Share on Facebook

Main News Page

ਭਿੰਡਰਾਂਵਾਲੇ ਦੇ ਪੁੱਤਰਾ! ਕਹਿ ਆਪਣੇ ਪਿਉ ਨੂੰ, ਕਿ ਤੈਨੂੰ ਬਚਾਵੇ

ਨਵੰਬਰ 1984 ਦਾ ਮਹੀਨਾ ਸਿੱਖਾਂ ਤੇ ਕਹਿਰ ਦੀ ਹਨੇਰੀ ਹੀ ਸੀ। ਇਹ ਸਰਕਾਰ ਦੀ ਸੋਚੀ ਸਮਝੀ ਸਾਜਿਸ ਸੀ ਜੋ ਸਰਕਾਰ ਨੇ ਬਹੁਤ ਪਹਿਲਾ ਬਣਾਈ ਸੀ ਇੰਦਰਾ ਦਾ ਮਰਨਾ ਤਾਂ ਸਿਰਫ ਬਹਾਨਾ ਹੀ ਸੀ। ਇਸ ਦਾ ਟਰੇਲਰ ਸਰਕਾਰ ਨੇ ਸਿੱਖਾਂ ਨੂੰ ਫਰਵਰੀ 1984 ਵਿੱਚ ਹਆਿਣਾ ਦੇ ਦਿਲੀ ਲਾਗਲੇ ਸ਼ਹਿਰ ਵਿੱਚ ਦਿਖਾਇਆ। 31 ਅਕਤੂਬਰ 1984 ਸ਼ਾਮ ਤੋਂ 6 ਨਵੰਬਰ 1984 ਤੱਕ ਭੀੜ ਹਰ ਸਿੱਖ ਜੋ ਸੜਕਾਂ ਤੇ ਮਿਲਦਾ ਉਸ ਨੂੰ ਮਾਰ ਰਹੀ ਸੀ । ਉਹਨਾਂ ਦੀਆਂ ਟੈਕਸੀਆਂ, ਸਕੂਟਰ, ਕਾਰਾਂ ਸਾੜ ਰਹੀ ਸੀ। ਸਿੱਖਾਂ ਦਾ ਹਰ ਘਰ,ਦੁਕਾਨ,ਦਫਤਰ ਅਤੇ ਹੋਟਲ ਲੁੱਟ ਰਹੇ ਸਨ । ਹਨੇਰੀਆਂ ਰਾਤਾਂ ਅੱਗ ਦੇ ਭਾਬੜਾਂ ਨਾਲ਼ ਚਮਕ ਰਹੀਆਂ ਸਨ । ਸੜਕਾਂ ਤੇ ਧੂਣੀਆਂ ਬਲ਼ ਰਹੀਆਂ ਸਨ ਤੇ ਧੂਆਂ ਨਿਕਲ ਰਿਹਾ ਸੀ । ਹਜੂਮ ਪੈਟਰੋਲ, ਲੋਹੇ ਦੇ ਡੰਡੇ ਤੇ ਚਿੱਟੇ ਪਾਉਡਰ ਲੈ ਕੇ ਗਲੀਆਂ ਬਜਾਰਾ ਵਿੱਚ ਸਰੇਆਮ ਘੁੰਮ ਰਹੇ ਸਨ ।ਇਕ ਦਿਲ ਕੰਬਾਊ ਸੀਨ , “ਭੀੜ ਗੁਰਦਵਾਰੇ ਨੂੰ ਘੇਰ ਲੈਂਦੀ ਹੈ ਤੇ ਅੰਦਰ ਵੜ੍ਹ ਜਾਂਦੀ ਹੈ । ਉਹ ਗੁਰਦਵਾਰੇ ਦੇ ਭਾਈ ਨੂੰ ਬਾਹਰ ਕੱਢ ਘਸੁੰਨਾਂ ਮੁੱਕੀਆਂ ਤੇ ਲੋਹੇ ਦੇ ਡੰਡਿਆਂ ਨਾਲ਼ ਮਾਰਦੇ ਹਨ । ਭਾਈ ਉੱਚੀ-ਉੱਚੀ ਚੀਕਾਂ ਮਾਰਦਾ ਹੈ “ਬਚਾਉ ਬਚਾਉ ਅਤੇ ਪੁਲਿਸ ਪੁਲਿਸ ਪੁਕਾਰਦਾ ਹੈ” ਭੀੜ ਅੱਗੋ ਚੀਕ ਕੇ ਕਹਿੰਦੀ ਹੈ “ਭਿੰਡਰਾਂਵਾਲੇ ਦੇ ਪੁੱਤਰਾ! ਕਹਿ ਆਪਣੇ ਪਿਉ ਨੂੰ ਕਿ ਤੈਨੂੰ ਬਚਾਵੇ” । ਭੀੜ ਗੁਰੂ ਗ੍ਰੰਥ ਸਹਿਬ, ਚੰਦੋਆ, ਗਲੀਚੇ, ਦਰੀਆਂ ਬਾਹਲ ਲਿਆ ਕੇ ਢੇਰ ਲਗਾ, ਉਪਰ ਪੈਟਰੌਲ ਛਿੜਕ ਦਿੰਦੀ ਹੈ । ਇੱਕ ਇਸ ਨੂੰ ਤੀਲੀ ਲਗਾ ਦਿੰਦਾ ਹੈ ਤੇ ਢੇਰ ‘ਚੋ ਭਾਬੜ ਬਲ਼ ਪੈਂਦਾ ਹੈ । ਭਾਈ ਦੇ ਵਾਲ਼ ਉਸ ਦੇ ਖੂਨੋ-ਖੂਨ ਚਿਹਰੇ ਤੇ ਖਿਲਰ ਜਾਂਦੇ ਹਨ । ਉਹ ਤਰਲੇ ਕਰਦਾ ਹੈ ਤੁਸੀਂ ਜੋ ਕੁਝ ਮੇਰੇ ਨਾਲ਼ ਮਰਜੀ ਕਰ ਲਵੋ ਪਰ ਪਵਿਤਰ ਗ੍ਰੰਥ ਦਾ ਅਪਮਾਨ ਨਾ ਕਰੋ, ਰੱਬ ਦਾ ਵਾਸਤਾ ਜੇ। ਇੱਕ ਉੱਚੀ ਅਵਾਜ ਗੂੰਜਦੀ ਹੈ, ‘ਇਸ ਨੂੰ ਵੀ ਇਸ ਦੀ ਪਵਿਤਰ ਕਿਤਾਬ ਨਾਲ਼ ਹੀ ਸੜਨ ਦਿਉ’। ਉਹ ਉਸਦੇ ਵਾਲਾਂ ਵਿੱਚ ਪੈਟਰੌਲ ਪਾ ਦਿੰਦੇ ਹਨ, ਉਸ ਦੀ ਦਾੜ੍ਹੀ ਤੇ ਛਿੜਕਦੇ ਹਨ ਤੇ ਉਸ ਨੂੰ ਬਲ਼ ਰਹੇ ਢੇਰ ਤੇ ਸੁੱਟ ਦਿੰਦੇ ਹਨ । ਗੁਰਦਵਾਰੇ ਦਾ ਗ੍ਰੰਥੀ ਝੱਟ ਹੀ ਸੜ ਰਹੀ ਲਾਸ਼ ਦੇ ਰੂਪ ਵਿੱਚ ਸੁੰਗੜ ਜਾਂਦਾ ਹੈ । ਭੀੜ ਜੇਤੂਆਂ ਭੰਗੜੇ ਪਾਉਂਦੀ, ਚਾਂਗਰਾਂ ਮਾਰਦੀ ਹੈ “ਮਾਰੋ ਸਰਦਾਰ ਗਦਾਰੋ ਕੋ ਇੰਦਰਾ ਕੇ ਹਤਿਆਰੋ ਕੋ । ਇੰਦਰਾ ਅਮਰ ਰਹੇ”।

19 ਨਵੰਬਰ 1984 ਸੱਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ (ਰਾਜੀਵ ਗਾਂਧੀ) ਦਾ ਬਿਆਨ, “ਇੰਦਰਾ ਜੀ ਦੇ ਕਤਲ ਪਿੱਛੋਂ ਦੇਸ ਵਿੱਚ ਕੁੱਝ ਦੰਗੇ ਹੋਏ ਸਨ । ਅਸੀਂ ਜਾਣਦੇ ਹਾਂ ਲੋਕ ਬਹੁਤ ਗੁੱਸੇ ਵਿੱਚ ਸਨ ਅਤੇ ਕੁਝ ਦਿਨ ਨਜਰ ਆਇਆ ਕਿ ਭਾਰਤ ਹਿਲਿਆ ਪਿਆ ਸੀ ਪਰ ਜਦੋ ਇੰਜ ਸਕਤੀਸ਼ਾਲੀ ਦਰੱਖਤ ਡਿਗਦਾ ਹੈ ਇਹ ਕੁਦਰਤੀ ਹੈ ਕਿ ਇਸ ਦੇ ਦੁਆਲੇ ਦੀ ਧਰਤੀ ਥੋੜਾ ਹਿੱਲਦੀ ਹੈ”। ਇਸ ਬਿਆਨ ਵਿੱਚ ਲੋਕਤੰਤਰ ਦੇ ਸੱਭ ਤੋਂ ਉੱਚ ਅਹੁਦੇ ਤੇ ਬੈਠੇ ਬੰਦੇ ਨੇ ਇੰਦਰਾ ਦੇ ਮਰਨੇ ਨੂੰ ਇੱਕ ਦਰੱਖਤ ਦਾ ਰੂਪਕ ਦਿਤਾ ਅਤੇ ਸਿੱਖਾਂ ਦੇ ਸਮੂਹਿਕ ਕਤਲੇਆਮ ਨੂੰ ਧਰਤੀ ਦਾ ਹਿੱਲਣਾ ਦੱਸਿਆ । ਏਦਾਂ ਦੇ ਹੋਰ ਵੀ ਬਹੁਤ ਬਿਆਨ ਅਮਿਤਾਬ ਬਚਨ ਵਰਗਿਆਂ ਤੱਕ ਦੇ “ਖੁਨ ਕੇ ਛੀਂਟੇ ਪੰਜਾਬ ਤੱਕ ਜਾਨੇ ਚਾਹੀਏ” ਜੋ ਸਾਫ ਦਰਸਾਉਂਦੇ ਹਨ ਕਿ ਹਿੰਸਾ ਨੂੰ ਭੜਕਾਉਣਾ ਜਿਆਦਾ ਤੋਂ ਜਿਆਦਾ ਸਿੱਖਾਂ ਨੂੰ ਸਬਕ ਸਿਖਾਉਣ ਦੀ ਇੱਕ ਯੋਜਨਾਬੱਧ ਚਾਲ ਸੀ । ਹੁੱਲੜਬਾਜ ਸ਼ਾਤਿਰ ਅਪਰਾਧੀਆਂ ਨੂੰ ਇੰਦਰਾ ਦੇ ਮਰਨ ਦਾ ਕੋਈ ਗਮ ਨਹੀਂ ਸੀ । ਉਹ ਤਾਂ ਨੱਚਦੇ ਟੱਪਦੇ ਖੁੱਸ਼ੀਆਂ ਮਨਾਉਂਦੇ ਬਲਤਕਾਰ ਕਰ ਰਹੇ ਸਨ । ਭੀੜਾਂ ਸਿੱਖਾਂ ਦੇ ਕੀਮਤੀ ਸਮਾਨ ਨੂੰ ਲੁੱਟ-ਲੁੱਟ ਲਿਜਾ ਰਹੀਆਂ ਸਨ । ਸਿੱਖਾਂ ਦੇ ਗਲਾਂ ਵਿੱਚ ਜਲਦੇ ਟਾਇਰ ਪਾਏ ਜਾ ਰਹੇ ਸਨ, ਤੇ ਉਹ ਤੜਫ ਰਹੇ ਸਨ । ਭੀੜ ਉਹਨਾਂ ਨੂੰ ਤੜਫਦੇ ਦੇਖ ਖੁਸੀਆਂ ਮਨਾ ਰਹੀ ਸੀ । ਪ੍ਰਧਾਨ ਮੰਤਰੀ ਨੇ ਬਿਆਨ ਵਿੱਚ ਇਹ ਵੀ ਨਹੀਂ ਸਮਝਾਇਆ ਕਿ ਉਸ ਦੀ ਮਾਂ ਦੇ ਸੋਗ ਵਿੱਚ ਡੁੱਬੇ ਲੋਕ ਬੇਬੱਸ ਲਾਚਾਰ ਔਰਤਾਂ ਨਾਲ਼ ਬਲਤਕਾਰ ਕਰਨ ਵਿੱਚ ਕਿਵੇਂ ਮਸ਼ਰੂਫ ਹੋ ਗਏ ?

31 ਅਕਤੂਬਰ ਨੂੰ ਸੱਭ ਤੋਂ ਪਹਿਲਾ ਹਮਲਾ ਦੇਸ਼ ਦੇ ਪਹਿਲੇ ਨਾਗਰਿਕ ਜਾਣੀ ਕਿ ਰਾਸਟਰਪਤੀ ਗਿਆਨੀ ਜੈਲ ਸਿੰਘ ਤੇ ਹੋਇਆ । ਬੇਸ਼ਰਮੀ ਦੀ ਹੱਦ ਦੇਖੋ ਉਥੇ ਹਾਜਰ ਪੁਲਿਸ ਨੇ ਉਹਨਾਂ ਦੰਗਈਆਂ ਨੂੰ ਅਣਗੌਲੇ ਕੀਤਾ ਤੇ ਭੀੜ ਦਾ ਹੌਸਲਾ ਖੁੱਲ ਗਿਆ । ਇੱਕ ਹਿੰਦੂ ਗਵਾਹ ਡੀਪੀ ਗਵਈ ਅਨੁਸਾਰ , “ਦੰਗਈਆਂ ਦੀ ਗਿਣਤੀ ਵੀਹ ਪੱਚੀ ਤੋਂ ਵੱਧ ਨਹੀਂ ਸੀ ਉਹਨਾਂ ਨੂੰ ਅਗਰ ਕਾਬੂ ਕਰ ਸਬਕ ਸਿਖਾਇਆ ਜਾਂਦਾ ਤਾਂ ਦਿੱਲੀ ਬਚ ਸਕਦੀ ਸੀ” । ਧਿਆਨ ਦੇਣ ਤੇ ਵਿਚਾਰਨਯੋਗ ਗੱਲ ਹੈ ਕਿ ਜਦ ਪੁਲਿਸ ਨੇ ਜੈਲ ਸਿੰਘ ਤੇ ਹੋਏ ਹਮਲੇ ਤੇ ਵੀ ਧਿਆਨ ਨਹੀ ਦਿਤਾ ਫਿਰ ਆਮ ਲੋਕਾਂ ਤੋ ਹੋਏ ਹਮਲਿਆਂ ਤੇ ਪੁਲਿਸ ਧਿਆਨ ਦੇਵੇਗੀ, ਦੀ ਆਸ ਰੱਖਣਾ ਵੀ ਮੂਰਖਤਾ ਹੀ ਕਹਿ ਸਕਦੇ ਹਾਂ ।

ਦਿੱਲੀ ਵਿੱਚ ਸੱਭ ਤੋਂ ਪਹਿਲੀ ਘਟਨਾ 31 ਅਕਤੂਬਰ ਨੂੰ ਐਫ ਆਈ ਆਰ ਨੰ 600/84 ਜਿਸ ਅਨੁਸਾਰ 5:55 ਤੇ ਇੱਕ ਸਿੱਖ ਦੇ ਮੋਟਰਸਾਈਕਲ ਨੂੰ ਅਗਨਭੇਂਟ ਕੀਤਾ ਗਿਆ । ਮੰਤਰੀਆਂ/ਸੰਤਰੀਆਂ ਦੀ ਮਿਲੀ ਭੁਗਤ ਦੀ ਇੱਕ ਹੋਰ ਮਿਸਾਲ ਦੇਖਣ ਲਈ ਇਹ ਘਟਨਾ ਨੂੰ ਚੰਗੀ ਤਰ੍ਹਾਂ ਵੀਚਾਰਨਾ ਜਰੂਰੀ ਹੈ “ਸਬਜੀ ਮੰਡੀ ਪੁਲਿਸ ਸਟੇਸਨ ਦਾ ਇੰਸਪੈਕਟਰ ਗੁਰਮੇਲ ਸਿੰਘ, ਅਸਿਸਟੈਟ ਕਮਿਸ਼ਨਰ ਕੇਵਲ ਸਿੰਘ (ਦੋਵੇਂ ਸਿੱਖ) ਨੇ 31 ਅਕਤੂਬਰ ਨੂੰ ਐਫ.ਆਈ ਆਰ ਨੰਬਰ 633 ਤੇ ਕਾਰਵਾਈ ਕਰਦਿਆਂ 8.10 ਤੇ 90 ਦੰਗਈਆਂ ਨੂੰ ਫੜਿਆ । ਉਹਨਾਂ ਦੋਵਾਂ ਉੱਚ ਅਧਿਕਾਰੀਆਂ ਨੂੰ ਕਰਫਿੳ ਲਗਾਉਣ ਦੀ ਮੰਗ ਵੀ ਕੀਤੀ ।ਝੱਟ ਹੀ ਉਹਨਾਂ ਨੂੰ ਸਬਕ ਸਿਖਾਉਣ ਲਈ ਐਡੀਸ਼ਨਲ ਕਮਿਸ਼ਨਰ ਹੁਕਮ ਚੰਦ ਜਾਦਵ ਪਹੁੰਚਿਆ ਤੇ ਦੋਵਾਂ ਨੂੰ ਡਿਊਟੀ ਤੋਂ ਹਟਾ ਦਿਤਾ ਗਿਆ।

ਗੱਲ ਅਗਰ ਪੁਲਿਸ ਦੀ ਕਰੀਏ ਤਾਂ ਬਹਾਦਰ ਪੁਲਿਸ ਵਾਲਿਆਂ ਨੇ 1 ਨਵੰਬਰ 1984 ਨੂੰ ਐਨੇ ਕਤਲੇਆਮ ਵਿੱਚ ਕੇਵਲ 26 ਗ੍ਰਿਫਤਾਰੀਆਂ ਕੀਤੀਆਂ ਉਹ ਸਾਰੀਆਂ ਹੀ ਸਿੱਖਾਂ ਦੀਆਂ ਸਨ, ਭਾਵ ਉਸੇ ਕੌਮ ਦੇ ਮੈਂਬਰਾ ਦੀਆਂ ਜਿਹਨਾਂ ਦਾ ਕਤਲੇਆਮ ਹੋ ਰਿਹਾ ਸੀ। ਕਲਿਆਣਪੁਰੀ ਪੁਲਿਸ ਸਟੇਸਨ ਜਿੱਥੇ ਸੱਭ ਤੋਂ ਵੱਧ ਸਿੱਖਾਂ ਨੂੰ ਕਤਲ ਕੀਤਾ ਉਥੋਂ ਦਾ ਮੁੱਖੀ ਸੂਰਵੀਰ ਸਿੰਘ ਤਿਆਗੀ ਬਾਰੇ ਮਿੱਤਲ ਰਿਪੋਰਟ, ਅਗਰਵਾਲ ਰਿਪੋਰਟ ਅਤੇ ਜੀ.ਟੀ.ਨਾਨਾਵਤੀ ਨੇ ਨਿਰਣਾ ਦਿੱਤਾ, “ਤਿਆਗੀ ਅਤੇ ਉਸ ਦੇ ਆਦਮੀਆਂ ਨੇ ‘ਨਜਾਇਜ ਤੌਰ ਤੇ ਸਿੱਖਾਂ ਨੂੰ ਉਹਨਾਂ ਦੇ ਹਥਿਆਰਾਂ ਤੋਂ ਵਾਝੇ ਕੀਤਾ, ਜਿਹਨਾਂ ਨਾਲ ਉਹ ਹਿੰਸਕ ਹਮਲਿਆਂ ਤੋਂ ਆਪਣੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸਨ” । ਹਿੰਸਾ ਵਿੱਚ ਸਰਗਰਮ ਹਿੱਸਾ ਲੈਣ ਲਈ ਡਾ. ਅਸੋਕ ਕੁਮਾਰ ਗੁਪਤਾ ਨੂੰ ਅਪਰਾਧੀ ਠਹਿਰਾਉਣ ਦੇ ਇਲਾਵਾ, ਕਮਿਸਨ ਨੇ ਉਨ੍ਹਾ ਦਾ ਭਾਡਾ ਭੰਨ ਦੇਣ ਵਾਲੇ ਹਾਲਤਾਂ ਨੂੰ ਦਰਜ ਕੀਤਾ ਜੋ ਸਾਫ ਦੱਸਦੇ ਹਨ ਕਿ ਪੁਲਿਸ ਵਲੋਂ ਸਿੱਖਾਂ ਨੂੰ ਨਿਹੱਥੇ ਕਰਨ ਦੇ ‘ਛੇਤੀ ਪਿੱਛੋਂ’ ਧਾੜ ਨੇ ਉਹਨਾਂ ਤੇ ਹਮਲਾ ਕਰ ਦਿੱਤਾ।

ਅਗਰ ਗੱਲ ਦੇਸ਼ ਦੇ ਵੱਡੇ ਲੀਡਰਾਂ ਦੀ ਕਰੀਏ, ਨਰਸਿਮਾ ਰਾਉ 1984 ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸੀ ਤੇ ਜਦ 6 ਨਵੰਬਰ 1992 ਵਿੱਚ ਅਯੁਧਿਆ ਦੀ ਪੁਰਾਤਨ ਮਸਜਿਦ ਨੂੰ ਢਾਹਿਆ ਤਾਂ ਪ੍ਰਧਾਨ ਮੰਤਰੀ ਸੀ । ਪਰ ਉਹ ਦੋਵਾਂ ਸਥਿਤੀਆਂ ਵਿੱਚ ਇਤਿਹਾਸ ਦਾ ਅਪਰਾਧੀ ਸਾਬਤ ਹੋਇਆ । ਅਗਰ ਉਸ ਨੇ ਸਕਤੀਸਾਲੀ ਦਖਲ ਦਿੱਤਾ ਹੁੰਦਾ ਤਾਂ ਦੋਵੇ ਭਿਆਨਿਕ ਕਾਰੇ ਬਚ ਸਕਦੇ ਸਨ।

ਇਕੱਲੀ ਦਿੱਲੀ ਵਿੱਚ ਹੀ ਸਰਕਾਰੀ ਅੰਕੜਿਆ ਅਨੁਸਾਰ 3000 ਸਿੱਖਾਂ ਨੂੰ ਮੌਤ ਦੇ ਗਾਟ ਉਤਾਰਿਆ ਗਿਆ । ਇਸ ਤੋਂ ਇਲਾਵਾ ਗੋਆ ਵਿੱਚ ਇੱਕ, ਗੁਜਰਾਤ ਵਿੱਚ ਇੱਕ , ਝਾੜਖੰਡ ਵਿੱਚ ਇੱਕ , ਕਰਨਾਟਕਾ ਵਿੱਚ ਇੱਕ , ਅਤੇ ਤਾਮਿਲਨਾਡੂ ਵਿੱਚ ਇੱਕ , ਅਸਾਮ ਵਿੱਚ ਤਿੰਨ, ਜੰਮੂ ਵਿੱਚ ਨੌ, ਰਾਜਸਥਾਨ ਵਿੱਚ ਵੀਹ, ਉੜੀਸਾ ਵਿੱਚ ਇੱਕੀ , ਹਿਮਾਚਲ ਪ੍ਰਦੇਸ ਵਿੱਚ 33, ਵੈਸਟ ਬੰਗਾਲ ਵਿੱਚ ਚੌਂਤੀ , ਮੱਧ ਪ੍ਰਦੇਸ਼ ਵਿੱਚ ਅੜਤਾਲ਼ੀ, ਪ੍ਰਤਿਭਾ ਦੇਵੀ ਪਾਟਿਲ ਦੇ ਹੋਮ ਟਾਊਨ ਮਹਾਰਾਸਟਰਾ ਵਿੱਚ ਇੱਕ ਸੌ ਚਾਰ, ਬਿਹਾਰ ਵਿੱਚ ਇੱਕ ਸੌ ਇਕੱਤਰ, ਹਰਿਆਣਾ ਵਿੱਚ ਇੱਕ ਸੌ ਇਕੱਤਰ, ਉੱਤਰ ਪ੍ਰਦੇਸ਼ ਵਿੱਚ ਪੰਜ ਸੌ ਸਤਾਰਾਂ ਜਨੂੰਨੀਆਂ ਦੁਆਰਾ ਅੱਗ ਲਗਾ ਕੇ ਜਿੰਦਾ ਸਾੜ ਦਿੱਤੇ ਗਏ।

26 ਸਾਲਾਂ ਬਾਅਦ ਹੋਦ ਚਿਲੜ ਪਿੰਡ ਅਚਾਨਕ ਹੀ ਪ੍ਰਗਟ ਨਹੀਂ ਹੋਇਆ ਉਹ ਵੀ ਉਸੇ ਭਿਆਨਿਕ ਦੌਰ ਦਾ ਪ੍ਰਸਾਸਨ ਵਲੋਂ ਅਣਗੌਲਿਆ ਪਿੰਡ ਸੀ । ਜਿਥੇ ਕਿ ਸੰਯੋਗਵੱਸ 26 ਸਾਲਾਂ ਬਾਅਦ ਵੀ ਸਬੂਤ ਉਵੇਂ ਦੇ ਉਵੇਂ ਦਿਲ ਹਿਲਾਉਣ ਵਾਲੇ ਮਿਲੇ । ਇਲਾਕੇ ਦੀ ਪੁਲਿਸ, ਇਲਾਕੇ ਦੇ ਥੰਮ ‘ਪੱਤਰਕਾਰਾ’ ਨੂੰ ਇਹ ਖੰਡਰਾਤ ਰੂਪੀ ਬਿਲਡਿੰਗਾ ਦਿਖੀਆਂ ਹੀ ਨਹੀ । ਬਕਾਇਦਾ ਐਫ ਆਈ ਆਰ ਨੰਬਰ 91 ਤਾਰੀਕ 2.11. 1984 ਨੂੰ 6 ਵਜੇ ਸਾਂਮ ਨੂੰ ਇੰਜ ਦਰਜ ਹੋਈ, “ਮੈਂ ਪਿੰਡ ਚਿਲੜ ਕਾ ਸਰਪੰਚ ਹੂੰ । ਹਮਾਰੇ ਗਾਵ ਕੇ ਪਾਸ ਏਕ ਛੋਟੀ ਡਾਣੀ ਜਿਸ ਕੋ ਹੋਜੀ ਪੁਰ ਕੇ ਨਾਮ ਸੇ ਬੋਲਤੇ ਹੈਂ । ਦੋਨੋ ਗਾਵ ਕੀ ਪੰਚਾਇਤ ਏਕ ਹੀ ਹੈ । ਗਾਵ ਮੇਂ ਹੋਜੀਪੁਰ ਮੇਂ ਲੱਗਭੱਗ ਛੇ ਸਾਤ ਘਰ ਸਰਦਾਰੋਂ ਕੇ ਹੈ । ਕੱਲ੍ਹ ਦਿਨਾਂਕ 02-11-1984 ਕੋ ਲੱਗਭੱਗ ਸਾਢੇ ਗਿਆਰਾਂ ਵਜੇ ਦਿਨ ਕੀ ਬਾਤ ਹੈ ਕਿ ਹੇਲੀ ਮੰਡੀ, ਪਟੌਦੀ ਜਿਲਾ ਗੁੜਗਾਵਾਂ ਕੀ ਤਰਫ ਸੇ ਏਕ ਟਰੱਕ ਆਦਮੀਓ ਕਾ ਭਰ ਕਰ ਹਮਾਰੇ ਗਾਵ ਚਿਲੜ ਕੇ ਤਰਫ ਆਇਆ । ਉਸ ਸਮੇਂ ਮੈਂ ਦਿਆਸੁਲੀਦਾਰ ਸ੍ਰੀ ਦੀਪ ਚੰਦ, ਮੰਗੋਲ ਸਿੰਘ ਅਹੀਰ ਨੰਬਰਦਾਰ, ਨਾਨਕ ਚੰਦ ਸੰਨ ਆਫ ਸੁਲਤਾਨ ਅਹੀਰ ਨੰਬਰਦਾਰ ਵਾਸੀ ਦੇਵ ਕਾ, ਔਰ ਵੀ ਗਾਵ ਕੇ ਕਈ ਵਿਅੱਕਤੀ ਤਥਾ ਰਤਨ ਸਿੰਘ ਸੰਨ ਆਫ ਬਾਨੂ ਰਾਮ ਜਾਟ ਵਾਸੀ ਘਨੋਰਾ, ਸੁੰਦਰ ਲਾਲ ਸੰਨ ਆਫ ਸੋਹਣ ਲਾਲ ਜਾਟ ਨੂਰਪੁਰ ਵੀ ਹਾਜਿਰ ਥੇ । ਹਮ ਨੇ ਉਸ ਟਰੱਕ ਮੇ ਆਏ ਹੁਏ ਵਿਅਕਤੀ ਜੋ ਕਿ ਯਹ ਕਹਿ ਰਹੇ ਥੇ ਕਿ ਉਸ ਗਾਵ ਕੀ ਢਾਣੀ (ਹੋਜੀ ਪੁਰ) ਮੇ ਜਿਤਨੇ ਸਰਦਾਰ ਹੈ ਉਨਕੋ ਖਤਮ ਕਰੇਗੇ ਕਿਉਕਿ ਸਰਦਾਰੋ ਨੇ ਹਮਾਰੇ ਪ੍ਰਿਯ ਨੇਤਾ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਧੀ ਕੋ ਮਾਰਾ ਹੈ। ਲੇਕਿਨ ਉਨ ਲੋਗੋ ਕੋ ਸਮਝਾ ਬੁਝਾ ਕਰ ਵਾਪਿਸ ਭੇਜ ਦੀਆ ਥਾ ਪ੍ਰੰਤੂ 6 ਵਜੇ ਸਾਮ ਕੋ ਫਿਰ ਹੇਲੀ ਵ ਪਟੌਦੀ ਕੇ ਦੋ ਤਿਨ ਟਰੱਕ ਆਦਮੀਓ ਕੇ ਭਰ ਕਰ ਫਿਰ ਆਏ ਜਿਨ ਹੋ ਨੇ ਆਤੇ ਹੀ ਚਿਲੜ ਕੀ ਸਭੀ ਹੋਦੀ ਪੁਰ ਮੇ ਪਹੁੰਚ ਕਰ ਆਗ ਲਗਾਨੀ ਅਰੰਭ ਕਰ ਦੀ। ਔਰ ਅਪਨੇ ਹਾਥੋ ਮੇ ਲੀ ਹੁਈ ਲਾਠੀਓ ਸੇ ਜੋ ਵੀ ਵਿਅਕਤੀ ਬਾਹਰ ਨਿਕਲਤਾ ਉਸੇ ਮਾਰਨਾ ਸੁਰੂ ਕਰ ਦੀਆ । ਜੋ ਇਸੀ ਦੌਰਾਨ ਦੀਪ ਚੰਦ ਨੰਬਰਦਾਰ, ਨਾਨਕ ਚੰਦ ਘਨੰਹੀਆ ਲਾਲ ਵਾਸੀ ਚਿਲੜ, ਰਤਨ ਸਿੰਘ, ਸੁੰਦਰ ਲਾਲ ਵਾਸੀ ਨੂਰਪੁਰ ਵੀ ਯਹੀ ਪਰ ਪਹੁੰਚ ਗਏ ਥੇ। ਜਿਨਕੋ ਕਾਫੀ ਸਮਝਾਇਆ ਪ੍ਰੰਤੂ ਉਨ ਲੋਗੋ ਨੇ ਹਮਾਰੀ ਏਕ ਨ ਸੁਨੀ ਔਰ ਕਹਿਨੇ ਲਗੇ ਕਿ ਯਹ ਸਰਦਾਰ ਗਦਾਰ ਹੈ ਇਨਕੋ ਖਤਮ ਕਰੇਂਗੇ। ਔਰ ਤੁਮ ਬੋਲੋ ਤੋ ਤੁਮਾਰਾ ਵੀ ਅੱਛਾ ਇਨਜਾਮ ਨਹੀਂ ਹੋਗਾ। ਵੋ ਲੋਗ 500-400 ਕੀ ਤਾਦਾਦ ਮੇ ਥੇ ਔਰ ਉਨਹੋ ਨੇ ਪਕੜ ਕਰ ਮਾਰਨੇ ਸੁਰੂ ਕਰ ਦਏ। ਜਿਨਸੇ ਮਕਾਨ ਕਾ ਕੁਝ ਵਿਅਕਤੀ ਜਲ ਗਏ ਹੈ । ਜਲੇ ਹੁਏ ਵਿਅਕਤੀ ਕੀ ਹਮ ਸਨਾਖਤ ਨਹੀਂ ਕਰ ਸਕਤੇ । ਜਲੇ ਹੁਏ ਵਿਅਕਤੀ ਕੀ ਸੰਖਿਆ ਲੱਗਭੱਗ ਬੀਸ ਹੈ । ਇਸ ਹਾਦਸਾ ਕੀ ਰਿਪੋਰਟ ਉਸੇ ਸਮੇ ਥਾਨਾ ਆਨਾ ਪੜਾ । ਪ੍ਰੰਤ ਉਨ ਵਿਅਕਤੀਓ ਨੇ ਹਮੇ ਰੋਕੇ ਰੱਖਾ ਔਰ ਥਾਨੇ ਨਹੀ ਜਾਨੇ ਦੀਆ । ਅਬ ਮੈ ਵਾ ਸੁਬੇਦਾਰ ਦੀਪਚੰਦ ਬਰਾਇ ਰਿਪੋਰਟ ਥਾਨਾ ਆਏ ਹੈ । ਬਿਆਨ ਸੁਨ ਲੀਆ ਗਿਆ ਹੈ । ਯਹ ਕਾਰਾਵਾਹੀ ਕੀ ਜਾਨਕਾਰੀ ਘਨਪਤ ਸਿੰਘ ਅਧਛਅਧ ਅਥਵਾ ਇਸ ਸਮੇਂ ਸ੍ਰੀ ਘਨਪਤ ਸਿੰਘ ਸਰਪੰਚ ਪੰਚਾਇਤ, ਪੰਚ ਦੀਪ ਚੰਦ ਨੰਬਰਦਾਰ ਵਾਸੀ ਚਿਲੜ ਨੇ ਯਹ ਹਾਜਿਰ ਥਾਨਾ ਆ ਕਰ ਅਭੀ ਬਿਆਨ ਬੋਲਾ ਤਹਿਸੀਲ ਬਰਮਾਦਾ ਜੋ ਲਿਖਾ ਜਾ ਕਰ ਪੜ੍ਹ ਕਰ ਸੁਨਾਇਆ ਵ ਸਮਝਾਇਆ ਗਿਆ । ਜਿਸਨੇ ਯਹ ਠੀਕ ਮਾਨ ਕਰ ਅਪਨੇ ਹਸਤਾਖਰ ਵ ਤੁਰੰਤ ਅੰਗਰੇਜੀ ਕੀਏ । ਜਿਸ ਕੀ ਮੈਨੇ ਤਸਦੀਕ ਕੀ ਹੈ ਕਿ ਜੁਰਮ 302/436/34 10 ਕਾ ਹੋਨਾ ਪਾਇਆ ਜਾਤਾ ਹੈ । ਜਿਸਕਾ ਮੁਕੱਦਮਾ ਵਾ ਜੁਰਮ ਦਰਜ ਕਰ ਰਜਿਸਟਡ ਕੀਆ । ਜਾ ਕਰ ਸਪੈਸ਼ਲ ਰਿਪੋਰਟ ਕੈਲਾਸ ਪ੍ਰਸਾਦਿ 469 ਸੇਵਾ ਮੇ ਇਲਾਕਾ ਮੈਜਿਸਟ੍ਰੇਟ ਸਾਹਿਬ ਪਾਸ ਬਾਲਾ ਭੇਜੀ ਜਾ ਰਹੀ ਹੈ । ਕਿਉਂਕਿ ਸਾਈਟ ਸਾਹਿਬ ਕਾ ਹਵਾਲਾ ਰਪਟ ਨੰਬਰ -21 ਮੇ 1-11-84 ਸੇ ਮਯ ਮੁਲਜਮਾਨਥਾਨਾ ਕੇਲ ਰਾਮ ਸਪੈਸਲ ਡਿਊਟੀ ਰੇਵਾੜੀ ਗਏ ਹੁਏ ਹੈ ਜਿਨਕੋ ਵੀ ਬਜਰੀਆ ਵਾਇਰਲੈਸ ਸੂਚਿਤ ਕੀਆ ਜਾ ਰਹਾ ਹੈ”।

ਬੇਸ਼ਰਮੀ ਦੀ ਹੱਦ ਦੇਖੋ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸਗੋ ਉਪਰੋਕਤ “ਐਫ.ਆਈ.ਆਰ” ਦਾਸ ਦੀਆਂ ਕੋਸਿਸਾ ਦੁਆਰਾ ਜੱਗ ਜਾਹਿਰ ਹੋਣ ਮਗਰੋ ਇੱਕ ਹੋਰ ਨਵੀਂ ਐਫ.ਆਈ.ਆਰ ਦਰਜ ਕਰ ਲਈ ਕਿ 21 ਨੰ. ਐਫ ਆਈ ਆਰ ਗੁੰਮ ਹੋ ਗਈ ਹੈ । ਖੈਰ ਇਹਨਾਂ ਤੋਂ ਆਸ ਕੀ ਕੀਤੀ ਜਾ ਸਕਦੀ ਹੈ ਹੁਣ ਆਪਣਿਆ ਦੀ ਗੱਲ ਕਰਦੇ ਹਾਂ ......

ਬੜੇ ਜੋਸ਼ ਖਰੋਸ਼ ਨਾਲ 2 ਮਾਰਚ 2011 ਰਾਤ ਦਾਸ ਦੇ ਘਰ ਦੀ ਲੁੱਟ ਮਾਰ ਮਗਰੋ ਬੜੀ ਚੜ੍ਹਦੀ ਕਲਾ ਨਾਲ਼ ਅਖੰਡ ਪਾਠ ਸਾਹਿਬ ਅਰੰਭ ਕਰਵਾਇਆ ਗਿਆ । ਬੜਾ ਚੜ੍ਹਦੀ ਕਲਾ ਵਾਲ਼ਾ ਪ੍ਰੋਗਰਾਮ ਰਿਹਾ । ਤਕਰੀਬਨ ਹਰੇਕ ਪਾਰਟੀ ਦਾ ਨੁਮਾਇੰਦਾ ਹਾਜਿਰ ਹੋਇਆ ਜੋ ਬੜਾ ਹੀ ਸੁੱਭ ਸਗਨ ਸੀ । ਸਰਕਾਰ ਵੀ ਹਿੱਲੀ ਪਈ ਸੀ । ਸੀ.ਬੀ.ਆਈ, ਰਾਅ, ਇੰਟੈਲੀਜੈਂਸ ਸੱਭ ਸਤੱਰਕ ਹੋ ਗਈਆਂ ਸਨ । ਜਥੇਦਾਰ ਸਾਹਿਬ ਆਪਣੇ ਕਰ ਕਮਲਾ ਨਾਲ਼ ਉਸ ਉਜੜੇ ਲੁੱਟੇ ਪਿੰਡ ਨੂੰ ਜਲਿਆਂ ਵਾਲੇ ਬਾਗ ਦੀ ਤਰਜ ਤੇ ਉਵੇਂ ਦਾ ਉਵੇ ਸੰਭਾਲਣ ਦਾ ਨੀਂਹ ਪੱਥਰ ਤੱਕ ਰੱਖ ਆਏ । 26 ਸਾਲਾ ਤੱਕ ਜੋ ਲੋਕ ਦੰਗੇ-ਦੰਗੇ ਆਖਦੇ ਸਨ ਉਹ ਕਤਲੇਆਮ ਕਹਿਣ ਲੱਗ ਗਏ । ਹਿੰਦੀ ਅਖਬਾਰ ਵੀ 1984 ਦੇ ਕਾਰੇ ਨੂੰ ‘ਸਮੂਹਿਕ ਨਰਸੰਹਾਰ’ ਕਹਿਣ ਨੂੰ ਮਜਬੂਰ ਹੋਏ । ਦੁੱਖ ਦੀ ਗੱਲ ਸਾਡੇ ਆਪਣੇ ਲੀਡਰ ਸਿਰਫ ਅਖਬਾਰੀ ਫੋਟੋਆਂ ਤੱਕ ਹੀ ਸੀਮਿਤ ਸਨ । ਇਹਨਾਂ ਵਿਚਾਰਿਆਂ ਨੂੰ ਕੋਈ ਨਾਂ ਕੋਈ ਮੁੱਦਾ ਚਾਹੀਦਾ ਬਿਆਨ ਦੇਣ ਦਾ, ਅਖਬਾਰਾਂ ਵਿੱਚ ਫੋਟੋਆਂ ਲਗਵਾਉਣ ਦਾ, ਉਹ ਇਹਨਾਂ ਖੂਬ ਲਗਵਾਈਆਂ । ਸਿਰਫ ਰਾਜਨੀਤੀ ਕੀਤੀ ਪ੍ਰੈਕਟੀਕਲੀ ਕੋਈ ਵੀ ਉਦਮ ਨਾਂ ਕੀਤਾ । ਸੱਚ ਬੋਲਣ ਦਾ ਮੈਨੂੰ ਇਨਾਮ ਮਿਲਿਆ ਕਿ ਘਰ ਲੁੱਟ ਮਾਰ ਕਰਵਾਈ, ਨੌਕਰੀ ਗਵਾਈ, ਵਧੀਆ ਇੰਟਰਨੈਸਨਲ ਸਕੂਲਾ ਵਿੱਚ ਪੜ੍ਹਦੇ ਬੱਚੇ ਸਕੂਲੋ ਹਟਾਉਣੋ ਪਏ । ਮੈਂ ਆਪਣੇ ਘਰ ਦਾ ਤੀਲਾ ਤੀਲਾ ਖਿਲਰਦਾ ਤੱਕਦਾ ਰਿਹਾ ਕਿ ਸਾਇਦ ਕੋਈ ਆਪਣਾ ਆਵੇਗਾ ਸਹਾਰਾ ਦੇਵੇਗਾ, ਪਰ ਉਥੇ ਵੀ ਸਿਆਸਤ ਸ਼ੁਰੂ ਹੋ ਗਈ ਕੋਈ ਕਹਿੰਦਾ “ਸਿਰਫ ਐਮ. ਏ. ਪਾਸ ਹੈ” ਕੋਈ ਕਹਿੰਦਾ “ਇਹ ਤਾਂ ਮੁਸਕਲ ਨਾਲ਼ ਦਸ ਹਜਾਰ ਵੀ ਨਹੀਂ ਲੈਂਦਾ ਸੀ, ਗਿਆਸਪੁਰਾ ਤਾਂ ਝੂਠ ਬੋਲਦਾ” ਖੈਰ ਜੇ ਗਿਆਸਪੁਰੇ ਨੇ ਝੂਠ ਬੋਲਣਾ ਹੁੰਦਾ ਸਰਕਾਰ ਤੋਂ ਕੁੱਝ ਗੱਫਾ ਲੈ ਕੇ ਮਜੇ ਕਰਦਾ ਆਫਰ ਵੀ ਆਈ ਸੀ । ਆਪਣੇ ਵੱਡੀਆਂ ਵੱਡੀਆਂ ਗੱਪਾ ਮਾਰਦੇ ਵਿਦੇਸੀ ਵੱਸਦੇ ਵੀਰਾਂ ਨੂੰ ਵੀ ਕਿਹਾ ਕਿ ਕਰ ਸਕਦੇ ਹੋ ਤਾਂ ਕੰਮ ਸੈਟ ਕਰਨ ਲਈ ਉਧਾਰ ਮੱਦਦ ਕਰ ਦੇਵੋ ਦਾਅਵੇ ਨਾਲ਼ ਕਹਿੰਦਾ ਹਾਂ ਕਿ ਤਿੰਨ ਤੋਂ ਚਾਰ ਸਾਲਾਂ ਤੱਕ ਵਾਪਿਸ ਕਰ ਦੇਵਾਂਗਾ ਪਰ ਸੱਭ ਮਗਰਮੱਛੀ ਹੰਝੂਆਂ ਵਾਲੇ ਹੀ ਨਿਕਲੇ, ਖੈਰ !

ਸਰਕਾਰ ਵੀ ਡਰ ਗਈ ਉਸ ਨੇ ਕਾਹਲੀ ਨਾਲ ਇਕ ਮੈਂਬਰੀ ਕਮਿਸਨ ਟੀ.ਪੀ.ਗਰਗ ਨੂੰ ਸਥਾਪਿਤ ਕਰ ਦਿਤਾ, ਤੇ ਛੇ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਵੀ ਦੇਣ ਦਾ ਵਾਅਦਾ ਕੀਤਾ । ਪਰ ਜਿਵੇਂ ਉਪਰ ਕਿਹਾ ਕਿ ‘ਗੱਲਾਂ ਦੇ ਯਾਰ ਸੌਂ ਗਏ’, ਉਹਨਾ ਤਾਂ ਫੋਟੋਆ ਲਗਵਾਉਣੀਆਂ ਸਨ । ਐਸ. ਜੀ.ਪੀ. ਸੀ. ਚੋਣਾ ਵਿੱਚ ਫਿਰ “ਹੋਦ ਚਿੱਲੜ” ਲਈ ਮੋਟੇ ਮੋਟੇ ਹੰਝੂ ਵਹਾਏ ਗਏ । ਪਰ ਕਿਸੇ ਨੂੰ ਕੋਈ ਫਿਕਰ ਨਹੀਂ ਕਿ ਰਿਪੋਰਟ ਕੀ ਤੇ ਕਦੋ ਆਈ ? ਮੈਂ ਰਿਪੋਰਟ ਲੈਣ ਲਈ ਤੇ ਹੋਦ ਇੰਨਕੁਆਇਰੀ ਦੇਖਣ ਲਈ ਮਾਰਚ ਤੋਂ ਬਾਅਦ ਤਿੰਨ ਵਾਰ ਗਿਆ । ਇੰਨਕੁਆਇਰੀ ਤਾਂ ਕੀ ਹੋਣੀ ਸੀ ਲੋਕੀ ਮੈਨੂੰ ਮਜਾਕ ਕਰਨ ਲੱਗ ਗਏ । ਜਥੇਦਾਰ ਦੇ ਹੱਥ ਦੁਆਰਾ ਲਗਾਏ ਪੱਥਰ ਦੇ ਕੋਲ ‘ਕੁੱਤੇ ਲੱਤ ਚੁੱਕ-ਚੁੱਕ ਮੂਤ ਕਰਦੇ ਆਮ ਦੇਖੇ’ । ਉਹਨਾਂ ਨੂੰ ਕੀ ਪਤਾ ਜਥੇਦਾਰ ਦੀ ਪਦਵੀ ਦਾ । 13 ਅਕਤੂਬਰ ਨੂੰ ਟ੍ਰਿਬਿਊਨ ਦੀ ਮਿਹਰਬਾਨੀ ਨਾਲ਼ ਮੇਰੀ ਖਬਰ ਲੱਗੀ ਕਿ ਹੋਦ ਦੀ ਲੋਕਲ ਪੁਲਿਸ ਚੌਂਕੀ ਤੱਕ ਨੂੰ ਪਤਾ ਨਹੀ ਕਿ ਕੋਈ ਜਾਂਚ ਵੀ ਲੱਗੀ ਹੈ ਜਾਂ ਨਹੀਂ ? ਖੁਸਕਿਸਮਤੀ ਨਾਲ ਸਰਕਾਰ ਨੂੰ ਮਜਬੂਰੀ ਵੱਚ 16 ਅਕਤੂਬਰ ਨੂੰ ਜਨਤਕ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਕਿ ਸਬੂਤਾਂ ਦੇ ਅਸਲੀ ਦਸਤਾਵੇਜ ਤੇ ਹਲਫਨਾਮੇ ਅੰਗਰੇਜੀ ਵਿੱਚ ਨਿਜੀ ਤੌਰ ਤੇ ਪੇਸ਼ ਕਰੋ । ਸਰਕਾਰੀ ਬੇਸ਼ਰਮੀ ਦੇਖੋ ਕਿ ਕਮਿਸਨ ਸੱਤ ਮਹੀਨਿਆ ਬਾਅਦ ਇਕ ਬੈਠਕ ਹੀ ਕਰਨਯੋਗ ਹੋਇਆ ਜਦੋ ਕਿ ਦਾਅਵਾ ਕੀਤਾ ਗਿਆ ਸੀ ਕਿ ਛੇ ਮਹੀਨਿਆਂ ਵਿੱਚ ਰਿਪੋਰਟ ਦੇ ਦੇਣਗੇ । ਪੀੜਤਾ ਨੇ ਮੇਰੇ ਨਾਲ਼ ਰਾਬਤਾ ਬਣਇਆ, ਸਾਰਿਆਂ ਸਲਾਹ ਬਣਾਈ ਕਿ ਜਲਦੀ ਤੋਂ ਜਲਦੀ ਟੀ.ਪੀ.ਗਰਗ ਨੂੰ ਮਿਲਿਆ ਜਾਵੇ । ਤਕਰੀਬਨ 15 ਜਾਣੇ ਹਿਸਾਰ ਜੱਜ ਨੂੰ ਮਿਲਣ ਗਏ, ਉਹ ਬੜੇ ਵਧੀਆ ਤਰੀਕੇ ਪੇਸ਼ ਆਇਆ ਤੇ ਉਸ ਨੇ ਰਾਏ ਦਿਤੀ ਕਿ ਪੀੜਤਾਂ ਵਲੋ ਕੋਈ ਸਾਝਾ ਵਕੀਲ ਕਰ ਲਿਆ ਜਾਵੇ ਤਾ ਜੋ ਜਾਂਚ ਉਸਾਰੂ ਤਰੀਕੇ ਚੱਲ ਸਕੇ । ਅੱਜ 23-10-2011 ਨੂੰ ਵਕੀਲ ਕਰਨ ਲਈ ਐਸ.ਜੀ.ਪੀ.ਸੀ. ਪ੍ਰਧਾਨ ਮੱਕੜ ਨਾਲ ਗੱਲ ਕਰਨੀ ਹੈ ਦੇਖੋ ਕੀ ਕਰਦੇ ਨੇ ???

ਇੰਜੀ. ਮਨਵਿੰਦਰ ਸਿੰਘ ਗਿਆਸਪੁਰ
09872099100
ਪਿੰਡ ਗਿਆਸਪੁਰ, ਡਾਕ: ਢੰਡਾਰੀ ਕਲਾਂ
ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top