Share on Facebook

Main News Page

ਦਿੱਲੀ ਗੁਰਦੁਆਰਾ ਚੋਣਾਂ: ਘੱਟ ਮਤਦਾਤਾ ਬਣਨ ਦਾ ਮਲਾਲ?

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੇੜ-ਭਵਿਖ ਵਿੱਚ ਹੋਣ ਵਾਲੀਆਂ ਆਮ ਚੋਣਾਂ ਲਈ ਪਿਛਲੇ ਤਕਰੀਬਨ 9 ਮਹੀਨਿਆਂ ਤੋਂ ਮਤਦਾਤਾ ਬਣਾਏ ਜਾਣ ਦਾ ਕੰਮ ਚਲਦਾ ਆ ਰਿਹਾ ਹੈ। ਦਸਿਆ ਜਾਂਦਾ ਹੈ ਕਿ ਇਤਨੇ ਲੰਮੇਂ ਸਮੇਂ ਵਿੱਚ ਬਣਾਏ ਗਏ ਮਤਦਾਤਾਵਾਂ ਦੀ ਗਿਣਤੀ ਦੋ ਲੱਖ ਦੇ ਅੰਕੜਿਆਂ ਨੂੰ ਵੀ ਛਹੁ ਨਹੀਂ ਸਕੀ, ਜਦਕਿ ਸੰਨ-2007 ਵਿੱਚ ਹੋਈਆਂ ਗੁਰਦੁਆਰਾ ਚੋਣਾਂ ਦੇ ਸਮੇਂ ਇਨ੍ਹਾਂ ਦੀ ਗਿਣਤੀ ਚਾਰ ਲੱਖ ਦੇ ਲਗਭਗ ਸੀ। 9 ਮਹੀਨਿਆਂ ਵਿੱਚ ਇਤਨੇ ਘਟ ਮਤਦਾਤਾ ਬਣਨ ਦੇ ਮੁੱਦੇ ਨੂੰ ਲੈ ਕੇ ਕਈ ਅਕਾਲੀ ਮੁੱਖੀਆਂ ਵਲੋਂ ਇਸਦੇ ਲਈ ਦਿੱਲੀ ਸਰਕਾਰ ਅਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦਿੱਲੀ ਵਿੱਚ ਸਿੱਖਾਂ ਦੀ 15 ਲੱਖ ਅਬਾਦੀ ਨੂੰ ਵੇਖਦਿਆਂ ਹੋਇਆਂ ਗੁਰਦੁਆਰਾ ਚੋਣਾਂ ਲਈ ਮਤਦਾਤਾਵਾਂ ਦੀ ਗਿਣਤੀ ਘਟੋ-ਘਟ ਪੰਚ ਲੱਖ ਤਾਂ ਜ਼ਰੂਰ ਹੋਣੀ ਹੀ ਚਾਹੀਦੀ ਹੈ। ਪਰ ਅਜਿਹਾ ਨਹੀਂ ਹੋ ਪਾ ਰਿਹਾ। ਆਖਿਰ ਕਿਉਂ?

ਇਸ ਸੁਆਲ ਦਾ ਜੁਆਬ ਤਲਾਸ਼ਣ ਲਈ ਇਹ ਗਲ ਸੋਚਣੀ ਅਤੇ ਵਿਚਾਰਨੀ ਹੋਵੇਗੀ ਕਿ ਕੀ ਇਤਨੇ ਘਟ ਮਤਦਾਤਾ ਬਣਨ ਦੇ ਲਈ ਕੇਵਲ ਦਿੱਲੀ ਸਰਕਾਰ ਅਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਹੀ ਜ਼ਿੰਮੇਦਾਰ ਹਨ? ਜੇ ਸਾਰੀ ਸਥਿਤੀ ਦਾ ਗੰਭੀਰਤਾ ਅਤੇ ਨਿਰਪੱਖਤਾ ਨਾਲ ਅਧਿਅਨ ਕੀਤਾ ਜਾਏ ਤਾਂ ਇਸ ਸਥਿਤੀ ਲਈ ਦਿੱਲੀ ਸਰਕਾਰ ਅਤੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨਾਲੋਂ ਕਿੱਤੇ ਵੱਧ ਉਹ ਹੀ ਸਿੱਖ ਮੁਖੀ ਜ਼ਿਮੇਂਦਾਰ ਵਿਖਾਈ ਦਿੰਦੇ ਹਨ ਜੋ ਬੀਤੇ ਲੰਮੇਂ ਸਮੇਂ ਤੋਂ ਲਗਾਤਾਰ ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦੇ ਵਧਦਿਆਂ ਜਾਣ ਦਾ ਰਾਗ ਅਲਾਪਦੇ ਚਲੇ ਆ ਰਹੇ ਹਨ। ਦਿੱਲੀ ਗੁਰਦੁਆਰਾ ਚੋਣਾਂ ਦੇ ਡਾਇਰੈਕਟੋਰੇਟ ਵਲੋਂ ਤਾਂ ਮਤਦਾਤਾ ਬਣਾਉਣ ਲਈ ਮਤਦਾਤਾ ਬਣਨ ਦੇ ਫਾਰਮ ਘਰ-ਘਰ ਜਾ ਕੇ ਵੰਡੇ ਗਏ ਹਨ ਅਤੇ ਇਸਦੇ ਨਾਲ ਹੀ ਦਿੱਲੀ ਦੀਆਂ ਸਾਰੀਆਂ ਸਿੰਘ ਸਭਾਵਾਂ ਨੂੰ ਚਿੱਠੀਆਂ ਲਿਖ ਕੇ ਵੀ ਉਨ੍ਹਾਂ ਪਾਸੋਂ ਆਪੋ-ਆਪਣੇ ਇਲਾਕੇ ਦੇ ਸਿੱਖਾਂ ਨੂੰ ਮਤਦਾਤਾ ਬਣਨ ਲਈ ਪ੍ਰੇਰਿਤ ਕਰਨ ਅਤੇ ਮਤਦਾਤਾ ਬਣਾਏ ਜਾਣ `ਚ ਸਹਿਯੋਗ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰੰਤੂ ਆਮ ਸਿੱਖਾਂ ਵਲੋਂ ਉਨ੍ਹਾਂ ਫਾਰਮਾਂ ਨੂੰ ਭਰ ਟਿਕਾਣੇ ਪਹੁੰਚਾਣ ਵਿੱਚ ਵੀ ਕੋਈ ਦਿਲਚਸਪੀ ਨਹੀਂ ਵਿਖਾਈ ਜਾ ਰਹੀ, ਜੋ ਉਨ੍ਹਾਂ ਦੇ ਘਰਾਂ ਤਕ ਪਹੁੰਚਾਏ ਜਾ ਰਹੇ ਹਨ। ਚੋਣ ਲੜਨ ਦੇ ਇੱਛੁਕ ਹੀ ਘਰ-ਘਰ ਜਾ ਉਨ੍ਹਾਂ ਫਾਰਮ ਭਰਵਾ ਅਤੇ ਇਕੱਠੇ ਕਰ ਟਿਕਾਣੇ ਪਹੁੰਚਾਣ ਦੀ ਜ਼ਹਿਮਤ ਉਠਾ ਰਹੇ ਹਨ। ਆਖਿਰ ਅਜਿਹੀ ਸਥਿਤੀ ਕਿਉਂ ਤੇ ਕਿਵੇਂ ਬਣੀ? ਇਸ ਸੁਆਲ ਦਾ ਜਵਾਬ ਹੈ, ਕਿਸੇ ਪਾਸ?

ਜਦੋਂ ਕੁੱਝ ਸਿੱਖਾਂ ਨਾਲ ਇਸ ਮੁੱਦੇ ਤੇ ਗਲ ਹੋਈ ਤਾਂ ਉਨ੍ਹਾਂ ਮੋੜਵਾਂ ਸੁਆਲ ਕਰਦਿਆਂ ਪੁਛਿਆ ਕਿ ਕੀ ਤੁਸੀਂ ਸਾਨੂੰ ਗੋਲਕ ਲੁਟਣ ਵਾਲਿਆਂ ਦੀ ਚੋਣ ਕਰਨ ਦਾ ਗੁਨਾਹਗਾਰ ਬਨਾਣਾ ਚਾਹੁੰਦੇ ਹੋ? ਜਦੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਸਾਰੇ ਹੀ ਤਾਂ ਅਜਿਹੇ ਨਹੀਂ ਹੁੰਦੇ। ਤੁਸੀਂ ਚਾਹੋ ਤਾਂ ਚੰਗੇ ਲੋਕਾਂ ਦੀ ਚੋਣ ਕਰ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਸੌਂਪ ਸਕਦੇ ਹੋ। ਇਹ ਸੁਣਦਿਆਂ ਹੀ ਉਹ ਕਹਿਣ ਲਗੇ ਕਿ ਅਸੀਂ ਤਾਂ ਵਰ੍ਹਿਆਂ ਤੋਂ ਇਹੀ ਸੁਣਦੇ ਚਲੇ ਆ ਰਹੇ ਹਾਂ ਕਿ ਇਸ ਕੋਇਲਿਆਂ ਦੀ ਖਾਣ ਵਿੱਚ ਸਾਰਿਆਂ ਦੇ ਹੀ ਮੂੰਹ ਕਾਲੇ ਹਨ। ਇਸ ਹਾਲਤ ਵਿੱਚ ਸਾਨੂੰ ਕੀ ਮੁਸੀਬਤ ਪਈ ਹੈ ਕਿ ਅਸੀਂ ਇਨ੍ਹਾਂ ਚੋਰਾਂ ਵਿਚੋਂ ਹੀ ‘ਵੱਡੇ ਜਾਂ ਛੋਟੇ’ ਚੋਰ ਦੀ ਚੋਣ ਕਰਨ ਦੇ ਗੁਨਾਹਗਾਰ ਬਣੀਏ। ਸਾਨੂੰ ਤਾਂ ਬਸ ਮਾਫ ਹੀ ਕਰੀ ਰਖੋ।

ਕੀ ਆਮ ਸਿੱਖਾਂ ਦੇ ਇਹ ਜਵਾਬ, ਉਨ੍ਹਾਂ ਸਿੱਖ ਮੁੱਖੀਆਂ ਦੀਆਂ ਅੱਖਾਂ ਖੋਲ੍ਹਣ ਤੇ ਉਨ੍ਹਾਂ ਨੂੰ ਆਪਣੇ ਅੰਦਰ ਝਾਂਕਣ ਲਈ ਮਜਬੂਰ ਕਰਨ ਵਾਸਤੇ ਕਾਫੀ ਨਹੀਂ ਹਨ? ਜੋ ਘਟ ਮਤਦਾਤਾ ਬਣਨ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਸ਼ੋਰ ਮਚਾਂਦੇ ਅਤੇ ਦਿੱਲੀ ਸਰਕਾਰ ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਹੀ ਦੋਸ਼ੀ ਠਹਿਰਾਂਦੇ ਚਲੇ ਆ ਰਹੇ ਹਨ। ਗੁਰਦੁਆਰਾ ਮਾਮਲਿਆਂ ਦੇ ਇੰਨਚਾਰਜ ਦਿੱਲੀ ਸਰਕਾਰ ਦੇ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਆਖਦੇ ਹਨ ਕਿ ਉਨ੍ਹਾਂ ਦੇ ਆਦੇਸ਼ ਤੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਕਰਮਚਾਰੀ ਵਿਧਾਨ ਸਭਾ ਦੀਆਂ ਮਤਦਾਤਾ ਸੂਚੀਆਂ ਵਿਚੋਂ ਸਿੱਖਾਂ ਦੇ ਨਾਂ ਛਾਂਟ, ਉਨ੍ਹਾਂ ਤਕ ਪਹੁੰਚ ਕਰ ਰਹੇ ਹਨ। ਸੁਆਲ ਉਠਦਾ ਹੈ ਕਿ ਆਮ ਸਿੱਖਾਂ ਦੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਸੰਬੰਧ ਵਿੱਚ ਜੋ ਉਪ੍ਰੋਕਤ ਸੋਚ ਬਣ ਚੁਕੀ ਹੈ ਕੀ ਉਸ ਨੂੰ ਇਸ ਪ੍ਰਕ੍ਰਿਆ ਨਾਲ ਬਦਲਿਆ ਜਾ ਸਕੇਗਾ?

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖਾਂ ਦੀ ਰੁਚੀ ਕਿਵੇਂ ਘਟਦੀ ਚਲੀ ਆ ਰਹੀ ਹੈ, ਇਸਦਾ ਅਨੁਮਾਨ ਬੀਤੇ ਸਮੇਂ ਦੀਆਂ ਚੋਣਾਂ ਵਿੱਚ ਲਗਾਤਾਰ ਘਟ ਹੁੰਦੇ ਚਲੇ ਆ ਰਹੇ ਮਤਦਾਨ ਦੇ ਅੰਕੜਿਆਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਜੇ ਇਹ ਕਿਹਾ ਜਾਏ ਕਿ ਇਨ੍ਹਾਂ ਅੰਕੜਿਆਂ ਵਿੱਚ ਫਰਜ਼ੀ ਹੁੰਦੇ ਚਲੇ ਆ ਰਹੇ ਮਤਦਾਨ ਦੇ ਅੰਕੜੇ ਵੀ ਸ਼ਾਮਲ ਹਨ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਕਿਸਦਾ ਪਲੜਾ ਭਾਰੀ? : ਇਸ ਸਮੇਂ ਜੇ ਪ੍ਰਤੱਖ ਰੂਪ ਵਿੱਚ ਵੇਖਿਆ ਜਾਏ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾ-ਆਸੀਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਪਲੜਾ ਭਾਰੀ ਵਿਖਾਈ ਦਿੰਦਾ ਹੈ। ਇਸਦਾ ਮੁੱਖ ਕਾਰਣ ਇਹ ਹੈ ਕਿ ਉਸਦੇ ਵਿਰੋਧੀ ਬਿਖਰੇ ਹੋਏ ਹਨ ਅਤੇ ਉਨ੍ਹਾਂ ਕੋਲ ਕੋਈ ਅਜਿਹਾ ਠੋਸ ਮੁੱਦ¨ਾ ਵੀ ਨਹੀਂ, ਜਿਸਦੇ ਸਹਾਰੇ ਉਹ ਸਿੱਖਾਂ ਵਿੱਚ ਜਾ ਉਨ੍ਹਾਂ ਨੂੰ ਆਪਣੇ ਨਾਲ ਆਉਣ ਲਈ ਪ੍ਰੇਰਿਤ ਕਰ ਸਕਣ। ਬੀਤੇ ਅੱਠ-ਨੌਂ ਵਰ੍ਹਿਆਂ ਤੋਂ ਤਾਂ ਉਹ ਲਗਾਤਾਰ ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦੇ ਵੱਧਦਿਆਂ ਜਾਣ ਦਾ ਹੀ ਰਾਗ ਅਲਾਪਦੇ ਚਲੇ ਆ ਰਹੇ ਹਨ। ਜਿਸ ਨੂੰ ਸੁਣਦਿਆਂ-ਸੁਣਦਿਆਂ ਸਿੱਖਾਂ ਦੇ ਕੰਨ ਤਕ ਪੱਕ ਗਏ ਹੋਏ ਹਨ। ਇਹੀ ਕਾਰਣ ਹੈ ਕਿ ਬਹੁਤੇ ਸਿੱਖ ਗੁਰਦੁਆਰਾ ਪ੍ਰਬੰਧ ਵਿੱਚ ਮਤਦਾਨ ਕਰਨ ਤੋਂ ਲੈ ਕੇ ਕਿਸੇ ਵੀ ਹੋਰ ਤਰ੍ਹਾਂ ਹਿਸੇਦਾਰ ਬਣਨ ਦੇ ਲਈ ਤਿਆਰ ਨਹੀਂ ਹੋ ਪਾ ਰਹੇ।

ਇਸ ਸਥਿਤੀ ਨੂੰ ਵੇਖਦਿਆਂ ਇਸ ਗਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰਤੱਖ ਰੂਪ ਵਿੱਚ ਆਉਣ ਵਾਲੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਸੱਤਾਧਾਰੀਆਂ ਦੇ ਸਾਹਮਣੇ ਕੋਈ ਵਿਸ਼ੇਸ਼ ਚੁਣੌਤੀ ਨਹੀਂ ਹੈ। ਪ੍ਰੰਤੂ ਜੇ ਅਪ੍ਰਤੱਖ ਸਥਿਤੀ ਨੂੰ ਵੀ ਘੋਖਿਆ ਜਾਏ ਤਾਂ ਇਹ ਗਲ ਕੋਈ ਬਹੁਤੀ ਸੱਤਾਧਾਰੀਆਂ ਲਈ ਖੁਸ਼ੀ ਦੀ ਨਹੀਂ ਜਾਪਦੀ। ਇਸਦਾ ਕਾਰਣ ਇਹ ਹੈ ਕਿ ਮਿਲ ਰਹੇ ਸੰਕੇਤ ਇਹ ਦਸਦੇ ਹਨ ਕਿ ਵਿਰੋਧੀ ਧਿਰ ਦੇ ਕਈ ਸੰਭਾਵਤ ਉਮੀਦਵਾਰਾਂ ਨੇ ਆਪੋ-ਆਪਣੇ ਚੋਣ ਖੇਤ੍ਰ ਵਿੱਚ ਚੁਪਚੁਪੀਤੇ ਹੀ ਸਿੱਖ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਮੁੰਹਿਮ ਚਲਾ ਰਖੀ ਹੈ। ਉਹ ਘਰ-ਘਰ ਜਾ ਉਨ੍ਹਾਂ ਨੂੰ ਆਪਣੇ ਭਵਿਖ ਦੇ ਪ੍ਰੋਗਰਾਮ ਤੋਂ ਜਾਣੂ ਕਰਵਾ ਆਪਣੇ ਹੱਕ ਵਿੱਚ ਮਤਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਜਦਕਿ ਦੂਸਰੇ ਪਾਸੇ ਸੱਤਾਧਾਰੀ ਧਿਰ ਦੇ ਸੰਭਾਵਤ ਉਮੀਦਵਾਰਾਂ ਵਲੋਂ ਅਜਿਹੀ ਕੋਈ ਮੁੰਹਿਮ ਸ਼ੁਰੂ ਕੀਤੀ ਗਈ ਹੋਵੇ ਕਿਸੇ ਨੂੰ ਕੋਈ ਪਤਾ ਨਹੀਂ। ਜਿਸ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਜੇ ਸਭ-ਕੁਝ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਗੁਰਦੁਆਰਾ ਚੋਣਾਂ ਵਿੱਚ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਨੂੰ ਭਾਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕ੍ਰਿਆ ਦੇ ਪੂਰਿਆਂ ਹੋ ਜਾਣ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵਿੱਚ ਦਿੱਲੀ ਤੋਂ ਹੋਣ ਵਾਲੀਆਂ ਤਿੰਨ ਮੈਂਬਰਾਂ ਦੀਆਂ ਨਾਮਜ਼ਦਗੀਆਂ ਲਈ ਲਾਭੀ ਸ਼ੁਰੂ ਹੋ ਗਈ ਦਸੀ ਜਾਂਦੀ ਹੈ। ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਨੇੜਲੇ ਸੂਤਰਾਂ ਅਨੁਸਾਰ ਦਿੱਲੀ ਤੋਂ ਜਿਨ੍ਹਾਂ ਤਿੰਨ ਮੈਂਬਰਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਸ. ਭੂਪਿੰਦਰ ਸਿੰਘ ਅਨੰਦ ਅਤੇ ਜ. ਕੁਲਦੀਪ ਸਿੰਘ ਭੋਗਲ, ਜੋ ਪਹਿਲਾਂ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਲੇ ਆ ਰਹੇ ਹਨ, ਦੇ ਨਾਵਾਂ ਨਾਲ ਸ. ਮਹਿੰਦਰ ਸਿੰਘ ਮਥਾਰੂ ਅਤੇ ਜ. ਅਵਤਾਰ ਸਿੰਘ ਹਿਤ ਦੇ ਨਾਂ ਵੀ ਲਏ ਜਾ ਰਹੇ ਹਨ। ਮੰਨਿਆ ਜਾਂਦਾ ਹੈ ਕਿ ਕੁੱਝ ਸਮਾਂ ਪਹਿਲਾਂ ਤੱਕ ਭਾਵੇਂ ਕੁਲਦੀਪ ਸਿੰਘ ਭੋਗਲ ਨੂੰ ਫਿਰ ਤੋਂ ਸ਼੍ਰੋਮਣੀ ਕਮੇਟੀ ਵਿੱਚ ਨਾਮਜ਼ਦ ਕੀਤਾ ਜਾਣਾ ਪੱਕਾ ਸਮਝਿਆ ਜਾ ਰਿਹਾ ਸੀ, ਪਰ ਬੀਤੇ ਦਿਨੀਂ ਉਨ੍ਹਾਂ ਦੇ ਬੇਟੇ ਪਰਮਿੰਦਰ ਦਾ ਨਾਮ ਚੋਰੀ ਦੀ ਕਾਰ ਨਾਲ ਜੁੜ ਜਾਣ ਕਾਰਣ, ਉਨ੍ਹਾਂ ਦੀ ਛੱਬੀ ਪੁਰ ਸੁਆਲੀਆ ਨਿਸ਼ਾਨ ਲਾਇਆ ਜਾਣ ਲਗ ਪਿਆ ਹੈ। ਜਿਸਦੇ ਚਲਦਿਆਂ ਦਿੱਲੀ ਦੀ ਸਿੱਖ ਰਾਜਨੀਤੀ ਦੇ ਮਾਹਿਰਾਂ ਵਲੋਂ ਇਹ ਕਿਹਾ ਜਾਣ ਲਗਾ ਹੈ ਕਿ ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਜ. ਕੁਲਦੀਪ ਸਿੰਘ ਭੋਗਲ ਦੇ ਸ਼੍ਰੋਮਣੀ ਕਮੇਟੀ ਲਈ ਮੁੜ ਨਾਮਜ਼ਦ ਹੋਣ ਦੀ ਪ੍ਰਕ੍ਰਿਆ ਪੁਰ ਗ੍ਰਹਿਣ ਲਗ ਸਕਦਾ ਹੈ। ਇਨ੍ਹਾਂ ਹੀ ਮਾਹਿਰਾਂ ਵਲੋਂ ਇਸਦਾ ਕਾਰਣ ਇਹ ਦਸਿਆ ਜਾ ਰਿਹਾ ਹੈ ਕਿ ਜੇ ਇਨ੍ਹਾਂ ਹਾਲਾਤ ਵਿੱਚ ਜ. ਕੁਲਦੀਪ ਸਿੰਘ ਭੋਗਲ ਨੂੰ ਸ਼੍ਰੋਮਣੀ ਕਮੇਟੀ ਵਿੱਚ ਨਾਮਜ਼ਦ ਕਰਵਾਇਆ ਜਾਂ ਕੀਤਾ ਜਾਂਦਾ ਹੈ ਤਾਂ ਨੇੜ–ਭਵਿੱਖ ਵਿੱਚ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਦਲ ਦੇ ਪ੍ਰਦਰਸ਼ਨ ਪੁਰ ਮਾੜਾ ਅਸਰ ਪੈ ਸਕਦਾ ਹੈ।

… ਅਤੇ ਅੰਤ ਵਿੱਚ: ਪਿਛਲੇ ਕੁੱਝ ਸਮੇਂ ਤੋਂ ਦਿੱਲੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ ਦੇ ਵਿਰੋਧੀ-ਗੁਟਾਂ ਨਾਲੋਂ ਟੁੱਟ ਉਨ੍ਹਾਂ ਵਲ ਆਉਣ ਵਾਲਿਆਂ ਦਾ ਹੜ-ਜਿਹਾ ਆ ਗਿਆ ਹੋਇਆ ਹੈ ਤੇ ਸੱਤਾ-ਧਾਰੀ ਧਿਰ ਵੀ ਉਨ੍ਹਾਂ ਦਾ ਸੁਆਗਤ ਕਰ ਉਨ੍ਹਾਂ ਨੂੰ ਸਨਮਾਨਤ ਅਹੁਦੇ ਵੰਡਣ ਵਿੱਚ ਜੁਟੀ ਵਿਖਾਈ ਦੇ ਰਹੀ ਹੈ। ਇਸ ਸਥਿਤੀ ਪੁਰ ਟਿੱਪਣੀ ਕਰਦਿਆਂ ਅਕਾਲੀ ਰਾਜਨੀਤੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹੜ ਵਿੱਚ ਵਹਿ ਚਲੇ ਆ ਰਹੇ ਦਲ-ਬਦਲੂਆਂ ਪੁਰ ਅੰਧ-ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਸ ਗਲ ਦਾ ਧਿਆਨ ਰਖਿਆ ਜਾਣਾ ਚਾਹੀਦਾ ਹੈ ਕਿ ਕਿਧਰੇ ਦਲ-ਬਦਲੂਆਂ ਦਾ ਸੁਆਗਤ-ਸਨਮਾਨ ਕਰਦਿਆਂ ਪਹਿਲਾਂ ਤੋਂ ਵਫਾਦਾਰ ਚਲੇ ਆ ਰਹੇ ਪਾਰਟੀ ਦੇ ਮੁੱਖੀ ਨਜਰ-ਅੰਦਾਜ਼ ਤਾਂ ਨਹੀਂ ਹੋ ਰਹੇ।

ਜਸਵੰਤ ਸਿੰਘ ‘ਅਜੀਤ’
Mobile: + 91 98 68 91 77 31


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top