Share on Facebook

Main News Page

ਜਾਪੁ ਜਾਂ ਦਸਮ ਗ੍ਰੰਥ ਤੋਂ ਸਾਨੂੰ ਕਿਹੜੀਆਂ ਸਿਖਿਆਵਾਂ ਲੈਣ ਦੀ ਲੋੜ ਹੈ?

ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ

ਪ੍ਰੋ. ਕਿਸ਼ਨ ਸਿੰਘ ਜੀ ਦਿੱਲੀ ਵਾਲੇ ਲਿਖਦੇ ਹਨ ਕਿ ਜਦੋਂ ਜਿੱਤ ਹੀ ਅਸਚਰਜ ਗੁਰੂ ਦੀ ਹੈ ਤੇ ਖਾਲਸਾ ਵੀ ਅਸਚਰਜ ਗੁਰੂ ਦਾ ਹੈ ਤਾਂ ਫਿਰ ਖਾਲਸਾ ਪਿੱਛੇ ਭਉਂ ਕੇ ਨਹੀਂ ਵੇਖੇਗਾ। ਜਿੱਤ ਯਕੀਨੀ ਸੀ ਤੇ ਉਹ ਖਾਲਸਾ ਜੀ ਨੇ ਕਰ ਵਿਖਾਈ। ਜਦੋਂ ਹੁਣ ਖਾਲਸੇ ਦਾ ਆਚਰਣ ਹੀ ਡਿੱਗ ਗਿਆ ਹੈ ਤਾਂ ਖਾਲਸਾ ਕਿਹੜੀ ਜਿੱਤ ਦੀ ਗੱਲ ਕਰਦਾ ਹੈ?
ਜਿਹੜੇ ਲੋਕ ਦਸਮ ਗ੍ਰੰਥ ਪੱਖੀ ਹਨ ਉਨ੍ਹਾਂ ਨੂੰ ਕੁੱਝ ਸਵਾਲ ਹਨ

  1. ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਾ ਗੁਰੂ ਮੰਨਦੇ ਹਨ?

  2. ਛੇਵੇਂ ਪਾਤਸ਼ਾਹ ਜੀ ਨੇ ਚਾਰ ਯੁੱਧ ਲੜੇ। ਉਨ੍ਹਾਂ ਨੇ ਆਪਣੀ ਫੌਜ ਵਿਚ ਕਿਹੜੇ ਦਸਮ ਗ੍ਰੰਥ ਦਾ ਪਾਠ ਪੜ੍ਹਾ ਕੇ ਸੂਰਬੀਰਤਾ ਭਰੀ?

  3. ਜਿਉਂਦੇ ਜੀਅ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਅਤੇ ‘ਗੁਰੂ ਮਾਨਿਓ ਗ੍ਰੰਥ’ ਵਾਲੇ ਫੁਰਮਾਨ ਤੋਂ ਕੋਈ ਵੀ ਮੁਨਕਰ ਨਹੀਂ। ਫਿਰ ਸਾਨੂੰ ਉਸ ਗ੍ਰੰਥ ਦੀ ਕੀ ਲੋੜ ਹੈ ਜਿਸਦੀ ਬੋਲੀ, ਸ਼ੈਲੀ, ਲਿਖਣ ਦਾ ਤਰੀਕਾ ਅਤੇ ਸਿਧਾਂਤ ਪਹਿਲੇ ਗੁਰੂ ਸਾਹਿਬਾਨ ਅਤੇ ਬਾਕੀ ਦੇ ਭਗਤ ਜਨਾਂ ਨਾਲੋਂ ਬਿਲਕੁਲ ਵੱਖਰੇ ਹਨ? ਮ:॥ ਇਕ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਇਅਨਿ ਜੇ ਦੇਵੈ ਦੇਵਣਹਾਰੁ॥{ ਪੰਨਾ 646} । ਇਕ ਗ੍ਰੰਥ ਦੇ ਹੁੰਦਿਆਂ ਤਾਂ ਸਿੱਖਾਂ ਦੀਆਂ 150 ਫਾੜੀਆਂ ਹਨ ਜੇ ਕਰ ਦੋ ਗ੍ਰੰਥਾਂ ਨੂੰ ਮੰਨਣ ਦਾ ਵਿਚਾਰ ਬਣ ਗਿਆ ਤਾਂ 300 ਫਾੜੀਆਂ ਹੋਣੀਆਂ ਲਾਜ਼ਮੀ ਹਨ।

  4. ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੈ, ਠੀਕ ਉਸੇ ਹੀ ਤਰ੍ਹਾਂ ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਲਿਖੀ ਹੋਈ ਹੁੰਦੀ ਤਾਂ ਉਨ੍ਹਾਂ ਨੇ ਜ਼ਰੂਰ ਦਰਜ ਕਰ ਜਾਣੀ ਸੀ?

  5. ਜਿਹੜੇ ਲੋਕ ਅੱਜ ਰੌਲਾ ਪਾਉਂਦੇ ਹਨ ਕਿ ਅੰਮ੍ਰਿਤ ਦੀਆਂ ਬਾਣੀਆਂ ਦਾ ਕੀ ਬਣੇਗਾ, ਜੇ ਕਰ ਅਸੀਂ ਦਸਮ ਗ੍ਰੰਥ ਨੂੰ ਨਕਾਰ ਦਿੱਤਾ ਤਾਂ? ਵੀਰੋ-ਭਰਾਵੋ ਕੋਈ ਸਬੂਤ ਪੇਸ਼ ਕਰੋ ਜਿਹੜਾ 100-150 ਸਾਲ ਪੁਰਾਣਾ ਹੋਵੇ ਤੇ ਇਹ ਸਾਬਤ ਕਰਦਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਅੱਜ ਵਾਲੀਆਂ ਬਾਣੀਆਂ ਪੜ੍ਹੀਆਂ ਸਨ?

  6. ਦੁਨੀਆਂ ਵਿਚ ਇਕੱਲੀ ਸਿੱਖ ਕੌਮ ਹੀ ਬਹਾਦਰ ਨਹੀਂ। ਮਰਹੱਟੇ ਤੇ ਪਾਕਿਸਤਾਨ ਦੇ ਪੰਜਾਬੀ ਮੁਸਲਮਾਨ ਵੀ ਉਤਨੇ ਹੀ ਬਹਾਦਰ ਹਨ ਜਿਤਨੇ ਕੋਈ ਹੋਰ। ਵੀਅਤਨਾਮ ਵਿਚੋਂ ਬਹੁਤ ਹੀ ਵੱਡੇ ਦੈਂਤ, ਅਮਰੀਕਾ, ਨੂੰ ਮੂੰਹ ਦੀ ਖਾ ਕੇ ਉੱਸ ਮੁਲਕ ਵਿਚੋਂ ਭੱਜਣਾ ਪਿਆ। ਵੀਅਤਨਾਮੀਆਂ ਨੇ ਤਾਂ ਕੋਈ ਦਸਮ ਗ੍ਰੰਥ ਨੂੰ ਸਿਰਹਾਣੇ ਹੇਠ ਨਹੀਂ ਰੱਖਿਆ ਹੋਇਆ ਸੀ?

  7. ਜੇ ਸੂਰਬੀਰਤਾ ਦੀ ਹੀ ਗੱਲ ਕਰਨੀ ਹੈ ਤਾਂ ਇਹ ਵੀ ਦੱਸੋ ਕਿ ਯਹੂਦੀਆਂ ਨੇ ਅਰਬ ਮੁਲਕਾਂ ਦੇ ਵਿਰੁਧ ਲੜਾਈ ਲੜ ਕੇ, ਇਨ੍ਹਾਂ ਮੁਲਕਾਂ ਦੇ ਵਿਚਲੇ ਆਪਣੇ ਮੁਲਕ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕਿਹੜੇ ਦਸਮ ਗ੍ਰੰਥ ਦਾ ਪਾਠ ਪੜਿਆ?

  8. ਪਹਿਲੀ ਤੇ ਦੂਜੀ ਲੜਾਈ ਲੜਨ ਲਈ ਜਰਮਨਾਂ ਨੇ ਕਿਹੜੇ ਦਸਮ ਗ੍ਰੰਥ ਦਾ ਪਾਠ ਪੜਿਆ ਸੀ? ਹਿਟਲਰ ਨੇ ਇਨ੍ਹਾਂ ਹੀ ਯਹੂਦੀਆਂ ਦੀ ਕੌਮ ਨੂੰ ਖਤਮ ਕਰਨ ਲਈ ਕਿਹੜੇ ਦਸਮ ਗ੍ਰੰਥ ਦੇ ਅਖੰਡ ਪਾਠ ਜਾਂ ਨਾਨਕਸਰੀਆਂ ਵਾਲੇ ਸੰਪਟ ਪਾਠ ਸੁਣਾਏ ਸਨ?

  9. ਅੱਜ ਹਿੰਦੋਸਤਾਨ ਵਿਚ ਮਾਓਵਾਦੀ ਕਿਹੜੇ ਦਸਮ ਗ੍ਰੰਥ ਦਾ ਪਾਠ ਪੜ੍ਹ ਕੇ ਐਨੀ ਵੱਡੀ ਸ਼ਕਤੀ ਦੇ ਵਿਰੁੱਧ ਜੂਝ ਰਹੇ ਹਨ? ਮਿਸਰ, ਲੀਬੀਆ ਅਤੇ ਹੋਰ ਅਰਬ ਮੁਲਕਾਂ ਵਿਚ ਜਿਹੜੇ ਰਾਜ ਪਲਟੇ ਆਏ ਹਨ ਕੀ ਉਨ੍ਹਾਂ ਕਰਾਂਤੀਕਾਰੀਆਂ ਨੇ ਦਸਮ ਗ੍ਰੰਥ ਪੜਿਆ ਹੈ?

ਅੱਜ ਵਾਲੀਆਂ ਅੰਮ੍ਰਿਤ ਦੀਆਂ ਪੰਜ ਬਾਣੀਆਂ ਸੰਤ ਕਵੀ ਭਾਈ ਵੀਰ ਸਿੰਘ ਅੰਗਰੇਜਾਂ ਦੇ ਕਹੇ ਅਨੁਸਾਰ ਸਾਡੇ ਗਲ ਮੜ੍ਹ ਗਿਆ, ਨਹੀਂ ਤਾਂ ਅਸੀਂ ਇਨ੍ਹਾਂ ਬਾਣੀਆਂ ਤੋਂ ਤਾਂ ਮੁਕਤ ਹੀ ਸਾਂ। ਬਾਕੀ ਗੁਰੂ ਸਾਹਿਬ ਤੰਬੂ ਵਿਚ ਆਪ ਇਕੱਲੇ ਬੈਠ ਕੇ ਕੀ ਪੜ੍ਹ ਕੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਦੇ ਹਨ ਇਹ ਤਾਂ ਉਹ ਹੀ ਜਾਨਣ। ਅੱਜ ਵਾਲੀ ਰਹਿਤ ਮਰਯਾਦਾ ਮੁਤਾਬਕ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਵੇਲੇ ਸਾਰੀ ‘ਅਨੰਦ’ ਬਾਣੀ ਪੜ੍ਹਨ ਲਈ ਹੁਕਮ ਹੈ ਜਦੋਂ ਕਿ ਪੁਰਾਣੀ ਰਹਿਤ ਮਰਯਾਦਾ ਵਿਚ ‘ਅਨੰਦ’ ਬਾਣੀ ਵਿਚੋਂ ਪਹਿਲੀਆਂ ਪੰਜ ਪਉੜੀਆਂ ਤੇ ਅਖੀਰਲੀ ਇਕ ਪਉੜੀ ਪੜ੍ਹੀ ਜਾਂਦੀ ਸੀ। ਨਾਨਕਸਰੀਆਂ ਦੇ ਇਕ ਸਾਧ ਦੇ ਮੂੰਹੋ ਨਿਕਲ ਹੀ ਗਿਆ ਕਿ ਇਹ ਤਬਦੀਲੀ ਪ੍ਰਧਾਨ ਟੋਹੜੇ ਨੂੰ ਵੋਟਾਂ ਵਿਚ ਪ੍ਰਧਾਨ ਬਣਾਉਣ ਲਈ ਹਮਾਇਤ ਕਰਕੇ ਅਸੀਂ ਕਰਵਾਈ ਹੈ। 1964 ਤਕ ਅਸੀਂ ਚਾਰਾਂ ਤਖਤਾਂ ਦਾ ਜਿਕਰ ਕਰਕੇ ਅਰਦਾਸ ਕਰਦੇ ਸੀ ਤੇ ਹੁਣ ਪੰਜ ਤਖਤਾਂ ਦਾ ਜਿਕਰ ਕਰਦੇ ਹਾਂ ਇਹ ਤਬਦੀਲੀ ਕਿਹੜੇ ਪੰਥ ਨੇ ਕੀਤੀ ਹੈ ਤੇ ਪੁਛਿਆ ਵੀ ਕਿਸੇ ਪੰਥ ਨੇ ਕਿਸੇ ਪੰਥ ਤੋਂ ਨਹੀਂ। ਅੱਜ ਵੋਟਾਂ ਰਾਹੀ ਜਿਹੜਆਂ 30 ਕੁ ਦੇ ਲੱਗ ਭਗ ਸੀਟਾਂ ਸੰਤ ਸਮਾਜ ਨੇ ਜਿੱਤੀਆਂ ਹਨ। ਇਨ੍ਹਾਂ ਸੀਟਾਂ ਦੀ ਬਦੌਲਤ ਉਪਰੋਂ ਡਿਗੇ ਸੰਤ ਸਮਾਜ ਨੇ ਇਸ ਰਹਿਤ ਮਰਯਾਦਾ ਵਿਚ ਕਿਤਨੀਆਂ ਹੋਰ ਮਨ ਭਾਉਂਦੀਆਂ ਤਬਦੀਲੀਆਂ ਕਰਵਾਉਣੀਆਂ ਹਨ ਉਸ ਲਈ ਤਿਆਰੀਆਂ ਹੋ ਰਹੀਆਂ ਹਨ ਤੇ ਨਤੀਜਾ ਤੁਹਾਡੇ ਸਾਹਮਣੇ ਅਗਲੇ ਸਾਲ ਮਾਰਚ-ਅਪਰੈਲ ਤਕ ਆ ਜਾਵੇਗਾ।

ਮੇਰੇ ਹੱਥ ਵਿਚ ਪਿਆਰਾ ਸਿੰਘ ਪਦਮ ਵਲੋਂ ਸੰਪਾਦਤ ਕੀਤੇ ਹੋਏ ‘ਰਹਿਤਨਾਮੇ’ ਹਨ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਪੰਨਾ 65 ਤੇ ਕੁੱਝ ਇੰਞ ਲਿਖਿਆ ਹੋਇਆ ਹੈ:

ਵਾਹਿਗੁਰੂ ਕੇ ਮੰਤੁ ਬਿਨ ਜਪੈ ਅਉਰ ਕੋਈ ਜਾਪ
ਸੋ ਸਾਕਤ, ਸਿਖ ਮੂਲ ਨਹਿ, ਬਾਚਤ ਸ੍ਰੀ ਮੁਖ ਆਪ
।7।

ਭਾਈ ਪ੍ਰਹਿਲਾਦ ਸਿੰਘ ਦਾ ਇਹ ਬਚਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੌਂ ਤੋੜਨ ਲਈ ਕਾਫੀ ਨਹੀਂ? ਸਾਧ ਵੀ ਤਾਂ ਇਹੀ ਚਾਹੁੰਦੇ ਹਨ ਕਿ ਲੋਕ ਬਾਣੀ ਨਾ ਪੜ੍ਹਨ ਤੇ ਸਾਡੇ ਮਗਰ ਲੱਗਣ।

ਰਹਿਤਨਾਮ ਭਾਈ ਦਯਾ ਸਿੰਘ ਜੀ ਪੰਨਾ 68 ਤੇ ਖੰਡੇ-ਬਾਟੇ ਦੀ ਪੁਹਲ ਤਿਆਰ ਕਰਨ ਦੀ ਵਿਧੀ ਵਿਧਾਨ ਬਾਰੇ ਇੰਞ ਲਿਖਦੇ ਹਨ: ਕੜਾਹ ਜੀ ਬੀਚ ਧਰੇ ਉਤਮ ਸਿੰਘ ਲੋਹ ਪਾਤ੍ਰ ਮੈਂ ਸ੍ਰੀ ਅੰਮ੍ਰਿਤਸਰ ਜੀ ਕਾ ਅੰਮ੍ਰਿਤ ਪਾਵੈ, ਪ੍ਰਥਮ ਸੰਪੂਰਨ ਜਪੁਜੀ ਸਾਹਿਬ ਆਦਿ ਅੰਤਿ ਪੂਰਨ, ਪੂਰਨ ਜਾਪੁ ਜੀ ਆਦਿ ਅੰਤ ਕਾ ਪਾਠ ਕਰੇ ਚੌਪਈ, ਪੰਜ ਪੰਜ ਸਵੈਯੇ ਭਿੰਨ ਭਿੰਨ 1 ਸ੍ਰਾਵਗ 2 ਦੀਨਨ ਕੀ ਪ੍ਰਤਿਪਾਲ 3 ਪਾਪ ਸਬੂੰਹ ਬਿਨਾਸਨ 4 ਸਤਿ ਸਦੈਵ ਸਦਾ ਬ੍ਰਤ ਪੰਜ, ਪਉੜੀ ਅਨੰਦ ਜੀ ਕੀ, ਕਰਦ ਅੰਮ੍ਰਿਤ ਬੀਚ ਫੇਰੇ ਅਪਨੀ ਓਰ ਕੋ। ਭਾਈ ਜੀ ਨੇ ‘ਅਨੰਦ’ ਬਾਣੀ ਦੀ ਇਕ ਹੀ ਪਉੜੀ ਪੜ੍ਹਨ ਦਾ ਉਪਦੇਸ ਦਿੱਤਾ ਹੈ। ਭਾਈ ਚੌਪਾ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦਾ ਖਿਡਾਵਾ, ਪੰਨਾ 94 ਤੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਬਾਰੇ ਕੀ ਲਿਖਦੇ ਹਨ? ਚਉਪਾ ਸਿੰਘ ਕਟੋਰੇ ਵਿਚ ਜਲ ਪਾ ਕੇ ਲੈ ਆਓ। ਸੋ ਲੈ ਆਇਆ, ਤਾਂ ਹੁਕਮ ਹੋਇਆ-ਹਥਿ ਖੰਡਾ ਪਕੜ ਕੇ ਵਿਚ ਫੇਰਹੁ ਅਤੇ ਪੰਜ ਪੰਜ ਸਵੈਯੇ ਪੰਜੇ ਪੜ੍ਹਨ ਲੱਗੇ। ਇਹ ਨਹੀਂ ਲਿਖਿਆ ਕਿ ਕਿਹੜੇ?... ਸਾਹਿਬ ਚੰਦ ਦੀਵਾਨ ਬੇਨਤੀ ਕੀਤੀ, ‘ਜੀ ਸੱਚੇ ਪਾਤਸ਼ਾਹ! ਝੇ ਵਿਚ ਪਤਾਸੇ ਪਉਨ, ਤਾਂ ਹੱਛਾ ਹੋਵੇ’। ਤਿਚਰਾਂ ਨੂੰ ਮਾਤਾ ਸ਼ਕਤੀ. ਮਾਤਾ ਸਾਹਿਬ. ਦੇਵੀ ਦਾ ਰੂਪ ਧਾਰ ਕੇ, ਪਤਾਸੇ ਵਿਚ ਡਾਰ ਗਈ। ਤਾਂ ਸਾਹਿਬ ਪੂਰਨ ਪੁਰਖ ਜੀ ਵਿਚਹੁੰ ਪੰਜ ਚੁਲੇ ਲਏ, ਅੰਮ੍ਰਿਤ ਦੇ। ਪੰਜ ਨੇਤ੍ਰੀਂ, ਫੇਰ ਪੰਜ ਚੇਲੇ ਸੀਸ ਵਿਚ ਪਾਏ। ਰਸਨਾ ਚੰਡੀ ਚਰਿਤ੍ਰ ਦਾ ਸਵੈਯਾ ਪੜ੍ਹਿਆ: “ਦੇਹ ਸ਼ਿਵਾ! ਬਰ ਮੋਹਿ ਇਹੈ...” ਜਿਤਨੇ ਵੀ ਰਹਿਤਨਾਮੇ ਹਨ ਸਾਰੇ ਖੰਡੇ-ਬਾਟੇ ਦੀ ਪਾਹੁਲ ਤਿਆਨ ਕਰਨ ਦੀ ਵਿਧੀ ਵੱਖਰੀ ਵੱਖਰੀ ਦੱਸਦੇ ਹਨ।

ਆਓ ਹੁਣ ‘ਜਾਪੁ’ ਪਹਿਲੇ ਇਕ ਬੰਦ ਨੂੰ ਛੱਡ ਕੇ ਬਾਕੀ ਦੇ 198 ਬੰਦਾਂ ਵਿਚੋਂ ਕੁੱਝ ਦੀ ਵਿਚਾਰ ਕਰੀਏ।

ਨਮੋ ਸੂਰਜ ਸੂਰਜੇ (276) ਨਮੋ ਚੰਦ੍ਰ ਚੰਦ੍ਰੇ॥ ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ॥ ਨਮੋ ਅੰਧਕਾਰੇ ਨਮੋ ਤੇਜ ਤੇਜੇ(817, 116)॥185॥ਨਮੋ ਰਾਜਸੰ ਤਾਮਸੰ ਸਾਂਤਿ ਰੂਪੇ (759,810)॥ ਨਮੋ ਪਰਮ ਤੱਤੰ ਅਤੱਤੰ ਸਰੂਪੇ॥ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ (287)॥186॥ ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ (822)॥ ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ॥ 187॥ ਦ.ਗ੍ਰੰਥ.ਪੰਨਾ 10॥

ਜਿਹੜੈ ਨੰਬਰ ਬਰੈਕਟ ਵਿਚ ਪਾਏ ਹਨ ਉਹ ਇਹ ਦੱਸਦੇ ਹਨ ਕਿ ਇਹੀ ਨਾਮ ਸ਼ਿਵਪੁਰਾਣ ਵਿਚ ਪੰਨੇ 519-542 ਤੇ ਲਿਖੇ ਸ਼ਿਵ ਮਹਾਂ ਸਤੋਤਰ ਵਿਚ ਆਏ ਸ਼ਿਵਜੀ ਦੇ ਨਾਮ ਹਨ। ਜੇ ਕਰ ਸ਼ਿਵਪੁਰਾਣ ਵਿਚ ਇਨ੍ਹਾਂ ਨਾਵਾਂ ਨੂੰ ਨਮਸਤੰਗ ਲਿਖਿਆ ਹੈ ਤਾਂ ਦਸਮ ਗ੍ਰੰਥ ਵਿਚ ਨਮੋ ਨਮੋ ਆਦਿ ਲਿਖਿਆ ਹੋਇਆ ਹੈ। ਸ਼ਿਵਪੁਰਾਣ ਵਿਚ ਸ਼ਿਵਜੀ ਦੇ 1000 ਨਾਮ ਲਿਖੇ ਹਨ ਤੇ ਦਸਮ ਗ੍ਰੰਥ ਵਿਚ 199 ਬੰਦਾ ਵਿਚ ਇਨ੍ਹਾਂ ਹੀ ਨਾਵਾਂ ਨੂੰ ਤਰੋੜ ਮਰੋੜ ਕੇ 199 ਬੰਦਾਂ ਵਿਚ ਫਿਟ ਕੀਤਾ ਗਿਆ ਹੈ। ਇਥੋਂ ਕਿਸੇ ਗਿਆਨ ਦੀ ਆਸ ਕਰਨੀ ਤਾਂ ਦੂਰ ਦੀ ਗੱਲ ਸਗੋਂ ਭੰਭਲਭੂਸਾ ਜਰੂਰ ਪੈਦਾ ਹੁੰਦਾ ਹੈ।

ਅਸਲ ਗੱਲ ਤਾਂ ਇਹ ਹੈ ਕਿ ਜੇਕਰ ਅਸੀਂ ਗਿਆਨ/ਸੂਰਜ, ਚੰਦ੍ਰਮਾ ਪ੍ਰਤੀਕ ਦੇ ਤੌਰ ਤੇ,( ਨਮੋ ਸੂਰਜ ਸੂਰਜੇ (276) ਨਮੋ ਚੰਦ੍ਰ ਚੰਦ੍ਰੇ॥) ਨੂੰ ਨਮੋ ਨਮੋ ਜਾਂ ਨਮਸਕਾਰ ਜਾਂ ਨਮਸਤੰਗ ਕਰਨੀ ਹੈ ਤਾਂ ਨਮੋ ਅੰਧਕਾਰੇ (ਨਮੋ ਅੰਧਕਾਰੇ)/ ਅਗਿਆਨਤਾ ਨੂੰ ਨਮਸਕਾਰ ਨਹੀਂ ਹੋ ਸਕਦੀ। ਅੰਧਕਾਰੇ ਦੇ ਨਾਲ ਹੀ ਫਿਰ ਤੋਂ (ਨਮੋ ਤੇਜ ਤੇਜੇ)। ਇਸ ਵਿਰੋਧਾਭਾਸ ਨੂੰ ਡਾ.ਰਤਨ ਸਿੰਘ ਜੱਗੀ ਵੀ ਆਪਣੇ ਪੀ.ਐਚ.ਡੀ. ਦੇ ਥੀਸਿਜ਼ ਵਿਚ ਸਵੀਕਾਰ ਕਰਦੇ ਹਨ। ਜੇਕਰ ਰੱਬ ਜੀ ਸ਼ਾਂਤਿ ਰੂਪੇ ਹਨ ਤਾਂ ਕਲਹ ਕਰਤੇ ਨਹੀਂ ਹੋ ਸਕਦੇ। (ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ (822)।

ਨਰ ਨਾਇਕ ਹੈਂ ਖਲ ਘਾਇਕ ਹੈਂ॥180॥ ਬਿਸੰਵਭਰ ਹੈਂ ਕਰੁਣਾਲਯ ਹੈਂ (80)॥ ਜੇਕਰ ਰੱਬ ਜੀ ਘਾਇਕ ਹਨ ਤਾਂ ਫਿਰ ਉਹ ਦਿਆਲੂ ਨਹੀਂ ਹੋ ਸਕਦੇ। ਜੇਕਰ ਇਕ ਰੱਬ ਜੀ ਇਕੋ ਸਮੇਂ ਦਿਆਲੂ ਤੇ ਕ੍ਰਿਪਾਲੂ ਹੈ ਅਤੇ ਮਾਰਨ ਵਾਲਾ ਵੀ ਹੈ ਜਿਵੇਂ ਦਸਮ ਗ੍ਰੰਥ ਬਿਆਨ ਕਰਦਾ ਹੈ ਤਾਂ ਪ੍ਰਮਾਤਮਾ ਪ੍ਰਮਾਤਮਾ ਨਹੀਂ ਸਗੋਂ ਇਕ ਮਦਾਰੀ ਹੈ ਜਿਹੜਾ ਆਪਣੇ ਮੂੰਹ ਵਿਚੋਂ ਸੌ ਸੌ ਰੁਪੈ ਦੇ ਨੋਟ ਤਾਂ ਕੱਢ ਕੱਢ ਕੇ ਬਾਹਰ ਸੁੱਟੀ ਜਾ ਰਿਹਾ ਹੈ ਪਰ ਆਪਣੇ ਪੇਟ ਦੀ ਪੂਰਤੀ ਲਈ ਓਹੀ ਮਦਾਰੀ ਲੋਕਾਂ ਕੋਲੋਂ ਅੰਨ ਦਾਣ ਮੰਗਦਾ ਫਿਰਦਾ ਹੈ।

ਆਡੀਠ ਧਰਮ॥ ਅਤਿ ਢੀਠ ਕਰਮ॥ ਅਣਬ੍ਰਣ ਅਨੰਤ॥ ਦਾਤਾ ਮਹੰਤ॥ 170॥ ਇਹ ਤਾਂ ਮੰਨਣ ਵਿਚ ਆ ਸਕਦਾ ਹੈ ਕਿ ਪ੍ਰਮਾਤਮਾ ਦਾ ਧਰਮ ਦਿਸਦਾ ਨਹੀਂ,(ਅਡੀਠ) ਅਡਿਠ ਹੈ। ਜੇਕਰ ਪ੍ਰਮਾਤਮਾ ਦਾ ਧਰਮ ਦਿਸਦਾ ਨਹੀਂ ਤਾਂ ਲਿਖਾਰੀ ਨੂੰ ਇਹ ਨਹੀਂ ਪਤਾ ਚੱਲ ਸਕਦਾ ਕਿ ਪ੍ਰਮਾਤਮਾ ਦਾ ਧਰਮ ਨਿਡਰ/ਕਠੋਰ ਹੈ। ਪਰ ‘ਜਾਪੁ’ ਬਾਣੀ ਦਾ ਲਿਖਾਰੀ ਲਿਖਦਾ ਹੈ।

ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ॥ ਜੇਕਰ ਉਸਦਾ ਕੋਈ ਰੂਪ ਰੰਗ, ਰੇਖ ਭੇਖ ਕੋਈ ਨਹੀਂ, ਇਹ ਵਰਨਣ ‘ਸੁਖਮਨੀ’ ਬਾਣੀ ਵਿਚ ਵੀ ਗੁਰੂ ਅਰਜਨ ਪਾਤਸ਼ਾਹ ਕਰਦੇ ਹਨ, ਤਾਂ ਫਿਰ ਦਸਮ ਗ੍ਰੰਥ ਦੇ ਲਿਖਾਰੀ ਨੇ ਇਹ ਬੜੀ ਵੱਡੀ ਭੁੱਲ ਕੀਤੀ ਇਹ ਕਹਿਕੇ ਕਿ ਪ੍ਰਮਾਤਮਾ ਦੀਆਂ ਗੋਡਿਆ ਤਕ ਬਾਹਾਂ ਲੰਬੀਆ ਹਨ। ਆਜਾਨ ਬਾਹੁ (ਗੋਡਿਆਂ ਤਕ ਲੰਬੀਆ ਬਾਹਾਂ ਅਰਥਕਾਰ ਡਾ.ਰਤਨ ਸਿੰਘ ਜੱਗੀ) (980)॥ ਸਾਹਾਨੁ ਸਾਹੁ॥88॥

ਦਸਮ ਗ੍ਰੰਥ ਦੇ ਪੰਨਾ 42 ਤੇ “ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥53॥” ਰੱਬ ਸ਼ਰਾਬ ਪੀਕੇ ਜੰਗਲ ਵਿਚ ਮਾਨੋ ਇਊਂ ਭਭਕਾਂ ਮਾਰਦਾ ਫਿਰਦਾ ਹੈ ਜਿਵੇਂ ਕੋਈ ਸ਼ੇਰ ਦਾ ਬੱਚਾ ਜੰਗਲ ‘ਚ ਚਿੰਘਾੜ ਰਿਹਾ ਹੋਵੇ।‘ਜਾਪੁ’ ਵਿਚ ਸਿੱਖਣ ਸਿਖਾਉਣ ਨੂੰ ਕੁੱਝ ਨਹੀਂ। ਇਸਦੇ ਮੁਕਾਬਲੇ ਤੇ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਹਨ ਤੇ ਗੁਰੂ ਨਾਨਕ ਸਾਹਿਬ ਦਾ ਫੁਰਮਾਣ ਵੀ ਇਹੋ ਹੈ।

ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥ ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥33॥ (ਪੰਨਾ 1412)। ਸਾਨੂੰ ਹੋਰ ਕਿਸੇ ਵੀ ਗ੍ਰੰਥ ਤੋਂ ਕਿਸੇ ਕਿਸਮ ਦੀ ਸੇਧ ਲੈਣ ਦੀ ਕੋਈ ਲੋੜ ਨਹੀਂ ਕਿਉਂਕਿ ਸੱਭ ਨਕਲੀ ਹਨ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ

ਮੋਬਾਈਲ ਨੰਬਰ: 647 969 3132 ਅਤੇ ਅਮਰੀਕਾ ਵਿਚ 810 223 3648॥


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top