Share on Facebook

Main News Page

ਯਾ.ਯਾ.. ਹੀ ਸੂਤ ਨਹੀਂ ਆਉਂਦਾ

ਅੱਜ ਵੀ ਲੋਕਾਂ ਦੇ ਮਨਾਂ ਵਿਚ ਆਰਥਿਕ ਭੁੱਖ ਵੱਸੀ ਹੋਈ ਹੈ ਅਤੇ ਮਨਾਂ ਤੇ ਮੈਲੇ ਲੋਕ ਅਜੇ ਵੀ ਆਪਣੇ ਬੱਚਿਆਂ ਦੇ ਵਿਆਹ ਸਮੇਂ ਮੋਟੀ ਮਾਇਆ ਦਾਜ ਦੇ ਰੂਪ ਲੈਂਦੇ ਹਨ। ਵਿਆਹ ’ਤੇ ਲੜਕੇ ਵਾਲੇ ਮੋਟੀ ਦਾਜ ਦੀ ਰਕਮ ਮਿਲਣ ਦੀ ਆਸ ਲਾਉਂਦੇ ਹਨ ਅਤੇ ਆਪਣੇ ਘਰ ਨੂੰ ਮਾਲਾ ਮਾਲ ਕਰਨਾ ਚਾਹੁੰਦੇ ਹਨ। ਕੁੱਝ ਲੋਕਾਂ ਦੀ ਨਿਜੀ ਸੋਚ ਬਣ ਕੇ ਰਹਿ ਗਈ ਹੈ ਅਤੇ ਉਹ ਆਪਣੇ ਨਿਜੀ ਮੁਫਾਦਾ ਲਈ ਕੁੱਝ ਵੀ ਕਰਨ ਨੂੰ ਤਿਆਰ ਹਨ। ਭਾਰਤੀ ਲੋਕਾਂ ਦੇ ਨਾਲ ਨਾਲ ਵਿਦੇਸ਼ੀ ਲੋਕ ਵੀ ਕਿਸੇ ਤੋਂ ਘੱਟ ਨਹੀਂ। ਬਾਹਰਲੇ ਦੇਸ਼ ਜਾਣ ਦੇ ਚਾਹਵਾਨ ਲੋਕ ਦਾਜ ਦੇ ਰੂਪ ਵਿਚ ਲੱਖਾਂ ਰੁਪਏ ਦੇ ਹਿਸਾਬ ਨਾਲ ਲੈਣ ਦੇਣ ਕਰਦੇ ਹਨ। ਇਹ ਪਿਰਤ ਸਮਾਜ ਲਈ ਮਾੜੀ ਹੈ ਅਤੇ ਲੋਕਾਂ ਨੂੰ ਘੁਣ ਵਾਂਗ ਖਾ ਰਹੀ ਹੈ।

ਨਿਊਯਾਰਕ ਦਾ ਇਕ ਡਾਕਟਰ ਪੰਜਾਬ ਵਿਚ ਵਿਆਹ ਕਰਾਉਣ ਆਇਆ ਅਤੇ ਦਾਜ ਮੰਗਣ ’ਤੇ ਉਸਨੂੰ ਅਤੇ ਉਸਦੇ ਮਾਤਾ ਪਿਤਾ ਨੂੰ ਇਥੋਂ, ਕੁੱਟ ਖਾ ਕੇ, ਪੁਲਿਸ ਹਰਾਸਤ ਵਿਚ ਜਾਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਆਨੰਦ ਕਾਰਜ ਤੋਂ ਪਹਿਲਾਂ 50 ਲੱਖ ਰੁਪਏ ਦਾਜ ਮੰਗਣ ਤੇ ਬਾਹਰੋਂ ਆਏ ਲੜਕੇ ਦੀ ਬਰਾਤ ਬਰੰਗ ਵਾਪਸ ਚਲੀ ਗਈ ਅਤੇ ਲੜਕੀ ਵਾਲਿਆਂ ਨੇ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਖੂਬ ਕੁਟਾਪਾ ਚਾੜਿਆ ਗਿਆ। ਜਦੋਂ ਬਰਾਤ ਲੜਕੀ ਵਾਲਿਆਂ ਦੇ ਘਰ ਪਹੁੰਚੀ ਤਾਂ ਆਨੰਦਕਾਰਜ ਤੋਂ ਪਹਿਲਾਂ ਹੀ ਦਾਜ ਦਾ ਮਸਲਾ ਖੜਾ ਸ਼ੁਰੂ ਹੋ ਗਿਆ ਅਤੇ 50 ਲੱਖ ਦੀ ਮੰਗ ਨੇ ਸਾਰੇ ਪਰਿਵਾਰ ਨੂੰ ਹਲਾ ਕੇ ਰੱਖ ਦਿੱਤਾ ਅਤੇ ਕੁੜੀ ਵਾਲਿਆਂ ਨੇ ਅੰਦਰ ਬੈਠ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਦਾਜ ਦਾ ਮਸਲਾ ਅੜਿਆ ਰਿਹਾ ਅਤੇ ਮੁੰਡੇ ਦਾ ਪਿਤਾ ਵੀ ਦਾਜ ਦੇ ਮਾਮਲੇ ’ਤੇ ਅੜਿਆ ਰਿਹਾ ਅਤੇ ਉਸਦੀ ਦਲੀਲ ਇਹ ਸੀ ਕਿ ਇਸ ਪੈਸੇ ਲੜਕੇ ਅਤੇ ਲੜਕੀ ਦੇ ਬਾਹਰ ਸ੍ਯੈੱਟ ਹੋਣ ਤੇ ਖਰਚਾ ਹੋਵੇਗਾ। ਇਸ ਗੱਲ ਨੂੰ ਲੈ ਕੇ ਮਾਮਲਾ ਟੱਸ ਤੋਂ ਮੱਸ ਨਾਂ ਹੋਇਆ ਅਤੇ ਕੰਮ ਵਧ ਗਿਆ। ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ਨੂੰ ਕਾਬੂ ਕਰਕੇ ਚੰਗੀ ਛਿੱਤਰ ਪਰੇਡ ਕੀਤੀ ਗਈ ਤੇ ਵਿਆਹੁਣ ਆਇਆ ਲੜਕਾ ਤੇ ਉਸਦੇ ਪਿਤਾ ਦੀ ਪੱਗ ਲੈਅ ਗਈ ਤੇ ਇਸ ਮੌਕੇ ਦੋਹਾਂ ਪਿਉ ਪੁੱਤ ਦੀਆਂ ਪੱਗਾਂ ਹੱਥ ਵਿਚ ਫੜੀਆਂ ਸਨ ਅਤੇ ਮੌਕੇ ’ਤੇ ਪੁਲਿਸ ਵੀ ਪਹੁੰਚ ਗਈ ਅਤੇ ਉਨਾਂ ਨੇ ਦਾਜ ਦੇ ਲਾਲਚੀਆਂ ਨੂੰ ਜਾਨੋ ਬਚਾਇਆ। ਲੜਕੀ ਦੇ ਪਿਤਾ ਨੇ ਕਿਹਾ ਕਿ ਮੈਂ ਸ਼ਗਨ ਤੇ ਵੀ 2.5 ਲੱਖ ਰੁਪਏ ਖਰਚ ਕੀਤੇ ਸਨ ਅਤੇ ਦਾਜ ਵਜੋਂ 5.25 ਲੱਖ ਰੁਪਏ ਦੇਣ ਤੇ ਸਹਿਮਤੀ ਪ੍ਰਗਟਾਈ ਸੀ। ਜਦੋਂ ਇਹ ਮਾਮਲਾ ਐਮ.ਬੀ.ਬੀ.ਐਸ ਪਾਸ ਲੜਕੀ ਕੋਲ ਗਿਆ ਤਾਂ ਉਸਨੇ ਦਾਜ ਦੇ ਲੋਭੀ ਨਾਲ ਵਿਆਹ ਕਰਾਉਣ ਤੋਂ ਨਾਂਹ ਕਰ ਦਿੱਤੀ। ਪੁਲਿਸ ਨੇ ਲੜਕਾ, ਉਸਦੀ ਮਾਂ ਅਤੇ ਪਿਤਾ ਤੇ ਧਾਰਾ 406, 498-ਏ ਅਤੇ 3-4 ਦਾਜ ਦੇ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਸੀ ਅਤੇ ਅੱਗੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ।

ਪੰਜੇ ਉਂਗਲਾਂ ਇਕ ਸਮਾਨ ਨਹੀਂ ਹਨ ਅਤੇ ਸਮਾਜ ਵਿਚ ਸਾਰੇ ਲੋਕ ਵੀ ਮਾੜੇ ਨਹੀਂ ਹਨ। ਇਥੇ ਚੰਗੇ ਵੀ ਹਨ ਅਤੇ ਵਿਰਲੇ ਵਿਰਲੇ ਕਿਤੇ ਲੋਕ ਅਜਿਹੇ ਹਨ ਜਿਹੜੇ ਦਾਜ ਵਿਚ ਇਕ ਪੈਸਾ ਵੀ ਨਹੀਂ ਲੈਂਦੇ ਅਤੇ ਆਪਣੇ ਬੱਚਿਆਂ ਦਾ ਵਿਆਹ ਨਿਵੇਕਲੇ ਢੰਗ ਨਾਲ ਕਰਦੇ ਹਨ। ਪਰ ਅਜਿਹੇ ਚੰਗੇ ਵਿਚਾਰਾਂ ਵਾਲੇ ਇਨਸਾਨਾਂ ਦੀ ਗਿਣਤੀ ਧਰੂਹ ਤਾਰੇ ਵਾਂਗ ਬਹੁਤ ਘੱਟ ਹੈ ਅਤੇ ਜਦੋਂ ਕਿ ਇੰਨਾਂ ਦੀ ਬਹੁਤਾਦ ਹੋਣੀ ਚਾਹੀਦੀ ਹੈ। ਸੁਲਝੇ ਲੋਕਾਂ ਦੀ ਕਹਿਣੀ ਅਤੇ ਕਰਨੀ ਇਕ ਸਮਾਨ ਹੈ। ਨਹੀਂ ਤਾਂ ਆਮ ਪਖੰਡੀ ਲੋਕ ਕਹਿੰਦੇ ਕੁੱਝ ਨੇ ’ਤੇ ਕਰਦੇ ਕੁੱਝ ਨੇ, ਸਮਾਜ ਇਕ ਅਜਿਹੀ ਖਿਚੜੀ ਹੈ। ਆਮ ਲੋਕਾਂ ਵਿਚ ਵੀ ਭੇੜਚਾਲ ਹੈ ਜੋ ਉਹ ਦੇਖਦੇ ਹਨ ਉਹ ਸਭ ਕੁੱਝ ਕਰਨ ਲਈ ਲੋਚਦੇ ਹਨ। ਰਿਸ਼ਤੇਦਾਰੀ ਵਿਚ ਜੇ ਕਿਸੇ ਨੇ ਆਪਣੇ ਬੱਚੇ ਦੇ ਵਿਆਹ ’ਤੇ ਲੱਖਾਂ ਰੁਪਏ ਖਰਚ ਕੀਤੇ ਉਸਨੂੰ ਦੇਖ ਕੇ ਦੂਸਰਾ ਰਿਸ਼ਤੇਦਾਰ ਵੀ ਉਹ ਕੰਮ ਕਰਨ ਦੀ ਹਿੰਮਤ ਕਰਦਾ ਹੈ ਅਤੇ ਬੇਵਜਾ ਲੱਖਾਂ ਰੁਪਏ ਖਰਚ ਕੇ ਕਰਜਾਈ ਹੋ ਕੇ ਰਹਿ ਜਾਂਦਾ ਹੈ। ਕਈ ਤਾਂ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਖਰਚਾ ਕਰਦੇ ਹਨ। ਸਿਰਫ਼ ਲੋਕ ਵਿਖਾਵਾ ਹੀ ਆਦਮੀ ਨੂੰ ਲੈ ਬੈਠਦਾ ਹੈ। ਅਜਿਹਾ ਵਧ ਰਿਹਾ ਸਿਲਸਲਾ ਖਤਰੇ ਦੀ ਘੰਟੀ ਹੈ ਅਤੇ ਹਰ ਇਕ ਲਈ ਗਲੇ ਦੀ ਹੱਡੀ ਬਣ ਰਿਹਾ ਹੈ।

ਬਾਹਰਲੇ ਦੇਸ਼ਾਂ ਦੇ ਵਿਚ ਅਜਿਹਾ ਊਟ ਪਟਾਂਗ ਨਹੀਂ ਹੁੰਦਾ ਜਦੋਂ ਮੁੰਡਾ ਕੁੜੀ ਜਵਾਨ ਹੋ ਜਾਂਦੇ ਹਨ ਤੇ ਉਹ ਆਪਣਾ ਹਮਸਫ਼ਰ ਆਪਣੇ ਆਪ ਲੱਭ ਲੈਂਦੇ ਹਨ ਅਤੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹਨ। ਦਾਜ ਦਹੇਜ ਦਾ ਕੋਈ ਚੱਕਰ ਨਹੀਂ ਹੁੰਦਾ। ਹਰ ਆਦਮੀ ਆਪਣੇ ਲਈ ਕਮਾਉਂਦਾ ਅਤੇ ਆਪਣੇ ਲਈ ਖਰਚਦਾ ਵਰਤਦਾ ਹੈ। ਭਾਰਤੀ ਲੋਕਾਂ ਦੀ ਸੋਚ ਹੈ ਕਿ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ ਵਿਚ ਸੈਟ ਕੀਤਾ ਜਾਵੇ ਅਤੇ ਕਈ ਮਾਤਾ ਪਿਤਾ ਉਨਾਂ ਨੂੰ ਸੈਟ ਕਰਨ ਲਈ ਆਈ.ਈ.ਐਲ.ਟੀ.ਐਸ. ਦਾ ਟੈਸਟ ਪਾਸ ਕਰਕੇ ਨੰਬਰਾਂ ਦੇ ਆਧਾਰ ’ਤੇ ਬਾਹਰ ਬੱਚਿਆਂ ਸਮੇਤ ਜਾਂਦੇ ਹਨ ਅਤੇ ਬਹੁਤ ਸਾਰੇ ਜਾ ਰਹੇ ਹਨ। ਭਾਰਤ ਦੀ ਅਸਲ ਕਰੀਮ ਬਾਹਰ ਜਾ ਰਹੀ ਹੈ। ਪਰ ਬਾਕੀ ਦੇ ਲੋਕ ਤਾਂ ਬਾਹਰ ਨਹੀਂ ਜਾ ਸਕਦੇ ’ਤੇ ਉਹ ਵੀ ਵਿਆਹ ਦੇ ਆਧਾਰ ’ਤੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਚਾਹਵਾਨ ਹਨ ਅਤੇ ਮੁਕਾਬਲੇ ਦੀ ਦੌੜ ਵਿਚ ਸ਼ਾਮਿਲ ਹਨ। ਬਾਹਰੋਂ ਆਇਆ ਮੁੰਡਾ ਪੰਜਾਹ ਨਖਰੇ ਕਰਦਾ ਹੈ, ਨੱਕ ’ਤੇ ਮੱਖੀ ਨਹੀਂ ਬਹਿਣ ਦਿੰਦਾ, ਉਸਦਾ ਯਾ..ਯਾ..ਹੀ ਸੂਤ ਨਹੀਂ ਆਉਂਦਾ ਅਤੇ ਢੇਰ ਸਾਰੀਆ ਕੁੜੀਆਂ ਦੇਖਦਾ ਹੈ ਅਤੇ ਚੰਗੀ ਪੜੀ ਲਿਖੀ, ਸੋਹਣੀ ਸੁਨੱਖੀ ਲੜਕੀ ਨੂੰ ਛਾਂਟਦਾ ਹੈ ਅਤੇ ਬਾਅਦ ਵਿਚ ਲੜਕੇ ਵਾਲੇ ਰੱਜ ਕੇ ਦਾਜ ਮੰਗਦੇ ਹਨ। ਅਜਿਹੇ ਕੇਸਾਂ ਵਿਚ ਲੱਖਾਂ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਹਨ।

ਪਾਖੰਡੀ ਲੋਕ ਰਿਸ਼ਤਾ ਤੈਅ ਕਰਨ ਵੇਲੇ ਲੜਕੇ ਵਾਲੇ ਦਾਜ ਦੀ ਮੰਗ ਨਹੀਂ ਕਰਦੇ ਅਤੇ ਬਾਅਦ ਵਿਚ ਮੌਕੇ ’ਤੇ ਦਾਜ ਦਾ ਵਾਵਾਰੋਲਾ ਖੜਾ ਕਰ ਦਿੰਦੇ ਹਨ ਅਤੇ ਬੰਦਾ ਕਰੇ ਤਾਂ ਕੀ ਕਰੇ ? ਅਜਿਹੇ ਸਮੇਂ ਘਰ ਵਾਲੇ ਸੋਚ ਵੀ ਨਹੀਂ ਸਕਦੇ ਅਤੇ ਕਈ ਦੁਖੀ ਹੋ ਕੇ ਮੰਗ ਪੂਰੀ ਕਰ ਦਿੰਦੇ ਹਨ ਅਤੇ ਕਈਆਂ ਕੋਲ ਪੈਸਾ ਨਾਂ ਹੋਣ ਕਰਕੇ ਰਿਸ਼ਤਾ ਠੁਕਰਾ ਵੀ ਦਿੰਦੇ ਹਨ ਅਤੇ ਪਰ ਇਸ ਮੌਕੇ ਕਈ ਦਲੇਰ ਲੜਕੀਆਂ ਹਿੰਮਤ ਦਿਖਾ ਕੇ ਦਾਜ ਦੇ ਲੋਭੀਆਂ ਦੀ ਛਿੱਤਰ ਪਰੇਡ ਕਰਕੇ, ਲੜਕੇ ਨੂੰ ਬਰਾਤ ਸਮੇਤ ਭਜਾ ਦਿੰਦੀਆਂ ਹਨ ਅਤੇ ਸਮਾਜ ਨੂੰ ਇਕ ਚੰਗੀ ਸੇਧ ਦਿੰਦੀਆਂ ਹਨ। ਅੱਜ ਹਰ ਇਕ ਨੂੰ ਦਾਜ ਨਾਂ ਲੈਣ ਦੇ ਮਾਮਲੇ ਵਿਚ ਸਖਤ ਹੋਣਾ ਪੈਣਾ ਹੈ ਨਹੀਂ ਤਾਂ ਧੀਆਂ ਦੇ ਦੁੱਖ ਨੂੰ ਉਭਾਰਨ ਅਤੇ ਉਨਾਂ ਦੇ ਘਰ ਉਜਾੜਨ ਵਿਚ ਸਭ ਦੋਸ਼ੀ ਹੋਵਾਂਗੇ। ਦੇਸ਼ ਦੇ ਵਿਚ ਇਕ ਐਸੀ ਮੁਹਿੰਮ ਚਲਾਈ ਜਾਵੇ ਜੋ ਸਾਰੇ ਲੋਕਾਂ ਨੂੰ ਚੇਤਨ ਕਰੇ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।

 ਜਸਪਾਲ ਸਿੰਘ ਲੋਹਾਮ

#/29166, ਗਲੀ ਹਜਾਰਾ ਸਿੰਘ, ਮੋਗਾ-142001
ਈਮੇਲ: jaspal.loham@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top