Share on Facebook

Main News Page

ਮਾਂ-ਬੋਲੀ ਤੋਂ ਦੂਰ ਜਾ ਰਹੇ ਹਨ ਪੰਜਾਬੀ

ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ (ਅੰਗ 467)

ਬੇਸ਼ੱਕ ਅਸੀਂ ਕਿੰਨੀਆਂ ਵੀ ਕਿਤਾਬਾਂ ਪੜ੍ਹੀਆਂ ਹਨ, ਵਧੇਰੇ ਗਿਆਨ ਦਾ ਭੰਡਾਰ ਵੀ ਸਾਡੇ ਕੋਲ ਹੈ, ਪਰ ਅਸੀਂ ਕੋਸ਼ਿਸ਼ ਨਹੀਂ ਕੀਤੀ ਕਿ ਉਸ ਵਿੱਦਿਆ ਦੀ ਵਰਤੋਂ ਸਮਾਜ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਜਾਵੇ। ਕਰਨਾਟਕ ਦਾ ਰਹਿਣ ਵਾਲਾ ਮੈਂ ਜਦ ਚੰਡੀਗੜ੍ਹ ਦੇ ਕਾਲਜ ਵਿਚ ਲੈਕਚਰਾਰ ਬਣ ਕੇ ਆਇਆ ਸੀ, ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਮਿਲਿਆ ਸੀ। ਕਰਨਾਟਕ ਵਿਚ ਦੇਵਦਾਸੀ ਵਰਗੀ ਭਿਆਨਕ ਸਮੱਸਿਆ ਹੈ, ਪਰ ਪੰਜਾਬ ਵਿਚ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣ ਵਾਲੀ ਕਠੋਰ ਸਮਾਜਿਕ ਸਮੱਸਿਆ ਨੂੰ ਬਿਨਾਂ ਸਮਝੇ ਮੈਂ ਨਹੀਂ ਬੈਠ ਸਕਿਆ। ਇਸ ਨੂੰ ਸਮਝਣ ਵਾਸਤੇ ਸ਼ਹਿਰ ਤੋਂ ਇਲਾਵਾ ਪੰਜਾਬ ਦੇ ਕੁਝ ਪਿੰਡਾਂ ਵਿਚ ਗਿਆ ਤੇ ਇਸ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ, ਪਰ ਸ਼ੁਰੂਆਤ ਵਿਚ ਉਨ੍ਹਾਂ ਦੀ ਪੰਜਾਬੀ ਭਾਸ਼ਾ ਮੈਨੂੰ ਸਮਝ ਨਹੀਂ ਆਈ। ਮੈਂ ਵਾਪਸ ਚੰਡੀਗੜ੍ਹ ਆ ਕੇ ਪੰਜਾਬੀ ਸਿੱਖਣ ਲੱਗਾ। ਪੰਜਾਬੀ ਮਾਂ ਬੋਲੀ ਦੇ ਅਸ਼ੀਰਵਾਦ ਸਦਕਾ ਮੈਂ ਬਹੁਤ ਜਲਦੀ ਪੰਜਾਬੀ ਸਿੱਖ ਲਈ ਸੀ। ਹੁਣ ਮੈਂ ਪੰਜਾਬੀ ਸਾਹਿਤ, ਸਿੱਖ ਧਰਮ ਦੇ ਸਿਧਾਂਤ ਅਤੇ ਪੰਜਾਬ ਦੀਆਂ ਸਮਾਜਿਕ ਸਮੱਸਿਆਵਾਂ ਬਾਰੇ ਜਾਣ ਰਿਹਾ ਹਾਂ, ਪੜ੍ਹ ਰਿਹਾ ਹਾਂ ਅਤੇ ਉਨ੍ਹਾਂ ਬਾਰੇ ਲਿਖ ਰਿਹਾ ਹਾਂ। ਸ਼ੁਰੂਆਤ ਵਿਚ ਜਦ ਮੈਂ ਪੰਜਾਬੀ ਵਿਚ ਗੱਲ ਕਰਦਾ ਸੀ ਤਾਂ ਲੋਕ ਹੈਰਾਨੀ ਨਾਲ ਅਤੇ ਮਜ਼ਾਕ ਨਾਲ ਹੱਸਦੇ ਸਨ। ਪੰਜਾਬੀ ਮਾਂ ਬੋਲੀ ਦਾ ਅਸ਼ੀਰਵਾਦ ਮੇਰੇ 'ਤੇ ਇਸ ਹੱਦ ਤੱਕ ਹੋ ਗਿਆ ਸੀ ਕਿ ਮੈਂ ਕੁਝ ਪਿੰਡਾਂ ਵਿਚ ਜਾ ਕੇ ਪੰਜਾਬੀ ਸਾਹਿਤ ਬਾਰੇ ਵੀ ਚਰਚਾ ਕਰਦਾ ਰਹਿੰਦਾ ਸਾਂ।

ਲੋਕ ਮੈਨੂੰ ਕਹਿੰਦੇ ਹਨ, 'ਪਿੰਡਾਂ ਵਿਚ ਤੂੰ ਕਿੱਥੇ ਲੱਭਦਾ ਫਿਰਦਾ ਪੰਜਾਬੀ ਸਾਹਿਤ ਨੂੰ।' 'ਮੈਂ ਉਨ੍ਹਾਂ ਨੂੰ ਇਹ ਵੀ ਕਹਿੰਦਾ ਸੀ ਕਿ, ਮੈਂ ਤਾਂ ਭਾਰਤ ਵਿਚ ਕਰਨਾਟਕ ਦਾ ਰਹਿਣ ਵਾਲਾ ਹਾਂ, ਜਿਹੜਾ ਕਿ ਸੋਨੇ ਦੀਆਂ ਖਾਣਾਂ ਕਰਕੇ ਜਾਣਿਆ ਜਾਂਦਾ ਹੈ, ਜਿਥੇ ਦੇ ਲੋਕ ਮਿੱਟੀ ਵਿਚੋਂ ਵੀ ਸੋਨਾ ਲੱਭ ਲੈਂਦੇ ਹਨ, ਇਸ ਲਈ ਮੈਂ ਪੰਜਾਬ ਵਿਚ ਸੋਨੇ ਵਰਗੇ ਸਾਹਿਤ ਨੂੰ ਲੱਭਣ ਆਇਆ ਹਾਂ, ਜਿਹੜਾ ਕਿ ਪਿੰਡਾਂ ਵਿਚ ਮਿਲਦਾ ਹੈ, ਇਸ ਲਈ ਮੈਂ ਇਥੇ ਪੰਜਾਬੀ ਸਾਹਿਤ ਨੂੰ ਲੱਭਦਾ ਫਿਰਦਾ ਹਾਂ।'

ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਪਲਟ ਕੇ ਦੇਖਦੇ ਹਾਂ ਤਾਂ ਸਾਨੂੰ ਮਹਾਨ ਵਿਦਵਾਨ ਮੋਨਿਅਰ ਵਿਲੀਅਮ, ਮੈਕਸ ਮੋਲਰ, ਕੀਟਲ (Monier William, Max Muller, Kittel) ਮਿਲਦੇ ਹਨ। ਜਿਨ੍ਹਾਂ ਨੇ ਭਾਰਤ ਦੀ ਸਾਹਿਤ ਸੰਪਤੀ ਨੂੰ ਵਧਾਉਣ ਲਈ ਮਹਾਨ ਯੋਗਦਾਨ ਪਾਇਆ ਹੈ। ਮੋਨਿਅਰ ਵਿਲੀਅਮ (Monier William) ਨੇ ਭਾਰਤ ਵਿਚ ਆ ਕੇ ਅੰਗਰੇਜ਼ੀ-ਸੰਸਕ੍ਰਿਤ ਸ਼ਬਦਕੋਸ਼ ਦੀ ਰਚਨਾ ਕੀਤੀ। ਉਨ੍ਹਾਂ ਦਾ ਇਹ ਸ਼ਬਦਕੋਸ਼ ਹੁਣ ਤੱਕ ਦਾ ਸਰਵ ਸ਼੍ਰੇਸ਼ਠ ਮੰਨਿਆ ਜਾਂਦਾ ਹੈ। ਮੈਕਸ ਮੋਲਰ (Max Muller) ਨੇ ਜਰਮਨੀ ਤੋਂ ਆ ਕੇ ਭਾਰਤ ਦੀ ਸੰਸਕ੍ਰਿਤੀ ਤੇ ਸਾਹਿਤ ਨੂੰ ਅਪਣਾਉਣ ਦੇ ਨਾਲ-ਨਾਲ ਸੰਸਕ੍ਰਿਤ ਭਾਸ਼ਾ ਸਿੱਖ ਕੇ, ਸੰਸਕ੍ਰਿਤ ਭਾਸ਼ਾ ਵਿਚ ਮਹਾਨ ਯੋਗਦਾਨ ਪਾਇਆ ਹੈ। ਮੈਕਸ ਮੋਲਰ (Max Muller) ਭਾਰਤ ਦੀ ਸੰਸਕ੍ਰਿਤੀ ਤੇ ਸਾਹਿਤ ਤੋਂ ਐਸੇ ਪ੍ਰਭਾਵਿਤ ਹੋ ਗਏ ਸਨ ਕਿ ਲੋਕ ਉਨ੍ਹਾਂ ਨੂੰ ਮੋਕਸ਼ਾ ਮੁੱਲਾ (Moksha Mulla) ਕਹਿਣ ਲੱਗ ਪਏ ਸਨ। ਭਾਰਤ ਦੇ ਸਾਹਿਤ ਵਿਚ ਹੋਰ ਇਕ ਮਹਾਨ ਯੋਗਦਾਨ ਕੀਟਲ (Kittel) ਦੁਆਰਾ ਪਾਇਆ ਗਿਆ ਹੈ। ਜਿਹੜੇ ਫਰਾਂਸ Franceਤੋਂ ਆ ਕੇ ਕਰਨਾਟਕ ਵਿਚ ਰਹਿਣ ਲੱਗ ਪਏ ਸਨ। ਉਨ੍ਹਾਂ ਨੇ ਕੰਨੜ ਭਾਸ਼ਾ ਸਿੱਖ ਕੇ, ਕੰਨੜ ਅੰਗਰੇਜ਼ੀ ਸ਼ਬਦਕੋਸ਼ ਦੀ ਰਚਨਾ ਕੀਤੀ। ਜਦ ਉਹ ਕੰਨੜ ਭਾਸ਼ਾ ਸਿੱਖ ਕੇ ਕੰਨੜ ਵਿਚ ਗੱਲ ਕਰਦੇ ਸਨ ਤਾਂ ਲੋਕ ਉਨ੍ਹਾਂ ਨੂੰ ਹੈਰਾਨੀ ਨਾਲ ਦੇਖਦੇ ਸਨ। ਜਦੋਂ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਗੱਲ ਕਰਦੇ ਸਨ ਤਾਂ ਲੋਕ ਮਜ਼ਾਕ ਨਾਲ ਕਹਿੰਦੇ, 'ਪਤਾ ਨਹੀਂ ਗੋਰਾ ਕੀ ਲੱਭਦਾ ਫਿਰਦਾ ਹੈ।' ਪਰ ਕੀਟਲ (Kittel) ਨੂੰ ਪਤਾ ਸੀ ਕਿ ਉਹ ਸੋਨੇ ਵਰਗੇ ਸਾਹਿਤ ਨੂੰ ਲੱਭ ਰਿਹਾ ਹੈ।

ਮੈਂ ਵੀ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬ ਵਿਚ ਸੋਨੇ ਵਰਗਾ ਸਾਹਿਤ ਲੱਭ ਰਿਹਾ ਹਾਂ। ਪਰ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦ ਪੰਜਾਬ ਦੇ ਲੋਕ ਕਿਤਾਬ ਖਰੀਦ ਕੇ ਨਹੀਂ ਪੜ੍ਹਦੇ, ਦੁੱਖ ਨਾਲ ਦਿਲ ਵੀ ਰੋਂਦਾ ਹੈ, ਜਦ ਗੁਰੂਆਂ ਦੀ ਪਵਿੱਤਰ ਪੰਜਾਬ ਦੀ ਧਰਤੀ ਤੇ ਲਾਇਬਰੇਰੀਆਂ ਘੱਟ ਪਰ ਸ਼ਰਾਬ ਦੇ ਠੇਕੇ ਵਧੇਰੇ ਦਿੱਖਦੇ ਹਨ। ਘੁੱਟ-ਘੁੱਟ ਕੇ ਰੋਂਦਾ ਹੈ ਮੇਰਾ ਦਿਲ ਜਦ ਗੁਰਸਿੱਖਾਂ ਦੇ ਮੂੰਹ ਤੋਂ ਗੁਰਮੁਖੀ ਨਹੀਂ ਨਿਕਲਦੀ। ਕਰਨਾਟਕ ਵਿਚ ਮਾਂ ਬੋਲੀ ਦੀ ਪੂਜਾ ਕੀਤੀ ਜਾਂਦੀ ਹੈ । ਕੰਨੜ ਵਿਚ ਗੱਲਬਾਤ ਕਰਨਾ ਗੌਰਵ ਦੀ ਗੱਲ ਮੰਨਿਆ ਜਾਂਦਾ ਹੈ, ਪਰ ਪੰਜਾਬ ਵਿਚ ਪੰਜਾਬੀ ਮਾਂ-ਬੋਲੀ ਦੀ ਨਾ ਹੀ ਪੂਜਾ ਕੀਤੀ ਜਾਂਦੀ ਹੈ ਨਾ ਹੀ ਪੰਜਾਬੀ ਵਿਚ ਗੱਲ-ਬਾਤ ਕਰਨਾ ਗੌਰਵ ਦੀ ਗੱਲ ਮੰਨਿਆ ਜਾਂਦਾ ਹੈ। ਜੇਕਰ ਮੰਨਿਆ ਜਾਂਦਾ ਹੁੰਦਾ ਤਾਂ ਪੰਜਾਬੀ ਦੇ ਭਵਿੱਖ ਸਬੰਧੀ ਚਿੰਤਾ ਪੈਦਾ ਨਾ ਹੁੰਦੀ। ਪੂਰੇ ਰਾਜ ਵਿਚ 700 ਤੋਂ ਵੱਧ ਸਮਾਜ-ਸ਼ਾਸਤਰ ਪੜ੍ਹਾਉਣ ਵਾਲੇ ਅਧਿਆਪਕ ਹਨ, ਪਰ ਇਕ ਵੀ ਅਧਿਆਪਕ ਨੇ ਪੰਜਾਬੀ ਵਿਚ ਢੰਗ ਦੀ ਕਿਤਾਬ ਨਹੀਂ ਲਿਖੀ ਪਰ ਕਰਨਾਟਕ ਦੇ ਯੂ.ਆਰ. ਅਨੰਤਮੂਰਤੀ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦੇ ਸਨ ਪਰ ਕੰਨੜ ਭਾਸ਼ਾ ਵਿਚ ਲਿਖ ਲਿਖ ਕੇ ਉਨ੍ਹਾਂ ਗਿਆਨ-ਪੀਠ ਪੁਰਸਕਾਰ ਵੀ ਹਾਸਲ ਕਰ ਲਿਆ। ਪੁੱਛਣ ਵਾਲਾ ਇਹ ਵੀ ਪੁੱਛ ਸਕਦਾ ਹੈ ਕਿ ਸਕੂਲ, ਕਾਲਜ, ਯੂਨੀਵਰਸਿਟੀ ਵਿਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਗਿਆਨ-ਪੀਠ ਪੁਰਸਕਾਰ ਹਾਸਲ ਕਰਨ ਵਾਲੇ ਸਾਹਿਤ ਦੀ ਰਚਨਾ ਕਿਉਂ ਨਹੀਂ ਕਰਦੇ?

ਬਹੁਤ ਦੁੱਖ ਹੁੰਦਾ ਹੈ ਪਵਿੱਤਰ ਪੰਜਾਬ ਦੀ ਧਰਤੀ ਤੇ ਸਿੱਖ ਵੀ ਦਾਰੂ ਪੀਂਦਾ ਹੈ ਤੇ ਸ਼ਾਦੀਆਂ ਵਿਚ 'ਹੋਰ ਨਾ ਪਲਾਓ ਮੁੰਡਾ ਹੋ ਗਿਆ ਸ਼ਰਾਬੀ' ਵਰਗੇ ਗਾਣੇ 'ਤੇ ਨੱਚਦਾ ਹੈ। ਘਰ ਦੀ ਸ਼ਰਾਬ ਹੋਵੇ ਜਾਂ ਦੁਕਾਨ ਦੀ ਸ਼ਰਾਬ ਹੋਵੇ ਸ਼ਰਾਬ ਤਾਂ ਸ਼ਰਾਬ ਹੈ, ਉਸ ਸ਼ਰਾਬ ਦਾ ਸਹਾਰਾ ਲੈ ਕੇ ਨਸ਼ੇ ਵਿਚ ਲਿਖਣ ਵਾਲੇ ਸਾਹਿਤਕਾਰ ਤੋਂ ਕੀ ਭਲਾ ਗਿਆਨ-ਪੀਠ ਪੁਰਸਕਾਰ ਦੀ ਉਮੀਦ ਰੱਖ ਸਕਦੇ ਹਾਂ? ਪੰਜਾਬੀ ਸਾਹਿਤ ਵਿਚ ਕ੍ਰਾਂਤੀ ਦੀ ਲੋੜ ਹੈ ਪੰਜਾਬੀ ਸਾਹਿਤ ਨੂੰ ਪੁਨਰਜੀਵਤ ਕਰਨ ਦੀ ਲੋੜ ਹੈ, ਉਸ ਤਰ੍ਹਾਂ ਦੀ ਕ੍ਰਾਂਤੀ ਤੇ ਪੁਨਰ ਸੁਰਜੀਤੀ ਤਾਂ ਹੀ ਹੋ ਸਕਦੀ ਹੈ, ਜਦ ਬਾਲ ਸਾਹਿਤ ਨੂੰ ਵਧਾਉਣ ਲਈ ਕੰਮ ਕੀਤਾ ਜਾਵੇ। ਅਸੀਂ ਤਾਂ ਨਸ਼ਾ ਪੀੜਤ ਸਮਾਜ 'ਚੋਂ ਗੁਜ਼ਰ ਰਹੇ ਹਾਂ, ਪਰ ਆਉਣ ਵਾਲੀ ਸਾਡੀ ਪੀੜ੍ਹੀ ਨੇ ਜੇਕਰ ਨਿਰਮਲ ਹੋਣਾ ਹੈ ਤਾਂ ਬਾਲ ਸਾਹਿਤ ਨੂੰ ਉਤਸ਼ਾਹ ਦਿਓ ਵਰਨਾ ਨਾ ਸਿਰਫ ਆਉਣ ਵਾਲੀ ਪੀੜ੍ਹੀ ਨਸ਼ੇ ਵਿਚ ਨੱਚੇਗੀ, ਬਲਕਿ ਦਸ ਸਦੀਆਂ ਤੱਕ ਨਸ਼ੇ ਵਿਚ ਲਿਖੇ ਹੋਏ ਸਾਹਿਤ 'ਤੇ ਵੀ ਲੋਕਾਂ ਨੂੰ ਨੱਚਣਾ ਪਵੇਗਾ।

ਪ੍ਰੋ. ਪੰਡਤਰਾਓ ਧਰੇਨੰਵਰ
ਸਰਕਾਰੀ ਕਾਲਜ, ਸੈਕਟਰ-46, ਚੰਡੀਗੜ੍ਹ
ਮੋ: 9988351695
ਈਮੇਲ: raju_herro@yahoo.com
(ਨੋਟ : ਪ੍ਰੋ. ਪੰਡਤਰਾਓ ਕਰਨਾਟਕ ਤੋਂ ਹੈ ਪਰ ਪੰਜਾਬੀ ਸਿੱਖ ਕੇ ਹੁਣ ਤੱਕ 8 ਕਿਤਾਬਾਂ ਪੰਜਾਬੀ ਵਿਚ ਲਿਖ ਚੁੱਕੇ ਹਨ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top