Share on Facebook

Main News Page

ਗੁਰਪੁਰਬ ਤਾਂ ਅਸੀਂ ਹਰ ਸਾਲ ਮਨਾਉਂਦੇ ਹਾਂ, ਆਉ ਹੁਣ ਤੋਂ ‘ਗੁਰੂ’ ਨੂੰ ਮਨਾ ਕੇ ‘ਪੁਰਬ’ ਮਨਾਉਣ ਦਾ ਜਤਨ ਕਰੀਏ

‘ਗੁਰੂ-ਪੁਰਬ’ ਹੁੰਦਾ ਹੈ, ਗੁਰੂ ਨਾਲ ਸੰਬੰਧਿਤ ਦਿਹਾੜਾ। ਸਿੱਖ ਸਮਾਜ ਵਿਚ ਦਸ ਨਾਨਕ ਸਰੂਪਾਂ ਨਾਲ ਸੰਬੰਧਿਤ ਦਿਨਾਂ ਨੂੰ ‘ਗੁਰਪੁਰਬਾਂ’ ਵਜੋਂ ਮਨਾਉਣ ਦਾ ਪ੍ਰਚਲਨ ਹੈ। ਅੱਜ ਅਸੀਂ ਸਿੱਖ ਸਮਾਜ ਵਿਚ ਪ੍ਰਚਲਿਤ ਇਸ ਪਰੰਪਰਾ ਦੀ ਸੁਹਿਰਦ ਪੜਚੋਲ ਕਰਨ ਦਾ ਯਤਨ ਕਰਾਂਗੇ।

ਬਾਕੀ ਬਹੁਤਾਤ ਮਤਾਂ ਵਿਚ (ਸਿਵਾਏ ਬ੍ਰਾਹਮਣੀ ਮਤਾਂ ਦੇ) ਇਕ ਹੀ ਮੁੱਖ ਰਹਿਬਰ ਹੋਇਆ ਹੈ। ਸੋ ਉਨ੍ਹਾਂ ਦੇ ‘ਦਿਹਾੜੇ’ (ਪੁਰਬ) ਗਿਣਤੀ ਦੇ ਹਨ। ਮਿਸਾਲ ਲਈ ਈਸਾਈ ਮੱਤ ਦਾ ਮੁੱਖ ਤਿਉਹਾਰ ‘ਕ੍ਰਿਸਮਿਸ’ (ਈਸਾ ਜੀ ਦਾ ਜਨਮ ਦਿਹਾੜਾ) ਹੈ। ਇਸਲਾਮ ਵਿਚ ਵੀ ਇਕ ਰਹਿਬਰ (ਹਜਰਤ ਮੁਹੰਮਦ ਜੀ) ਹੋਣ ਕਾਰਨ ਉਨ੍ਹਾਂ ਨਾਲ ਸੰਬੰਧਿਤ ਸਾਲ ਵਿਚ ਤਿੰਨ ਚਾਰ ਦਿਹਾੜੇ ਹੀ ਪ੍ਰਮੁੱਖ (ਈਦਾਂ ਆਦਿ) ਹਨ। ਸਿੱਖ ਸਮਾਜ ਵਿਚ ਦਸ ਰਹਿਬਰ ਹੋਏ ਹਨ। ਪ੍ਰਚਲਿਤ ਧਾਰਨਾ ਮੁਤਾਬਿਕ ਇਕ ਰਹਿਬਰ ਨਾਲ ਘੱਟੋ ਘੱਟ ਤਿੰਨ ਦਿਨ ਤਾਂ ਜੁੜੇ ਹੋਏ ਹੀ ਹਨ ਭਾਵ, ਜਨਮ ਦਿਨ, ਗੁਰਗੱਦੀ ਦਿਵਸ ਅਤੇ ਜੋਤੀ ਜੋਤ ਸਮਾਉਣ ਦਾ ਦਿਨ। ਇਸ ਤਰ੍ਹਾਂ ਘੱਟੋ–ਘੱਟ 30 ਦਿਹਾੜੇ (ਪੁਰਬ) ਤਾਂ ਨਾਨਕ ਸਰੂਪਾਂ ਨਾਲ ਸੰਬੰਧਿਤ ਹੀ ਹੋ ਗਏ। ਵੈਸੇ ਪ੍ਰਚਲਿਤ ਮਾਨਤਾ ਕੁਝ ‘ਸਰੂਪਾਂ’ ਦੇ ਵਿਆਹ ਪੁਰਬ ਮਨਾਉਣ ਦੀ ਵੀ ਹੈ। ਜੇ ਬਿਨਾਂ ਵਿਤਕਰਾ ਕੀਤੇ ਸਾਰਿਆਂ ਦੇ ਵਿਆਹ ਪੁਰਬ ਵੀ ਗਿਣ ਲਏ ਜਾਣ ਤਾਂ 9 ਦਿਹਾੜੇ (ਹਰਿਕ੍ਰਿਸ਼ਨ ਪਾਤਸ਼ਾਹ ਜੀ ਵਿਆਹ ਦੀ ਉਮਰ ਤੋਂ ਪਹਿਲਾਂ ਹੀ ਚੜਾਈ ਕਰ ਗਏ ਸਨ) ਹੋਰ ਵੱਧ ਗਏ। ਜ਼ਰਾ ਰੁਕੀਏ! ਵਿਆਹ ਪੁਰਬਾਂ ਦੀ ਗਿਣਤੀ ਵਿਚ ਸ਼ਾਇਦ ਗਲਤੀ ਹੋ ਗਈ ਹੈ। ਪ੍ਰਚਲਿਤ ਕੀਤੇ ਇਤਿਹਾਸ ਅਨੁਸਾਰ ਪੰਜਵੇਂ ਪਾਤਸ਼ਾਹ ਦੇ ਦੋ, ਛੇਵੇਂ ਪਾਤਸ਼ਾਹ ਦੇ (ਸ਼ਾਇਦ) ਛੇ, ਸਤਵੇਂ ਪਾਤਸ਼ਾਹ ਜੀ ਦੇ ਦੋ ਅਤੇ ਦਸਵੇਂ ਪਾਤਸ਼ਾਹ ਜੀ ਦੇ ਤਿੰਨ ਵਿਆਹ ਹੋਏ ਸਨ। ਭਾਵ ਕੁਲ ਵਿਆਹ ਪੁਰਬ 20 ਦੇ ਲਗਭਗ ਹੋ ਗਏ। ਹੁਣ ਤੱਕ ਕੁਲ ‘ਗੁਰਪੁਰਬ’ ਹੋ ਗਏ ਲਗਭਗ 50। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਸੰਬੰਧਿਤ ਵੀ ਤਿੰਨ ਚਾਰ ਪੁਰਬ (ਪਹਿਲਾਂ ਪ੍ਰਕਾਸ਼, ਸੰਪੂਰਨਤਾ, ਗੁਰਗੱਦੀ ਦਿਵਸ ਆਦਿ) ਪ੍ਰਚਲਿਤ ਹਨ। ਦੀਵਾਲੀ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਉਣ ਵਾਂਗ ਕੁਝ ਖਾਸ ਘਟਨਾਵਾਂ ਨੂੰ ਜੋੜ ਕੇ ਪੁਰਬ ਮਨਾਉਣ ਦਾ ਪ੍ਰਚਲਣ ਵੀ ਸਿੱਖ ਸਮਾਜ ਵਿਚ ਹੈ। ਐਸੇ ਘੱਟੋ ਘੱਟ 10 ਦਿਹਾੜੇ ਤਾਂ ਹੋਣਗੇ। ਹੁਣ ਤੱਕ ਪੁਰਬ ਹੋ ਗਏ ਲਗਭਗ 60। ਭਾਵ ਸਾਲ ਵਿਚ ਹਰ ਛੇਵੇਂ ਦਿਨ ਇਕ ‘ਗੁਰਪੁਰਬ’।

ਨਾਨਕ ਸਰੂਪਾਂ ਤੋਂ ਇਲਾਵਾ ਜੇ ਸ਼ਹੀਦਾਂ ਦੀ ਗੱਲ ਕਰੀਏ ਤਾਂ ਇਹ ਛੇਵੇਂ ਪਾਤਸ਼ਾਹ ਜੀ ਵੇਲੇ ਸਿਰ ਪਈਆਂ ਜੰਗਾਂ ਵਿਚ ਹੋਏ ਸ਼ਹੀਦਾਂ ਦੀ ਸ਼ਹੀਦੀ ਨਾਲ ਸ਼ੁਰੂ ਹੁੰਦੀ ਹੈ। ਜੇ ਸਾਰੇ ਸ਼ਹੀਦਾਂ ਦੀ ਸ਼ਹੀਦੀ ਨਾਲ ਸੰਬੰਧਿਤ ਦਿਹਾੜਿਆਂ ਦੀ ਗੱਲ ਕਰਾਂਗੇ ਤਾਂ ਸ਼ਾਇਦ ਸਾਲ ਦੇ ਦਿਨ ਘੱਟ ਪੈ ਜਾਣਗੇ, ਕਿਉਂਕਿ ਸ਼ਹੀਦਾਂ ਦੀ ਲਿਸਟ ਤਾਂ ਸਿੱਖ ਇਤਿਹਾਸ ਵਿਚ ਗਿਣਤੀ ਤੋਂ ਬਾਹਰ ਹੈ। ਜੇ ਬਹੁਤੀ ‘ਮਸ਼ਹੂਰ ਸ਼ਹੀਦੀਆਂ’ ਦੇ ਦਿਹਾੜੇ ਹੀ ਗਿਣ ਲਈਏ ਤਾਂ ਸਾਲ ਦੇ 365 ਦਿਨ ਤਾਂ ਜ਼ਰੂਰ ਕਵਰ ਹੋ ਜਾਣਗੇ। ਕਹਿਣ ਦਾ ਭਾਵ ਲਗਭਗ 60 ‘ਗੁਰਪੁਰਬ’ ਅਤੇ ਮਸ਼ਹੂਰ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਹੀ ਚਲੀਏ ਤਾਂ ਸਾਲ ਦਾ ਸ਼ਾਇਦ ਕੋਈ ਦਿਨ ਖਾਲੀ ਨਹੀਂ ਬਚੇਗਾ, ਹਾਂ ਇਕ ਹੀ ਦਿਨ ਵਿਚ ਵੱਧ ਦਿਹਾੜੇ ਭਾਂਵੇ ਆ ਜਾਣ।

ਬ੍ਰਾਹਮਣੀ ਮੱਤ ਦੀ ਗੱਲ ਕਰੀਏ ਤਾਂ ਇਸ ਦਾ ਗਲਬਾ ਬਹੁਤ ਵਿਸ਼ਾਲ ਹੈ। ਇਸ ਵਿਚ ਪ੍ਰਚਲਿਤ ਦੇਵੀ ਦੇਵਤਿਆਂ ਦੀ ਗਿਣਤੀ ਵੀ ਬਹੁਤ ਵਿਸ਼ਾਲ ਹੈ। ਦਸ (ਕਿਧਰੇ 24) ਤਾਂ ਇਹ ‘ਰੱਬ’ (ਦੇ ਅਵਤਾਰ) ਦੱਸਦੇ ਹਨ। 33 ਕਰੋੜ ਦੇਵੀ ਦੇਵਤਿਆਂ ਦਾ ਵੀ ਜ਼ਿਕਰ ਮਿਲਦਾ ਹੈ। ਭਾਵ ਬ੍ਰਾਹਮਣੀ ਮੱਤ ਦੇ ਦਿਹਾੜਿਆਂ ਦੀ ਤਾਂ ‘ਔਵਰ ਲੋਡਿੰਗ’ ਹੈ, ਸਾਲ ਦੇ ਹਰ ਦਿਨ ’ਤੇ। ਜਿੰਨੇ ਜ਼ਿਆਦਾ ਦਿਹਾੜੇ, ਉਤਨੇ ਜ਼ਿਆਦਾ ਕਰਮਕਾਂਡ।

ਇਹ ਠੋਸ ਹਕੀਕਤ ਹੈ ਕਿ ਆਮ ਸਮਾਜ ਵਿਚ ‘ਧਾਰਮਿਕ ਦਿਹਾੜੇ’ ਮਨਾਉਣ ਦੀ ਪ੍ਰਵਿਰਤੀ ‘ਸ਼ਰਧਾ’ ਨਾਲ ਹੀ ਮੁੱਖ ਤੌਰ ’ਤੇ ਜੁੜੀ ਹੁੰਦੀ ਹੈ। ਇਹ ਵੀ ਤਲਖ ਹਕੀਕਤ ਹੈ ਕਿ ‘ਸ਼ਰਧਾ’ ਹੀ ਬਹੁਤੇ ਕਰਮਕਾਂਡਾਂ, ਅੰਧਵਿਸ਼ਵਾਸਾਂ ਦਾ ਕਾਰਨ ਬਣਦੀ ਹੈ। ‘ਗੁਰਮਤਿ ਫਲਸਫੇ’ ਦੀ ਗੱਲ ਕਰੀਏ ਤਾਂ ਇਸ ਵਿਚ ‘ਸ਼ਰਧਾ’ ਨੂੰ ‘ਗਿਆਨ’ ਦੇ ਕੁੰਡੇ ਹੇਠ ਰੱਖਣ ਦੀ ਸਪਸ਼ਟ ਸੇਧ ਮਿਲਦੀ ਹੈ। ਪਰ ਇਕ ਹਕੀਕਤ ਇਹ ਵੀ ਹੈ ਕਿਸੇ ਮੱਤ ਵਿਚਲੀ ਪੁਜਾਰੀ ਸ਼੍ਰੇਣੀ ‘ਗਿਆਨ’ ਨੂੰ ਦਬਾ ਕੇ ‘ਸ਼ਰਧਾ’ ਨੂੰ ਬੜਾਵਾ ਦਿੰਦੀ ਹੈ ਤਾਂ ਕਿ ਆਮ ਲੋਕ ‘ਅਗਿਆਨਤਾ’ ਵਿਚ ਉਸ ਦੇ ਹਰ ਆਦੇਸ਼ ਨੂੰ ‘ਰੱਬੀ ਹੁਕਮ’ ਮੰਨਦੇ ਰਹਿਣ। ਇਸੇ ਕਾਰਨ ਗੁਰਮਤਿ ਫਲਸਫੇ ਵਿਚ ‘ਪੁਜਾਰੀ ਸ਼੍ਰੇਣੀ’ ਦਾ ਭਰਵਾਂ ਖੰਡਨ ਥਾਂ-ਥਾਂ ਮਿਲਦਾ ਹੈ। ਇਕ ਮਿਸਾਲ ਵਜੋਂ ਗੁਰਵਾਕ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥ (ਪੰਨਾ 662)

ਅਫਸੋਸ! ਇੰਨੀਆਂ ਸਪਸ਼ਟ ਸੇਧਾਂ ਹੋਣ ਦੇ ਬਾਵਜੂਦ ਵੀ ਸਿੱਖ ਸਮਾਜ ਵਿਚ ‘ਪੁਜਾਰੀ ਸ਼੍ਰੇਣੀ’ ਪਨਪ ਕੇ, ਭਾਰੂ ਵੀ ਹੋ ਗਈ। ਨਤੀਜਤਨ ਬ੍ਰਾਹਮਣੀ ਤਰਜ਼ ਦੇ ਕਰਮਕਾਂਡ ਅਤੇ ਅੰਧਵਿਸ਼ਵਾਸ ਸਿੱਖ ਸਮਾਜ ਵਿਚ ਬਹੁਤ ਅੰਦਰ ਤੱਕ ਘਰ ਕਰ ਗਏ। ਇਨ੍ਹਾਂ ਵਿਚੋਂ ਕੁਝ ਨੁਕਤੇ ਤਾਂ ਐਸੇ ਹਨ, ਜਿਨ੍ਹਾਂ ਬਾਰੇ ਗੱਲ ਕਰਨ ਤੋਂ ਬਹੁਤੀਆਂ ਸੁਚੇਤ ਧਿਰਾਂ ਵੀ ਤ੍ਰਬਕਦੀਆਂ ਹਨ। ਜੇ ਬਾਬਾ ਨਾਨਕ ਜੀ ਅੱਜ ਦੇ ਸਮੇਂ ਵਿਚ ਵਿਚਰ ਰਹੇ ਹੁੰਦੇ ਤਾਂ ਸ਼ਾਇਦ ਉਹ ‘ਕਾਦੀ, ਬ੍ਰਾਹਮਣ, ਜੋਗੀ’ ਨਾਲ ਭਾਈ/ਜਥੇਦਾਰ ਆਦਿ ਨੂੰ ਵੀ ਸ਼ਾਮਿਲ ਕਰ ਲੈਂਦੇ।

ਵਾਪਿਸ ਪਰਤਦੇ ਹਾਂ, ਸਿੱਖ ਸਮਾਜ ਵਿਚਲੇ ‘ਗੁਰਪੁਰਬਾਂ/ਦਿਹਾੜਿਆਂ’ ਵੱਲ। ਸਾਲ ਵਿਚ ਇੰਨੇ ‘ਗੁਰਪੁਰਬ’ (ਹੋਰ ਦਿਹਾੜਿਆਂ ਦੀ ਗੱਲ ਨਾ ਵੀ ਕਰੀਏ ਤਾਂ) ਹੋਣ ਕਾਰਨ ਹਰ ‘ਗੁਰਦੁਆਰੇ’ ਲਈ ਸਾਰੇ ਪੁਰਬ ਮਨਾਉਣਾ ਤਾਂ ਸੰਭਵ ਨਹੀਂ। ਸੋ ‘ਆਦਿ ਪੜ੍ਹਿਆ ਅੰਤ ਪੜ੍ਹਿਆ ਵਿਚੋਂ-ਵਿਚੋਂ ਦਰਸ਼ਨ ਕਰਿਆ’ ਕਹਾਵਤ ਦੀ ਤਰਜ਼ ’ਤੇ ਸਿੱਖ ਸਮਾਜ ਵਿਚ ਵੀ ਪਹਿਲੇ ਪਾਤਸ਼ਾਹ (ਬਾਬਾ ਨਾਨਕ ਜੀ) ਅਤੇ ਦਸਵੇਂ ਪਾਤਸ਼ਾਹ (ਦਸ਼ਮੇਸ਼ ਜੀ) ਨਾਲ ਸੰਬਧਿਤ ‘ਗੁਰਪੁਰਬ’ ਮਨਾਉਣ ਦਾ ਵੱਧ ਪ੍ਰਚਲਣ ਹੋ ਗਿਆ। ਇਸੇ ਲਈ ਨਾਨਕ ਪਾਤਸ਼ਾਹ ਜੀ ਅਤੇ ਦਸਵੇਂ ਪਾਤਸ਼ਾਹ ਜੀ ਦੇ ਪੁਰਬ ਲਗਭਗ ਹਰ ਗੁਰਦੁਆਰੇ ਵਿਚ ਮਨਾਏ ਜਾਂਦੇ ਹਨ। ਬਾਕੀ ਹਰ ਗੁਰਦੁਆਰੇ ਵਿਚ ਵੱਖ-ਵੱਖ ਪੁਰਬ ਮਨਾਉਣ ਦੇ ਕੁਝ ਹੋਰ ਆਧਾਰ ਵੀ ਹਨ। ਮਿਸਾਲ ਲਈ ‘ਇਤਿਹਾਸਿਕ ਗੁਰਦੁਆਰਿਆਂ’ ਵਿਚ ਉਸ ‘ਨਾਨਕ ਸਰੂਪ’ ਦੇ ਪੁਰਬ ਬਹੁਤੀ ਸ਼ਰਧਾ ਨਾਲ ਮਨਾਏ ਜਾਂਦੇ ਹਨ, ਜਿਸ ਨਾਲ ਉਸ ਗੁਰਦੁਆਰੇ ਦਾ ‘ਇਤਿਹਾਸ’ ਜੋੜਿਆ ਜਾਂਦਾ ਹੈ। ਕੁਝ ਗੁਰਦੁਆਰਿਆਂ ਵਿਚ ‘ਬਰਾਦਰੀ/ਜਾਤ’ ਦੇ ਆਧਾਰ ’ਤੇ ਵੀ ਕੁਝ ‘ਗੁਰਪੁਰਬ’ ਮਨਾਏ ਜਾਂਦੇ ਹਨ। ਭਾਵ ਸਿੱਖਾਂ ਦੇ ‘ਗੁਰਪੁਰਬ’ ਮਨਾਉਣ ਵਿਚ ਜਿਵੇਂ ਇਕ ਤਰੀਕੇ ਵਿਚਲੇ ‘ਨਾਨਕ ਸਰੂਪਾਂ’ (ਦੂਜੇ ਤੋਂ ਨੌਵੇਂ ਤੱਕ) ਨਾਲ ਵਿਤਕਰਾ ਜ਼ਾਹਿਰ ਹੁੰਦਾ ਹੈ, ਦੂਜੀ ਤਰਫ ਇਕਸਾਰਤਾ ਦੀ ਵੀ ਵੱਡੀ ਕਮੀ ਹੈ। ‘ਗੁਰਪੁਰਬਾਂ’ ਦੀ ਗਿਣਤੀ ਇਤਨੀ ਵੱਧ ਹੋਣ ਕਾਰਨ ਇਹ ਵਿਤਕਰਾ ਅਤੇ ਗੈਰ-ਇਕਸਾਰਤਾ ‘ਮਜ਼ਬੂਰੀ’ ਵੀ ਬਣ ਜਾਂਦੀ ਹੈ। ਭਾਂਤ-ਭਾਂਤ ਦੇ ‘ਗੁਰਪੁਰਬਾਂ’ ਅਤੇ ਇਕਸਾਰਤਾ ਦੀ ਘਾਟ ਨਾਲ ਜਦੋਂ ਗਿਆਨ ਵਿਹੂਣੀ ਸ਼ਰਧਾ ਦੀ ਪਿਉਂਦ ਚਾੜ ਦਿੱਤੀ ਗਈ ਤਾਂ ਨਤੀਜਾ ਗੁਰਮਤਿ ਵਿਰੋਧੀ ਕਰਮਕਾਂਡਾਂ ਦੇ ਰੂਪ ਵਿਚ ਸਾਹਮਣੇ ਆਇਆ।

ਸੋ ਗੁਰਮਤਿ ਵੱਲ ਵਾਪਿਸ ਪਰਤਨ ਲਈ ਪਹਿਲਾ ਕਦਮ ਇਹ ਜ਼ਰੂਰੀ ਹੈ ਕਿ ‘ਗੁਰਪੁਰਬਾਂ’ ਬਾਰੇ ਕੌਮ ਵਿਚ ਇਕਸਾਰਤਾ ਲਿਆਈ ਜਾਵੇ। ਇੰਨੀ ਵੱਡੀ ਗਿਣਤੀ ਵਿਚ ‘ਗੁਰਪੁਰਬ’ ਹੋਣ ਕਾਰਨ ਇਕਸਾਰਤਾ ਆਉਣੀ ਸੰਭਵ ਨਹੀਂ ਜਾਪਦੀ ਅਤੇ ਵਿਤਕਰਾ ਬੰਦ ਹੋਣ ਦੇ ਆਸਾਰ ਵੀ ਨਹੀਂ ਲਗਦੇ। ਸੋ ਲੋੜ ਬਣ ਜਾਂਦੀ ਹੈ ‘ਗੁਰਪੁਰਬਾਂ’ ਦੀ ਗਿਣਤੀ ਘਟਾਈ ਜਾਵੇ, ਪਰ ਇਹ ਵੀ ਧਿਆਨ ਰਹੇ ਕਿ ਇਸ ਸੁਧਾਰ ਵਿਚ ਵੀ ਵਿਤਕਰਾ ਮਹਿਸੂਸ ਨਾ ਹੋਵੇ। ਇਸ ਤਾਲੇ ਦੀ ਕੁੰਝੀ ਇਨ੍ਹਾਂ ‘ਗੁਰਵਾਕਾਂ’ ਵਿਚ ਛੁੱਪੀ ਹੈ:

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਪੰਨਾ 966)
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ (ਪੰਨਾ 968)

ਭਾਵ ਸਾਰੇ ਨਾਨਕ ਸਰੂਪ ਇਕ ਵਿਚਾਰਧਾਰਕ (ਜੋਤ) ਲੜੀ ਦੇ ਮਣਕੇ ਸਨ। ਜਦੋਂ ਸਾਰੇ ਇਕ ਹੀ ਰੂਪ ਸਨ ਤਾਂ ਸਾਰਿਆਂ ਦੇ ਪੁਰਬ ਵੱਖਰੇ-ਵੱਖਰੇ ਕਿਉਂ? ‘ਨਾਨਕ ਸਰੂਪਾਂ’ ਨੇ ਤਾਂ ਸਾਂਝੀ ਕਾਵਿ-ਛਾਪ ‘ਨਾਨਕ’ ਵਰਤ ਕੇ ਆਪਣੀ ਇਕਰੂਪਤਾ ਦਾ ਪ੍ਰਗਟਾਵਾ ਕੀਤਾ। ਪਰ ਅਸੀਂ ਉਨ੍ਹਾਂ ਦੇ ਪੁਰਬ ਵੱਖਰੇ-ਵੱਖਰੇ ਮਨਾ ਕੇ ਇਸ ‘ਇਕਰੂਪਤਾ’ ਨੂੰ ਖਤਮ ਕਰਨ ਦਾ ਕਾਰਨ ਬਣ ਗਏ।

ਇਹ ਵੀ ਸੱਚ ਹੈ ਕਿ ‘ਗੁਰਮਤਿ ਇਨਕਲਾਬ’ ਵਿਚ ਸ਼ਰੀਰਾਂ, ਦਿਹਾੜਿਆਂ, ਸਥਾਨਾਂ ਨਾਲ ਜੁੜਨ ਵੱਲ ਪ੍ਰੇਰਿਤ ਨਹੀਂ ਕੀਤਾ ਬਲਕਿ ‘ਗੁਰਮਤਿ ਸਿਧਾਂਤਾਂ’ ਨਾਲ ਜੁੜਣ ’ਤੇ ਜ਼ੋਰ ਦਿੱਤਾ ਗਿਆ। ਇਸੇ ਲਈ 1708 ਤੱਕ ਕਿਸੇ ਨਾਨਕ ਸਰੂਪ ਨਾਲ ਜੋੜ ਕੇ ‘ਗੁਰਦੁਆਰਾ’ ਬਣਾਉਣ ਜਾਂ ‘ਪੁਰਬ’ ਮਨਾਉਣ ਦਾ ਜ਼ਿਕਰ ਸ਼ਾਇਦ ਹੀ ਪ੍ਰਮਾਨਿਕ ਇਤਿਹਾਸ ਵਿਚ ਮਿਲਦਾ ਹੈ। ‘ਇਤਿਹਾਸਿਕ ਗੁਰਧਾਮ’ ਬਣਾਉਣ ਦਾ ਪਹਿਲਾਂ ਪ੍ਰਮਾਨਿਕ ਜ਼ਿਕਰ ਸ੍ਰ. ਬਘੇਲ ਸਿੰਘ ਵਲੋਂ ਦਿੱਲੀ ਫਤਹਿ ਤੋਂ ਬਾਅਦ ਮਿਲਦਾ ਹੈ, ਜਿਸ ਤੋਂ ਬਾਅਦ ਇਹ ਪ੍ਰਵਿਰਤੀ ਇਕ ਲਹਿਰ ਦਾ ਰੂਪ ਧਾਰਨ ਕਰ ਗਈ। ਨਾਨਕ ਸਰੂਪਾਂ ਵਲੋਂ ‘ਦਰਬਾਰ ਸਾਹਿਬ ਕੰਪਲੈਕਸ’ ਦਾ ਵਿਕਾਸ ਇਕ ਕੇਂਦਰ ਵਜੋਂ ਕੀਤਾ ਗਿਆ ਨਾ ਕਿ ‘ਤੀਰਥ’ ਜਾਂ ‘ਯਾਦਗਾਰ’ ਪੱਖੋਂ। ਉਹ ਗੱਲ ਵੱਖਰੀ ਹੈ ਕਿ ਸਿੱਖੀ ਨੂੰ ਬ੍ਰਾਹਮਣਵਾਦ ਦੀ ਇਕ ਸ਼ਾਖ ਬਣਾਉਣ ਤੇ ਤੁਲੇ ਸਾਖੀਕਾਰਾਂ ਵਲੋਂ ਰਜਨੀ ਵਾਲੀ ਅਤੇ ਐਸੀਆਂ ਹੋਰ ਗਪੋੜ-ਸਾਖੀਆਂ ਨੂੰ ‘ਦਰਬਾਰ ਸਾਹਿਬ’ ਕੰਪਲੈਕਸ ਨਾਲ ਜੋੜ ਕੇ ਪ੍ਰਚਲਿਤ ਕਰ ਦਿੱਤਾ ਗਿਆ। ਜੇ ‘ਯਾਦਗਾਰ’ ਵਜੋਂ ਵਿਕਸਿਤ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ‘ਨਨਕਾਣਾ’ ਹੋਣਾ ਸੀ। ਪਰ ‘ਨਾਨਕ ਸਰੂਪ’ ਤਾਂ ਸਿੱਖ ਨੂੰ ‘ਸਥਾਨ’ ਨਾਲ ਨਹੀਂ, ਸਿਧਾਂਤ ਨਾਲ ਜੋੜਣਾ ਲੋਚਦੇ ਸਨ। ਉਹ ਗੱਲ ਵੱਖਰੀ ਹੈ ਕਿ ਸਮੇਂ ਨਾਲ ਸਿੱਖ ‘ਸਥਾਨਾਂ’ ਨਾਲ ਜੁੜ ਗਏ ਅਤੇ ਸਿਧਾਂਤਾਂ ਪੱਖੋਂ ਪਛੜ ਗਏ। ‘ਦਰਬਾਰ ਸਾਹਿਬ’ ਕੰਪਲੈਕਸ ਨੂੰ ਵੀ ਕੇਂਦਰ ਦੀ ਥਾਂ ‘ਤੀਰਥ’ ਵਾਂਗੂ ਬਣਾ ਲਿਆ ਗਿਆ। ਨਾਲ ਹੀ ਹੋਰ ਵੀ ਅਨੇਕਾਂ ਤੀਰਥ ਵਿਕਸਿਤ ਕਰ ਕਏ (ਪਟਨੇ, ਨਾਂਦੇੜ, ਹੇਮਕੁੰਟ ਆਦਿ)।

ਖੈਰ ਗੱਲ ਚਲ ਰਹੀ ਸੀ ‘ਗੁਰਪੁਰਬਾਂ’ ਦੀ ਗਿਣਤੀ ਦੀ। ਇਸ ਤੱਥ ਬਾਰੇ ਅਸੀਂ ਸਾਰੇ ਸਪਸ਼ਟ ਹੋ ਚੁੱਕੇ ਹਾਂ ਕਿ ਸਾਰੇ ‘ਨਾਨਕ ਸਰੂਪ’ ਇਕ ਸਨ। ਸੋ ਇਕਸਾਰਤਾ ਵੱਲ ਵਾਪਿਸ ਜਾਣ ਦੇ ਮਕਸਦ ਨਾਲ ਸਾਰਿਆਂ ਲਈ ਇਕ ‘ਸਾਂਝਾ’ ਪੁਰਬ ਮਨਾਉਣਾ ਹੀ ਯੋਗ ਹੈ। ਇਸ ਨਾਲ ਇਕਸਾਰਤਾ ਤਾਂ ਆਏਗੀ ਹੀ, ਨਾਲ ਹੀ ਵਿਤਕਰਾ ਵੀ ਦੂਰ ਹੋ ਜਾਵੇਗਾ। ਅਗਲਾ ਸਵਾਲ ਇਹ ਉਠਦਾ ਹੈ ਕਿ ਇਹ ਸਾਂਝਾ ਪੁਰਬ ਕਦੋਂ ਮਨਾਇਆ ਜਾਵੇ ? ਬਾਬਾ ਨਾਨਕ ਜੀ ‘ਗੁਰਮਤਿ ਇਨਕਲਾਬ’ ਦੇ ਮੋਢੀ ਸਨ। ਸੋ ‘ਸਾਂਝਾ ਪੁਰਬ’ ਉਨ੍ਹਾਂ ਨਾਲ ਜੁੜਿਆ ਮਨਾਉਣਾ ਹੀ ਠੀਕ ਹੈ। ਵੈਸਾਖੀ ਦੇ ਦਿਹਾੜੇ ਦਾ ਸਿੱਖ ਇਤਿਹਾਸ ਨਾਲ ਗਹਿਰਾ ਅਤੇ ਖਾਸ ਸੰਬੰਧ ਹੈ।1469 ਵਿਚ ਇਸੇ ਦਿਨ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ (ਜਨਮ) ਹੋਇਆ (ਬਹੁਤਾਤ ਸੁਚੇਤ ਇਤਿਹਾਸਕਾਰ ਇਸੇ ਮਿਤੀ ਨੂੰ ਸਹੀ ਮੰਨਦੇ ਹਨ) ਅਤੇ 1699 ਵਿਚ ਇਸੇ ਦਿਨ ਦਸ਼ਮੇਸ਼ ਪਾਤਸ਼ਾਹ ਜੀ ਵਲੋਂ ‘ਖੰਡੇ ਦੀ ਪਾਹੁਲ’ ਵਾਲਾ ਲਾਸਾਨੀ ਕੌਤਿਕ ਰਚਿਆ ਗਿਆ। ਸੋ ਵੈਸਾਖੀ (15 ਅਪ੍ਰੈਲ ਦੇ ਆਸ-ਪਾਸ) ਦਾ ਦਿਹਾੜਾ ਹੀ ਉਸ ‘ਸਾਂਝੇ ਪੁਰਬ’ ਲਈ ਸਭ ਤੋਂ ਢੁੱਕਵਾਂ ਦਿਨ ਬਣਦਾ ਹੈ। ਬਲਕਿ ਇਸ ਸਾਂਝੇ ਪੁਰਬ ਲਈ ਵੈਸਾਖੀ ਦੇ ਆਸ-ਪਾਸ 2-3 ਦਿਨ ਨਿਸ਼ਚਿਤ ਕੀਤੇ ਜਾ ਸਕਦੇ ਹਨ। ਇਸ ‘ਸਾਂਝੇ ਪੁਰਬ’ ਦਾ ਕੋਈ ਯੋਗ ਨਾਂ ਰੱਖਿਆ ਜਾ ਸਕਦਾ ਹੈ।

ਗੁਰਮਤਿ ਇਨਕਲਾਬ ਵਿਚ ‘ਨਾਨਕ ਸਰੂਪਾਂ’ ਦੀ ਸਰਬਪੱਖੀ ਲਾਸਾਨੀ ਅਗਵਾਈ ਦੇ ਯੋਗਦਾਨ ਤੋਂ ਬਾਅਦ ਇਕ ਵੱਡਾ ਪੱਖ ਸ਼ਹੀਦੀਆਂ ਦਾ ਹੈ। ਇਨ੍ਹਾਂ ਸ਼ਹੀਦੀਆਂ ਦਾ ਸਿਲਸਿਲਾ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਨਾਲ ਸ਼ੁਰੂ ਹੁੰਦਾ ਹੈ। ਸੋ ਸਿੱਖ ਇਤਿਹਾਸ ਵਿਚਲੀਆਂ ਸਾਰੀਆਂ ਸ਼ਹੀਦੀਆਂ ਨੂੰ ਸਮਰਪਿਤ ਇਕ ‘ਸਾਂਝਾ ਸ਼ਹੀਦੀ ਪੁਰਬ’ ਵੀ ਤੈਅ ਕੀਤਾ ਜਾ ਸਕਦਾ ਹੈ। ਇਸ ਦਾ ਸਮਾਂ ਇਸ ਹਿਸਾਬ ਨਾਲ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਇਹ ‘ਸਾਂਝੇ ਗੁਰਪੁਰਬ’ ਤੋਂ ਦੂਰੀ ’ਤੇ ਹੋਵੇ। ਇਸ ਲਈ ਅਕਤੂਬਰ ਤੋਂ ਦਸੰਬਰ ਤੱਕ ਦਾ ਕੋਈ ਸਮਾਂ ਨਿਸ਼ਚਿਤ ਕੀਤਾ ਜਾ ਸਕਦਾ ਹੈ, ਇਸ ਨਾਲ ਲਗਭਗ 6 ਮਹੀਨੇ ਦਾ ਵਕਫਾ ਹੋ ਜਾਵੇਗਾ। ਇਸ ਦਿਹਾੜੇ ਦਾ ਵੀ ਇਕ ਢੁੱਕਵਾਂ ਨਾਮ ਤੈਅ ਕੀਤਾ ਜਾ ਸਕਦਾ ਹੈ। ਇਸ ਦਿਹਾੜੇ ਨੂੰ ‘ਸੱਚ ਖਾਤਿਰ’ ਕੁਰਬਾਣ ਹੋਏ ਮਾਨਵੀ ਇਤਿਹਾਸ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਸਾਲ ਵਿਚ ਦੋ ਕੌਮੀ ‘ਪੁਰਬ’ ਤੈਅ ਕਰ ਦਿਤੇ ਜਾਣ। ਇਸ ਨਾਲ ਇਕਸਾਰਤਾ ਅਤੇ ਸਹੂਲੀਅਤ ਹੋਵੇਗੀ ਅਤੇ ਭਾਂਤ-ਭਾਂਤ ਦੇ ਮਨਮਰਜ਼ੀ ਦੇ ਪੁਰਬ ਮਨਾਉਣ ਦੀ ਅਲਾਮਤ ਤੋਂ ਛੁਟਕਾਰਾ ਮਿਲੇਗਾ।

‘ਕਿਹੜੇ ਪੁਰਬ ਮਨਾਏ ਜਾਣ?’, ਇਹ ਸਵਾਲ ਹੱਲ ਹੋਣ ਤੋਂ ਬਾਅਦ, ਦੂਜਾ ਮੁੱਖ ਸਵਾਲ ਸਾਹਮਣੇ ਆਉਂਦਾ ਹੈ ਕਿ ਪੁਰਬ ਕਿਵੇਂ ਮਨਾਏ ਜਾਣ। ਇਸ ਸਵਾਲ ਦਾ ਜਵਾਬ ਲੱਭਣ ਤੋਂ ਪਹਿਲਾਂ ਪ੍ਰਚਲਿਤ ਤਰੀਕੇ ਦੀ ਪੜਚੋਲ ਕਰ ਲੈਣਾ ਲਾਹੇਵੰਦ ਹੋਵੇਗਾ। ਆਮ ਗੁਰਪੁਰਬ ਮਨਾਉਣ (ਲਗਭਗ 99% ਗੁਰਦਵਾਰਿਆਂ ਵਿਚ) ਦਾ ਤਰੀਕਾ ਇਸ ਤਰ੍ਹਾਂ ਹੈ। ਗੁਰਪੁਰਬ ਤੋਂ ਦੋ ਦਿਨ ਪਹਿਲਾਂ ‘ਅਖੰਡ ਪਾਠ’ (ਕਈਂ ਥਾਂ ਪਾਠਾਂ ਦੀਆਂ ਲੜੀਆਂ ਵੀ ਹੁੰਦੀਆਂ ਹਨ)। ਗੁਰਪੁਰਬ ਵਾਲੇ ਦਿਨ ਸਵੇਰੇ ਨੌ-ਸਾਡੇ ਨੌ ਵਜੇ ਤੱਕ ਪਾਠ ਦਾ ਭੋਗ ਪਾਇਆ ਜਾਂਦਾ ਹੈ। ਇਸ ਵੇਲੇ ਦੀਵਾਨ ਵਿਚ ਚੰਦ ਕੁ ਸਿੱਖ ਹੀ ਹੁੰਦੇ ਹਨ। ਗੁਰਦੁਆਰਾ ਕੰਪਲੈਕਸ ਵਿਚ ਵੀ ਲੰਗਰ ਆਦਿ ਦੀ ਸੇਵਾ ਕਰਨ ਵਾਲੇ ਸੇਵਾਦਾਰ ਹੀ ਹੁੰਦੇ ਹਨ। ਲਗਭਗ ਦਸ ਵਜੇ ਤੋਂ ਬਾਅਦ ਕੀਰਤਨ ਦਾ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ। ਹੋਲੀ-ਹੋਲੀ ਸੰਗਤ ਆਉਣੀ ਸ਼ੁਰੂ ਹੁੰਦੀ ਹੈ। ਜ਼ਿਆਦਾਤਰ ਲੋਕ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਮੱਥਾ ਟੇਕ ਕੇ, ਪ੍ਰਕਰਮਾ ਕਰਦੇ ਹਨ। ਫੇਰ ਦੀਵਾਨ ਹਾਲ ਤੋਂ ਬਾਹਰ ਆ ਕੇ ਜਾਂ ਤਾਂ ਕਿਸੇ ਸੇਵਾ ਵਿਚ ਲਗ ਜਾਂਦੇ ਹਨ ਜਾਂ ਬਾਹਰ ਮੌਜ-ਮੇਲੇ ਵਾਲੇ ਮਾਹੌਲ ਵਿਚ ਗੱਪਾਂ ਮਾਰਨ ਲਗ ਪੈਂਦੇ, ਇੱਧਰ-ਉੱਧਰ ਫਿਰਦੇ ਰਹਿੰਦੇ ਹਨ। ਦੀਵਾਨ ਹਾਲ ਵਿਚ ਕੁਝ ਬਜ਼ੁਰਗਾਂ ਸਮੇਤ ਚੰਦ ਕੁ ਲੋਗ ਹੀ ਹੁੰਦੇ ਹਨ। ਗੁਰਦੁਆਰਾ ਕੰਪਲੈਕਸ ਦਾ ਮਾਹੌਲ ਮੇਲੇ ਵਾਂਗੂ ਗਹਿਮਾ-ਗਹਮੀ ਦਾ ਰਹਿੰਦਾ ਹੈ। ਲਗਭਗ ਸਾਡੇ ਗਿਆਰਾਂ-ਬਾਰਾਂ ਵਜੇ ਤੋਂ ਆਮ ਸੰਗਤ ਦੀਵਾਨ ਹਾਲ ਅੰਦਰ ਆਉਣਾ ਸ਼ੁਰੂ ਕਰਦੀ ਹੈ। ਲਗਭਗ ਸਾਡੇ ਬਾਰਾਂ ਵਜੇ ਤੱਕ ਕਥਾ/ਕੀਰਤਨ ਦੀ ਸਮਾਪਤੀ ਹੋ ਜਾਂਦੀ ਹੈ। ਇਸ ਉਪਰੰਤ ਪ੍ਰਧਾਨ/ਪਤਵੰਤਿਆਂ ਦੇ ਲੈਕਚਰਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਜਿਸ ਵਿਚ ਗੁਰਮਤਿ ਵਿਚਾਰਨ ਦੀ ਗੱਲ ਘੱਟ, ਚੌਧਰ ਦਿਖਾਉਣ ਦੀ ਰੁਚੀ ਜ਼ਿਆਦਾ ਹੁੰਦੀ ਹੈ। ਇਸੇ ਦੌਰਾਨ ‘ਵੱਡੀਆਂ ਸੇਵਾਵਾਂ’ ਕਰਵਾਉਣ ਵਾਲਿਆਂ ਦੀਆਂ ਸੂਚੀਆਂ ਦੱਸਣ ਜਾਂ ਸਿਰੋਪਾਉ ਦੇਣ ਦਾ ਸਿਲਸਿਲਾ ਚਲਦਾ ਹੈ। ਲਗਭਗ ਇਕ ਵਜੇ ਜਾਂ ਪਛੜ ਕੇ ਅਰਦਾਸ ਹੁੰਦੀ ਹੈ ਅਤੇ ਹੁਕਮਨਾਮਾ ਲਿਆ ਜਾਂਦਾ ਹੈ। ਉਸ ਉਪਰੰਤ ਲੰਗਰ ਵਰਤਾਇਆ ਜਾਂਦਾ ਹੈ।

ਇਹ ਲਗਭਗ ਹਰ ਗੁਰਦੁਆਰੇ ਵਿਚ ਗੁਰਪੁਰਬ ਦੇ ਪ੍ਰੋਗਰਾਮ ਦਾ ਜਨਰਲ ਰੂਪ ਹੈ। ਇਸ ਤੋਂ ਇਲਾਵਾ ‘ਵੱਡਿਆਂ ਗੁਰਪੁਰਬਾਂ’ ਨੂੰ ਸਮਰਪਿਤ ‘ਨਗਰ ਕੀਰਤਨ’ (ਜਲੂਸ) 2-3 ਦਿਨ ਪਹਿਲਾਂ ਸਿੱਖ ਵਸੋਂ ਵਾਲੇ ਅਨੇਕਾਂ ਸ਼ਹਿਰਾਂ ਵਿਚ ਕੱਢਿਆ ਜਾਂਦਾ ਹੈ। ਕੁਝ ਗੁਰਪੁਰਬਾਂ’ ਤੋਂ ਪਹਿਲਾਂ 10-15 ਦਿਨ ਤੱਕ ਸਵੇਰੇ ਵੇਲੇ ਗਲੀਆਂ-ਮੁੱਹਲਿਆਂ ਵਿਚ ਘੁੰਮ ਫਿਰ ਕੇ ‘ਪ੍ਰਭਾਤ ਫੇਰੀਆਂ’ ਵੀ ਕੱਢੀਆਂ ਜਾਂਦੀਆਂ ਹਨ। ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੋਂ ਪਹਿਲਾਂ ਅਨੇਕਾਂ ਥਾਵਾਂ ’ਤੇ ਬੀਬੀਆਂ ਦੀਆਂ ‘ਸੁਖਮਨੀ ਸੁਸਾਇਟੀਆਂ’ ਵਲੋਂ 40 ਦਿਨ ‘ਸੁਖਮਨੀ ਬਾਣੀ’ ਦੇ ਪਾਠ ਕਰਕੇ ‘ਚਾਲੀਹੇ’ ਵੀ ਕੀਤੇ ਜਾਂਦੇ ਹਨ। ਇਸ ਪੁਰਬ ’ਤੇ ਗੁਰਦੁਆਰਿਆਂ ਅਤੇ ਸੜਕਾਂ ’ਤੇ ਥਾਂ-ਥਾਂ ਮਿੱਠੇ ਜਲ ਦੀਆਂ ਛਬੀਲਾਂ ਵੀ ਲਾਈਆਂ ਜਾਂਦੀਆਂ ਹਨ। ਕੁਝ ‘ਮਸ਼ਹੂਰ ਗੁਰਪੁਰਬਾਂ’ ਤੇ ਆਤਿਸ਼ਬਾਜ਼ੀ ਕਰ ਕੇ ‘ਖੁਸ਼ੀ’ ਵੀ ਮਨਾਈ ਜਾਂਦੀ ਹੈ। ‘ਦੀਵਾਲੀ’ ਮੌਕੇ ਦਰਬਾਰ ਸਾਹਿਬ ਕੰਪਲੈਕਸ ਵਿਚ ‘ਆਤਿਸ਼ਬਾਜ਼ੀ’ ਰਾਹੀਂ ਪ੍ਰਦੂਸ਼ਨ ਫੈਲਾ ਕੇ ਮਨਾਈ ਜਾਂਦੀ ‘ਕੌਮੀ ਖੁਸ਼ੀ’ ਹੋਰ ਗੁਰਦਵਾਰਿਆਂ ਲਈ ‘ਕੇਂਦਰੀ ਸੇਧ’ ਬਣ ਜਾਂਦੀ ਹੈ।

ਇਹ ਤਾਂ ਹੋਈ 99% ਸਿੱਖਾਂ ਵਲੋਂ ਮਨਾਏ ਜਾਂਦੇ ਗੁਰਪੁਰਬਾਂ ਦੀ ਆਮ ਰੂਪ-ਰੇਖਾ। ਇਨ੍ਹਾਂ ਪੁਰਬਾਂ ਨਾਲ ਸ਼ਰਧਾ ਦਾ ਪੱਖ ਪ੍ਰਮੁੱਖਤਾ ਨਾਲ ਜੁੜਿਆ ਹੁੰਦਾ ਹੈ, ਜਿਸ ਦਾ ਨਤੀਜਾ ਕਰਮਕਾਂਡਾਂ ਦੇ ਪ੍ਰਸਾਰ ਵਿਚ ਨਿਕਲਿਆ ਹੈ।

ਹੁਣ ਅਸੀਂ ਗੁਰਪੁਰਬ ਮਨਾਉਣ ਨਾਲ ਜੁੜੇ ਕਰਮਕਾਂਡਾਂ ਦੀ ਗੱਲ ਇਸ਼ਾਰਾ ਮਾਤਰ ਕਰਦੇ ਹਾਂ। ਪਹਿਲੀ ਅਤੇ ਵੱਡੀ ਮਨਮੱਤ ਹੈ ‘ਅਖੰਡ ਪਾਠ’ (ਅਤੇ ਇਸ ਦੀਆਂ ਲੜੀਆਂ)। ਇਹ ਗੁਰਵਾਕ “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ (ਪੰਨਾ 467)” ਦੀ ਖੁੱਲੀ ਖਿਲਾਫਤ ਹੈ। ਇਸ ਮਨਮੱਤ ਦੀ ਖੁੱਲੀ ਵਿਚਾਰ ‘ਤੱਤ ਗੁਰਮਤਿ ਪਰਿਵਾਰ’ ਵਲੋਂ ਵੱਖਰੇ ਲੇਖ ਵਿਚ ਕੀਤੀ ਜਾ ਚੁੱਕੀ ਹੈ। ਇਸ ਮਨਮੱਤ ਵਿਚ ਹੋਰ ਵੀ ਅਨੇਕਾਂ ਕਰਮਕਾਂਡ ਜੁੜ ਗਏ ਹਨ। ਇਸ ਤੋਂ ਬਾਅਦ ਇਕ ਹੋਰ ਬੜੀ ਸਾਂਝੀ ਮਨਮੱਤ ਹੈ, ‘ਨਿਸ਼ਾਨ ਸਾਹਿਬ’ ਨੂੰ ਕੱਚੀ ਲੱਸੀ ਨਾਲ ‘ਇਸ਼ਨਾਨ ਕਰਵਾਉਣ’ ਦੀ। ਇਹ ਮਨਮੱਤ ਕੇਂਦਰੀ ਤੌਰ ’ਤੇ ‘ਦਰਬਾਰ ਸਾਹਿਬ’ ਵਿਖੇ ਰੋਜ਼ ਸਵੇਰੇ ਥੜੇ ਨੂੰ ਕੱਚੀ ਲੱਸੀ ਨਾਲ ਧੋ ਕੇ (ਪੁਜਾਰੀ ਭਾਸ਼ਾ ਵਿਚ ਇਸ਼ਨਾਨ ਕਰਾ ਕੇ) ਕੀਤੀ ਜਾਂਦੀ ਹੈ। ਆਤਿਸ਼ਬਾਜ਼ੀ ਰਾਹੀਂ ਹਵਾ-ਸ਼ੋਰ ਪ੍ਰਦੂਸ਼ਣ ਵਾਲੀ ਮਨਮੱਤ। ਨਗਰ ਕੀਰਤਨ ਵਿਚ ਗੁਰਮਤਿ ਵਾਲੀ ਗੱਲ ਤਾਂ ਸ਼ਾਇਦ ਹੀ ਕੋਈ ਰਹਿ ਗਈ ਹੋਵੇ, ਅਨਮਤਾਂ ਵਾਂਗੂ ਅੰਨ੍ਹੀ ਸ਼ਰਧਾ ਅਤੇ ਸ਼ਕਤੀ ਪ੍ਰਦਰਸ਼ਨ ਦਾ ਜ਼ਰੀਆ ਬਣ ਗਏ ਹਨ। ਨਾਲ ਹੀ ਪ੍ਰਸ਼ਾਸ਼ਨ ਲਈ ਟ੍ਰੈਫਿਕ ਅਤੇ ਭਾਂਤ-ਭਾਂਤ ਦੇ ‘ਲੰਗਰਾਂ’ ਰਾਹੀਂ ਫੈਲਾਈ ਗੰਦਗੀ ਦੀ ਸਮੱਸਿਆ ਬਣ ਜਾਂਦੀ ਹੈ। ਲੰਗਰ ਦੇ ਨਾਂ ’ਤੇ ਛੱਤੀ ਤਰ੍ਹਾਂ ਦੇ ਪਕਵਾਨ ਅਤੇ ਸੜਕਾਂ ’ਤੇ ਧੱਕੇ ਨਾਲ ਰੋਕ-ਰੋਕ ਕੇ ਲੰਗਰ/ਛਬੀਲ ਛਕਾਉਣ ਰੂਪੀ ਬੇਲੋੜੀ ਕਸਰਤ ਵੀ ਅਨੇਕਾਂ ਥਾਂਵਾਂ ’ਤੇ ਵੇਖੀ ਜਾ ਸਕਦੀ ਹੈ। ਟਰਾਲੀਆਂ, ਗੱਡੀਆਂ ਵਿਚ ਲੱਗੇ ਇਕ ਦੂਜੇ ਦੇ ਅਸਰ ਨੂੰ ਘੱਟ-ਵੱਧ ਕਰਕੇ ਵੱਡੇ-ਵੱਡੇ ਸਪੀਕਰ ਜਿੱਥੇ ਰੋਲ-ਘਚੋਲਾ ਜਿਹਾ ਪੈਦਾ ਕਰਦੇ ਹਨ, ਉੱਥੇ ਇਸ ਗੁਰਵਾਕ “ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥ (ਪੰਨਾ 1374)” ਦੀ ਸੇਧ ਨੂੰ ਮੁੰਹ ਚਿੜਾਉਂਦੇ ਹਨ ਅਤੇ ਸ਼ੋਰ ਪ੍ਰਦੂਸ਼ਣ ਕਰਦੇ ਹਨ ਵੱਖ। ਪ੍ਰਭਾਤ ਫੇਰੀਆਂ ਰਾਹੀਂ ਮੂੰਹ ਹਨੇਰੇ ਗਲੀ-ਗਲੀ ਘੁੰਮ ਕੇ ਸ਼ਬਦ ਜਾਂ ਕੱਚੀਆਂ ਧਾਰਨਾਵਾਂ ਪੜਦੇ ਇਹ ਸੰਦੇਸ਼ ਦੇਂਦੇ ਜਾਪਦੇ ਹਨ “ਨਾ ਚੈਨ ਨਾਲ ਰਹਾਂਗੇ, ਨਾ ਕਿਸੇ ਨੂੰ ਰਹਿਣ ਦੇਵਾਂਗੇ”। ਕੋਈ ਬੀਮਾਰ ਹੈ, ਕੋਈ ਆਰਾਮ ਰਿਹਾ ਹੈ, ਕੋਈ ਪੜ੍ਹਾਈ ਕਰ ਰਿਹਾ ਹੈ, ਇਸ ਨਾਲ ਸਾਨੂੰ ਕੀ ਫਰਕ ਪੈਂਦਾ ਹੈ। ਅਸੀਂ ‘ਅੰਮ੍ਰਿਤ ਵੇਲਾ’ ਸੰਭਾਲ ਰਹੇਂ ਹਾਂ ਅਤੇ ਹੋਰਾਂ ਨੂੰ ਜਬਰਦਸਤੀ ਸੰਭਾਲਣ ਲਈ ਮਜ਼ਬੂਰ ਕਰ ਦੇਵਾਂਗੇ, ਸ਼ਾਇਦ ਇਹੀ ਸਾਡਾ ਮਾਟੋ ਹੁੰਦਾ ਹੈ।

ਗੁਰਬਾਣੀ ਤਾਂ ਸਾਨੂੰ ਅੰਤਰਮੁੱਖੀ ਹੋਣ ਲਈ ਪ੍ਰੇਰਦੀ ਹੈ, ਅਸੀਂ ਇਸ ਨੂੰ ਗਲੀਆਂ, ਮੁਹੱਲਿਆਂ, ਸੜਕਾਂ ਤੇ ਘੁੰਮ-ਘੁੰਮ ਕੇ ਗਾਉਣ ਦੇ ਸ਼ੌਕੀਨ ਹਾਂ, ਸਮਝਣ ਦੀ ਤਾਂ ਕੋਈ ਲੋੜ ਸਾਨੂੰ ਜਾਪਦੀ ਹੀ ਨਹੀਂ। ਕਿਉਂਕਿ ਜੇ ਸਮਝ ਲਿਆ ਤਾਂ ਇਹ ‘ਅਤਿ-ਪਿਆਰੀਆਂ’ ਮਨਮੱਤਾਂ ਛੱਡਣੀਆਂ ਪੈ ਸਕਦੀਆਂ ਹਨ। ਪੁਜਾਰੀ ਸ਼੍ਰੇਣੀ ਸਾਨੂੰ ਅਸਲ ਰੂਪ ਵਿਚ ਗੁਰਬਾਣੀ ਸਮਝਾਉਣਾ ਨਹੀਂ ਚਾਹੁੰਦੀ, ਨਾ ਹੀ ਸਾਨੂੰ ਸਮਝਣ ਵਿਚ ਕੋਈ ਰੁਚੀ ਹੈ। ਕਈਂ ਗੁਰਪੁਰਬਾਂ ’ਤੇ ਰਾਤ ਵੇਲੇ ਸ਼ਬਦ ਪੜ੍ਹਦੇ ਹੋਏ ਆਰਤੀ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਹੁਣ ਤਾਂ ਹੈਲੀਕਾਪਟਰ ਰਾਹੀਂ ‘ਜਲੂਸਾਂ’ ਤੇ ਫੁੱਲਾਂ ਦੀ ਵਰਖਾ ਕਰਵਾਉਣ ਦੇ ਰਾਹ ਪੈ ਕੇ ਅਸੀਂ ਮਨਮਤਾਂ ਦੇ ਖੇਤਰ ਵਿਚ ਬਹੁਤ ਅਡਵਾਂਸ ਹੋ ਗਏ ਹਾਂ। ਵੈਸੇ ਵੀ ਕਬੀਰ ਸਾਹਿਬ ਵਲੋਂ “ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥1॥ (ਪੰਨਾ 479)” ਗੁਰਵਾਕ ਰਾਹੀਂ ਦਿੱਤੀ ਸੇਧ ਤਾਂ ਸਿਰਫ ‘ਮਾਲਿਨ’ ਲਈ ਸੀ, ਸਾਡਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਉਪਰੋਕਤ ਮਨਮਤਾਂ ਦਾ ਜ਼ਿਕਰ ਸਿਰਫ ਇਸ਼ਾਰਾ ਮਾਤਰ ਹੀ ਹੈ, ਵਰਨਾ ਸਾਡੇ ‘ਗੁਰਪੁਰਬ’ ਮਨਾਉਣ ਦੇ ਢੰਗਾਂ ਦਾ ਸ਼ਾਇਦ ਹੀ ਕੋਈ ਅੰਗ ਹੋਵੇ, ਜਿਸ ਵਿਚ ਮਨਮੱਤ ਨਾ ਹੋਵੇ। ਉਪਰੋਕਤ ਢੰਗਾਂ ਨਾਲ ਮਨਾਏ ਜਾ ਰਹੇ ਗੁਰਪੁਰਬਾਂ ਦਾ ਕੋਈ ਆਤਮਿਕ, ਸਮਾਜਿਕ ਜਾਂ ਕੌਮੀ ਫਾਇਦਾ ਸ਼ਾਇਦ ਹੀ ਹੋਵੇ। ਇਸ ਨਾਲ ਸਿੱਖੀ ਦਾ ਪ੍ਰਚਾਰ ਵੀ ਕੋਈ ਨਹੀਂ ਹੋ ਰਿਹਾ। ਅਨਮਤਾਂ ਦੇ ਜਿਹੜੇ ਵੀ ਲੋਕ ਸਾਡੇ ਇਨ੍ਹਾਂ ਸਮਾਗਮਾਂ ਵਿਚ ਆਉਂਦੇ ਹਨ, ਉਹ ਸਿੱਖੀ ਬਾਰੇ ਤਾਂ ਸ਼ਾਇਦ ਕੁਝ ਗ੍ਰਹਿਣ ਨਹੀਂ ਕਰਦੇ, ਹਾਂ ਇਤਨਾ ਜ਼ਰੂਰ ਕਹਿੰਦੇ ਸੁਣੇ ਹਨ ‘ਲੰਗਰ ਬਹੁਤ ਬੜੀਆ ਥਾ’। ਬਾਹਰੀ ਸ਼ੋ-ਆਫ ਨਾਲ ਵੀ ਸ਼ਾਇਦ ਕਈਂ ਪ੍ਰਭਾਵਿਤ ਹੋ ਜਾਂਦੇ ਹਨ, ਪਰ ਇਸਦਾ ਹਾਂ-ਪੱਖੀ ਫਾਇਦਾ ਸ਼ਾਇਦ ਹੀ ਕੋਈ ਹੋਵੇ। ਸਿੱਖਾਂ ਵਿਚ ਪਨਪ ਚੁੱਕੀ ਪੁਜਾਰੀ ਸ਼੍ਰੇਣੀ ਤਾਂ ਚਾਹੁੰਦੀ ਹੈ ਕਿ ਸਿੱਖ ਵੱਧ ਤੋਂ ਵੱਧ ਪੁਰਬ ਮਨਾਉਣ ਅਤੇ ਰਸਮਾਂ (ਕਰਮਕਾਂਡ) ਵੀ ਵੱਧ-ਚੜ ਕੇ ਕਰਨ, ਕਿਉਂਕਿ ਇਨ੍ਹਾਂ ਨਾਲ ਤਾਂ ਉਨ੍ਹਾਂ ਦੀ ਆਮਦਾਨ ਵੱਧਦੀ ਹੈ ਅਤੇ ਹਲਵਾ-ਮਾਂਡਾ ਚਲਦਾ ਰਹਿੰਦਾ ਹੈ।

ਆਉ, ਹੁਣ ਇਕ ਹੋਰ ਗੰਭੀਰ ਵਿਸ਼ਲੇਸ਼ਣ ਕਰੀਏ। ਹਾਲ ਵਿਚ ਹੀ ਇਕ ਇੰਟਰਨੈਟ ਸਰਵੇ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਦੁਨੀਆਂ ਵਿਚ ਲਗਭਗ 34000 ਗੁਰਦੁਆਰੇ ਹਨ। ਅਸੀਂ ਸਿਰਫ 30000 ਹੀ ਮੰਨ ਕੇ ਤੁਰਦੇ ਹਾਂ। ਹਰ ਗੁਰਦੁਆਰੇ ਵਿਚ ਸਾਲ ਵਿਚ ਘੱਟੋ-ਘੱਟ ਦੋ ਗੁਰਪੁਰਬ ਤਾਂ ਮਨਾਏ ਹੀ ਜਾਂਦੇ ਹਨ। ਇਕ ਗੁਰਪੁਰਬ ਵਿਚ ਘੱਟੋ-ਘੱਟ 20000 ਰੂਪੈ ਦਾ ਖਰਚ ਤਾਂ ਕੀਤਾ ਹੀ ਜਾਂਦਾ ਹੈ। ਭਾਵ ਹਰ ਸਾਲ ਘੱਟੋ ਘੱਟ 30000ਯ 40000=1200000000 (ਇਕ ਅਰਬ 20 ਕਰੋੜ) ਰੂਪੈ ਤਾਂ ਅਸੀਂ ਗੁਰਪੁਰਬ ਪੁਰਬ ਮਨਾਉਣ ਤੇ ਖਰਚ ਰਹੇ ਹਾਂ। ਇਹ ਸੰਖਿਆ ਅਸਲ ਵਿਚ ਦਸ ਗੁਣਾਂ ਤੋਂ ਹੀ ਵੱਧ ਹੋਵੇਗੀ, ਅਸੀਂ ਤਾਂ ਘੱਟੋ-ਘੱਟ ਲੈ ਕੇ ਵੇਖਿਆ ਹੈ। ਕਹਿਣ ਦਾ ਭਾਵ ਅਸੀਂ ਇਤਨੀ ਰਕਮ ਉਸ ਤਰੀਕੇ ਖਰਚ ਕਰ ਰਹੇਂ ਹਾਂ, ਜਿਸ ਨਾਲ ਕੌਮੀ ਤੌਰ ’ਤੇ ਸਾਨੂੰ ਕੋਈ ਲਾਭ ਨਹੀਂ ਹੋ ਰਿਹਾ ਅਤੇ ਨਾ ਹੀ ਗੁਰਮਤਿ ਦਾ ਪ੍ਰਸਾਰ ਹੋ ਰਿਹਾ ਹੈ, ਹਾਂ ਇਨ੍ਹਾਂ ਨਾਲ ਮਨਮੱਤਾਂ ਜ਼ਰੂਰ ਵੱਧ ਰਹੀਆਂ ਹਨ। ਕੌਮ ਦੇ ਬਹੁਤ ਸਾਰੇ ਵਰਗ ਆਰਥਿਕ ਪੱਖੋਂ ਤੰਗੀਆਂ ਵਿਚ ਹਨ। ਨੌਜਵਾਨ ਪੀੜੀ ਬੇਰੁਜ਼ਗਰਾਰੀ ਕਾਰਨ ਬੇਮੁਹਾਰਾ ਹੋ ਰਹੀ ਹੈ। ਅਸੀਂ ਵਿਚ-ਵਿਚ ਇਨ੍ਹਾਂ ਸਮੱਸਿਆਵਾਂ ਲਈ ਸਰਕਾਰ ਕੌਲ ਰੋਣਾ ਵੀ ਰੋਂਦੇ ਰਹਿੰਦੇ ਹਾਂ। ਪਰ ਜੇ ਅਸੀਂ ਕੌਮੀ ਧਨ ਦੀ ਹੋ ਰਹੀ ਬਰਬਾਦੀ ਨੂੰ ਰੋਕ ਕੇ, ਉਸ ਨੂੰ ਸੁਚੱਜੇ ਤਰੀਕੇ ਨਾਲ ਵਰਤਣ ਦਾ ਰਾਹ ਫੜ ਲਈਏ ਤਾਂ ਬਹੁਤੀਆਂ ਕੌਮੀ ਸਮੱਸਿਆਵਾਂ ਆਪ ਹੀ ਆਸਾਨੀ ਨਾਲ ਹੱਲ ਕਰ ਸਕਦੇ ਹਾਂ।

ਹੁਣ ਤੱਕ ਅਸੀਂ ਵੇਖਿਆ ਕਿ ਮੌਜੂਦਾ ਸਮੇਂ ਵਿਚ ਕੌਮ ਵਲੋਂ ਗੁਰਪੁਰਬ ਮਨਾਏ ਜਾਣ ਦੇ ਢੰਗ ਨਾਲ ਬਹੁਤ ਵੱਡੀ ਪੱਧਰ ’ਤੇ ਕੌਮੀ ਧਨ ਅਤੇ ਸਮੇਂ ਦੀ ਬਰਬਾਦੀ ਤਾਂ ਹੋ ਹੀ ਰਹੀ ਹੈ, ਨਾਲ ਹੀ ਮਨਮੱਤਾਂ ਅਤੇ ਕਰਮਕਾਂਡਾਂ ਦਾ ਜਾਲ ਵੀ ਵੱਧਦਾ ਜਾ ਰਿਹਾ ਹੈ। ਲੇਖ ਦੇ ਅਗਲੇ ਹਿੱਸੇ ਵਿਚ ਅਸੀਂ ਨਿਰਪੱਖਤਾ ਅਤੇ ਸੁਹਿਰਦਤਾ ਨਾਲ ਇਹ ਵਿਚਾਰਨ ਦਾ ਜਤਨ ਕਰਾਂਗੇ ਕਿ ਗੁਰਪੁਰਬ (ਕੌਮੀ ਤਿਉਹਾਰ) ਕਿਸ ਤਰੀਕੇ ਮਨਾਏ ਜਾਣ, ਜਿਸ ਨਾਲ ਬਹੁਪੱਖੀ ਲਾਭ ਹੋਣ।

ਪਹਿਲਾਂ ਅਸੀਂ ਵਿਚਾਰ ਆਏ ਹਾਂ ਕਿ ਅਸਲ ਵਿਚ ਸਾਲ ਵਿਚ ਦੋ ਹੀ ਸਾਂਝੇ ਕੌਮੀ ਪੁਰਬ/ਤਿਉਹਾਰ ਹੋਣੇ ਚਾਹੀਦੇ ਹਨ। ਗੁਰਪੁਰਬ ਤਾਂ ਅਸੀਂ ਹਰ ਸਾਲ ਹੀ ਮਨਾ ਰਹੇ ਹਾਂ ਪਰ ਆਉ, ਇਸ ਵਾਰ ਤੋਂ ਅਸੀਂ ‘ਗੁਰੂ’ ਨੂੰ ਮਨਾਉਂਦੇ ਹੋਏ ਪੁਰਬ ਮਨਾਉਣ ਲਈ ਜਾਚ ਸਿੱਖਣ ਦਾ ਸੰਕਲਪ ਕਰੀਏ। ‘ਗੁਰੂ’ ਅਸਲ ਮਾਇਨੇ ਵਿਚ ਪਰਮਾਤਮਾ (ਵਲੋਂ ਬਖਸ਼ਿਆ ਸੱਚ ਦਾ ਗਿਆਨ) ਹੈ, ਜਿਸ ਨਾਲ ਸਾਡੀ ਪਛਾਣ ਦਸ ਨਾਨਕ ਸਰੂਪਾਂ ਨੇ ‘ਗੁਰਬਾਣੀ’ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਰਾਹੀਂ ਕਰਵਾਈ। ਸੋ ‘ਗੁਰੂ’ ਨੂੰ ਮਨਾਉਣ ਦਾ ਅਸਲ ਭਾਵ ਹੈ ‘ਗੁਰਬਾਣੀ’ (ਗੁਰਮਤਿ) ਦੀ ਰੋਸ਼ਨੀ ਵਿਚ ਪੁਰਬ ਮਨਾਉਣ ਦਾ ਯਤਨ ਕਰਨਾ। ਅਸਲ ਵਿਚ ਹੁਣ ਤੱਕ ਸਾਡੇ ਪੁਰਬ ‘ਗੁਰਦਆਰਿਆਂ’ ਤੱਕ ਹੀ ਸੀਮਿਤ ਹਨ ਅਤੇ ਸਿੱਖਾਂ ਦੇ ਨਿੱਜੀ ਜੀਵਨ (ਘਰਾਂ) ਵਿਚੋਂ ਇਸ ਦੀ ਖੁਸ਼ਬੂ ਲਗਭਗ ਅਲੋਪ ਹੀ ਹੈ। ਪਰ ਕੌਮੀ ਤਿਉਹਾਰਾਂ ਦੀ ਖੂਸ਼ਬੂ ਅਤੇ ਖੇੜਾ ਹਰ ਇਕ ਸਿੱਖ ਵਿਚੋਂ ਝਲਕਣਾ ਚਾਹੀਦਾ ਹੈ ਅਤੇ ਇਹ ਕੌਮੀ ਤੌਰ ’ਤੇ ਸਾਂਝੇ ਵੀ ਹੋਣੇ ਚਾਹੀਦੇ ਹਨ।

ਗੁਰਮਤਿ ਦੀ ਰੋਸ਼ਨੀ (ਖੁਸ਼ਬੂ) ਵਿਚ ਕੌਮੀ ਤਿਉਹਾਰਾਂ ਦੀ ਰੂਪ-ਰੇਖਾ ਸਾਹਮਣੇ ਲਿਆਉਣ ਦਾ ਯਤਨ ਕਰਦੇ ਹਾਂ। ਗੁਰਮਤਿ ਦੇ ਕੁਝ ਜ਼ਰੂਰੀ ਪੱਖ ਹਨ- ਆਤਿਮਕ ਖੇੜਾ, ਮਨੁੱਖਤਾ ਦੀ ਭਲਾਈ ਅਤੇ ਗੁਰਮਤਿ ਇਨਕਲਾਬ ਦਾ ਪ੍ਰਸਾਰ। ਇਨ੍ਹਾਂ ਆਧਾਰਾਂ ਨੂੰ ਸਾਹਮਣੇ ਰੱਖ ਕੇ ਹੀ ਸਹੀ ਰੂਪ ਰੇਖਾ ਘੜੀ ਜਾਣੀ ਚਾਹੀਦੀ ਹੈ। ਨਾਲ ਹੀ ਤਿਉਹਾਰ ਮਨਾਉਣ ਦਾ ਢੰਗ ਐਸਾ ਹੋਣਾ ਚਾਹੀਦਾ ਹੈ, ਜੋ ਸਮਾਜ ਦੇ ਹਰ ਵਰਗ ਨੂੰ ਖਿੱਚ ਪਾ ਸਕੇ। ਮੌਜੂਦਾ ਸਮੇਂ ਗੁਰਦੁਆਰਿਆਂ ਵਿਚ ਕੀਤੇ ਜਾ ਰਹੇ ਰਵਾਇਤੀ ਕੀਰਤਨ/ਕਥਾ ਇਕ ਖਾਸ ਵਰਗ ਨੂੰ ਹੀ ਆਕਰਸ਼ਿਤ ਕਰਦੇ ਹਨ। ਨੌਜਵਾਨ ਪੀੜ੍ਹੀ ਤਾਂ ਇਸ ਢੰਗ ਨਾਲ ਗੁਰਮਤਿ ਵੱਲ ਆਕਰਿਸ਼ਤ ਨਹੀਂ ਹੋ ਰਹੀ।

ਪਹਿਲਾਂ ਗੱਲ ਕਰਦੇ ਹਾਂ ਆਤਮਿਕ ਖੇੜੇ ਦੀ। ਹਰ ਵਾਰ ਕੌਮੀ ਤਿਉਹਾਰ ਇਕ ਸਿੱਖ ਲਈ ਆਤਮਿਕ ਤਰੱਕੀ ਦਾ ਸਬੱਬ ਬਣਨਾ ਚਾਹੀਦਾ ਹੈ। ਹਰ ਸਿੱਖ ਇਸ ਤਿਉਹਾਰ ’ਤੇ ਸਵੈ-ਪੜਚੋਲ ਕਰਕੇ ਆਪਣੀ ਕੋਈ ਗਲਤ ਗੱਲਾਂ/ਆਦਤਾਂ ਪਛਾਣੇ ਅਤੇ ਪ੍ਰਣ ਕਰੇ ਕਿ ਅਗਲਾ ਕੌਮੀ ਤਿਉਹਾਰ ਆੳੇੁਣ ਤੱਕ ਇਨ੍ਹਾਂ ਸਾਰੀਆਂ (ਜਾਂ ਕੁਝ) ਗਲਤ ਆਦਤਾਂ ਤੋਂ ਛੁਟਕਾਰਾ ਪਾ ਕੇ ਰਹਿਣਾ ਹੈ। ਇਸ ਆਤਮਿਕ ਖੇੜੇ ਦੀ ਝਲਕ ਜੇ ਬਾਹਰੀ ਜੀਵਨ ਵਿਚੋਂ ਵੀ ਮਿਲ ਜਾਵੇ ਤਾਂ ਕੋਈ ਹਰਜ਼ ਨਹੀਂ ਹੈ। ਭਾਵ ਕੌਮੀ ਤਿਉਹਾਰ ਵੇਲੇ ਖੇੜੇ ਦੇ ਪ੍ਰਗਟਾਅ ਖੁਸ਼ੀ ਮਨਾ ਕੇ ਵੀ ਕੀਤਾ ਜਾ ਸਕਦਾ ਹੈ। ਪਰ ਸਾਡੀ ਇਹ ਖੁਸ਼ੀ ਕਿਸੇ ਦੂਜੇ ਲਈ ਬੇਅਰਾਮੀ ਨਾ ਬਣੇ, ਇਤਨਾ ਖਿਆਲ ਰੱਖਿਆ ਜਾਣਾ ਜ਼ਰੂਰੀ ਹੈ। ਇਸ ਲਈ ਕੇਂਦਰੀ ਤੌਰ ’ਤੇ, ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰ ਕਰਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ ਤਾਂ ਕਿ ਕੌਮੀ ਪੱਧਰ ’ਤੇ ਇਕਸਾਰਤਾ ਬਣੀ ਰਹੇ।

ਇਹ ਤਾਂ ਗੱਲ ਹੋਈ ਘਰੇਲੂ ਪੱਧਰ ਤੇ ‘ਗੁਰਪੁਰਬ’ ਮਨਾਉਣ ਦੀ। ਹੁਣ ਵਿਚਾਰ ਕਰਦੇ ਹਾਂ ਕਿ ਸਾਂਝੀ ਪੱਧਰ ’ਤੇ ‘ਗੁਰਦੁਆਰਿਆਂ’ ਵਿਚ ਇਨ੍ਹਾਂ ਤਿਉਹਾਰਾਂ ਦੀ ਰੂਪ ਰੇਖਾ ਕੀ ਹੋਵੇ। ਨੌਜਵਾਨ ਪੀੜ੍ਹੀ, ਬੱਚਿਆਂ ਅਤੇ ਹੋਰ ਵਰਗਾਂ ਨੂੰ ਗੁਰਮਤਿ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਸ ਸਮੇਂ ਕੁਝ ਰੌਚਕ ਪ੍ਰੋਗਰਾਮ (ਜਿਵੇਂ ਵਰਕਸ਼ਾਪਾਂ, ਕੰਪੀਟਿਸ਼ਨ, ਫੈਮਲੀ ਮੇਲੇ ਆਦਿ) ਉਲੀਕੇ ਜਾ ਸਕਦੇ ਹਨ। ਆਪਣੇ ਇਲਾਕੇ ਵਿਚ ਮਨੁੱਖੀ ਭਲਾਈ (ਲੋੜਵੰਦਾਂ ਦੀ ਯੋਗ ਸਹਾਇਤਾ) ਲਈ ਵੀ ਕੁਝ ਪ੍ਰੋਗਰਾਮ ਉਲੀਕੇ ਜਾਣ। ਗੁਰਮਤਿ ਇਨਕਲਾਬ ਦੇ ਪ੍ਰਸਾਰ ਲਈ ਹੋਰ ਮੱਤਾਂ ਦੇ ਲੋਕਾਂ ਤੱਕ ਗੁਰਮਤਿ ਦਾ ਸੁਨੇਹਾ ਉਨ੍ਹਾਂ ਦੀ ਭਾਸ਼ਾ/ਬੋਲੀ ਵਿਚ ਪਹੁੰਚਾਣ ਲਈ ਵੀ ਕੁਝ ਪ੍ਰਾਜੈਕਟ ਉਲੀਕੇ ਜਾਣ, ਜਿਵੇਂ ਗੁਰਮਤਿ ਬਾਰੇ ਵਧੀਆ ਲਿਟਰੇਚਰ, ਸੈਮੀਨਾਰ ਆਦਿ। ਜੇ ਗੁਰਮਤਿ ਪ੍ਰਸਾਰ ਦੇ ਇਨ੍ਹਾਂ ਪ੍ਰਾਜੈਕਟਾਂ ਨੂੰ ਮਨੁੱਖੀ ਭਲਾਈ ਦੇ ਕਾਰਜਾਂ ਨਾਲ ਜੋੜ ਕੇ ਤੋਰਿਆ ਜਾਵੇ ਤਾਂ ਜ਼ਿਆਦਾ ਕਾਰਗਰ ਹੋ ਸਕਦੇ ਹਨ। ਰਵਾਇਤੀ ਕੀਰਤਨ/ਸ਼ਬਦ ਵਿਚਾਰ/ਕਵੀ ਦਰਬਾਰ ਆਦਿ ਦੇ ਸਮਾਗਮ ਵੀ ਇਕ ਨਿਸ਼ਚਿਤ ਸਮੇਂ ਲਈ ਰੱਖੇ ਜਾਣ, ਪਰ ਖਿਆਲ ਰਹੇ ਇਨ੍ਹਾਂ ਵਿਚੋਂ ਗੁਰਮਤਿ ਦੀ ਖੁਸ਼ਬੂ ਆਵੇ, ਕਰਮਕਾਂਡੀ ਨਾ ਹੋਣ।

ਸਾਡੇ ਇਹ ਦੈਵੀ-ਗੁਣ ਸਿਰਫ ਤਿਉਹਾਰਾਂ ਤੱਕ ਹੀ ਸੀਮਿਤ ਨਾ ਰਹਿ ਜਾਣ, ਇਸ ਦਾ ਵੀ ਇੰਤਜ਼ਾਮ ਕਰਨਾ ਚਾਹੀਦਾ ਹੈ। ਮਤਲਬ ਇਹ ਕਿ ਹਰ ਇਲਾਕੇ ਦੀ ਸੰਗਤ ਆਪਣੇ ਲਈ ਮਨੁੱਖੀ ਭਲਾਈ ਅਤੇ ਗੁਰਮਤਿ ਪ੍ਰਸਾਰ ਦੇ ਟੀਚੇ ਨਿਸ਼ਚਿਤ ਕਰੇ, ਜੋ ਉਨ੍ਹਾਂ ਨੇ ਅਗਲੇ ਕੌਮੀ ਪੁਰਬ ਤੱਕ ਪ੍ਰਾਪਤ ਕਰਨੇ ਹਨ। ਹਰ ਕੌਮੀ ਤਿਉਹਾਰ ਤੋਂ ਕੁਝ ਦਿਨ ਪਹਿਲਾਂ, ਪਿੱਛਲੇ ਤੈਅ ਕੀਤੇ ਟੀਚਿਆਂ ਦੀ ਪੜਚੋਲ ਕੀਤੀ ਜਾਵੇ ਅਤੇ ਰਹਿ ਗਈਆਂ ਕਮੀਆਂ ਨੂੰ ਖਿਆਲ ਵਿਚ ਰੱਖਦੇ ਹੋਏ, ਅਗਲੇ ਟੀਚੇ ਤੈਅ ਕੀਤੇ ਜਾਣ।

ਸਿੱਖਾਂ ਦੇ ਗੁਰਪੁਰਬ ਮਨਾਉਣ ਦੇ ਬਹੁਤੇ ਢੰਗ ਅਨਮਤਾਂ (ਖਾਸਕਰ ਹਿੰਦੂ ਮੱਤ) ਦੀ ਨਕਲ ਵੀ ਹਨ। ਇਸੇ ਨਕਲ ਦੀ ਆਦਤ ਕਾਰਨ ਕੁਝ ਥਾਵਾਂ ਤੇ ਕੇਕ ਕੱਟ ਕੇ ਜਾਂ ਹੋਰ ਕੁਝ ਆਧੁਨਿਕ ਢੰਗਾਂ ਦੀ ਨਕਲ ਕਰਕੇ ‘ਗੁਰਪੁਰਬ’ ਮਨਾਉਣ ਦੀ ਕਨਸੋਆਂ ਵੀ ਮਿਲਦੀਆਂ ਹਨ। ਸਾਨੂੰ ਗੁਰਮਤਿ ਦੀ ਇਹ ਸੇਧ ਚੇਤੇ ਰੱਖਣੀ ਚਾਹੀਦੀ ਹੈ:

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ (ਪੰਨਾ 28)

ਅੰਤਿਕਾ...

ਇਸ ਲੇਖ ਵਿਚ ਕੀਤੀ ਖੁੱਲੀ ਵਿਚਾਰ ਤੋਂ ਅਸੀਂ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਮੌਜੂਦਾ ਸਮੇਂ ਵਿਚ ਕੌਮ ਵਲੋਂ ਮਨਾਏ ਜਾ ਰਹੇ ਭਾਂਤ-ਭਾਂਤ ਦੇ ‘ਗੁਰਪੁਰਬਾਂ’ ਕਾਰਨ ਜਿੱਥੇ ਵਿਤਕਰੇ ਦਾ ਝਲਕਾਰਾ ਪੈਂਦਾ ਹੈ, ਉੱਥੇ ਇਕਸਾਰਤਾ ਦੀ ਮੁਕੰਮਲ ਘਾਟ ਹੈ। ਹੁਣ ਇਹ ਭਾਂਤ-ਭਾਂਤ ਦੀ ਡੱਫਲੀ ਸਿਰਫ ‘ਗੁਰਪੁਰਬਾਂ’ ਤੱਕ ਹੀ ਸੀਮਤ ਨਹੀਂ ਰਹੀ, ਬਲਕਿ ਇਹ ਭੇਡ-ਚਾਲ ‘ਮਹਾਂ-ਪੁਰਖਾਂ’ ਦੇ ਜਨਮ ਦਿਹਾੜੇ ਅਤੇ ਬਰਸੀਆਂ ਮਨਾਉਣ ਦੀ ਰਾਹ ’ਤੇ ਅੱਗੇ ਵੱਧ ਰਹੀ ਹੈ। ਪੁਜਾਰੀ ਸ਼੍ਰੇਣੀ ਦੀ ਸਰਪ੍ਰਸਤੀ ਹੇਠ ਮਨਾਏ ਜਾ ਰਹੇ ਇਨ੍ਹਾਂ ‘ਗੁਰਪੁਰਬਾਂ’ ਵਿਚੋਂ ‘ਗੁਰੂ’ ਦੀ ਖੁਸ਼ਬੂ ਬਹੁਤ ਹੱਦ ਤੱਕ ਅਲੋਪ ਹੀ ਹੈ, ਮਨਮੱਤਾਂ ਅਤੇ ਕਰਮਕਾਂਡਾਂ ਦਾ ਪਸਾਰਾ ਆਮ ਵੱਧ ਰਿਹਾ ਹੈ ਅਤੇ ਕੌਮੀ ਧਨ ਅਤੇ ਸਮੇਂ ਦੀ ਬਰਬਾਦੀ ਵੱਧ ਰਹੀ ਹੈ।

ਐਸੀ ਘੜਮੱਸ ਤੋਂ ਬਾਹਰ ਨਿਕਲ ਕੇ ਗੁਰਮਤਿ ਦੀ ਛਾਂ ਹੇਠ ਆਉਣ ਦੀ ਇੱਛਾ ਨਾਲ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੌਮੀ ਤਿਉਹਾਰ ‘ਦੋ’ ਹੀ ਅਤੇ ਸਾਂਝੇ ਹੋਣੇ ਚਾਹੀਦੇ ਹਨ। ਪਹਿਲਾਂ ਪੁਰਬ ਵੈਸਾਖੀ ਦੇ ਨੇੜੇ ਹੋਵੇ ਅਤੇ ਦੂਜਾ ਅਕਤੂਬਰ-ਦਿਸੰਬਰ ਦੇ ਵਿਚ ਤੈਅ ਕੀਤਾ ਜਾ ਸਕਦਾ ਹੈ। ਇਕ ਤਿਉਹਾਰ ਨਾਨਕ ਸਰੂਪਾਂ ਨੂੰ ਸਮਰਪਿਤ ਹੋਵੇ ਅਤੇ ਦੂਜਾ ਸੱਚ ਲਈ ਸ਼ਹੀਦ ਹੋਏ ਤਮਾਮ ਮਹਾਂਪੁਰਖਾਂ ਨੂੰ।

ਵਿਚਾਰ ਤੋਂ ਇਹ ਵੀ ਤੱਥ ਸਾਹਮਣੇ ਆਇਆ ਹੈ, ਕੀ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਦਾ ਢੰਗ ਐਸਾ ਹੋਵੇ, ਜਿਸ ਵਿਚੋਂ ਗੁਰਮਤਿ ਦੀ ਖੁਸ਼ਬੂ ਆਵੇ। ਇਨ੍ਹਾਂ ਪੁਰਬਾਂ ਰਾਹੀਂ ਆਤਮਿਕ ਖੇੜੇ, ਮਨੁੱਖੀ ਭਲਾਈ, ਗੁਰਮਤਿ ਦੇ ਪ੍ਰਸਾਰ ਦੇ ਟੀਚੇ ਪ੍ਰਾਪਤ ਕਰਨ ਦਾ ਬਾਨਣੂੰ ਬਣਿਆ ਜਾਵੇ।

ਆਸ ਹੈ, ਤਮਾਮ ਸੁਹਿਰਦ ਪੰਥਦਰਦੀ ‘ਤੱਤ ਗੁਰਮਤਿ ਪਰਿਵਾਰ’ ਦੇ ਇਸ ਸੁਝਾਅ ਪੱਤਰ ’ਤੇ ਗੌਰ ਫੁਰਮਾਉਂਦੇ ਹੋਏ ਕੌਮੀ ਸੁਧਾਰ ਦੇ ਇਸ ਪੱਖ ’ਤੇ ਕੰਮ ਨੂੰ ਅੱਗੇ ਵੱਧਾਉਣ ਲਈ ਕਾਰਜਸ਼ੀਲ ਹੋਣਗੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top