਂ ਨਹੀਂ ਹੁੰਦੀਆਂ। ਇਨ੍ਹਾਂ ਪਾਉੜੀਆਂ ਵਿੱਚ ਗੁਰੂ ਸਾਹਿਬ ਜੀ ਨੇ ਢੰਗ ਇਹ ਵਰਤਿਆ ਹੈ ਕਿ ਪਉੜੀ ਦੀਆਂ ਪਹਿਲੀਆਂ ਤੁਕਾਂ ਉਦਾਹਰਣਾਂ ਜਾਂ ਵਿਆਖਿਆ ਰੂਪ ਹੁੰਦੀਆਂ ਹਨ ਤੇ ਆਪਣਾ ਮੱਤ ਜਾਂ ਸਿੱਟਾ ਅਖੀਰਲੀ ਤੁਕ ਵਿੱਚ ਦਿੱਤਾ ਗਿਆ ਹੁੰਦਾ ਹੈ। ਇਸ ਤੋਂ ਸੇਧ ਲੈ ਕੇ ਭਾਈ ਗੁਰਦਾਸ ਜੀ ਨੇ ਇਹੋ ਢੰਗ ਅਪਣਾਇਆ ਹੈ। ਉਨ੍ਹਾਂ ਆਪਣੀਆਂ ਵਾਰਾਂ ਦੀਆਂ ਪਾਉੜੀਆਂ ਦੀਆਂ ਪਹਿਲੀਆਂ ਤੁਕਾਂ ਵਿੱਚ ਉਦਾਹਰਣਾਂ ਦਿੱਤੀਆਂ ਹਨ ਤੇ ਅਖੀਰਲੀ ਤੁਕ ਵਿਚ ਗੁਰਮਤਿ ਦੀ ਗੱਲ ਸਮਝਾਈ ਹੁੰਦੀ ਹੈ। ਪਰ ਜਿਸ ਤਰ੍ਹਾਂ ਰਹਾਉ ਦੀ ਤੁਕ ਨੂੰ ਸਥਾਈ ਬਣਾਉਣ ਦੀ ਥਾਂ ਆਪਣੀ ਮਰਜੀ ਨਾਲ ਹੀ ਹੋਰ ਕਿਸੇ ਤੁਕ ਨੂੰ ਸਥਾਈ ਬਣਾ ਕੇ ਸਿਧਾਂਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਠੀਕ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਵੀ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਤੋਂ ਹੀ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ 6ਵੀਂ ਪਾਉੜੀ ਦੀ ਪਹਿਲੀ ਤੁਕ ਰਾਗੀ ਬੜੇ ਵਜ਼ਦ ਵਿੱਚ ਆ ਕੇ ਵਾਰ ਵਾਰ ਗਾਉਣਾ ਸ਼ੁਰੂ ਕਰ ਦਿੰਦੇ ਹਨ : ‘ਦੀਵਾਲੀ ਕੀ ਰਾਤਿ ਦੀਵੇ ਬਾਲੀਅਨ।

ਇਹ ਤੁਕ ਵੀ ਇਹ ਪ੍ਰਭਾਵ ਦੇਣ ਲਈ ਵਰਤੀ ਜਾਂਦੀ ਹੈ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ੋ। ਦੀਵਾ ਬਾਲਣ ਦਾ ਉਪਦੇਸ਼ ਵੀ ਉਸੇ ਤਰ੍ਹਾਂ ਗੁਮਰਾਹਕੁੰਨ ਹੈ ਜਿਵੇਂ ਸਰੋਵਰ ਵਿੱਚ ਇਸ਼ਨਾਨ ਕਰਕੇ ਪਾਪ ਉਤਰ ਜਾਣ ਦਾ ਉਪਦੇਸ਼ ਗੁੰਮਰਾਹਕੁੰਨ ਹੈ। ਗੁਰਬਾਣੀ ਵਿੱਚ ਮਿੱਟੀ ਦੇ ਦੀਵਿਆਂ ਵਿੱਚ ਸਰੋਂ ਦਾ ਤੇਲ ਪਾ ਕੇ ਜਗਾਉਣ ਦਾ ਉਪਦੇਸ਼ ਨਹੀਂ ਬਲਕਿ ਸ਼ਬਦ ਗੁਰੂ ਦੇ ਗਿਆਨ ਦਾ ਦੀਵਾ ਜਗਾਉਣ ਦਾ ਉਪਦੇਸ਼ ਹੈ: ‘ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ ॥ ਉਨਿ ਚਾਨਣਿ, ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ ॥1॥’ (ਪੰਨਾ 358) ਅਰਥ:- ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ । ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ ।1। {ਨੋਟ:- ਸੰਬੰਧਕ ‘ਵਿਚਿ’ ਦਾ ਸੰਬੰਧ ਲਫ਼ਜ਼ ‘ਦੁਖੁ’ ਨਾਲ ਨਹੀਂ ਦੀਵੇ ਨਾਲ ਹੈ। ਇਉਂ ਅਰਥ ਕਰਨਾ ਹੈ: “ਦੀਵੇ ਵਿਚਿ ਦੁਖੁ ਰੂਪੀ ਤੇਲੁ ਪਾਇਆ”।}

ਸਤਿਗੁਰ, ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ, ਰਤਨ ਕੋਠੜੀ ਖੁਲ੍ਹ੍ਹੀ ਅਨੂਪਾ ॥1॥ ਰਹਾਉ ॥’ ਅਰਥ: ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਪੈਦਾ ਹੋ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ।1।ਰਹਾਉ।

ਸੋ ਉਪ੍ਰੋਕਤ ਗੁਰ ਫ਼ੁਰਮਾਨ ਸੇਧ ਇਹ ਬਖ਼ਸ਼ਦੇ ਹਨ ਕਿ ਭਾਈ ਗੁਰਦਾਸ ਜੀ ਨੇ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦੀ ਪ੍ਰੇਰਣਾ ਨਹੀਂ ਦਿੱਤੀ ਬਲਕਿ ਇੱਕ ਉਦਾਹਰਣ ਦੇ ਤੌਰ ’ਤੇ ਵਰਤਿਆ ਗਿਆ ਹੈ:

ਦੀਵਾਲੀ ਕੀ ਰਾਤਿ ਦੀਵੇ ਬਾਲੀਅਨ।’ ਕਿ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ੇ ਜਾਂਦੇ ਹਨ (ਪਰ ਥੋਹੜੇ ਹੀ ਚਿਰ ਵਿੱਚ ਉਨ੍ਹਾਂ ਵਿਚੋਂ ਤੇਲ ਖਤਮ ਹੋ ਜਾਣ ਕਾਰਣ ਉਹ ਬੁਝ ਜਾਂਦੇ ਹਨ)।
ਤਾਰੇ ਜਾਤਿ ਸਨਾਤਿ ਅੰਬਰ ਭਾਲੀਅਨ।’ ਜਿਵੇਂ ਰਾਤ ਨੂੰ (ਸੂਰਜ ਛੁਪਣ ਪਿਛੋਂ) ਅਸਮਾਨ ਵਿੱਚ ਛੋਟੇ ਵੱਡੇ ਅਨੇਕਾਂ ਤਾਰੇ ਦਿਸਦੇ ਹਨ (ਪਰ ਸਵੇਰੇ ਸੂਰਜ ਚੜ੍ਹਨ ਸਮੇਂ ਉਹ ਸਾਰੇ ਹੀ ਦਿਸਣੇ ਬੰਦ ਹੋ ਜਾਂਦੇ ਹਨ)।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨ।’ ਜਿਵੇਂ ਫੁੱਲਾਂ ਦੀ ਬਗੀਚੀ ਵਿੱਚੋਂ ਚੁਣ ਚੁਣ ਕੇ ਖਿੜੇ ਫੁੱਲ ਤੋੜ ਕੇ ਉਨ੍ਹਾਂ ਦਾ ਹਾਰ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਵਿੱਚੋਂ ਸੁਗੰਧੀ ਲਈ ਜਾਂਦੀ ਹੈ (ਪਰ ਥੋਹੜੇ ਹੀ ਸਮੇਂ ਬਾਅਦ ਉਹ ਫੁੱਲ ਮੁਰਝਾ ਜਾਂਦੇ ਹਨ ਤੇ ਉਨ੍ਹਾਂ ਵਿੱਚੋਂ ਸੁਗੰਧੀ ਦੀ ਥਾਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ)।
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨ।’ ਜਿਵੇਂ ਮੇਲਿਆਂ ਸਮੇਂ ਯਾਤਰੀ ਤੀਰਥਾਂ ’ਤੇ ਵੱਡੀ ਗਿਣਤੀ ਵਿੱਚ ਜਾਂਦੇ ਹਨ ਜਿਨ੍ਹਾਂ ਸਦਕਾ ਮੇਲੇ ਵਿੱਚ ਅੱਖਾਂ ਲਈ ਬਹੁਤ ਰੌਣਕ ਵੇਖਣ ਨੂੰ ਮਿਲਦੀ ਹੈ (ਪਰ ਮੇਲਾ ਬਿਝੜਨ ’ਤੇ ਸਾਰੇ ਹੀ ਘਰ ਨੂੰ ਵਾਪਸ ਮੁੜ ਜਾਂਦੇ ਹਨ ਜਿਸ ਕਾਰਣ ਰੌਣਕ ਖਤਮ ਹੋ ਜਾਂਦੀ ਹੈ ਤੇ ਉਨ੍ਹਾਂ ਵਲੋਂ ਖਿਲਾਰਿਆ ਗੰਦ ਉਥੇ ਰਹਿ ਜਾਂਦਾ ਹੈ)।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨ।’ ਹਰੀ ਚੰਦ ਦੀ ਖਿਆਲੀ ਨਗਰੀ ਚਿਤਵੀ ਜਾਂਦੀ ਹੈ (ਪਰ ਅਸਲੀਅਤ ਵਿੱਚ ਅਜਿਹੀ ਕੋਈ ਨਗਰੀ ਨਹੀਂ ਹੁੰਦੀ)।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨ॥6॥ ਪਰ ਗੁਰੂ ਦੀ ਸ਼ਰਨ ਵਿੱਚ ਪੈ ਕੇ ਸ਼ਬਦ ਗੁਰੂ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਣ ਨਾਲ ਗੁਰੂ ਪਾਸੋਂ ਸੁਖਾਂ ਦੀ ਦਾਤਿ ਮਿਲਦੀ ਹੈ ਜਿਹੜੀ ਹਮੇਸ਼ਾ ਵਾਸਤੇ ਅਨੰਦ ਵਿੱਚ ਰਖਦੀ ਹੈ।

ਸੋ ਇਸ ਪਾਉੜੀ ਵਿਚ ਭਾਈ ਸਾਹਿਬ ਜੀ ਨੇ ਪ੍ਰੇਰਣਾ ਤਾਂ ਇਹ ਦਿੱਤੀ ਹੈ ਕਿ ਮਨ ਨੂੰ ਲੁਭਾਉਣ ਵਾਲੀਆਂ ਸਭ ਚਮਕਦਾਰ ਵਸਤੂਆਂ ਨਾਸ਼ਵੰਤ ਹਨ ਜਿਹੜੀਆਂ ਕਿ ਹਮੇਸ਼ਾਂ ਨਾਲ ਨਿਭਣ ਵਾਲੀਆਂ ਨਹੀਂ। ਇਸ ਲਈ ਹਮੇਸ਼ਾਂ ਨਿਭਣ ਵਾਲੀ ਗੁਰੂ ਦੀ ਸਿੱਖਿਆ ਹੀ ਗ੍ਰਹਿਣ ਕਰਨੀ ਚਾਹੀਦੀ ਹੈ ਜਿਸ ਨਾਲ ਹਮੇਸ਼ਾਂ ਹਮੇਸ਼ਾਂ ਲਈ ਅਨੰਦ ਬਣਿਆ ਰਹਿੰਦਾ ਹੈ।

ਪਰ ਗੁਰਮਤਿ ਤੋਂ ਅਣਜਾਣ ਜਾਂ ਜਾਣ ਬੁੱਝ ਕੇ ਗੁਰਮਤਿ ਸਿਧਾਂਤ ਨੂੰ ਵਿਗਾੜਣ ਦੀ ਮਨਸ਼ਾ ਨਾਲ ਮਨਭਾਉਂਦੀਆਂ ਤੁਕਾਂ ਨੂੰ ਸਥਾਈ ਟੇਕ ਬਣਾ ਕੇ ਗਾਉਣ ਵਾਲੇ ਰਾਗੀ ਗੁਰਮਤਿ ਨਾਲ ਵੱਡੇ ਪੱਧਰ ’ਤੇ ਖਿਲਵਾੜ ਕਰ ਰਹੇ ਹਨ। ਪਰ ਜੇ ਇਹ ਸਭ ਕੁਝ ਸਿੱਖੀ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਤੋਂ ਹੋ ਰਿਹਾ ਹੋਵੇ ਤਾਂ ਸੁਧਾਰ ਦੀ ਉਮੀਦ ਕਿਥੋਂ ਰੱਖੀ ਜਾਵੇ?

ਕੀ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਪੰਥ ਵਿੱਚੋਂ ਛੇਕਣ ਅਤੇ ਬਾਦਲ ਵਿਰੋਧੀਆਂ ਨੂੰ ਤਨਖਾਹੀਏ ਐਲਾਨਣ ਦੀ ਕਿਰਿਆ ਨਿਭਾ ਕੇ ਅਕਾਲ ਤਖ਼ਤ ਨੂੰ ਥਾਣੇ ਦਾ ਰੂਪ ਦੇਣ ਵਾਲੇ ਜਥੇਦਾਰ ਗੁਰਮਤਿ ਸਿਧਾਂਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਵੀ ਕਦੀ ਵਰਜਣ ਦਾ ਆਪਣਾ ਫਰਜ਼ ਨਿਭਾਉਣਗੇ? ਨਦੀਆਂ ਵਿੱਚ ਫੈਲੇ ਪ੍ਰਦੂਸ਼ਣ ਨੂੰ ਘਟਾਉਣ ਦਾ ਬੀੜਾ ਚੁੱਕਣ ਵਾਲੇ ਬਾਬਿਆਂ ਨੂੰ ਦੀਵਾਲੀ ਦੁਸਹਿਰੇ ਨੂੰ ਦੀਵੇ ਬਾਲ ਕੇ ਅਤੇ ਵੱਡੀ ਪੱਧਰ ’ਤੇ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਫੈਲਾਏ ਜਾ ਰਹੇ ਹਵਾ ਅਤੇ ਸ਼ੋਰ ਪ੍ਰਦੂਸ਼ਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

ਕਿਰਪਾਲ ਸਿੰਘ ਬਠਿੰਡਾ
ਫ਼ੋਨ (ਘਰ) 0164 2210797, (ਮੋਬ:) 98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top